ਜ਼ਰੂਰੀ ਤਾਂ ਨਹੀਂ ਕਿ ਬੰਦਾ ਹਰ ਸਮੇਂ ਹੀ ਚੜ੍ਹਦੀਆਂ ਕਲਾਵਾਂ ਵਿੱਚ ਰਹੇ। ਕਦੀ
ਕਦੀ ਤਾਂ ਉਸ ਨੂੰ ਉਦਾਸੀ ਦੇ ਆਲਮ ਵਿੱਚ ਜਾਣਾ ਹੀ ਪੈਂਦਾ ਹੈ। ਕਦੀ ਕਦੀ ਉਦਾਸੀ
ਦੇ ਘਰ ਜਾਣਾ ਚਾਹੀਦਾ ਵੀ ਹੈ। ਕਹਿੰਦੇ ਹਨ ਕਿ ਉਦਾਸੀ ਸਮੇਂ ਬੰਦਾ ਆਪਣੀਆਂ
ਪਿਛਲੀਆਂ ਚੰਗੀਆਂ ਮੰਦੀਆਂ ਯਾਦਾਂ ਵਿੱਚ ਘਿਰ ਕੇ ਕੁੱਝ ਸਬਕ ਸਿੱਖਦਾ ਹੈ ਅਤੇ
ਅੱਗੋਂ ਲਈ ਉਨ੍ਹਾਂ ਸਬਕਾਂ ਨੂੰ ਲਾਗੂ ਕਰਨ ਲਈ ਰਾਹ ਤਿਆਰ ਕਰਦਾ ਹੈ।
ਮੁਰਾਰੀ ਵੀ ਉਦਾਸ ਹੈ। ਉਸਦੀ ਉਦਾਸੀ ਦਾ ਕਾਰਨ ਨਿੱਜੀ ਨਹੀਂ ਹੈ। ਨਿੱਜੀ ਕਾਰਨਾਂ
ਕਰਕੇ ਉਦਾਸੀ ਸਹੇੜਣ ਦੀ ਉਸਦੀ ਉਮਰ ਨਹੀਂ ਰਹੀ। ਵੈਸੇ ਵੀ ਉਹ ਸਮੇਂ ਹੀ ਨਹੀਂ
ਰਹੇ ਜਦੋਂ ਉਦਾਸ ਹੋਣਾ ਫੈਸ਼ਨ ਹੁੰਦਾ ਸੀ। ਸੱਠਵਿਆਂ ਅਤੇ ਸੱਤਰਵਿਆਂ ਦੀ ਮੱਧ
ਵਰਗੀ ਜਵਾਨੀ ਕਾਫੀ ਹਾਊਸਾਂ ਵਿੱਚ ਬੈਠ ਕੇ ਸੰਸਾਰ ਦੀ ਹਾਲਤ ਉੱਤੇ ਝੂਰਨ ਅਤੇ
ਇਨਕਲਾਬੀ ਗੱਲਾਂ ਕਰਨ ਨੂੰ ਸਮਾਂ ਬਿਤਾਉਣ ਦਾ ਵਧੀਆ ਤਰੀਕਾ ਸਮਝਦੀ ਸੀ। ਉਸ ਕੋਲ
ਰੂਸ ਅਤੇ ਚੀਨੀ ਇਨਕਲਾਬ ਦੀਆਂ ਮਿਸਾਲਾਂ ਸਨ। ਉਸ ਕੋਲ ਕਿਊਬਾ ਵਿੱਚ ਕਾਸਟਰੋ ਅਤੇ
ਚੀ ਗਵੇਰਾ ਵਰਗੇ ਹੀਰੋ ਸਨ। ਉਸ ਕੋਲ ਵੀਅਤਨਾਮ ਵਿੱਚ ਅਮਰੀਕੀ ਫੌਜ ਨਾਲ ਲੋਹਾ
ਲੈ ਰਹੇ ਗੁਰੀਲਿਆਂ ਦੀਆਂ ਤਾਜ਼ਾ ਕਹਾਣੀਆਂ ਸਨ। ਉਸ ਕੋਲ ਲੈਲਾ ਖਾਲਿਦ ਜਿਹੀ
ਵੀਰਾਂਗਣਾ ਨਾਇਕਾ ਸੀ। ਫਲਸਤੀਨ ਵਿੱਚ ਉੱਭਰ ਰਿਹਾ ਯਾਸਰ ਅਰਾਫਾਤ ਉਸ ਸਮੇਂ ਦਾ
ਸਭ ਤੋਂ ਵੱਡਾ ਇਨਕਲਾਬੀ ਸੀ। ਨਕਸਲਬਾੜੀ ਤੋਂ ਉੱਠੀ ਲਹਿਰ ਦੀ ਚਰਚਾ ਸੀ। ਪੰਜਾਬ
ਵਿੱਚ ਲਾਲ ਪਾਰਟੀ ਵਲੋਂ ਕੀਤੇ ਗਏ ਜ਼ਮੀਨੀ ਅੰਦੋਲਨ ਨੂੰ ਕਾਫੀ ਸਮਾਂ ਬੀਤ ਗਿਆ
ਸੀ ਪਰ ਲੋਕ ਅਜੇ ਤੱਕ ਉਸ ਨੂੰ ਭੁੱਲੇ ਨਹੀਂ ਸਨ।
ਅਜਿਹੇ ਸਮੇਂ ਵਿੱਚ ਬੁੱਧੀਜੀਵੀ ਚਾਹ ਦੀਆਂ ਦੁਕਾਨਾਂ ਅਤੇ ਕਾਫੀ ਹਾਊਸ ਵਿੱਚ
ਵਿਹਲੇ ਬੈਠ ਕੇ ਸਿਗਰਟ ਦੇ ਧੂੰਏਂ ਦੇ ਬੱਦਲਾਂ ਵਿੱਚੋਂ ਉਦਾਸੀ ਦੇ ਪਲਾਂ ਨੂੰ
ਦੂਰ ਕਰਨ ਦੀਆਂ ਤਰਕੀਬਾਂ ਲੱਭਣ ਦੀਆਂ ਕੋਸ਼ਿਸ਼ਾਂ ਕਰਦੇ ਸਨ। ਉਦਾਸੀ ਦਾ ਸਭ ਤੋਂ
ਵੱਡਾ ਕਾਰਨ ਇਹ ਸੀ ਕਿ ਜੋ ਕੁੱਝ ਬਾਕੀ ਦੇ ਸੰਸਾਰ ਦੇ ਲੋਕ ਕਰਨ ਦੇ ਸਮਰੱਥ ਹਨ
ਉਹ ਕੁੱਝ ਅਸੀਂ ਕਿਉਂ ਨਹੀਂ ਕਰ ਸਕਦੇ? ਕਾਮਰੇਡ ਮਾਉ ਦੀਆਂ ਟੂਕਾਂ ਦੀ ਲਾਲ
ਕਿਤਾਬ ਭਾਵੇਂ ਇਹ ਤਾਂ ਦੱਸਦੀ ਸੀ ਕਿ ਸੱਤਾ ਬੰਦੂਕ ਦੀ ਨਾਲੀ ਵਿੱਚੋਂ ਨਿਕਲਦੀ
ਹੈ ਪਰ ਇਹ ਨਹੀਂ ਸੀ ਦੱਸਦੀ ਕਿ ਬੰਦੂਕ ਦੀ ਨਾਲੀ ਦੀ ਸੇਧ ਕਿਸ ਪਾਸੇ ਨੂੰ ਹੋਵੇ।
ਸਿੱਟਾ ਇਹ ਕਿ ਜਿਹੜੇ ਮੁੱਠੀ ਭਰ ਜਵਾਨ ਹਥਿਆਰਬੰਦ ਇਨਕਲਾਬ ਦੀ ਰਾਹ ਉੱਤੇ ਤੁਰੇ
ਵੀ, ਉਨ੍ਹਾਂ ਨੂੰ ਜਮਾਤੀ ਦੁਸ਼ਮਣ ਦੀ ਹੀ ਪਛਾਣ ਨਾ ਹੋ ਸਕੀ। ਉਨ੍ਹਾਂ ਵਿੱਚੋਂ
ਕੁੱਝ ਨੂੰ ਬਾਦਲ ਦੀ ਸਰਕਾਰ ਨੇ ਪੱਛਮੀ ਬੰਗਾਲ ਦੀ ਸਿਧਾਰਸ਼ ਸ਼ੰਕਰ ਰੇਅ ਦੀ
ਮਿਸਾਲ ਉੱਤੇ ਅਮਲ ਕਰਦਿਆਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਅਤੇ
ਬਾਕੀ ਦਿਆਂ ਨੇ ਜੇਲ੍ਹਾਂ ਵਿੱਚ ਜਾ ਕੇ ਮਾਰਕਸਵਾਦ ਦਾ ਅਧਿਐਨ ਕਰਨ ਤੋਂ ਬਾਅਦ
ਵਿਅਕਤੀਗਤ ਕਤਲਾਂ ਦੀ ਲਾਈਨ ਨੂੰ ਹੀ ਗ਼ਲਤ ਕਰਾਰ ਦੇ ਦਿੱਤਾ। ਆਖਰ ਉਦਾਸ ਹੋ ਕੇ
ਕੁੱਝ ਘਰੀਂ ਬੈਠ ਗਏ ਅਤੇ ਕੁੱਝ ਬੁਰਜੁਆ ਸਮਾਜ ਦਾ ਹਿੱਸਾ ਬਣ ਕੇ ਨੌਕਰੀਆਂ
ਲੱਭਣ ਲੱਗੇ। ਇਸ ਤੋਂ ਵੱਡਾ ਉਦਾਸੀ ਦਾ ਹੋਰ ਕੀ ਕਾਰਨ ਹੋ ਸਕਦਾ ਹੈ ਕਿ ਇਨਕਲਾਬ
ਕਰ ਕੇ ਜੁਗ ਪਲਟਣ ਲਈ ਘਰੋਂ ਨਿਕਲੇ ਲੋਕ ਮੁੜ ਲੂਣ ਦੀ ਖਾਣ ਵਿੱਚ ਲੂਣ ਹੋਣ ਲਈ
ਮਜਬੂਰ ਹੋ ਗਏ?
ਸਮਾਂ ਬੀਤਣ ਉੱਤੇ ਸਵੈ ਅਲੋਚਨਾ ਕਰਨੀ ਜ਼ਰੂਰੀ ਹੁੰਦੀ ਹੈ। ਅੱਜ ਦੀ ਪੀੜ੍ਹੀ ਜਦੋਂ
ਨਿਰੋਲ ਪਦਾਰਥਵਾਦ ਜਾਂ ਖਪਤਵਾਦ ਦਾ ਸ਼ਿਕਾਰ ਹੋ ਕੇ ਲੋਕਾਈ ਦੀ ਗੱਲ ਕਰਨ ਦੀ ਥਾਂ
ਨਿੱਜ ਦੀ ਗੱਲ ਕਰਦੀ ਹੈ ਅਤੇ ਲੋਕਾਈ ਦੀ ਗੱਲ ਨੂੰ ਮੂਰਖਤਾ ਕਹਿੰਦੀ ਹੈ ਤਾਂ
ਉਨ੍ਹਾਂ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਇਹ ਗੱਲ ਮੰਨਣ ਵਿੱਚ ਕੀ ਹਰਜ਼
ਹੈ ਕਿ ਜਿਸ ਨਿਸ਼ਾਨੇ ਨੂੰ ਲੈ ਕੇ ਸਾਡੀ ਨਸਲ ਤੁਰੀ ਸੀ, ਉਹ ਪੂਰਾ ਨਹੀਂ ਹੋ
ਸਕਿਆ। ਦੂਜੇ ਸ਼ਬਦਾਂ ਵਿੱਚ ਇਹ ਨਸਲ ਹਾਰੀ ਹੋਈ ਨਸਲ ਹੈ। ਗੁੱਸਾ ਵੀ ਹਾਰੇ ਹੋਏ
ਬੰਦੇ ਨੂੰ ਉਦੋਂ ਹੀ ਆਉਂਦਾ ਹੈ ਜਦੋਂ ਉਸ ਨੂੰ ਕੋਈ ਇਹ ਚੇਤਾ ਕਰਵਾ ਦੇਵੇ ਕਿ
ਉਹ ਹਾਰਿਆ ਹੋਇਆ ਹੈ। ਜਿੱਤੇ ਹੋਏ ਨੂੰ ਨਾ ਕੋਈ ਮਿਹਣਾ ਮਾਰਦਾ ਹੈ ਅਤੇ ਨਾ ਹੀ
ਉਸ ਨੂੰ ਗੁੱਸਾ ਆਉਂਦਾ ਹੈ। ਇਸ ਉੱਤੇ ਕੋਈ ਉਦਾਸ ਹੋ ਜਾਵੇ ਤਾਂ ਮੁਰਾਰੀ ਕੀ ਕਰੇ?
ਵੈਸੇ ਉਦਾਸ ਹੋਣ ਲਈ ਤਾਂ ਮੌਸਮ ਦੀ ਖਰਾਬੀ ਹੀ ਕਾਫੀ ਹੁੰਦੀ ਹੈ। ਜਦੋਂ ਫਸਲਾਂ
ਪੱਕਣ ਦੇ ਦਿਨਾਂ ਦੌਰਾਨ ਬੱਦਲਾਂ ਦਾ ਕਹਿਰ ਆ ਪਵੇ ਅਤੇ ਜਦੋਂ ਧਰਮ ਕਰਮ ਦੋਵੇਂ
ਹੀ ‘ਛਪੁ ਖਲੋਤੇ’ ਹੋਣ ਉਦੋਂ ਪੱਕੀ ਖੇਤੀ ਦੇਖ ਕੇ ਮਾਣ ਕਰਨ ਵਾਲੇ ਕਿਰਸਾਨ
ਉਦਾਸ ਹੀ ਤਾਂ ਹੋਣਗੇ। ਸਾਰੇ ਸਾਲ ਦੀ ਕਮਾਈ ਰੁੜ੍ਹ ਜਾਣ ਦਾ ਖਤਰਾ ਜਿਉਂ ਪੈਦਾ
ਹੋ ਜਾਂਦਾ ਹੈ! ਅੱਗੋਂ ਜੇ ਥਾਂ ਥਾਂ ਬੱਦਲ ਛਾ ਜਾਣ ਅਤੇ ਇਉਂ ਲੱਗੇ ਕਿ ਬੱਦਲਾਂ
ਦਾ ਸਾਰਾ ਕੁਨਬਾ ਹੀ ਢਹਿ ਪਿਆ ਹੈ ਤਾਂ ਉਨ੍ਹਾਂ ਲਈ ਉਦਾਸੀ ਦਾ ਸਬੱਬ ਬਣਦਾ ਹੈ,
ਜਿਹੜੇ ਇਹ ਸੋਚਦੇ ਸਨ ਕਿ ਉਹ ਆਪਣੀ ਤਾਕਤ ਨਾਲ ਬੱਦਲਾਂ ਨੂੰ ਡੱਕ ਲੈਣਗੇ।
ਚਲੋ ਫਿਰ ਕਾਮਰੇਡਾਂ ਵੱਲ ਆਈਏ। ਇਹ ਦੱਸ ਸਕਣਾ ਔਖਾ ਹੈ ਕਿ ਇਸ ਸਮੇਂ ਪੰਜਾਬ
ਵਿੱਚ ਕਿੰਨੀਆਂ ਇਨਕਲਾਬੀ ਪਾਰਟੀਆਂ ਮੌਜੂਦ ਹਨ ਪਰ ਇਹ ਤਾਂ ਸਭ ਦੇ ਸਾਹਮਣੇ ਹੈ
ਕਿ ਹੁਣੇ ਜਿਹੇ ਹੋਈਆਂ ਚੋਣਾਂ ਵਿੱਚ ਕਿਸੇ ਵੀ ਕਾਮਰੇਡੀ ਪਾਰਟੀ ਨੂੰ ਕੋਈ ਸੀਟ
ਨਹੀਂ ਮਿਲੀ। ਇਨ੍ਹਾਂ ਦੀਆਂ ਵੋਟਾਂ ਦੀ ਫੀਸਦੀ ਵੀ ਅੱਜ ਤੱਕ ਏਨੀ ਘੱਟ ਨਹੀਂ ਸੀ
ਰਹੀ, ਜਿੰਨੀ ਹੁਣ ਰਹੀ ਹੈ। ਇਸਦੇ ਬਹੁਤ ਸਾਰੇ ਕਾਰਨਾਂ ਵਿੱਚੋਂ ਇੱਕ ਕਾਰਨ ਆਪਣੇ
ਸਾਥੀਆਂ ਜਾਂ ਸਹਿਯੋਗੀਆਂ ਦੀ ਸਹੀ ਪਛਾਣ ਨਾ ਕਰ ਸਕਣਾ ਹੈ। ਕਮਾਲ ਦੀ ਗੱਲ ਦੇਖੋ
ਕਿ ਸੰਨ ਚੌਂਹਠ ਵਿੱਚ ਕਾਂਗਰਸ ਨਾਲ ਸਾਂਝ ਭਿਆਲੀ ਨੂੰ ਗ਼ਲਤ ਕਹਿਣ ਵਾਲੇ ਜਿਹੜੇ
ਕਾਮਰੇਡ ਅਲੱਗ ਹੋ ਕੇ ਵੱਖਰੀ ਪਾਰਟੀ ਬਣਾ ਬੈਠੇ ਸਨ ਉਹ ਇਸ ਵਾਰੀ ਕਾਂਗਰਸ ਨਾਲ
ਸੀਟਾਂ ਦਾ ਲੈਣ ਦੇਣ ਕਰਨ ਲਈ ਕਾਹਲੇ ਸਨ। ਜਿਹੜੇ ਕਹਿੰਦੇ ਸਨ ਕਿ ਕਾਂਗਰਸ ਹੀ
ਉਨ੍ਹਾਂ ਦੀ ਕੁਦਰਤੀ ਸਹਿਯੋਗੀ ਹੈ ਉਹ ਇਸ ਨੂੰ ਚਿਮਟੇ ਨਾਲ ਵੀ ਨਹੀਂ ਸਨ ਫੜਨਾ
ਚਾਹੁੰਦੇ। ਚਾਲ਼੍ਹੀਆਂ ਸਾਲਾਂ ਵਿੱਚ ਘੜੀ ਬਿਲਕੁਲ ਹੀ ਪੁੱਠੀ ਚੱਲ ਪਵੇਗੀ, ਇਸਦਾ
ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ।
ਮੁਹਾਵਰਾ ਹੈ ਕਿ ਨੱਚਣ ਲੱਗੀ ਤਾਂ ਘੁੰਡ ਕੇਹਾ? ਜਦੋਂ ਚੋਣਾਂ ਰਾਹੀਂ ਸੱਤਾ ਉੱਤੇ
ਕਬਜ਼ਾ ਕਰਨ ਦਾ ਰਾਹ ਫੜ ਹੀ ਲਿਆ ਹੈ ਤਾਂ ਫਿਰ ਜੱਕੋ ਤੱਕੋ ਕਿਉਂ? ਫਿਰ ਕਿਉਂ ਨਾ
ਖੇਤਰੀ ਪਾਰਟੀਆਂ ਵਾਂਗ ਹੀ ਲਾਭ ਹਾਸਲ ਕਰਨ ਵਾਲੇ ਜੋੜ ਤੋੜ ਕੀਤੇ ਜਾਣ ਅਤੇ ਸੀਟਾਂ
ਹਾਸਲ ਕਰਨ ਲਈ ਸਹੀ ਸਾਥੀ ਭਾਲੇ ਜਾਣ? ਪਰ ਕਾਮਰੇਡਾਂ ਵਿੱਚ ਅਜੇ ਵੀ ਕਿਤੇ ਕਿਤੇ
ਸਿਧਾਂਤ ਦਾ ਅੜਿੱਕਾ ਡਾਹ ਹੀ ਲਿਆ ਜਾਂਦਾ ਹੈ। ਇਸੇ ਸਿਧਾਂਤ ਦੇ ਅੜਿੱਕੇ ਕਾਰਨ
ਹੀ ਬਹੁਤ ਸਾਰੇ ਮੌਕੇ ਹੱਥੋਂ ਗੁਆ ਲਏ ਜਾਂਦੇ ਹਨ। ਪਰ ਇਹ ਗੱਲ ਇਨ੍ਹਾਂ ਦੇ ਹੱਕ
ਵਿੱਚ ਜਾਂਦੀ ਹੈ ਕਿ ਬਾਅਦ ਵਿੱਚ ਇਸ ਗ਼ਲਤੀ ਨੂੰ ਮੰਨ ਵੀ ਲਿਆ ਜਾਂਦਾ ਹੈ। ਕਈ
ਵਾਰੀ ਤਾਂ ਜੋ ਨਹੀਂ ਵੀ ਕੀਤੀ ਹੁੰਦੀ ਉਹ ‘ਗ਼ਲਤੀ’ ਵੀ ਮੰਨ ਲਈ ਜਾਂਦੀ ਹੈ।
ਕਾਮਰੇਡ ਆਗੂਆਂ ਵਿੱਚੋਂ ਬਹੁਤਿਆਂ ਨੇ ਮਾਰਕਸਵਾਦ ਦੀ ਸਿੱਖਿਆ ਰੂਸੀਆਂ ਤੋਂ
ਹਾਸਲ ਕੀਤੀ ਸੀ। ਜੋ ਕੁੱਝ ਉਨ੍ਹਾਂ ਪੜ੍ਹਾਇਆ ਉਹੀ ਕੁੱਝ ਇਨ੍ਹਾਂ ਬਾਕੀਆਂ ਨੂੰ
ਸਿਖਾਇਆ। ਆਪ ਤਾਂ ਕਿਸੇ ਨੇ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਸੀ, ਹੋਰਾਂ ਨੂੰ ਕੀ
ਪੜ੍ਹਾਉਣਾ ਸੀ? ਕੱਚੇ ਮਾਸਟਰਾਂ ਨੇ ਵਿਦਿਆਰਥੀ ਹੋਰ ਵੀ ਕੱਚੇ ਪੈਦਾ ਕੀਤੇ।
ਸਿੱਟਾ ਸਭ ਦੇ ਸਾਹਮਣੇ ਹੈ।
ਭਾਰਤ ਵਿੱਚ ਇਸ ਸਮੇਂ ਹਰੇਕ ਸੂਬੇ ਦੀ ਵੱਖਰੀ ਸਿਆਸਤ ਹੈ। ਹਰੇਕ ਸੂਬੇ ਦੀ ਹਾਲਤ
ਵੀ ਵੱਖੋ ਵੱਖਰੀ ਹੈ। ਇਸ ਹਿਸਾਬ ਨਾਲ ਭਾਰਤ ਇੱਕ ਦੇਸ਼ ਨਹੀਂ ਸਗੋਂ ਕਈ ਦੇਸ਼ਾਂ
ਦਾ ਸਮੂਹ ਹੈ। ਖੇਤਰੀ ਪਾਰਟੀਆਂ ਦਾ ਉਭਾਰ ਅਤੇ ਕਈ ਸੂਬਿਆਂ ਵਿੱਚ ਇਨ੍ਹਾਂ ਦੀਆਂ
ਸਰਕਾਰਾਂ ਇਹੀ ਸਾਬਤ ਕਰਦੀਆਂ ਹਨ ਕਿ ਵੱਖ ਵੱਖ ਸੂਬੇ ਵਿੱਚ ਵੱਖ ਵੱਖ ਪੈਂਤੜਾ
ਹੀ ਲੈਣਾ ਚਾਹੀਦਾ ਹੈ। ਜਦੋਂ ਸਾਰੇ ਭਾਰਤ ਵਿੱਚ ਇੱਕ ਹੀ ਪੈਂਤੜਾ ਲਿਆ ਜਾਵੇ ਅਤੇ
ਇੱਕੋ ਹੀ ਰਣਨੀਤੀ ਅਪਣਾਈ ਜਾਵੇ ਤਾਂ ਇਹ ਇੱਕ ਥਾਂ ਉੱਤੇ ਸਫਲ ਹੋਵੇਗੀ ਪਰ ਬਹੁਤੀ
ਥਾਈਂ ਅਸਫਲ। ਪੰਜਾਬ ਵਿੱਚ ਕਾਂਗਰਸ ਨਾਲ ਭਾਈਵਾਲੀ ਪਾਉਣ ਦੀ ਨੀਤੀ ਨੇ ਅਸਫਲ਼
ਹੋਣਾ ਹੀ ਸੀ ਕਿਉਂਕਿ ਅੱਜ ਦੀ ਕਾਂਗਰਸ ਕਾਮਰੇਡਾਂ ਦੀ ਕੁਦਰਤੀ ਭਾਈਵਾਲ ਨਹੀਂ
ਰਹੀ। ਅਕਾਲੀ ਦਲ ਵਾਲੇ ਕੁਦਰਤੀ ਭਾਈਵਾਲ ਹੋ ਸਕਦੇ ਸਨ ਪਰ ਕਾਮਰੇਡਾਂ ਵਲੋਂ
ਮਾਰਕਸਵਾਦ ਨੂੰ ਸਹੀ ਢੰਗ ਨਾਲ ਲਾਗੂ ਨਾ ਕਰ ਸਕਣ ਕਾਰਨ ਉਹ ਨਾ ਸਿਰਫ ਦੂਰ ਹੀ
ਰਹੇ ਸਗੋਂ ਨਿਰੋਲ ਫਾਸ਼ੀ ਰੁਚੀਆਂ ਵਾਲੀ ਪਾਰਟੀ ਦੇ ਢਹੇ ਚੜ੍ਹ ਗਏ। ਇਸ ਤੋਂ ਵੱਡੀ
ਸ਼ਰਮ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਲਈ
ਜਨ ਸੰਘ ਵਰਗੀ ਪਾਰਟੀ ਉੱਤੇ ਟੇਕ ਰੱਖਣੀ ਪਵੇ ਜਿਸਦਾ ਆਧਾਰ ਵੀ ਆਰ ਐਸ ਐਸ ਹੈ
ਅਤੇ ਜਿਸਦੀਆਂ ਤਾਰਾਂ ਵੀ ਉਹੀ ਖਿੱਚ ਕੇ ਨਚਾਉਂਦੀ ਹੈ। ਕਾਮਰੇਡਾਂ ਨੂੰ ਸਮਝ ਉਦੋਂ
ਆਉਣੀ ਹੈ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਰਲ ਜਾਣਾ ਹੈ ਅਤੇ ਤੀਜੀ
ਧਿਰ ਜਾਂ ਖੇਤਰੀ ਪਾਰਟੀਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਣਾ ਹੈ।
ਹੁਣ ਉਮਰ ਮਰਹੂਮ ਸ਼ੌਕੀਨ ਸਿੰਘ ਦੀ ਕਵਿਤਾ ਵਾਂਗ ਰਿਕਸ਼ਾ ਵਿੱਚ ਜਾ ਰਹੀ ਕੁੜੀ ਦੇ
ਦੁਪੱਟੇ ਦੇ ਚੱਕੇ ਵਿੱਚ ਫਸਣ ਉੱਤੇ ਚਿੰਤਾ ਕਰਨ ਦੀ ਨਹੀਂ ਰਹੀ। ਨਾ ਹੀ ਉਦਾਸੀ
ਦਾ ਸਬੱਬ ਹੀ ਮਾਸ਼ੂਕ ਦਾ ਰੁੱਸਣਾ ਬਣਦਾ ਹੈ। ਹੁਣ ਤਾਂ ਉਦਾਸੀ ਦਾ ਕਾਰਨ ਹੋਰ ਹੀ
ਹੁੰਦਾ ਹੈ ਜਿਸ ਦਾ ਸਬੰਧ ਬੀਤ ਚੁੱਕੀਆਂ ਜਾਂ ਬੀਤਣ ਜਾ ਰਹੀਆਂ ਜ਼ਿੰਦਗੀਆਂ ਨਾਲ
ਹੁੰਦਾ ਹੈ। ਜ਼ਿੰਦਗੀ ਦੇ ਆਖਰੀ ਸਾਲਾਂ ਦੌਰਾਨ ਜਦੋਂ ਬੰਦਾ ਬੈਠ ਕੇ ਮਾਰਚ ਦੇ
ਮਹੀਨੇ ਬੱਦਲ ਛਾਉਣ ਅਤੇ ਵਰ੍ਹਨ ਉੱਤੇ ਸੋਚਦਾ ਹੈ ਕਿ ਮੌਸਮ ਬਹੁਤ ਹੀ ਖਰਾਬ ਹੈ
ਤਾਂ ਸਮਝ ਆਉਂਦੀ ਹੈ ਕਿ ਉਮਰ ਢਲ ਗਈ ਹੈ। ਵਰਨਾ ਕੁਝ ਸਾਲ ਪਹਿਲਾਂ ਅਜਿਹੇ ਸਮੇਂ
ਕਿਹਾ ਜਾਂਦਾ ਸੀ ਕਿ ਮੌਸਮ ਆਸ਼ਕਾਨਾ ਹੋ ਗਿਆ ਹੈ। ਬਾਰਸ਼ ਭਾਵੇਂ ਫਸਲਾਂ ਦੇ ਪੱਕਣ
ਸਮੇਂ ਹੀ ਕਿਉਂ ਨਾ ਪੈ ਰਹੀ ਹੋਵੇ ਰੋਮਾਂਸ ਦਾ ਮੌਸਮ ਬਦੋਬਦੀ ਬਣ ਜਾਂਦਾ ਸੀ।
ਉਦੋਂ ਚੋਂਦੇ ਕੱਚੇ ਕੋਠਿਆਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਪੈਰਾਂ ਨਾਲ ਚੁਰਾਂ
ਬੰਦ ਕਰਨ ਵਿੱਚ ਵੀ ਮਜ਼ਾ ਆਉਂਦਾ ਸੀ। ਹੁਣ ਮੋਹਲੇਧਾਰ ਮੀਂਹ ਦੌਰਾਨ ਵਰਾਂਡੇ
ਵਿੱਚ ਬੈਠ ਕੇ ਚੁਸਕੀਆਂ ਲੈਣ ਵਿੱਚ ਵੀ ਉਦਾਸੀ ਛਾ ਜਾਂਦੀ ਹੈ। ਜ਼ਮਾਨਾ ਕਿੰਨਾ
ਬਦਲ ਗਿਆ ਹੈ!
ਮੁਰਾਰੀ ਉਦਾਸ ਹੈ ਤਾਂ ਇਸਦਾ ਕਾਰਨ ਇਹ ਹੈ ਕਿ ਉਹ ਹੁਣ ਹਾਰੀ ਹੋਈ ਨਸਲ ਦਾ
ਨੁਮਾਇੰਦਾ ਬਣ ਗਿਆ ਹੈ। ਇਸ ਉਦਾਸੀ ਵਿੱਚ ਮੁਰਾਰੀ ਦੀਆਂ ਦਿਲਜੋਈਆਂ ਅਤੇ
ਦਿਲਬਰੀਆਂ ਉਸ ਦਿਲਦਾਰ ਲਈ ਹਨ ਜਿਹੜਾ ਉਸਦੀ ਆਪਣੀ ਹੀ ਗ਼ਲਤੀ ਕਾਰਨ ਵਿਛੜ ਗਿਆ
ਹੈ। ਕਿਸੇ ਨੂੰ ਕੀ ਦੋਸ਼ ਦੇਈਏ ਮੇਰੇ ਦਿਲਦਾਰ?
****
#412,
ਸੈਕਟਰ
30
ਏ,
ਚੰਡੀਗੜ੍ਹ।
E-Mail:
dalbirsingh50@yahoo.com
(29 ਅਪਰੈਲ
2007) ਯੂਨੀਕੋਡ