1. ਘਰ ਦਾ ਬੂਹਾ
ਜਦ ਵੀ ਆਪਣੇ ਘਰ
ਦਾ ਬੂਹਾ ਢੋਇਆ ਹੈ,
ਦਿਲ ਮੇਰੇ ਨੂੰ ਅੰਦਰੇ ਹੀ ਕੁਝ ਹੋਇਆ ਹੈ ।
ਬਾਹਰ ਦੀਆਂ
ਪੀੜਾਂ ਤੋਂ ਕਿੰਝ ਮੁੱਖ ਮੋੜ ਲਵਾਂ,
ਪੀੜਾਂ ਖਾਤਿਰ ਦਿਲ ਮੇਰਾ ਅੱਧਮੋਇਆ ਹੈ ।
ਸ਼ੋਰ ਸ਼ਰਾਬੇ
ਕਤਲ ਦਹਿਸ਼ਤ ਵਾਰਦਾਤਾਂ,
ਲਹੂ ਲੁਹਾਣ ਧਰਤੀ ਦਾ ਪੁੱਤ ਹੋਇਆ ਹੈ ।
ਮੌਤ ਸੁਰਖੀਆਂ
ਨਿੱਤ ਹੀ ਉੱਕਰ ਆਈਆਂ ਨੇ,
ਬੰਦੇ ਨੇ ਬੰਦੇ ਦਾ ਪੁੱਤ ਹੀ ਕੋਹਿਆ ਹੈ।
ਮਾਵਾਂ ਨੇ ਪੁੱਤ
ਪਾਲ ਕੇ ਭੇਜੇ ਰਾਖੀ ਲਈ,
ਵੈਰੀ ਤਾਂ ਅੱਜ ਆਪਣਾ ਹੀ ਜੱਗ ਹੋਇਆ ਹੈ।
ਝੂਠੇ ਨੇ ਸਭ
ਵਾਅਦੇ ਅਮਨ ਪੁਜਾਰੀਆਂ ਦੇ,
ਬੰਬ ਬਰੂਦਾਂ ਭਰਿਆ ਹਰ ਇੱਕ ਟੋਇਆ ਹੈ।
ਆਪਣੇ ਘਰ ਨੂੰ
ਲੱਗੀ,
ਹਰ ਇੱਕ ਅੱਗ ਸਮਝੇ,
ਦੂਜੇ ਲੱਗੀ
ਨਿੱਤ,
ਬਸੰਤਰ ਹੋਇਆ ਹੈ।
ਰੱਬ ਕਰੇ ਜੇ
ਖੈਰ ਤਾਂ ਬੰਦਾ ਬਚ ਸਕਦੈ,
ਲੀਡਰਾਂ ਨੇ ਤਾਂ ਸਭਨਾਂ ਦਾ ਹੱਕ ਖੋਹਿਆ ਹੈ।
ਕਦ ਮਿਟਦੀ
ਹੈ
ਪਿਆਸੀਆਂ ਰੂਹਾਂ
ਦੀ ਪਿਆਸ
ਲਾਰਿਆਂ,
ਹੌਕਿਆਂ,
ਉਡੀਕਾਂ ਨਾਲ।
ਭਟਕਦੀਆਂ
ਹਨ
ਪਿਆਸੀਆਂ ਰੂਹਾਂ
ਥਲਾਂ ਵਿਚ
ਪੁਨੂੰ ਲੱਭਦੀ
ਸੱਸੀ ਵਾਂਗ।
ਕਦ
ਮੰਨਦੀਆਂ ਹਨ
ਪਿਆਸੀਆਂ ਰੂਹਾਂ
ਵਰ੍ਹਿਆਂ ਤਾਂਈ ਕੀਤੇ
ਧੀਰਜਾਂ ਦੇ ਲਾਰੇ।
ਹੰਢਾਉਂਦੀਆਂ ਹਨ
ਪਿਆਸੀਆਂ ਰੂਹਾਂ
ਤਨ ਉਪਰ
ਹਿਜ਼ਰਾਂ ਦੇ ਤਾਪ।
ਤੇ ਮਰ ਜਾਂਦੀਆਂ ਹਨ
ਪਿਆਸੀਆਂ ਰੂਹਾਂ
ਭਟਕ ਭਟਕ ਕੇ
ਆਪਣੇ ਹੀ ਜ਼ਹਿਨ ਦੀ
ਬੰਜਰ ਧਰਤੀ ਵਿਚ।
ਪਿਆਸੀਆਂ ਰੂਹਾਂ
ਦੀ ਪਿਆਸ
ਕਦ ਮਿਟਦੀ ਹੈ?
***
3. ਡਰ
ਦਹਿਸ਼ਤ,
ਭੱਜਦੌੜ
ਇਹ ਸਹਿਮੇ
ਢੱਕੇ ਹੋਏ ਚਿਹਰੇ
ਕੀ ਛੁਪਾ ਰਹੇ ਨੇ
ਪਰਦੇ ਦੀ ਆੜ ਵਿਚ
ਨੰਗੇ ਪੈਰੀਂ
ਗਲੀਆਂ ਵਿਚ ਦੌੜਦੇ
ਹਫੜਾਦਫੜੀ
ਗੋਲੀਆਂ ਦੀ ਬੁਛਾੜ
ਕਾਹਦੀ ਦਹਿਸ਼ਤ
ਕਾਹਦਾ ਡਰ
ਫਿਰ ਉਹੀ ਸਵਾਲ
ਕਾਹਦਾ ਡਰਾਵਾ
ਕਾਹਦੇ ਲਈ
ਇਹ ਦਹਿਸ਼ਤ
ਇਹ ਡਰ
ਇਹ ਸਹਿਮੇ ਚਿਹਰੇ
ਪਰਦੇ ‘ਚ
ਛੁਪੇ ਚਿਹਰੇ
ਬੇਨਕਾਬ
ਉੱਜੜੇ ਘਰਾਂ ਨੂੰ
ਪਰਤੇ ਚਿਹਰੇ।
(16
ਨਵੰਬਰ 2007)