ਕੈਲਗਰੀ (ਮਹਿੰਦਰਪਾਲ ਸ. ਪਾਲ):- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ 16 ਦਸੰਬਰ 2007 ਨੂੰ ਕੋਸੋ ਦੇ ਦਫਤਰ ਵਿਚ ਜੋਗਿੰਦਰ ਸਿੰਘ ਸੰਘਾ ਦੀ ਪਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਸਕੱਤਰ ਮਹਿੰਦਰਪਾਲ ਸ. ਪਾਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਲਿਖਾਰੀ ਸਭਾ ਦੇ ਮੈਬਰਾਂ ਨਾਲ ਸਾਂਝੀ ਕੀਤੀ। ਪੰਜਾਬੀ ਸਾਹਿਤਕਾਰ ਮੰਗਲ ਮਦਾਨ, ਰਾਮ ਸਿੰਘ ਚਾਹਲ, ਅਜੀਤ ਸੈਣੀ ਅਤੇ ਨੋਜੁਆਨ ਆਲੋਚਕ ਬਲਜਿੰਦਰ ਪਾਲ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਸ਼ਰਧਾਂਜਲੀ ਭੇਂਟ ਕਰਦਿਆਂ ਮਹਿੰਦਰਪਾਲ ਨੇ ਕਿਹਾ ਕਿ ਇਹਨਾਂ ਸਹਿਤਕਾਰਾਂ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਭੋਲਾ ਸਿੰਘ ਚੌਹਾਨ ਨੇ ਸੁਰਜੀਤ ਪਾਤਰ ਦੀ ਗ਼ਜ਼ਲ “ਇਹ ਮੇਰੀ ਅਧਖੜ ਜਿਹੀ ਅਵਾਜ਼ ਹੈ” ਨਾਲ ਕੀਤੀ। ਸਤਨਾਮ ਸਿੰਘ ਢਾਹ ਅਤੇ ਤਰਲੋਚਨ ਸੈਂਬੀ ਨੇ ਹਾਸਮਈ ਤੇ ਕੈਨੇਡੀਅਨ ਜਿੰਦਗੀ ਦੀ ਹਕੀਕਤ ਬਿਆਨ ਕਰਦੀ ਕਵਿਤਾ (ਕਲੀ) ਕਵੀਸ਼ਰੀ ਰੰਗ ਵਿਚ ਗਾ ਕੇ ਖੂਬ ਰੰਗ ਬੰਨਿਆਂ। ਹਰਬੰਸ ਬੁਟਰ ਨੇ ਆਪਣਾ ਇਕ ਗੀਤ ਪੇਸ਼ ਕੀਤਾ। ਪ੍ਰੋ: ਮੋਹਣ ਸਿੰਘ ਨੇ ਇਕ ਖ਼ੂਬਸੂਰਤ ਗ਼ਜ਼ਲ ਅਤੇ ਸੋਹਣ ਸਿੰਘ ਮਾਨ ਨੇ ਇਕ ਉਰਦੂ ਦੀ ਨਜ਼ਮ ਸੁਣਾਈ। ਜਸਵੀਰ ਸਿੰਘ ਸਹੋਤਾ, ਨੂਰ ਢਿੱਲੋਂ, ਬਲਜਿੰਦਰ ਸੰਘਾ ਅਤੇ ਮਹਿੰਦਰਪਾਲ ਸ. ਪਾਲ ਨੇ ਵੀ ਆਪੋ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ। ਨਿੰਮਾ ਖੈਹਰਾ ਨੇ ਰਾਣੀ ਸੁੰਦਰਾਂ ਦਾ ਪਰਸੰਗ ਅਮਰ ਸਿੰਘ ਸ਼ੌਕੀ ਵਾਲ਼ੀ ਲੈ (ਤਰਜ਼) ਵਿਚ ਗਾ ਕੇ ਸਰੋਤਿਆਂ ਨੂੰ ਇਕ ਵਾਰ ਫੇਰ ਪੁਰਾਣੀਆਂ ਯਾਦਾਂ ਨਾਲ ਜੋੜ ਦਿੱਤਾ। ਡਾ. ਹਰਭਜਨ ਸਿੰਘ ਨੇ ਆਪਣੀ ਦੇਸ਼ ਫੇਰੀ ਦੀਆਂ ਕੁੱਝ ਕੌੜੀਆਂ ਮਿੱਠੀਆਂ ਯਾਦਾਂ ਦੇ ਨਾਲ ਆਪਣੀ ਇਕ ਪੁਰਾਣੀ ਪਰ ਚਹੇਤੀ ਕਵਿਤਾ ਦੇ ਹਿੱਸੇ ਵੀ ਸਰੋਤਿਆਂ ਨਾਲ ਸਾਂਝੇ ਕੀਤੇ।
ਇਸ ਮਹਿਫ਼ਲ ਵਿਚ ਇਕ ਅਰੁਨ ਨਾਮੀ ਖ਼ਾਸ ਮਹਿਮਾਨ ਨੇ ਵੀ ਹਿੱਸਾ ਲਿਆ ਜੋ ਨਿਪਾਲੀ ਭਾਸ਼ਾ ਵਿਚ ਲਿਖਦੇ ਹਨ। ਉਨ੍ਹਾਂ ਇਕ ਕਵਿਤਾ ਨਿਪਾਲੀ ਵਿਚ ਸੁਣਾਈ ਅਤੇ ਇੱਕ ਹਿੰਦੀ ਫ਼ਿਲਮੀ ਗੀਤ ਗਾ ਕੇ ਇਸ ਮਹਿਫ਼ਲ ਵਿਚ ਇੱਕ ਨਵਾਂ ਰੰਗ ਪੇਸ਼ ਕੀਤਾ।ਇਸ ਤੋਂ ਇਲਾਵਾ ਇਸ ਬੈਠਕ ਵਿਚ ਇਕਬਾਲ ਖਾਨ, ਗੁਰਦੇਵ ਸਿੰਘ ਪੂਨੀ, ਮਹਿੰਦਰ ਕੌਰ ਬੈਂਸ, ਗੁਰਜਿੰਦਰ ਕੌਰ ਢਿੱਲੋਂ, ਗੁਰਮੀਤ ਸਿੰਘ ਭੱਟੀ, ਪੈਰੀ ਮਾਹਲ, ਪਰਮਜੀਤ ਸੰਦਲ ਅਤੇ ਬੇਅੰਤ ਗਿੱਲ ਨੇ ਵੀ ਸ਼ਿਰਕਤ ਕੀਤੀ। ਜੋਗਿੰਦਰ ਸਿੰਘ ਸੰਘਾ ਨੇ ਸਰੋਤਿਆਂ ਨਾਲ ਮਾਰਚ ਵਿਚ ਕਰਾਏ ਜਾ ਰਹੇ ਸੈਮੀਨਾਰ ਬਾਰੇ ਸੂਚਨਾ ਸਾਂਝੀ ਕੀਤੀ। ਜੋਗਿੰਦਰ ਸੰਘਾ ਨੇ ਇਕ ਕਿਸੇ ਹੋਰ ਸ਼ਾਇਰ ਦੀ ਨਜ਼ਮ, ਜੋ ਇਸ਼ਕ ਦੇ ਜਨੂੰਨ ਦੀ ਕਾਲੀ ਤਸਵੀਰ ਨੂੰ ਦਰਸਾਉਂਦੀ ਸੀ, ਸੁਣਾਈ ਅਤੇ ਆਖਿਆ ਕਿ ਮੈਂ ਤਾਂ ਸੋਚਦਾ ਸੀ ਸ਼ਾਇਰ ਕੋਮਲ ਹਿਰਦੇ ਦੇ ਲੋਕ ਹੁੰਦੇ ਹਨ। ਪਰ ਇਹ ਨਜ਼ਮ ਪੜ੍ਹ ਕੇ ਮੈਂ ਹੈਰਾਨ ਹੋਇਆ ਕਿ ਕੋਈ ਮਰਨ ਮਾਰਨ ਦਾ ਵੀ ਸ਼ਾਇਰੀ ਕਰ ਸਕਦਾ ਹੈ?
ਅਖ਼ੀਰ ਵਿਚ ਮੁਹਿੰਦਰ ਪਾਲ ਨੇ ਆਏ ਹੋਏ ਸਾਰੇ ਸਾਹਿਤਕ ਪ੍ਰੇਮੀਆਂ ਦਾ ਧੰਨਵਾਦ ਕੀਤਾ। ਨਵੇਂ ਸਾਲ ਲਈ ਸ਼ੁਭ ਕਾਮਨਾ ਕਰਦਿਆਂ ਇਸ ਮਿਲਣੀ ਦੀ ਸਮਾਪਤੀ ਕੀਤੀ। ਪੰਜਾਬੀ ਲਿਖ਼ਾਰੀ ਸਭਾ ਦੀ ਨਵੇਂ ਸਾਲ ਦੀ ਇਕੱਤਰਤਾ 17 ਜਨਵਰੀ 2008 ਨੂੰ ਕੋਸੋ ਦੇ ਦਫਤਰ ਵਿਚ ਹੋਵੇਗੀ। ਵਧੇਰੇ ਜਾਂਣਕਾਰੀ ਲਈ, ਜੋਗਿੰਦਰ ਸੰਘਾ ਨਾਲ (403)-590-0789 ਜਾਂ ਮਹਿੰਦਰਪਾਲ ਸ. ਪਾਲ ਨਾਲ (403)-256-5713 ਤੇ ਸੰਪਰਕ ਕੀਤਾ ਜਾ ਸਕਦਾ ਹੈ।
(28 ਦਸੰਬਰ 2007)
e-mail:
ਲਿਖਾਰੀ
© likhari: Punjabi Likhari Forum-2001-2007