ਮੁੱਖਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਜਗਤ ਤਮਾਸ਼ਾ(41):

ਵਾਅਦਾ ਰਿਹਾ ਕਿ ਪੂਰਾ ਕਰਾਂਗਾ!

– ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ-


ਕਿਸੇ ਸਿਆਣੇ ਨੇ ਕਿਹਾ ਹੈ ਕਿ ਵਾਅਦਾ ਕੀਤਾ ਹੋਵੇ ਤਾਂ ਉਸ ਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਪਰ ਨਾਲ ਹੀ ਇਹ ਵੀ ਕਿ ਬੰਦੇ ਨੂੰ ਕੋਈ ਵਾਅਦਾ ਕਰਨਾ ਹੀ ਨਹੀਂ ਚਾਹੀਦਾ।

ਗੱਲ ਆਪਣੇ ਹੀ ਘਰ ਤੋਂ ਸ਼ੁਰੂ ਕਰਨੀ ਕੋਈ ਮਾੜੀ ਗੱਲ ਨਹੀਂ। ਮੈਨੂੰ ਬਹੁਤ ਸਾਰੇ ਲੋਕ ਅਕਸਰ ਕਹਿੰਦੇ ਰਹਿੰਦੇ ਹਨ ਕਿ ਉਨ੍ਹਾਂ ਬਾਰੇ ਲਿਖਾਂ। ਇਨ੍ਹਾਂ ਵਿੱਚ ਇੱਕ ਨਵਾਂ ਨਾਂ ਮੇਰੇ ਆਪਣੇ ਹੀ ਟੱਬਰ ਦੇ ਇੱਕ ਮੈਂਬਰ ਦਾ ਵੀ ਸ਼ਾਮਲ ਹੋ ਗਿਆ ਹੈ। ਉਹ ਮੇਰੀ ਬੇਟੀਆਂ ਵਰਗੀ ਨੂੰਹ ਹਰਨੀਤ ਹੈ। ਕਈ ਵਾਰ ਕਹਿ ਚੁੱਕੀ ਹੈ ਕਿ ਪਾਪਾ ਮੇਰੇ ਬਾਰੇ ਵੀ ਲਿਖੋ। ਬੱਚਿਆਂ ਦੀ ਖੁਸ਼ੀ ਲਈ ਬੰਦਾ ਕੀ ਕੁੱਝ ਨਹੀਂ ਕਰਦਾ? ਫਿਰ ਇੱਕ ਲੇਖ ਕੀ ਚੀਜ਼ ਹੈ? ਪਰ ...!

... ਸੋਚ ਰਿਹਾ ਹਾਂ ਕਿ ਲੇਖਣੀ ਦਾ ਧਰਮ ਪਾਲਾਂ ਕਿ ਉਸਦੀ ਇੱਛਾ ਪੂਰੀ ਕਰਾਂ? ਇਹ ਵੀ ਸੋਚ ਰਿਹਾ ਹਾਂ ਕਿ ਉਸਦਾ ਜ਼ਿਕਰ ਕਰ ਕੇ ਕਿਤੇ ਮੈਂ ਪਰਿਵਾਰ ਨੂੰ ਬੇਲੋੜੀ ਹੱਲਾਸ਼ੇਰੀ ਦਿੱਤੇ ਜਾਣ ਅਤੇ ਸਮਾਜ ਦੀ ਥਾਂ ਪਰਿਵਾਰ ਨੂੰ ਤਰਜੀਹ ਦੇਣ ਦੇ ਦੋਸ਼ ਦਾ ਭਾਗੀ ਤਾਂ ਨਹੀਂ ਬਣ ਜਾਵਾਂਗਾ? ਫਿਰ ਸੋਚਦਾ ਹਾਂ ਕਿ ਜੇ ਸਾਡੇ ਨੇਤਾਵਾਂ ਨੂੰ ਆਪੋ ਆਪਣੇ ਟੱਬਰਾਂ ਨੂੰ ਉਤਸ਼ਾਹਤ ਕਰਨ ਵਿੱਚ ਕੋਈ ਗ਼ਲਤ ਗੱਲ ਨਹੀਂ ਲਗਦੀ ਤਾਂ ਮੈਂ ਹੀ ਕਿਉਂ ਇਸ ਬਾਰੇ ਫਿਕਰ ਕਰ ਕਰ ਕੇ ਆਪਣੀ ਜ਼ਿੰਦਗੀ ਦੇ ਦਿਨ ਥੋੜ੍ਹੇ ਕਰੀ ਜਾਵਾਂ?

ਪਤਾ ਹੀ ਹੋਣਾ ਹੈ ਕਿ ਚਿੰਤਾ ਨਾਲ ਜੀਵਨ ਘਟਦਾ ਹੈ। ਅਜ ਕਲ੍ਹ ਤਾਂ ਡਾਕਟਰ ਵੀ ਇਹੀ ਕਹਿੰਦੇ ਹਨ ਕਿ ਚਿੰਤਾ ਕਰਨ ਨਾਲ ਉਮਰ ਘਟਦੀ ਹੈ ਅਤੇ ਲੰਬੀ ਉਮਰ ਲਈ ਜ਼ਰੂਰੀ ਹੈ ਕਿ ਬੰਦਾ ਚਿੰਤਾ ਨਾ ਕਰੇ। ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ ਚਿੰਤਾ ਚਿਤਾ ਸਮਾਨ ਹੈ। ਜਿਹੜਾ ਬੰਦਾ ਭੋਰਾ ਵੀ ਚਿੰਤਾ ਕਰਦਾ ਹੈ ਉਸਦੀ ਉਮਰ ਭੋਰਾ ਭੋਰਾ ਕਰਕੇ ਖੁਰਦੀ ਰਹਿੰਦੀ ਹੈ। ਉਸਦੀ ਜ਼ਿੰਦਗੀ ਭੋਰਾ ਭੋਰਾ ਕਰਕੇ ਖਿੰਡਦੀ ਰਹਿੰਦੀ ਹੈ ਅਤੇ ਉਹ ਜਵਾਨੀ ਵਿੱਚ ਹੀ ਮਰ ਜਾਂਦਾ ਹੈ। ਜਿਹੜੇ ਚਿੰਤਾ ਨਹੀਂ ਕਰਦੇ ਉਨ੍ਹਾਂ ਦੀ ਉਮਰ ਲੰਬੀ ਹੁੰਦੀ ਹੈ। ਉਨ੍ਹਾਂ ਦੀ ਜ਼ਿੰਦਗੀ ਦੇ ਸਾਲ ਬੋਰਾ ਬੋਰਾ ਭਰੇ ਰਹਿੰਦੇ ਹਨ।

ਇਹ ਵੀ ਸੱਚ ਹੈ ਕਿ ਲਿਖਾਰੀਆਂ ਜਾਂ ਕਲਾਕਾਰਾਂ ਦੀ ਉਮਰ ਥੋੜ੍ਹੀ ਹੁੰਦੀ ਹੈ ਪਰ ਸਿਆਸਤਦਾਨਾਂ ਦੀ ਉਮਰ ਬਹੁਤੀ। ਖਬਰੇ ਲਿਖਾਰੀ ਅਤੇ ਕਲਾਕਾਰ ਸਮਾਜ ਦੀ ਬਹੁਤੀ ਚਿੰਤਾ ਕਰਦੇ ਹਨ। ਪਰ ਸਿਆਸਤਦਾਨ ਨਹੀਂ ਕਰਦੇ। ਕਈਆਂ ਦਾ ਵਿਚਾਰ ਹੋ ਸਕਦਾ ਹੈ ਕਿ ਮੇਰੀ ਗੱਲ ਸਹੀ ਨਹੀਂ ਹੈ ਕਿਉਂਕਿ ਚਿੰਤਾ ਹੋਣ ਕਾਰਨ ਹੀ ਤਾਂ ਉਹ ਲੋਕ ਸੇਵਾ ਦੇ ਮੈਦਾਨ ਵਿੱਚ ਨਿੱਤਰਦੇ ਹਨ। ਵਰਨਾ ਉਨ੍ਹਾਂ ਨੂੰ ਆਪਣੇ ਏਅਰ ਕੰਡੀਸ਼ੰਨਡ ਕਮਰਿਆਂ ਵਿੱਚੋਂ ਬਾਹਰ ਨਿਕਲਣ ਦੀ ਕੀ ਲੋੜ ਹੈ? ਜਿਸ ਨੇ ਧਨ ਕਮਾ ਲਿਆ ਉਸ ਨੂੰ ਕੀ ਵਖ਼ਤ ਪਿਆ ਹੈ ਕਿ ਉਹ ਗਰੀਬਾਂ ਦੇ ਬੱਚਿਆਂ ਦੇ ਮੂੰਹ ਚੁੰਮਦਾ ਫਿਰੇ? ਚੋਣਾਂ ਦੌਰਾਨ ਇਹ ਕੰਮ ਤਾਂ ਕਰਨਾ ਹੀ ਪੈਂਦਾ ਹੈ। ਚਿੱਟੇ ਧੋਤੇ ਹੋਏ ਕੱਪੜੇ ਪਾ ਕੇ ਇਹ ਕੰਮ ਕਰਨਾ ਸੌਖਾ ਨਹੀਂ ਹੁੰਦਾ। ਫਿਰ ਵੀ ਉਹ ਵੋਟਾਂ ਖਾਤਰ, ਭਾਵੇਂ ਕੁੱਝ ਦਿਨਾਂ ਲਈ ਹੀ ਸਹੀ, ਇਹ ਸਭ ਕੁੱਝ ਕਰਦੇ ਹਨ। ਕਰਦੇ ਵੀ ਹਨ ਅਤੇ ਮੁਸਕਰਾਉਂਦੇ ਵੀ ਹਨ। ਹੋਰ ਭਲਾ ਕੌਣ ਇੰਜ ਕਰ ਸਕਦਾ ਹੈ?

ਇੱਕ ਗੱਲ ਪੱਕੀ ਹੈ ਕਿ ਸਿਆਸਤਦਾਨਾਂ ਦੀ ਉਮਰ ਬਹੁਤ ਲੰਬੀ ਹੁੰਦੀ ਹੈ। ਜ਼ਰੂਰੀ ਨਹੀਂ ਕਿ ਉਹ ਸੱਤਾ ਵਿੱਚ ਹੋਣ ਤਾਂ ਹੀ ਉਮਰ ਲੰਬੀ ਹੁੰਦੀ ਹੈ। ਜਦੋਂ ਸੱਤਾ ਵਿੱਚ ਨਹੀਂ ਹੁੰਦੇ ਉਦੋਂ ਸੱਤਾ ਦੀ ਉਡੀਕ ਵਿੱਚ ਵੀ ਉਮਰ ਲੰਬੀ ਹੀ ਰਹਿੰਦੀ ਹੈ। ਭਾਰਤ ਭਰ ਵਿੱਚ ਹੀ ਚੋਟੀ ਦੇ ਨੇਤਾਵਾਂ ਦੇ ਨਾਂ ਗਿਣੋ ਤਾਂ ਬਹੁਤੇ ਅੱਸੀਆਂ ਦੇ ਨੇੜੇ ਤੇੜੇ ਮਿਲਣਗੇ। ਕਾਂਗਰਸੀਆਂ ਵਿੱਚ ਵੀ ਇਸ ਉਮਰ ਦੇ ਬਥੇਰੇ ਹਨ। ਭਾਜਪਾ ਵਿੱਚ ਤਾਂ ਚੋਟੀ ਦੇ ਦੋ ਨੇਤਾ ਹਨ ਹੀ ਏਨੇ ਬੁੱਢੇ ਕਿ ਖੁਦ ਹਿੱਲ ਵੀ ਨਹੀਂ ਸਕਦੇ। ਉਨ੍ਹਾਂ ਦੀ ਉਮਰ ਦੇ ਹਾਣੀ ਤਾਂ ਦੋ ਦੋ ਦਹਾਕਿਆਂ ਤੋਂ ਭਗਤੀ ਕਰਨ ਲੱਗੇ ਹੋਏ ਹਨ ਅਤੇ ਅਗਲੇ ਸੰਸਾਰ ਵਿੱਚ ਬਿਤਾਏ ਜਾਣ ਵਾਲੇ ਜੀਵਨ ਨੂੰ ਸੁਧਾਰ ਰਹੇ ਹਨ। ਕਾਮਰੇਡਾਂ ਵਿੱਚ ਵੀ ਬਹੁਤੇ ਉਸ ਉਮਰ ਨੂੰ ਪਹੁੰਚੇ ਹੋਏ ਹਨ ਜਿਸ ਵਿੱਚ ਆਮ ਆਦਮੀ ਭਗਤੀ ਕਰਨਾ ਵੀ ਭੁੱਲ ਜਾਂਦਾ ਹੈ। ਕਾਮਰੇਡਾਂ ਨੇ ਤਾਂ ਖੈਰ ਭਗਤੀ ਕਰਨੀ ਹੀ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਮੁਤਾਬਕ ਕੋਈ ਅਗਲਾ ਸੰਸਾਰ ਹੈ ਹੀ ਨਹੀਂ। ਫਿਰ ਵੀ ਉਹ ਨਵੀਂ ਪੀੜ੍ਹੀ ਨੂੰ ਜਨ ਸੇਵਾ ਕਰਨ ਲਈ ਅੱਗੇ ਆਉਣ ਦਾ ਸੌਖਿਆਂ ਹੀ ਮੌਕਾ ਨਹੀਂ ਦਿੰਦੇ।

ਕਹਿੰਦੇ ਹਨ ਕਿ ਨੇਤਾ ਜੀ ਨੂੰ ਸਾਰੀ ਲੋਕਾਈ ਦਾ ਫਿਕਰ ਹੁੰਦਾ ਹੈ। ਜੇ ਫਿਕਰ ਹੋਵੇ ਤਾਂ ਉਮਰ ਘਟਦੀ ਹੈ। ਪਰ ਜੇ ਉਨ੍ਹਾਂ ਦੀਆਂ ਸਿਹਤਾਂ ਨੂੰ ਦੇਖਿਆ ਜਾਵੇ ਤਾਂ ਇਸ ਬਾਰੇ ਭਰਮ ਪੈਦਾ ਹੁੰਦਾ ਹੈ। ਅਜੇ ਕੁੱਝ ਹੀ ਦਿਨ ਪਹਿਲਾਂ ਦੀ ਗੱਲ ਹੈ, ਪੰਜਾਬ ਵਿੱਚ ਨਵੀਂ ਸਰਕਾਰ ਬਣੀ ਤਾਂ ਅੱਸੀ ਸਾਲ ਦੇ ਬੰਦੇ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ। ਕਿਹਾ ਗਿਆ ਕਿ ਪਿਛਲੀ ਸਰਕਾਰ ਅਮੀਰਾਂ ਦੀ ਸਰਕਾਰ ਸੀ ਅਤੇ ਹੁਣ ਗਰੀਬਾਂ ਦੀ ਸਰਕਾਰ ਆਵੇਗੀ। ਇਹ ਵੀ ਕਿ ਨਵੇਂ ਮੁੱਖ ਮੰਤਰੀ ਨੂੰ ਆਮ ਜਨਤਾ ਦਾ ਬਹੁਤਾ ਫਿਕਰ ਹੈ ਅਤੇ ਉਹ ਛੇਤੀ ਹੀ ਗਰੀਬਾਂ ਨੂੰ ਸਸਤਾ ਆਟਾ ਅਤੇ ਦਾਲਾਂ ਦੇਣਗੇ। ਪਰ ਹੋਇਆ ਕੀ?

ਹੋਇਆ ਇਹ ਕਿ ਡੇਰੇ ਨਾਲ ਪੈਦਾ ਹੋਏ ਝਗੜੇ ਨੂੰ ਏਨਾ ਫੈਲਣ ਦਿੱਤਾ ਗਿਆ ਕਿ ਲੋਕਾਂ ਨੂੰ ਆਟੇ ਅਤੇ ਦਾਲ ਦੀ ਗੱਲ ਹੀ ਭੁੱਲ ਗਈ। ਉਹ ਸਿਰਫ ਇਹੀ ਬੇਨਤੀਆਂ ਕਰਨ ਲੱਗੇ ਕਿ ਹਾੜ੍ਹਾ, ਕਿਸੇ ਤਰ੍ਹਾਂ ਪੰਜਾਬ ਨੂੰ ਅੱਗ ਲੱਗਣ ਤੋਂ ਬਚਾ ਲਵੋ। ਭੱਠੀ ਵਿੱਚ ਪਵੇ ਸਸਤਾ ਆਟਾ ਅਤੇ ਦਾਲ। ਜੇ ਜਾਨ ਹੀ ਨਾ ਰਹੀ ਤਾਂ ਸਸਤਾ ਆਟਾ ਅਤੇ ਦਾਲ ਕੀ ਸ਼ਮਸ਼ਾਨ ਘਾਟ ਵਿੱਚ ਖਾਣੀ ਹੈ? ਲਉ ਜੀ, ਇਸ ਨੂੰ ਕਹਿੰਦੇ ਹਨ ਲੋਕਾਈ ਦਾ ਫਿਕਰ। ਲੋਕਾਈ ਕਿਤੇ ਵਾਅਦਾ ਪੂਰਾ ਨਾ ਕੀਤੇ ਜਾਣ ਕਾਰਨ ਗਲ ਹੀ ਨਾ ਪੈ ਜਾਵੇ, ਇਸ ਲਈ ਉਸ ਨੂੰ ਇੱਕ ਦੂਜੇ ਦੇ ਗੱਲ ਪੁਆ ਦੇਵੋ। ਆਪ ਪੁਤਲਿਆਂ ਪਿੱਛੇ ਲੁਕ ਜਾਵੋ। ਆਪਣੇ ਹੀ ਪਰਛਾਵਿਆਂ ਦਾ ਆਸਰਾ ਲਵੋ।

ਹੁਣ ਜਦੋਂ ਪੰਜਾਬ ਵਿੱਚ ਉਹ ਕੁੱਝ ਹੋ ਰਿਹਾ ਹੈ ਜੋ ਕੁੱਝ ਨਹੀਂ ਸੀ ਹੋਣਾ ਚਾਹੀਦਾ ਅਤੇ ਸੱਤਾ ਵਾਲੇ ਉਹ ਕੁੱਝ ਕਹਿ ਰਹੇ ਹਨ ਜੋ ਕੁੱਝ ਨਹੀਂ ਸੀ ਕਹਿਣਾ ਚਾਹੀਦਾ, ਉਦੋਂ ਮੇਰੇ ਵਰਗਾ ਕੋਈ ਕਲਮ ਦੀ ਵਰਤੋਂ ਕਰਦਾ ਹੋਇਆ ਆਪਣੇ ਹੀ ਘਰ ਦੇ ਕਿਸੇ ਮੈਂਬਰ ਬਾਰੇ ਲਿਖੇ ਤਾਂ ਉਹ ਆਪਣੇ ਆਪ ਨੂੰ ਕੀ ਮੂੰਹ ਦਿਖਾਊ? ਉਸ ਕੋਲ ਏਨਾ ਜਿਗਰਾ ਤਾਂ ਹੈ ਨਹੀਂ ਕਿ ਉਹ ਢੀਠਤਾਈ ਨਾਲ ਕਹੇ ਕਿ ਫੇਰ ਕੀ ਹੋਇਆ? ਜੇ ਬੰਦਾ ਆਪਣੇ ਹੀ ਟੱਬਰ ਬਾਰੇ ਨਾ ਲਿਖੇ ਤਾਂ ਫਿਰ ਕੀਹਦੇ ਬਾਰੇ ਲਿਖੇ? ਨਾ ਹੀ ਏਨਾ ਹੌਸਲਾ ਹੈ ਕਿ ਮੁੱਖ ਮੰਤਰੀ ਵਾਂਗ ਕਹੇ ਕਿ ਭਾਈ ਜਿੰਨੀ ਵੱਡੀ ਭੜਕਾਹਟ ਸੀ ਉਸਦੇ ਮੁਕਾਬਲੇ ਤਾਂ ਪੰਜਾਬ ਵਿੱਚ ਬਹੁਤੀ ਹਿੰਸਾ ਹੋਈ ਹੀ ਨਹੀਂ। ਸਿਰਫ ਇੱਕ ਹੀ ਤਾਂ ਜਾਨ ਗਈ ਹੈ! ਜਿਵੇਂ ਕਹਿਣਾ ਹੋਵੇ ਕਿ ਜਾਣੀਆਂ ਤਾਂ ਕਈ ਜਾਨਾਂ ਸਨ ਪਰ ਕੀ ਕਰੀਏ, ਲੋਕਾਂ ਨੇ ਹੋਰ ਹਿੰਸਾ ਕੀਤੀ ਹੀ ਨਹੀਂ।

ਜੇ ਸਿਆਸਤਦਾਨਾਂ ਦੀ ਗੱਲ ਨਾ ਵੀ ਕਰੀਏ ਤਾਂ ਵੀ ਇਹ ਮਸਲਾ ਤਾਂ ਹੈ ਹੀ ਕਿ ਜੇ ਲਿਖਣਾ ਹੀ ਹੋਵੇ ਤਾਂ ਕਿਸ ਔਰਤ ਬਾਰੇ ਲਿਖੀਏ? ਹਰਨੀਤ ਨੂੰ ਪਤਾ ਹੀ ਹੈ ਕਿ ਮਾਂ ਹੋਣਾ ਕੀ ਹੁੰਦਾ ਹੈ? ਹਰ ਮਾਂ ਉਸ ਸਮੇਂ ਤੋਂ ਹੀ ਆਪਣੀ ਔਲਾਦ ਬਾਰੇ ਸੁਪਨੇ ਲੈਣੇ ਸ਼ੁਰੂ ਕਰ ਦਿੰਦੀ ਹੈ ਜਿਸ ਦਿਨ ਤੋਂ ਉਸ ਨੂੰ ਪਤਾ ਲਗਦਾ ਹੈ ਕਿ ਉਹ ਮਾਂ ਬਣਨ ਵਾਲੀ ਹੈ। ਉਹ ਬੱਚੇ ਦੇ ਲਿੰਗ ਬਾਰੇ, ਉਸਦੇ ਨੈਣ ਨਕਸ਼ਾਂ ਬਾਰੇ ਅਤੇ ਉਸਦੇ ਭਵਿਖ ਬਾਰੇ ਕਈ ਤਰ੍ਹਾਂ ਦੀਆਂ ਬੁਣਤਾਂ ਬੁਣਦੀ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸਦੇ ਚਿਹਰੇ ਵਿੱਚੋਂ ਖਾਸ ਕਿਸਮ ਦੇ ਨਕਸ਼ ਲੱਭਣ ਦੀ ਕੋਸ਼ਿਸ਼ ਕਰਦੀ ਹੈ ਜਿਹੜੇ ਉਸ ਨੇ ਮਨ ਹੀ ਮਨ ਆਪਣੇ ਬੱਚੇ ਦੇ ਚਿਤਵੇ ਹੁੰਦੇ ਹਨ। ਫਿਰ ਉਹ ਪਲ ਪਲ ਦੀ ਖਬਰ ਰੱਖ ਕੇ ਉਸ ਨੂੰ ਪਾਲਦੀ ਹੈ। ਇਹ ਗੱਲ ਸਿਰਫ ਕਾਗਜ਼ਾਂ ਵਿੱਚ ਹੀ ਨਹੀਂ ਕਿ ਮਾਂ ਖੁਦ ਗਿੱਲੇ ਥਾਂ ਪੈਂਦੀ ਹੈ ਪਰ ਬੱਚੇ ਨੂੰ ਸੁੱਕੇ ਥਾਂ ਪਾਉਂਦੀ ਹੈ। ਉਹ ਤਾਂ ਅਮਲਾਂ ਵਿੱਚ ਆਪਣੇ ਬੱਚੇ ਦੇ ਸਾਹੀਂ ਜਿਉਂਦੀ ਹੈ।

ਇਹ ਕਿਸੇ ਇੱਕ ਮਾਂ ਦੀ ਗੱਲ ਨਹੀਂ। ਪਰ ਜੇ ਮੈਂ ਲਿਖਾਂ ਤਾਂ ਉਸ ਮਾਂ ਬਾਰੇ ਕਿਉਂ ਨਾ ਲਿਖਾਂ ਜਿਸ ਦਾ ਪਲ ਪਲ ਕਰ ਕੇ ਪਾਲਿਆ ਬੱਚਾ ਪਲਾਂ ਵਿੱਚ ਹੀ ਖਰੂਦੀਆਂ ਦੀ ਭੇਟ ਚੜ੍ਹ ਗਿਆ? ਅੱਗੋਂ ਉਸ ਮਾਂ ਦੀ ਤਰਾਸਦੀ ਦੇਖੋ ਕਿ ਕੁੱਝ ਲੋਕਾਂ ਲਈ ਉਹ ਸਿਰਫ ਇੱਕ ਲਾਸ਼ ਮਾਤਰ ਹੀ ਹੈ। ਉਸ ਮਾਂ ਲਈ ਉਸ ਧਰਮ ਦਾ ਕੀ ਮਤਲਬ ਜਿਸ ਦੀ ਬਲੀ ਉੱਤੇ ਉਸਦਾ ਤਿਲ ਤਿਲ ਕਰ ਕੇ ਪਾਲਿਆ ਅਤੇ ਜਵਾਨ ਕੀਤਾ ਬੱਚਾ ਬਿਨਾਂ ਕਿਸੇ ਮਤਲਬ ਦੇ ਹੀ ਚੜ੍ਹਾ ਦਿੱਤਾ ਗਿਆ? ਅਤੇ ਉਹ ਧਰਮ ਵੀ ਕੀ ਜਿਸ ਨੂੰ ਕਿਸੇ ਇੱਕ ਸਾਂਗ ਨਾਲ ਹੀ ਏਨਾ ਖਤਰਾ ਪੈਦਾ ਹੋ ਗਿਆ ਕਿ ਇਸ ਬਦਲੇ ਕਿੰਨੀਆਂ ਹੀ ਜਵਾਨ ਜਾਨਾਂ ਕੁਰਬਾਨ ਕਰਨ ਦੀਆਂ ਤਿਆਰੀਆਂ ਹੋਣ ਲੱਗ ਪਈਆਂ?

ਜਾਂ ਮੈਂ ਲਿਖਾਂ ਤਾਂ ਉਸ ਭੈਣ ਬਾਰੇ ਲਿਖਾਂ ਜਿਸ ਦਾ ਵੀਰ ਸਿਹਰਾ ਬੰਨ੍ਹਣ ਤੋਂ ਪਹਿਲਾਂ ਹੀ ਖਰੂਦ ਦਾ ਖਾਜਾ ਬਣ ਗਿਆ। ਕੌਣ ਸਮਝਾਵੇ ਕਿ ਸਾਰੀ ਉਮਰ ਦਾ ਮਾਪਾ ਅਖਵਾਉਣ ਵਾਲੇ ਨੂੰ ਕੌਮ ਦਾ ਸ਼ਹੀਦ ਕਹਿਣ ਨਾਲ ਵੀ ਉਸ ਭੈਣ ਨੂੰ ਕੋਈ ਫਰਕ ਨਹੀਂ ਪੈਣਾ। ਨਾ ਹੀ ਲੱਖਾਂ ਰੁਪਏ ਦਾ ਇਵਜ਼ਾਨਾ ਹੀ ਕੋਈ ਹੌਸਲਾ ਦੇ ਸਕਦਾ ਹੈ। ਬੰਦਿਆਂ ਨਾਲੋਂ ਪੈਸੇ ਸਿਰਫ ਉਨ੍ਹਾਂ ਲੋਕਾਂ ਲਈ ਹੀ ਕੀਮਤੀ ਹੁੰਦੇ ਹਨ ਜਿਨ੍ਹਾਂ ਦੇ ਬੱਚਿਆਂ ਦੀਆਂ ਜਾਨਾਂ ਮਹਿਫ਼ੂਜ਼ ਹੁੰਦੀਆਂ ਹਨ। ਜਿਨ੍ਹਾਂ ਦੇ ਬੇਸ਼ਕੀਮਤੀ ਬੱਚੇ ਜਨੂੰਨ ਦੀ ਬਲੀ ਚੜ੍ਹ ਜਾਂਦੇ ਹਨ ਉਨ੍ਹਾਂ ਲਈ ਪੈਸੇ ਕੋਈ ਸਕੂਨ ਨਹੀਂ ਲਿਆਉਂਦੇ। ਪਹਿਲਾਂ ਵੀ ਕਿੰਨੀਆਂ ਹੀ ਜਾਨਾਂ ਇਸ ਜਨੂੰਨ ਦੀ ਬਲੀ ਚੜ੍ਹ ਗਈਆਂ ਸਨ। ਮੇਰੀ ਤਾਂ ਅੱਖ ਫਰਕ ਰਹੀ ਹੈ। ਪਤਾ ਨਹੀਂ ਪੰਜਾਬ ਦੀਆਂ ਹੋਰ ਕਿੰਨੀਆਂ ਮਾਵਾਂ ਅਤੇ ਭੈਣਾਂ ਲਈ ਹੰਝੂਆਂ ਦੀ ਖੇਤੀ ਬੀਜੀ ਜਾ ਰਹੀ ਹੈ!

ਹਰ ਕੋਈ ਆਪਣੇ ਟੱਬਰ ਨੂੰ ਪਹਿਲ ਦੇ ਰਿਹਾ ਹੈ। ਇਸ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦਾ ਕਥਨ ਬਹੁਤ ਹੀ ਵਧੀਆ ਸੀ। ਜਦੋਂ ਪਰਿਵਾਰ ਨੂੰ ਤਰਜੀਹ ਦਿੱਤੇ ਜਾਣ ਦਾ ਦੋਸ਼ ਲੱਗਾ ਤਾਂ ਉਨ੍ਹਾਂ ਕਿਹਾ ਸੀ ਕਿ ਮੈਂ ਆਪਣੇ ਪਰਿਵਾਰ ਤੋਂ ਵੱਧ ਕਿਸੇ ਹੋਰ ਉੱਤੇ ਇਤਬਾਰ ਕਿਵੇਂ ਕਰ ਸਕਦਾ ਹਾਂ? ਉਨ੍ਹਾਂ ਆਪਣੇ ਪਰਿਵਾਰ ਉੱਤੇ ਇਤਬਾਰ ਕੀਤਾ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਸਬਕ ਸਿਖਾਇਆ ਕਿ ਉਹ ਆਪੋ ਆਪਣੇ ਪਰਿਵਾਰਾਂ ਵਿੱਚੋਂ ਹੀ ਆਪਣਾ ਜਾਨਸ਼ੀਨ ਲੱਭਣ। ਹਰ ਮਤਲਬ ਦੀ ਗੱਲ ਪੱਲੇ ਬੰਨ ਲੈਣ ਦੀ ਆਦਤ ਵਾਂਗ ਹੀ ਸਾਰੇ ਨੇਤਾਵਾਂ ਨੇ ਇਸ ਗੱਲ ਨੂੰ ਘੁੱਟ ਕੇ ਪੱਲੇ ਬੰਨ੍ਹ ਲਿਆ।

ਜਦੋਂ ਸਾਡੇ ਨੇਤਾ ਹੀ ਪਰਿਵਾਰ ਨੂੰ ਪਹਿਲ ਦੇਣ ਦੀ ਲੀਹ ਉੱਤੇ ਚੱਲ ਰਹੇ ਹੋ,ਣ ਉਦੋਂ ਇਸਦਾ ਅਸਰ ਹੇਠਾਂ ਤੱਕ ਪਹੁੰਚਣਾ ਲਾਜ਼ਮੀ ਹੈ। ਉਸ ਅਸਰ ਤੋਂ ਕੋਈ ਵੀ ਨਹੀਂ ਬਚ ਸਕਦਾ। ਫਿਰ ਮੈਂ ਕਿਵੇਂ ਬਚਾਂ? ਇਸ ਲਈ ਮੈਂ ਵੀ ਆਪਣੀ ਨੂੰਹ ਬਾਰੇ ਜ਼ਰੂਰ ਲਿਖਾਂਗਾ। ਵਾਅਦਾ ਰਿਹਾ।

ਮੈਨੂੰ ਬਹੁਤ ਸਾਰੇ ਲੋਕ ਆਪਣੇ ਬਾਰੇ ਲਿਖਣ ਲਈ ਕਹਿੰਦੇ ਰਹਿੰਦੇ ਹਨ। ਹੁਣ ਹਰਨੀਤ ਵੀ ਕਹਿੰਦੀ ਹੈ। ਮੇਰਾ ਉਸ ਨਾਲ ਵਾਅਦਾ ਹੈ। ਇਹ ਵਾਅਦਾ ਸਸਤੇ ਆਟੇ ਅਤੇ ਦਾਲ ਵਾਲੇ ਵਾਅਦੇ ਵਰਗਾ ਨਹੀਂ ਹੈ ਜਿਸ ਨੂੰ ਪੂਰਾ ਕਰਨ ਤੋਂ ਬਚਣ ਲਈ ਪਤਾ ਨਹੀਂ ਲਹੂ ਹੀਲ ਕੇ ਕੀ ਕੀ ਪਾਪੜ ਵੇਲੇ ਜਾ ਰਹੇ ਹਨ! ਇਹ ਸੱਚਾ ਵਾਅਦਾ ਇੱਕ ਲਿਖਾਰੀ ਦਾ ਹੈ, ਕਿਸੇ ਨੇਤਾ ਦਾ ਨਹੀਂ।
 

*****
#412, ਸੈਕਟਰ 30, ਚੰਡੀਗੜ੍ਹ

E-Mail: dalbirsingh50@yahoo.com

(6 ਜੂਨ 2007) ਯੂਨੀਕੋਡ

ਦਲਬੀਰ ਸਿੰਘ (ਚੰਡੀਗੜ੍ਹ) ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਜਗਤ ਤਮਾਸ਼ਾ ਦਲਬੀਰ ਸਿੰਘ, ਚੰਡੀਗੜ੍ਹ

 

ਲਿਖਾਰੀ
Likhari


© likhari: Punjabi Likhari Forum-2001-2007