|
|
ਜਗਤ
ਤਮਾਸ਼ਾ: – ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ- |
|
ਇੱਕ ਸੱਚੀ ਘਟਨਾ ਨਾਲ ਗੱਲ ਸ਼ੁਰੂ ਕਰਾਂ। ਕੁਝ ਦਿਨ ਹੋਏ, ਸ਼ਹਿਰ ਦੀ ਇੱਕ ਉੱਚੀ ਨੀਵੀਂ ਸੜਕ ਉੱਤੇ ਤੁਰ ਰਿਹਾ ਸਾਂ ਕਿ ਪਿੱਛੋਂ ਕਿਸੇ ਗੱਡੀ ਵਾਲੇ ਨੇ ਜ਼ੋਰ ਨਾਲ ਹਾਰਨ ਮਾਰਿਆ। ਹਾਰਨ ਏਨਾ ਨੇੜੇ ਸੀ ਕਿ ਮੈਂ ਡਰ ਗਿਆ ਅਤੇ ਛਾਲ ਮਾਰ ਕੇ ਸੜਕ ਕਿਨਾਰੇ ਦੀ ਬੰਨ੍ਹੀ ਉੱਤੇ ਚੜ੍ਹ ਗਿਆ। ਸੋਚਿਆ ਕਿ ਇਸ ਤੋਂ ਪਹਿਲਾਂ ਕਿ ਗੱਡੀ ਮੇਰੇ ਉੱਤੇ ਆ ਚੜ੍ਹੇ ਮੈਂ ਉਸਦੀ ਮਾਰ ਤੋਂ ਹੀ ਦੂਰ ਹੋ ਜਾਵਾਂ। ਪਰ ਬੰਨੀ ਜਾਂ ਪੈਦਲ ਪੱਥ ਮੇਰੇ ਲਈ ਇੱਕ ਹੋਰ ਖਤਰਾ ਲਈ ਬੈਠਾ ਸੀ। ਇਸ ਦੀ ਹਾਲਤ ਸੜਕ ਤੋਂ ਵੀ ਮਾੜੀ ਸੀ ਅਤੇ ਇਸਦੇ ਟੋਏ ਵਿੱਚ ਅੜ ਕੇ ਮੈਂ ਤਿਲ੍ਹਕ ਕੇ ਡਿਗ ਪਿਆ। ਗੋਡੇ ਛਿੱਲੇ ਗਏ।
ਇਸ ਤੋਂ ਪਹਿਲਾਂ ਕਿ ਡਿਗਣ ਦੀ ਗੱਲ ਅੱਗੇ ਤੋਰਾਂ, ਇਸ ਤੋਂ ਅਗਲੀ ਇੱਕ ਹੋਰ ਗੱਲ ਚੇਤੇ ਆ ਗਈ। ਘਰ ਪਹੁੰਚਿਆ ਹੀ ਸਾਂ ਕਿ ਅੱਧੇ ਘੰਟੇ ਮਗਰੋਂ ਹੀ ਪਰਦੇਸਾਂ ਵਿੱਚ ਰਹਿੰਦੇ ਮੇਰੇ ਬੇਟੇ ਦਾ ਟੈਲੀਫੂਨ ਆ ਗਿਆ। ਕਹਿੰਦਾ ਕਿ ਸੁਣਿਆ ਤੁਸੀਂ ਸੜਕ ਉੱਤੇ ਡਿਗ ਪਏ ਸੀ। ਹੁਣ ਕੀ ਹਾਲ ਹੈ? ਮੈਂ ਹੈਰਾਨ ਸਾਂ ਕਿ ਅੱਜ ਦੀ ਤਰੀਕ ਵਿੱਚ ਸੜਕ ਉੱਤੇ ਡਿਗਣਾ ਵੀ ਇੰਨੀ ਵੱਡੀ ਖਬਰ ਬਣ ਸਕਦੀ ਹੈ ਕਿ ਮਿੰਟਾਂ ਵਿੱਚ ਹੀ ਪਰਦੇਸਾਂ ਤੱਕ ਪਹੁੰਚ ਜਾਂਦੀ ਹੈ। ਅਸਲ ਵਿੱਚ ਘਰ ਪਹੁੰਚਿਆ ਸਾਂ ਤਾਂ ਕਿਸੇ ਰਿਸ਼ਤੇਦਾਰ ਨਾਲ ਟੈਲੀਫੂਨ ਉੱਤੇ ਮੇਰੀ ਪਤਨੀ ਗੱਲ ਕਰ ਰਹੀ ਸੀ। ਗੱਲਾਂ ਗੱਲਾਂ ਵਿੱਚ ਸ਼ਾਇਦ ਉਸ ਨੇ ਦੱਸ ਦਿੱਤਾ ਹੋਵੇਗਾ ਕਿ ਮੈਂ ਸੱਟਾਂ ਲੁਆ ਆਇਆ ਹਾਂ। ਅੱਗੋਂ ਉਸ ਰਿਸ਼ਤੇਦਾਰ ਨੇ ਮੇਰੇ ਬੇਟੇ ਨੂੰ ਖਬਰ ਕਰ ਦਿੱਤੀ। ਇਸ ਤਰ੍ਹਾਂ ਅੱਧੇ ਘੰਟੇ ਵਿੱਚ ਹੀ ਇਹ ਖਬਰ ਸੱਤ ਸਮੁੰਦਰ ਪਾਰ ਕਰਕੇ ਮੁੜ ਮੇਰੇ ਕੋਲ ਆ ਗਈ ਕਿ ਮੈਂ ਸੜਕ ਕਿਨਾਰੇ ਡਿਗ ਪਿਆ ਸਾਂ ਅਤੇ ਮੇਰੇ ਗੋਡੇ ਛਿੱਲੇ ਗਏ ਸਨ। ਕਿੰਨੇ ਅਜੀਬ ਸਮੇਂ ਆ ਗਏ ਹਨ ਕਿ ਬੰਦਾ ਚੈਨ ਨਾਲ ਗੋਡੇ ਵੀ ਨਹੀਂ ਛਿਲਵਾ ਸਕਦਾ।
ਮੈਨੂੰ ਉਹ ਦਿਨ ਚੇਤੇ ਆ ਗਏ ਜਦੋਂ ਬੁੜ੍ਹਾ ਮਰਨ ਦੀ ਖਬਰ ਵੀ ਵਿਦੇਸਾਂ ਵਿੱਚ ਮਹੀਨਾ ਮਹੀਨਾ ਮਗਰੋਂ ਪਹੁੰਚਦੀ ਹੁੰਦੀ ਸੀ ਅਤੇ ਪਰਦੇਸਾਂ ਵਿੱਚ ਗਿਆ ਬੰਦਾ ਦੁੱਖ ਨੂੰ ਉਦੋਂ ਮਹਿਸੂਸ ਕਰਦਾ ਸੀ ਜਦੋਂ ਤੱਕ ਬਾਪੂ ਹੁਰੀਂ ਹਰਦੁਆਰ ਤੱਕ ਦੀ ਸੈਰ ਵੀ ਕਰ ਚੁੱਕੇ ਹੁੰਦੇ ਸਨ।
ਮੈਨੂੰ ਉਹ ਦਿਨ ਵੀ ਯਾਦ ਆਏ ਜਦੋਂ ਵਿਦੇਸ਼ਾਂ ਨੂੰ ਟੈਲੀਫੂਨ ਕਰਨ ਲਈ ਕਈ ਕਈ ਘੰਟੇ ਟੈਲੀਫੂਨ ਐਕਸਚੇਂਜ ਵਿੱਚ ਖੜ੍ਹੇ ਰਹਿਣਾ ਪੈਂਦਾ ਸੀ ਅਤੇ ਸ਼ਾਮ ਨੂੰ ਇਹ ਕਹਿ ਦਿੱਤਾ ਜਾਂਦਾ ਸੀ ਕਿ ਅੱਜ ਕਾਲ ਨਹੀਂ ਮਿਲਣੀ, ਹੁਣ ਕੱਲ੍ਹ ਨੂੰ ਮੁੜ ਕੋਸ਼ਿਸ਼ ਕਰਾਂਗੇ। ਸਮੇਂ ਬਦਲ ਗਏ ਹਨ।
ਸਮੇਂ ਸੰਚਾਰ ਦੇ ਸਬੰਧ ਵਿੱਚ ਤਾਂ ਬਦਲ ਗਏ ਹਨ ਪਰ ਭਾਰਤ ਦੀ ਜ਼ਿੰਦਗੀ ਦੇ ਕੁਝ ਪਹਿਲੂਆਂ ਦੇ ਮਾਮਲੇ ਵਿੱਚ ਨਹੀਂ ਬਦਲੇ। ਡਿਗੇ ਹੋਏ ਬੰਦੇ ਨੂੰ ਚੁੱਕਣ ਦਾ ਮਾਮਲਾ ਵੀ ਇਨ੍ਹਾਂ ਵਿੱਚ ਹੀ ਆਉਂਦਾ ਹੈ। ਜਿਸ ਥਾਂ ਮੈਂ ਡਿਗਾ, ਉਸ ਥਾਂ ਅਜਿਹਾ ਹਰ ਰੋਜ਼ ਹੀ ਹੁੰਦਾ ਹੋਣਾ ਹੈ ਕਿਉਂਕਿ ਕਿਸੇ ਵੀ ਰਾਹਗੀਰ ਜਾਂ ਸੜਕ ਕਿਨਾਰੇ ਖੜ੍ਹੇ ਰੇੜ੍ਹੀ ਵਾਲੇ ਨੇ ਉੱਲਰ ਕੇ ਮੈਨੂੰ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਵੇਂ ਬਹੁਤੀ ਸੱਟ ਨਹੀਂ ਸੀ ਲੱਗੀ ਫਿਰ ਵੀ ਇੰਜ ਲੱਗਾ ਜਿਵੇਂ ਕੁਝ ਸਕਿੰਟਾਂ ਲਈ ਨੀਮ ਬੇਹੋਸ਼ੀ ਵਾਲੀ ਹਾਲਤ ਹੋ ਗਈ ਹੋਵੇ। ਇਨ੍ਹਾਂ ਸਕਿੰਟਾਂ ਦੌਰਾਨ ਹੀ ਕਈ ਜੋੜੀ ਲੱਤਾਂ ਸੜਕ ਉੱਤੇ ਤੁਰਦੀਆਂ ਅਤੇ ਆਪਣੇ ਕੋਲੋਂ ਲੰਘਦੀਆਂ ਮੈਂ ਦੇਖੀਆਂ। ਦੁਨੀਆ ਨੂੰ ਇਸ ਕੋਣ ਤੋਂ ਦੇਖ ਕੇ ਲੱਗਾ ਕਿ ਜਿਵੇਂ ਲੱਤਾਂ ਦਾ ਇੱਕ ਨਿਰੰਤਰ ਕਾਫਲਾ ਚੱਲ ਰਿਹਾ ਹੋਵੇ।
ਉਂਜ ਇਹ ਬੇਤੁਕੀ ਗੱਲ ਹੈ ਕਿ ਲੱਤਾਂ ਤੁਰਦੀਆਂ ਦੇਖਕੇ ਹੈਰਾਨੀ ਹੋਈ। ਪਰ ਸੱਚਾਈ ਤਾਂ ਇਹੀ ਹੈ ਕਿ ਜਦੋਂ ਵੀ ਬੰਦਾ ਤੁਰਦਾ ਹੈ ਤਾਂ ਉਸ ਦੀਆਂ ਲੱਤਾਂ ਹੀ ਤੁਰ ਰਹੀਆਂ ਹੁੰਦੀਆਂ ਹਨ। ਫਿਰ ਵੀ ਅਸੀਂ ਇਹੀ ਕਹਿੰਦੇ ਹਾਂ ਕਿ ਬੰਦਾ ਤੁਰਦਾ ਹੈ। ਖੈਰ ਲੱਤਾਂ ਤੋਂ ਬਿਨਾਂ ਬੰਦਾ ਨਹੀਂ ਅਤੇ ਬੰਦੇ ਤੋਂ ਬਿਨਾਂ ਲੱਤਾਂ ਨਹੀਂ। ਜੇ ਬੰਦਾ ਹੀ ਨਹੀਂ ਤਾਂ ਲੱਤਾਂ ਨੇ ਤੁਰ ਕੇ ਕੀ ਕਰਨਾ ਹੈ ਅਤੇ ਕਿੱਥੇ ਜਾਣਾ ਹੈ? ਅਤੇ ਜੇ ਲੱਤਾਂ ਹੀ ਨਹੀਂ ਤਾਂ ਬੰਦੇ ਦੇ ਤੁਰਨ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਜੇ ਲੱਤਾਂ ਨਾ ਹੁੰਦੀਆਂ ਤਾਂ ਬੰਦੇ ਨੇ ਤੁਰਨ ਦੀ ਥਾਂ ਘਿਸੜਣਾ ਹੀ ਸੀ। ਫੇਰ ਇਸ ਦੀ ਸ਼ਕਲ ਸੱਪ ਜਾਂ ਇਸੇ ਦੀ ਨਸਲ ਦੇ ਕਿਸੇ ਹੋਰ ਜਾਨਵਰ ਵਰਗੀ ਹੋਣ ਸੀ।
ਵੈਸੇ ਕਈ ਬੰਦੇ ਲੱਤਾਂ ਨਾਲ ਵੀ ਸੱਪ ਵਰਗੇ ਹੀ ਹੁੰਦੇ ਹਨ ਅਤੇ ਉਨ੍ਹਾਂ ਦਾ ਜ਼ਹਿਰ ਵੀ ਬਹੁਤ ਤਿੱਖਾ ਹੁੰਦਾ ਹੈ। ਸੱਪ ਦਾ ਡੰਗਿਆ ਤਾਂ ਖਬਰੇ ਪਾਣੀ ਮੰਗ ਲਵੇ ਪਰ ਇਸ ਤਰ੍ਹਾਂ ਦੇ ਸੱਪ-ਬੰਦੇ ਦਾ ਡੰਗਿਆ ਨਹੀਂ ਮੰਗ ਸਕਦਾ। ਪਰ ਜੇ ਇਸ ਮਸਲੇ ਉੱਤੇ ਹੀ ਗੱਲ ਸ਼ੁਰੂ ਹੋ ਗਈ ਤਾਂ ਪਾਣੀ ਵਿੱਚ ਮਧਾਣੀ ਪੈ ਜਾਣੀ ਹੈ। ਇਸ ਲਈ ਇਨ੍ਹਾਂ ਬਾਰੇ ਫੇਰ ਕਿਸੇ ਦਿਨ ਚਰਚਾ ਕਰਾਂਗੇ।
ਇਹ ਨਹੀਂ ਸਮਝ ਲੈਣਾ ਕਿ ਮੈਂ ਡਿਗ ਪਿਆ ਸਾਂ ਤਾਂ ਡਿਗਿਆ ਹੀ ਰਿਹਾ। ਜਦੋਂ ਹੋਸ਼ ਟਿਕਾਣੇ ਆਈ ਤਾਂ ਮੈਨੂੰ ਕੁਝ ਲੋਕ ਆਲੇ ਦੁਆਲੇ ਖੜ੍ਹੇ ਹੋਏ ਵੀ ਦਿਖਾਈ ਦਿੱਤੇ। ਕੁਝ ਗੱਲਾਂ ਦੀ ਆਵਾਜ਼ ਵੀ ਆਈ। ਤਸੱਲੀ ਹੋ ਗਈ ਕਿ ਜਿਉਂਦਿਆ ਵਿੱਚ ਹੀ ਹਾਂ। ਪਰ ਨਾਲ ਹੀ ਭਾਜੀ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਟੋਆ’ ਵੀ ਚੇਤੇ ਆਇਆ ਜਿਸ ਵਿੱਚ ਟੋਏ ਵਿੱਚ ਡਿਗੇ ਹੋਏ ਬੰਦੇ ਨੂੰ ਵੇਖ ਕੇ ਲੋਕ ਗੱਲਾਂ ਤਾਂ ਕਰੀ ਜਾਂਦੇ ਹਨ ਪਰ ਉਸ ਨੂੰ ਬਾਹਰ ਕੱਢਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕਰਦਾ।
‘ਦਾਸਤਾਨੇ ਨਸਰੂਦੀਨ’ ਨਾਂ ਦੇ ਇੱਕ ਰੂਸੀ ਨਾਵਲ ਵਿੱਚ ਜਦੋਂ ਸੂਦਖੋਰ ਜਾਫਰ ਪਾਣੀ ਵਿੱਚ ਡੁੱਬ ਰਿਹਾ ਹੁੰਦਾ ਹੈ ਤਾਂ ਲੋਕ ਉਸ ਵੱਲ ਹੱਥ ਵਧਾ ਕੇ ਕਹਿੰਦੇ ਹਨ ਕਿ ਹਜ਼ੂਰ ਸਾਨੂੰ ਆਪਣਾ ‘ਹੱਥ ਦਿਉ’। ਪਰ ਉਹ ਨਹੀਂ ਸੁਣਦਾ। ਇਸ ਉੱਤੇ ਸ਼ਹਿਰ ਵਿੱਚ ਨਵਾਂ ਨਵਾਂ ਆਇਆ ਮੁੱਲਾਂ ਉਨ੍ਹਾਂ ਨੂੰ ਕਹਿੰਦਾ ਹੈ ਕਿ ਇਹ ਕੋਈ ਅਮੀਰ ਬੰਦਾ ਲਗਦਾ ਹੈ ਅਤੇ ਇਸ ਨੂੰ ਬਾਹਰ ਕੱਢਣ ਲਈ ‘ਹਜ਼ੂਰ ਹੱਥ ਲਵੋ’ ਕਹਿਣਾ ਚਾਹੀਦਾ ਹੈ। ਅਮੀਰ ਲੋਕ ਦੇਣਾ ਨਹੀਂ ਸਿਰਫ ਲੈਣਾ ਹੀ ਜਾਣਦੇ ਹਨ। ਮੈਂ ਸੋਚ ਰਿਹਾ ਸਾਂ ਕਿ ਮੇਰੇ ਵੱਲ ਕੋਈ ਹੱਥ ਵਧੇ ਤਾਂ ਸਹੀ, ਮੈਂ ਉਸ ਨੂੰ ਤੁਰਤ ਫੜ ਲਵਾਂਗਾ। ਫਿਰ ਹਿੱਲਜੁਲ ਵੇਖ ਕੇ ਇੱਕ ਹੱਥ ਮੇਰੇ ਵੱਲ ਅਹੁਲਿਆ ਅਤੇ ਉਸ ਨੇ ਜ਼ਮੀਨ ਤੋਂ ਉਠਾ ਕੇ ਮੈਨੂੰ ਦਰਖਤ ਨਾਲ ਢੋਅ ਲੁਆ ਕੇ ਖੜ੍ਹਾ ਦਿੱਤਾ।
ਸਾਡੇ ਦੇਸ਼ ਵਿੱਚ ਡਿਗੇ ਹੋਏ ਬੰਦੇ ਨੂੰ ਓਨੀ ਦੇਰ ਤੱਕ ਕੋਈ ਨਹੀਂ ਉਠਾਉਂਦਾ ਜਦੋਂ ਤੱਕ ਲੋਕਾਂ ਨੂੰ ਇਸ ਗੱਲ ਦੀ ਤਸੱਲੀ ਨਾ ਹੋ ਜਾਵੇ ਕਿ ਡਿਗਿਆ ਹੋਇਆ ਬੰਦਾ ਇਸ ਫਾਨੀ ਸੰਸਾਰ ਤੋਂ ਕਿਤੇ ਉੱਠ ਤਾਂ ਨਹੀਂ ਗਿਆ। ਜਾਂ ਉੱਠਣ ਦੇ ਮੂਡ ਵਿੱਚ ਤਾਂ ਨਹੀਂ ਹੈ ਅਤੇ ਪੁਲੀਸ ਕੋਲ ਜਾਣ ਦੀ ਵੀ ਕੋਈ ਜ਼ਰੂਰਤ ਤਾਂ ਨਹੀਂ ਪੈਣੀ। ਜੇ ਕਿਤੇ ਸੜਕ ਹਾਦਸੇ ਵਿੱਚ ਜ਼ਖਮੀ ਨੂੰ ਕੋਈ ਰਹਿਮ ਦਿਲ ਬੰਦਾ ਹਸਪਤਾਲ ਪਹੁੰਚਾ ਦੇਵੇ ਤਾਂ ਉਸਦੀ ਸ਼ਾਮਤ ਹੀ ਆ ਜਾਂਦੀ ਹੈ। ਪਹਿਲਾਂ ਤਾਂ ਸਰਕਾਰੀ ਹਸਪਤਾਲ ਵਾਲੇ ਹੀ ਉਸਦਾ ਖਹਿੜਾ ਨਹੀਂ ਛੱਡਦੇ। ਲਾਵਾਰਸ ਮਰੀਜ਼ ਦਾ ਉਹ ਵੈਸੇ ਹੀ ਇਲਾਜ ਨਹੀਂ ਸ਼ੁਰੂ ਕਰਦੇ। ਪਰਾਈਵੇਟ ਹਸਪਤਾਲਾਂ ਵਾਲੇ ਤਾਂ ਵਾਰਸਾਂ ਵਾਲੇ ਮਰੀਜ਼ਾਂ ਦਾ ਵੀ ਇਲਾਜ ਉਦੋਂ ਤੱਕ ਸ਼ੁਰੂ ਨਹੀਂ ਕਰਦੇ ਜਦੋਂ ਤੱਕ ਪੇਸ਼ਗੀ ਰਕਮ ਉਨ੍ਹਾਂ ਦੇ ਖਾਤੇ ਵਿੱਚ ਜਮਾਂ ਨਾ ਕਰਵਾ ਦਿੱਤੀ ਜਾਵੇ। ਡਾਕਟਰੀ ਦਾ ਪੇਸ਼ਾ ਹੁਣ ਸੇਵਾ ਨਹੀਂ ਸਗੋਂ ਧੰਦਾ ਬਣਦਾ ਜਾ ਰਿਹਾ ਹੈ।
ਜੇ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾ ਕੇ ਮਿਹਰਬਾਨ ਬੰਦਾ ਉਸ ਦੇ ਵਾਰਸਾਂ ਨੂੰ ਲੱਭ ਲਵੇ ਤਾਂ ਬਹੁਤੇ ਵਾਰਸ ਪਹਿਲਾਂ ਮਰੀਜ਼ ਦੀਆਂ ਜੇਬਾਂ ਫੋਲਦੇ ਹਨ ਅਤੇ ਕਿਸੇ ਗੁਆਚੀ ਚੀਜ਼ ਲਈ ਉਸੇ ਉੱਤੇ ਹੀ ਸ਼ੱਕ ਕਰਦੇ ਹਨ ਜਿਸ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਹੋਵੇ। ਜੇ ਮਾੜੀ ਕਿਸਮਤ ਨੂੰ ਜ਼ਖਮੀ ਦੀ ਹਸਪਤਾਲ ਵਿੱਚ ਮੌਤ ਹੋ ਜਾਵੇ ਤਾਂ ਸਮਝੋ ਕਿ ਉਸ ਦਯਾਵਾਨ ਉੱਤੇ ਸਾੜ੍ਹਸਤੀ ਹੀ ਆ ਜਾਂਦੀ ਹੈ। ਉਸ ਉੱਤੇ ਹੀ ਕਤਲ ਕਰਨ ਦਾ ਦੋਸ਼ ਪੁਲੀਸ ਵਲੋਂ ਲਾਇਆ ਜਾ ਸਕਦਾ ਹੈ। ਇਸ ਲਈ ਹਰ ਸ਼ਰੀਫ ਆਦਮੀ ਸੜਕ ਉੱਤੇ ਡਿਗੇ ਪਏ ਬੰਦੇ ਨੂੰ ਉਦੋਂ ਤੱਕ ਨਹੀਂ ਚੁੱਕਦਾ ਜਦੋਂ ਤੱਕ ਉਸ ਨੂੰ ਤਸੱਲੀ ਨਾ ਹੋ ਜਾਵੇ ਕਿ ਉਸ ਦਾ ਕੁਝ ਨਹੀਂ ਵਿਗੜਿਆ ਅਤੇ ਉਸ ਦੀ ਮਦਦ ਕਰਨ ਨਾਲ ਉਸ ਦਾ ਵੀ ਕੁਝ ਨਹੀਂ ਵਿਗੜਨਾ।
ਕੁਝ ਸਮਾਂ ਦਰਖਤ ਨਾਲ ਢੋਅ ਲਾ ਕੇ ਖੜ੍ਹਾ ਹੋਣ ਤੋਂ ਬਾਅਦ ਸੁਰਤ ਪਰਤ ਆਈ ਅਤੇ ਮਹਿਸੂਸ ਹੋਇਆ ਕਿ ਗੋਡਿਆਂ ਉੱਤੇ ਆਈਆਂ ਝਰੀਟਾਂ ਤੋਂ ਇਲਾਵਾ ਸਰੀਰ ਦੇ ਸਭ ਅੰਗ ਸਹੀ ਸਲਾਮਤ ਹਨ। ਘਰ ਤਾਂ ਪਹੁੰਚਣਾ ਹੀ ਸੀ, ਇਸ ਲਈ ਪਹੁੰਚ ਹੀ ਗਿਆ। ਗੋਡੇ ਦੀਆਂ ਝਰੀਟਾਂ ਉੱਤੇ ਮੱਲ੍ਹਮ ਲਾਉਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਹੀ ਦਿਨਾਂ ਵਿੱਚ ਇਹ ਠੀਕ ਵੀ ਹੋ ਗਈਆਂ। ਕਿਸੇ ਮਿੱਤਰ ਨੂੰ ਪਤਾ ਲੱਗਾ ਤਾਂ ਉਸ ਨੇ ਟੈਲੀਫੂਨ ਕਰਕੇ ਕਿਹਾ, “ਮੈਨੂੰ ਪਤਾ ਸੀ ਕਿ ਤੂੰ ਇਸ ਸੱਟ ਨੂੰ ਜਰ ਲੈਣਾ ਹੈ। ਜਦੋਂ ਬੰਦੇ ਦੀ ਸ਼ਾਦੀ ਹੋ ਜਾਂਦੀ ਹੈ ਤਾਂ ਉਸ ਵਿੱਚ ਦਰਦ ਸਹਿਣ ਦੀ ਤਾਕਤ ਆ ਜਾਂਦੀ ਹੈ।” ਪਤਾ ਨਹੀਂ ਉਹ ਕੀ ਕਹਿਣਾ ਚਾਹੁੰਦਾ ਸੀ? ਦਿਮਾਗ ਉੱਤੇ ਜ਼ੋਰ ਪਾਵਾਂ ਤਾਂ ਸ਼ਾਇਦ ਇਸ ਦੀ ਸਮਝ ਆ ਹੀ ਜਾਵੇ। ਪਰ ਸਵਾਲ ਤਾਂ ਇਹ ਹੈ ਕਿ ਜਦੋਂ ਕਿਸੇ ਦੇ ਗੋਡੇ ਛਿੱਲੇ ਹੋਏ ਹੋਣ ਤਾਂ ਕੀ ਉਸ ਦਾ ਦਿਮਾਗ ਸਹੀ ਕੰਮ ਕਰ ਸਕਦਾ ਹੈ?
ਮੇਰੀ ਪਤਨੀ ਕਹਿੰਦੀ ਹੈ ਕਿ ਤੇਰੇ ਇਸ ਤਰ੍ਹਾਂ ਦੇ ਸਵਾਲਾਂ ਨਾਲ ਘਰ ਬਰਬਾਦ ਹੋ ਜਾਣਾ ਹੈ। ਇਹ ਸਵਾਲ ਤੁਹਾਨੂੰ ਵੀ ਅਜੀਬ ਲੱਗਾ ਹੋਵੇਗਾ। ਮੈਂ ਤਾਂ ਤਿਲ੍ਹਕ ਕੇ ਸਿਰਫ ਗਿਰ ਗਿਆ ਸਾਂ ਤਾਂ ਇਸ ਤਰ੍ਹਾਂ ਦੇ ਬੇਤੁਕੇ ਸਵਾਲ ਕਰਨ ਲੱਗ ਪਿਆ ਹਾਂ। ਜਿਹੜੇ ਪਹਿਲਾਂ ਤੋਂ ਹੀ ਗਿਰੇ ਹੋਏ ਹਨ ਉਨ੍ਹਾਂ ਨੇ ਤਾਂ ਦੇਸ਼ ਦਾ ਹੀ ਬੇੜਾ ਗਰਕ ਕਰ ਦਿੱਤਾ ਹੈ।
ਬੰਦਾ ਜਿਉਂ ਜਿਉਂ ‘ਸੱਭਿਆ’ ਹੁੰਦਾ ਜਾਂਦਾ ਹੈ ਤਿਉਂ ਤਿਉਂ ਘਰਾਂ ਦੀ ਦੂਰੀ ਬਣਦੀ ਜਾ ਰਹੀ ਹੈ। ਘਰਾਂ ਦੀ ਦੂਰੀ ਦੇ ਨਾਲ ਨਾਲ ਹੀ ਦਿਲਾਂ ਦੀ ਦੂਰੀ ਵੀ ਵਧ ਰਹੀ ਹੈ।
|
|
ਦਲਬੀਰ ਸਿੰਘ (ਚੰਡੀਗੜ੍ਹ) ਦੀਆਂ ਲਿਖਾਰੀ ਵਿੱਚ ਛਪੀਆਂ
ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ: |
© likhari: Punjabi Likhari Forum-2001-2007