ਜਦੋਂ ਚੋਣਾਂ ਦਾ ਦੌਰ ਚੱਲ ਰਿਹਾ ਹੋਵੇ ਅਤੇ ਦੋਹੀਂ ਦਲੀਂ ਮੁਕਾਬਲਾ ਭਾਰੀ ਹੋਵੇ
ਤਾਂ ਰਣ ਤੱਤੇ ਵਿੱਚ ਬਹੁਤ ਕੁੱਝ ਹੁੰਦਾ ਹੈ।
ਇਸ ‘ਬਹੁਤ
ਕੁੱਝ’
ਵਿੱਚੋਂ ਥੋੜ੍ਹਾ ਜਿਹਾ ਹੀ ਅੱਜ ਅਰਪਣ ਕਰਨ ਦੀ
ਕੋਸ਼ਿਸ਼ ਕਰ ਰਿਹਾ ਹਾਂ।
ਇਸ ਵਿੱਚੋਂ ਕੋਈ ਤਰਤੀਬ ਲੱਭਣ ਦੀ ਕੋਸ਼ਿਸ਼ ਨਾ ਕਰਨਾ।
ਚੋਣਾਂ ਦੌਰਾਨ ਨਾ ਤਾਂ ਕੋਈ ਤਰਤੀਬ ਹੁੰਦੀ ਹੈ ਅਤੇ
ਨਾ ਹੀ ਨੇਤਾਵਾਂ ਦੀ ਗੱਲਾਂ ਵਿੱਚ ਕੋਈ ਦਲੀਲ।
ਇਸ ਲਈ ਮੇਰੀ ਗੱਲ ਵਿੱਚ ਵੀ ਕੋਈ ਤਰਤੀਬ ਜਾਂ ਦਲੀਲ
ਨਹੀਂ। ਲਉ ਸੁਣੋ!
ਬਾਦਲ
ਸਾਹਿਬ ਦਾ ਬਿਆਨ ਸੀ ਕਿ ਉਹ ਬਾਗੀ ਅਕਾਲੀਆਂ ਨੂੰ ਨਹੀਂ ਬਖਸ਼ਣਗੇ।
ਦੂਜੇ ਪਾਸੇ ਉਹ ਬਾਗੀ ਕਾਂਗਰਸੀਆਂ ਨੂੰ ਆਪਣੀ
ਪਾਰਟੀ ਵਿੱਚ ਸ਼ਾਮਲ ਕਰੀ ਜਾਂਦੇ ਹਨ।
ਇਹੀ ਹਾਲ ਕਾਂਗਰਸ ਦਾ ਹੈ ਜਿਹੜੀ ਬਾਗੀ ਅਕਾਲੀਆਂ ਨੂੰ
ਵੈਲਕਮ ਕਰੀ ਜਾਂਦੀ ਹੈ।
ਕਈ ਨੇਤਾ ਤਾਂ ਐਸੇ ਹਨ ਜਿਨ੍ਹਾਂ ਨੇ ਸਫੈਦ ਅਤੇ ਨੀਲੀਆਂ
ਪੱਗਾਂ ਸਟਾਕ ਕੀਤੀਆਂ ਹੋਈਆਂ ਹਨ।
ਜਦੋਂ ਲੋੜ ਪੈਂਦੀ ਹੈ ਉਦੋਂ ਹੀ ਮਤਲਬ ਦੇ ਰੰਗ ਦੀ ਪੱਗ ਕੱਢ
ਕੇ ਬੰਨ੍ਹ ਲੈਂਦੇ ਹਨ।
ਇਸ ਮਾਮਲੇ
ਵਿੱਚ ਪੱਕਾ ਕਲਾਂ ਦੀ ਮਿਸਾਲ ਕਮਾਲ ਦੀ ਹੈ।
ਇੱਥੋਂ ਦਾ ਕਾਂਗਰਸੀ ਉਮੀਦਵਾਰ ਦਸ ਸਾਲ ਪਹਿਲਾਂ
ਕਾਮਰੇਡਾਂ ਦੀ ਲਾਲ ਪੱਗ ਨੂੰ ਲਾਹ ਕੇ ਨੀਲੀ ਬੰਨ੍ਹਣ ਲੱਗ ਪਿਆ ਸੀ।
ਉਹ ਇੱਕ ਵਾਰੀ ਜਿੱਤ ਵੀ ਗਿਆ ਸੀ।
ਹੁਣ ਉਸ ਨੂੰ ਅਕਾਲੀ ਟਿਕਟ ਨਹੀਂ ਮਿਲੀ ਤਾਂ ਉਸ ਨੇ
ਨੀਲੀ ਲਾਹ ਕੇ ਚਿੱਟੀ ਬੰਨ੍ਹ ਲਈ ਹੈ।
ਜਿਸ ਕਾਂਗਰਸੀ ਗੁਰਜੰਟ ਸਿੰਘ ਕੁੱਤੀਵਾਲ ਨੇ ਪਿਛਲੀਆਂ
ਚੋਣਾਂ ਵਿੱਚ ਰਾਤੋ ਰਾਤ ਸੀ ਪੀ ਆਈ ਦੀ ਮੈਂਬਰੀ ਲੈ ਕੇ ਚੋਣ ਲੜੀ ਅਤੇ ਜਿੱਤੀ
ਸੀ ਅਤੇ ਚੋਣ ਜਿੱਤਣ ਤੋਂ ਬਾਅਦ ਮੁੜ ਕਾਂਗਰਸ ਵਿੱਚ ਚਲੇ ਗਿਆ ਸੀ ਉਹ ਹੁਣ
ਅਕਾਲੀ ਸਜ ਗਿਆ ਹੈ।
ਕੁੱਝ ਸਮਝ ਆਈ?
ਸਰਦੀ
ਭਾਵੇਂ ਗਈ ਨਹੀਂ ਪਰ ਮੌਸਮ ਬਸੰਤ ਦਾ ਆ ਗਿਆ ਹੈ।
ਇਸ ਮੌਸਮ ਵਿੱਚ ਬਨਸਪਤੀ ਉੱਤੇ ਹਰਿਆਲੀ ਆ ਜਾਂਦੀ
ਹੈ। ਲੋਕਾਂ ਦੇ ਚਿਹਰੇ
ਖਿੜ ਉੱਠਦੇ ਹਨ। ਪਰ
ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਵਿੱਚੋਂ ਪਤਾ ਨਹੀਂ ਕਿਸ ਕਿਸਦੇ ਹਿੱਸੇ ਬਸੰਤ
ਆਉਣੀ ਹੈ। ਜਿਹੜੇ
ਜਿੱਤ ਜਾਣੇ ਹਨ ਉਨ੍ਹਾਂ ਦੇ ਗਲ਼ਾਂ ਵਿੱਚ ਹਾਰ ਪੈਣੇ ਹਨ ਪਰ ਜਿਹੜੇ ਹਾਰ ਜਾਣੇ
ਹਨ ਉਨ੍ਹਾਂ ਪੱਲੇ ਤਾਂ ਪੱਤਝੜ ਹੀ ਆਉਣੀ ਹੈ।
ਮੌਸਮ ਵੀ ਕਿਹੋ ਜਿਹੇ ਖੇਲ ਖੇਲ੍ਹਦਾ ਹੈ?
ਮੁੱਲਾਂਪੁਰ ਦਾਖਾ ਵਿੱਚ ਇੱਕ ਸ਼ਾਦੀ ਸਮੇਂ ਸ਼ਗਨਾਂ ਦੇ ਲਿਫਾਫਿਆਂ ਨਾਲ ਭਰਿਆ
ਹੋਇਆ ਬੈਗ ਗੁੰਮ ਹੋ ਗਿਆ।
ਇਸ ਵਿੱਚ ਤਿੰਨ ਲੱਖ ਦੇ ਕਰੀਬ ਰੁਪਏ ਦੱਸੇ ਜਾਂਦੇ ਸਨ।
ਵਿਆਹ ਵਾਲਿਆਂ ਨੂੰ ਉਨ੍ਹਾਂ ਉਮੀਦਵਾਰਾਂ ਉੱਤੇ
ਸ਼ੱਕ ਹੈ ਜਿਹੜੇ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਆਏ ਸਨ।
ਲਗਦਾ ਹੈ ਕਿ ਉਮੀਦਵਾਰਾਂ ਦੇ ਮਾੜੇ ਦਿਨ ਚੱਲ ਰਹੇ
ਹਨ ਕਿਉਂਕਿ ਸਾਰੇ ਵਿਆਹਾਂ ਉੱਤੇ ਹੀ ਉਮੀਦਵਾਰਾਂ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ
ਜਾਣ ਲੱਗ ਪਿਆ ਹੈ। ਘਰ
ਵਾਲੇ ਡਿਊਟੀਆਂ ਲਾ ਰਹੇ ਹਨ ਕਿ ਆਸ਼ੀਰਵਾਦ ਦੇਣ ਆਏ ਨੇਤਾਵਾਂ ਉੱਤੇ ਖਾਸ ਨਜ਼ਰ
ਰੱਖੀ ਜਾਵੇ। ਫੰਡਾਂ
ਤੋਂ ਥੁੜੇ ਹੋਏ ਕਿਤੇ ਉਹ ਸ਼ਗਨਾਂ ਵਾਲੇ ਥੈਲੇ ਹੀ ਨਾ ਚੁੱਕ ਲਿਜਾਣ।
ਬੀਬੀ
ਜਗੀਰ ਕੌਰ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਤੋਂ ਬਾਜ਼ੀ ਮਾਰ ਗਈ ਹੈ।
ਦੋਹਾਂ ਹੀ ਵੱਡੇ ਨੇਤਾਵਾਂ ਤੋਂ ਵੱਧ ਜਾਇਦਾਦ ਦੀ
ਮਾਲਕ ਹੋਣ ਦਾ ਦਾਅਵਾ ਕਰ ਕੇ ਉਸ ਨੇ ਇਹ ਦਰਸਾ ਦਿੱਤਾ ਹੈ ਕਿ ਉਸਦੇ ਸਾਹਮਣੇ ਉਹ
ਦੋਵੇਂ ਗਰੀਬ ਗੁਰਬੇ ਹੀ ਹਨ।
ਅੱਸੀ ਕਰੋੜ ਦੀ ਜਾਇਦਾਦ ਦੀ ਮਾਲਕ ਬੀਬੀ ਸਾਹਮਣੇ ਨੌਂ ਕਰੋੜ
ਦੀ ਜਾਇਦਾਦ ਦਾ ਮਾਲਕ ਬਾਦਲ ਗਰੀਬ ਗੁਰਬਾ ਹੀ ਤਾਂ ਹੈ।
ਹੁਣ ਇਹ ਤਾਂ ਜਨਤਾ ਹੀ ਜਾਣਦੀ ਹੈ ਕਿ ਦੋਵਾਂ
ਵਿੱਚੋਂ ਕੌਣ ਝੂਠ ਬੋਲ ਰਿਹਾ ਹੈ।
ਜਾਂ ਤਾਂ ਬੀਬੀ ਸੱਚੀ ਹੈ ਅਤੇ ਜਾਂ ਬਾਦਲ ਝੂਠਾ।
ਕੁੱਝ
ਹਲਕਿਆਂ ਵਿੱਚ ਉਮੀਦਵਾਰਾਂ ਨੇ ਐਲਾਨ ਕੀਤਾ ਹੈ ਕਿ ਉਹ ਚੋਣਾਂ ਦੌਰਾਨ ਸ਼ਰਾਬ
ਜਾਂ ਹੋਰ ਕਿਸੇ ਤਰ੍ਹਾਂ ਦੇ ਨਸ਼ੇ ਦੀ ਵੰਡ ਨਹੀਂ ਕਰਨਗੇ।
ਜਿਸ ਹਲਕੇ ਵਿੱਚ ਵੀ ਇਸ ਤਰ੍ਹਾਂ ਦਾ ਐਲਾਨ ਕੀਤਾ
ਗਿਆ ਉਸੇ ਤੋਂ ਹੀ ਸ਼ਰਾਬੀਆਂ ਅਤੇ ਨਸ਼ੇੜੀਆਂ ਨੇ ਕੁੱਝ ਦਿਨਾਂ ਲਈ ਗੁਆਂਢ ਵਾਲੇ
ਹਲਕਿਆਂ ਲਈ ਚਾਲੇ ਪਾ ਦਿੱਤੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਹੀ ਤਾਂ ਦਿਨ ਹਨ ਜਦੋਂ ਉਨ੍ਹਾਂ
ਨੂੰ ਮੁਫਤ ਦਾ ਨਸ਼ਾ ਮਿਲਦਾ ਹੈ ਅਤੇ ਉਹ ਵੀ ਸ਼ੁੱਧ।
ਬਾਕੀ ਦੇ ਪੰਜ ਸਾਲ ਤਾਂ ਉਨ੍ਹਾਂ ਨੂੰ ਨਸ਼ਾ ਵੀ
ਸ਼ੁੱਧ ਨਹੀਂ ਮਿਲਦਾ ਅਤੇ ਪੁਲੀਸ ਦਾ ਡਰ ਵਾਧੂ ਰਹਿੰਦਾ ਹੈ।
ਹੁਣ ਪੁਲੀਸ ਖੁਦ ਨਸ਼ੇ ਵੰਡਣ ਦਾ ਕੰਮ ਕਰ ਰਹੀ ਹੈ।
ਸਗੋਂ ਕਈ ਥਾਈਂ ਤਾਂ ਪੁਲੀਸ ਵਾਲੇ ਖੁਦ ਹੀ ਸ਼ਰਾਬ
ਕਢਵਾਉਂਦੇ ਹਨ। ਆਮ
ਦਿਨਾਂ ਦੌਰਾਨ ਸ਼ਰਾਬ ਦੇ ਸਮਗਲਰ ਪੁਲੀਸ ਨੂੰ ਮਹੀਨਾ ਦਿੰਦੇ ਹਨ।
ਚੋਣਾਂ ਦੇ ਦਿਨੀਂ ਉਨ੍ਹਾਂ ਦਾ ਮੁੱਲ ਪੈਂਦਾ ਹੈ।
ਪੁਲੀਸ ਕੋਲ ਖੜ੍ਹੀ ਹੋ ਕੇ ਸ਼ਰਾਬ ਕਢਵਾਉਂਦੀ ਹੈ।
ਪੰਜਾਬ ਦੇ
ਚੋਣ ਦ੍ਰਿਸ਼ ਵਿੱਚ ਨੇਤਾਵਾਂ ਦੇ ਪੁੱਤਰਾਂ,
ਭਤੀਜਿਆਂ, ਸਾਲਿਆਂ, ਸਾਲੀਆਂ ਅਤੇ ਸਾਂਢੂਆਂ ਆਦਿ
ਦੀ ਲੰਬੀ ਅੰਗਲੀ ਸੰਗਲੀ ਲੱਭੀ ਜਾ ਸਕਦੀ ਹੈ।
ਕਿਸੇ ਦਾ ਪੁੱਤਰ ਚੋਣ ਲੜ ਰਿਹਾ ਹੈ,
ਕਿਸੇ ਦੀ ਧੀ ਮੈਦਾਨ ਵਿੱਚ ਹੈ,
ਕਿਸੇ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਹੈ ਅਤੇ
ਕਿਸੇ ਦਾ ਜਵਾਈ ਕਿਸਮਤ ਆਜ਼ਮਾਈ ਕਰ ਰਿਹਾ ਹੈ।
ਕਿਸੇ ਨੇਤਾ ਨੇ ਆਪਣੀ ਭਰਜਾਈ ਨੂੰ ਹੀ ਜਾਨਸ਼ੀਨ
ਬਣਾ ਲਿਆ ਹੈ ਅਤੇ ਕਿਸੇ ਨੇ ਸਾਲੀ ਨੂੰ ਟਿਕਟ ਲੈ ਦਿੱਤੀ ਹੈ।
ਕੌਣ ਕਿਸਦਾ ਕੀ ਲਗਦਾ ਹੈ,
ਆਮ ਬੰਦੇ ਨੂੰ ਛੇਤੀ ਕੀਤਿਆਂ ਸਮਝ ਨਹੀਂ ਆਉਂਦੀ।
ਇਸ ਸਥਿਤੀ ਉੱਤੇ ਇਹ ਲੋਕ ਮੁਹਾਵਰਾ ਸਹੀ ਢੁਕਦਾ
ਹੈ: ਜੱਟ ਜੱਟਾਂ ਦੇ ਸਾਲੇ ਤੇ ਵਿਚੇ ਹੀ ਘਾਲੇ ਮਾਲੇ।
ਹਮ੍ਹਾਤੜ
ਲਈ ਤਾਂ ਬੱਸ ਦੀ ਟਿਕਟ ਖਰੀਦਣੀ ਵੀ ਔਖੀ ਹੁੰਦੀ ਹੈ ਪਰ ਕਹਿੰਦੇ ਹਨ ਕਿ ਇਸ
ਵਾਰੀ ਅਕਾਲੀ ਦਲ ਅਤੇ ਕਾਂਗਰਸ ਦੇ ਲੀਡਰਾਂ ਨੇ ਕਈ ਟਿਕਟਾਂ ਲੱਖਾਂ ਦੀਆਂ ਨਹੀਂ,
ਸਗੋਂ ਕਰੋੜਾਂ ਦੀਆਂ ਖਰੀਦੀਆਂ ਹਨ।
ਜੇ ਇਸ ਵਿੱਚ ਸੱਚਾਈ ਹੈ ਤਾਂ ਮੰਨਣਾ ਹੀ ਪੈਣਾ ਹੈ ਕਿ
ਸਿਆਸਤ ਵਰਗਾ ਮੁਨਾਫੇ ਵਾਲਾ ਧੰਦਾ ਹੋਰ ਕੋਈ ਨਹੀਂ।
ਜਿਹੜਾ ਬੰਦਾ ਕਰੋੜ ਰੁਪਏ ਦੇ ਕੇ ਟਿਕਟ ਖਰੀਦੇਗਾ
ਅਤੇ ਫੇਰ ਦੋ ਚਾਰ ਕਰੋੜ ਲਾ ਕੇ ਸੀਟ ਜਿੱਤੇਗਾ ਉਸ ਨੇ ਕਈ ਗੁਣਾਂ ਵੱਧ ਕਮਾਈ ਵੀ
ਤਾਂ ਕਰਨੀ ਹੀ ਹੋਈ।
ਭਲਾ ਵੀਹ ਹਜ਼ਾਰ ਰੁਪਏ ਤਨਖਾਹ ਲੈਣ ਵਾਲਾ ਕੋਈ ਐਮ ਐਲ ਏ ਕਰੋੜਾਂ ਦੀ ਕਮਾਈ
ਸਿਰਫ ਤਨਖਾਹ ਅਤੇ ਭੱਤਿਆਂ ਵਿੱਚੋਂ ਹੀ ਕਿਵੇਂ ਕਰ ਸਕਦਾ ਹੈ?
ਇਹ ਹਿਸਾਬ ਕਿਤਾਬ ਦਾ ਸਵਾਲ ਹੈ ਅਤੇ ਆਮ ਬੰਦੇ ਨੂੰ
ਸਮਝ ਨਹੀਂ ਆ ਸਕਦਾ।
ਆਮ ਬੰਦਾ
ਅੱਜ ਵੀ ਆੜ੍ਹਤੀਆਂ ਦੀ ਲੁੱਟ ਦਾ ਸ਼ਿਕਾਰ ਚਲਿਆ ਆ ਰਿਹਾ ਹੈ ਜਿਹੜੇ ਇੱਕ ਵਾਰੀ
ਵੇਚੇ ਗੁੜ ਨੂੰ ਦੋ ਦੋ ਵਾਰ ਚੜ੍ਹਾ ਕੇ ਦੁੱਗਣਾ ਕਰੀ ਜਾਂਦੇ ਹਨ।
ਅਖੇ ਭੋਲਾ ਸਿਹਾਂ ਹਿਸਾਬ ਤਾਂ ਸਹੀ ਹੈ।
ਆਹ ਵੀਹਾਂ ਦਾ ਤੂੰ ਗੁੜ ਲਿਆ ਅਤੇ ਆਹ ਵੀਹ ਰੁਪਏ
ਹੋਏ ਗੁੜ ਵਾਲੇ। ਹੋ
ਗਏ ਨਾ ਦੋ ਵੀਹਾਂ ਜਾਣੀ ਕਿ ਚਾਲੀ! ਹਮ੍ਹਾਤੜ ਸਿਰ ਹਿਲਾ ਕੇ ਹਾਂ ਕਰ
ਦਿੰਦਾ ਹੈ। ਇਹੀ ਹਾਲ
ਨੇਤਾਵਾਂ ਦਾ ਹੈ। ਉਹ
ਕਹਿੰਦੇ ਹਨ ਕਿ ਚਾਰ ਰੁਪਏ ਦਾ ਆਟਾ ਦੇਵਾਂਗੇ ਅਤੇ ਲੋਕ ਮੰਨ ਜਾਂਦੇ ਹਨ ਅਤੇ
ਮੋਹਰਾਂ ਲਾ ਆਉਂਦੇ ਹਨ।
ਇਹ ਤਾਂ ਮਗਰੋਂ ਹੀ ਪਤਾ ਲਗਦਾ ਹੈ ਕਿ ਸਸਤਾ ਆਟਾ ਲੈਣ ਦੇ
ਲਾਲਚ ਵਿੱਚ ਉਨ੍ਹਾਂ ਆਪਣੀ ਤੜਾਗੀ ਵੀ ਲੁਹਾ ਲਈ ਹੈ।
ਉਂਜ ਸਾਡੇ
ਵਲੋਂ ਚੁਣ ਕੇ ਭੇਜੇ ਗਏ ਬਹੁਤੇ ਮੈਂਬਰ ਅਸੈਂਬਲੀ ਵਿੱਚ ਸਿਰ ਹਿਲਾਉਣ ਦਾ ਹੀ
ਕੰਮ ਕਰਦੇ ਹਨ। ਚੋਣਾਂ
ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਕਰਕੇ ਭਰਮਾਉਂਦੇ ਹਨ,
ਉਨ੍ਹਾਂ ਨੂੰ ਅਸੈਂਬਲੀ ਵਿੱਚ ਜਾ ਕੇ ਲੋਕਾਂ ਦਾ ਚੇਤਾ ਹੀ ਨਹੀਂ ਰਹਿੰਦਾ।
ਸਿਰਫ ਹੱਥ ਖੜ੍ਹੇ ਕਰਨ ਦਾ ਹੀ ਕੰਮ ਕਰਦੇ ਹਨ।
ਕਈ ਮਹਾਂਪੁਰਖ ਤਾਂ ਐਸੇ ਹਨ ਜਿਹੜੇ ਪੰਜ ਸਾਲਾਂ
ਦੌਰਾਨ ਅਸੈਂਬਲੀ ਵਿੱਚ ਮੂੰਹ ਤੱਕ ਨਹੀਂ ਖੋਲ੍ਹਦੇ।
ਸਿਰਫ ਹਾਜ਼ਰੀ ਲਾਉਂਦੇ ਹਨ ਅਤੇ ਭੱਤਾ ਲੈ ਕੇ ਵਾਪਸ
ਆ ਜਾਂਦੇ ਹਨ। ਕਈਆਂ
ਨੂੰ ਸਿਰਫ ਰੌਲਾ ਪਾਉਣ ਦੀ ਹੀ ਸਿਖਲਾਈ ਹੁੰਦੀ ਹੈ।
ਜ਼ਰੂਰਤ ਪੈਣ ਉੱਤੇ ਮਾਈਕ ਭੰਨਣ,
ਕੁਰਸੀਆਂ ਉਲਟਾਉਣ,
ਵਿਰੋਧੀਆਂ ਨੂੰ ਚੈਲਿੰਜ ਕਰਨ ਅਤੇ ਲੋੜ ਪੈਣ ਉੱਤੇ
ਇੱਕ ਦੂਜੇ ਦੇ ਕੁੜਤੇ ਪਾੜਨ ਦਾ ਕੰਮ ਵੀ ਕਰਦੇ ਹਨ।
ਬਾਹਰ ਆ ਕੇ ਬਹੁਤ ਸ਼ਾਨ ਨਾਲ ਦੱਸਦੇ ਹਨ ਕਿ ਕਿਵੇਂ
ਉਨ੍ਹਾਂ ਜ਼ੋਰ ਆਜ਼ਮਾਈ ਕੀਤੀ ਅਤੇ ਲੋਕਾਂ ਖਾਤਰ ਪਸੀਨਾ ਵਹਾਇਆ।
ਪਸੀਨਾ
ਤਾਂ ਉਹ ਉਦੋਂ ਤੱਕ ਹੀ ਵਹਾਉਂਦੇ ਹਨ ਜਦੋਂ ਤੱਕ ਚੁਣੇ ਨਹੀਂ ਜਾਂਦੇ।
ਚੁਣੇ ਜਾਣ ਤੋਂ ਬਾਅਦ ਤਾਂ ਉਨ੍ਹਾਂ ਦੇ ਡੰਗਰ ਵੀ
ਏਅਰ ਕੰਡੀਸ਼ਨ ਕਮਰਿਆਂ ਵਿੱਚ ਰਹਿੰਦੇ ਹਨ।
ਪੰਜ ਸਾਲ ਪਹਿਲਾਂ ਜਦੋਂ ਸਰਕਾਰ ਬਦਲੀ ਤਾਂ ਪਤਾ ਲੱਗਾ ਸੀ
ਕਿ ਮਾਝੇ ਦੇ ਇੱਕ ਸਾਬਕਾ ਅਕਾਲੀ ਮੰਤਰੀ ਦੇ ਡੰਗਰਾਂ ਦੇ ਵਾੜੇ ਵਿੱਚ ਹੀ ਦਰਜਨ
ਭਰ ਏਅਰ ਕੰਡੀਸ਼ਨਰ ਲੱਗੇ ਹੋਏ ਸਨ।
ਕਰੀਬ ਚਾਲੀ ਸਾਲ ਪਹਿਲਾਂ ਇੱਕ ਵੱਡੇ ਅਕਾਲੀ ਨੇਤਾ ਨੇ ਲੈਂਡ
ਸੀਲਿੰਗ ਤੋਂ ਬਚਣ ਲਈ ਡੰਗਰਾਂ ਦੀਆਂ ਸੇਵਾਵਾਂ ਲਈਆਂ ਸਨ।
ਉਸ ਨੇਤਾ ਨੇ ਆਪਣੀ ਜ਼ਮੀਨ ਦਾ ਇੱਕ ਟੋਟਾ ਮੱਝ ਕੌਰ
ਦੇ ਨਾਂ ਲੁਆ ਦਿੱਤਾ ਸੀ ਅਤੇ ਇੱਕ ਹੋਰ ਟੋਟਾ ਝੋਟਾ ਸਿੰਘ ਦੇ ਨਾਂ।
ਮਾਲੀਆ ਰਿਕਾਰਡ ਇਸਦੀ ਗਵਾਹੀ ਭਰਦਾ ਹੈ।
ਜਿਸ ਮੱਝ ਕੋਲ ਵੀਹ ਕਿੱਲੇ ਜ਼ਮੀਨ ਹੋਵੇ ਉਸ ਨੂੰ ਏ
ਸੀ ਦੀ ਸਹੂਲਤ ਤਾਂ ਚਾਹੀਦੀ ਹੀ ਹੈ।
ਵੀਹ ਵੀਹ ਗਜ਼ ਜ਼ਮੀਨ ਦੀ ਝੌਂਪੜੀ ਬਣਾਉਣ ਲਈ ਤਰਲੇ ਲੈ ਰਹੇ
ਬੰਦੇ ਨੂੰ ਤਾਂ ਦਰਖਤ ਦੀ ਛਾਂ ਹੀ ਬਥੇਰੀ ਹੈ।
ਸਾਡੇ
ਦੇਸ਼ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ।
ਇੱਕ ਅੰਦਾਜ਼ੇ ਮੁਤਾਬਕ ਪੰਜਾਹ ਕਰੋੜ ਲੋਕ ਗਰੀਬੀ ਦੀ ਰੇਖਾ
ਤੋਂ ਹੇਠਾਂ ਰਹਿ ਰਹੇ ਹਨ।
ਇਸਦਾ ਅਰਥ ਇਹ ਵੀ ਹੈ ਕਿ ਭਾਰਤ ਦੀ ਅੱਧੀ ਵਸੋਂ ਗਰੀਬ ਹੈ।
ਪਰ ਭਾਰਤ ਦੇ ਨੇਤਾ ਵੀ ਗਰੀਬ ਹੀ ਹਨ।
ਕਈ ਲੋਕ ਸਮਝਦੇ ਹਨ ਕਿ ਭਾਰਤ ਦੇ ਨੇਤਾ ਬਹੁਤ ਅਮੀਰ
ਹਨ। ਉਹ ਕਾਫੀ ਭਰਮ
ਵਿੱਚ ਹਨ ਕਿਉਂਕਿ ਨੇਤਾਵਾਂ ਦੀ ਮਾੜੀ ਹਾਲਤ ਦਾ ਪਤਾ ਚੋਣਾਂ ਦੌਰਾਨ ਉਨ੍ਹਾਂ
ਵਲੋਂ ਐਲਾਨੇ ਗਏ ਜਾਇਦਾਦ ਦੇ ਵੇਰਵਿਆਂ ਤੋਂ ਲਗਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠ
ਚੁੱਕੇ ਨੇਤਾਵਾਂ, ਪਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਕੋਲ ਤਾਂ
ਆਪਣੀਆਂ ਕਾਰਾਂ ਵੀ ਨਹੀਂ ਹਨ।
ਅੱਜ ਦੇ ਜਿਸ ਜ਼ਮਾਨੇ ਵਿੱਚ ਸਰਕਾਰੀ ਚਪੜਾਸੀ ਵੀ ਸੈਕਿੰਡ
ਹੈਂਡ ਮਾਰੂਤੀ ਖਰੀਦਣ ਦੀ ਸਮਰੱਥਾ ਰੱਖਦਾ ਹੈ,
ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਦਾ ਕਾਰ
ਹੀਣ ਹੋਣਾ ਪੰਜਾਬੀਆਂ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ।
ਬਾਦਲ
ਹੁਰਾਂ ਚਾਰ ਕੁ ਸਾਲ ਪਹਿਲਾਂ ਇੱਕ ਪਰੈੱਸ ਕਾਨਫਰੰਸ ਵਿੱਚ ਕਿਹਾ ਸੀ ਕਿ ਤਿੰਨ
ਚਾਰ ਲੱਖ ਰੁਪਏ ਦੀ ਨਕਦੀ ਤਾਂ ‘ਸਾਧਾਰਨ
ਬੰਦਾ’ ਵੀ ਆਪਣੇ
ਘਰ ਵੇਲੇ ਕੁਵੇਲੇ ਵਰਤਣ ਲਈ ਰੱਖ ਲੈਂਦਾ ਹੈ।
ਪਰ ਹੁਣ ਜਦੋਂ ਉਨ੍ਹਾਂ ਖੁਦ ਕਾਗਜ਼ ਦਾਖਲ ਕਰਨ
ਸਮੇਂ ਵੇਰਵੇ ਦਿੱਤੇ ਹਨ ਤਾਂ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਸਿਰਫ ਚਾਲੀ ਹਜ਼ਾਰ
ਰੁਪਏ ਦੀ ਨਕਦੀ ਹੀ ਪਈ ਹੈ।
ਕੀ ਉਹ ਸਾਧਾਰਨ ਬੰਦੇ ਤੋਂ ਵੀ ਗਏ ਗੁਜ਼ਰੇ ਹਨ?
ਇਹੀ ਹਾਲ ਕੈਪਟਨ ਅਮਰਿੰਦਰ ਸਿੰਘ ਦਾ ਹੈ।
ਉਨ੍ਹਾਂ ਕੋਲ ਵੀ ਏਨੀ ਥੋੜ੍ਹੀ ਰਕਮ ਹੈ ਕਿ ਉਸ ਨਾਲ
ਉਨ੍ਹਾਂ ਦੇ ਇੱਕ ਘੋੜੇ ਦਾ ਇੱਕ ਮਹੀਨੇ ਦਾ ਖਰਚਾ ਵੀ ਪੂਰਾ ਨਹੀਂ ਹੋ ਸਕਦਾ।
ਵੈਸੇ ਕਹਿਣ ਵਾਲੇ ਕਹਿੰਦੇ ਹਨ ਕਿ ਉਨ੍ਹਾਂ ਕੋਲ
ਜਿਹੜੇ ਨਸਲੀ ਘੋੜੇ ਹਨ ਉਨ੍ਹਾਂ ਦੀ ਇੱਕ ਇੱਕ ਦੀ ਕੀਮਤ ਦੋ ਦੋ ਕਰੋੜ ਰੁਪਏ ਹੈ।
ਘੋੜਿਆਂ
ਦੀਆਂ ਨਸਲਾਂ ਬਾਰੇ ਸਾਡੇ ਸਿਆਸੀ ਨੇਤਾਵਾਂ ਨੂੰ ਕਾਫੀ ਇਲਮ ਹੈ।
ਪਰ ਉਹ ਖੋਤਿਆਂ ਜਾਂ ਗਧਿਆਂ ਬਾਰੇ ਵੀ ਘੱਟ
ਜਾਣਕਾਰੀ ਨਹੀਂ ਰੱਖਦੇ।
ਇਹ ਨਾ ਪੁੱਛ ਬੈਠਣਾ ਕਿ ਉਨ੍ਹਾਂ ਮੁਤਾਬਕ ਗਧੇ ਕੌਣ ਹਨ?
ਤੁਹਾਨੂੰ ਖੁਦ ਨੂੰ ਹੀ ਸ਼ਰਮਿੰਦਾ ਹੁੰਦਾ ਮੈਂ
ਨਹੀਂ ਦੇਖ ਸਕਣਾ।
ਨੇਤਾਵਾਂ ਨੇ ਤਾਂ ਸ਼ਰਮਿੰਦਾ ਹੋਣਾ ਹੀ ਛੱਡ ਦਿੱਤਾ ਹੋਇਆ ਹੈ।
ਚੀਨ ਨੇ
ਜਦੋਂ ਪੁਲਾੜ ਵਿੱਚ ਹੀ ਮਿਸਾਈਲ ਮਾਰ ਕੇ ਆਪਣਾ ਇੱਕ ਉਪਗ੍ਰਹਿ ਡੇਗ ਲਿਆ ਤਾਂ
ਅਮਰੀਕਾ ਵਾਲਿਆਂ ਨੇ ਰੌਲਾ ਪਾ ਲਿਆ ਕਿ ਇਸਦਾ ਕਚਰਾ ਪੁਲਾੜ ਵਿੱਚ ਖਿਲਰ ਗਿਆ ਹੈ।
ਪੰਜਾਬ ਦੇ ਲੋਕ ਚਿੰਤਤ ਹਨ ਕਿ ਜਦੋਂ ਚੋਣਾਂ ਦਾ
ਬੁਖਾਰ ਲੱਥਾ ਅਤੇ ਵੋਟਾਂ ਦੀ ਮਿਸਾਈਲ ਨੇ ਮਾਰ ਕੀਤੀ ਤਾਂ ਸਿਆਸਤਦਾਨਾਂ ਵਲੋਂ
ਖਿਲਾਰਿਆ ਗਿਆ ਕਚਰਾ ਕੌਣ ਸਾਫ ਕਰੇਗਾ?
ਜੈ ਹਿੰਦ!
*****
#412,
ਸੈਕਟਰ
30
ਏ,
ਚੰਡੀਗੜ੍ਹ।
E-Mail:
dalbirsingh50@yahoo.com
(11 ਫਰਵਰੀ
2007) ਯੂਨੀਕੋਡ