-khfxIaF-

ਮਤਲਬੀ

ਅਨਮੋਲ ਕੌਰ (ਕੈਨੇਡਾ)

 
     
 

ਦੋ ਸ਼ਬਦ ਲੇਖਕਾ ਬਾਰੇ

ਅਨਮੋਲ ਕੌਰ (ਕੈਨੇਡਾ) ਪੰਜਾਬੀ ਦੀ ਐਮ.ਏ. ਹਨ। ਉਂਝ ਲਿਖਣਾ ਤਾਂ ਭਾਵੇਂ ਉਹਨਾਂ ਨੇ ਦਸਵੀਂ ਜਮਾਤ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਸਨ ਪਰ ਕੁਝ 'ਕਾਰਨਾਂ ਕਰਕੇ' ਲਿਖਣਾ ਜਾਰੀ ਨਾ ਰਹਿ ਸਕਿਆ। ਹੁਣ ਉਹਨਾਂ ਨੇ ਆਪਣੇ ਪਤੀ ਸ: ਇਕਬਾਲ ਸਿੰਘ ਦੇ ਸਹਿਯੋਗ ਨਾਲ, ਪੰਜਾਬੀ ਵਿੱਚ ਲਿਖਣਾ ਆਰੰਭ ਕੀਤਾ ਹੈ। ਉਹਨਾਂ ਦੀਆਂ ਕਹਾਣੀਆਂ ਸਥਾਨਕ ਪਰਚਿਆਂ ਅਤੇ ਇੰਟਰਨੈੱਟ ਮੈਗ਼ਜ਼ੀਨਾਂ ਵਿੱਚ ਛੱਪਦੀਆਂ ਰਹਿੰਦੀਆਂ ਹਨ। ਉਹਨਾਂ ਦੀ ਚਾਹ ਅਤੇ ਕੋਸ਼ਿਸ਼ ਹੈ ਕਿ ਉਹ ਚੰਗੀਆਂ ਕਹਾਣੀਆਂ ਲਿੱਖ ਸਕਣ।---'ਲਿਖਾਰੀ'

*****

ਮਤਲਬੀ
ਅਨਮੋਲ ਕੌਰ (ਕੈਨੇਡਾ)

ਕਾਲਜ ਦੇ ਹੋਸਟਲ ਵਿਚੋਂ ਕੁੜੀਆਂ ਦਾ ਗੁਆਚ ਜਾਣਾ ਬੁਝਾਰਤ ਬਣ ਗਿਆ। ਜਿਸ ਦੇ ਨਾਲ ਇਕ ਉਚ ਮਹਾਂ ਵਿਦਿਆਲਾ ਦੀ ਬਦਨਾਮੀ ਹੋਈ। ਮੈਨੂੰ ਉਸ ਵਿਚ ਪੜ੍ਹਾਂਦਿਆ ਅਜੇ ਥੋੜੀ ਹੀ ਦੇਰ ਹੋਈ ਸੀ। ਪੁਲੀਸ ਨਿੱਤ ਕਾਲਜ ਵਿਚ ਆ ਵੜਦੀ। ਅਖਬਾਰਾਂ ਵਿਚ ਰੋਜ਼ ਹੀ ਇਹ ਖਬਰ ਚਰਚਾ ਦਾ ਵਿਸ਼ਾ ਬਣਦੀ। ਕੁੜੀਆਂ ਦੀ ਭਾਲ ਨਿਰੰਤਰ ਜਾਰੀ ਹੋਣ ਦੇ ਬਾਵਜੂਦ ਵੀ ਕੋਈ ਉੱਘ-ਸੁੱਘ ਨਾ ਮਿਲੀ। ਘਰੋਂ ਬਾਹਰ ਨਿਕਲਦੀ ਤਾਂ ਆਂਢ- ਗੁਆਂਢ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ। ਘਰ ਆਉਂਦੀ ਪਰਿਵਾਰ ਦਾ ਇਕੱਲਾ ਇਕੱਲਾ ਜੀਅ ਪੁੱਛਦਾ, “ਕੁੜੀਆਂ ਦਾ ਕੁੱਝ ਪਤਾ ਲੱਗਾ?”

“ਦੋ ਕੁ ਦਿਨਾਂ ਵਿਚ ਪਤਾ ਲੱਗ ਜਾਵੇਗਾ।” ਮੈਂ ਆਸ ਨਾਲ ਕਹਿ ਦੇਂਦੀ।

ਦਰਅਸਲ ਮੈਂ ਉਹਨਾਂ ਕੁੜੀਆਂ ਬਾਰੇ ਕੁੱਝ ਵੀ ਨਹੀਂ ਸੀ ਜਾਣਦੀ। ਇਕ ਤਾਂ ਨਵੀਂ ਨਵੀਂ ਕਾਲਜ ਵਿਚ ਆਈ ਸਾਂ। ਦੂਸਰਾ ਇੰਨਾ ਵੱਡਾ ਕਾਲਜ, ਜਿਸ ਵਿਚ ਸਾਰੇ ਇਲਾਕੇ ਦੀਆਂ ਕੁੜੀਆਂ ਪੜ੍ਹਨ ਆਉਂਦੀਆਂ ਹੋਣ। ਪਰ ਮੈਨੂੰ ਏਨਾ ਜ਼ਰੂਰ ਪਤਾ ਸੀ ਕਿ ਮਿਸਿਜ਼ ਸੋਢੀ ਉਹਨਾਂ ਨੂੰ ਇਤਹਾਸ ਪੜ੍ਹਾਉਂਦੀ ਸੀ। ਕਾਲਜ਼ ਵਿਚ ਬਹੁਤ ਸਾਰੀਆਂ ਅਧਿਆਪਕਾਵਾਂ ਵਿਚੋਂ ਮੈਂ ਮਿਸਿਜ਼ ਸੋਢੀ ਦੇ ਹੀ ਜ਼ਿਆਦਾ ਨਜ਼ਦੀਕ ਸਾਂ। ਲੰਚ ਟਾਈਮ ਮੈਂ ਉਹਨਾਂ ਨਾਲ ਹੀ ਬਿਤਾਂਦੀ ਸਾਂ। ਉਸ ਦਿਨ ਮੈਂ ਉਹਨਾਂ ਨੂੰ ਪੁੱਛਿਆ:

“ਤਹਾਨੂੰ ਕੁੜੀਆਂ ਦੇਖਣ ਨੂੰ ਕਿਵੇਂ ਲੱਗਦੀਆਂ ਸਨ।”
“ਵੇਖਣ ਨੂੰ ਤਾਂ ਸ਼ਰੀਫ ਸਨ, ਪਰ ਪੁੱਠੇ ਰਸਤੇ ਪੈਂਦਿਆਂ ਕਿਹੜੀ ਦੇਰ ਲੱਗਦੀ ਆ।”
“ਦੀਦੀ, ਤੁਸੀਂ ਵੀ ਇਹ ਹੀ ਸੋਚਦੇ ਹੋ ਕਿ ਉਹ ਮੁੰਡਿਆਂ ਨਾਲ ਭੱਜ ਗਈਆਂ।”
“ਸਾਰੇ ਸ਼ਹਿਰ ਵਿਚ ਤਾਂ ਇਹ ਹੀ ਰੌਲਾ ਪਿਆ ਹੋਇਆ ਹੈ।”
“ਹੋਸਟਲ ਵਿਚੋਂ ਭੱਜ ਕਿਵੇਂ ਸਕਦੀਆਂ ਹਨ, ਜਦੋਂ ਕਿ ਹੋਸਟਲ ਦੀਆਂ ਉੱਚੀਆਂ ਕੰਧਾਂ ਉੱਪਰ ਕੱਚ ਦੇ ਟੁਕੜੇ ਲੱਗੇ ਹੋਏ ਨੇ।”
“ਤੁਸੀਂ ਉਸ ਦਿਨ ਵਾਰਡਨ ਦੀ ਗੱਲ ਨਹੀਂ ਸੁਣੀ, ਜੋ ਸਟਾਫ ਰੂਮ ਵਿਚ ਦੱਸਦੀ ਪਈ ਸੀ ਕਿ ਉਹ ਕੰਧ ਉੱਪਰ ਰਜ਼ਾਈ ਸੁੱਟ ਕੇ ਦੀਵਾਰ ਟੱਪ ਗਈਆਂ।”
“ਉਹ ਨਿਖਸਮੀਆਂ ਤਾਂ ਜਿੱਧਰ ਗਈਆਂ ਜਾਣ, ਪਰ ਮੈਨੂੰ ਉਹਨਾਂ ਦੇ ਘਰਦਿਆਂ ਉੱਪਰ ਬੁਹਤ ਤਰਸ ਆਉਂਦਾ, ਵਿਚਾਰੇ ਕਿਵੇਂ ਵਿਲਕਦੇ ਨੇ।”

“ਪ੍ਰਿੰਸੀਪਲ ਸਾਹਿਬਾ ਵੀ ਉਹਨਾਂ ਮਾਪਿਆਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ।”
“ਹਾਂ, ਪਰਸੋਂ ਜਦੋਂ ਉਹ ਆਏ, ਮੈਡਮ ਨੇ ਉਹਨਾਂ ਨੂੰ ਸਾਫ ਕਹਿ ਦਿੱਤਾ ਕਿ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ, ਤੁਸੀਂ ਲੜਕੀਆਂ ਨੂੰ ਚੰਗੇ ਸੰਸਕਾਰ ਤਾਂ ਦਿੱਤੇ ਨਹੀਂ, ਹੁਣ ਉੱਧਲ ਗਈਆਂ ਤੇ ਪੁੱਛਣ ਆ ਗਏ ਹੋ।” ਮੈ ਆਪਣੇ ਕੰਨਾਂ ਰਾਹੀਂ ਸੁਣੀ ਗੱਲ ਦੀ ਉਗਾਹੀ ਭਰੀ।
“ਮੇਰੇ ਖਿਆਲ ਨਾਲ ਤਾਂ ਮਾਪਿਆਂ ਵਿਚਾਰਿਆਂ ਦਾ ਇਸ ਵਿਚ ਕੋਈ ਦੋਸ਼ ਨਹੀਂ। ਵੈਸੇ ਵੀ ਸੱਚਾਈ ਜਾਣੇ ਬਗ਼ੈਰ ਸਾਨੂੰ ਅੰਦਾਜ਼ੇ ਨਹੀਂ ਲਾਉਣੇ ਚਾਹੀਦੇ।” ਮਿਸਿਜ਼ ਸੋਢੀ ਮਾਪਿਆਂ ਦੇ ਪੱਖ ਵਿਚ ਕਹਿਣ ਲੱਗੀ,
“ਬਹੁਤੇ ਮਾਪੇ ਆਪਣੇ ਆਪਣੇ ਬੱਚਿਆਂ ਨੂੰ ਚੰਗੇ ਬਣਾਉਣ ਦੀ ਕੋਸ਼ਿਸ਼ ਵਿਚ ਹੀ ਆਪਣਾ ਜੀਵਨ ਬਤੀਤ ਕਰਦੇ ਨੇ, ਪਰ ਫਿਰ ਵੀ ਕਈ ਵਾਰੀ ਐਸਾ ਵਕਤ ਆ ਜਾਂਦਾ ਹੈ, ਜਿਸ ਦਾ ਉੱਤਰ ਮਾਪਿਆਂ ਕੋਲ ਨਹੀਂ ਹੁੰਦਾ।”
“ਪਰ ਜੇ ਉਹ ਮੁੰਡਿਆਂ ਨਾਲ ਦੌੜੀਆਂ ਹੁੰਦੀਆਂ ਤਾਂ ਸ਼ਹਿਰ ਵਿਚੋਂ ਮੁੰਡੇ ਵੀ ਲਾਪਤਾ ਹੋਣੇ ਸਨ।” ਮੈਂ ਆਪਣਾ ਸ਼ੱਕ ਜ਼ਾਹਿਰ ਕੀਤਾ।
“ਹਾਂ, ਪੁਲੀਸ ਦੇ ਮੁਤਾਬਿਕ ਲੜਕੇ ਗੁਆਚਣ ਦੀ ਤਾਂ ਕਿਸੇ ਨੇ ਸ਼ਕਾਇਤ ਨਹੀਂ ਕੀਤੀ।”
“ਵੈਸੇ ਹੱਦ ਹੋ ਗਈ ਪੁਲੀਸ ਅਲੱਗ ਨੱਠੀ ਭੱਜੀ ਫਿਰਦੀ ਆ ਅਤੇ ਪ੍ਰੈਸ ਵਾਲੇ ਬਥੇਰਾ ਢੰਡੋਰਾ ਪਿੱਟਦੇ ਪਏ ਨੇ, ਪਰ ਸੁਰਾਖ ਕੋਈ ਮਿਲ ਨਹੀਂ ਰਿਹਾ।”

ਅਜਿਹੀਆਂ ਗੱਲਾਂ ਨਾਲ ਮੀਸਿਜ਼ ਸੋਢੀ ਵੀ ਹੈਰਾਨ ਸਨ, ਪਰ ਮੇਰਾ ਦਿਮਾਗ ਤਾਂ ਮੈਨੂੰ ਚੈਨ ਨਾ ਲੈਣ ਦਿੰਦਾ। ਕਾਲਜ ਦੀਆਂ ਸਾਰੀਆਂ ਵਿਦਿਆਰਥਣਾਂ ਉੱਪਰ ਇਸ ਗੱਲ ਦਾ ਪ੍ਰਭਾਵ ਤਾਂ ਹੋਣਾ ਹੀ ਸੀ, ਕੋਈ ਵੀ ਕਲਾਸ ਚੱਜ ਨਾਲ ਨਹੀਂ ਸੀ ਲੱਗ ਰਹੀ। ਪੁਲੀਸ ਅਤੇ ਮੀਡੀਆ ਵਾਲੇ ਨਿੱਤ ਕਾਲਜ ਦੇ ਇਰਦ ਗਿਰਦ ਮੰਡਰਾਉਂਦੇ ਨਜ਼ਰ ਆਉਂਦੇ। ਕੱਲ੍ਹ ਤਾਂ ਬਿਲਕੁਲ ਹੀ ਕਲਾਸਾਂ ਬੰਦ ਰਹੀਆਂ। ਕਿਉਂਕਿ ਦੇਸ਼ ਦਾ ਵਿਦਿਆ ਮੰਤਰੀ ਅਤੇ ਉਹਨਾਂ ਦੇ ਦੋਸਤ ਦੇਸ਼ ਭਗਤ ਨੇਤਾ ਸਭ ਹੀ ਕਾਲਜ ਵਿਚ ਆ ਪਧਾਰੇ। ਉਹਨਾਂ ਨੇ ਆਪਣੇ ਬਿਆਨਾਂ ਵਿਚ ਸਾਰਿਆਂ ਦੀ ਝੰਬ-ਝਾੜ ਕੀਤੀ ਅਤੇ ਪੁਲਸ ਵਾਲਿਆਂ ਉੱਪਰ ਵੀ ਵਰ੍ਹੇ ਕਿ ਹਫਤਾ ਹੋ ਗਿਆ ਹੈ ਤਹਾਨੂੰ ਕੁੜੀਆਂ ਲੱਭਦਿਆਂ, ਪਰ ਪੱਲੇ ਤੁਹਾਡੇ ਕੁੱਝ ਵੀ ਨਾ ਪਿਆ।

ਮੈ ਇਕ ਗੱਲੋਂ ਫਿਰ ਹੈਰਾਨ ਸਾਂ ਕਿ ਉਹਨਾਂ ਨੇ ਸਭ ਨੂੰ ਝਾੜਾਂ ਪਾਈਆਂ, ਪਰ ਪ੍ਰਿੰਸੀਪਲ ਨਾਲ ਬੜੀ ਇੱਜ਼ਤ ਦਿਖਾ ਰਹੇ ਸਨ। ਮੈਡਮ ਜੀ ਵੀ ਉਹਨਾਂ ਨਾਲ ਮੁਸਕ੍ਰਾ ਮੁਸਕ੍ਰਾ ਕੇ ਗੱਲਾਂ ਕਰਦੇ ਰਹੇ। ਪਤਾ ਨਹੀਂ ਮੈਨੂੰ ਇਹ ਸਾਰੀਆਂ ਗੱਲਾਂ ਕਿਉਂ ਨਹੀਂ ਸਨ ਚੰਗੀਆਂ ਲੱਗੀਆਂ। ਉਦੋਂ ਹੀ ਕਾਲਜ ਦਾ ਚਪੜਾਸੀ ਚਾਹ ਲੈ ਕੇ ਆ ਗਿਆ। ਮੈਂ ਸ਼ੱਕ ਵਿਚ ਘਿਰੀ ਹੋਣ ਕਾਰਨ ਸਵਾਲਾਂ ਦੀ ਬੁਛਾੜ ਉਸ ‘ਤੇ ਕਰ ਦਿੱਤੀ:

“ਰਾਮ ਲਾਲ, ਤਹਾਨੂੰ ਕਿੰਨੀ ਦੇਰ ਹੋ ਗਈ ਕਾਲਜ ਵਿਚ ਕੰਮ ਕਰਦਿਆ?”
“ਬੀਬੀ ਜੀ, ਉਮਰ ਬੀਤ ਚੱਲੀ ਹੈ ਇਸੇ ਕਾਲਜ ਵਿਚ।”
“ਤੁਸੀਂ ਉਹਨਾਂ ਲੜਕੀਆਂ ਨੂੰ ਜਾਣਦੇ ਹੋ ਜੋ ਗੁੰਮ ਗਈਆਂ?”
“ਹਾਂ, ਜੀ, ਬਹੁਤ ਹੀ ਖੂਬਸੂਰਤ ਹਨ।”
“ਕਦੀ ਉਹ ਹੌਸਟਲ ਤੋਂ ਬਾਹਰ ਇਧੱਰ- ਉੱਧਰ ਜਾਂਦੀਆਂ ਦੇਖੀਆਂ।”
“ਬੀਬੀ ਜੀ, ਪਤਾ ਨਹੀਂ।”

ਉਸ ਦੇ ਉੱਤਰ ਭਾਵੇਂ ਬਹੁਤੇ ਤਸੱਲੀ ਬਖਸ਼ ਨਹੀਂ ਸਨ, ਫਿਰ ਵੀ ਮੈਂ ਆਪਣੇ ਪ੍ਰਸ਼ਨ ਜਾਰੀ ਰੱਖੇ।
“ਕੱਲ੍ਹ ਜੋ ਮੰਤਰੀ ਜੀ ਆਏ ਸਨ, ਤੁਸੀਂ ਪਹਿਲਾਂ ਕਦੀ ਉਹਨਾਂ ਨੂੰ ਦੇਖਿਆ?”
“ਉਹ ਤਾਂ ਆਪਣੀ ਮੈਡਮ ਜੀ (ਪ੍ਰਿੰਸੀਪਲ) ਦੇ ਨਾਲ ਹੀ ਕਾਲਜ ਵਿਚ ਪੜ੍ਹਦੇ ਸਨ। ਕਦੇ ਕਦੇ ਉਹਨਾਂ ਦੇ ਦਰਸ਼ਨਾਂ ਨੂੰ ਆ ਜਾਂਦੇ ਨੇ।”

ਦਰਸ਼ਨਾਂ ਵਾਲੀ ਗੱਲ ਦੀ ਮੈਨੂੰ ਖਾਸ ਸਮਝ ਤਾਂ ਨਾ ਆਈ, ਪਰ ਇੰਨਾ ਪਤਾ ਲੱਗ ਗਿਆ ਕਿ ਮੰਤਰੀ ਜੀ ਅਤੇ ਪ੍ਰਿੰਸੀਪਲ ਦੀ ਆਪਸ ਵਿਚ ਦੋਸਤੀ ਜ਼ਰੂਰ ਹੈ। ਉਹਨਾਂ ਦੀ ਦੋਸਤੀ ਹੋਵੇ ਜਾਂ ਨਾ ਹੋਵੇ ਭਲਾ ਮੈਨੂੰ ਕੀ? ਮੈਂ ਆਪਣੇ ਮਨ ਨੂੰ ਸਮਝਾਇਆ। ਅਸਲੀ ਮੁੱਦਾ ਤਾਂ ਕੁੜੀਆਂ ਦਾ, ਉਹ ਕਿੱਥੇ ਗਈਆਂ ਹੋਣਗੀਆਂ? ਧਰਤੀ ਵਿਚ ਧਸ ਗਈਆਂ ਜਾਂ ਅਸਮਾਨ ਨੇ ਨਿਗਲ ਲਈਆਂ? ਇਕ ਲੜਕੀ ਦੇ ਤਾਂ ਮਾਪੇ ਵੀ ਕਾਫ਼ੀ ਤੱਕੜੇ ਸਨ। ਉਹਨਾਂ ਪੈਸਾ ਪਾਣੀ ਵਾਂਗ ਬਹਾਇਆ। ਲੇਕਿਨ ਹੱਥ ਪੱਲੇ ਅਜੇ ਵੀ ਕੁੱਝ ਨਹੀਂ ਸੀ ਪਿਆ।

ਅੱਜ ਲੰਚ ਟਾਈਮ ਸਮੇਂ ਨਾ ਚਾਹੁੰਦਿਆ ਹੋਇਆਂ ਵੀ ਮੈਂ ਮਿਸਿਜ਼ ਸੋਢੀ ਨਾਲ, ਪ੍ਰਿੰਸੀਪਲ ਅਤੇ ਮੰਤਰੀ ਦੀ ਦੋਸਤੀ ਦੀ ਗੱਲ ਪਤਾ ਨਹੀ ਕਿਵੇਂ ਛੇੜ ਲਈ।

“ਦੀਦੀ, ਮੰਤਰੀ ਜੀ ਨੂੰ ਤੁਸੀਂ ਵੀ ਜਾਣਦੇ ਹੋਵੇਗੇ।”

“ਪ੍ਰਿੰਸੀਪਲ ਵਾਲੇ ਮੰਤਰੀ ਨੂੰ।” ਮਿਸਿਜ਼ ਸੋਢੀ ਰੁੱਖਾ ਜਿਹਾ ਮੁਸਕ੍ਰਾਉਂਦੀ ਕਹਿਣ ਲੱਗੀ: "ਆਪਣੀ ਮੈਡਮ ਦਾ ਦੋਸਤ ਹੈ, ਹਾਂ ਬਈ ਸਾਰੇ ਕਾਲਜ ਨੂੰ ਪਤਾ ਹੈ। ਪਿਛਲੀ ਵਾਰੀ ‘ਯੂਥ ਫੈਸਟੀਵਲ’ ਤੇ ਇਹਨਾਂ ਨੂੰ ਖਾਸ ਮਹਿਮਾਨ ਬਣਾਇਆ ਗਿਆ ਸੀ। ਬਹੁਤ ਰੌਣਕ ਹੋਈ ਸੀ। ਲੜਕੀਆਂ ਨੇ ਵੱਖ ਵੱਖ ਆਈਟਮ ਪੇਸ਼ ਕਰ ਕੇ ਰੰਗ ਬੰਨ੍ਹ ਦਿੱਤਾ।” ਇਹ ਕਹਿ ਕੇ ਮਿਸਿਜ਼ ਸੋਢੀ ਉਦਾਸੀ ਜਿਹੀ ਵਿਚ ਚੁੱਪ ਹੋ ਗਈ।

ਮੈਂ ਅਜੇ ਉਸ ਦੀ ਉਦਾਸੀ ਦਾ ਕਾਰਨ ਸੋਚ ਹੀ ਰਹੀ ਸਾਂ ਕਿ ਮਿਸਿਜ਼ ਸੋਢੀ ਆਪ ਹੀ ਬੋਲੀ, “ਉਦੋਂ ਕਾਲਜ ਦਾ ਮਾਹੌਲ ਹੋਰ ਹੀ ਸੀ। ਗੁੰਮ ਹੋਣ ਵਾਲੀਆਂ ਕੁੜੀਆਂ ਨੇ ਕਈ ਆਈਟਮਾਂ ਵਿਚ ਭਾਗ ਲਿਆ ਸੀ। ਮੰਤਰੀ ਜੀ ਨੇ ਆਪਣੇ ਹੱਥੀਂ ਉਹਨਾਂ ਕੁੜੀਆਂ ਨੂੰ ਇਨਾਮ ਦਿੱਤੇ।”

“ਇਹ ‘ਯੂਥ ਫੈਸਟੀਵਲ’ ਕਦੋਂ ਕੁ ਹੋਇਆ ਸੀ।” ਮੈਂ ਪੁੱਛਿਆ
“ਬਸ, ਤੁਹਾਡੇ ਜੌਇਨ ਕਰਨ ਤੋਂ ਥੋੜ੍ਹੇ ਦਿਨ ਹੀ ਪਹਿਲਾਂ।”

ਅਸੀ ਗੱਲਾਂ ਕਰ ਹੀ ਰਹੀਆਂ ਸਾਂ ਕਿ ਮੰਤਰੀ ਜੀ ਦੀ ਕਾਰ ਫਿਰ ਆ ਗਈ। ਜਦੋਂ ਦੀਆਂ ਕੁੜੀਆਂ ਲਾਪਤਾ ਹੋ ਗਈਆਂ ਨੇ ਉਦੋਂ ਦੇ ਮੰਤਰੀ ਸਾਹਿਬ ਦੇ ਕਾਲਜ ਵਿਚ ਚੱਕਰ ਵੱਧ ਗਏ। ਉਸ ਦਿਨ ਸਟਾਫ ਰੂਮ ਵਿਚ ਬੈਠਿਆਂ ਮਿਸਿਜ਼ ਅਗਰਵਾਲ ਨੇ ਵੀ ਕਿਹਾ ਸੀ:

“ਲੋਕ ਐਂਵੇ ਹੀ ਕਹਿੰਦੇ ਰਹਿੰਦੇ ਨੇ ਕਿ ਮਨਿਸਟਰ ਦੇਸ਼ ਦੇ ਭਲੇ ਲਈ ਕੋਈ ਕੰਮ ਨਹੀਂ ਕਰਦੇ। ਦੇਖੋ ਤਾਂ ਆਪਣੇ ਇਸ ਮੰਤਰੀ ਸਾਹਿਬ ਨੂੰ ਲੋਕਾਂ ਦਾ ਕਿੰਨਾ ਫਿਕਰ ਹੈ, ਜਦੋਂ ਦੀਆਂ ਲੜਕੀਆਂ ਗੁੰਮ ਹੋਈਆਂ ਨੇ, ਵਿਚਾਰੇ ਕਿੰਨੀ ਦੌੜ ਭੱਜ ਕਰ ਰਹੇ ਨੇ।”

ਇਹ ਗੱਲ ਸੁਣ ਕੇ ਮਿਸਿਜ਼ ਸੋਢੀ ਨੇ ਮਿਸਿਜ਼ ਅਗਰਵਾਲ ਵੱਲ ਦੇਖਿਆ ਤਾਂ ਦੋਨੋਂ ਹੀ ਅੱਖਾਂ ਅੱਖਾਂ ਵਿਚ ਹੀ ਮੁਸਕ੍ਰਾ ਪਈਆਂ। ਨਵੀਂ ਹੋਣ ਕਾਰਣ ਮੈਂ ਉਹਨਾਂ ਦੀ ਇਹ ਬੁਝਾਰਤ ਬੁੱਝ ਨਾ ਸਕੀ। ਥੋੜ੍ਹੀ ਦੇਰ ਬਾਅਦ ਰਾਮ ਲਾਲ ਪ੍ਰਿੰਸੀਪਲ ਦਾ ਸੁਨੇਹਾ ਲੈ ਕੇ ਆਇਆ: “ਬੀਬੀ ਜੀ, ਤੁਹਾਨੂੰ ਸਭ ਨੂੰ ਮੈਡਮ ਨੇ ਦਫਤਰ ਵਿਚ ਬੁਲਇਆ।”

ਸਾਰਾ ਸਟਾਫ ਆਫਿਸ ਵੱਲ ਨੂੰ ਤੁਰ ਪਿਆ। ਤੁਰਿਆਂ ਜਾਂਦਿਆਂ ਮੈਂ ਮੀਸਿਜ਼ ਸੋਢੀ ਨੂੰ ਕਿਹਾ:
“ਮੈਨੂੰ ਲੱਗਦਾ ਹੈ ਲੜਕੀਆਂ ਦੀ ਉੱਘ-ਸੁੱਘ ਮਿਲ ਗਈ ਹੈ, ਇਸੇ ਕਾਰਨ ਕਰਕੇ ਮੈਡਮ ਨੇ ਆਪਾਂ ਨੂੰ ਬੁਲਾਇਆ ਹੋਵੇਗਾ।”

“ਤੁਹਾਡੀ ਤਾਂ ਉਹ ਗੱਲ ਹੈ ਕਿ ‘ਬਿੱਲੀ ਨੂੰ ਚੂਹਿਆਂ ਦੇ ਸੁਪਨੇ’।” ਮਿਸਿਜ਼ ਸੋਢੀ ਨੇ ਹੱਸਦਿਆਂ ਕਿਹਾ।
ਆਫਿਸ ਵਿਚ ਮੈਡਮ ਅਤੇ ਮੰਤਰੀ ਜੀ ਨੂੰ ਬਹੁਤ ਹੀ ਉਦਾਸ ਚਿਹਰੇ ਲਏ ਖਲੋਤੇ ਦੇਖਿਆ। ਸਾਡੇ ਪਹੁੰਚਦਿਆਂ ਹੀ ਮੈਡਮ ਨੇ ਕਹਿਣਾ ਸ਼ੁਰੂ ਕੀਤਾ, “ਮੰਤਰੀ ਜੀ ਦੇ ਲੱਖ ਜਤਨ ਕਰਨ ਦੇ ਬਾਵਜੂਦ ਲੜਕੀਆਂ ਦੀ ਕੋਈ ਸੂਹ ਨਹੀਂ ਮਿਲੀ।”

ਮੈਡਮ ਦੀ ਗੱਲ ਵਿਚ ਹੀ ਮੰਤਰੀ ਜੀ ਬੋਲੇ: “ਪਰ ਮੈਨੂੰ ਪੂਰੀ ਉਮੀਦ ਹੈ, ਇਕ ਦਿਨ ਲੜਕੀਆਂ ਜ਼ਰੂਰ ਹੀ ਮਿਲ ਜਾਣਗੀਆਂ ਚਾਹੇ ਲੇਟ ਹੀ ਕਿਉਂ ਨਾ ਮਿਲਣ। ਪਰ ਮੈਂ ਅੱਜ ਸਾਰੇ ਸਟਾਫ ਨੂੰ ਇਹ ਹੀ ਬੇਨਤੀ ਕਰਨ ਆਇਆ ਹਾਂ ਕਿ ਆਪਾਂ ਸਭ ਰਲ ਮਿਲ ਕੇ ਇਸ ਮੁਸ਼ਕਲ ਦਾ ਕੋਈ ਹੱਲ ਲੱਭੀਏ।”

“ਆਪ ਸਭ ਨੂੰ ਪਤਾ ਹੀ ਹੈ ਕਿ ਮੰਤਰੀ ਜੀ ਇਸ ਕਾਲਜ ਨੂੰ ਹਰ ਵਾਰੀ ਕਿਤਨੀ ਰਕਮ ਦਾਨ ਵਿਚ ਦੇਂਦੇ ਨੇ।” ਮੈਡਮ ਨੇ ਕਿਹਾ, “ਇਸ ਲਈ ਇਹ ਨਹੀਂ ਚਾਹੁੰਦੇ ਕਿ ਇਸ ਕਾਲਜ ਦੀ ਕੋਈ ਬਦਨਾਮੀ ਹੋਵੇ।”

“ਸਾਡਾ ਸਾਰਾ ਸਟਾਫ ਤਾਂ ਅੱਗੇ ਹੀ ਤੁਹਾਡੇ ਨਾਲ ਹੈ।” ਮਿਸਿਜ਼ ਸੂਦ ਨੇ ਕਿਹਾ। "ਅਸੀਂ ਆਪਣੀ ਪੂਰੀ ਕੋਸ਼ਿਸ ਕਰ ਰਹੇ ਹਾਂ ਕਿ ਆਪਾਂ ਇਸ ਮੁਸ਼ਕਿਲ ਵਿਚੋਂ ਛੇਤੀ ਨਿਕਲ ਸਕੀਏ।”

ਕੁਝ ਚਿਰ ਇਸ ਤਰ੍ਹਾਂ ਦੀਆਂ ਗੱਲਾਂ-ਬਾਤਾਂ ਚੱਲਦੀਆਂ ਰਹੀਆ। ਪਤਾ ਨਹੀਂ ਕਿਉਂ ਮੈਨੂੰ ਇਹਨਾਂ ਸਾਰੀਆਂ ਗੱਲਾਂ ਦੀ ਸਮਝ ਨਹੀਂ ਸੀ ਆ ਰਹੀ। ਜੇ ਸਾਰੀ ਪੁਲੀਸ ਵਾਹ ਲਾ ਰਹੀ ਹੈ, ਮੰਤਰੀ ਜੀ ਨੇ ਦਿਨ ਰਾਤ ਇਕ ਕੀਤਾ ਹੋਇਆ ਹੈ ਅਤੇ ਸਾਰਾ ਸਟਾਫ ਅਲੱਗ ਮਿਹਨਤ ਕਰਦਾ ਹੈ ਤਾਂ ਕੁੜੀਆਂ ਫਿਰ ਵੀ ਕਿਉਂ ਨਹੀਂ ਮਿਲ ਰਹੀਆਂ।

ਕਈ ਦਿਨਾਂ ਬਾਅਦ ਅੱਜ ਕਾਲਜ ਦਾ ਵਾਤਾਵਰਣ ਥੋੜ੍ਹਾ ਜਿਹਾ ਬਦਲਿਆ ਲੱਗਾ। ਨਾ ਕੋਈ ਪੁਲੀਸ ਵਾਲਾ ਆਇਆ ਸੀ ਨਾ ਹੀ ਕੋਈ ਅਖਬਾਰ ਵਾਲਾ। ਅਧਿਆਪਕ ਵੀ ਸਭ ਆਪਣੀਆਂ ਕਲਾਸਾਂ ਵਿਚ ਸਨ ਜਾਂ ਕਿਤੇ ਹੋਰ ਬਿਜ਼ੀ ਹੋਣਗੇ। ਮੈਂ ਹੀ ਸਟਾਫ ਰੂਮ ਵਿਚ ਬੈਠੀ ਕਲਾਸ ਲਈ ਕੁੱਝ ਜ਼ਰੂਰੀ ਨੋਟਸ ਤਿਆਰ ਕਰ ਰਹੀ ਸਾਂ।

ਕਮਰੇ ਦਾ ਦਰਵਾਜ਼ਾ ਅੱਧ-ਖੁੱਲਾ ਛੱਡਿਆ ਹੋਇਆ ਸੀ। ਅਚਾਨਕ ਹੀ ਰਾਮ ਲਾਲ ਅੰਦਰ ਦਾਖਲ ਹੋਇਆ।

“ਬੀਬੀ ਜੀ, ਚਾਹ ਪੀਣੀ ਤਾਂ ਲਿਆ ਦੇਵਾਂ।” ਉਸ ਨੇ ਪੁੱਛਿਆ।
“ਨਹੀਂ ਚਾਹ ਤਾਂ ਮੈਂ ਨਹੀਂ ਪੀਣੀ।”
“ਬੀਬੀ ਜੀ, ਹੁਣ ਤਾਂ ਤੁਹਾਡਾ ਕਾਲਜ ਵਿਚ ਦਿਲ ਲੱਗ ਗਿਆ ਹੋਵੇਗਾ।”
“ਬਾਕੀ ਤਾਂ ਠੀਕ ਹੈ, ਪਰ ਆਹ ਜਿਹੜੀ ਘਟਨਾ ਕਾਲਜ ਵਿਚ ਵਾਪਰ ਗਈ, ਉਸ ਦਾ ਭੇਦ ਕੋਈ ਨਹੀਂ ਲੱਗ ਰਿਹਾ।"

“ਤੁਸੀਂ ਚਿੰਤਾ ਨਾ ਕਰੋ, ਗੁੱਡੀਆਂ ਇਕ ਦਿਨ ਵਾਪਸ ਆ ਜਾਣਗੀਆਂ।” ਰਾਮ ਲਾਲ ਨੇ ਵਿਚੋਂ ਹੀ ਕਿਹਾ, “ ਬੁਹਤ ਚਿਰ ਪਹਿਲਾਂ ਵੀ ਇਕ ਵਾਰੀ ਇਕ ਗੁੱਡੀ ਗਵਾਚੀ ਸੀ ਫਿਰ ਮਿਲ ਗਈ।”

ਇਹ ਗੱਲ ਸੁਣੀ ਤਾਂ ਮੈਂ ਰਾਮ ਲਾਲ ਦੇ ਮੂੰਹ ਵੱਲ ਹੀ ਦੇਖਦੀ ਰਹਿ ਗਈ। ਰਾਮ ਲਾਲ ਨੇ ਆਲਾ-ਦੁਆਲਾ ਵੇਖਿਆ ਅਤੇ ਬਾਹਰ ਵੱਲ ਵੀ ਝਾਤੀ ਮਾਰ ਕੇ ਦਰਵਾਜ਼ਾ ਭੇੜ ਆਇਆ।
“ਬੀਬੀ ਜੀ, ਤੁਸੀਂ ਇਸ ਕਾਲਜ ਵਿਚ ਨਵੇਂ ਹੋ। ਬਹੁਤੀਆਂ ਗੱਲਾਂ ਦਾ ਤਹਾਨੂੰ ਪਤਾ ਨਹੀ।”
ਉਹ ਮੇਰੀ ਕੁਰਸੀ ਦੇ ਕੋਲ ਥੱਲੇ ਹੀ ਬੈਠ ਗਿਆ।
“ਮੈਂ ਇਕ ਗੱਲ ਤਹਾਨੂੰ ਦੱਸ ਦਿੰਦਾ ਹੈ, ਪਰ ਤੁਸੀਂ ਕਸਮ ਖਾਉ ਮਾਤਾ ਚਿੰਤੀ ਦੇਵੀ ਦੀ ਕਿ ਅਗਾਂਹ ਕਿਸੇ ਨੂੰ ਨਹੀਂ ਦਸੋਗੇ।”
“ਰਾਮ ਲਾਲ! ਤੁਸੀਂ ਬੇਫਿਕਰ ਹੋ ਕੇ ਆਪਣਾ ਭੇਦ ਦੱਸੋ। ਮੈਂ ਅੱਗੇ ਗੱਲਾਂ ਤੋਰਨ ਵਾਲੀ ਕੁੜੀ ਨਹੀਂ ਹਾਂ।”
“ਫਿਰ ਵੀ ਤੁਸੀਂ ਦੇਵੀ ਮਾਂ ਦੀ ਕਸਮ ਖਾ ਲਉ।” ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਮੈਂ ਕੋਈ ਵੀ ਗੱਲ ਨਹੀ ਕਰਾਂਗੀ ਤਾਂ ਉਸ ਨੇ ਹੌਲੀ ਹੌਲੀ ਦੱਸਣਾ ਸ਼ੁਰੂ ਕੀਤਾ:
“ਇਕ ਦਿਨ ਮੈਂ ਮੈਡਮ ਸਾਹਿਬਾ ਦੇ ਆਫਿਸ ਦੀ ਝਾੜ-ਪੂੰਜ ਕਰਦਾ ਪਿਆ ਸਾਂ, ਮੰਤਰੀ ਜੀ ਆਏ ਤਾਂ ਮੈਡਮ ਨੇ ਮੈਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ। ਤੁਹਾਨੂੰ ਪਤਾ ਹੀ ਹੈ ਸਾਡੇ ਵਰਗੇ ਲੋਕਾਂ ਨੂੰ ਉਹਲੇ ਹੋ ਕੇ ਗੱਲਾਂ ਸੁਣਨ ਦੀ ਆਦਤ ਹੁੰਦੀ ਹੈ।”

ਉਸ ਦੇ ਇੰਨਾ ਕਹਿਣ ਤੇ ਹੀ ਮੇਰਾ ਸਾਹ ਰੁਕ ਗਿਆ ਅਤੇ ਮੈਂ ਕੁਰਸੀ ਤੇ ਬੈਠੀ ਹੀ ਥੋੜਾ ਜਿਹਾ ਨੀਵੀਂ ਹੋ ਗਈ ਅਤੇ ਉਸ ਨੂੰ ਧਿਆਨ ਨਾਲ ਸੁਣਨ ਲੱਗੀ। ਰਾਮ ਲਾਲ ਨੇ ਇਕ ਵਾਰੀ ਫਿਰ ਦਰਵਾਜ਼ੇ ਵੱਲ ਦੇਖਿਆ ਅਤੇ ਬੋਲਿਆ: “ਮੰਤਰੀ ਜੀ ਨੇ ਮੈਡਮ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਹਾ ਸੀ ਲੜਕੀਆਂ ਵਾਲੀ ਗੱਲ ਠੱਪ ਦਿਉ, ਪਰ ਅਖਬਾਰਾਂ ਅਜੇ ਵੀ ਚੁੱਪ ਨਹੀਂ ਹੋਈਆਂ।”

“ਕੁੜੀਆਂ ਦੇ ਮਾਪਿਆਂ ਨੇ ਹੀ ਜ਼ਿਆਦਾ ਰੌਲਾ ਪਾਇਆ ਹੋਇਆ ਹੈ।”
“ਕੁੜੀਆਂ ਤਾਂ ਸ਼ਾਂਤ ਹਨ, ਬਸ ਉਹ ਤਾਂ ਸਿਰਫ ਸੁੰਦਰਤਾ ਦੇ ਮੁਕਾਬਲੇ ਵਿਚ ਹਿੱਸਾ ਲੈਣ ਲਈ ਕੁੱਝ ਵੀ ਕਰਨ ਨੂੰ ਤਿਆਰ ਨੇ।”
“ਇਸ ਦਾ ਮਤਲਬ ਕੁੜੀਆਂ ਮੰਤਰੀ ਜੀ ਦੇ ਕੋਲ ਨੇ।” ਮੈਂ ਹੈਰਾਨੀ ਨਾਲ ਕਿਹਾ।

ਰਾਮ ਲਾਲ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਪਰ ਮੈਂ ਗੁੱਸੇ ਵਿਚ ਲਾਲ ਹੁੰਦੀ ਨੇ ਕਿਹਾ, “ਦੇਖੋ ਰਾਮ ਲਾਲ ਜੀ, ਇਹ ਗੱਲ ਠੀਕ ਨਹੀਂ ਤੁਸੀ ਬਾਕੀ ਸਟਾਫ ਨਾਲ ਗੱਲ ਕਰੋ ਅਤੇ ਭੇਦ ਨੂੰ ਨੰਗਾ ਕਰੋ।”

“ਪਹਿਲਾ ਤਾਂ ਬੀਬੀ ਜੀ ਮੈਂ ਤੁਹਾਨੂੰ ਦੇਵੀ ਮਾਂ ਦੀ ਕਸਮ ਦਿੱਤੀ ਹੋਈ ਹੈ, ਤੁਸੀਂ ਇਹ ਗੱਲ ਇੱਥੇ ਹੀ ਛੱਡ ਦਿਉ, ਬਾਕੀ ਸਟਾਫ ਦੇ ਕਈ ਮੈਬਰਾਂ ਨੂੰ ਵੀ ਇਸ ਬਾਰੇ ਪਤਾ ਹੈ, ਉਹਨਾਂ ਨੂੰ ਵੀ ਦੇਵੀ ਮਾਂ ਦੀ ਕਸਮ ਦਿੱਤੀ ਹੈ।”

“ਤੁਸੀਂ ਚੰਗੀ ਦੇਵੀ ਮਾਂ ਵਿਚ ਲੈ ਆਏ ਹੋ।”
“ਬੀਬੀ ਜੀ! ਦੇਵੀ ਮਾਂ ਤਾਂ ਆਪਣੀ ਗਰਜ਼ ਨੂੰ ਲੈ ਕੇ ਆਏ ਹਾਂ। ਜੇ ਮੈਡਮ ਨੂੰ ਪਤਾ ਲੱਗ ਗਿਆ ਕਿ ਇਹ ਗੱਲ ਮੈਂ ਤਹਾਨੂੰ ਦੱਸੀ ਹੈ ਤਾਂ ਸਭ ਤੋਂ ਪਹਿਲਾਂ ਮੇਰੀ ਹੀ ਛਾਂਟੀ ਹਊ। ਮੈਂ ਤੁਹਾਡੇ ਪੈਰ ਫੜਦਾ ਹਾਂ, ਅਗਾਂਹ ਇਹ ਗੱਲ ਨਾ ਕਰਿਉ।”
“ਅੱਛਾ!" ਇੰਨਾ ਕਹਿ ਕੇ ਮੈਂ ਚੁੱਪ ਹੋ ਗਈ।

ਦੋ ਤਿੰਨ ਦਿਨ ਮੈਂ ਇਸ ਤਰਾਂ ਹੀ ਗੁੰਮ-ਸੁੰਮ ਰਹੀ ਅਤੇ ਇਸ ਗੱਲ ਦਾ ਕਿਸੇ ਕੋਲ ਵੀ ਜ਼ਿਕਰ ਨਾ ਕੀਤਾ।

ਕੱਲ੍ਹ ਜਦੋਂ ਮੈ ਲੰਚ ਲਈ ਮਿਸਿਜ਼ ਸੋਢੀ ਨਾਲ ਗਈ ਤਾਂ ਉਹ ਪੁੱਛਣ ਲੱਗੀ: “ਕੀ ਗੱਲ ਹੈ, ਪਰਦੀਪ, ਮੈਂ ਦੇਖਦੀ ਹਾਂ ਤੂੰ ਥੋੜ੍ਹੇ ਦਿਨਾਂ ਤੋਂ ਚੁੱਪ-ਚਾਪ ਹੈਂ?”
“ਗੱਲ ਤਾਂ ਕੋਈ ਨਹੀਂ, ਵੈਸੇ ਹੀ।”
“ਤੈਨੂੰ ਕਿਤੇ ਕੁੜੀਆਂ ਦੀ ਚਿੰਤਾ ਤਾਂ ਨਹੀਂ ਲੱਗੀ ਹੋਈ।”
“ਦੀਦੀ, ਤੁਹਾਨੂੰ ਸੱਚ-ਮੁਚ ਹੀ ਉਹਨਾਂ ਬਾਰੇ ਕੁੱਝ ਵੀ ਨਹੀਂ ਪਤਾ?”
“ਪਤਾ ਹੋਵੇ ਵੀ ਤਾਂ ਫਿਰ ਕੀ ਕਰ ਸਕਦੇ ਹਾਂ।”

ਮਿਸਿਜ਼ ਸੋਢੀ ਦੇ ਜ਼ਵਾਬ ਨੇ ਮੇਰੀ ਤੱਸਲੀ ਕਰਵਾ ਦਿੱਤੀ ਕਿ ਉਸ ਨੂੰ ਮੇਰੇ ਵਾਂਗ ਹੀ ਪਤਾ ਹੈ ਕਿ ਲੜਕੀਆਂ ਕਿੱਥੇ ਨੇ। ਪਰ ਫਿਰ ਵੀ ਮੈਂ ਅਗਾਂਹ ਗੱਲ ਤੋਰੀ: “ਜੇ ਪਤਾ ਹੋਵੇ ਤਾਂ ਫਿਰ ਗੱਲ ਚੁੱਕਣੀ ਚਾਹੀਦੀ ਹੈ।”
“ਭਾਈ, ਮੇਰਾ ਤਾਂ ਇਸ ਕਾਲਜ ਨਾਲ ਸਿਰਫ ਨੌਕਰੀ ਤੱਕ ਰਿਸ਼ਤਾ ਹੈ। ਗੱਲ ਚੁੱਕ ਕੇ ਇੰਨੇ ਸਾਲਾਂ ਦੀ ਆਪਣੀ ਬਣੀ-ਬਣਾਈ ਪੁਜ਼ੀਸ਼ਨ ਖਰਾਬ ਕਰਨੀ ਆ।”
“ਤੁਸੀਂ ਆਪਣੇ ਮਤਲਬ ਕਰਕੇ ਚੁੱਪ ਹੋ।” ਮੇਰੇ ਮੂੰਹ ਵਿਚੋਂ ਸਿੱਧਾ ਹੀ ਨਿਕਲ ਗਿਆ: “ਦੁਨੀਆ ਕਿੰਨੀ ਸੁਆਰਥੀ ਹੋ ਗਈ ਹੈ।”
“ਹਰ ਕੋਈ ਆਪਣੀ ਲੋੜ ਨਾਲ ਹੀ ਮਤਲਬ ਰੱਖਦਾ ਹੈ।” ਮਿਸਿਜ਼ ਸੋਢੀ ਨੇ ਥੋੜ੍ਹਾ ਗੁੱਸੇ ਨਾਲ ਕਿਹਾ: “ਸੱਚ ਪੁੱਛੋ ਤਾਂ ਲੜਕੀਆਂ ਆਪਣੇ ਮਤਲਬ ਲਈ ਹੀ ਗੁੰਮ ਹੋਈਆਂ ਨੇ।”
“ਪਰ ਉਹਨਾਂ ਨੂੰ ਆਪਣੇ ਮਾਪਿਆਂ ਬਾਰੇ ਤਾਂ ਸੋਚਣਾ ਹੀ ਚਾਹੀਦਾ ਸੀ।” ਮੈਂ ਆਦਰਸ਼ਕ ਬਣਦੇ ਕਿਹਾ: “ ਫਿਰ ਵੀ ਆਪਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ।”
“ਦੇਖੋ ਪਰਦੀਪ ਜੀ, ਮੈਂ ਤਾਂ ਕੋਈ ਸਟੈਂਡ-ਸਟੂੰਡ ਨਹੀ ਲੈਣਾ।” ਮਿਸਿਜ਼ ਸੋਢੀ ਨੇ ਸਾਫ ਕਿਹਾ: “ਜਦ ਕੁੜੀਆਂ ਹੀ ‘ਗਲੈਮਰਸ’ ਲਈ ਆਪਣੀ ਇਜ਼ਤ, ਪੜ੍ਹਾਈ ਸਭ ਕੁੱਝ ਦਾਅ ਤੇ ਲਾ ਰਹੀਆਂ ਨੇ ਤਾਂ ਸਾਨੂੰ ਕੀ?”
“ਤੁਹਾਨੂੰ ਤਾਂ ਨਾ ਹੋਵੇ, ਪਰ ਮੈਂ ਤਾਂ ਇਸ ਬਾਰੇ ਜ਼ਰੂਰ ਕੁੱਝ ਕਰਾਂਗੀ।”

“ਜੇ ਤਹਾਨੂੰ ਅਪਣੀ ਨਵੀਂ ਨਵੀਂ ਮਿਲੀ ਨੌਕਰੀ ਨਾਲ ਕੋਈ ਲਗਾਉ ਨਹੀਂ ਤਾਂ ਉਹ ਤੁਹਾਡੀ ਮਰਜ਼ੀ।” ਮਿਸਿਜ਼ ਸੋਢੀ ਨੇ ਮੈਨੂੰ ਮਸੀਂ ਨਵੀਂ ਮਿਲੀ ਜੋਬ ਦਾ ਅਹਿਸਾਸ ਕਰਾਉਂਦਿਆ ਕਿਹਾ: “ਤੁਸੀਂ ਜੋ ਮਰਜ਼ੀ ਕਰੋ। ਪਰ ਪਲੀਜ਼ ਮੇਰਾ ਇਸ ਮਾਮਲੇ ਵਿਚ ਕਿਸੇ ਕੋਲ ਵੀ ਜ਼ਿਕਰ ਨਾ ਕਰਨਾ। ਤੁਹਾਡੇ ਸਿਰ ਤੇ ਕੋਈ ਜਿੰਮੇਵਾਰੀ ਨਾ ਹੋਵੇਗੀ। ਪਰ ਮੈਂ ਤਾਂ ਇਸ ਨੌਕਰੀ ਨਾਲ ਹੀ ਗੁਜ਼ਾਰਾ ਕਰਨਾ ਹੈ।”

ਕਾਲਜ ਤੋਂ ਵਾਪਸ ਆਉਂਦਿਆਂ ਸਾਰੇ ਰਸਤੇ ਮੈਂ ਇਸ ਬਾਰੇ ਹੀ ਸੋਚਦੀ ਰਹੀ। ਘਰ ਪਹੁੰਚਣ ਤਕ ਮੇਰਾ ਮਨ ਕਾਫੀ ਬਦਲ ਗਿਆ ਅਤੇ ਸੋਚਣ ਲੱਗਾ ਸਾਰਿਆਂ ਨੂੰ ਆਪਣੀਆਂ ਜ਼ਰੂਰਤਾਂ ਤੱਕ ਮਤਲਬ ਹੈ ਤਾਂ ਮੈਂ ਕਿਉਂ ਬੈਠੀ-ਬੈਠਾਈ ਝਮੇਲੇ ਵਿਚ ਪਵਾਂ। ਮੇਰਾ ਆਦਰਸ਼-ਪੁਣਾ ਮਿੰਟਾਂ ਵਿਚ ਹੀ ਤੁਰਦਾ ਬਣਿਆ। ਮੇਰਾ ਮਨ ਇਥੋਂ ਤਕ ਕਮੀਨਾ ਹੋ ਗਿਆ ਕਿ ਘਰ ਪੁੱਜਣ ਤੇ ਜਦੋਂ ਮੇਰੇ ਬੀਜੀ ਨੇ ਕੁੜੀਆਂ ਬਾਰੇ ਪੁੱਛਿਆ ਤਾਂ ਮੈ ਟੁੱਟ ਕੇ ਪਈ: “ਢੱਠੇ ਖੂਹ ਵਿਚ ਜਾਣ ਕੁੜੀਆ, ਤੁਹਾਨੂੰ ਕੀ?"

ਪਰ ਹੌਲੀ ਜਿਹੀ ਬੀ ਜੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਸੁਣ ਕੇ ਕਹਿਣ ਲੱਗੇ: “ਪੁੱਤ, ਤੂੰ ਇਕੱਲੀ ਕੀ ਕਰ ਲਵੇਂਗੀ। ਆਪਣੀ ਨੌਕਰੀ ਤੋਂ ਵੀ ਹੱਥ ਧੋ ਬੈਠੇਂਗੀ। ਨਾਲੇ ਸਾਨੂੰ ਕੀ? ਕਿਸੇ ਦੀਆਂ ਕੁੜੀਆਂ ਕਿਸੇ ਦਾ ਕਾਲਜ।”

ਬੀ ਜੀ ਦੀ ਗੱਲ ਸੁਣ ਕੇ ਮੈਂ ਅਰਾਮ ਨਾਲ ਬੈਠ ਗਈ ਅਤੇ ਆਪਣੀ ਜੌਬ ਬਾਰੇ ਸੋਚਦੀ ਨੇ ਕੁੜੀਆਂ ਦੇ ਗੁਆਚਣ ਦਾ ਮਾਮਲਾ ਉਸੇ ਵੇਲੇ ਹੀ ਤਿਆਗ ਦਿੱਤਾ।

ਇਸ ਘਟਨਾ ਤੋਂ ਬਾਅਦ ਛੇਤੀ ਹੀ ਮੇਰੀ ਮੰਗਣੀ ਹੋ ਗਈ ਤੇ ਮੇਰੇ ਸੁਹਰਿਆਂ ਨੇ ਆਪਣੇ ਲਾਗਲੇ ਕਾਲਜ ਵਿਚ ਮੇਰੀ ਬਦਲੀ ਕਰਵਾ ਲਈ। ਕੁੜੀਆਂ ਦਾ ਕੀ ਬਣਿਆ ਰੱਬ ਜਾਣੇ। ਹੁਣ ਇਸ ਗੱਲ ਨੂੰ ਕਈ ਦਹਾਕੇ ਬੀਤ ਗਏ ਨੇ। ਪਰ ਫਿਰ ਵੀ ਕਦੀ ਕਦੀ ਇਹ ਵਾਕਿਆ ਯਾਦ ਆਉਣ ਤੇ ਮੈਂ ਸੋਚਦੀ ਹਾਂ ਕਿ ਸੱਚ-ਮੁਚ ਹੀ ਆਪਾਂ ਕਿੰਨੇ ਮਤਲਬੀ ਹਾਂ।
****

(22 ਦਸੰਬਰ 2007) -ਚਾਤ੍ਰਿਕ ਯੂਨੀਕੋਡ

y
     
ਅਨਮੋਲ ਕੌਰ, ਕੈਨੇਡਾ ਦੀਆਂ ਹੋਰ ਕਹਾਣੀਆਂ ਪੜ੍ਹਨ ਲਈ ਕਲਿੱਕ ਕਰੋ>>>>>>

ਲਿਖਾਰੀ
Likhari


© likhari: Punjabi Likhari Forum-2001-2007