ਮੁੱਖਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਜਗਤ ਤਮਾਸ਼ਾ:

ਪਿਉ, ਪੁੱਤਰ ਅਤੇ ਪੋਤਰੇ!

– ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ-


ਕਿਸੇ ਨੇ ਖੂਬ ਕਿਹਾ ਹੈ ਕਿ ਇਸ ਦੁਨੀਆਂ ਵਿੱਚ ਸਿਰਫ ਇੱਕੋ ਹੀ ਸਭ ਤੋਂ ਖੂਬਸੂਰਤ ਬੱਚਾ ਹੈ ਅਤੇ ਹਰੇਕ ਬਾਪ ਕੋਲ ਉਹ ਬੱਚਾ ਹੈ। ਆਪਣੀ ਸੰਤਾਨ ਤੋਂ ਚੰਗਾ ਕੋਈ ਹੋਰ ਨਹੀਂ ਹੁੰਦਾ ਅਤੇ ਇਸਦਾ ਪਤਾ ਉਦੋਂ ਹੀ ਲਗਦਾ ਹੈ ਜਦੋਂ ਬੰਦਾ ਖੁਦ ਬਾਪ ਬਣਦਾ ਹੈ। ਜਦੋਂ ਤੱਕ ਉਹ ਪੁੱਤਰ ਹੁੰਦਾ ਹੈ ਉਦੋਂ ਤੱਕ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਬਾਪੀਅਤ ਕੀ ਹੁੰਦੀ ਹੈ। ਜਦੋਂ ਉਸ ਨੂੰ ਪਤਾ ਲਗਦਾ ਹੈ, ਉਦੋਂ ਤੱਕ ਬਾਪ ਦੀ ਉਮਰ ਢਲ ਚੁੱਕੀ ਹੁੰਦੀ ਹੈ ਅਤੇ ਉਹ ਪੁੱਤਰ ਦੀ ਥਾਂ ਪੋਤਰਿਆਂ ਦਾ ਮੋਹ ਜ਼ਿਆਦਾ ਕਰਨ ਲਗਦਾ ਹੈ। ਉਦੋਂ ਜਵਾਨ ਬੰਦੇ ਨੂੰ ਇਹ ਪਤਾ ਨਹੀਂ ਲਗਦਾ ਕਿ ਦਾਦਾ ਹੋਣਾ ਕਿਸ ਨੂੰ ਕਹਿੰਦੇ ਹਨ ਅਤੇ ਇਸ ਸਮੇਂ ਮਨ ਦੀ ਸਥਿਤੀ ਕਿਹੋ ਜਿਹੀ ਹੁੰਦੀ ਹੈ। ਇਸਦਾ ਪਤਾ ਵੀ ਉਦੋਂ ਹੀ ਲਗਦਾ ਹੈ ਜਦੋਂ ਬੰਦਾ ਖੁਦ ਦਾਦਾ ਬਣਦਾ ਹੈ।

ਇਹੀ ਸੰਸਾਰ ਦਾ ਵਿਧਾਨ ਅਤੇ ਵਿਧੀ ਹੈ। ਇਸੇ ਤਰ੍ਹਾਂ ਹੀ ਸੰਸਾਰ ਸਦੀਆਂ ਨਹੀਂ ਸਗੋਂ ਯੁਗਾਂ ਤੋਂ ਚਲਿਆ ਆ ਰਿਹਾ ਹੈ। ਇਸੇ ਤਰ੍ਹਾਂ ਹੀ ਸੰਸਾਰ ਨੇ ਹੋਰ ਪਤਾ ਨਹੀਂ ਕਦੋਂ ਤੱਕ ਚਲਦੇ ਰਹਿਣਾ ਹੈ। ਜਦੋਂ ਤੱਕ ਬੱਚੇ ਪੈਦਾ ਹੁੰਦੇ ਰਹਿਣੇ ਹਨ ਉਦੋਂ ਤੱਕ ਬਾਪ ਵੀ ਹੋਣਗੇ, ਪੁੱਤਰ ਅਤੇ ਪੋਤਰੇ ਵੀ। ਕੋਈ ਕੋਈ ਏਨਾ ਭਾਗਸ਼ਾਲੀ ਵੀ ਹੁੰਦਾ ਰਹੇਗਾ ਕਿ ਉਹ ਪੜਪੋਤਰਿਆਂ ਦਾ ਵੀ ਮੂੰਹ ਚੁੰਮੇਗਾ। ਕਈ ਪੁੱਤਰਾਂ ਦੇ ਮੋਹ ਤੋਂ ਵੀ ਵਾਂਝੇ ਰਹਿ ਜਾਣਗੇ।

ਬਹੁਤ ਸਾਲ ਪਹਿਲਾਂ ਕਿਤੇ ਪੜ੍ਹਿਆ ਸੀ ਕਿ ਜਵਾਨੀ ਵਿੱਚ ਸੈਕਸ ਅਤੇ ਢਲਦੀ ਉਮਰ ਵਿੱਚ ਬੀਤੇ ਦੀਆਂ ਯਾਦਾਂ ਦੋ ਐਸੀਆਂ ਭਾਵਨਾਵਾਂ ਹਨ ਜਿਨ੍ਹਾਂ ਬਾਰੇ ਹਰੇਕ ਬੰਦਾ ਅਤੇ ਹਰੇਕ ਨਸਲ ਇਹੀ ਸੋਚਦੀ ਹੈ ਕਿ ਇਨ੍ਹਾਂ ਦੀ ਖੋਜ ਸਿਰਫ ਉਨ੍ਹਾਂ ਨੇ ਹੀ ਕੀਤੀ ਹੈ ਅਤੇ ਇਸ ਤੋਂ ਪਹਿਲਾਂ ਕਿਸੇ ਨੂੰ ਇਨ੍ਹਾਂ ਬਾਰੇ ਪਤਾ ਹੀ ਨਹੀਂ ਸੀ। ਇਸਦੀਆਂ ਆਪਣੇ ਹੀ ਜੀਵਨ ਵਿੱਚੋਂ ਅਨੇਕਾਂ ਮਿਸਾਲਾਂ ਦੇ ਸਕਦਾ ਹਾਂ। ਜਵਾਨੀ ਦੀਆਂ ਅਤੇ ਸੈਕਸ ਦੀਆਂ ਤਾਂ ਭਲਾ ਛੱਡੋ। ਕਹਾਵਤ ਹੈ ਕਿ ਬੱਚੇ ਜਵਾਨ ਹੋਣ ਤਾਂ ਬੰਦੇ ਨੂੰ ਇਸ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੀਦੀ। ਅਸੀਂ ਭਾਰਤ ਵਿੱਚ ਤਾਂ ਬੱਚਿਆਂ ਨੂੰ ਸੈਕਸ ਬਾਰੇ ਕੋਈ ਸਿਖਿਆ ਦਿੰਦੇ ਹੀ ਨਹੀਂ। ਉਹ ਏਧਰੋਂ ਉੱਧਰੋਂ ਸੁਣ ਕੇ ਹੀ ਇਸ ਅਹਿਮ ਮਸਲੇ ਬਾਰੇ ਸਿੱਖਦੇ ਹਨ। ਸਿੱਟਾ ਇਹ ਨਿਕਲਦਾ ਹੈ ਕਿ ਉਹ ਬਹੁਤ ਕੁੱਝ ਗ਼ਲਤ ਸਿੱਖ ਲੈਂਦੇ ਹਨ।

ਇਸ ਤੋਂ ਬਾਅਦ ਕੀਤੀਆਂ ਗ਼ਲਤੀਆਂ ਤੋਂ ਖੱਟੀ ਖੱਟਣ ਲਈ ਸੜਕ ਛਾਪ ਵੈਦਾਂ ਅਤੇ ਹਕੀਮਾਂ ਦੀਆਂ ਹੇੜ੍ਹਾਂ ਸੜਕਾਂ ਕਿਨਾਰੇ ਬੈਠੀਆਂ ਮਿਲ ਜਾਂਦੀਆਂ ਹਨ। ਪੰਜਾਬ ਦੀ ਕਿਸੇ ਵੀ ਦਿਨ ਦੀ ਕੋਈ ਵੀ ਅਖਬਾਰ ਚੁੱਕ ਕੇ ਦੇਖ ਲਵੋ, ਜੋਤਸ਼ੀਆਂ ਅਤੇ ਤਾਕਤ ਦੀਆਂ ਗੋਲੀਆਂ ਵੇਚਣ ਵਾਲਿਆਂ ਦੇ ਇਸ਼ਤਿਹਾਰ ਭਰੇ ਪਏ ਹੋਣਗੇ। ਪੰਜ ਪੰਜ ਹਜ਼ਾਰ ਰੁਪਏ ਦੇ ਸ਼ਾਹੀ ਕੋਰਸ ਦੇ ਨਾਂ ਹੇਠ ਕੀ ਕੁੱਝ ਵੇਚਿਆ ਜਾਂਦਾ ਹੈ, ਕਿਸੇ ਨੂੰ ਕੁੱਝ ਪਤਾ ਨਹੀਂ ਲਗਦਾ। ਸਿਰਫ ਏਨਾ ਹੀ ਪਤਾ ਹੁੰਦਾ ਹੈ ਕਿ ਤਾਕਤ ਦੀਆਂ ਗੋਲੀਆਂ ਵੇਚਣ ਵਾਲੇ ਦਿਨਾਂ ਵਿੱਚ ਹੀ ਕਾਰਾਂ ਕੋਠੀਆਂ ਵਾਲੇ ਹੋ ਜਾਂਦੇ ਹਨ। ਮਰੀਜ਼ਾਂ ਦਾ ਕੀ ਬਣਦਾ ਹੈ? ਕੋਈ ਨਹੀਂ ਜਾਣਦਾ।

ਜਿੱਥੋਂ ਤੱਕ ਪੁਰਾਣੀਆਂ ਯਾਦਾਂ ਨੂੰ ਚੇਤੇ ਕਰਨ ਦਾ ਸਬੰਧ ਹੈ, ਮੈਂ ਵੀ ਬਜ਼ੁਰਗਾਂ ਦੀ ਕਤਾਰ ਵਿੱਚ ਆਉਣ ਲੱਗਾ ਹਾਂ। ਜਦੋਂ ਕਦੀ ਕਿਸੇ ਮਹਿਫਲ ਵਿੱਚ ਕੋਈ ਜਣਾ ਜ਼ਿੰਦਗੀ ਦੇ ਤਜਰਬਿਆਂ ਬਾਰੇ ਪੁੱਛ ਲਵੇ ਤਾਂ ਮੈਂ ਆਪਣੀਆਂ ਗੱਲਾਂ ਨੂੰ ਕਾਫੀ ਸਵਾਦ ਨਾਲ ਦੱਸਦਾ ਹਾਂ। ਜੇ ਪੁੱਛਣ ਵਾਲਾ ਕੋਈ ਜਵਾਨ ਅਰਥਾਤ ਉਮਰ ਵਿੱਚ ਕਾਫੀ ਛੋਟਾ ਹੋਵੇ ਤਾਂ ਗੱਲਾਂ ਦੀ ਚਾਸ਼ਣੀ ਹੋਰ ਵੀ ਗਾੜ੍ਹੀ ਹੋ ਜਾਂਦੀ ਹੈ। ਕਈ ਵਾਰੀ ਤਾਂ ਉਨ੍ਹਾਂ ਗੱਲਾਂ ਉੱਤੇ ਵਿਹਲੇ ਬੈਠਿਆਂ ਖੁਦ ਨੂੰ ਹਾਸਾ ਵੀ ਅਉਂਦਾ ਹੈ। ਮਿਸਾਲ ਵਜੋਂ ਮੈਂ ਸਿਰਫ ਇੱਕੋ ਵਾਰੀ ਹੀ ਅਠਾਰਾਂ ਦਿਨਾਂ ਲਈ ਜੇਲ੍ਹ ਗਿਆ ਸਾਂ। ਇਸ ਸਾਕੇ ਨੂੰ ਮੈਂ ਸਦਾ ਹੀ ਇਉਂ ਬਿਆਨ ਕਰਦਾ ਹਾਂ ਜਿਵੇਂ ਮੇਰੇ ਤੋਂ ਬਿਨਾਂ ਕਿਸੇ ਨੇ ਜੇਲ੍ਹ ਦੇਖੀ ਹੀ ਨਹੀਂ ਹੁੰਦੀ। ਵੈਸੇ ਜਿਸ ਕੋਠੜੀ ਵਿੱਚ ਸਾਨੂੰ ਰੱਖਿਆ ਗਿਆ ਸੀ ਉਸ ਵਿੱਚ ਸਾਥੋਂ ਪਹਿਲਾਂ ਪੰਜਾਬੀ ਦੇ ਮਸ਼ਹੂਰ ਸ਼ਾਇਰ ਪਾਸ਼ ਨੂੰ ਰੱਖਿਆ ਗਿਆ ਸੀ। ਉਸਦੇ ਹੱਥਾਂ ਨਾਲ ਕੋਠੜੀ ਦੀ ਕੰਧ ਉੱਤੇ ਲਿਖੇ ਹਿੰਦੀ ਕਵੀ ਦੁਸ਼ਿਅੰਤ ਕੁਮਾਰ ਦਾ ਸ਼ਿਅਰ ਹੁਣ ਵੀ ਚੇਤੇ ਹੈ: ‘ਜ਼ਿੰਦਗੀ ਹਾਥ ਮੇਂ ਪੱਥਰ ਲੀਏ ਫਿਰਤੀ ਹੈ, ਕਿਸ ਸੇ ਸ਼ੀਸ਼ੇ ਕੇ ਘਰੌਂਦੋਂ ਮੇ ਰਹਾ ਜਾਏ।’ਜਦੋਂ ਸ਼ਮਸ਼ੇਰ ਸੰਧੂ ਪਾਸ਼ ਨਾਲ ਆਪਣੀਆਂ ਯਾਦਾਂ ਬਾਰੇ ਲਿਖ ਰਿਹਾ ਸੀ ਤਾਂ ਮੈਂ ਵਾਰ ਵਾਰ ਇਸ ਸ਼ੇਅਰ ਦੀ ਗੱਲ ਦੁਹਰਾਉਂਦਾ ਸਾਂ। ਪਾਸ਼ ਨਾਲ ਹੋਈਆਂ ਦਰਜਨ ਭਰ ਮੁਲਾਕਾਤਾਂ ਬਾਰੇ ਵੀ ਵਾਰ ਵਾਰ ਗੱਲਾਂ ਕਰਦਾ ਸਾਂ।

ਇਸੇ ਤਰ੍ਹਾਂ ਹੀ ਬਹੁਤ ਸਾਰੇ ਹੋਰ ਮਾਮਲੇ ਵੀ ਹਨ ਜਿਨ੍ਹਾਂ ਬਾਰੇ ਮੈਂ ਬਿਨਾਂ ਰੁਕਿਆਂ ਗੱਲਾਂ ਕਰ ਸਕਦਾ ਹਾਂ। ਉਦੋਂ ਮੈਨੂੰ ਇਹ ਪਤਾ ਨਹੀਂ ਲਗਦਾ ਕਿ ਸਾਹਮਣੇ ਵਾਲਾ ਬੋਰੀਅਤ ਮਹਿਸੂਸ ਕਰ ਰਿਹਾ ਹੈ ਜਾਂ ਮੇਰੀਆਂ ਗੱਲਾਂ ਵਿੱਚ ਦਿਲਚਸਪੀ ਲੈ ਰਿਹਾ। ਕਿਸੇ ਸਿਆਣੇ ਨੇ ਸੈਕਸ ਅਤੇ ਬੜਬੋਲੇਪਣ ਬਾਰੇ ਬਹੁਤ ਸੋਚ ਸਮਝ ਕੇ ਜਿਹੜੀ ਗੱਲ ਕਹੀ ਸੀ ਉਸ ਨੂੰ ਸਹੀ ਸਾਬਤ ਕਰਨ ਲਈ ਮੈਨੂੰ ਬਾਹਰੋਂ ਮਿਸਾਲਾਂ ਦੇਣ ਦੀ ਲੋੜ ਨਹੀਂ ਰਹੀ। ਪਹਿਲਾਂ ਪਹਿਲ ਜਦੋਂ ਕਿਸੇ ਬਹਿਸ ਜਾਂ ਗੱਲਾਂ ਵਿੱਚ ਕੋਈ ਜਣਾ ਬਹੁਤਾ ਟਾਈਮ ਲਾ ਦਿੰਦਾ ਸੀ ਤਾਂ ਮੈਨੂੰ ਅਜੀਬ ਜਿਹਾ ਲਗਦਾ ਸੀ। ਹੁਣ ਨਹੀਂ ਲਗਦਾ। ਹੁਣ ਮੈਂ ਖੁਦ ਵੀ ਉਸੇ ਕਤਾਰ ਵਿੱਚ ਆ ਖੜੋਤਾ ਹਾਂ।

ਮਿਸਾਲਾਂ ਤਾਂ ਹੋਰ ਵੀ ਬਹੁਤ ਦੇ ਸਕਦਾ ਹਾਂ ਪਰ ਇੱਕੋ ਹੀ ਕਾਫੀ ਹੈ। ਕੁੱਝ ਸਾਲ ਹੋਏ ਮੈਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਆਪਣੇ ਗੁਰੂ ਸੁਰਜਨ ਜ਼ੀਰਵੀ ਹੁਰਾਂ ਦੇ ਘਰ ਠਹਿਰਿਆ ਹੋਇਆ ਸਾਂ ਤਾਂ ਸ੍ਰੀਮਤੀ ਜ਼ੀਰਵੀ ਆਪਣੀ ਦੋ ਕੁ ਸਾਲ ਕੁ ਦੀ ਦੋਹਤਰੀ ਨਾਲ ਦਿਨ ਵਿੱਚ ਕਈ ਕਈ ਵਾਰੀ ਟੈਲੀਫੂਨ ਉੱਤੇ ਗੱਲਾਂ ਕਰਦੀ ਹੁੰਦੀ ਸੀ। ਦੋ ਕੁ ਦਿਨ ਵਿੱਚ ਹੀ ਉਸ ਨੂੰ ਇਉਂ ਲੱਗਾ ਹੋਵੇਗਾ ਕਿ ਉਸਦੀ ਇਸ ਦੀਵਾਨਗੀ ਨੂੰ ਮੈਂ ਸਮਝ ਨਹੀਂ ਪਾ ਰਿਹਾ। ਉਸ ਨੇ ਮੈਨੂੰ ਕਿਹਾ ਸੀ ਕਿ ਧੀਆਂ ਪੁੱਤਰਾਂ ਦੇ ਜਦੋਂ ਅੱਗੋਂ ਧੀਆਂ ਪੁੱਤਰ ਹੁੰਦੇ ਹਨ ਤਾਂ ਇਸਦਾ ਸਵਾਦ ਦਾਦੀ ਨਾਨੀ ਲਈ ਵੱਖਰਾ ਹੀ ਹੁੰਦਾ ਹੈ। ਇਸ ਤੋਂ ਕਈ ਸਾਲ ਪਹਿਲਾਂ ਮੇਰੇ ਪਿਤਾ ਜੀ ਨੇ ਇੱਕ ਵਾਰੀ ਕਿਹਾ ਸੀ ਕਿ ਕੋਈ ਬਾਪ ਆਪਣੀ ਔਲਾਦ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਇਸ ਨੂੰ ਉਹ ਜਣਾ ਨਹੀਂ ਸਮਝ ਸਕਦਾ ਜਿਹੜਾ ਖੁਦ ਬਾਪ ਨਹੀਂ ਬਣਿਆ। ਉਨ੍ਹਾਂ ਕਿਹਾ ਸੀ ਕਿ ਤੂੰ ਉਦੋਂ ਹੀ ਸਮਝ ਸਕੇਂਗਾ ਜਦੋਂ ਤੂੰ ਖੁਦ ਬਾਪ ਬਣੇਂਗਾ।

ਮੈਨੂੰ ਲਗਦਾ ਹੈ ਕਿ ਹਰ ਬਾਪ ਹੀ ਕਿਸੇ ਨਾ ਕਿਸੇ ਸਮੇਂ ਆਪਣੇ ਪੁੱਤਰਾਂ ਨੂੰ ਇਹ ਗੱਲ ਕਹਿੰਦਾ ਹੋਵੇਗਾ। ਇਹੀ ਗੱਲ ਕੁੱਝ ਸਾਲ ਹੋਏ ਮੈਂ ਆਪਣੇ ਪੁੱਤਰ ਨੂੰ ਵੀ ਕਹੀ ਸੀ। ਜਦੋਂ ਮੈਂ ਬਾਪ ਬਣਿਆ ਤਾਂ ਮੈਂ ਮਹਿਸੂਸ ਕੀਤਾ ਸੀ ਕਿ ਮੇਰਾ ਬਾਪ ਠੀਕ ਕਹਿੰਦਾ ਸੀ। ਹੁਣ ਮੈਂ ਦਾਦਾ ਬਣਿਆ ਹਾਂ ਤਾਂ ਮੇਰਾ ਪੁੱਤਰ ਕਹਿੰਦਾ ਹੈ ਕਿ ਉਸਦਾ ਬਾਪ ਸਹੀ ਸੀ। ਗੂੰਗੇ ਦਾ ਗੁੜ ਖਾਣਾ ਅਤੇ ਬਾਪ ਬਣਨਾ ਇੱਕੋ ਹੀ ਗੱਲ ਹੈ। ਗੂੰਗਾ ਗੁੜ ਦਾ ਸਵਾਦ ਨਹੀਂ ਦੱਸ ਸਕਦਾ ਅਤੇ ਬਾਪ ਕੋਲ ਖੁਸ਼ੀ ਨੂੰ ਦੱਸਣ ਵਾਲੇ ਸ਼ਬਦ ਨਹੀਂ ਹੁੰਦੇ।

ਸ਼ਬਦਾਂ ਦੀ ਇਹ ਅਣਹੋਂਦ ਇਸ ਕਾਰਨ ਹੈ ਕਿ ਅਸੀਂ ਪਿਆਰ ਅਤੇ ਮੋਹ ਵਿੱਚ ਏਨਾ ਫਸ ਜਾਂਦੇ ਹਾਂ ਕਿ ਸਾਡੀ ਸੋਚ ਹੀ ਬਾਹਰਮੁਖੀ ਨਹੀਂ ਰਹਿੰਦੀ। ਇਹ ਉਹ ਸਮਾਂ ਹੁੰਦਾ ਹੈ ਜਦੋਂ ਬੰਦਾ ਸਿਰਫ ਖੁਸ਼ ਹੁੰਦਾ ਹੈ ਅਤੇ ਹੋਰ ਕੁੱਝ ਨਹੀਂ ਹੁੰਦਾ। ਸੰਸਾਰ ਵਿੱਚ ਬਾਪ ਤਾਂ ਕਰੀਬ ਕਰੀਬ ਸਾਰੇ ਹੀ ਬਣਦੇ ਹਨ ਪਰ ਸਾਰੇ ਜਣੇ ਹੀ ਤਾਂ ਕਲਮਾਂ ਚੁੱਕ ਕੇ ਆਪਣੇ ਬਾਲਾਂ ਬਾਰੇ ਲਿਖਣ ਨਹੀਂ ਲੱਗ ਜਾਂਦੇ। ਇਸਦਾ ਅਰਥ ਇਹ ਤਾਂ ਨਹੀਂ ਕਿ ਉਹ ਉਸ ਤਰ੍ਹਾਂ ਮਹਿਸੂਸ ਨਹੀਂ ਕਰਦੇ ਜਿਸ ਤਰ੍ਹਾਂ ਕਲਮ ਦੀ ਵਰਤੋਂ ਕਰਨ ਵਾਲੇ ਕਰਦੇ ਹਨ? ਜਿਨ੍ਹਾਂ ਲੋਕਾਂ ਕੋਲ ਸ਼ਬਦਾਂ ਨੂੰ ਸਹੀ ਢੰਗ ਨਾਲ ਵਰਤਣ ਦੀ ਕਲਾ ਹੈ ਉਹ ਜਦੋਂ ਕਿਸੇ ਮਾਮਲੇ ਉੱਤੇ ਗੱਲ ਕਰ ਰਹੇ ਹੁੰਦੇ ਹਨ ਤਾਂ ਸਾਰੀ ਲੋਕਾਈ ਦੀਆਂ ਭਾਵਨਾਵਾਂ ਦੀ ਹੀ ਤਰਜਮਾਨੀ ਕਰ ਰਹੇ ਹੁੰਦੇ ਹਨ।

ਮੇਰੇ ਪਿਤਾ ਕਿਹਾ ਕਰਦੇ ਸਨ ਕਿ ਆਪਣੀ ਔਲਾਦ ਭੀੜ ਵਿੱਚ ਵੀ ਪਛਾਣੀ ਜਾਂਦੀ ਹੈ। ਪੰਜਾਬੀ ਵਿੱਚ ਇੱਕ ਮੁਹਾਵਰਾ ਵੀ ਹੈ ਕਿ ਆਪਣੀ ਵੱਛੀ ਵੱਗ ਵਿੱਚ ਵੀ ਅਲੱਗ ਹੀ ਦੇਖੀ ਜਾ ਸਕਦੀ ਹੈ। ਸਕੂਲ ਵਿੱਚੋਂ ਇੱਕੋ ਜਿਹੀ ਵਰਦੀ ਪਾਈ ਨਿਕਲਦੇ ਬੱਚੇ ਇੱਕੋ ਜਿਹੇ ਹੀ ਲਗਦੇ ਹਨ ਪਰ ਮਾਂ ਬਾਪ ਆਪੋ ਆਪਣੇ ਬੱਚਿਆਂ ਨੂੰ ਦੂਰੋਂ ਹੀ ਦੇਖ ਕੇ ਨਿਸਚਿੰਤ ਹੋ ਜਾਂਦੇ ਹਨ। ਇਸ ਭਾਵਨਾ ਨੂੰ ਸ਼ਬਦਾਂ ਵਿੱਚ ਬੰਨ੍ਹਣਾ ਮੁਸ਼ਕਲ ਹੈ। ਕਵੀਆਂ ਨੇ ਗ੍ਰੰਥਾਂ ਦੇ ਗ੍ਰੰਥ ਲਿਖ ਮਾਰੇ ਹਨ। ਫਿਰ ਵੀ ਕਸਰ ਰਹਿ ਹੀ ਜਾਂਦੀ ਹੈ।

ਇਕ ਕਹਾਵਤ ਹੈ ਕਿ ਜਦੋਂ ਪੁੱਤਰ ਜਵਾਨ ਹੁੰਦਾ ਹੈ ਤਾਂ ਬਾਪ ਨੂੰ ਮਾਣ ਹੁੰਦਾ ਹੈ, ਪਰ ਨਾਲ ਹੀ ਇੱਕ ਕਹਾਵਤ ਇਹ ਵੀ ਹੈ ਕਿ ਜਦੋਂ ਬਾਪ ਦੇ ਪੈਰ ਵਿੱਚ ਪੁੱਤਰ ਦੀ ਜੁੱਤੀ ਆਉਣ ਲੱਗ ਪਵੇ ਉਦੋਂ ਪੁੱਤਰ ਉੱਤੇ ਹੱਥ ਨਹੀਂ ਚੁੱਕਣਾ ਚਾਹੀਦਾ। ਕਈ ਤਾਂ ਇਸ ਨਸੀਹਤ ਉੱਤੇ ਅਮਲ ਕਰ ਲੈਂਦੇ ਹਨ। ਜਿਹੜੇ ਬਾਪ ਇਸ ਉੱਤੇ ਪੂਰੀ ਤਰ੍ਹਾਂ ਅਮਲ ਨਹੀਂ ਕਰਦੇ ਉਨ੍ਹਾਂ ਨੂੰ ਹੋਰ ਰਾਹ ਥਾਣੀਂ ਲੰਘਣਾ ਪੈਂਦਾ ਹੈ। ਅਜਿਹੇ ਬਾਪ ਨੂੰ ਜਵਾਨ ਪੁੱਤਰ ਦੀ ਘੂਰੀ ਜਾਂ ਹੂਰਾ ਹੀ ਅਕਲ ਸਿਖਾਉਣ ਦਾ ਕੰਮ ਕਰਦਾ ਹੈ।

ਪਰ ਪੋਤਰਿਆਂ ਤੋਂ ਬੰਦੇ ਨੂੰ ਅਜਿਹੀ ਘੂਰੀ ਜਾਂ ਹੂਰੇ ਦਾ ਕੋਈ ਡਰ ਨਹੀਂ ਹੁੰਦਾ। ਪੋਤਰਿਆਂ ਜਾਂ ਪੋਤਰੀਆਂ ਨੂੰ ਪਿਆਰ ਕਰਨ ਦਾ ਹੱਕ ਤਾਂ ਬੰਦੇ ਨੂੰ ਹੁੰਦਾ ਹੈ ਪਰ ਉਨ੍ਹਾਂ ਦੀ ਜ਼ਿੰਮੇਵਾਰੀ ਉਸ ਉੱਤੇ ਨਹੀਂ ਹੁੰਦੀ। ਇਹ ਇੱਕ ਜ਼ਿੰਮੇਵਾਰੀ ਮੁਕਤ ਪਿਆਰ ਹੁੰਦਾ ਹੈ। ਸ਼ਾਇਦ ਇਸੇ ਲਈ ਹੀ ਬੰਦਾ ਦਾਦਾ ਬਣਨ ਉੱਤੇ ਸਭ ਤੋਂ ਵੱਧ ਖੁਸ਼ੀ ਮਹਿਸੂਸ ਕਰਦਾ ਹੈ। ਇਹੀ ਉਹ ਅਹਿਸਾਸ ਹੈ ਜਿਹੜਾ ਅੱਜ ਐਰਨ ਨਾਲ ਗੱਲਾਂ ਕਰਦਿਆਂ ਮੈਨੂੰ ਹੁੰਦਾ ਹੈ। ਹੁਣ ਤੱਕ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਅੱਜ ਦੇ ਇਸ ਬੜਬੋਲੇਪਣ ਦਾ ਅਸਲ ਮਕਸਦ ਇਹ ਦੱਸਣਾ ਸੀ ਕਿ ਆਪਣੀ ਉਮਰ ਦੇ ਹਾਣੀ ਹੋਰ ਬਹੁਤਿਆਂ ਵਾਂਗ ਮੈਂ ਵੀ ਦਾਦਾ ਬਣ ਗਿਆ ਹਾਂ ਅਤੇ ਮੇਰੇ ਪੋਤਰੇ ਦਾ ਨਾਂ ਐਰਨ ਹੈ। ਮੇਰੇ ਪੁੱਤਰ ਦਾ ਜਨਮ 7 ਨਵੰਬਰ ਨੂੰ ਹੋਇਆ ਸੀ ਜਿਹੜਾ ਕਿ ਰੂਸ ਵਿੱਚ ਆਏ ਇਨਕਲਾਬ ਦਾ ਦਿਨ ਸੀ। ਮੈਂ ਉਸਦਾ ਨਾਂ ਕਰਾਂਤੀ ਦੀ ਜਿੱਤ ਦੀ ਆਸ ਵਿੱਚ ਵਿਕਰਾਂਤ ਰੱਖਿਆ ਸੀ। ਐਰਨ ਮਜ਼ਬੂਤੀ ਜਾਂ ਤਾਕਤ ਦੇ ਯੂਨਾਨੀ ਦੇਵਤੇ ਦਾ ਨਾਂ ਹੈ। ਕਰਾਂਤੀ ਦੀ ਜਿੱਤ ਤਾਂ ਅਜੇ ਨਹੀਂ ਹੋਈ। ਪਰ ਦੇਵਤਿਆਂ ਦੀ ਹੋਂਦ ਸਦਾ ਬਰਕਰਾਰ ਹੈ।

ਪਿਉਆਂ, ਪੁੱਤਰਾਂ ਅਤੇ ਪੋਤਰਿਆਂ ਬਾਰੇ ਅੱਜ ਸਿਰਫ ਏਨਾ ਹੀ। ਬਾਕੀ ਦੀ ਬੁੜਬੁੜ ਫੇਰ ਕਦੀ ਸਹੀ। ਪਰ ਜਾਂਦੇ ਜਾਂਦੇ ਉੱਪਰ ਸ਼ੁਰੂ ਵਿੱਚ ਲਿਖੀ ਗੱਲ ਨੂੰ ਦਰੁਸਤ ਕਰ ਦਿਆਂ। ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਇੱਕੋ ਹੀ ਬੱਚਾ ਸਭ ਤੋਂ ਸੁੰਦਰ ਹੈ, ਅਤੇ ਹਰੇਕ ਦਾਦੇ ਕੋਲ ਉਹ ਬੱਚਾ ਹੈ।
 

****

#412, ਸੈਕਟਰ 30, ਚੰਡੀਗੜ੍ਹ

E-Mail: dalbirsingh50@yahoo.com

(17 ਮਈ 2007) ਯੂਨੀਕੋਡ

ਦਲਬੀਰ ਸਿੰਘ (ਚੰਡੀਗੜ੍ਹ) ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਜਗਤ ਤਮਾਸ਼ਾ ਦਲਬੀਰ ਸਿੰਘ, ਚੰਡੀਗੜ੍ਹ

 

ਲਿਖਾਰੀ
Likhari


© likhari: Punjabi Likhari Forum-2001-2007