ਕੁੱਝ ਸਾਲ ਪਹਿਲਾਂ ਨਿਰੰਕਾਰੀਆਂ ਦੀ ਸੁਨਾਮੀ ਆਈ ਸੀ ਅਤੇ ਪੰਜਾਬ ਵਿੱਚ ਕਈ
ਸਾਲਾਂ ਤੱਕ ਉਸਦਾ ਅਸਰ ਰਿਹਾ ਸੀ। ਉਸ ਸੁਨਾਮੀ ਵਿੱਚ ਅਕਾਲੀਆਂ ਦਾ ਨਾਂ ਬੋਲਦਾ
ਸੀ। ਹੁਣ ਸਰਸਾ ਵਾਲਿਆਂ ਦੀ ਸੁਨਾਮੀ ਆਉਣ ਦੇ ਆਸਾਰ ਹਨ। ਇਸ ਵਿੱਚ ਵੀ ਅਕਾਲੀਆਂ
ਦਾ ਨਾਂ ਬੋਲਦਾ ਹੈ। ਉਦੋਂ ਕਿਹਾ ਗਿਆ ਸੀ ਕਿ ਨਿਰੰਕਾਰੀਆਂ ਦੀਆਂ ਕਿਤਾਬਾਂ
ਵਿੱਚ ਗੁਰੂ ਸਾਹਿਬਾਨ ਦੇ ਖ਼ਿਲਾਫ ਲਿਖਿਆ ਗਿਆ ਹੈ। ਹੁਣ ਦੋਸ਼ ਹੈ ਕਿ ਸਿਰਸਾ
ਵਾਲਾ ਸਾਧ ਗੁਰੂ ਸਾਹਿਬ ਵਾਲੇ ਵਸਤਰ ਹੀ ਨਹੀਂ ਪਾਉਂਦਾ ਸਗੋਂ ਉਹ ਗੁਰੂ ਸਾਹਿਬ
ਵਾਂਗ ਹੀ ਅੰਮ੍ਰਿਤ ਵੀ ਛਕਾਉਂਦਾ ਹੈ।
ਜਦੋਂ ਐਤਵਾਰ ਦੀਆਂ ਅਖਬਾਰਾਂ ਵਿੱਚ ਸਿਰਸਾ ਵਾਲੇ ਸਾਧ ਦੀਆਂ ਗੁਰੂ ਗੋਬਿੰਦ
ਸਿੰਘ ਦੀਆਂ ਤਸਵੀਰਾਂ ਵਾਲੇ ਬਾਣੇ ਅਤੇ ਬਾਟੇ ਦੀਆਂ ਤਸਵੀਰਾਂ ਵਾਲਾ ਇਸ਼ਤਿਹਾਰ
ਛਪਿਆ ਦੇਖਿਆ ਤਾਂ ਮੇਰਾ ਮੱਥਾ ਠਣਕਿਆ। ਪੰਜਾਬ ਦੇ ਹੱਥ ਦੀਆਂ ਰੇਖਾਵਾਂ ਵਿੱਚ
ਖੂਨ ਦੀ ਖੇਡ ਖੇਡੀ ਜਾਂਦੀ ਦਿਖਾਈ ਦਿੱਤੀ। ਮੇਰੀਆਂ ਬਹੁਤੀਆਂ ਗੱਲਾਂ ਨੂੰ
ਮੂਰਖਤਾ ਵਾਲੀਆਂ ਸਮਝਣ ਅਤੇ ਉਨ੍ਹਾਂ ਵੱਲ ਬਹੁਤਾ ਧਿਆਨ ਨਾ ਦੇਣ ਵਾਲੀ ਮੇਰੀ
ਪਤਨੀ ਵੀ ਇਸ ਗੱਲ ਨਾਲ ਸਹਿਮਤ ਸੀ ਕਿ ਇਸਦੇ ਸਿੱਟੇ ਬਹੁਤ ਹੀ ਮਾੜੇ ਨਿਕਲ ਸਕਦੇ
ਹਨ। ਉਸ ਨੇ ਪਿਛਲੀ ਸੁਨਾਮੀ ਨੂੰ ਆਪਣੇ ਆਪ ਉੱਤੇ ਝੱਲਿਆ ਹੋਇਆ ਹੈ। ਨਿੱਤ ਦਿਨ
ਉਸ ਨੂੰ ਉਸਦੇ ਬੱਚਿਆਂ ਨੂੰ ਮਾਰ ਦੇਣ ਦੀਆਂ ਧਮਕੀਆਂ ਸੁਣਨੀਆਂ ਪੈਂਦੀਆਂ ਸਨ
ਅਤੇ ਉਹ ਦਿਨ ਵੀ ਦੇਖਣੇ ਪਏ ਸਨ ਜਦੋਂ ਇੱਕ ਦੋਂਹ ਨੂੰ ਛੱਡ ਕੇ ਬਹੁਤ ਸਾਰੇ
ਦੋਸਤ ਮਿੱਤਰ ਕਿਨਾਰਾ ਕਰ ਗਏ ਸਨ ਕਿਉਂਕਿ ਪਤਾ ਨਹੀਂ ਸੀ ਕਦੋਂ ਸੁਨਾਮੀ ਨੇ
ਰੋੜ੍ਹ ਦੇਣਾ ਸੀ।
ਮੈਨੂੰ ਪਤਨੀ ਦੇ ਸਹਿਮਤ ਹੋਣ ਦੀ ਖੁਸ਼ੀ ਸੀ ਕਿਉਂਕਿ ਐਸੇ ਦਿਨ ਰੋਜ਼ ਰੋਜ਼ ਨਹੀਂ
ਆਉਂਦੇ ਜਦੋਂ ਉਹ ਤੁਹਾਡੇ ਨਾਲ ਸਹਿਮਤ ਹੋਵੇ। ਪਰ ਨਾਲ ਦੀ ਨਾਲ ਇਸ ਗੱਲ ਦਾ
ਦੁੱਖ ਵੀ ਸੀ ਕਿ ਇੱਕੋ ਜ਼ਿੰਦਗੀ ਵਿੱਚ ਹੀ ਦੋ ਵਾਰੀ ਇੱਕੋ ਕਿਸਮ ਦਾ ਦੁਖਾਂਤ
ਦੇਖਣ ਅਤੇ ਭੋਗਣ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਜਦੋਂ ਤੁਸੀਂ ਇਤਿਹਾਸ ਨੂੰ
ਹੀ ਭੁਲਾ ਦੇਵੋ ਤਾਂ ਇਤਿਹਾਸ ਤੁਹਾਨੂੰ ਇਸ ਨੂੰ ਦੁਹਰਾਏ ਜਾਣ ਦਾ ਬੋਝ ਤੁਹਾਡੇ
ਮੋਢਿਆਂ ਉੱਤੇ ਲੱਦ ਦੇਵੇਗਾ। ਇਤਿਹਾਸ ਨੂੰ ਕੁੱਝ ਦਹਾਕਿਆਂ ਵਿੱਚ ਹੀ ਦੁਹਰਾਏ
ਜਾਣ ਦੀ ਗ਼ਲਤੀ ਕਰਨ ਵਾਲੀ ਕੌਮ ਨੂੰ ਕੋਈ ਵੀ ਸਿਆਣੀ ਕੌਮ ਨਹੀਂ ਕਹਿ ਸਕਦਾ।
ਪੰਜਾਬੀਆਂ ਲਈ ਇਹ ਸੱਚਮੁਚ ਹੀ ਸ਼ਰਮ ਵਾਲੀ ਗੱਲ ਹੈ।
ਵੱਖ ਵੱਖ ਸ਼ਹਿਰਾਂ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਅਤੇ ਵੱਖ ਵੱਖ
ਸਿੱਖ ਜਥੇਬੰਦੀਆਂ ਨਾਲ ਸਬੰਧਤ ਕਾਰਕੁਨਾਂ ਵਿਚਾਲੇ ਜਿਹੜੀਆਂ ਝੜਪਾਂ ਹੋਈਆਂ,
ਉਨ੍ਹਾਂ ਨੇ ਪੰਜਾਬ ਦੇ ਅਮਨ ਅਤੇ ਚੈਨ ਵਿੱਚ ਖਲਲ ਪਾਏ ਜਾਣ ਦਾ ਵੱਡਾ ਖ਼ਤਰਾ
ਖੜ੍ਹਾ ਕਰ ਦਿੱਤਾ ਹੈ। ਡੇਰੇ ਦੇ ਮੁਖੀ ਵਲੋਂ ਆਪਣੇ ਵਸਤਰਾਂ ਵਿੱਚ ਦਸਵੇਂ ਗੁਰੂ
ਸਾਹਿਬ ਦੀ ਨਕਲ ਕਰਨ ਕਾਰਨ ਸਿੱਖਾਂ ਵਿੱਚ ਰੋਸ ਪੈਦਾ ਹੋ ਗਿਆ ਹੈ।
ਕਿਸੇ ਨੇ ਵੀ ਗੁਰੂ ਸਾਹਿਬਾਨ ਨੂੰ ਅੱਖੀਂ ਨਹੀਂ ਦੇਖਿਆ। ਸਿਰਫ ਕਲਾਕਾਰਾਂ ਦੀ
ਖੋਜ ਅਤੇ ਕਲਪਨਾ ਸਦਕਾ ਹੀ ਇਹ ਇਲਮ ਹੈ ਕਿ ਉਹ ਕਿਸ ਕਿਸਮ ਦੇ ਵਸਤਰ ਪਹਿਨਦੇ
ਹੋਣਗੇ। ਇਨ੍ਹਾਂ ਤਸਵੀਰਾਂ ਤੋਂ ਹੀ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਕਿਵੇਂ
ਦਿਖਾਈ ਦਿੰਦੇ ਸਨ। ਪਰ ਇਹ ਗੱਲ ਵੀ ਘੋਖਣ ਵਾਲੀ ਹੈ ਕਿ ਜਦੋਂ ਉਹ ਮਾਛੀਵਾੜੇ ਦੇ
ਜੰਗਲਾਂ ਵਿੱਚ ਵਿਚਰ ਰਹੇ ਸਨ ਤਾਂ ਉਨ੍ਹਾਂ ਦੇ ਵਸਤਰ ਹੋਰ ਕਿਸਮ ਦੇ ਸਨ। ਉਦੋਂ
ਉਹ ਸ਼ਾਨਦਾਰ ਕੱਪੜੇ ਨਹੀਂ ਸਨ ਪਾ ਸਕਦੇ। ਪਰ ਮੇਰੇ ਚੇਤੇ ਵਿੱਚ ਕਈ ਅਜਿਹੀਆਂ
ਤਸਵੀਰਾਂ ਹਨ ਜਿਨ੍ਹਾਂ ਵਿੱਚ ਮਾਛੀਵਾੜਾ ਦੇ ਜੰਗਲਾਂ ਵਿੱਚ ਵੀ ਗੁਰੂ ਜੀ ਨੂੰ
ਕੋਮਲ ਅੰਗੀ ਦਿਖਾਇਆ ਗਿਆ ਹੈ। ਸ਼ਰਧਾਵਾਨ ਕਲਾਕਾਰ ਵਲੋਂ ਬਣਾਈਆਂ ਗਈਆਂ ਤਸਵੀਰਾਂ
ਵਿੱਚ ਵੀ ਸ਼ਰਧਾ ਹੀ ਝਲਕਦੀ ਹੁੰਦੀ ਹੈ, ਸਚਾਈ ਜਾਂ ਹਕੀਕਤ ਨਹੀਂ।
ਫਿਰ ਵੀ ਤਸਵੀਰਾਂ ਵਾਲਾ ਗੁਰੂ ਸਾਹਿਬ ਵਾਲਾ ਬਾਣਾ ਪਹਿਨਣ ਉੱਤੇ ਸਿਖਾਂ ਵਿੱਚ
ਰੋਸ ਪੈਦਾ ਹੋ ਗਿਆ। ਇਸੇ ਰੋਸ ਦਾ ਹੀ ਨਤੀਜਾ ਬਠਿੰਡਾ, ਮੋਗਾ, ਲੁਧਿਆਣਾ ਅਤੇ
ਹੋਰ ਥਾਵਾਂ ਉੱਤੇ ਰੋਸ ਪ੍ਰਗਟਾਵਿਆਂ, ਸਿੱਧੇ ਟਕਰਾਵਾਂ ਅਤੇ ਇੱਕ ਦੂਜੇ ਨੂੰ
ਮਾਰ ਕੁਟਾਈ ਦੇ ਰੂਪ ਵਿੱਚ ਨਿਕਲਿਆ ਹੈ। ਪੁਲੀਸ ਵੀ ਬਹੁਤੀ ਥਾਂਹੀਂ ਤਮਾਸ਼ਬੀਨ
ਹੀ ਬਣੀ ਰਹੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਪਹਿਲਾਂ ਖ਼ਬਰਾਂ ਹੋਣ ਦੇ ਬਾਵਜੂਦ
ਇਹ ਦੋਹਾਂ ਗਰੁੱਪਾਂ ਵਿਚਾਲੇ ਹਿੰਸਕ ਝੜਪਾਂ ਨੂੰ ਟਾਲਣ ਵਿੱਚ ਨਾਕਾਮ ਰਹੀ ਅਤੇ
ਉਦੋਂ ਹੀ ਹਰਕਤ ਵਿੱਚ ਆਈ ਜਦੋਂ ਦੋਵੇਂ ਧਿਰਾਂ ਆਪਸ ਵਿੱਚ ਬੁਰੀ ਤਰ੍ਹਾਂ ਉਲਝ
ਪਈਆਂ। ਸਰਕਾਰ ਵੀ ਚੁੱਪ ਹੀ ਬੈਠੀ ਰਹੀ ਅਤੇ ਖਬਰੇ ਦੇਖਦੀ ਰਹੀ ਕਿ ਕੁੱਟ ਕਿਸ
ਨੂੰ ਪੈਂਦੀ ਹੈ। ਜਦੋਂ ਸਰਕਾਰ ਵੀ ਧਿਰ ਬਣ ਜਾਵੇ ਉਦੋਂ ਇਸੇ ਤਰ੍ਹਾਂ ਹੀ ਹੁੰਦਾ
ਹੈ।
ਕੁੱਝ ਲੋਕਾਂ ਨੂੰ ਅੰਦੇਸ਼ਾ ਪਹਿਲਾਂ ਹੀ ਸੀ ਕਿ ਚੋਣਾਂ ਤੋਂ ਬਾਅਦ ਕੁੱਝ ਨਾ
ਕੁੱਝ ਹੋਣਾ ਹੈ। ਭਾਵੇਂ ਪ੍ਰੇਮੀਆਂ ਅਤੇ ਸਿੱਖ ਸ਼ਰਧਾਲੂਆਂ ਵਿਚਾਲੇ ਟਕਰਾਓ ਦਾ
ਬਹਾਨਾ ਡੇਰੇ ਦੇ ਮੁਖੀ ਵਲੋਂ ਦਸਵੇਂ ਗੁਰੂ ਦੀ ਨਕਲ ਕਰਨਾ ਬਣਿਆ ਹੈ ਪਰ ਫਰਵਰੀ
ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਡੇਰੇ ਦੇ ਸਿਆਸੀ ਸਟੈਂਡ
ਨੂੰ ਇਸ ਲੜਾਈ ਦਾ ਆਧਾਰ ਮੰਨਿਆ ਜਾ ਰਿਹਾ ਹੈ। ਉਦੋਂ ਡੇਰੇ ਦੇ ਸਿਆਸੀ ਵਿੰਗ ਨੇ
ਕਾਂਗਰਸ ਦੇ ਹੱਕ ਵਿੱਚ ਗੱਜਵੱਜ ਕੇ ਵੋਟਾਂ ਪਾਈਆਂ ਸਨ। ਉਦੋਂ ਵੀ ਵੱਡੇ
ਨੇਤਾਵਾਂ ਨੇ ਤਾਂ ਪਰੇਮੀਆਂ ਨੂੰ ਭਰਮਾਉਣ ਦੀ ਹੀ ਕੋਸ਼ਿਸ਼ ਕੀਤੀ ਸੀ ਪਰ ਅਕਾਲੀ
ਦਲ ਦੇ ਕੁੱਝ ਛੋਟੇ ਨੇਤਾਵਾਂ ਵਲੋਂ ਇਹ ਧਮਕੀਆਂ ਉਦੋਂ ਵੀ ਦਿੱਤੀਆਂ ਗਈਆਂ ਸਨ
ਕਿ ਉਨ੍ਹਾਂ ਦੀ ਸਰਕਾਰ ਆਉਣ ਉੱਤੇ ਡੇਰੇ ਦੇ ਸਮਰਥਕਾਂ ਦੀ ਖੈਰ ਨਹੀਂ।
ਇਸ ਸਬੰਧ ਵਿੱਚ ਪਹਿਲੀ ਟੱਕਰ ਮਾਨਸਾ ਵਿੱਚ ਹੋਈ ਸੀ, ਜਦੋਂ ਡੇਰੇ ਦੇ ਮੁਖੀ ਦੇ
ਨਾਂ ’ਤੇ ਬਣੇ ਚੌਕ ਨੂੰ ਅਕਾਲੀਆਂ ਵਲੋਂ ਢਾਹ ਦਿੱਤਾ ਗਿਆ। ਪੰਜਾਬ ਸਰਕਾਰ ਨੇ
ਆਉਣ ਵਾਲੀਆਂ ਘਟਨਾਵਾਂ ਵੱਲ ਇਸ਼ਾਰਾ ਕਰਦੀ ਇਸ ਘਟਨਾ ਨੂੰ ਬਹੁਤਾ ਨਹੀਂ ਸੀ
ਗੌਲਿਆ। ਇਹੀ ਸਭ ਤੋਂ ਵੱਡੀ ਅਣਗਹਿਲੀ ਸੀ।
ਸੰਨ 1978 ਦੀ ਵਿਸਾਖੀ ਨੂੰ ਨਿਰੰਕਾਰੀਆਂ ਨਾਲ ਹੋਈ ਝੜਪ ਤੋਂ ਬਾਅਦ ਪੰਜਾਬ
ਵਿੱਚ ਜਿਹੜੀ ਸਥਿਤੀ ਪੈਦਾ ਹੋਈ, ਉਸ ਨੂੰ ਪੰਜਾਬ ਦੇ ਲੋਕ ਭੁਲਾ ਨਹੀਂ ਸਕੇ। ਇਹ
ਗੱਲ ਮੌਕਾ ਮੇਲ ਵਾਲੀ ਹੀ ਸਮਝੀ ਜਾਣੀ ਚਾਹੀਦੀ ਹੈ ਕਿ 1978 ਵਿੱਚ ਵੀ
ਨਿਰੰਕਾਰੀਆਂ ਨਾਲ ਅਕਾਲੀਆਂ ਦੀ ਝੜਪ ਸਮੇਂ ਅਕਾਲੀ ਦਲ ਦੀ ਹੀ ਸਰਕਾਰ ਸੀ ਅਤੇ
ਸ੍ਰੀ ਪ੍ਰਕਾਸ਼ ਸਿੰਘ ਬਾਦਲ ਇਸਦੇ ਮੁੱਖ ਮੰਤਰੀ ਸਨ। ਉਦੋਂ ਇਹ ਗੱਲ ਬਹੁਤ ਵਾਰੀ
ਰਿੜਕੀ ਗਈ ਸੀ ਕਿ ਜੇ ਸਿਆਣਪ ਤੋਂ ਕੰਮ ਲਿਆ ਜਾਂਦਾ ਤਾਂ ਕੋਈ ਗੜਬੜ ਨਹੀਂ ਸੀ
ਹੋਣੀ। ਨਿਰੰਕਾਰੀਆਂ ਵਲੋਂ ਚਲਾਈ ਗਈ ਗੋਲੀ ਵਿੱਚ ਮਰਨ ਵਾਲੇ ਫੌਜਾ ਸਿੰਘ ਦੀ
ਪਤਨੀ ਨੇ ਵਾਰ ਵਾਰ ਸਰਕਾਰ ਅਤੇ ਸੰਤ ਜਰਨੈਲ ਸਿੰਘ ਨੂੰ ਚੈਲਿੰਜ ਕੀਤਾ ਸੀ। ਹੁਣ
ਜਦੋਂ ਕਿ ਸ੍ਰੀ ਬਾਦਲ ਚੌਥੀ ਵਾਰ ਮੁੱਖ ਮੰਤਰੀ ਬਣੇ ਹਨ ਤਾਂ ਉਨ੍ਹਾਂ ਦੀ ਪਾਰਟੀ
ਦੇ ਸਮਰਥਕਾਂ ਦਾ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨਾਲ ਟਕਰਾਉ ਸ਼ੁਰੂ ਹੋ ਗਿਆ
ਹੈ। ਹੁਣ ਵੀ ਇਹੀ ਦੋਸ਼ ਲੱਗਣੇ ਹਨ ਕਿ ਮਾਮਲੇ ਨੂੰ ਫੈਲਣ ਤੋਂ ਪਹਿਲਾਂ ਹੀ
ਰੋਕਿਆ ਜਾ ਸਕਦਾ ਸੀ।
ਇਹ ਗੱਲ ਖਬਰੇ ਵੀਹ ਵਾਰੀ ਲਿਖੀ ਜਾ ਚੁੱਕੀ ਹੈ ਕਿ ਜਦੋਂ ਅਕਾਲੀ ਸੱਤਾ ਤੋਂ
ਬਾਹਰ ਹੁੰਦੇ ਹਨ ਤਾਂ ਕੇਂਦਰ ਨਾਲ ਮੱਥਾ ਲਾ ਬਹਿੰਦੇ ਹਨ। ਪਰ ਜਦੋਂ ਸੱਤਾ ਵਿੱਚ
ਆਉਂਦੇ ਹਨ ਤਾਂ ਆਪਸ ਵਿੱਚ ਹੀ ਖਹਿਬਾਜ਼ੀ ਸ਼ੁਰੂ ਕਰ ਲੈਂਦੇ ਹਨ। ਹੁਣ ਅਕਾਲੀਆਂ
ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਆਰ ਐਸ ਐਸ ਨੇ
ਵੀ ਕਿਹਾ ਹੈ ਕਿ ਅਕਾਲੀ ਸਦਾ ਹੀ ਟਿੰਡ ਵਿੱਚ ਕਾਨਾ ਪਾਈ ਰੱਖਦੇ ਹਨ। ਇਹ ਗੱਲ
ਭਾਵੇਂ ਆਜ਼ਾਦੀ ਦੀ ਪਹਿਲੀ ਲੜਾਈ ਬਾਰੇ ਅਕਾਲੀ ਦਲ ਵਲੋਂ ਪਾਰਲੀਮੈਂਟ ਵਿੱਚ ਲਏ
ਗਏ ਸਟੈਂਡ ਦੇ ਪਰਥਾਏ ਕਹੀ ਗਈ ਹੈ ਪਰ ਅਸਲ ਵਿੱਚ ਇਹ ਸਿਰਸੇ ਵਾਲਿਆਂ ਨਾਲ ਪੰਗੇ
ਤੋਂ ਬਾਅਦ ਹੀ ਆਰ ਐਸ ਐਸ ਦੇ ਅਖਬਾਰ ਵਿੱਚ ਛਪੀ ਹੈ। ਜਦੋਂ ਸਿਆਸੀ ਭਾਈਵਾਲ ਵੀ
ਇਸ ਤਰ੍ਹਾਂ ਸੋਚਦਾ ਹੋਵੇ ਤਾਂ ਜਿਸ ਬਾਰੇ ਸੋਚਿਆ ਜਾ ਰਿਹਾ ਹੈ, ਉਸ ਨੂੰ ਵੀ
ਸੋਚਣਾ ਚਾਹੀਦਾ ਹੈ। ਪਰ ਸੋਚੇ ਕੌਣ? ਗੁਰੂ ਨਾਨਕ ਦੇਵ ਜੀ ਵੀ ਕਹਿ ਗਏ ਹਨ ਕਿ
ਸੋਚਿਆਂ ਸੋਚ ਨਾ ਹੋਵਈ ਜੇ ਸੋਚੈ ਲਖੁ ਵਾਰੁ।
ਸਿਆਸੀ ਕਿੜਾਂ ਕੱਢਣ ਦੀ ਥਾਂ ਸ੍ਰੀ ਬਾਦਲ ਨੂੰ ਜਿੱਥੇ ਇੱਕ ਪਾਸੇ ਆਪਣੇ
ਸਮਰਥਕਾਂ ਨੂੰ ਤਹੱਮਲ ਤੋਂ ਕੰਮ ਲੈਣ ਦੀ ਪ੍ਰੇਰਨਾ ਕਰਨੀ ਚਾਹੀਦੀ ਸੀ, ਉੱਥੇ
ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਅਮਨ-ਚੈਨ ਵਿੱਚ ਵਿਘਨ ਪਾਉਣ
ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ; ਭਾਵੇਂ ਉਹ ਖ਼ੁਦ
ਉਨ੍ਹਾਂ ਦੀ ਹੀ ਪਾਰਟੀ ਦੇ ਵਰਕਰ ਕਿਉਂ ਨਾ ਹੋਣ। ਜੇ ਅਜਿਹਾ ਨਾ ਕੀਤਾ ਤਾਂ
ਸ੍ਰੀ ਬਾਦਲ ਆਪਣੀ ਇਤਿਹਾਸਕ ਜ਼ਿੰਮੇਵਾਰੀ ਤੋਂ ਖੁੰਝ ਰਹੇ ਹੋਣਗੇ। ਇਸ ਤੋਂ
ਪਹਿਲਾਂ ਵੀ ਉਹ ਇੱਕ ਵਾਰੀ ਨਹੀਂ, ਕਈ ਵਾਰੀ ਇਸ ਦੋਸ਼ ਦੇ ਭਾਗੀ ਬਣ ਚੁੱਕੇ ਹਨ।
ਵਾਰ ਵਾਰ ਇੱਕੋ ਹੀ ਦੋਸ਼ ਲੱਗਣਾ ਕੋਈ ਚੰਗੀ ਗੱਲ ਨਹੀਂ ਹੁੰਦੀ। ਇਸ ਤੋਂ ਪਹਿਲਾਂ
ਵੀ ਅਕਾਲੀਆਂ ਦੇ ਆਪਸੀ ਦੰਗੇ ਕਾਰਨ ਬਥੇਰਾ ਕੁੱਝ ਗ਼ਲਤ ਮਲਤ ਹੁੰਦਾ ਰਿਹਾ ਹੈ।
ਅਸਹਿਣਸ਼ੀਲਤਾ ਕਿਸੇ ਨੇਤਾ ਜਾਂ ਫਿਰਕੇ ਦਾ ਬਹੁਤ ਵੱਡਾ ਔਗੁਣ ਹੁੰਦਾ ਹੈ। ਜਦੋਂ
ਤੱਕ ਇਹ ਸਿਆਸਤ ਤੱਕ ਸੀਮਤ ਰਹੇ ਉਦੋਂ ਤੱਕ ਵੀ ਖਤਰਨਾਕ ਹੁੰਦਾ ਹੈ। ਪਰ ਜਦੋਂ
ਇਹ ਧਰਮਾਂ ਤੱਕ ਆ ਪਹੁੰਚੇ ਅਤੇ ਲੋਕ ਇਸ ਵਿੱਚ ਸ਼ਾਮਲ ਹੋ ਜਾਣ ਤਾਂ ਮਾਮਲਾ ਬਹੁਤ
ਹੀ ਖਤਰਨਾਕ ਹੋ ਜਾਂਦਾ ਹੈ। ਚੋਣਾਂ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਅਤੇ ਫੇਰ
ਕੁੱਝ ਦਿਨਾਂ ਬਾਅਦ ਹੀ ਲੁਧਿਆਣਾ ਵਿੱਚ ਅਕਾਲੀ ਦਲਾਂ ਦੇ ਵਰਕਰਾਂ ਵਿਚਾਲੇ
ਹੋਈਆਂ ਝੜਪਾਂ ਤੋਂ ਇੱਕ ਪਹਿਲੀ ਕਿਸਮ ਦੀ ਅਸਹਿਣਸ਼ੀਲਤਾ ਦਿਖਾਈ ਦਿੰਦੀ ਸੀ।
ਉਦੋਂ ਵੀ ਸਿਆਸੀ ਹਲਕਿਆਂ ਵਿੱਚ ਚਰਚਾ ਸੀ ਕਿ ਸ੍ਰੀ ਪਰਕਾਸ਼ ਸਿੰਘ ਬਾਦਲ ਨੇ ਸੋਚ
ਸਮਝ ਕੇ ਜਾਂ ਅਣਸੋਚਿਆਂ ਹੀ ਸਿੱਖ ਕੌਮ ਨੂੰ ਟਕਰਾਉ ਦੇ ਰਾਹ ਪਾ ਦਿੱਤਾ ਹੈ। ਪਰ
ਨਾਲ ਹੀ ਇਹ ਰਾਏ ਵੀ ਸੀ ਕਿ ਉਨ੍ਹਾਂ ਆਪਣੇ ਲਈ ਵੱਡੀ ਮੁਸੀਬਤ ਵੀ ਖੜ੍ਹੀ ਕਰ ਲਈ
ਹੈ। ਉਨ੍ਹਾਂ ਸਿੱਖਾਂ ਵਿੱਚ ਇਹ ਚਿੰਤਾ ਬਹੁਤੀ ਹੈ ਜਿਹੜੇ ਸਿੱਖ ਕੌਮ ਵਲੋਂ ਡੇਢ
ਦਹਾਕਾ ਪਹਿਲਾਂ ਦੋ ਦਹਾਕੇ ਦੇ ਸਮੇਂ ਤੱਕ ਝੱਲੀ ਤਰਾਸਦੀ ਨੂੰ ਮੁੜ ਦੁਹਰਾਉਣਾ
ਨਹੀਂ ਚਾਹੁੰਦੇ। ਸਿੱਖ ਆਗੂਆਂ ਵਲੋਂ ਇੱਕ ਦੂਜੇ ਦੀਆਂ ਪੱਗਾਂ ਲਾਹੇ ਜਾਣ ਦੀਆਂ
ਮਿਸਾਲਾਂ ਪਹਿਲਾਂ ਵੀ ਇਤਿਹਾਸ ਵਿੱਚ ਬਹੁਤ ਸਾਰੀਆਂ ਮਿਲਦੀਆਂ ਹਨ ਪਰ ਜਦੋਂ ਧਰਮ
ਦੇ ਸਭ ਤੋਂ ਸੁਪਰੀਮ ਤਖਤ ਉੱਤੇ ਇਸ ਤਰ੍ਹਾਂ ਹੋਵੇ ਤਾਂ ਮਾਮਲਾ ਗੰਭੀਰ ਹੁੰਦਾ
ਹੈ। ਫਿਰ ਲੁਧਿਆਣੇ ਵਿੱਚ ਮਾਨ ਦਲ ਵਾਲਿਆਂ ਨੂੰ ਅਕਾਲੀ ਦਲ ਵਾਲਿਆਂ ਨੇ ਛੱਲੀਆਂ
ਵਾਂਗ ਕੁਟਿਆ ਸੀ। ਉਦੋਂ ਮੈਂ ਲਿਖਿਆਂ ਸੀ ਕਿ ਅਜੇ ਤੱਕ ਤਾਂ ਭਾਵੇਂ ਸਿਰਫ ਮਾਨ
ਦਲ ਵਾਲਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਲਗਦਾ ਹੈ ਕਿ ਵਾਰੀ ਵਾਰੀ
ਸਭ ਅਕਾਲੀ ਦਲ ਹੀ ਅਤੇ ਮਗਰੋਂ ਹੋਰ ਵਿਰੋਧੀ ਹਲਕੇ ਬਾਦਲ ਦਲ ਵਾਲਿਆਂ ਦਾ ਸ਼ਿਕਾਰ
ਹੋਣਗੇ। ਜਦੋਂ ਸਿਰਸੇ ਵਾਲਿਆਂ ਨੇ ਕਾਂਗਰਸ ਦੀ ਮਦਦ ਦਾ ਐਲਾਨ ਕਰ ਦਿੱਤਾ ਸੀ,
ਉਦੋਂ ਤਾਂ ਇਹ ਗੱਲ ਪਰਤੱਖ ਹੀ ਹੋ ਗਈ ਸੀ ਕਿ ਜੇ ਅਕਾਲੀ ਜਿੱਤ ਗਏ ਤਾਂ
ਪ੍ਰੇਮੀਆਂ ਦੀ ਖੈਰ ਨਹੀਂ।
ਖੈਰ, ਜਦੋਂ ਇਹ ਸਤਰਾਂ ਲਿਖ ਰਿਹਾ ਸਾਂ ਤਾਂ ਇੱਕ ਅਖਬਾਰ ਵਿੱਚ ਸਿਰਸੇ ਵਾਲੇ
ਸਾਧ ਦੀ ਮੁਗਲ ਜਰਨੈਲ ਦੇ ਵਸਤਰਾਂ ਵਾਲੀ ਤਸਵੀਰ ਛਪੀ ਹੈ। ਮੇਰੀ ਪਤਨੀ ਮੇਰੀ ਇਸ
ਗੱਲ ਨਾਲ ਵੀ ਸਹਿਮਤ ਹੈ ਕਿ ਇਸ ਨਾਲ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਕੋਈ
ਠੇਸ ਨਹੀਂ ਪਹੁੰਚਣੀ ਪਰ ਸਿੱਖ ਪੰਥ ਨੂੰ ਵੀ ਕੋਈ ਢਾਰਸ ਨਹੀਂ ਮਿਲਣੀ। ਕਈ ਵਾਰੀ
ਕਿੰਨੀਆਂ ਗੱਲਾਂ ਉੱਤੇ ਸਹਿਮਤੀ ਹੋ ਜਾਂਦੀ ਹੈ!
*****
#412,
ਸੈਕਟਰ
30
ਏ,
ਚੰਡੀਗੜ੍ਹ।
E-Mail:
dalbirsingh50@yahoo.com
(22 ਮਈ
2007) ਯੂਨੀਕੋਡ