ਸੁਪਨ ਸੰਧੂ(ਹੈਟ ਵਾਲਾ) ਅਤੇ ਹੀਰਾ ਸਿੰਘ ਰੰਧਾਵਾ ਨਾਟਕ 'ਕਾਰੋਬਾਰੀ ਪਲੈਨਿੰਗ'
ਦੇ ਦ੍ਰਿਸ਼ ਵਿਚਤਰਕਸ਼ੀਲ ਨਾਟਕ ਮੇਲੇ ਨੇ ਦਰਸ਼ਕ ਕੀਲੇ
-ਹ ਸ ਰੰਧਾਵਾ-ਟੋਰਾਂਟੋ – ਬੀਤੇ ਐਤਵਾਰ ਨਾਰਥ ਅਮਰੀਕਾ ਤਰਕਸ਼ੀਲ ਸੋਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਦਰਸ਼ਕਾਂ ਨਾਲ ਖਚਾ ਖਚ ਭਰੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਕਰਵਾਇਆ ਗਿਆ ‘ਨਾਟਕ ਮੇਲਾ’ ਯਾਦਗਰੀ ਹੋ ਨਿਬੜਿਆ। ਸਮਾਗਮ ਪਹਿਲਾ ਨਾਟਕ ਐੱਚ.ਐੱਸ. ਰੰਧਾਵਾ ਦੁਆਰਾ ਲਿਖਿਆ ‘ਕਾਰੋਬਾਰੀ ਪਲੈਨਿੰਗ’ ਸੀ।
ਇਹ ਕੈਨੇਡਾ ਵਿੱਚ ਰਹਿੰਦੇ ਆਮ ਆਦਮੀ ਦੀ ਜ਼ਿੰਦਗੀ ਦੀ ਕਹਾਣੀ ਸੀ ਜੋ ਇਥੇ ਆਉਂਦੇ ਹਰ ਪੰਜਾਬੀ ਦੀ ਹੁੰਦੀ ਹੈ। ਇਸ ਵਿੱਚ ਗੈਰੀ ਅਤੇ ਰਮੀ ਦੀ ਆਪਸੀ ਨੋਕ ਝੋਕ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਜਿਸ ਨੂੰ ਸਟੇਜ ‘ਤੇ ਐੱਚ.ਅੱਸ. ਰੰਧਾਵਾ ਤੇ ਬਲਜੀਤ ਰੰਧਾਵਾ ਦੀ ਜੋੜੀ ਨੇ ਤਨਦੇਹੀ ਨਾਲ ਜੀਵਿਆ। ਇਸ ਨਾਟਕ ਵਿੱਚ ਕੰਮਕਾਰਾਂ, ਨਜ਼ਾਇਜ਼ ਤਰੀਕੇ ਨਾਲ ਹੁੰਦੇ ਪ੍ਰਵਾਸ, ਸਮਗਲਿੰਗ, ਪੰਜਾਬੀਆਂ ਵਿੱਚ ਨਸਿ਼ਆਂ ਦਾ ਰੁਝਾਨ, ਫੋਰਮੈਨਾਂ ਦੀ ਚਾਪਲੂਸੀ ਆਦਿ ਦਾ ਵਰਨਣ ਬੜੀ ਰੌਚਕਤਾ ਨਾਲ ਕੀਤਾ ਗਿਆ ਸੀ। ਫੋਰਮੈਨ ਵਜੋਂ ਸੁਪਨ ਸੰਧੂ ਬਹੁਤ ਜੱਚਿਆ। ਇਸ ਵਿੱਚ ਆਮ ਪੰਜਾਬੀ ਵੱਲੋਂ ਡਾਲਰਾਂ ਦੀ ਦੌੜ ਵਿੱਚ ਲੱਗ ਕੇ ਆਪਣੇ ਬੱਚਿਆਂ ਪ੍ਰਤੀ ਧਿਆਨ ਨਾ ਦੇਣ ਬਾਰੇ ਵੀ ਦਰਸਾਇਆ ਗਿਆ ਸੀ। ਇਹਨਾਂ ਬੱਚਿਆਂ ਦੀ ਭੂਮਿਕਾ ਸਮਰਪ੍ਰੀਤ ਅਤੇ ਨਵਨੂਰ ਨੇ ਬਾਖੂਬੀ ਨਿਭਾਈ। ਇਸ ਵਿੱਚ ਦਰਸਾਇਆ ਗਿਆ ਸੀ ਕਿ ਇਥੇ ਦਾ ਆਮ ਭਾਰਤੀ ਆਪਣੇ ਜੀਵਨ ਨੂੰ ਸੁਖਾਲਾ ਬਨਾਉਣ ਲਈ ਕਈ ਪਾਪੜ ਵੇਲਦਾ ਹੋਇਆ ਵਹਿਮਾਂ ਭਰਮਾਂ ਵਿੱਚ ਫਸ ਕੇ ਆਪਣਾ ਭਵਿੱਖ ਕਰਾਮਾਤੀ ਬਾਬਿਆਂ ਅਤੇ ਹੱਥ ਵੇਖਣ ਵਾਲੇ ਪੰਡਤਾਂ ਕੋਲ ਸਮਝਦਾ ਹੈ, ਜਿਨਾਂ ਦਾ ਪਰਦਾ ਅਸਲੀਅਤ ਤੋਂ ਵਾਕਿਫ਼ ਲੋਕ ਫ਼ਾਸ਼ ਕਰਦੇ ਹਨ । ਤਰਕਸ਼ੀਲ ਸਮਾਜ ਸੇਵੀ ਦੀ ਭੂਮਿਕਾ ਚੰਡੀਗੜ ਦੇ ਲੰਬੇ ਸਮੇਂ ਤੋਂ ਨਾਟਕ ਖੇਤਰ ਵਿੱਚ ਕੰਮ ਕਰਦੇ ਆ ਰਹੇ ਰੰਗਕਰਮੀ ਪ੍ਰਵੇਸ਼ ਸੇਠੀ ਨੇ ਬੜੀ ਸਿ਼ੱਦਤ ਨਾਲ ਨਿਭਾਈ। ਨਾਟਕ ਵਿੱਚ ਠੱਗ ਪੰਡਤ ਉਰਫ਼ ਤੰਦੂਰੀ ਬਾਬਾ ਦਾ ਕਿਰਦਾਰ ਦਾਨਿਸ਼ ਆਜ਼ਾਦ ਨੇ ਬਾਖੂਬੀ ਨਿਭਾਇਆ। ਇਸ ਵਿੱਚ ਨਾਮ੍ਹੋ ਮਾਸੀ ਦਾ ਰੋਲ ਅਮਨ ਜਸਵਾਲ ਨੇ ਕੀਤਾ ਜਿਸ ਨੇ ਪੁਰਾਣੀਆਂ ਪੰਜਾਬੀ ਬੁੜ੍ਹੀਆਂ ਵਾਲੀਆਂ ਗੱਲਾਂ ਕਰ ਕਰ ਖੂਬ ਹਸਾਇਆ। ਪੂਰਾ ਨਾਟਕ ਹੀ ਹਾਸਰਸ ਵਿਧਾ ਵਿੱਚ ਹੋਣ ਕਰਕੇ ਦਰਸ਼ਕਾਂ ਨੂੰ ਹਸਾ ਹਸਾ ਕੇ ਢਿੱਡੀਂ ਪੀੜਾਂ ਪਾ ਗਿਆ। ਨਾਟਕ ਦੀ ਸਫ਼ਲਤਾ ਦਾ ਪਤਾ ਦਰਸ਼ਕਾਂ ਦੀਆਂ ਬਾਰ ਬਾਰ ਵੱਜਦੀਆਂ ਤਾੜੀਆਂ ਤੋਂ ਲੱਗਦਾ ਸੀ। ਇਸ ਨਾਟਕ ਨੇ ਲੋਕਾਂ ਦਾ ਭਰਪੂਰ ਮੰਨੋਰੰਜਨ ਕਰਦਿਆਂ ਹੋਇਆ ਉਹਨਾਂ ਨੂੰ ਡੇਢ ਘੰਟਾ ਆਪਣੇ ਨਾਲ ਜੋੜੀ ਰੱਖਿਆ। ਇਹ ਨਾਟਕ ਲੋਕਾਂ ਨੂੰ ਆਪਣੀ ਮਿਹਨਤ ਨਾਲ ਕਮਾਏ ਡਾਲਰਾਂ ਨੂੰ ਵਿਹਲੜ ਪੀਰਾਂ-ਫਕੀਰਾਂ, ਬਾਬਿਆਂ, ਢੋਂਘੀ ਪੰਡਤਾਂ, ਆਦਿ ਦੀ ਭੇਂਟ ਚੜ੍ਹਾਉਣ ਤੋਂ ਵਰਜਦਾ ਹੈ।
ਦੂਸਰਾ ਨਾਟਕ ‘ਇਨਕਲਾਬ ਜ਼ਿੰਦਾਬਾਦ’ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦਾ ਲਿਖਿਆ ਹੋਇਆ ਸੀ। ਜੋ ਸ਼ਹੀਦ ਭਗਤ ਸਿੰਘ ਦੀ ਜ਼ਿੰਦਗ਼ੀ ‘ਤੇ ਅਧਾਰਿਤ ਸੀ ਅਤੇ ਉਸ ਵੱਲੋਂ ਕੀਤੇ ਗਏ ਕਾਰਜਾਂ ਨੂੰ ਦਰਸਾਉਂਦਾ ਸੀ। ਇਹ ਨਾਟਕ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਨਾਲ ਸਬੰਧਿਤ ਹੈ ਜੋ ਉਸ ਦੇ ਕੀਤੇ ਇਨਕਲਾਬੀ ਕਾਰਨਾਮਿਆਂ ਨੂੰ ਪਰਗਟਾਉਂਦਾ ਹੋਇਆ ਵਿਅੰਗਾਤਮਕ ਚੋਭਾਂ ਲਗਾਉਂਦਿਆਂ ਲੋਕਾਂ ਨੂੰ ਮੌਜੂਦਾ ਦੁਸ਼ਮਨ ਦੀ ਪਛਾਣ ਕਰਾਉਂਦਾ ਹੈ। ਇਸ ਨਾਟਕ ਵਿੱਚ ਬਲਤੇਜ, ਸ਼ਿਵਰਾਜ, ਸਤਿੰਦਰ ਚਾਹਲ, ਗੁਰਮਿੰਦਰ ਆਹਲੂਵਾਲੀਆ, ਹਰਜੀਤ ਬਾਜਵਾ, ਮੇਹਰ, ਬਖਸੀਸ਼, ਨਵਨੂਰ, ਆਦਿ ਕਲਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ। ਨਾਟਕਾਂ ਵਿੱਚ ਰੋਸ਼ਨੀ ਦੇ ਵਿਸੇਸ਼ ਪ੍ਰਭਾਵ ਜਗਵਿੰਦਰ ਜੱਜ ਵੱਲੋਂ ਸਿਰਜੇ ਗਏ।
ਇਹਨਾਂ ਦੋਹਾਂ ਨਾਟਕਾਂ ਨੂੰ ਨਿਰਦੇਸ਼ਨ ਟੋਰਾਂਟੋ ਵਸਨੀਕ ਪੰਜਾਬੀ ਨਾਟਕ ਦੇ ਜਾਣੇ–ਪਛਾਣੇ ਹਸਤਾਖ਼ਰ ਐੱਚ.ਐੱਸ. ਰੰਧਾਵਾ ਦੁਆਰਾ ਦਿੱਤਾ ਗਿਆ ਸੀ।
ਇਸ ਮੌਕੇ ਚਰਨਜੀਤ ਬਰਾੜ ਵੱਲੋਂ ਜਾਦੂ ਦੇ ਟਰਿੱਕ ਵਿਖਾਏ ਗਏ ਜਿਸ ਵਿੱਚ ਉਸ ਨੇ ਟਰਿੱਕਾਂ ਨੂੰ ਹੱਥ ਦੀ ਸਫ਼ਾਈ ਦੱਸ ਕੇ ਇਹਦੇ ਪਿਛੇ ਕੰਮ ਕਰਦੇ ਕਾਰਨਾਂ ਬਾਰੇ ਨਾਲੋ ਨਾਲ ਸਮਝਾਇਆ। ਨਾਰਥ ਅਮੈਰਕੇਨ ਤਰਕਸ਼ੀਲ ਸੋਸਾਟਿਟੀ ਆਫ਼ ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਨੇ ਲੋਕਾਂ ਨੂੰ ਤਰਕਸ਼ੀਲ ਲਹਿਰ ਦੀ ਅਜੋਕੇ ਸਮੇਂ ਵਿੱਚ ਲੋੜ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਉੱਘੇ ਕਹਾਣੀਕਾਰ ਅਤੇ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਡਾ. ਵਰਿਆਮ ਸਿੰਘ ਸੰਧੂ ਨੇ ਅਜੋਕੇ ਸਮਾਜ ਵਿਚ ਭਗਤ ਸਿੰਘ ਦੇ ਵਿਚਾਰਾਂ ਦੀ ਸਾਰਥਕਤਾ ਬਾਰੇ ਆਪਣੇ ਵਿਚਾਰ ਲੋਕਾਂ ਅੱਗੇ ਰੱਖੇ। ਸਮਾਗਮ ਵਿੱਚ ਉਘੇ ਬੁਧੀਜੀਵੀ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ (ਬਾਨੀ ਜਮਹੂਰੀ ਅਧਿਕਾਰ ਸਭਾ ਪੰਜਾਬ) ਹਿੰਦੁਸਤਾਨ ਤੋਂ ਵਿਸੇਸ਼ ਤੌਰ ਤੇ ਸ਼ਾਮਿਲ ਹੋਣ ਲਈ ਪਹੁੰਚੇ ਜਿਨਾਂ ਨੇ ਸ਼ਹੀਦ ਭਗਤ ਸਿੰਘ ਅਤੇ ਵਿਚਾਰਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਸੰਬੋਧਨ ਕੀਤਾ। ਉਹਨਾਂ ਨੇ ਲੋਕਾਂ ਨੂੰ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਧਾਰਨ ਕਰਨ ਲਈ ਕਿਹਾ। ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਫੋਟੋਆਂ ਅਤੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਸਟੇਜ ਸੰਚਾਲਨਾ ਕਲਵਿੰਦਰ ਖਹਿਰਾ ਅਤੇ ਬਲਰਾਜ ਸ਼ੋਕਰ ਵੱਲੋਂ ਕੀਤੀ ਗਈ। ਕੁਲਦੀਪ ਚਾਹਲ ਨੇ ਆਏ ਹੋਏ ਸਭ ਦਰਸ਼ਕਾਂ ਦਾ ਧੰਨਵਾਦ ਕੀਤਾ। ਇਹ ਸਮਾਗਮ ਚਿਰ ਸਦੀਵੀ ਲੋਕਾਂ ਦੇ ਮਨਾਂ ‘ਤੇ ਉਕਰਿਆ ਰਹੇਗਾ। ਪ੍ਰਬੰਧਕਾਂ ਨੇ ਥੀਏਟਰ ਦਾ ਆਡੀਟੋਰੀਅਮ ਭਰ ਜਾਣ ‘ਤੇ ਬਿਨਾਂ ਸ਼ੋਅ ਵੇਖਣ ਤੋਂ ਜਾਣ ਵਾਲੇ ਲੋਕਾਂ ਤੋਂ ਮੁਆਫ਼ੀ ਵੀ ਮੰਗੀ।
(28 ਦਸੰਬਰ 2007)
e-mail:
ਲਿਖਾਰੀ
© likhari: Punjabi Likhari Forum-2001-2007