ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਜਗਤ ਤਮਾਸ਼ਾ:

ਝੂਠੇ ਨੂੰ ਝੂਠਾ ਕਹੇ ਝੂਠਾ

– ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ-

ਚੋਣਾਂ ਦਾ ਸਿਆਪਾ ਮੁੱਕਣ ਵਿੱਚ ਹੁਣ ਥੋੜ੍ਹੇ ਜਿਹੇ ਹੀ ਦਿਨ ਰਹਿ ਗਏ ਹਨਲੋਕ ਪਰੇਸ਼ਾਨ ਹਨ ਕਿ ਨੇਤਾਵਾਂ ਵਲੋਂ ਕਹੀਆਂ ਜਾ ਰਹੀਆਂ ਗੱਲਾਂ ਅਤੇ ਕੀਤੇ ਜਾ ਰਹੇ ਵਾਅਦਿਆਂ ਵਿੱਚੋਂ ਸੱਚ ਅਤੇ ਝੂਠ ਦਾ ਨਿਤਾਰਾ ਕਿਵੇਂ ਕਰਨ? ਝੂਠ ਬੋਲਣ ਅਤੇ ਲੋਕਾਂ ਨੂੰ ਭਰਮਾਉਣ ਦੇ ਮਾਮਲੇ ਵਿੱਚ ਭਾਰਤ ਦੇ ਨੇਤਾਵਾਂ ਨੇ ਸੱਚ ਹੀ ਬਹੁਤ ਮੁਹਾਰਤ ਹਾਸਲ ਕਰ ਲਈ ਹੋਈ ਹੈ ਹਰ ਵਾਰੀ ਹੀ ਨਵਾਂ ਨਾਅਰਾ ਤਲਾਸ਼ ਕਰ ਲਿਆ ਜਾਂਦਾ ਹੈਚੋਣਾਂ ਲੜਨਾ ਅਤੇ ਜਿੱਤਣਾ ਹੁਣ ਲਾਰਿਆਂ ਅਤੇ ਨਾਅਰਿਆਂ ਉੱਤੇ ਹੀ ਨਿਰਭਰ ਕਰਦਾ ਹੈ ਜਿਹੜਾ ਵਧੀਆ ਲਾਰਾ ਅਤੇ ਵਧੀਆ ਨਾਅਰਾ ਲਾ ਸਕਦਾ ਹੈ ਉਹੀ ਕੁਰਸੀ ਦਾ ਸੁੱਖ ਮਾਣ ਸਕਦਾ ਹੈ

ਗਰੀਬੀ ਨਾਲੋਂ ਵਧੀਆ ਨਾਅਰਾ ਹੋਰ ਕੋਈ ਨਹੀਂ ਇਸ ਨੂੰ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਸੰਨ ਉਣਾਸੀ ਵਿੱਚ ਵਰਤਿਆ ਸੀਅੱਜ ਤੱਕ ਇਸਦੀ ਚਮਕ ਫਿੱਕੀ ਨਹੀਂ ਪਈ ਕਿਉਂਕਿ ਅੱਜ ਤੱਕ ਗਰੀਬੀ ਖਤਮ ਨਹੀਂ ਹੋਈਅੱਜ ਬਾਦਲ ਸਾਹਿਬ ਵੀ ਇਹੀ ਨਾਅਰਾ ਲਾ ਰਹੇ ਹਨ ਅਤੇ ਅਮਰਿੰਦਰ ਸਿੰਘ ਵੀ ਬਾਦਲ ਹੁਰੀਂ ਕਹਿੰਦੇ ਹਨ ਜਦੋਂ ਸਰਕਾਰ ਬਣੀ ਤਾਂ ਗਰੀਬਾਂ ਨੂੰ ਚਾਰ ਰੁਪਏ ਕਿੱਲੋ ਆਟਾ ਅਤੇ ਵੀਹ ਰੁਪਏ ਕਿੱਲੋ ਦਾਲਾਂ ਦਿੱਤੀਆਂ ਜਾਣਗੀਆਂਸਿਰਫ ਪੰਜ ਕੁ ਸੌ ਕਰੋੜ ਦੀ ਸਬਸਿਡੀ ਹੀ ਦੇਣੀ ਪੈਣੀ ਹੈਜਵਾਬ ਵਿੱਚ ਅਮਰਿੰਦਰ ਸਿੰਘ ਆਪਣਾ ਆਟਾ ਦੋ ਰੁਪਏ ਕਿੱਲੋ ਦੇਣ ਦਾ ਐਲਾਨ ਕਰ ਰਹੇ ਹਨਕੀ ਉਹ ਦੋਵੇਂ ਹੀ ਲੋਕਾਂ ਨੂੰ ਮੂਰਖ ਸਮਝਦੇ ਹਨ? ਲੋਕਾਂ ਨੂੰ ਪਤਾ ਹੈ ਕਿ ਨੇਤਾ ਕਿਸੇ ਵੀ ਕਮਾਸ਼ ਦਾ ਹੋਵੇ, ਖਜ਼ਾਨੇ ਨੂੰ ਖਾਂਦਾ ਹੀ ਹੈ, ਇਸ ਵਿੱਚ ਪੱਲਿਉਂ ਕੁੱਝ ਨਹੀਂ ਪਾਉਂਦਾਇਸੇ ਤਰ੍ਹਾਂ ਹੀ ਬਾਕੀ ਦੇ ਵਰਗਾਂ ਨੂੰ ਵੀ ਖੁਸ਼ ਕਰਨ ਦੀਆਂ ਗੱਲਾਂ ਵਧਾ ਚੜ੍ਹਾ ਕੇ ਕੀਤੀਆਂ ਜਾ ਰਹੀਆਂ ਹਨਪਰ ਪੰਜਾਬ ਦੀ ਮੁਢਲੀ ਤਰੱਕੀ ਦੀ ਗੱਲ ਕੋਈ ਨਹੀਂ ਕਰਦਾਸਭ ਲੋਕਾਂ ਨੂੰ ਮੁਫਤਚੀਜ਼ਾਂ ਦੇ ਲਾਲਚ ਨਾਲ ਹੀ ਭਰਮਾ ਰਹੇ ਹਨ

ਮੇਰੇ ਅੰਦਰਲੀ ਕਾਮਰੇਡੀ ਜਾਗ ਰਹੀ ਹੈ ਜਿਹੜੀ ਕਹਿ ਰਹੀ ਹੈ ਕਿ ਇਹ ਅਸਲ ਵਿੱਚ ਜਗੀਰੂ ਅਤੇ ਰਜਵਾੜਾਸ਼ਾਹੀ, ਰਾਜਾਸ਼ਾਹੀ ਰੁਚੀ ਦਾ ਹੀ ਪਰਗਟਾਵਾ ਹੈ ਜਿਸ ਵਿੱਚ ਹੁਕਮਰਾਨ ਨੂੰ ਦਾਨਵੀਰ ਦੇ ਤੌਰ ਉੱਤੇ ਪੇਸ਼ ਕੀਤਾ ਜਾਂਦਾ ਹੈਸਾਡਾ ਸਿਸਟਮ ਅਜੇ ਵੀ ਲੋਕਾਈ ਨੂੰ ਪਰਜਾ ਅਤੇ ਹਾਕਮਾਂ ਨੂੰ ਰਾਜਾ ਹੀ ਸਮਝਦਾ ਹੈ

ਚੋਣਾਂ ਵਿੱਚ ਤਮਾਸ਼ੇ ਬਹੁਤ ਹੋ ਰਹੇ ਹਨ ਇੱਕ ਤਮਾਸ਼ਾ ਅੰਬਰਸਰ ਵਿੱਚ ਵੀ ਹੋ ਰਿਹਾ ਹੈ ਜਿਸ ਦੋ ਮਸਖਰਿਆਂ ਵਿੱਚੋਂ ਇੱਕ ਤਾਂ ਸੱਚਮੁਚ ਹੀ ਟੀ ਵੀ ਦਾ ਮਸਖਰਾ ਹੈਨਵਜੋਤ ਸਿੰਘ ਸਿੱਧੂ ਇੱਕ ਟੀ ਵੀ ਸ਼ੋਅ ਦੌਰਾਨ ਜਿਵੇਂ ਬੇਲੋੜਾ ਹੱਸਦਾ ਹੈ ਉਸ ਨੂੰ ਦੇਖ ਕੇ ਇਸ ਗੱਲ ਉੱਤੇ ਹਾਸੀ ਹੀ ਆਉਂਦੀ ਹੈ ਕਿ ਸਾਨੂੰ ਭਾਰਤੀਆਂ ਨੂੰ ਕਿਸ ਤਰ੍ਹਾਂ ਦੇ ਨੁਮਾਇੰਦੇ ਮਿਲ ਰਹੇ ਹਨਦੁੱਖ ਹੈ ਕਿ ਸਾਨੂੰ ਆਪਣੇ ਪ੍ਰਤੀਨਿਧ ਵੀ ਚੰਗੀ ਤਰ੍ਹਾਂ ਚੁਣਨੇ ਕਿਉਂ ਨਹੀਂ ਆਉਂਦੇ? ਅੰਬਰਸਰ ਦੇ ਚੋਣ ਮੈਦਾਨ ਵਿੱਚ ਤਾਂ ਹੁਣ ਗੱਲਾਂ ਦਾ ਵੀ ਮੁਕਾਬਲਾ ਹੋਣ ਲੱਗ ਪਿਆ ਹੈ ਸਿੱਧੂ ਨੇ ਕਿਹਾ ਹੈ ਕਿ ਉਸਦੇ ਸਾਹਮਣੇ ਸੁਰਿੰਦਰ ਸਿੰਗਲਾ ਇੱਕ ਬੱਕਰੇ ਵਾਂਗ ਹੈ ਜਿਸ ਨੂੰ ਉਹ ਸੌਖਾ ਹੀ ਝਟਕਾ ਦੇਵੇਗਾਇਸਦੇ ਮੁਕਾਬਲੇ ਸਿੰਗਲਾ ਸਾਹਿਬ ਕਹਿ ਰਹੇ ਹਨ ਕਿ ਉਹ ਸਿੱਧੂ ਦਾ ਜੱਦੀ ਮਕਾਨ ਤੱਕ ਵੀ ਆਪਣੇ ਕੋਲ ਗਿਰਵੀ ਰੱਖ ਲੈਣਗੇਇਸ ਉੱਤੇ ਵਿਅੰਗ ਕਲਾਕਾਰ ਜਸਪਾਲ ਭੱਟੀ ਨੇ ਬਹੁਤ ਤਿੱਖਾ ਵਿਅੰਗ ਕੀਤਾ ਹੈ ਉਨ੍ਹਾਂ ਮੁਤਾਬਕ ਲੋਕ ਪੁੱਛਦੇ ਹਨ ਕਿ ਦੋਹਾਂ ਵਿੱਚੋਂ ਕੋਈ ਸਿਆਸਤਦਾਨ ਵੀ ਹੈ ਕਿ ਉਨ੍ਹਾਂ ਦੇ ਪੱਲੇ ਝਟਕਈ ਅਤੇ ਪਰਾਪਰਟੀ ਡੀਲਰ ਹੀ ਪਾ ਦਿੱਤੇ ਗਏ ਹਨ?

ਵੈਸੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੋਣਾਂ ਅਤੇ ਸਿਆਸਤ ਵਿੱਚ ਹੁਣ ਸ਼ਰੀਫ ਆਦਮੀ ਦਾ ਕੋਈ ਕੰਮ ਨਹੀਂ ਰਹਿ ਗਿਆਲੱਠਮਾਰ, ਲੁਟੇਰੇ, ਬਦਮਾਸ਼, ਝਟਕਈ, ਹਲਵਾਈ, ਬਟੇਰਬਾਜ਼ ਅਤੇ ਸੱਟੇਬਾਜ਼ ਤੋਂ ਇਲਾਵਾ ਹੁਣ ਪਰਾਪਰਟੀ ਡੀਲਰ ਅਤੇ ਮਸਖਰੇ ਵੀ ਸਿਆਸਤ ਵਿੱਚ ਆਉਣ ਲੱਗੇ ਹਨਲੋਕ ਸੋਚਦੇ ਹਨ ਕਿ ਨੇਤਾਵਾਂ ਦੀ ਭੱਦੀ ਮਸਖਰੀ ਤੋਂ ਤਾਂ ਮਸਖਰਿਆਂ ਦੀ ਅਸਲੀ ਮਸਖਰੀ ਕਈ ਦਰਜੇ ਚੰਗੀ ਹੈਜਦੋਂ ਨਕਲੀਆਂ ਵਿੱਚ ਅਸਲੀ ਮੌਜੂਦ ਹੈ ਤਾਂ ਫਿਰ ਅਸਲੀਦਾ ਸੁਆਦ ਕਿਉਂ ਨਾ ਮਾਣਿਆ ਜਾਵੇ?

ਐਤਕੀਂ ਚੋਣ ਕਮਿਸ਼ਨ ਨੇ ਉਮੀਦਵਾਰਾਂ ਉੱਤੇ ਆਪਣਾ ਸ਼ਿਕੰਜਾ ਕਾਫੀ ਕੱਸਿਆ ਹੈਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਦੋਹਾਂ ਹੀ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਖਿਲਾਫ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ ਕੀਤੇ ਗਏ ਹਨਨਾ ਚੋਣ ਕਮਿਸ਼ਨ ਹੀ ਨੋਟਿਸ ਜਾਰੀ ਕਰਨੋਂ ਹਟਦਾ ਹੈ ਅਤੇ ਨਾ ਨੇਤਾ ਹੀ ਉਲੰਘਣਾ ਕਰਨੋਂ ਹਟਦੇ ਹਨਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਇੱਕ ਨੇਤਾ ਦੀ ਟਿੱਪਣੀ ਬਹੁਤ ਢੁਕਵੀਂ ਹੈ ਕਿ ਜਿਨ੍ਹਾਂ ਨੇ ਪਜਾਮੇ ਬਣਾਏ ਹਨ ਉਨ੍ਹਾਂ ਪਿਸ਼ਾਬ ਕਰਨ ਦੇ ਵੀ ਇੰਤਜ਼ਾਮ ਕੀਤੇ ਹੁੰਦੇ ਹਨਸਗੋਂ ਜੇ ਇਹ ਕਿਹਾ ਜਾਵੇ ਕਿ ਪਜਾਮਾ ਬਣਨ ਤੋਂ ਪਹਿਲਾਂ ਹੀ ਇਹ ਇੰਤਜ਼ਾਮ ਕਰ ਲਿਆ ਜਾਂਦਾ ਹੈ ਤਾਂ ਕੋਈ ਅੱਤਕਥਨੀ ਨਹੀਂ ਹੋਣੀਇੱਥੇ ਤਾਂ ਕਾਨੂੰਨ ਬਣਨ ਸਾਰ ਹੀ ਵਕੀਲਾਂ ਵਲੋਂ ਇਸ ਵਿੱਚਲੀਆਂ ਚੋਰ ਮੋਰੀਆਂ ਲੱਭਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਜਦੋਂ ਤੱਕ ਨੂੰ ਕਾਨੂੰਨ ਲਾਗੂ ਹੁੰਦਾ ਹੈ ਉਦੋਂ ਤੱਕ ਇਸ ਤੋਂ ਬਚ ਨਿਕਲਣ ਦੇ ਕਈ ਰਸਤੇ ਲੱਭ ਲਏ ਜਾਂਦੇ ਹਨ ਚੋਣ ਕਮਿਸ਼ਨ ਦਾ ਜ਼ਾਬਤਾ ਤਾਂ ਗੱਲ ਹੀ ਕੀ ਹੈ? ਕਮਿਸ਼ਨ ਗੱਲਾਂ ਕਰੀ ਜਾਂਦਾ ਹੈ, ਕਾਫਲਾ ਝਾੜੀਆਂ ਨੂੰ ਰੌਂਦਦਾ ਹੋਇਆ ਤੁਰਿਆ ਜਾਂਦਾ ਹੈ

ਜਦੋਂ ਵੀ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਵੇਲੇ ਦੇ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਵਲੋਂ ਨੀਂਹ ਪੱਥਰ ਰੱਖਣ ਦੀ ਮੁਹਿੰਮ ਤੇਜ਼ ਕਰ ਦਿੱਤੀ ਜਾਂਦੀ ਹੈਇਨ੍ਹਾਂ ਵਿੱਚੋਂ ਬਹੁਤੇ ਤਾਂ ਇਸ ਕਾਰਨ ਪਏ ਰਹਿ ਜਾਂਦੇ ਹਨ ਕਿ ਨੀਂਹ ਪੱਥਰ ਰੱਖਣ ਵਾਲੀ ਪਾਰਟੀ ਦੀ ਸਰਕਾਰ ਹੀ ਨਹੀਂ ਰਹਿ ਜਾਂਦੀਜੇ ਸਰਕਾਰ ਬਣ ਵੀ ਜਾਵੇ ਤਾਂ ਨੇਤਾਵਾਂ ਨੂੰ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਚੇਤਾ ਹੀ ਭੁੱਲ ਜਾਂਦਾ ਹੈਪਰ ਕਈ ਵਾਰੀ ਸਰਕਾਰ ਵਾਰ ਵਾਰ ਆਉਣ ਤੋਂ ਬਾਅਦ ਵੀ ਨਾ ਤਾਂ ਨੀਂਹ ਪੱਥਰ ਹੀ ਗੁੰਮਦਾ ਹੈ ਅਤੇ ਨਾ ਕੰਮ ਹੀ ਹੁੰਦਾ ਹੈ

ਇਸ ਸਬੰਧ ਵਿੱਚ ਇੱਕੋ ਮਿਸਾਲ ਹੀ ਕਾਫੀ ਹੈ 12 ਮਾਰਚ 1979 ਨੂੰ ਉਸ ਸਮੇਂ ਦੇ ਦੂਜੀ ਵਾਰੀ ਬਣੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਮੰਡੀ ਅਹਿਮਦਗੜ੍ਹ ਵਿੱਚ ਇੱਕ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ ਜਿਹੜਾ ਅੱਜ ਵੀ ਜਿਉਂ ਦਾ ਤਿਉਂ ਹੀ ਖੜ੍ਹਾ ਹੈਮੰਡੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਬਾਦਲ ਸਾਹਿਬ ਇੱਕ ਵਾਰੀ ਹੋਰ ਮੁਖ ਮੰਤਰੀ ਰਹਿ ਚੁੱਕੇ ਹਨ ਪਰ ਕਾਲਜ ਨਹੀਂ ਬਣਿਆਲੋਕਾਂ ਨੂੰ ਸ਼ੁਕਰ ਗੁਜ਼ਾਰ ਹੋਣਾ ਚਾਹੀਦਾਹੈ ਕਿ ਬਾਦਲ ਹੁਰਾਂ ਦਾ ਰੱਖਿਆ ਨੀਂਹ ਪੱਥਰ ਕਾਇਮ ਤਾਂ ਹੈਵਰਨਾ ਤਾਂ ਚੋਣਾਂ ਤੋਂ ਪਹਿਲਾਂ ਰੱਖੇ ਨੀਂਹ ਪੱਥਰ ਵੀ ਚੋਣਾਂ ਤੋਂ ਬਾਅਦ ਚੁੱਕੇ ਜਾਂਦੇ ਹਨ ਅਤੇ ਨੇਤਾਵਾਂ ਦੇ ਵਾਅਦਿਆਂ ਦਾ ਕੋਈ ਨਾਂ ਨਿਸ਼ਾਨ ਹੀ ਨਹੀਂ ਬਚਦਾ ਇਸ ਨੀਂਹ ਪੱਥਰ ਨੂੰ ਬਚਾਅ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਦੱਸਿਆ ਜਾ ਸਕੇ ਕਿ ਕਿਵੇਂ ਸਦੀਆਂ ਪੁਰਾਣੇ ਨੀਂਹ ਪੱਥਰਾਂ ਨੂੰ ਇਤਿਹਾਸਕ ਬਣਾਇਆ ਜਾ ਸਕਦਾ ਹੈ। 

ਕੋਈ ਪਤਾ ਨਹੀਂ ਲਗਦਾ ਕਿ ਕਿ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ? ਇਸਦਾ ਕਾਰਨ ਇਹ ਹੈ ਕਿ ਸੱਚ ਅਤੇ ਝੂਠ ਵਿਚਾਲੇ ਫਰਕ ਹੀ ਖਤਮ ਕਰ ਦਿੱਤਾ ਗਿਆ ਹੈ ਜਰਮਨੀ ਦੇ ਬਦਨਾਮ ਹੁਕਮਰਾਨ ਹਿਟਲਰ ਦੇ ਮੀਡੀਆ ਸਲਾਹਕਾਰ ਗੋਬਲਜ਼ ਦੀ ਨੀਤੀ ਨੂੰ ਸਾਰੀਆਂ ਹੀ ਪਾਰਟੀਆਂ ਹੀ ਅਪਣਾ ਰਹੀਆਂ ਹਨਇਸ ਨੀਤ ਦਾ ਮੁੱਖ ਧੁਰਾ ਇਹ ਹੈ ਕਿ ਜੇ ਇੱਕ ਝੂਠ ਨੂੰ ਵਾਰ ਵਾਰ ਦੁਹਰਾਇਆ ਜਾਵੇ ਤਾਂ ਇਹ ਨਾ ਸਿਰਫ ਲੋਕਾਂ ਨੂੰ ਹੀ ਸਗੋਂ ਬੋਲਣ ਵਾਲਿਆਂ ਨੂੰ ਵੀ ਸੱਚ ਹੀ ਲੱਗਣ ਲੱਗ ਪੈਂਦਾ ਹੈ

ਇਸ ਨੀਤੀ ਉੱਤੇ ਚੱਲਦਿਆਂ ਬਾਦਲ ਸਾਹਿਬ ਕਹਿੰਦੇ ਹਨ ਕਿ ਕੈਪਟਨ ਦੇ ਰਾਜ ਵਿੱਚ ਵਿਕਾਸ ਕੀਤੇ ਜਾਣ ਦੇ ਦਾਅਵੇ ਝੂਠੇ ਹਨ ਬਾਦਲ ਹੁਰਾਂ ਨੂੰ ਵੀ ਪਤਾ ਹੈ ਕਿ ਕੈਪਟਨ ਸਾਹਿਬ ਇਹ ਨਹੀਂ  ਕਹਿੰਦੇ ਕਿ ਲੋਕਾਂ ਦਾ ਵਿਕਾਸ ਹੋਇਆ ਹੈ ਅਕਾਲੀਆਂ ਦੇ ਰਾਜ ਸਮੇਂ ਬਾਦਲ ਪਰਿਵਾਰ ਦਾ ਵਿਕਾਸ ਹੋਇਆ ਸੀ ਅਤੇ ਅਮਰਿੰਦਰ ਸਿੰਘ ਦੇ ਰਾਜ ਸਮੇਂ ਉਨ੍ਹਾਂ ਦੇ ਟੱਬਰ ਦਾਲੋਕਾਂ ਨੂੰ ਤਾਂ ਐਵੇਂ ਹੀ ਦੋਵੇਂ ਜਣੇ ਵਿੱਚ ਘੜੀਸੀ ਫਿਰਦੇ ਹਨ

ਇੱਕ ਹੋਰ ਮਾਮਲਾ ਬਹੁਤ ਹੀ ਵਿਚਾਰ ਕਰਨ ਵਾਲਾ ਹੈ ਇਹ ਹੂੰਝਾ ਫੇਰਨ ਵਾਲੀ ਗੱਲ ਨਾਲ ਸਬੰਧਤ ਹੈਅਮਰਿੰਦਰ ਸਿੰਘ ਹੋਵੇ ਜਾਂ ਬਾਦਲ ਹੁਰੀਂ, ਥਾਂ ਥਾਂ ਇਹੀ ਕਹਿੰਦੇ ਫਿਰਦੇ ਹਨ ਕਿ ਐਤਕੀਂ ਹੂੰਝਾ ਫੇਰ ਦੇਵਾਂਗੇ ਕਈ ਲੋਕ ਪੁੱਛਣ ਲੱਗ ਪਏ ਹਨ ਕਿ ਖਜ਼ਾਨੇ ਨੂੰ ਤਾਂ ਪਹਿਲਾਂ ਹੀ ਦੋਵੇਂ ਵਾਰੋ ਵਾਰੀ ਹੂੰਝਾ ਫੇਰ ਚੁੱਕੇ ਹਨਜੇ ਤੁਹਾਡੇ ਚੇਤੇ ਬਹੁਤੇ ਹੀ ਮਾੜੇ ਨਾ ਹੋਣ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਸੰਨ ਬਾਂਨਵੇਂ ਵਿੱਚ ਜਦੋਂ ਅਕਾਲੀ ਸੱਤਾ ਵਿੱਚ ਆਏ ਸਨ ਤਾਂ ਦੋ ਸਾਲ ਇਹੀ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਖਜ਼ਾਨਾ ਖਾਲੀ ਮਿਲਿਆ ਹੈਸੱਤਾ ਦੇ ਆਖਰੀ ਸਾਲ ਸੰਗਤ ਦਰਸ਼ਨ ਰਾਹੀਂ ਏਨੇ ਪੈਸੇ ਵੰਡੇ ਗਏ ਕਿ ਲੋਕ ਹੈਰਾਨ ਰਹਿ ਗਏ

ਇਹੀ ਗੱਲ ਕਾਂਗਰਸੀ ਵੀ ਦੋ ਹਜ਼ਾਰ ਦੋ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਦੋ ਸਾਲ ਤੱਕ ਉਚਾਰਦੇ ਰਹੇਪਰ ਆਖਰੀ ਸਾਲ ਵਿੱਚ ਪਤਾ ਨਹੀਂ ਕਿੱਥੋਂ ਖਜ਼ਾਨਾ ਭਰ ਗਿਆ ਅਤੇ ਇਸਦੇ ਮੂੰਹ ਖੋਲ੍ਹ ਦਿੱਤੇ ਗਏਹੁਣ ਜਦੋਂ ਦੋਵੇਂ ਹੀ ਧਿਰਾਂ ਮੁੜ ਖਜ਼ਾਨੇ ਉੱਤੇ ਕਬਜ਼ੇ ਦੀ ਲੜਾਈ ਲੜ ਰਹੀਆਂ ਹਨ ਅਤੇ ਹੂੰਝਾ ਫੇਰਨ ਦੇ ਦਾਅਵੇ ਕਰ ਰਹੀਆਂ ਹਨ ਤਾਂ ਲੋਕ ਸੋਚਦੇ ਹਨ ਕਿ ਕਿਤੇ ਸਾਨੂੰ ਹੀ ਨਾ ਹੂੰਝ ਕੇ ਕਿਸੇ ਟੋਏ ਵਿੱਚ ਸੁੱਟ ਦੇਣਸੱਤਾ ਉੱਤੇ ਕਬਜ਼ੇ ਲਈ ਨੇਤਾ ਕੁੱਝ ਵੀ ਕਰ ਸਕਦੇ ਹਨਵੋਟਾਂ ਲੈਣ ਵੇਲੇ ਗਧੇ ਨੂੰ ਬਾਪ ਕਹਿੰਦੇ ਹਨ ਪਰ ਬਾਅਦ ਵਿੱਚ ਬਾਪ ਨੂੰ ਵੀ ਨਹੀਂ ਪਛਾਣਦੇ। 

ਇਸ ਸਾਰੀ ਸਥਿਤੀ ਵਿੱਚੋਂ ਨਿਕਲਣ ਦਾ ਕੀ ਰਾਹ ਹੈ? ਇਸਦਾ ਇੱਕੋ ਇੱਕ ਰਾਹ ਲੋਕਾਂ ਦੇ ਵੱਸ ਹੀ ਹੈਜੇ ਉਹ ਤਹੱਈਆ ਕਰ ਲੈਣ ਤਾਂ ਚੋਰਾਂ ਨੂੰ ਭਜਾ ਸਕਦੇ ਹਨ ਅਤੇ ਝੂਠਿਆਂ ਦੇ ਝੂਠ ਦਾ ਪਰਦਾ ਫਾਸ਼ ਕਰ ਸਕਦੇ ਹਨਪਰ ਇਸ ਵਿੱਚ ਇੱਕ ਮੁਸ਼ਕਲ ਹੈਹਲਕਾ ਕਿਲ੍ਹਾ ਰਾਏਪੁਰ ਦੇ ਵੋਟਰਾਂ ਨੂੰ ਹਲਕਾ ਬਚਾਉ ਕਮੇਟੀ ਵਲੋਂ ਬਹੁਤ ਹੀ ਮੁਸ਼ਕਲ ਸਵਾਲ ਪਾਇਆ ਜਾ ਰਿਹਾ ਹੈਅਖਬਾਰਾਂ ਵਿੱਚ ਛਾਪੇ ਜਾ ਰਹੇ ਇਸ਼ਤਿਹਾਰਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਦਸ ਨੰਬਰੀਆਂ ਨੂੰ ਭਜਾਇਆ ਜਾਵੇਵੋਟਰ ਹੈਰਾਨ ਹਨ ਕਿ ਉਹ ਬਿਨਾਂ ਨੰਬਰੀ ਉਮੀਦਵਾਰ ਕਿੱਥੋਂ ਲੱਭ ਲੈਣ? ਪੰਜਾਬ ਵਿੱਚ ਪੰਜਾਬੀ ਦਾ ਇਹ ਮੁਹਾਵਰਾ ਸਹੀ ਢੰਗ ਨਾਲ ਲਾਗੂ ਹੋ ਰਿਹਾ ਹੈ ਕਿ ਚੋਰ ਉਚੱਕਾ ਚੌਧਰੀ ਅਤੇ ਗੁੰਡੀ ਰੰਨ ਪਰਧਾਨਐਸੀ ਹਾਲਤ ਵਿੱਚ ਲੋਕ ਚੰਗਾ ਬੰਦਾ ਕਿੱਥੋਂ ਲੱਭ ਲੈਣ?

*****

#412, ਸੈਕਟਰ 30, ਚੰਡੀਗੜ੍ਹ

E-Mail: dalbirsingh50@yahoo.com

(12 ਫਰਵਰੀ 2007) ਯੂਨੀਕੋਡ

ਦਲਬੀਰ ਸਿੰਘ (ਚੰਡੀਗੜ੍ਹ) ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਜਗਤ ਤਮਾਸ਼ਾ ਦਲਬੀਰ ਸਿੰਘ, ਚੰਡੀਗੜ੍ਹ

 

ਲਿਖਾਰੀ
Likhari


© likhari: Punjabi Likhari Forum-2001-2007