ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਜਗਤ ਤਮਾਸ਼ਾ:

ਚਕ ਚੂਨੀਆ ਚੱਕ ਚਾਰ!
– ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ-


ਅਸੀਂ ਬਹੁਤ ਸਾਰੀਆਂ ਗੱਲਾਂ ਐਸੀਆਂ ਕਰਦੇ ਹਾਂ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ। ਇਸੇ ਲਈ ਹੀ ਤੁਹਾਡੇ ਲਈ ਇਸ ਸਿਰਲੇਖ ਦਾ ਕੋਈ ਮਤਲਬ ਨਹੀਂ ਨਿਕਲ ਸਕਦਾ। ਇਹ ਬਸ ‘ਐਵੇਂ ਹੀ’ ਹੈ। ਪਰ ਮੇਰੇ ਲਈ ਐਵੇਂ ਹੀ ਨਹੀਂ ਕਿਉਂਕਿ ਮੈਂ ਇਨ੍ਹਾਂ ਵਿੱਚੋਂ ਅਰਥ ਕੱਢ ਸਕਦਾ ਹਾਂ। ਇਸਦਾ ਕਾਰਨ ਇਹ ਹੈ ਕਿ ਇਹ ਸ਼ਬਦ ਮੈਂ ਖੁਦ ਕਹੇ ਹਨ ਅਤੇ ਇਨ੍ਹਾਂ ਦਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਹੈ।

ਮੈਂ ਸ਼ਬਦ ਪਰੇਸ਼ਾਨ ਕਰਨਾ ਹੀ ਵਰਤਿਆ ਹੈ, ਵਰਨਾ ਮੂਰਖ ਬਣਾਉਣਾ ਵੀ ਕਹਿ ਸਕਦਾ ਸਾਂ। ਪਰ ਮੈਂ ਸ਼ਾਇਸਤਗੀ ਦੀਆਂ ਲੀਹਾਂ ਪਾਰ ਨਹੀਂ ਕਰਾਂਗਾ; ਜਿਵੇਂ ਕਿ ਸਾਡੇ ਸਿਆਸਤਦਾਨ ਕਰ ਜਾਂਦੇ ਹਨ। ਉਹ ਲੋਕਾਂ ਨੂੰ ਮੂਰਖ ਸਮਝਦੇ ਵੀ ਹਨ ਅਤੇ ਮੂਰਖ ਬਣਾਉਂਦੇ ਵੀ ਹਨ। ਇਸੇ ਲਈ ਤਾਂ ਅਕਸਰ ਹੀ ਉਹ ਐਸੀਆਂ ਗੱਲਾਂ ਕਰ ਜਾਂਦੇ ਹਨ ਜਿਨ੍ਹਾਂ ਦੀ ਕੋਈ ਤੁਕ ਨਹੀਂ ਹੁੰਦੀ। ਜੇ ਇਉਂ ਕਹਿ ਲਿਆ ਜਾਵੇ ਕਿ ਉਹ ਬਹੁਤੀ ਵਾਰੀ ਬੇਤੁਕੀਆਂ ਗੱਲਾਂ ਹੀ ਕਰਦੇ ਹਨ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਹਰ ਪੰਜ ਸਾਲ ਬਾਅਦ ਉਹ ਇੱਕ ਵਾਰੀ ਲੋਕਾਂ ਨੂੰ ਪਿਉ ਬਣਾਉਂਦੇ ਹਨ ਅਤੇ ਫਿਰ ਪੰਜ ਸਾਲ ਲੋਕਾਂ ਦੇ ਪਿਉ ਬਣ ਕੇ ਰਹਿੰਦੇ ਹਨ।

ਸਿਆਸਤਦਾਨ ਕੂਟਨੀਤੀ ਦੇ ਫੰਡੇ ਹੁੰਦੇ ਹਨ। ਇਸ ਗੱਲ ਨੂੰ ਸਮਝਣ ਲਈ ਵੱਖਰੀ ਕਿਸਮ ਦੇ ਦਿਮਾਗ਼ ਦੀ ਲੋੜ ਹੈ। ਕਿਹਾ ਜਾਂਦਾ ਹੈ ਕਿ ਜੇ ਕਿਸੇ ਡਿਪਲੋਮੈਟ ਨੇ ‘ਹਾਂ’ ਕਹਿਣਾ ਹੋਵੇ ਤਾਂ ਉਹ ਕਹੇਗਾ ‘ਸ਼ਾਇਦ’, ਅਤੇ ਜੇ ਉਸ ਨੇ ਨਾਂਹ ਕਰਨੀ ਹੋਵੇ ਤਾਂ ਕਹੇਗਾ ‘ਦੇਖਾਂਗੇ’। ਇਸੇ ਤਰ੍ਹਾਂ ਹੀ ਸਿਆਸਤ ਵਿੱਚ ਵੀ ਹੁੰਦਾ ਹੈ। ਜੇ ਕੋਈ ਨੇਤਾ ਕਹੇ ਕਿ ਉਹ ਚੋਣਾਂ ਤੋਂ ਬਾਅਦ ਵਿਰੋਧੀ ਧਿਰ ਨੂੰ ਕੁਚਲ ਕੇ ਰੱਖ ਦੇਵੇਗਾ ਤਾਂ ਇਸਦਾ ਅਰਥ ਹੁੰਦਾ ਹੈ ਕਿ ਵੋਟਾਂ ਸਾਨੂੰ ਪਾ ਦਿਉ ਅਤੇ ਬਾਅਦ ਵਿੱਚ ਸਾਨੂੰ ਸੋਚਣ ਦਾ ਮੌਕਾ ਦਿਉ। ਜੇ ਉਹ ਕਹੇ ਕਿ ਸਰਕਾਰ ਬਣਾਉਣ ਤੋਂ ਬਾਅਦ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਜਾਵੇਗਾ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਮੌਜੂਦਾ ਪਾਰਟੀ ਦੀ ਸਰਕਾਰ ਦਾ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ ਅਤੇ ਨਵੀਂ ਸਰਕਾਰ ਅਤੇ ਪਾਰਟੀ ਦਾ ਸ਼ੁਰੂ ਕੀਤਾ ਜਾਵੇਗਾ। ਇਹੀ ਕੁੱਝ ਹਰ ਪੰਜ ਸਾਲ ਮਗਰੋਂ ਹੋਈ ਜਾਂਦਾ ਹੈ।

ਜੇ ਤੁਹਾਨੂੰ ਸਾਨੂੰ ਭੁਲੇਖਾ ਹੈ ਕਿ ਇੰਜ ਸਿਰਫ ਪੰਜਾਬ ਜਾਂ ਭਾਰਤ ਵਿੱਚ ਹੀ ਹੁੰਦਾ ਹੈ ਤਾਂ ਗ਼ਲਤ ਹੈ। ਕੋਈ ਵੀ ਦੇਸ਼ ਇਸ ਤੋਂ ਬਚਿਆ ਹੋਇਆ ਨਹੀਂ। ਫਰਕ ਸਿਰਫ ਏਨਾ ਹੈ ਕਿ ਉਨ੍ਹਾਂ ਦੇਸ਼ਾਂ ਦਾ ਸਾਨੂੰ ਜਾਤੀ ਤੌਰ ਉੱਤੇ ਪਤਾ ਨਹੀਂ ਲਗਦਾ ਜਿੱਥੇ ਸਾਥੋਂ ਵੀ ਵੱਧ ਭ੍ਰਿਸ਼ਟਾਚਾਰ ਹੈ ਅਤੇ ਉਨ੍ਹਾਂ ਦੇਸ਼ਾਂ ਦਾ ਸਾਨੂੰ ਪਤਾ ਹੁੰਦਾ ਹੈ ਜਿੱਥੋਂ ਦੇ ਨੇਤਾਵਾਂ ਨੇ ਇਸ ਨੂੰ ਉੱਪਰਲੀਆਂ ਮੰਜ਼ਲਾਂ ਤੱਕ ਹੀ ਸੀਮਤ ਕਰ ਲਿਆ ਹੈ। ਜਿਨ੍ਹਾਂ ਦੇਸ਼ਾਂ ਵਿੱਚ ਕਿਸੇ ਕਿਸਮ ਦਾ ਕੋਈ ਭ੍ਰਿਸ਼ਟਾਚਾਰ ਨਾ ਹੋਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਦਾ ਸਾਧਾਰਨ ਪੁਲਸੀਆ ਬਹੁਤ ਇਮਾਨਦਾਰ ਹੈ। ਉਨ੍ਹਾਂ ਦਾ ਕਲਰਕ ਵੀ ਰਿਸ਼ਵਤ ਨਹੀਂ ਲੈਂਦਾ। ਉੱਥੇ ਕੋਈ ਵੀ ਦਫਤਰੀ ਕੰਮ ਰਿਸ਼ਵਤ ਨਾਲ ਨਹੀਂ ਹੁੰਦਾ। ਸਾਰਾ ਕੁੱਝ ਹੀ ਨਿੱਜੀ ਹੱਥਾਂ ਵਿੱਚ ਹੈ। ਮਾਲਕ ਆਪਣੇ ਕਰਿੰਦੇ ਨੂੰ ਕੋਈ ਗ਼ਲਤ ਕੰਮ ਨਹੀਂ ਕਰਨ ਦਿੰਦਾ।

ਭਾਰਤ ਵਿੱਚ ਵੀ ਕਿਸੇ ਪਰਾਈਵੇਟ ਕੰਪਨੀ ਵਿੱਚ ਕੋਈ ਗ਼ਲਤ ਕੰਮ ਨਹੀਂ ਹੁੰਦਾ। ਜਦੋਂ ਤੋਂ ਨਿੱਜੀ ਖੇਤਰ ਵਿੱਚ ਬੈਂਕ ਅਤੇ ਬੀਮਾ ਕੰਪਨੀਆਂ ਆ ਗਈਆਂ ਹਨ, ਉਨ੍ਹਾਂ ਲੋਕਾਂ ਨੂੰ ਕਰਜ਼ੇ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਜਿਨ੍ਹਾਂ ਕੋਲ ਵਾਪਸ ਕਰਨ ਦੀ ਸਮਰੱਥਾ ਹੈ। ਪਰ ਬਾਕੀ ਦੇ ਅੱਸੀ ਫੀਸਦੀ ਗਰੀਬ ਲੋਕਾਂ ਨੂੰ ਦੋ ਹਜ਼ਾਰ ਦਾ ਕਰਜ਼ਾ ਕੋਈ ਬੈਂਕ ਨਹੀਂ ਦਿੰਦਾ। ਸਿਰਫ ਸਰਕਾਰੀ ਬੈਂਕ ਹੀ ਇਸ ਮਾਮਲੇ ਵਿੱਚ ਉਨ੍ਹਾਂ ਦੀ ਬਾਂਹ ਫੜਦੇ ਹਨ। ਨਿੱਜੀ ਬੈਂਕ ਆਪਣੇ ਗਾਹਕਾਂ ਦੀ ਛਿੱਲ ਕਿਵੇਂ ਲਾਹੁੰਦੇ ਹਨ, ਇਸਦੀ ਸਿਰਫ ਇੱਕੋ ਮਿਸਾਲ ਹੀ ਕਾਫੀ ਹੈ। ਉਹ ਹੈ ਖਾਤੇ ਵਿੱਚ ਰਾਖਵੀਂ ਸੀਮਾ ਤੱਕ ਦੀ ਰਕਮ ਨਾ ਰੱਖਣ ਦੀ ਸੂਰਤ ਵਿੱਚ ਗਾਹਕ ਦੇ ਖਾਤੇ ਵਿੱਚ ਸੰਨ੍ਹ ਲਾਉਣ ਦੀ। ਇਸਦੀ ਸਮਝ ਉਨ੍ਹਾਂ ਨੂੰ ਹੀ ਆ ਸਕਦੀ ਹੈ ਜਿਨ੍ਹਾਂ ਨੂੰ ਹੱਥ ਲੱਗੇ ਹਨ।

ਅਮਰੀਕਾ ਵਿੱਚ ਸਾਧਾਰਨ ਪੁਲੀਸ ਵਾਲਾ ਤਾਂ ਅੱਤ ਦਾ ਇਮਾਨਦਾਰ ਹੈ ਪਰ ਵੱਡੇ ਨੇਤਾਵਾਂ ਅਤੇ ਸਿਆਸੀ ਪਾਰਟੀਆਂ ਨੇ ਆਪਣੀਆਂ ਝੋਲੀਆਂ ਭਰਨ ਲਈ ਕਾਨੂੰਨ ਨੂੰ ਆਪਣਾ ਹਮਜੋਲੀ ਬਣਾ ਲਿਆ ਹੋਇਆ ਹੈ। ਯੂ ਐਨ ਓ ਦੀ ਪੱਕੀ ਮੈਂਬਰੀ ਲੈਣ ਲਈ ਭਾਰਤ ਵਲੋਂ ਅਮਰੀਕੀ ਸੈਨੇਟ ਦੇ ਮੈਂਬਰਾਂ ਉੱਤੇ ਆਧਾਰਤ ਜਿਸ ਗਰੁੱਪ ਦੀ ਮਦਦ ਲਈ ਜਾ ਰਹੀ ਹੈ ਉਸ ਨੂੰ ਲੱਖਾਂ ਡਾਲਰ ਫੀਸ ਵਜੋਂ ਦਿੱਤੇ ਜਾ ਰਹੇ ਹਨ। ਇਸ ਤਰ੍ਹਾਂ ਦੀਆਂ ਫੀਸਾਂ ਅਮਰੀਕੀ ਸੈਨੇਟਰ ਸੰਸਾਰ ਭਰ ਤੋਂ ਹੀ ਨਹੀਂ ਸਗੋਂ ਆਪਣੇ ਦੇਸ਼ ਦੀਆਂ ਵਪਾਰਕ ਕੰਪਨੀਆਂ ਤੋਂ ਵੀ ਲੈਂਦੇ ਹਨ। ਭਾਰਤ ਦੇ ਐਮ ਪੀ ਵੀ ਪੈਸੇ ਲੈਂਦੇ ਹਨ। ਫਰਕ ਸਿਰਫ ਇਹ ਹੈ ਕਿ ਅਮਰੀਕੀ ਸੈਨੇਟਰ ਪੈਸੇ ਲੈ ਕੇ ਉਨ੍ਹਾਂ ਉੱਤੇ ਟੈਕਸ ਦੇ ਦਿੰਦੇ ਹਨ ਅਤੇ ਭਾਰਤੀ ਐਮ ਪੀ ਟੈਕਸ ਚੋਰੀ ਕਰਨਾ ਆਪਣਾ ਹੱਕ ਸਮਝਦੇ ਹਨ।

ਭਾਰਤ ਦੀ ਮੁਸ਼ਕਲ ਇਹ ਹੈ ਕਿ ਸੱਠ ਸਾਲ ਬੀਤਣ ਦੇ ਬਾਅਦ ਵੀ ਨੇਤਾਵਾਂ ਦੀ ਭੁੱਖ ਹੀ ਹਾਲੇ ਤੱਕ ਨਹੀਂ ਮਿਟੀ। ਇੱਕ ਨੇਤਾ ਜਦੋਂ ਸੱਤਾ ਵਿੱਚ ਆਉਂਦਾ ਹੈ ਤਾਂ ਆਪਣੇ ਕੁਨਬੇ ਦੀਆਂ ਸੱਤ ਪੁਸ਼ਤਾਂ ਦੀ ਭੁੱਖ ਮਿਟਾਉਣ ਤੋਂ ਬਾਅਦ ਰਿਸ਼ਤੇਦਾਰਾਂ ਦੀ ਭੁੱਖ ਮਿਟਾਉਣ ਵੱਲ ਤੁਰ ਪੈਂਦਾ ਹੈ। ਦੂਰ ਕੀ ਜਾਣਾ? ਪਰਕਾਸ਼ ਸਿੰਘ ਬਾਦਲ ਨੇ ਪਹਿਲਾਂ ਤਾਂ ਆਪਣੇ ਪੰਜ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ। ਹੁਣ ਸਰਕਾਰ ਬਣੀ ਤਾਂ ਇਸ ਵਿੱਚ ਇਹ ਪੰਜੇ ਹੀ ਮੰਤਰੀ ਲੈ ਲਏ। ਅਠਾਰ੍ਹਾਂ ਵਿੱਚੋਂ ਮੰਤਰੀਆਂ ਦੀਆਂ ਪੰਜ ਕੁਰਸੀਆਂ ਭਾਰਤੀ ਜਨਤਾ ਪਾਰਟੀ ਲੈ ਗਈ ਅਤੇ ਪੰਜ ਹੀ ਰਿਸ਼ਤੇਦਾਰ ਲੈ ਗਏ। ਅਕਾਲੀ ਦਲ ਦੇ ਹਿੱਸੇ ਤਾਂ ਸਿਰਫ ਅੱਠ ਹੀ ਆਈਆਂ। ਮਤਲਬ ਇਹ ਕਿ ਸਾਰਾ ਅਕਾਲੀ ਦਲ ਇੱਕ ਪਾਸੇ ਅਤੇ ਭਾਈ, ਜੋਰੂ ਕਾ ਭਾਈ, ਜਵਾਈ, ਭਤੀਜਾ ਅਤੇ ਬਾਕੀ ਦਾ ਰਿਸ਼ਤੇਦਾਰ ਲਾਣਾ ਇੱਕ ਪਾਸੇ। ਜ਼ਰਾ ਸੋਚ ਕੇ ਦੇਖੋ ਕਿ ਕੁੱਝ ਸਾਲ ਪਹਿਲਾਂ ਇਹੀ ਅਕਾਲੀ ਦਲ ਵਾਲੇ ਕਾਂਗਰਸ ਉੱਤੇ ਇੱਕ ਪਰਿਵਾਰ ਦਾ ਰਾਜ ਕਾਇਮ ਕਰਨ ਦਾ ਦੋਸ਼ ਲਾਉਂਦੇ ਨਹੀਂ ਸਨ ਥੱਕਦੇ!

ਕਮਾਲ ਦੀ ਗੱਲ ਹੈ ਕਿ ਚੋਰ ਚੋਰ ਮਸੇਰੇ ਭਾਈ ਦੀ ਮਿਸਾਲ ਸਦਾ ਹੀ ਸੱਚ ਹੋ ਨਿਬੜਦੀ ਹੈ ਅਤੇ ਪਤਾ ਹੋਣ ਦੇ ਬਾਵਜੂਦ ਲੋਕਾਈ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੂੰ ਮੂਰਖ ਬਣਾ ਕੇ ਇੱਕੋ ਹੀ ਜਮਾਤ ਵਾਰੀ ਵਾਰੀ ਉਨ੍ਹਾਂ ਦੀ ਸਵਾਰੀ ਕਰੀ ਜਾਂਦੀ ਹੈ। ਕਦੀ ਜਗੀਰਦਾਰੀ ਜਮਾਤ ਦਾ ਸਿੱਧਾ ਜ਼ੋਰ ਪੈ ਜਾਂਦਾ ਹੈ ਅਤੇ ਕਦੀ ਪੂੰਜੀਪਤੀ ਜਮਾਤ ਵਿੱਚ ਬਦਲ ਰਹੀ ਜਗੀਰਦਾਰੀ ਆ ਧਮਕਦੀ ਹੈ। ਲੜਾਈ ਤਾਂ ਅਸਲ ਵਿੱਚ ਇਨ੍ਹਾਂ ਜਮਾਤਾਂ ਦੀ ਸਰਦਾਰੀ ਦੀ ਹੈ। ਹੁਣ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਪੰਜਾਬੀ ਵਿਰੋਧੀ ਅਤੇ ਕੌਮ ਪ੍ਰਸਤੀ ਨੂੰ ਸਿਰੇ ਤੱਕ ਲਿਜਾਣ ਵਾਲੀ ਲਾਬੀ ਵੀ ਸਿਰ ਚੁੱਕ ਰਹੀ ਹੈ। ਦੇਖੋ ਪੰਜਾਬ ਕਿਸ ਪਾਸੇ ਨੂੰ ਜਾਂਦਾ ਹੈ?

ਇੱਕ ਗੱਲ ਪੱਕੀ ਹੈ ਕਿ ਲੋਕਾਂ ਕੋਲ ਸਿਰਫ ਹੈਰਾਨ ਕਰਨ ਦੀ ਤਾਕਤ ਹੀ ਬਚੀ ਹੈ। ਉਹ ਹਰ ਪੰਜ ਸਾਲ ਬਾਅਦ ਸਿਆਸੀ ਪੰਡਤਾਂ ਨੂੰ ਹੈਰਾਨ ਕਰ ਦਿੰਦੇ ਹਨ ਅਤੇ ਇਹ ਸਿਆਸੀ ਪੰਡਤ ਸਾਲ ਭਰ ਦਾ ਸਮਾਂ ਇਸੇ ਵਿਮੋਚਨ ਉੱਤੇ ਹੀ ਲਾ ਦਿੰਦੇ ਹਨ ਕਿ ਇਹ ਹੈਰਾਨੀ ਵਾਲਾ ਕਾਰਜ ਹੋਇਆ ਕਿਵੇਂ? ਵਿਦਵਾਨ ਲੋਕ ਦਿਮਾਗ਼ ਦੀ ਘਸਾਈ ਕਰਦੇ ਰਹਿੰਦੇ ਹਨ ਅਤੇ ਨੇਤਾ ਲੋਕ ਗੱਫੇ ਛਕ ਕੇ ਡਕਾਰ ਮਾਰਨ ਲੱਗ ਪੈਂਦੇ ਹਨ। ਨੇਤਾ ਜਿਸ ਉੱਤੇ ਖੁਸ਼ ਹੋਵੇ ਉਸਦੀਆਂ ਪੌਂ ਬਾਰਾਂ। ਜਿਸ ਉੱਤੇ ਖੁਸ਼ ਨਹੀਂ, ਉਹ ਦੁਖੀ ਹੋ ਕੇ ਬਾਗ਼ੀਆਨਾ ਕਾਰਵਾਈਆਂ ਸ਼ੁਰੂ ਕਰ ਦਿੰਦਾ ਹੈ। ਜੇ ਦਮ ਹੋਵੇ ਤਾਂ ਮੁੱਖ ਮੰਤਰੀ ਨੂੰ ਸੁਣਨੀ ਪੈ ਜਾਂਦੀ ਹੈ ਅਤੇ ਜੇ ਦਮ ਨਾ ਹੋਵੇ ਤਾਂ ਦੁਖੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਅਮਰਿੰਦਰ ਦੀ ਸਰਕਾਰ ਦੇ ਪਹਿਲੇ ਸਾਲ ਹੀ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਕਾਂਗਰਸੀ ਵਿਧਾਇਕਾਂ ਦੀ ਜਿਹੜੀ ਬਗ਼ਾਵਤ ਫੈਲੀ ਸੀ ਉਸਦਾ ਕਾਰਨ ਇਹੀ ਸੀ ਕਿ ਲੁੱਟ ਦਾ ਮਾਲ ਖਾਣ ਵਿੱਚ ਉਨ੍ਹਾਂ ਨੂੰ ਖੁੱਲ੍ਹੀ ਛੁੱਟੀ ਨਹੀਂ ਸੀ ਮਿਲ ਰਹੀ। ਜਿਉਂ ਹੀ ਛੁੱਟੀ ਮਿਲੀ, ਤਿਉਂ ਹੀ ਬਗ਼ਾਵਤ ਖਤਮ। ਅਗਲੇ ਚਾਰ ਸਾਲ ਅਮਰਿੰਦਰ ਸਿੰਘ ਨੂੰ ਕੋਈ ਤਕਲੀਫ ਨਹੀਂ ਹੋਈ। ਆਖਰੀ ਸਾਲ ਵਿੱਚ ਰੋਡ ਸ਼ੋਅ ਕਰ ਕੇ ਉਨ੍ਹਾਂ ਵੀ ਉਹੀ ਕੁੱਝ ਕੀਤਾ ਜੋ ਕੁੱਝ ਬਾਦਲ ਸਾਹਿਬ ਨੇ ਸੰਗਤ ਦਰਸ਼ਨ ਰਾਹੀਂ ਕੀਤਾ ਸੀ ਅਤੇ ਭਾਰਤੀ ਜਨਤਾ ਪਾਰਟੀ ਨੇ ਸ਼ਾਈਨਿੰਗ ਇੰਡੀਆ ਰਾਹੀਂ। ਨਾ ਉਦੋਂ ਲੋਕਾਂ ਨੂੰ ਸਮਝ ਆਈ ਸੀ ਕਿ ਕਿਹੜਾ ਭਾਰਤ ਸ਼ਾਈਨਿੰਗ ਹੈ ਅਤੇ ਨਾ ਹੁਣ ਪੰਜਾਬੀਆਂ ਨੂੰ ਸਮਝ ਆਈ ਹੈ ਕਿ ਕਿਹੜਾ ਤਬਕਾ ਖੁਸ਼ਹਾਲ ਹੋਇਆ ਹੈ। ਸਿੱਟਾ ਇਹ ਕਿ ਨਤੀਜੇ ਹੈਰਾਨੀ ਵਾਲੇ ਨਿਕਲੇ ਹਨ ਅਤੇ ਲੋਕ ਮਹਿਸੂਸ ਕਰਦੇ ਹਨ ਕਿ ਹੁਣ ਸ਼ਾਇਦ ਉਨ੍ਹਾਂ ਦੀ ਵੀ ਸੁਣੀ ਜਾਵੇਗੀ।

ਭੋਲੇ ਜੋ ਹੋਏ! ਇਸੇ ਲਈ ਹੀ ਤਾਂ ਗੱਲਾਂ ਵਿੱਚ ਆ ਜਾਂਦੇ ਹਨ। ਇਨ੍ਹਾਂ ਉੱਤੇ ਤਾਂ ਉਹ ਮਿਸਾਲ ਲਾਗੂ ਹੁੰਦੀ ਹੈ ਕਿ ਜਿਸ ਨੇ ਲਾਈ ਗੱਲੀਂ ਉਸੇ ਨਾਲ ਉੱਠ ਚੱਲੀ। ਦਸ ਸਾਲ ਪਹਿਲਾਂ ਅਕਾਲੀਆਂ ਨਾਲ ਉਧਲ ਗਈ ਸੀ, ਫਿਰ ਕਾਂਗਰਸੀਆਂ ਨੇ ਉਧਾਲ ਲਈ। ਕਹਿੰਦੇ ਕਿ ਜੱਟਾਂ ਦੀਆਂ ਜ਼ਮੀਨਾਂ ਮਹਿੰਗੀਆਂ ਕਰਵਾ ਦਿੱਤੀਆਂ ਹਨ। ਇਹ ਨਹੀਂ ਕਹਿੰਦੇ ਹਨ ਜੱਟਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਇਹੀ ਉਹ ਭਾਸ਼ਾ ਹੈ ਜਿਸ ਦੇ ਸ਼ਬਦ ਕੁੱਝ ਹੋਰ ਹੁੰਦੇ ਹਨ ਅਤੇ ਅਰਥ ਕੁੱਝ ਹੋਰ। ਅਸੀਂ ਸ਼ਬਦਾਂ ਪਿੱਛੇ ਹੀ ਚਲਦੇ ਰਹਿੰਦੇ ਹਾਂ ਅਤੇ ਅਰਥਾਂ ਦੀ ਪਰਵਾਹ ਨਹੀਂ ਕਰਦੇ। ਇਸੇ ਲਈ ਹੀ ਉਹ ਸਾਨੂੰ ਤੁਹਾਨੂੰ ਮੂਰਖ ਬਣਾਈ ਚਲੇ ਆ ਰਹੇ ਹਨ।

ਜਾਂਦੇ ਜਾਂਦੇ ਸ਼ੇਖ਼ਚਿਲੀ ਵਾਲਾ ਉਹ ਲਤੀਫਾ ਸੁਣ ਲਵੋ, ਜਿਸ ਨੂੰ ਸੁਣ ਕੇ ਵਿਦਵਾਨ ਆਪਣੇ ਸਿਰ ਦੇ ਵਾਲ ਪੁੱਟਣ ਤੱਕ ਜਾਂਦੇ ਹਨ। ਕਿਸੇ ਵਿਦਵਾਨ ਦੀ ਸ਼ੇਖ਼ਚਿੱਲੀ ਨਾਲ ਬਹਿਸ ਹੋ ਗਈ। ਵਿਦਵਾਨ ਕਹਿੰਦਾ, ‘ਉਚਰੋ!’ ਅੱਗੋਂ ਜਵਾਬ ਆਇਆ, ‘ਉਚਰੋ ਮੁਚਰੋ ਢੁਚਰੋ!’ ਵਿਦਵਾਨ ਖ਼ਫ਼ਾ ਹੋ ਗਿਆ ਅਤੇ ਕਹਿਣ ਲੱਗਾ, ‘ਇਹ ਕੀ?’ ਸ਼ੇਖ਼ਚਿਲੀ ਦਾ ਜਵਾਬ ਸੀ, ‘ਏਕੀ ਮੇਕੀ ਢੇਕੀ!’

ਕਰ ਲਵੋ ਕਿਸ ਨਾਲ ਵਿਦਵਤਾ ਵਾਲੀ ਗੱਲ ਕਰਨੀ ਹੈ! ਜੇ ‘ਏਕੀ ਮੇਕੀ ਢੇਕੀ’ ਠੀਕ ਹੈ ਤਾਂ ਉੱਪਰਲਾ ਸਿਰਲੇਖ ਵੀ ਠੀਕ ਹੈ।


 

****

#412, ਸੈਕਟਰ 30, ਚੰਡੀਗੜ੍ਹ

E-Mail: dalbirsingh50@yahoo.com

(19 ਅਪਰੈਲ 2007) ਯੂਨੀਕੋਡ

ਦਲਬੀਰ ਸਿੰਘ (ਚੰਡੀਗੜ੍ਹ) ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਜਗਤ ਤਮਾਸ਼ਾ ਦਲਬੀਰ ਸਿੰਘ, ਚੰਡੀਗੜ੍ਹ

 

ਲਿਖਾਰੀ
Likhari


© likhari: Punjabi Likhari Forum-2001-2007