| ਸਰਗਰਮੀਆਂ/ਸੂਚਨਾਵਾਂ |
|
ਇੰਡਸ ਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਦਾ -ਇੰਦਰਜੀਤ ਸਿੰਘ ਬਾਜਵਾ- |
ਸੰਸਥਾ ਦੇ ਸਪਾਂਸਰ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਨਿਊਜ ਵੀਕਲੀ ਦੇ ਮੁੱਖ ਸੰਪਾਦਕ ਸ੍ਰ: ਸਤਨਾਮ ਸਿੰਘ ਚਾਹਲ ਦੇ ਨਾਲ ਖੜ੍ਹੇ ਹਨ।ਸੈਕਰਾਮੈਂਟੋ(ਕੈਲੀਫੋਰਨੀਆ)-ਇੰਡਸ ਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵਲੋਂ ਨਵੇਂ ਸਾਲ ਦੀ ਆਮਦ ਦੇ ਮੌਕੇ ਤੇ ਆਪਣਾ ਸਲਾਨਾ ਸਮਾਗਮ ਬੜੀ ਹੀ ਧੂਮ ਧਾਮ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਚੀਨੀ ਮੂਲ ਦੇ ਲੋਕਾਂ ਦੇ ਪ੍ਰਸਿੱਧ ਰੀਬਨ ਡਾਂਸ ਨਾਲ ਹੋਈ। ਉਸ ਤੋਂ ਬਾਅਦ ਸ਼ਾਨੇ-ਪੰਜਾਬ ਭੰਗੜਾ ਗਰੁੱਪ ਨੇ ਸ੍ਰੀਮਤੀ ਗੁੰਜਨਾ ਔਲਖ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਭੰਗੜਾ ਪਾਇਆ। ਸੰਡੇ ਧਮਾਕਾ ਗਰੁੱਪ ਦੇ ਕਲਾਕਾਰਾਂ ਨੇ ਵੀ ਆਪੋ ਆਪਣੀ ਕਲਾ ਦੇ ਜੌਹਰ ਦਿਖਾਏ। ਵਿਨੀਤ ਕੌਰ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਲਾਲ ਗਰਾਰਾ ਪੰਜਾਬੀ ਡਾਂਸ ਸਰੋਤਿਆਂ ਨੇ ਬਹੁਤ ਪਸੰਦ ਕੀਤਾ। ਪੰਮੀ ਮਾਨ ਵਲੋਂ ਤਿਆਰ ਕਰਵਾਏ ਗਏ ਅੰਦਾਜ ਗਰੁੱਪ ਦੀ ਭੰਗੜਾ ਟੀਮ ਨੇ ਸ਼ਾਨਦਾਰ ਭੰਗੜਾ ਪਾ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ ਜਿਸ ਵਿਚ ਮਲਕਾ ਮਾਨ, ਮੁਸਕਾਨ ਮਾਨ, ਗੁਲਰੰਜਨ ਸਹੋਤਾ, ਗੁਰਨੂਰ ਸਹੋਤਾ ਤੇ ਸਾਹਿਲ ਸਿੱਧੂ ਨੇ ਭਾਗ ਲਿਆ। ਔਰਤਾਂ ਵਲੋਂ ਤਿਆਰ ਕੀਤੀ ਗਈ ਕੱਵਾਲੀ ਸਾਊਂਡ ਸਿਸਟਮ ਦੇ ਖਰਾਬ ਪ੍ਰਬੰਧ ਕਾਰਨ ਦਰਸ਼ਕਾਂ ਵਲੋਂ ਵਧੀਆ ਪੇਸ਼ਕਾਰੀ ਹੋਣ ਦੇ ਬਾਵਜੂਦ ਵੀ ਸਰਾਹੀ ਨਹੀਂ ਗਈ। ਗਾਇਕੀ ਦੇ ਖੇਤਰ ਵਿਚ ਵਿਸ਼ੇਸ਼ ਪਹਿਚਾਣ ਬਣਾ ਚੁੱਕੀ ਪੂਨਮ ਮਲਹੋਤਰਾ ਨੇ ਹਮੇਸ਼ਾਂ ਵਾਂਗ ਆਪਣੀ ਸੁਰੀਲੀ ਆਵਾਜ਼ ਨਾਲ ਗਾਣਾ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਪੰਜਾਬੀ ਗਿੱਧਾ ਗਰੁੱਪ ਦੀਆਂ ਮੁਟਿਆਰਾਂ ਨੇ ਸ਼ਾਨਦਾਰ ਗਿੱਧਾ ਪਾਇਆ। ਜਿਸ ਵਿਚ ਮਨਦੀਪ ਕੌਰ, ਸ਼ੀਤਲ ਕੌਰ, ਮਨਮੀਤ ਕੌਰ ਆਦਿ ਕਲਾਕਾਰਾਂ ਨੇ ਭਾਗ ਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਲੀਫੋਰਨੀਆ ਅਸੈਂਬਲੀ ਦੇ ਮੈਂਬਰ ਡੇਵ ਜੋਨਜ਼ ਨੇ ਨਵੇਂ ਸਾਲ ਦੀ ਆਮਦ ਦੇ ਮੌਕੇ ’ਤੇ ਸਮੂਹ ਭਾਈਚਾਰੇ ਨੂੰ ਵਧਾਈ ਦਿੰਦਿਆਂ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ। ਸੰਸਥਾ ਦੀ ਪ੍ਰਧਾਨ ਸਾਰਲਾ ਪਾਰਟਾ ਨੇ ਸੰਸਥਾ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਉਦੇਸ਼ਾਂ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ। ਇੰਡਸ ਵੈਲੀ ਚੈਂਬਰ ਆਫ ਕਾਮਰਸ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਨੇ ਸੰਸਥਾ ਵਲੋਂ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ’ਤੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਕਰਨ ਵਾਲੇ ਆਗੂਆਂ ਨੂੰ ਸੰਸਥਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ ਜਿਨ੍ਹਾਂ ਵਿਚ ਸੰਸਥਾ ਦੇ ਸਾਬਕਾ ਪ੍ਰਧਾਨ ਤੇ ਪਲਾਨਿੰਗ ਕਮਿਸ਼ਨਰ ਜੇ.ਪੀ.ਸਿੰਘ , ਇੰਡੋ ਅਮਰੀਕਨ ਕਲਚਰਲ ਆਰਗੇਨਾਈਜੇਸ਼ਨ ਆਫ ਯੂ.ਐਸ.ਏ. ਦੇ ਪ੍ਰਧਾਨ ਸੁਰਿੰਦਰ ਬਿੰਦਰਾ, ਪ੍ਰਸਿੱਧ ਪੱਤਰਕਾਰ ਕਮਲ ਬੰਗਾ ਤੇ ਉੱਘੇ ਖਿਡਾਰੀ ਜਸਚਰਨ ਸਿੰਘ ਗਿੱਲ ਦੇ ਨਾਮ ਸ਼ਾਮਲ ਹਨ। ਸੰਸਥਾ ਵਲੋਂ ਇਨ੍ਹਾਂ ਆਗੂਆਂ ਨੂੰ ਇਹ ਸਨਮਾਨ ਪੱਤਰ ਅਸੈਂਬਲੀਮੈਨ ਡੇਵ ਜੌਹਨ ਨੇ ਤਕਸੀਮ ਕੀਤੇ। ਇੰਡਸ ਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਦੇ ਪ੍ਰੋਗਰਾਮਾਂ ਨੂੰ ਹਮੇਸ਼ਾਂ ਸਪਾਂਸਰ ਕਰਨ ਵਾਲੇ ਬਿਜ਼ਨਸਮੈਨਾਂ ਨੂੰ ਅਮਰੀਕਾ ਵਿਚੋਂ ਪਰਕਾਸ਼ਤ ਹੋਣ ਵਾਲੀ ਹਫਤਾਵਾਰੀ ਅਖਬਾਰ ਪੰਜਾਬ ਨਿਊਜ਼ ਵੀਕਲ਼ੀ ਦੇ ਮੁੱਖ ਸੰਪਾਦਕ ਸ੍ਰ: ਸਤਨਾਮ ਸਿੰਘ ਚਾਹਲ ਨੇ ਸੰਸਥਾ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ। ਇਹ ਸਨਮਾਨ ਪੱਤਰ ਲੈਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਸੀਨੀਅਰ ਲੋਨ ਆਫੀਸਰ ਰਾਜ ਗਿੱਲ, ਨੇਸ਼ਨਵਾਈਡ ਦੇ ਜਾਵੇਦ ਅਖਤਰ, ਨਿਊਯਾਰਕ ਲਾਈਫ ਦੇ ਜੀ.ਡੀ.ਰੈਡੀ ਤੇ ਸਟੇਟ ਵਾਈਡ ਰਿਐਲਟੀ ਦੇ ਅਮਰਦੀਪ ਸਿੰਘ ਆਦਿ ਸ਼ਾਮਲ ਸਨ। ਸਮਾਗਮ ਵਿਚ ਸ਼ਾਮਲ ਸਾਰੇ ਸਰੋਤਿਆਂ ਨੂੰ ਸੰਸਥਾ ਵਲੋਂ ਪ੍ਰੀਤੀ ਭੋਜ ਵੀ ਦਿੱਤਾ ਗਿਆ। ਕੁਲ ਮਿਲਾ ਕੇ ਇਹ ਸਮਾਗਮ ਇਕ ਵਧੀਆ ਸਮਾਗਮ ਹੋ ਨਿਬੜਿਆ। ਗਾਇਕ ਕਲਾਕਾਰ ਪੰਮੀ ਮਾਨ ਤੇ ਪੂਨਮ ਮਲਹੋਤਰਾ ਨੇ ਸਟੇਜ ਦਾ ਸੰਚਾਲਨ ਬਹੁਤ ਹੀ ਬਾਖੂਬੀ ਸਹਿਤ ਕੀਤਾ।
(28 ਦਸੰਬਰ 2007)
e-mail:
ਲਿਖਾਰੀ
© likhari: Punjabi Likhari Forum-2001-2007