ਐਸੀ ਸਰੋਤ ਹੈ ਕਿ ਠਟੂ ਬੂਲਾ ਟਿਬੂ ਬਿੱਧੀਆ, ਸੈਦੂ।
ਇਹ ਸਕੇ ਭਰਾ ਜਾਂ ਨੇੜੇ ਦੇ ਰਿਸ਼ਤੇ ’ਚੋਂ ਭਰਾ ਸਨ। ਇਨ੍ਹਾਂ ਨੇ ਆਪਣੇ ਨਾਂ ਅਤੇ
ਪਿੰਡ ਬੰਨ੍ਹੇ, ਜਿਨ੍ਹਾਂ ਦੇ ਅੱਜ ਕੱਲ੍ਹ ਇਹ ਨਾਂ ਹਨ: ਠੱਟੂ ਤੋਂ ਠੱਟਾ, ਬੂਲਾ ਤੋਂ
ਬੂਲਪੁਰ, ਟਿੱਬੂ ਤੋਂ ਟਿੱਬਾ, ਬਿੱਧੀਆ ਤੋਂ ਬਿੱਧੀਪੁਰ, ਸੈਦੂ ਤੋਂ ਸੈਦਪੁਰ। ਠੱਟਾ
ਪਿੰਡ ਬਹੁਤ ਵੱਡਾ ਹੈ। ਇਸ ਵਿੱਚੋਂ ਨਿਕਲ ਕੇ 3-4 ਛੋਟੇ ਪਿੰਡ ਬਣੇ ਹਨ। ਏਥੇ ਬਾਬਾ
ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਅਸਥਾਨ ਹੈ, ਜਿਸਦਾ ਨਾਂ ਗੁਰਦੁਆਰਾ ਦਮਦਮਾ
ਸਾਹਿਬ ਹੈ। (ਵੈਸੇ ਬਾਬਾ ਵੀਰ ਸਿੰਘ ਜੀ ਦੇ ਪੰਜਾਬ ਵਿੱਚ 360 ਸਥਾਨ ਹਨ, ਜਿਨ੍ਹਾਂ
ਦਾ ਨਾਂ ਦਮਦਮਾ ਹੀ ਹੈ।) ਏਥੇ ਵੱਡੇ ਵੱਡੇ ਮਹਾਂਪੁਰਖ਼ ਹੋਏ ਹਨ, ਬੁੱਕਤਾਂ ਵਾਲੇ।
ਇੱਕ ਛੋਟੀ ਨਦੀ ਬਿਆਸ ਦਰਿਆ ਵਿੱਚੋਂ ਨਿਕਲ ਕੇ ਸੁਲਤਾਨਪੁਰ ਲੋਧੀ ਤੋਂ ਅੱਗੇ ਜਾ ਕੇ
ਵੇਈਂ ਨਦੀ ਵਿੱਚ ਜਾ ਪੈਂਦੀ ਹੈ, ਜਿਸ ਵੇਈਂ ਨਦੀ ਵਿੱਚ ਮੋਦੀ ਖਾਨਾ ਕਰਦਿਆਂ ਗੁਰੂ
ਨਾਨਕ ਸਾਹਿਬ ਜੀ ਨੇ ਟੁੱਭੀ ਲਾਈ ਸੀ। ਇਸ ਨਦੀ ਨੂੰ ਕਾਲਣਾਂ ਕਹਿੰਦੇ ਹਨ। ਇਸ ਵਿੱਚ
12 ਮਹੀਨੇ ਹੀ ਬੇੜੀ ਪੈਂਦੀ ਸੀ। ਮੈਂ ਬਚਪਨ ਵਿੱਚ ਵੇਖਿਆ, ਉਦੋਂ ਜਿਮੀਂਦਾਰ ਹਲ਼
ਪੰਜਾਲੀ ਅਤੇ ਬੈਲਾਂ ਦੀ ਜੋੜੀ ਬੇੜੀ ਰਾਹੀਂ ਹੀ ਪਾਰ ਲਿਜਾਂਦੇ ਸਨ। ਰਾਹੀ ਮੁਸਾਫ਼ਰ
ਵੀ ਬੇੜੀ ਰਾਹੀਂ ਕਾਲਣਾਂ ਪਾਰ ਕਰਦੇ ਸਨ।
ਇਹ ਮੁਢਲੇ ਸ਼ਬਦ ਹਨ ਉਸ ਸਵੈਜੀਵਨੀ ਦੇ, ਜਿਸ ਦਾ ਰਚੈਤਾ ਚੁਰਾਸੀ ਸਾਲ ਦੀ ਉਮਰ ਭੋਗ
ਅਤੇ ਗੁਰਬਾਣੀ ਸੰਗੀਤ ਦੀ ਦੁਨੀਆ ਵਿੱਚ ਆਪਣਾ ਨਾਂ ਅਮਰ ਕਰ ਕੇ ਪਿਛਲੇ ਹਫਤੇ ਤੁਰ
ਗਿਆ। ਭਾਈ ਅਵਤਾਰ ਸਿੰਘ ਗੁਰਬਾਣੀ ਦਾ ਕੀਰਤਨ ਕਰਨ ਵਾਲੀ ਆਪਣੇ ਪਰਿਵਾਰ ਦੀ ਗਿਆਰਵੀਂ
ਪੁਸ਼ਤ ਸਨ। ਬਾਰਵੀਂ ਪੁਸ਼ਤ ਭਾਈ ਕੁਲਤਾਰ ਸਿੰਘ ਦੇ ਰੂਪ ਵਿੱਚ ਵਿਰਸੇ ਵਿੱਚ ਛੱਡ ਗਏ
ਹਨ।
ਉਹ ਅਕਸਰ ਹੀ ਟੈਲੀਫੂਨ ਉੱਤੇ ਕਿਹਾ ਕਰਦੇ ਸਨ, ‘ਓ ਯਾਰਾ ਤੂੰ ਲਿਖਦਾ ਬਹੁਤ ਖੁੱਲ੍ਹ
ਕੇ ਹੈਂ। ਸਭ ਸੱਚ!’ ਉਂਜ ਤਾਂ ਹੱਲਾਸ਼ੇਰੀ ਦੇ ਸ਼ਬਦ ਬਹੁਤ ਸਾਰੇ ਪਾਠਕ ਅਤੇ ਵਡੇਰੀ
ਉਮਰ ਦੇ ਕਈ ਰਿਸ਼ਤੇਦਾਰ ਵੀ ਕਹਿੰਦੇ ਰਹਿੰਦੇ ਹਨ ਪਰ ਇਹ ਖਾਸ ਸ਼ਬਦ ਮੈਥੋਂ ਸਤਾਈ
ਸਾਲ ਵੱਡੇ ਅਤੇ ਮੇਰੇ ਵਡੇਰੇ ਭਾਈ ਅਵਤਾਰ ਸਿੰਘ ਜੀ ਦੇ ਹੁੰਦੇ ਸਨ ਅਤੇ ਇਹ ਸਦਾ ਹੀ
ਬਹੁਤ ਚੰਗੇ ਲਗਦੇ ਸਨ।
ਚੁਰਾਸੀ ਸਾਲ ਦੀ ਉਮਰ ਵਿੱਚ ਉਹ ਕੁਝ ਦਿਨ ਪਹਿਲਾਂ ਚਲਾਣਾ ਕਰ ਗਏ। ਉਨ੍ਹਾਂ ਨੂੰ ਕੁਝ
ਮਹੀਨਿਆਂ ਤੋਂ ਖੂਨ ਦੇ ਕੈਂਸਰ ਦੀ ਬਿਮਾਰੀ ਸੀ। ਤਿੰਨ ਚਾਰ ਮਹੀਨਿਆਂ ਤੋਂ ਹਫਤੇ
ਵਿੱਚ ਘੱਟੋ ਘੱਟ ਦੋ ਵਾਰੀ ਉਨ੍ਹਾਂ ਦਾ ਟੈਲੀਫੂਨ ਆਉਂਦਾ ਸੀ ਅਤੇ ਉਹ ਸਦਾ ਹੀ ਇਹ
ਕਹਿੰਦੇ ਸਨ, ‘ਯਾਰਾ ਵੈਸੇ ਤਾਂ ਮੈਂ ਚੜ੍ਹਦੀ ਕਲਾ ਵਿੱਚ ਆਂ ਪਰ ਹੁਣ ਥੱਕ ਜਾਂਦਾ
ਆਂ। ਪਰ ਗੁਰੂ ਭਲੀ ਕਰੂਗਾ।’ ਕਹਿੰਦੇ ਹਨ ਕਿ ਉਹ ਬਹੁਤ ਹੀ ਸ਼ਾਂਤੀ ਨਾਲ ਇਸ ਸੰਸਾਰ
ਤੋਂ ਵਿਦਾ ਹੋਏ।
ਰਿਸ਼ਤੇ ਵਿੱਚ ਉਹ ਮੇਰੇ ਮਾਸੜ ਸਨ ਪਰ ਮੈਨੂੰ ਲਗਦਾ ਹੈ ਕਿ ਸਾਡਾ ਰਿਸ਼ਤਾ ਇਸ ਤੋਂ
ਬਿਨਾਂ ਵੀ ਕੁਝ ਹੋਰ ਵੀ ਸੀ। ਗੁਰਬਾਣੀ ਦੇ ਕੀਰਤਨ ਵਿੱਚ ਉਹ ਸਿੱਖ ਜਗਤ ਦੇ ਬਹੁਤ ਹੀ
ਥੋੜ੍ਹੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਕੀਰਤਨੀਆਂ ਵਿੱਚੋਂ ਸਨ ਜਿਨ੍ਹਾਂ ਨੇ ਕੀਰਤਨ
ਦੀ ਗੁਰੂ ਪਰਣਾਲੀ ਨੂੰ ਨਾ ਸਿਰਫ ਸਾਂਭਿਆ ਹੀ, ਸਗੋਂ ਬਹੁਤ ਸਾਰੀਆਂ ਭੁੱਲੀਆਂ ਹੋਈਆਂ
ਰੀਤਾਂ ਨੂੰ ਮੁੜ ਸੁਰਜੀਤ ਵੀ ਕੀਤਾ। ਆਪਣੇ ਅੰਤਲੇ ਦਿਨਾਂ ਤੱਕ ਵੀ ਉਹ ਆਪਣੇ ਆਪ ਨੂੰ
ਗੁਰਮਤਿ ਸੰਗੀਤ ਦਾ ਵਿਦਿਆਰਥੀ ਹੀ ਦੱਸਦੇ ਸਨ। ਕਰੀਬ ਚਾਰ ਮਹੀਨੇ ਪਹਿਲਾਂ ਜਦੋਂ ਅਸੀਂ
ਉਨ੍ਹਾਂ ਕੋਲ ਬੈਠੇ ਵਿਚਾਰ ਸੁਣ ਰਹੇ ਸਾਂ ਤਾਂ ਉਹ ਇਹੀ ਦੱਸ ਰਹੇ ਸਨ ਕਿ ਕਿਵੇਂ ਉਹ
ਅਜੇ ਵੀ ਨਵੀਆਂ ਨਵੀਆਂ ਗੱਲਾਂ ਸਿੱਖਣ ਦੀ ਕੋਸਿ਼ਸ਼ ਵਿੱਚ ਰਹਿੰਦੇ ਹਨ।
ਘਰ ਦਾ ਜੋਗੀ ਜੋਗੜਾ ਅਤੇ ਬਾਹਰ ਦਾ ਜੋਗੀ ਸਿੱਧ ਦੀ ਕਹਾਵਤ ਵਾਂਗ ਕੀਰਤਨੀਏ ਪਰਿਵਾਰ
ਦੀ ਗਿਆਰਵੀਂ ਪੁਸ਼ਤ ਦੇ ਭਾਈ ਸਾਹਿਬ ਨੂੰ ਰਿਸ਼ਤੇਦਾਰੀਆਂ ਵਿੱਚ ਬਹੁਤ ਹੀ ਮਜ਼ਾਕਾਂ
ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਪਰ ਉਨ੍ਹਾਂ ਸਾਰੀਆਂ ਹਾਲਤਾਂ ਦਾ ਡਟ ਕੇ ਸਾਹਮਣਾ
ਕੀਤਾ। ਮੇਰੇ ਮਾਤਾ ਜੀ ਪੰਜ ਭੈਣਾਂ ਸਨ। ਸਭ ਤੋਂ ਛੋਟੀ ਮਾਸੀ ਭਾਈ ਅਵਤਾਰ ਸਿੰਘ ਜੀ
ਨੂੰ ਵਿਆਹੀ ਹੋਈ ਸੀ। ਮੈਨੂੰ ਚੇਤੇ ਹੈ ਕਿ ਜਦੋਂ ਵੀ ਕਿਸੇ ਵਿਆਹ ਸ਼ਾਦੀ ਉੱਤੇ ਇਕੱਠੇ
ਹੋਣਾ ਤਾਂ ਬਾਕੀ ਦੇ ਸਾਂਢੂਆਂ ਨੇ ਉਨ੍ਹਾਂ ਨੂੰ ਟਿੱਚਰਾਂ ਕਰੀ ਜਾਣੀਆਂ। ਸਾਰੇ ਹੀ
ਖਾਣ ਪੀਣ ਦੇ ਸ਼ੌਕੀਨ ਸਨ। ਸਿਰਫ ਇਹੀ ਸਨ ਜਿਹੜੇ ਸੋਫੀ ਸਨ। ਇਸ ਲਈ ਪੀਣ ਵਾਲਿਆਂ ਦਾ
ਜੁੱਟ ਬਣ ਜਾਂਦਾ ਸੀ।
ਇੱਕ ਵਾਰੀ ਦੀ ਗੱਲ ਉਨ੍ਹਾਂ ਸੁਣਾਈ। ਇੱਕ ਸ਼ਾਦੀ ਉੱਤੇ ਜਦੋਂ ਸਾਰੇ ਦਾਰੂ ਪੀ ਰਹੇ
ਸਨ ਤਾਂ ਸਾਡੇ ਵੱਡੇ ਮਾਸੜ ਜੀ ਸਰਦਾਰ ਆਤਮਾ ਸਿੰਘ ਨੇ ਜਿੱ਼ਦ ਫੜ ਲਈ ਕਿ ਰਾਗੀ ਨੂੰ
ਜ਼ਰੂਰ ਹੀ ਛਿੱਟ ਪਿਲਾਉਣੀ ਹੈ। ਗੱਲ ਇੱਥੋਂ ਤੱਕ ਅੱਪੜ ਗਈ ਕਿ ਚਲੋ ਦੋ ਜਣੇ ਇਸ ਨੂੰ
ਫੜੋ ਅਤੇ ਇੱਕ ਜਣਾ ਇਸਦੇ ਮੂੰਹ ਵਿੱਚ ਸ਼ਰਾਬ ਪਾਵੇ। ਉਨ੍ਹਾਂ ਦੱਸਿਆ ਕਿ ਇਸ ਉੱਤੇ
ਉਨ੍ਹਾਂ ਆਪਣੀ ਕਿਰਪਾਨ ਕੱਢ ਲਈ ਅਤੇ ਲਲਕਾਰਾ ਮਾਰ ਕੇ ਸਾਂਢੂਆਂ ਨੂੰ ਚੈਲਿੰਜ ਕੀਤਾ।
ਤਾਂ ਜਾ ਕੇ ਸ਼ਰਾਬੀ ਸਾਂਢੂਆਂ ਨੇ ਉਨ੍ਹਾਂ ਦਾ ਖਹਿੜਾ ਛੱਡਿਆ।
ਮੇਰੇ ਨਾਲ ਉਨ੍ਹਾਂ ਦਾ ਸਬੰਧ ਬਹੁਤ ਹੀ ਦਿਲਚਸਪ ਸੀ। ਉਹ ਪੱਕੇ ਗੁਰਸਿੱਖ ਅਤੇ ਮੈਂ
ਪੱਕਾ ਨਾਸਤਿਕ। ਕਾਮਰੇਡ ਬਣਨ ਤੋਂ ਬਾਅਦ ਸੰਨ ਇਕ੍ਹੱਤਰ ਵਿੱਚ ਜਦੋਂ ਮੈਂ ਆਪਣੇ ਵਾਲ
ਕਟਵਾ ਲਏ ਤਾਂ ਸਾਰੇ ਪਰਿਵਾਰ ਵਿੱਚ ਬਹੁਤ ਹੀ ਰੌਲਾ ਪੈ ਗਿਆ। ਉਨ੍ਹੀਂ ਦਿਨੀਂ ਵਾਲ
ਕਟਵਾਉਣੇ ਵੀ ਸਮਾਜ ਤੋਂ ਕਾਮਰੇਡੀ ਬਗਾਵਤ ਹੀ ਸਮਝੀ ਜਾਂਦੀ ਸੀ। ਮੇਰੇ ਪਿਤਾ ਜੀ ਭਾਵੇਂ
ਕੱਟੜ ਸਿੱਖ ਨਹੀਂ ਸਨ ਫਿਰ ਵੀ ਉਨ੍ਹਾਂ ਨੂੰ ਇਹ ਗੱਲ ਬਹੁਤ ਹੀ ਨਾਗਵਾਰ ਗੁਜ਼ਰੀ।
ਉਨ੍ਹਾਂ ਉਸੇ ਰਾਤ ਹੀ ਅੰਗਰੇਜ਼ੀ ਵਿੱਚ ਇੱਕ ਚਿੱਠੀ ਲਿਖ ਕੇ ਮੈਨੂੰ ਘਰੋਂ ਨਿਕਲ ਜਾਣ
ਦਾ ਹੁਕਮ ਦੇ ਦਿੱਤਾ। ਇੱਕ ਤਰ੍ਹਾਂ ਨਾਲ ਬੇਦਖਲ ਹੀ ਕਰ ਦਿੱਤਾ। ਖਬਰੇ ਉਹ ਚਿੱਠੀ
ਹੁਣ ਤੱਕ ਵੀ ਕਿਤੇ ਸਾਂਭੀ ਪਈ ਹੋਵੇ। ਮੇਰਾ ਹਾਲ ਗਲ ਪਾ ਬਗਲੀ ਰਾਂਝੇ ਦੇ ਵਾਰਸ
ਸ਼ਾਹ ਵਾਂਗ ਤੁਰਨ ਵਾਲਾ ਸੀ।
ਕੁਝ ਸਾਲ ਬਾਅਦ ਹੀ ਦਿੱਲੀ ਦੇ ਇੱਕ ਸਿੱਖ ਕਾਲਜ ਵਿੱਚ ਪੰਜਾਬੀ ਦੇ ਲੈਕਚਰਾਰ ਦੀ
ਨੌਕਰੀ ਲਈ ਅਰਜ਼ੀ ਦਿੱਤੀ ਤਾਂ ਰਾਤ ਮਾਤਾ ਸੁੰਦਰੀ ਗੁਰਦੁਆਰੇ ਦੇ ਕੁਆਰਟਰਾਂ ਵਿੱਚ
ਮਾਸੀ ਕੋਲ ਕੱਟੀ। ਨਹੁੰ ਨਹੁੰ ਦਾੜ੍ਹੀ ਵਾਲੇ ਨੂੰ ਸਿੱਖ ਕਾਲਜ ਵਿੱਚ ਨੌਕਰੀ ਤਾਂ
ਮਿਲਣੀ ਹੀ ਨਹੀਂ ਸੀ। ਪਰ ਮਾਸੜ ਜੀ ਨੂੰ ਮਿਲਣ ਤੋਂ ਡਰ ਲਗਦਾ ਸੀ। ਡਰ ਇਹ ਸੀ ਕਿ ਜੇ
ਕਰੀਬ ਕਰੀਬ ਸਾਧਾਰਨ ਸਿੱਖੀ ਵਾਲੇ ਪਿਤਾ ਜੀ ਦਾ ਰਉਂ ਏਨਾ ਸਖਤ ਸੀ ਤਾਂ ਗੁਰਸਿੱਖ
ਮਾਸੜ ਜੀ ਦਾ ਕੀ ਹੋਵੇਗਾ? ਸ਼ਾਮ ਨੂੰ ਮਕਾਨ ਦੇ ਛੋਟੇ ਜਿਹੇ ਵਿਹੜੇ ਵਿੱਚ ਸੈਰ ਕਰਦੇ
ਹੋਏ ਉਨ੍ਹਾਂ ਮੇਰੇ ਮੋਢੇ ਉੱਤੇ ਹੱਥ ਰੱਖਿਆ ਅਤੇ ਕਹਿਣ ਲੱਗੇ, ‘ਯਾਰਾ, ਮੇਰੀ ਇੱਕ
ਗੱਲ ਸੁਣ। ਸਿੱਖੀ ਅਸਾਂ ਬਹੁਤ ਮਹਿੰਗੇ ਮੁੱਲ ਲਈ ਹੈ। ਇਹਨੂੰ ਤਿਆਗ ਨਾ।’ ਮੈਂ ਨਾਲ
ਨਾਲ ਤੁਰਦੇ ਹੋਏ ਸਿੱਖੀ ਅਤੇ ਕਮਿਊਨਿਜ਼ਮ ਦੀ ਸਾਂਝ ਦੀ ਗੱਲ ਦੱਸੀ। ਉਨ੍ਹਾਂ ਸਿੱਖੀ
ਦੇ ਕਮਿਊਨਿਜ਼ਮ ਤੋਂ ਪਹਿਲਾਂ ਜਨਮੀ ਹੋਣ ਦੀ ਦਲੀਲ ਦਿੱਤੀ। ਮੈਂ ਕਮਿਊਨਿਜ਼ਮ ਦੇ
ਵਿਗਿਆਨ ਹੋਣ ਦੀ ਗੱਲ ਕਹੀ। ਇਸ ਤਰ੍ਹਾਂ ਅਸੀਂ ਕਰੀਬ ਇੱਕ ਘੰਟਾ ਵਿਹੜੇ ਵਿੱਚ ਤੁਰਦੇ
ਰਹੇ ਅਤੇ ਗੱਲਾਂ ਕਰਦੇ ਰਹੇ। ਅਖੀਰ ਉਨ੍ਹਾਂ ਕਿਹਾ, ‘ਯਾਰਾ ਮੈਂ ਤਾਂ ਸਮਝਿਆ ਸਾਂ ਕਿ
ਤੂੰ ਐਵੇਂ ਹੀ ਭਾਵੁਕ ਹੋ ਕੇ ਫਸ ਗਿਆ ਹੈਂ। ਪਰ ਤੂੰ ਤਾਂ ਪੱਕਾ ਹੋ ਕੇ ਨਿੱਤਰਿਆ
ਹੈਂ। ਚੰਗਾ, ਗੁਰੂ ਭਲਾ ਕਰੂ!’ ਉਹ ਦਿਨ ਗਿਆ ਅਤੇ ਅੱਜ ਆਇਆ, ਉਨ੍ਹਾਂ ਫੇਰ ਕਦੀ ਵੀ
ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਉਂਜ ਮੈਨੂੰ ਹੁਣ ਇਸ ਗੱਲ ਲਈ ਜ਼ਰੂਰ ਪਰੇਰਦੇ ਸਨ
ਕਿ ਮੈਂ ਗੁਰੂ ਗਰੰਥ ਸਾਹਿਬ ਨੂੰ ਅਰਥਾਂ ਸਮੇਤ ਮੁੜ ਤੋਂ ਜ਼ਰੂਰ ਪੜ੍ਹਾਂ। ਉਹ ਕਹਿੰਦੇ
ਸਨ ਕਿ ਹੁਣ ਪੜ੍ਹਿਆਂ ਇਸਦੇ ਹੋਰ ਹੀ ਡੂੰਘੇ ਅਰਥ ਸਮਝ ਆਉਣਗੇ।
ਉਹ ਆਪਣੇ ਧਰਮ ਉੱਤੇ ਪੱਕੇ ਰਹੇ ਅਤੇ ਮੈਂ ਆਪਣੇ ਕਰਮ ਕਰਦਾ ਰਿਹਾ। ਸਾਡੇ ਰਾਹ ਅਲੱਗ
ਅਲੱਗ ਸਨ ਪਰ ਉਹ ਸਦਾ ਹੀ ਮੈਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਸਨ। ਉਦੋਂ ਵੀ ਜਦੋਂ
ਕਦੀ ਮੈਂ ਸਿੱਖ ਧਰਮ ਵਿੱਚ ਆਈਆਂ ਕੁਰੀਤੀਆਂ ਬਾਰੇ ਲਿਖਦਾ ਸਾਂ। ਕਦੀ ਕਦੀ ਇਹ
ਚਿਤਾਵਨੀ ਵੀ ਦਿੰਦੇ ਸਨ, ‘ਯਾਰਾ ਰਤਾ ਕੁ ਸੰਭਲ ਕੇ ਲਿਖਿਆ ਕਰ।’ ਇਸ ਤਰ੍ਹਾਂ ਦੀ
ਚਿਤਾਵਨੀ ਹੋਰ ਵੀ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਸਮੇਂ ਸਮੇਂ ਸਿਰ ਦਿੱਤੀ ਹੈ।
ਪਰ ਉਨ੍ਹਾਂ ਦੀ ਚਿਤਾਵਨੀ ਦੀ ਸਰਲਤਾ ਵੱਖਰੀ ਹੀ ਕਿਸਮ ਦੀ ਹੁੰਦੀ ਸੀ।
ਇਹ ਉਨ੍ਹਾਂ ਦਾ ਮੇਰੇ ਉੱਤੇ ਵਿਸ਼ਵਾਸ ਹੀ ਸੀ ਕਿ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ
ਨੇ ਉਨ੍ਹਾਂ ਨੂੰ ਸਵੈ ਜੀਵਨੀ ਲਿਖਣ ਲਈ ਪਰੇਰਿਆ ਤਾਂ ਉਨ੍ਹਾਂ ਖੁਦ ਮੇਰਾ ਨਾਂ ਇਸਦੇ
ਸੰਪਾਦਕ ਵਜੋਂ ਪੇਸ਼ ਕੀਤਾ। ਅਸਾਂ ਬੈਠ ਕੇ ਇਸ ਦੀ ਰੂਪ ਰੇਖਾ ਉਲੀਕ ਲਈ ਸੀ ਅਤੇ
ਉਨ੍ਹਾਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਹੱਥ ਨਾਲ ਲਿਖੇ ਇੱਕ ਸੌ ਦੋ ਪੰਨੇ ਟਾਈਪ ਵੀ
ਹੋ ਗਏ ਸਨ ਅਤੇ ਉਨਾਂ ਦੀ ਸੁਧਾਈ ਵੀ ਹੋ ਗਈ ਸੀ। ਇਨ੍ਹਾਂ ਦਿਨਾਂ ਦੌਰਾਨ ਹੀ ਅਮਰੀਕਾ
ਦੇ ਦੌਰੇ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਬਲੱਡ ਕੈਂਸਰ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਵੈ ਜੀਵਨੀ ਦਾ ਬਾਕੀ ਹਿੱਸਾ ਬੋਲ ਕੇ ਰਿਕਾਰਡ ਕਰਵਾ
ਦਿੱਤਾ। ਜਿਹੜਾ ਕੰਮ ਉਨ੍ਹਾਂ ਆਪਣੇ ਜਿ਼ੰਮੇ ਲਿਆ ਸੀ ਉਸ ਨੂੰ ਪੂਰਾ ਕਰ ਕੇ ਹੀ ਸਵਾਸ
ਤਿਆਗੇ। ਪਰ ਮੇਰੇ ਉੱਤੇ ਇੱਕ ਵੱਡਾ ਭਾਰ ਪਾ ਗਏ ਹਨ। ਮੈਂ ਭਾਵੇਂ ਗੁਰਬਾਣੀ ਕੀਰਤਨ
ਦਾ ਆਨੰਦ ਮਾਣ ਸਕਦਾ ਹਾਂ ਪਰ ਮੈਨੂੰ ਸੰਗੀਤ ਬਾਰੇ ਤਾਂ ਕੁਝ ਵੀ ਨਹੀਂ ਪਤਾ। ਕਿੱਥੇ
ਤਾਂ ਸ਼ਾਸਤਰੀ ਅਤੇ ਗੁਰਮਤਿ ਸੰਗੀਤ ਦਾ ਬਾਦਸ਼ਾਹ ਅਤੇ ਕਿੱਥੇ ਸਾਧਾਰਨ ਸਰੋਤਾ!
ਇਸ ਮੁਸ਼ਕਲ ਦਾ ਨਮੂਨਾ ਉਨ੍ਹਾਂ ਦੀ ਜੀਵਨੀ ਦੇ ਹੀ ਇਸ ਹਿੱਸੇ ਤੋਂ ਮਿਲ ਜਾਂਦਾ ਹੈ।
ਉਹ ਲਿਖਦੇ ਹਨ, ‘ਕਾਫ਼ੀ ਠਾਠ ਵਿੱਚ ਰਾਗ ਜਦੋਂ ਅਸੀਂ ਗਾਇਆ, ਫੇਰ ਪੂਰਬੀ ਠਾਠ ਵਿੱਚ
ਗਾਇਆ। ਉਸ ਤੋਂ ਬਾਅਦ ਅਸੀਂ ਤੁਖਾਰੀ ਗਾਇਆ। ਮਧੂਮਤੀ ਵਿੱਚ ਦੋਵੇਂ ਨੋਖਧਾਂ ਲਾ ਕੇ
ਅਸੀਂ ਇਸ ਨੂੰ ਤੁਖਾਰੀ ਨਹੀਂ ਮੰਨਦੇ। ਆਹ ਤੁਖਾਰੀ ਹੈ। ਜਿਉਂ ਭੋਗ ਪਾਇਆ, ਏਨਾ
ਪ੍ਰਭਾਵ ਪਿਆ, ਏਨਾ ਰਸ, ਏਨਾ ਪਿਆਰ ਬਈ ਸਾਰੇ ਹੀ ਅਨੰਦ ’ਚ, ਸਾਰੇ ਹੀ ਖੁਸ਼। ਉਹ ਜੋ
ਚੜ੍ਹਦੀ ਕਲਾ ਹੋਈ, ਸਾਰੇ ਹੀ ਸਿੰਘ ਐਂ ਹਨ। ਇੱਕ ਗੱਲ ਹੋਰ ਵੀ ਹੈ ਕਿ ਜਦੋਂ ਅਸੀਂ
ਕੀਰਤਨ ਕਰਨ ਲੱਗਦੇ ਸੀ ਤਾਂ ਲੋਕ ਸਾਹਮਣੇ ਬੈਠੇ ਮਾਤਰਾ ਕਰਨ ਲੱਗ ਜਾਂਦੇ ਸੀ। ਜਿੰਨੀ
ਪੁਰਾਣੀ ਰੀਤ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਇੰਡੀਆ ਵਿਚ ਨਹੀਂ ਸੀ ਗਾਈ, ਉੱਥੇ ਅਸੀਂ
ਸਾਰੀਆਂ ਹੀ ਰੀਤਾਂ ਗਾਈਆਂ ਤੇ ਉੱਥੇ ਇਨ੍ਹਾਂ ਸਾਰੀਆਂ ਰੀਤਾਂ ਦੇ ਹੀ ਸਰੋਤੇ ਸਨ। ਔਖੀ
ਤੋਂ ਔਖੀ ਰੀਤ ਦੇ ਸਰੋਤੇ ਸਨ।
ਗੁਰਬਾਣੀ ਕੀਰਤਨੀਆਂ ਦੀ ਇਸ ਗਿਆਰਵੀਂ ਪੁਸ਼ਤ ਦੇ ਅੰਤ ਉੱਤੇ ਮੇਰਾ ਨਿਜੀ ਘਾਟਾ ਵੀ
ਹੈ ਕਿ ਮੈਨੂੰ ਹੁਣ ਪਰਿਵਾਰ ਦਾ ਕੋਈ ਵੀ ਵਡੇਰਾ ਇਹ ਕਹਿਣ ਵਾਲਾ ਨਹੀਂ ਰਿਹਾ, ‘ਯਾਰਾ
ਸਦਾ ਸੱਚ ਉੱਤੇ ਪਹਿਰਾ ਦਿੰਦਾ ਰਹੀਂ।’
******
#412, ਸੈਕਟਰ 30 ਏ, ਚੰਡੀਗੜ੍ਹ।
E-Mail:
dalbirsingh50@yahoo.com
(6
ਨਵੰਬਰ 2006)