ਮੁੱਛ ਫੁੱਟ
ਗਭਰੂ, ਲਗਰ ਜਵਾਨੀ, ਦੇਸ਼ ਦੇ ਲੇਖੇ ਲਾ ਕੇ ਤੁਰ ਗਿਐ,
ਭਾਰਤ ਮਾਂ
ਦੇ ਹਰ ਇੱਕ ਪੁੱਤ ਨੂੰ, ਸੋਚਾਂ ਦੇ ਵਿਚ ਪਾ ਕੇ ਤੁਰ ਗਿਐ।
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਇੱਕ ਸੁਨੇਹਾ
ਤੂੰ ਤੇ ਭਰ
ਜਵਾਨੀ ਨੂੰ,
ਦੇਸ਼ ਦੇ ਲੇਖੇ ਇੰਝ ਲਾ ਕੇ ਤੁਰ ਗਿਐ
ਜਿਵੇਂ
ਤੇਰੇ ਸਿਰ ਭਾਰਤ ਮਾਂ ਦੇ ਕਰਜੇ ਦੀ ਪੰਡ ਹੋਵੇ।
ਪਰ ਭਾਰਤ ਮਾਂ
ਦੇ ਗਦਾਰ ਪੁੱਤਾਂ ਨੇ
ਤੇਰੇ ਖੂਨ ਦੇ ਇਕ ਕਤਰੇ ਦੀ ਵੀ
ਕਦਰ ਨਾ
ਪਾਈ।
ਤੂੰ ਭਾਰਤ ਮਾਂ ਦੇ ਨੌਜਵਾਨਾਂ ਨੂੰ
ਸੋਚਾਂ ਵਿਚ ਪਾ ਕੇ
ਤੁਰ ਗਿਐ,
ਪਰ ਇਹਨਾਂ ਅਜਾਦੀ ਦੀ ਮਲਹਮ ਲਾ
ਤੇਰੇ ਵੀਰਾਂ ਦੀ
ਜਵਾਨੀ
ਆਰਥਿਕ ਤੰਗੀਆਂ ਵਿਚ ਗਰਕ ਕਰ ਦਿੱਤੀ
ਤੇਰੀ ਮੜੀ ਤੇ
ਮੇਲੇ ਲਾ
ਆਪਣਾ ਸੌਦਾ ਵੇਚ
ਤੁਰ ਜਾਂਦੇ ਨੇ ਇਹ ਲੋਕ,
ਤੇ
ਤੇਰੇ ਵੀਰ
ਕੱਚੇ ਸੌਦੇ ਝੋਲੀ ਵਿਚ ਪਾ
ਤੇਰੀ ਮੜੀ ਤੇ ਮੱਥਾ
ਟੇਕ
ਮੁੜ ਘਰੀਂ ਤੰਗੀਆਂ ਨਾਲ ਜੂਝਣ ਲਈ
ਮਜਬੂਰ ਹੋ ਜਾਂਦੇ ਨੇ
ਕੋਈ ਧਰਮ ਇਮਾਨ ਨਹੀਂ,
ਸਿਰਫ ਪੈਸੇ ਦੇ ਯਾਰ ਨੇ ਇਹ ਲੋਕ,
ਸਭਿਆਚਾਰ ਦੇ ਨਾਂ ਹੇਠ,
ਰਾਜਨੀਤੀ ਦੀਆਂ ਚਾਲਾਂ ਦਾ ਚਿੱਕੜ
ਉਛਾਲਦੇ,
ਤੇਰੇ ਬੁੱਤ ਤੇ ਫੁਲਾਂ ਦੇ ਹਰ ਪਾ
ਕੱਚੇ ਵਾਅਦੇ ਕਰ
ਤੁਰ ਜਾਂਦੇ ਨੇ ਇਹ ਲੋਕ
ਤੇਰੀ ਸੋਚ ਨੂੰ ਕਿੱਲੀ ਤੇ ਟੰਗ
ਇਹ
ਆਪਣੇ ਸੁਆਰਥ ਦੀ ਅੱਗ ਵਿਚ
ਏਨੇ ਧੱਸ ਗਏ ਨੇ ਕਿ
ਇਹਨਾਂ ਨੂੰ
ਬਾਹਰ ਦਾ ਸਭ ਕੁਝ
ਧੂੰਦਲਾ ਜਾਪਦਾ ਹੈ
ਪਰ ਇਹ ਨਹੀਂ ਜਾਣਦੇ
ਕਿ ਇੱਕ ਦਿਨ
ਇਸੇ ਧੁੱਖਦੀ ਧੂਣੀ ਚੋਂ
ਤੇਰੇ ਵੀਰ ਲਾਟ ਬਣਕੇ
ਫਿਰ ਉੱਠਣਗੇ
ਤੇ ਤੇਰੇ ਖੂਨ ਦੇ ਇੱਕ ਇੱਕ ਕਤਰੇ ਦਾ ਮੁੱਲ
ਪੁਆਉਣਗੇ।
(6 ਅਪਰੈਲ 2006)