ਜਦੋਂ ਸੋਚਿਆ ਸੀ ਕਿ ਇਸ ਹਫਤੇ ਭਗਤ ਸਿੰਘ ਬਾਰੇ ਲਿਖਾਂਗਾ ਤਾਂ ਮੇਰੇ ਮਨ ਵਿੱਚ
ਸਰਦਾਰ ਭਗਤ ਸਿੰਘ ਸ਼ਹੀਦ ਦੀ ਹੀ ਤਸਵੀਰ ਸੀ। ਪਰ ਦੋਸਤੋ ਮਨ ਬਹੁਤ ਹੀ ਬਦਮਾਸ਼
ਸ਼ੈਅ ਹੈ। ਪਤਾ ਨਹੀਂ ਕਿਹੜੇ ਵੇਲੇ ਕਿਸ ਪਾਸੇ ਨੂੰ ਸੁਰ ਬਦਲ ਲਵੇ। ਇਹ ਪਲ ਵਿੱਚ
ਤੋਲਾ ਅਤੇ ਪਲ ਵਿੱਚ ਹੀ ਮਾਸਾ ਹੋ ਜਾਂਦਾ ਹੈ। ਪਲ ਪਲ ਰੰਗ ਬਦਲਦਾ ਹੈ। ਕਦੀ
ਰੋਹ ਨਾਲ ਭਰ ਜਾਂਦਾ ਹੈ ਅਤੇ ਕਦੀ ਭਗਤੀ ਨਾਲ। ਇਸ ਲਈ ਇਸ ਉੱਤੇ ਇਤਬਾਰ ਨਹੀਂ
ਕੀਤਾ ਜਾ ਸਕਦਾ।
ਇਸ ਉੱਤੇ ਇਤਬਾਰ ਇਸ ਕਾਰਨ ਨਹੀਂ ਕੀਤਾ ਜਾ ਸਕਦਾ ਕਿ ਇਹ ਬਹੁਤ ਹੀ ਚੰਚਲ ਹੈ।
ਚੰਚਲ ਮਨ ਕਦੇ ਵੀ ਠਹਿਰ ਕੇ ਨਹੀਂ ਸੋਚ ਸਕਦਾ। ਚੰਚਲ ਬੰਦੇ ਅਤੇ ਚੰਚਲ ਨਾਰੀ
ਨੂੰ ਇਸੇ ਕਾਰਨ ਹੀ ਮਨਮੋਹਣਾ ਜਾਂ ਮਨਮੋਹਣੀ ਕਿਹਾ ਜਾਂਦਾ ਹੈ। ਜਿਸ ਦਾ ਸਬੰਧ
ਹੀ ਕਿਸੇ ਨੂੰ ਮੋਹਣ ਨਾਲ ਹੋਵੇ ਉਹ ਤਾਂ ਪਲ ਪਲ ਰੰਗ ਬਦਲੇਗਾ ਹੀ। ਇਸ ਲਈ ਉਸ
ਨੂੰ ਭਗਤ ਸਿੰਘ ਦੀ ਗੱਲ ਕਰਨ ਸਮੇਂ ਕਈ ਕਈ ਭਗਤਾਂ ਦਾ ਚੇਤਾ ਆਵੇਗਾ।
ਸਭ ਤੋਂ ਪਹਿਲਾ ਭਗਤ ਸਿੰਘ ਤਾਂ ਸਾਡੇ ਪਿੰਡ ਦਾ ਭਗਤਾ ਹੀ ਸੀ ਜਿਹੜਾ ਜਵਾਨੀ ਦੇ
ਦਿਨੀਂ ਡਾਕੂ ਰਹਿ ਚੁੱਕਾ ਸੀ ਅਤੇ ਢਲਦੀ ਉਮਰ ਦਾ ਹੋਣ ਦੇ ਬਾਵਜੂਦ ਲੋਕ ਉਸ
ਪਾਸੋਂ ਡਰਦੇ ਸਨ। ਅਸੀਂ ਬੱਚੇ ਤਾਂ ਜ਼ਰੂਰ ਹੀ ਡਰਦੇ ਸਾਂ ਅਤੇ ਸਾਡੇ ਮਾਪੇ
ਸਾਨੂੰ ਉਸਦੇ ਖੇਤਾਂ ਤੋਂ ਦੂਰ ਰਹਿਣ ਦੀ ਹਦਾਇਤ ਕਰਦੇ ਹੁੰਦੇ ਸਨ। ਕਹਿੰਦੇ ਹਨ
ਕਿ ਉਹ ਆਜ਼ਾਦੀ ਤੋਂ ਪਹਿਲਾਂ ਦੂਰ ਦੂਰ ਦੇ ਪਿੰਡਾਂ ਵਿੱਚ ਡਾਕੇ ਮਾਰਦਾ ਹੁੰਦਾ
ਸੀ ਅਤੇ ਪੁਲੀਸ ਉਸ ਨੂੰ ਫੜਨ ਦੀ ਹਿੰਮਤ ਨਹੀਂ ਸੀ ਕਰਦੀ ਹੁੰਦੀ। ਇਲਾਕੇ ਦਾ
ਹੋਰ ਕੋਈ ਡਾਕੂ ਉਸਦੇ ਹੁੰਦਿਆਂ ਪਿੰਡ ਵੱਲ ਮੂੰਹ ਨਹੀਂ ਸੀ ਕਰ ਸਕਦਾ। ਇਹ ਵੀ
ਦੰਦ ਕਥਾ ਸੀ ਕਿ ਉਸ ਨੇ ਪਿੰਡ ਦੇ ਹੀ ਇੱਕ ਗੱਦਾਰ ਨੂੰ ਸੱਥ ਵਿੱਚ ਮਾਰ ਦਿੱਤਾ
ਸੀ ਅਤੇ ਉਸਦੀ ਲਾਸ਼ ਚੁੱਕ ਕੇ ਰੇਲਵੇ ਲਾਈਨ ਉੱਤੇ ਸੁੱਟ ਆਇਆ ਸੀ। ਸਾਰੇ ਪਿੰਡ
ਨੇ ਉਸ ਨੂੰ ਦੇਖਿਆ ਸੀ ਪਰ ਕਿਸੇ ਦੀ ਹਿੰਮਤ ਨਹੀਂ ਸੀ ਪਈ ਕਿ ਮੁਖਬਰੀ ਕਰ ਸਕੇ।
ਏਨੇ ਧੜਵੈਲ ਬੰਦੇ ਨੂੰ ਜਦੋਂ ਆਖਰੀ ਉਮਰੇ ਪੂਜਾ ਪਾਠ ਕਰਦੇ ਦੇਖਿਆ ਤਾਂ ਜਵਾਨੀ
ਵਿੱਚ ਮਨ ਦੇ ਚੰਚਲ ਅਤੇ ਤਨ ਦੇ ਤੱਕੜੇ ਹੋਣ ਦੀ ਗੱਲ ਸਮਝ ਆਉਣੀ ਸ਼ੁਰੂ ਹੋਈ।
ਉਦੋਂ ਹੀ ਕਿਤੇ ਬਾਬਾ ਫਰੀਦ ਦੇ ਸ਼ਲੋਕ ਵੀ ਪੜ੍ਹੇ ਅਤੇ ਭਗਤੇ ਦੀ ਢਲਦੀ ਉਮਰ ਦੀ
ਭਗਤੀ ਦੀ ਵੀ ਸਮਝ ਆਈ।
ਦੂਜਾ ਭਗਤ ਸਿੰਘ ਮੇਰੀ ਜ਼ਿੰਦਗੀ ਵਿੱਚ ਉਦੋਂ ਆਇਆ ਜਦੋਂ ਮੈਂ ਅਖਬਾਰੀ ਦੁਨੀਆਂ
ਵਿੱਚ ਦਾਖਲ ਹੋਣਾ ਸੀ। ਰੇਲਵੇ ਵਿੱਚ ਮੇਰੇ ਪਿਤਾ ਦੇ ਕੰਮ ਸਾਥੀ ਸਰਦਾਰ ਭਗਤ
ਸਿੰਘ ਦੀ ਜਗਜੀਤ ਸਿੰਘ ਆਨੰਦ ਨਾਲ ਵਾਕਫੀ ਹੀ ਮੈਨੂੰ ਇਸ ਖੇਤਰ ਵਿੱਚ ਦਾਖਲ
ਕਰਵਾਉਣ ਦਾ ਸਬੱਬ ਬਣੀ ਸੀ। ਇੱਥੇ ਆ ਕੇ ਹੀ ਸ਼ਹੀਦ ਭਗਤ ਸਿੰਘ ਨੂੰ ਅਸਲ ਵਿੱਚ
ਜਾਨਣ ਦਾ ਮੌਕਾ ਮਿਲਿਆ ਸੀ ਅਤੇ ਉਨ੍ਹਾਂ ਨਿਸ਼ਾਨਿਆਂ ਨੂੰ ਸਮਝਣ ਦਾ ਵੀ ਜਿਨ੍ਹਾਂ
ਦੀ ਪਰਾਪਤੀ ਲਈ ਉਹ ਜੂਝਦਾ ਹੋਇਆ ਹੱਸ ਕੇ ਫਾਂਸੀ ਚੜ੍ਹ ਗਿਆ ਸੀ। ਜਾਂਦਾ ਹੋਇਆ
ਕਈ ਨਸਲਾਂ ਨੂੰ ਇਨਕਲਾਬੀ ਪਹੁਲ ਵੀ ਦੇ ਗਿਆ ਸੀ।
ਭਾਵੇਂ ਮੈਨੂੰ ਭਗਤ ਸਿੰਘ ਦਾ ਨਾਂ ਬਚਪਨ ਵਿੱਚ ਹੀ ਪਤਾ ਲੱਗ ਗਿਆ ਸੀ ਪਰ ਉਸ
ਨੂੰ ਜਾਨਣ ਦਾ ਮੌਕਾ ਬਹੁਤ ਬਾਅਦ ਵਿੱਚ ਮਿਲਿਆ ਸੀ। ਗੱਲ ਖਬਰੇ ਚੌਥੀ ਪੰਜਵੀਂ
ਜਮਾਤ ਦੀ ਹੈ ਜਦੋਂ ਕਲਾਸ ਵਿੱਚ ਮਾਸਟਰ ਜੀ ਨੇ ਭਗਤ ਸਿੰਘ ਦੀ ਘੋੜੀ ਕਿਸੇ
ਸਕੂਲੀ ਸਮਾਗਮ ਲਈ ਚੇਤੇ ਕਰਵਾਈ ਸੀ। ਬਹੁਤ ਹੀ ਮਕਬੂਲ ਸੀ ਇਹ ਘੋੜੀ ਉਨ੍ਹੀਂ
ਦਿਨੀਂ। ਬਹੁਤ ਲੋਕਾਂ ਨੂੰ ਸ਼ਾਇਦ ਹੈਰਾਨੀ ਵਾਲੀ ਗੱਲ ਲੱਗੇ ਪਰ ਮੈਨੂੰ ਇਹ ਦੱਸਣ
ਵਿੱਚ ਕੋਈ ਝਿਜਕ ਨਹੀਂ ਕਿ ਕਈ ਸਾਲਾਂ ਤੱਕ ਮੈਨੂੰ ਪਤਾ ਹੀ ਨਹੀਂ ਸੀ ਕਿ ਭਗਤ
ਸਿੰਘ ਅਤੇ ਦੱਤ ਦੋ ਅਲੱਗ ਅਲੱਗ ਸ਼ਖ਼ਸ ਹਨ। ‘ਜੰਜ ਚੜ੍ਹ ਪਈ ਭਗਤ ਸਿੰਘ ਦੱਤ
ਦੀ..’ ਦੇ ਬੋਲਾਂ ਤੋਂ ਲਗਦਾ ਸੀ ਕਿ ਇਹ ਇੱਕੋ ਹੀ ਨਾਂ ਹੈ। ਬੱਕੂਟੇਸ਼ਵਰ ਦੱਤ
ਕੋਈ ਅਲੱਗ ਇਨਕਲਾਬੀ ਸੀ ਇਹ ਤਾਂ ਉਦੋਂ ਪਤਾ ਲੱਗਾ ਜਦੋਂ ਆਜ਼ਾਦੀ ਸੰਗਰਾਮ ਬਾਰੇ
ਨਿੱਠ ਕੇ ਪੜ੍ਹਨ ਦਾ ਦੌਰ ਸ਼ੁਰੂ ਹੋਇਆ।
ਇਸ ਦੌਰ ਤੋਂ ਪਹਿਲਾਂ ਮੇਰੇ ਲਈ ਦੋ ਹੋਰ ਭਗਤ ਕਾਫੀ ਪਸੰਦੀਦਾ ਭਗਤ ਸਨ। ਇਨ੍ਹਾਂ
ਵਿੱਚੋਂ ਇੱਕ ਦਾ ਤਾਂ ਜਿਵੇਂ ਜ਼ਿਕਰ ਕੀਤਾ ਹੀ ਹੈ, ਬਾਬਾ ਫਰੀਦ ਸ਼ੱਕਰ ਗੰਜ ਸਨ
ਜਿਨ੍ਹਾਂ ਦੇ ਸਲੋਕ ਹਾਇਰ ਸਕੈਂਡਰੀ ਵਿੱਚ ਸਿਲੇਬਸ ਵਿੱਚ ਲਗੇ ਹੋਏ ਸਨ। ਆਪਣੀ
ਗੱਲ ਨੂੰ ਸੌਖੇ ਢੰਗ ਨਾਲ ਕਹਿਣ ਦੀ ਜਿਹੜੀ ਜੁਗਤ ਬਾਬਾ ਫਰੀਦ ਦੇ ਹਿੱਸੇ ਆਈ
ਹੈ, ਉਸ ਵਰਗੀ ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਲੋਕ ਬੋਲੀਆਂ ਜਾਂ ਮੁਹਾਵਰਿਆਂ
ਦਾ ਰੂਪ ਧਾਰਨ ਕਰ ਗਏ ਇਹ ਸਲੋਕ ਉਦੋਂ ਦੇ ਹੀ ਪੜ੍ਹੇ ਹੋਏ ਅੱਜ ਤੱਕ ਚੇਤੇ ਹਨ।
ਕਦੀ ਕਦੀ ਆਪ ਮੁਹਾਰੇ ਹੀ ਇਹ ਮੂੰਹ ਉੱਤੇ ਆ ਜਾਂਦੇ ਹਨ। ਪਿੰਡ ਵਾਲੇ ਭਗਤੇ ਦੀ
ਆਖਰੀ ਉਮਰ ਦੀ ਭਗਤੀ ਨੂੰ ਵੀ ਬਾਬਾ ਫਰੀਦ ਦੇ ਸਲੋਕਾਂ ਨੂੰ ਜਾਣ ਕੇ ਹੀ ਸਮਝਿਆ
ਸਾਂ।
ਦੂਜਾ ਭਗਤ ਸਾਡੇ ਪਿੰਡ ਤੋਂ ਕੁੱਝ ਮੀਲ ਦੂਰ ਜੌਹਲਾਂ ਪਿੰਡ ਦੇ ਨਿਰਮਲੇ ਸੰਤਾਂ
ਦੇ ਡੇਰੇ ਦਾ ਬਹੁਤ ਹੀ ਸ਼ਾਂਤ ਚਿਹਰੇ ਵਾਲਾ ਜਵਾਨ ਸਾਧ ਸੀ ਜਿਹੜਾ ਗਜਾ ਕਰਨ ਆਇਆ
ਸਿਰਫ ਸੱਤਨਾਮ ਕਹਿ ਕੇ ਹੀ ਅੱਗੇ ਤੁਰ ਜਾਂਦਾ ਸੀ। ਤਰੀਮਤਾਂ ਜਾਂ ਤਾਂ ਪਹਿਲਾਂ
ਹੀ ਰੋਟੀ ਅਤੇ ਦਾਲ ਵਗੈਰਾ ਲਈ ਦਰਵਾਜ਼ੇ ਵਿੱਚ ਖੜ੍ਹੀਆਂ ਰਹਿੰਦੀਆਂ ਸਨ ਅਤੇ ਜਾਂ
ਫਿਰ ਉਨ੍ਹਾਂ ਨੂੰ ਉਸਦੇ ਮਗਰ ਜਾ ਕੇ ਰੋਟੀ ਦੇਣੀ ਪੈਂਦੀ ਸੀ। ਜਦੋਂ ਅਜੇ ਮੈਂ
ਪੰਜਵੀਂ ਜਾਂ ਛੇਵੀਂ ਵਿੱਚ ਹੀ ਪੜ੍ਹਦਾ ਸੀ ਕਿ ਮੇਰੇ ਮਨ ਵਿੱਚ ਸੰਤਾਂ ਦਾ ਚੇਲਾ
ਬਣਨ ਦੀ ਤੀਬਰ ਇੱਛਾ ਜਾਗ ਪਈ ਸੀ। ਹੁਣ ਚੇਤੇ ਨਹੀਂ ਕਿ ਮੇਰੇ ਮਾਤਾ ਪਿਤਾ ਨੇ
ਕਿਹੜੇ ਕਿਹੜੇ ਤਰੀਕੇ ਵਰਤ ਕੇ ਮੈਨੂੰ ਇਸ ਕੰਮ ਤੋਂ ਵਰਜਿਆ ਹੋਵੇਗਾ। ਪਰ ਉਦੋਂ
ਇਹੀ ਜਾਪਦਾ ਸੀ ਕਿ ਕਬੀਰ ਜੀ ਦੇ ਕਥਨ ਵਾਂਗ ਬੰਦੇ ਨੂੰ ਜਾਂ ਤਾਂ ਸੂਰਬੀਰ ਬਣਨਾ
ਚਾਹੀਦਾ ਹੈ ਅਤੇ ਜਾਂ ਫਿਰ ਭਗਤੀ ਕਰਨੀ ਚਾਹੀਦੀ ਹੈ। ਸੂਰਬੀਰ ਬਣਨ ਦਾ ਕੋਈ
ਕਾਰਨ ਵੀ ਨਹੀਂ ਸੀ ਅਤੇ ਮੌਕਾ ਵੀ ਨਹੀਂ। ਭਗਤ ਬਣਨ ਦੀ ਇੱਛਾ ਸੀ, ਜਿਹੜੀ
ਮਾਪਿਆਂ ਨੇ ਟਾਲ ਦਿੱਤੀ ਸੀ।
ਭਗਤ ਦੀ ਗੱਲ ਕਰਦਿਆਂ ਬਗਲਾ ਭਗਤ ਤਾਂ ਚੇਤੇ ਆ ਹੀ ਜਾਂਦਾ ਹੈ। ਆਮ ਕਹਾਣੀਆਂ
ਮੁਤਾਬਕ ਬਗਲੇ ਨੂੰ ਢੋਂਗੀ ਭਗਤ ਕਿਹਾ ਜਾਂਦਾ ਹੈ ਪਰ ਅਸਲ ਵਿੱਚ ਜ਼ਿੰਦਗੀ ਵਿੱਚ
ਥਾਂ ਥਾਂ ਬਗਲੇ ਭਗਤ ਮਿਲ ਪੈਂਦੇ ਹਨ। ਉਹ ਲੋਕਾਈ ਦੀ ਭਲਾਈ ਲਈ ਰੋਣ ਦਾ ਨਾਟਕ
ਕਰਦੇ ਹਨ ਅਤੇ ਲੋਕਾਈ ਦੀ ਹੀ ਜਾਨ ਦਾ ਖੌਅ ਬਣਦੇ ਹਨ। ਕਿਸ ਕਿਸਦੀ ਗੱਲ ਕਰੀਏ?
ਕੋਈ ਦਿਨ, ਕੋਈ ਥਾਂ, ਕੋਈ ਘਟਨਾ ਐਸੀ ਨਹੀਂ ਜਿਸ ਵਿੱਚ ਇਸ ਤਰ੍ਹਾਂ ਦੇ ਬਗਲੇ
ਭਗਤਾਂ ਦੇ ਦਰਸ਼ਨ ਨਾ ਹੁੰਦੇ ਹੋਣ। ਵੈਸੇ ਤਾਂ ਇਹ ਸਫੈਦ ਹੀ ਹੁੰਦੇ ਹਨ ਪਰ ਕਦੀ
ਕਦੀ ਨੀਲੇ, ਪੀਲੇ, ਕਾਲੇ, ਭੂਰੇ ਅਤੇ ਲਾਲ ਵੀ ਹੋ ਜਾਂਦੇ ਹਨ। ਰੰਗ ਬਦਲ ਬਦਲ
ਕੇ ਲੋਕਾਂ ਸਾਹਮਣੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਮੂਰਖ ਬਣਾਉਂਦੇ ਹਨ। ਲੋਕ
ਮੂਰਖ ਬਣ ਜਾਂਦੇ ਹਨ ਹਨ ਕਿਉਂਕਿ ਉਨ੍ਹਾਂ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ
ਹੀ ਨਹੀਂ ਹੁੰਦਾ। ਜੰਗੇ ਆਜ਼ਾਦੀ ਦੇ ਸ਼ਹੀਦਾਂ ਨੇ ਜਿਸ ਤਰ੍ਹਾਂ ਦੇ ਭਾਰਤ ਦੀ
ਕਾਮਨਾ ਕੀਤੀ ਸੀ, ਉਸ ਤਰ੍ਹਾਂ ਦਾ ਭਾਰਤ ਅਸੀਂ ਬਣਾ ਹੀ ਨਹੀਂ ਸਕੇ।
ਸਾਡੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਤਾਂ
ਕਰਦੇ ਹਾਂ ਪਰ ਉਨ੍ਹਾਂ ਬਾਰੇ ਗਿਆਨ ਹਾਸਲ ਨਹੀਂ ਕਰਦੇ। ਜਾਂ ਫਿਰ ਅਸੀਂ ਉਨ੍ਹਾਂ
ਨੂੰ ਸਿੱਖਾਂ ਅਤੇ ਹਿੰਦੂਆਂ ਵਿੱਚ ਵੰਡ ਕੇ ਦੇਖਦੇ ਹਾਂ। ਭਗਤ ਸਿੰਘ ਨੂੰ ਵੀ
ਇਸੇ ਤਰ੍ਹਾਂ ਹੀ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੁੱਝ ਲੋਕ ਉਸ ਨੂੰ ਸਿੱਖ
ਕਹਿੰਦੇ ਹਨ ਅਤੇ ਕੁੱਝ ਹੋਰ ਆਰੀਆ ਸਮਾਜੀ। ਕੁੱਝ ਉਸ ਨੂੰ ਨਾਸਤਕ ਕਹਿ ਕੇ
ਨਿਰੋਲ ਕਮਿਊਨਿਸਟਾਂ ਦੀ ਜਾਇਦਾਦ ਬਨਾਉਣ ਦੀ ਕੋਸ਼ਿਸ਼ ਕਰਦੇ ਹਨ। ਆਰੀਆ ਸਮਾਜੀ
ਕਹਿੰਦੇ ਹਨ ਕਿ ਉਸ ਨੇ ਦੇਸ਼ ਲਈ ਰੋਮ ਤੱਕ ਕੁਰਬਾਨ ਕਰ ਦਿੱਤੇ ਸਨ, ਇਸ ਲਈ ਉਹ
ਹਿੰਦੂ ਦੇਸ਼ ਭਗਤ ਸੀ। ਕਾਮਰੇਡ ਕਹਿੰਦੇ ਹਨ ਕਿ ਉਹ ਨਾਸਤਕ ਸੀ ਅਤੇ ਮਾਰਕਸਵਾਦ
ਦਾ ਅਧਿਐਨ ਕਰ ਰਿਹਾ ਸੀ। ਇਸ ਲਈ ਉਹ ਕਮਿਊਨਿਸਟ ਸੀ। ਸਿੱਖ ਕਹਿੰਦੇ ਹਨ ਕਿ
ਆਖਰੀ ਦਿਨਾਂ ਵਿੱਚ ਉਸ ਨੇ ਅੰਮ੍ਰਿਤ ਛਕਣ ਦੀ ਹਾਮੀ ਭਰ ਦਿੱਤੀ ਸੀ; ਇਸ ਲਈ ਉਹ
ਸਿੱਖਾਂ ਦਾ ਸ਼ਹੀਦ ਸੀ। ਕੁੱਝ ਸਾਲ ਪਹਿਲਾਂ ਤਾਂ ਸਿੱਖਾਂ ਦੇ ਕੁੱਝ ਹਲਕਿਆਂ ਨੇ
ਇੱਕ ਹੋਰ ਦਲੀਲ ਦਿੱਤੀ ਸੀ ਕਿ ਕਿਉਂਕਿ ਭਗਤ ਸਿੰਘ ਨੇ ਧਰਮ ਲਈ ਜਾਨ ਨਹੀਂ ਸੀ
ਦਿੱਤੀ, ਇਸ ਲਈ ਉਸ ਨੂੰ ਸ਼ਹੀਦ ਹੀ ਨਹੀਂ ਮੰਨਿਆ ਜਾ ਸਕਦਾ। ਵੱਧ ਤੋਂ ਵੱਧ ਉਸ
ਨੂੰ ਪੌੜੀ ਦੇ ਨੀਵੇਂ ਪੌਡੇ ਦਾ ਸ਼ਹੀਦ ਹੀ ਕਿਹਾ ਜਾ ਸਕਦਾ ਹੈ। ਇਹ ਗੱਲ ਉਨ੍ਹਾਂ
ਸਿਰਦਾਰ ਕਪੂਰ ਸਿੰਘ ਦੀ ਕਿਤਾਬ ‘ਸਾਚੀ ਸਾਖੀ’ ਨੂੰ ਆਧਾਰ ਬਣਾ ਕੇ ਕਹੀ ਸੀ।
ਇਸਦਾ ਮਕਸਦ ਇਹ ਕਹਿਣਾ ਸੀ ਕਿ ਜੇ ਭਗਤ ਸਿੰਘ ਸਿੱਖਾਂ ਦਾ ਨਹੀਂ ਤਾਂ ਉਹ ਕਿਸੇ
ਦਾ ਵੀ ਨਹੀਂ ਹੋਣ ਦੇਣਾ।
ਇਸ ਮਾਮਲੇ ਨੂੰ ਬਹੁਤ ਰਿੜਕਿਆ ਗਿਆ ਸੀ। ਪਰ ਇਹ ਰਿੜਕਣ ਪਾਣੀ ਨੂੰ ਰਿੜਕਣ ਵਾਂਗ
ਨਹੀਂ ਸੀ। ਇਸ ਰਿੜਕਣ ਤੋਂ ਬਾਅਦ ਨਵੀਂ ਗੱਲ ਇਹ ਹੋਈ ਕਿ ਭਗਤ ਸਿੰਘ ਨੂੰ ਲੱਭਣ
ਦੇ ਯਤਨ ਸ਼ੁਰੂ ਹੋਏ ਅਤੇ ਅੱਜ ਤੱਕ ਉਸ ਨੂੰ ਲੱਭਣ ਦੇ ਯਤਨ ਹੋ ਰਹੇ ਹਨ। ਸ਼ਰਧਾ
ਤੋਂ ਉੱਪਰ ਉੱਠ ਕੇ ਭਗਤ ਸਿੰਘ ਨੂੰ ਜਾਨਣ ਦੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਹੈ ਕਿ
ਸੰਨ ਉੱਨੀ ਸੌ ਇਕੱਤੀ ਦੇ ਸ਼ਹੀਦਾਂ ਬਾਰੇ ਬਹੁਤ ਸਾਰੀ ਨਵੀਂ ਖੋਜ ਕੀਤੀ ਗਈ ਹੈ
ਅਤੇ ਕਈ ਸਾਰੀਆਂ ਨਵੀਆਂ ਕਿਤਾਬਾਂ ਛਪੀਆਂ ਹਨ। ਅਜੇ ਹੋਰ ਬਹੁਤ ਕੁੱਝ ਲੱਭਣਾ
ਬਾਕੀ ਹੈ।
ਇਸੇ ਦਾ ਹੀ ਸਿੱਟਾ ਸੀ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਬਾਰੇ ਕਈ ਫਿਲਮਾਂ ਵੀ
ਬਣੀਆਂ। ਭਾਵੇਂ ਇਹ ਬਹੁਤੀ ਡੂੰਘੀ ਗੱਲ ਨਹੀਂ ਸਨ ਕਰਦੀਆਂ ਫਿਰ ਵੀ ਇਨ੍ਹਾਂ ਦਾ
ਬਹੁਤ ਅਸਰ ਹੋਇਆ ਅਤੇ ਹਿੰਦੀ ਫਿਲਮਾਂ ਦੇਖਣ ਵਾਲੀ ਨਵੀਂ ਨਸਲ ਨੂੰ ਇਨ੍ਹਾਂ
ਸ਼ਹੀਦਾਂ ਬਾਰੇ ਕੁੱਝ ਪਤਾ ਲੱਗਾ। ਸਾਲ ਕੁ ਪਹਿਲਾਂ ‘ਰੰਗ ਦੇ ਬਸੰਤੀ’ ਨਾਂ ਦੀ
ਜਿਹੜੀ ਫਿਲਮ ਆਈ ਸੀ, ਉਸ ਨੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਫਲਸਫੇ ਅਤੇ
ਸਾਧਾਰਨ ਜਵਾਨਾਂ ਉੱਤੇ ਇਸਦੇ ਅਸਰ ਨੂੰ ਪਹਿਲੀ ਵਾਰੀ ਬਿਹਤਰੀਨ ਢੰਗ ਨਾਲ ਪੇਸ਼
ਕੀਤਾ। ਮੱਧ ਵਰਗ ਦੇ ਕਈ ਜਵਾਨ ਲੋਕ, ਜਿਨ੍ਹਾਂ ਲਈ ਲੋਕਾਈ ਦਾ ਕੋਈ ਅਰਥ ਹੀ
ਨਹੀਂ, ਇੱਥੋਂ ਤੱਕ ਕਹਿਣ ਲੱਗ ਪਏ ਕਿ ਹੁਣ ਇਨਕਲਾਬ ਕਰਨ ਦਾ ਸਮਾਂ ਆ ਗਿਆ ਹੈ।
ਭਗਤ ਸਿੰਘ ਨੂੰ ਹਰੇਕ ਘਰ ਅਤੇ ਹਰੇਕ ਚੰਚਲ ਮਨ ਵਿੱਚ ਵਾਸ ਕਰਨਾ ਚਾਹੀਦਾ ਹੈ
ਤਾਂ ਹੀ ਉਸਦੀ ਸ਼ਹੀਦੀ ਦਾ ਸਹੀ ਮੁੱਲ ਪੈ ਸਕਦਾ ਹੈ।
ਭਗਤ ਸਿੰਘ ਤਾਂ ਬਹੁਤ ਸਾਰੇ ਹਨ ਇਸ ਸੰਸਾਰ ਵਿੱਚ ਪਰ ਸਰਦਾਰ ਭਗਤ ਸਿੰਘ ਸ਼ਹੀਦ
ਇੱਕੋ ਹੀ ਹੈ।
****
#412,
ਸੈਕਟਰ
30
ਏ,
ਚੰਡੀਗੜ੍ਹ।
E-Mail:
dalbirsingh50@yahoo.com
(5 ਮਈ
2007) ਯੂਨੀਕੋਡ