ਉਹੀ ਗੱਲ ਹੋਈ ਜਿਸਦਾ ਖਤਰਾ ਸੀ। ਖਤਰਾ ਇਹ ਸੀ ਕਿ ਜਦੋਂ ਵੀ ਸੁਰੱਖਿਆ ਵਿੱਚ
ਰਤਾ ਕੁ ਢਿੱਲ ਹੋਈ ਉਦੋਂ ਹੀ ਬਦਅਮਨੀ ਦੇ ਬੇਸ਼ਰਮ ਅਤੇ ਬੇਰਹਿਮ ਵਪਾਰੀ ਆਪਣੀ
ਕੋਝੀ ਕਰਤੂਤ ਕਰ ਦੇਣਗੇ। ਇੱਕ ਪਾਸੇ ਪੰਜਾਬ ਅਤੇ ਪੰਜਾਬੀ ਨਾਲ ਪਿਆਰ ਕਰਨ ਵਾਲੇ
ਜਲੰਧਰ ਵਿੱਚ ਮੇਲਾ ਲਾ ਕੇ ਦੋਸਤੀ ਅਤੇ ਸਾਂਝ ਦਾ ਸੁਨੇਹਾ ਦੇ ਰਹੇ ਸਨ ਅਤੇ
ਦੂਜੇ ਪਾਸੇ ਕੁੱਝ ਲੋਕ ਦੋਸਤੀ ਦੇ ਨਾਂ ਉੱਤੇ ਚਲਾਈ ਗਈ ਰੇਲ ਗੱਡੀ ਵਿੱਚ ਸਫਰ
ਕਰਨ ਵਾਲੇ ਮੁਸਾਫਰਾਂ ਦੀ ਜਾਨ ਲੈਣ ਦੀ ਸਾਜ਼ਸ਼ ਰਚ ਰਹੇ ਸਨ। ਮਨੁੱਖ ਦੇ ਹੀ ਦੋ
ਰੂਪ ਕਿੰਨੇ ਭਿੰਨ ਹੋ ਸਕਦੇ ਹਨ? ਇੱਕ ਸਾਂਝ ਦਾ ਅਤੇ ਦੂਜਾ ਸਾਂਝ ਨੂੰ ਖਤਮ ਕਰਨ
ਵਾਲਾ।
ਜਦੋਂ ਦੋਸਤੀ ਦੀ ਰੇਲ ਗੱਡੀ ਸਮਝੌਤਾ ਐਕਸਪ੍ਰੈੱਸ ਦੇ ਡੱਬਿਆਂ ਨੂੰ ਲੱਗੀ ਅੱਗ
ਵਿੱਚ ਅਠਾਹਠ ਮੁਸਾਫ਼ਰਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਤਾਂ ਸਭ ਤੋਂ ਪਹਿਲਾ
ਪ੍ਰਤੀਕਰਮ ਇਹੀ ਸੀ ਕਿ ਇਹ ਕਾਰਾ ਕਰਨ ਵਾਲਿਆਂ ਦਾ ਬੇੜਾ ਗਰਕ ਹੋਵੇ। ਪਰ ਇਹ
ਮੁਰਾਰੀ ਨੂੰ ਵੀ ਪਤਾ ਹੈ ਅਤੇ ਹੋਰ ਸਭ ਨੂੰ ਵੀ ਕਿ ਸਿਰਫ ਕਹਿਣ ਨਾਲ ਹੀ
ਉਨ੍ਹਾਂ ਸ਼ੈਤਾਨਾਂ ਦਾ ਬੇੜਾ ਗਰਕ ਨਹੀਂ ਹੋਣਾ ਜਿਹੜੇ ਦੋਸਤੀ ਦੇ ਨਹੀਂ ਸਗੋਂ
ਨਫਰਤ ਦੇ ਵਪਾਰੀ ਹਨ। ਇਸੇ ਗੱਡੀ ਵਿੱਚੋਂ ਹੋਰ ਧਮਾਕੇ ਕਰਨ ਵਾਲੇ ਸਾਮਾਨ ਦੀ
ਬਰਾਮਦਗੀ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ੈਤਾਨਾਂ ਦੇ
ਇਰਾਦੇ ਸਾਰੀ ਗੱਡੀ ਨੂੰ ਹੀ ਜਾਲ ਦੇਣ ਦੇ ਸਨ। ਖੁਦਾ ਦਾ ਸ਼ੁਕਰ ਹੈ ਕਿ ਉਹ
ਪੂਰੀ ਤਰ੍ਹਾਂ ਸਫਲ ਨਹੀਂ ਹੋਏ।
ਕਿਸ ਉੱਤੇ ਦੋਸ਼ ਲਾਈਏ? ਕਈ ਵਾਰੀ ਭਾਰਤ ਵਿੱਚ ਹੀ ਇੱਕ ਖਾਸ ਸੋਚ ਅਤੇ ਪਾਰਟੀ
ਨਾਲ ਸਬੰਧਤ ਸਿਆਸੀ ਲੋਕ ਇੱਕ ਖਾਸ ਫਿਰਕੇ ਉੱਤੇ ਹੀ ਦੋਸ਼ ਮੜ੍ਹ ਦਿੰਦੇ ਹਨ।
ਅਖੇ ਮੁਸਲਮਾਨ ਹੀ ਦਹਿਸ਼ਤਗਰਦ ਹਨ। ਜਾਂ ਫਿਰ ਕਹਿ ਦਿੰਦੇ ਹਨ ਕਿ ਪਾਕਿਸਤਾਨ
ਵਲੋਂ ਭਾਰਤ ਵਿੱਚ ਸਰਗਰਮ ਇਨ੍ਹਾਂ ਮੁਸਲਮਾਨ ਦਹਿਸ਼ਤਗਰਦਾਂ ਨੂੰ ਸ਼ਹਿ ਦਿੱਤੀ
ਜਾਂਦੀ ਹੈ। ਇਸ ਲਈ ਸਾਰਾ ਪਾਕਿਸਤਾਨ ਹੀ ਦੋਸ਼ੀ ਹੈ। ਪਰ ਜਿਹੜੇ ਲੋਕ
ਮੁਸਲਮਾਨਾਂ ਨੂੰ ਹੀ ਨਹੀਂ ਸਗੋਂ ਪਾਕਿਸਤਾਨੀ ਮੁਸਲਮਾਨਾਂ ਨੂੰ ਸ਼ਿਕਾਰ ਬਣਾ ਲੈਣ
ਉਨ੍ਹਾਂ ਨੂੰ ਮੁਸਲਮਾਨ ਜਾਂ ਪਾਕਿਸਤਾਨੀ ਕਹਿਣਾ ਨਾਇਨਸਾਫੀ ਹੀ ਤਾਂ ਹੈ।
ਕੋਈ ਵੀ ਸੱਚਾ ਮੁਸਲਮਾਨ ਜਾਂ ਸੱਚਾ ਪਾਕਿਸਤਾਨੀ ਆਪਣੇ ਹੀ ਭਾਈਵੰਦਾਂ ਨੂੰ ਮਾਰਨ
ਦੀ ਸਾਜ਼ਸ਼ ਨਹੀਂ ਰਚ ਸਕਦਾ। ਜੇ ਇਹ ਕਾਰਵਾਈ ਕਰਨ ਵਾਲੇ ਮੁਸਲਮਾਨ ਜਾਂ
ਪਾਕਿਸਤਾਨੀ ਨਿਕਲਣ ਤਾਂ ਉਹ ਝੂਠੇ ਮੁਸਲਮਾਨ ਅਤੇ ਦੇਸ਼ ਧਰੋਹੀ ਪਾਕਿਸਤਾਨੀ ਹੀ
ਹੋਣਗੇ। ਇਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਵਿੱਚ ਹਿੰਸਾ ਦੀ ਲਹਿਰ ਚਲੀ ਸੀ ਤਾਂ
ਇੱਕ ਖਾਸ ਕਿਸਮ ਦੇ ਲੋਕ ਸਾਰੇ ਸਿੱਖਾਂ ਨੂੰ ਹੀ ਦਹਿਸ਼ਤਗਰਦ ਕਹਿਣ ਤੱਕ ਜਾਂਦੇ
ਸਨ। ਨਾ ਤਾਂ ਸਾਰੇ ਸਿੱਖ ਹੀ ਦਹਿਸ਼ਤਗਰਦ ਸਨ ਅਤੇ ਨਾ ਸਾਰੇ ਮੁਸਲਮਾਨ ਹੀ ਹਨ।
ਸਿਰਫ ਮੁੱਠੀ ਭਰ ਲੋਕ ਹੀ ਸਭ ਦੀ ਬਦਨਾਮੀ ਦਾ ਕਾਰਨ ਬਣਦੇ ਹਨ।
ਅਠਾਹਠ ਬੰਦੇ ਥੋੜ੍ਹੇ ਨਹੀਂ ਹੁੰਦੇ। ਇਹ ਸਾਰੇ ਹੀ ਬੇਗੁਨਾਹ ਸਨ। ਉਂਜ ਜੇ
ਸੰਸਾਰ ਭਰ ਵਿੱਚ ਬੇਗੁਨਾਹ ਬੰਦਿਆਂ ਦੇ ਮਰਨ ਦੀ ਹੀ ਗੱਲ ਲਈਏ ਤਾਂ ਅਠਾਹਠ ਬੰਦੇ
ਇੱਕੋ ਹੀ ਝਟਕੇ ਵਿੱਚ ਮਾਰੇ ਜਾਣਾ ਬਹੁਤ ਵੱਡੀ ਤਰਾਸਦੀ ਨਹੀਂ ਹੈ। ਜਿਸ ਦਿਨ
ਪਾਨੀਪਤ ਵਿੱਚ ਗੱਡੀ ਸੜ ਰਹੀ ਸੀ ਉਸੇ ਦਿਨ ਹੀ ਇਰਾਕ ਵਿੱਚ ਇੱਕ ਕਾਰ ਬੰਬ ਦੇ
ਫਟਣ ਕਾਰਨ ਸੱਤਰ ਬੰਦੇ ਮਾਰੇ ਗਏ ਸਨ। ਅਮਰੀਕੀ ਸਿਆਸਤਦਾਨਾਂ ਨੂੰ ਸੰਸਾਰ ਦੇ ਸਭ
ਤੋਂ ਵੱਡੇ ਆਤੰਕਵਾਦੀ ਹੀ ਨਹੀਂ ਸਗੋਂ ਵੱਡੇ ਪਾਗਲ ਅਤੇ ਕਾਤਲ ਵੀ ਕਿਹਾ ਜਾ
ਸਕਦਾ ਹੈ। ਲੱਖਾਂ ਲੋਕ ਇਰਾਕ ਵਿੱਚ ਮਾਰੇ ਜਾ ਚੁੱਕੇ ਹਨ ਅਤੇ ਹੁਣ ਅਮਰੀਕਾ ਦੇ
ਪਾਗਲ ਰਾਸ਼ਟਰਪਤੀ ਵਲੋਂ ਇਰਾਨ ਉੱਤੇ ਹਮਲਾ ਕਰਨ ਦੀਆਂ ਵਿਉਂਤਾਂ ਬਣਾਈਆਂ ਜਾ
ਰਹੀਆਂ ਹਨ। ਕਹਿੰਦਾ ਹੈ ਕਿ ਇਰਾਕ ਵਿੱਚ ਅਮਨ ਨਾ ਹੋਣ ਲਈ ਇਰਾਨ ਜ਼ਿੰਮੇਵਾਰ ਹੈ।
ਆਪਣੀ ਗ਼ਲਤੀ ਅਤੇ ਨਾਅਹਿਲੀਅਤ ਲਈ ਉਹ ਉਸ ਲੂੰਬੜ ਵਾਂਗ ਕਿਸੇ ਲੇਲੇ ਦੀ ਭਾਲ ਕਰ
ਰਿਹਾ ਹੈ ਜਿਸ ਨੂੰ ਪਾਣੀ ਜੂਠਾ ਕਰਨ ਅਤੇ ਪਿਉ ਵਲੋਂ ਗਾਲ਼ਾਂ ਕੱਢਣ ਦਾ ਬਹਾਨਾ
ਲਾ ਕੇ ਖਾ ਲਿਆ ਸੀ।
ਅਸਲ ਗੱਲ ਤਾਂ ਇਹ ਹੈ ਕਿ ਇਰਾਨ ਐਟਮੀ ਪਰੋਗਰਾਮ ਬਾਰੇ ਅਮਰੀਕੀ ਧੌਂਸ ਮੰਨਣ ਤੋਂ
ਇਨਕਾਰ ਕਰ ਰਿਹਾ ਹੈ, ਜਿਸ ਦੀ ਉਸ ਨੂੰ ਨਮੋਸ਼ੀ ਹੈ। ਜੇ ਸੰਸਾਰ ਦੇ ਗੁੰਡੇ
ਸਾਹਮਣੇ ਕੋਈ ਪਿੱਦੀ ਜਿਹੀ ਆਕੜ ਕੇ ਖੜ੍ਹੀ ਹੋ ਜਾਵੇ ਤਾਂ ਉਸਦੀ ਧੌਂਸ ਹੀ ਖਤਮ
ਹੋ ਜਾਣੀ ਹੈ। ਇਸ ਲਈ ਇਰਾਨ ਦੀ ਪਿੱਦੀ ਨੂੰ ਰੌਂਦਣ ਲਈ ਇਰਾਕ ਵਿੱਚ ਦਖਲ ਦਾ
ਦੋਸ਼ ਮੜ੍ਹਿਆ ਜਾ ਰਿਹਾ ਹੈ। ਤਕੜਾ ਕੀ ਕੁੱਝ ਨਹੀਂ ਕਰ ਸਕਦਾ! ਦੌੜੀਂ ਓਏ
ਗਿਰਧਾਰੀ ਮੱਲਾ, ਦੌੜੀਂ ਓਏ; ਚੂਹੀ ਆਕੜ ਪਈ!
ਗੱਡੀ ਵਿੱਚ ਸਫ਼ਰ ਕਰ ਰਹੇ ਮੁਸਾਫ਼ਰਾਂ ਨੂੰ ਮਾਰਨ ਵਾਲੇ ਸ਼ਰੀਫ ਲੋਕ ਤਾਂ ਹੋਣ
ਨਹੀਂ ਲੱਗੇ। ਇਹ ਉਹੀ ਲੋਕ ਹਨ ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ
ਮਿੱਤਰਤਾ ਦੇ ਵਧਦੇ ਕਦਮ ਚੰਗੇ ਨਹੀਂ ਲੱਗਦੇ। ਉਹ ਦੋਵਾਂ ਦੇਸ਼ਾਂ ਵਿਚਕਾਰ ਸਾਂਝ
ਦੇ ਸਫਰ ਵਿੱਚ ਵਿਘਨ ਪਾ ਰਹੇ ਹਨ। ਉਹ ਦੁੱਧ ਵਿੱਚ ਕਾਂਜੀ ਘੋਲ ਰਹੇ ਹਨ। ਪਰ
ਚੰਗੀ ਗੱਲ ਇਹ ਹੈ ਕਿ ਦੋਵਾਂ ਪਾਸਿਆਂ ਦੇ ਨੇਤਾ ਅਤੇ ਲੋਕ ਇਸ ਘਟਨਾ ਨੂੰ ਦੋਸਤੀ
ਦੇ ਸਫ਼ਰ ਵਿੱਚ ਵਿਘਨ ਨਹੀਂ ਬਣਨ ਦੇਣਾ ਚਾਹੁੰਦੇ। ਇਸਦੇ ਨਾਲ ਹੀ ਦੋਵਾਂ
ਦੇਸ਼ਾਂ ਦੀ ਜਨਤਾ ਵੀ ਭੜਕਾਹਟ ਵਿੱਚ ਨਹੀਂ ਆ ਰਹੀ। ਇਨ੍ਹਾਂ ਸਾਰਿਆਂ ਦੀ ਇਹੋ
ਸੋਚ ਅਮਨ ਵਾਰਤਾ ਨੂੰ ਲੀਹੋਂ ਲਾਹੁਣ ਵਾਲਿਆਂ ਦੇ ਇਸ ਮਨਸੂਬੇ ਨਾਕਾਮ ਬਣਾ ਰਹੀ
ਹੈ।
ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਣਗਹਿਲੀ ਹੋਈ ਹੈ।
ਕੁੱਝ ਮਹੀਨੇ ਪਹਿਲਾਂ ਹੀ ਅੰਦਰੂਨੀ ਸੁਰੱਖਿਆ ਬਾਰੇ ਮੁੱਖ ਮੰਤਰੀਆਂ ਦੀ
ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜਿਹੜੀਆਂ ਗੱਲਾਂ ਕੀਤੀਆਂ ਸਨ
ਉਨ੍ਹਾਂ ਤੋਂ ਲਗਦਾ ਸੀ ਕਿ ਉਹ ਦਹਿਸ਼ਤਗਰਦੀ ਦੇ ਟਾਕਰੇ ਲਈ ਚੁੱਕੇ ਗਏ ਕਦਮਾਂ
ਤੋਂ ਖੁਸ਼ ਨਹੀਂ। ਇਸਦੇ ਨਾਲ ਹੀ ਉਨ੍ਹਾਂ ਵਲੋਂ ਖੁਫ਼ੀਆ ਸੂਤਰਾਂ ਦੇ ਹਵਾਲੇ
ਨਾਲ ਜਿਹੜੀਆਂ ਚਿਤਾਵਨੀਆਂ ਦਿੱਤੀਆਂ ਗਈਆਂ, ਉਨ੍ਹਾਂ ਤੋਂ ਇਹ ਸਪਸ਼ਟ ਹੁੰਦਾ ਸੀ
ਕਿ ਅਗਲੇ ਦਿਨਾਂ ਦੌਰਾਨ ਭਾਰਤ ਨੂੰ ਦਹਿਸ਼ਤਗਰਦਾਂ ਵਲੋਂ ਤਿੰਨ ਨੁਕਾਵੀ ਹਮਲੇ
ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਵਿੱਚ ਜਿੱਥੇ ਇੱਕ ਪਾਸੇ ਦੇਸ਼ ਦੀਆਂ
ਧਾਰਮਕ ਅਤੇ ਪਵਿੱਤਰ ਥਾਵਾਂ ਉੱਤੇ ਹਮਲੇ ਕੀਤੇ ਜਾਣ ਦੇ ਖਤਰੇ ਵਧੇ ਸਨ, ਉੱਥੇ
ਨਾਲ ਦੀ ਨਾਲ ਆਰਥਕ ਹਿੱਤਾਂ ਦੀ ਸੁਰੱਖਿਆ ਵਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ
ਦਰਸਾਈ ਗਈ ਸੀ। ਇਸਦਾ ਕਾਰਨ ਇਹ ਹੈ ਕਿ ਭਾਰਤ ਦੀ ਵਧਦੀ ਹੋਈ ਆਰਥਕ ਸ਼ਕਤੀ ਨੂੰ
ਦੇਖਦੇ ਹੋਏ ਕੁੱਝ ਦੇਸੀ ਅਤੇ ਵਿਦੇਸ਼ੀ ਜਥੇਬੰਦੀਆਂ ਇਸ ਨੂੰ ਢਾਹ ਲਾਉਣ ਦਾ ਯਤਨ
ਕਰਨਗੀਆਂ। ਜੁਲਾਈ ਮਹੀਨੇ ਮੁੰਬਈ ਵਿੱਚ ਰੇਲ ਗੱਡੀਆਂ ਵਿੱਚ ਹੋਏ ਬੰਬ ਧਮਾਕੇ
ਇਸੇ ਤਰ੍ਹਾਂ ਦੇ ਹਮਲਿਆਂ ਦੀ ਸ਼੍ਰੇਣੀ ਵਿੱਚ ਰੱਖੇ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਸੀ, ਉਹ ਸੀ ਦਹਿਸ਼ਤਗਰਦੀ
ਦਾ ਮੁਕਾਬਲਾ ਕਰਦੇ ਹੋਏ ਘੱਟ ਗਿਣਤੀਆਂ ਦੀਆਂ ਧਾਰਮਕ ਅਤੇ ਨਿੱਜੀ ਭਾਵਨਾਵਾਂ ਦਾ
ਸਤਿਕਾਰ ਬਰਕਰਾਰ ਰੱਖਣਾ। ਜਦੋਂ ਵੀ ਕਿਸੇ ਕਿਸਮ ਦਾ ਕੋਈ ਦਹਿਸ਼ਤਗਰਦੀ ਹਮਲਾ
ਹੋਵੇ ਤਾਂ ਉਸ ਵਿੱਚ ਸ਼ਾਮਲ ਦਹਿਸ਼ਤਗਰਦਾਂ ਦੇ ਧਰਮ ਦੇ ਆਧਾਰ ’ਤੇ ਉਸ ਧਰਮ ਨਾਲ
ਸਬੰਧਤ ਸਾਰੇ ਲੋਕਾਂ ਨੂੰ ਹੀ ਦਹਿਸ਼ਤਗਰਦ ਨਹੀਂ ਗਰਦਾਨ ਦੇਣਾ ਚਾਹੀਦਾ। ਬੀਤੇ
ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ ਅਤੇ 1993 ਦੇ ਮੁੰਬਈ
ਬੰਬ ਧਮਾਕਿਆਂ ਤੋਂ ਬਾਅਦ ਮੁਸਲਮਾਨਾਂ ਖਿਲਾਫ਼ ਕੀਤੀਆਂ ਗਈਆਂ ਹਿੰਸਕ ਕਾਰਵਾਈਆਂ
ਇਸੇ ਤਰ੍ਹਾਂ ਦੀ ਹੀ ਮਾਨਸਿਕਤਾ ਦਾ ਸਿੱਟਾ ਸਨ। ਕੁੱਝ ਸਾਲ ਪਹਿਲਾਂ ਗੁਜਰਾਤ
ਵਿੱਚ ਵਾਪਰੇ ਗੋਧਰਾ ਕਾਂਡ ਤੋਂ ਬਾਅਦ ਮੁਸਲਮਾਨਾਂ ਦਾ ਕਤਲੇਆਮ ਵੀ ਇਸੇ ਤਰ੍ਹਾਂ
ਦੀ ਹੀ ਮਾਨਸਿਕਤਾ ਦਾ ਪ੍ਰਗਟਾਵਾ ਸੀ। ਪਰ ਖਬਰੇ ਪਰਧਾਨ ਮੰਤਰੀ ਨੂੰ ਵੀ ਇਲਮ
ਨਹੀਂ ਹੋਣਾ ਕਿ ਕਰਨ ਵਾਲੇ ਦੋਸਤੀ ਦੀ ਰੇਲ ਉੱਤੇ ਹੀ ਹਮਲਾ ਕਰ ਦੇਣਗੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁੱਝ ਵਿਦੇਸ਼ੀ ਤਾਕਤਾਂ ਭਾਰਤ ਵਿੱਚ ਹਿੰਸਾ ਅਤੇ
ਗੜਬੜ ਫੈਲਾਉਣ ਦਾ ਲੰਬੇ ਸਮੇਂ ਤੋਂ ਯਤਨ ਕਰਦੀਆਂ ਆ ਰਹੀਆਂ ਹਨ। ਪੰਜਾਬ ਤੋਂ
ਬਾਅਦ ਜੰਮੂ ਅਤੇ ਕਸ਼ਮੀਰ ਵਿੱਚ ਵਿਦੇਸ਼ੀ ਤਾਕਤਾਂ ਵਲੋਂ ਹਿੰਸਾ ਤੇ
ਦਹਿਸ਼ਤਗਰਦੀ ਦਾ ਦੌਰ ਚਲਾਇਆ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਹੀ ਉੱਤਰ ਪੂਰਬ
ਦੇ ਕੁੱਝ ਰਾਜਾਂ ਵਿੱਚ ਚੱਲ ਰਹੀਆਂ ਲਹਿਰਾਂ ਨੂੰ ਵੀ ਵਿਦੇਸ਼ੀ ਤਾਕਤਾਂ ਵਲੋਂ
ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਬਹੁਧਰਮੀ, ਬਹੁਭਾਸ਼ਾਈ ਅਤੇ ਬਹੁਪਾਸਾਰੀ ਦੇਸ਼
ਹੋਣ ਕਾਰਨ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਧਾਰਮਕ ਪਛਾਣ ਨੂੰ ਬਰਕਰਾਰ ਰੱਖਦੇ
ਹੋਏ ਉਨ੍ਹਾਂ ਵਿੱਚਲੇ ਦਹਿਸ਼ਤਗਰਦਾਂ ਦੀ ਪਛਾਣ ਕਰਨਾ ਸਭ ਤੋਂ ਵੱਡਾ ਕੰਮ ਹੈ।
ਇਸ ਮਾਮਲੇ ਵਿੱਚ ਕੁਤਾਹੀ ਵੱਡਾ ਨੁਕਸਾਨ ਕਰ ਸਕਦੀ ਹੈ।
ਇਹ ਖੁਸ਼ੀ ਵਾਲੀ ਗੱਲ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਨ ਅਤੇ ਸ਼ਾਂਤੀ
ਬਹਾਲ ਕਰਨ ਅਤੇ ਦੋਸਤੀ ਨੂੰ ਪੱਕੀ ਕਰਨ ਲਈ ਬਣਾਏ ਜਾ ਰਹੇ ਮਾਹੌਲ ਨੂੰ ਭੰਗ ਕਰਨ
ਦੇ ਯਤਨਾਂ ਨੂੰ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਲੋਕਾਂ ਨੇ ਨਕਾਰ ਦਿੱਤਾ
ਹੈ। ਇਸ ਨਾਲ ਦਹਿਸ਼ਤਗਰਦਾਂ ਦੇ ਹੌਸਲੇ ਪਸਤ ਵੀ ਹੋ ਸਕਦੇ ਹਨ ਅਤੇ ਉਹ ਵਧੇਰੇ
ਖ਼ੌਫ਼ਨਾਕ ਕਾਰਵਾਈਆਂ ਵੀ ਕਰ ਸਕਦੇ ਹਨ। ਇਹ ਹਾਦਸਾ ਭਾਰਤ ਵਿੱਚ ਵਾਪਰਿਆ ਪਰ
ਮ੍ਰਿਤਕਾਂ ਦੀ ਬਹੁਤੀ ਗਿਣਤੀ ਪਾਕਿਸਤਾਨੀ ਨਾਗਰਿਕਾਂ ਅਤੇ ਮੁਸਲਮਾਨਾਂ ਦੀ ਹੈ।
ਜੇ ਇਸ ਮਾਮਲੇ ਵਿੱਚ ਸ਼ੱਕ ਦੀ ਸੂਈ ਕਿਸੇ ਐਸੇ ਗਰੁੱਪ ਉੱਤੇ ਜਾਂਦੀ ਹੋਵੇ ਜਿਸ
ਦਾ ਆਧਾਰ ਪਾਕਿਸਤਾਨ ਵਿੱਚ ਹੈ ਤਾਂ ਇਸ ਤੋਂ ਇਹੀ ਸਾਬਤ ਹੋਵੇਗਾ ਕਿ
ਦਹਿਸ਼ਤਗਰਦਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ।
ਕਿਉਂਕਿ ਪਾਕਿਸਤਾਨ ਕਈ ਸਾਲਾਂ ਤੋਂ ਭਾਰਤ ਵਿੱਚ ਚੱਲਣ ਵਾਲੀਆਂ ਦਹਿਸ਼ਤਗਰਦੀ
ਲਹਿਰਾਂ ਨੂੰ ਮਾਲੀ ਅਤੇ ਹਥਿਆਰਾਂ ਦੀ ਮਦਦ ਦੇ ਨਾਲ ਨਾਲ ਨੈਤਿਕ ਹੱਲਾਸ਼ੇਰੀ ਵੀ
ਦਿੰਦਾ ਰਿਹਾ ਹੈ, ਇਸ ਲਈ ਭਾਰਤ ਸਰਕਾਰ ਭਾਰਤ ਅੰਦਰ ਦਹਿਸ਼ਤ ਦੀ ਹਰੇਕ ਕਾਰਵਾਈ
ਲਈ ਪਾਕਿਸਤਾਨ ਸਿਰ ਦੋਸ਼ ਮੜ੍ਹ ਕੇ ਹੀ ਬੁੱਤਾ ਸਾਰ ਦਿੰਦੀ ਸੀ। ਅਜਿਹਾ ਪਹਿਲੀ
ਵਾਰ ਵਾਪਰਿਆ ਹੈ ਕਿ ਭਾਰਤ ਵਿੱਚ ਵਾਪਰੀ ਕਿਸੇ ਦਹਿਸ਼ਤਗਰਦੀ ਦੀ ਘਟਨਾ ਵਿੱਚ
ਪਾਕਿਸਤਾਨੀ ਨਾਗਰਿਕ ਮਾਰੇ ਗਏ ਹਨ। ਇਸ ਗੱਲ ਤੋਂ ਪਾਕਿਸਤਾਨੀ ਹੁਕਮਰਾਨਾਂ ਨੂੰ
ਵੀ ਇਹ ਸਮਝ ਆ ਗਈ ਹੈ ਕਿ ਜਿਸ ਦੈਂਤ ਨੂੰ ਉਹ ਪਾਲਦੇ ਰਹੇ ਹਨ, ਉਹ ਦੈਂਤ
ਆਖ਼ਰਕਾਰ ਉਨ੍ਹਾਂ ਨੂੰ ਹੀ ਨਿਗਲ ਜਾਣ ਵਿੱਚ ਵੀ ਢਿੱਲ ਨਹੀਂ ਵਰਤੇਗਾ। ਪਿਛਲੇ
ਇੱਕ ਦੋ ਸਾਲਾਂ ਤੋਂ ਜਨਰਲ ਪਰਵੇਜ਼ ਮੁਸ਼ੱਰਫ ਦੀ ਹਕੂਮਤ ਨੂੰ ਵੀ ਇਹ ਗੱਲ ਸਮਝ
ਆਉਣ ਲੱਗ ਪਈ ਹੈ ਕਿ ਕਸ਼ਮੀਰ ਜਾਂ ਇਸਲਾਮ ਦੇ ਨਾਂ ਉੱਤੇ ਦਹਿਸ਼ਤਗਰਦੀ ਗਰੁੱਪਾਂ
ਨੂੰ ਪਾਕਿਸਤਾਨ ਦੀ ਧਰਤੀ ਉੱਤੇ ਠਾਹਰ ਦੇਣ ਦਾ ਉਲਟਾ ਨੁਕਸਾਨ ਪਾਕਿਸਤਾਨ ਨੂੰ
ਵੀ ਹੋ ਸਕਦਾ ਹੈ। ਖ਼ੁਦ ਮੁਸ਼ੱਰਫ ਹੁਰਾਂ ਉੱਤੇ ਵੀ ਦਹਿਸ਼ਤਗਰਦਾਂ ਵਲੋਂ ਕੀਤੇ
ਗਏ ਹਮਲੇ ਇਸੇ ਗੱਲ ਦਾ ਸੰਕੇਤ ਦਿੰਦੇ ਹਨ।
ਦਹਿਸ਼ਤਗਰਦ ਕਿਸੇ ਦੇ ਵੀ ਸਕੇ ਨਹੀਂ ਹੁੰਦੇ। ਇਸ ਬਾਰੇ ਇਲਮ ਹੋ ਜਾਣ ਦਾ ਹੀ ਇਹ
ਸਭ ਤੋਂ ਵੱਡਾ ਸਬੂਤ ਹੈ ਕਿ ਪਾਕਿਸਤਾਨ ਸਰਕਾਰ ਹੁਣ ਭਾਰਤ ਉੱਤੇ ਪਹਿਲਾਂ ਵਾਂਗ
ਵੱਡ ਤਾਕਤੀ ਧੌਂਸ ਵਾਲਾ ਵਤੀਰਾ ਧਾਰਨ ਕਰਨ ਦਾ ਦੋਸ਼ ਨਹੀਂ ਲਾਉਂਦੀ ਤੇ ਭਾਰਤ
ਸਰਕਾਰ ਦਹਿਸ਼ਤ ਦੀ ਹਰੇਕ ਕਾਰਵਾਈ ਲਈ ਪਾਕਿਸਤਾਨ ਸਿਰ ਦੋਸ਼ ਨਹੀਂ ਮੜ੍ਹਦੀ।
ਭਾਰਤ ਅਤੇ ਪਾਕਿਸਤਾਨ ਦੇ ਲੋਕ ਪਹਿਲਾਂ ਹੀ ਅਮਨ ਦੇ ਕਾਫ਼ਲੇ ਨੂੰ ਅੱਗੇ ਤੋਰਨ
ਦੇ ਹੱਕ ਵਿੱਚ ਹਨ। ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਵਲੋਂ ਤਾਂ ਕਈ ਸਾਲਾਂ ਤੋਂ
ਵਾਹਗਾ ਸਰਹੱਦ ਉੱਤੇ ਮੋਮ ਬੱਤੀਆਂ ਬਾਲਣ ਦਾ ਸਿਲਸਿਲਾ ਵੀ ਚਲਾਇਆ ਰਿਹਾ ਹੈ। ਇਸ
ਵਿੱਚ ਪਾਕਿਸਤਾਨ ਵਲੋਂ ਵੀ ਹੁਣ ਲੋਕਾਂ ਨੇ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ
ਹੈ। ਹੁਣ ਦੋਹਾਂ ਦੇਸ਼ਾਂ ਦੇ ਹੁਕਮਰਾਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ
ਹੈ ਅਤੇ ਕਾਫ਼ਲੇ ਨੂੰ ਚਲਦਾ ਰੱਖ ਕੇ ਹੀ ਦਹਿਸ਼ਤਗਰਦਾਂ ਦੇ ਮਨਸੂਬਿਆਂ ਨੂੰ
ਭਾਂਜ ਦਿੱਤੀ ਜਾ ਸਕਦੀ ਹੈ।
ਮੁਰਾਰੀ ਨੂੰ ਆਸ ਹੈ ਕਿ ਕਾਫ਼ਲਾ ਅੱਗੇ ਵਧਦਾ ਜਾਵੇਗਾ ਅਤੇ ਦੋਵਾਂ ਪੰਜਾਬਾਂ ਦੇ
ਲੋਕ ਫਿਰ ਇਕੱਠੇ ਹੋਣਗੇ। ਮਨੋਂ ਉਹ ਇੱਕ ਹਨ ਹੀ। ਸਿਰਫ ਸਰਹੱਦਾਂ ਹੀ ਤੋੜਣ ਦੀ
ਲੋੜ ਹੈ। ਉਹ ਦਿਨ ਕਦੋਂ ਆਵੇਗਾ? ਇਸ ਬਾਰੇ ਕੋਈ ਭਵਿੱਖਬਾਣੀ ਨਹੀਂ। ਪਰ ਤਸੱਲੀ
ਨਾਲ ਇਹ ਗੱਲ ਜ਼ਰੂਰ ਕਹਿ ਸਕਦਾ ਹਾਂ ਕਿ ਆਵੇਗਾ ਜ਼ਰੂਰ।
****
#412,
ਸੈਕਟਰ
30
ਏ,
ਚੰਡੀਗੜ੍ਹ।
E-Mail:
dalbirsingh50@yahoo.com
(21 ਅਪਰੈਲ
2007) ਯੂਨੀਕੋਡ