ਚਲੋ ਇੱਕ ਲਤੀਫਾ ਕਥਾ ਨਾਲ ਸ਼ੁਰੂ ਕਰੀਏ। ਕਹਿੰਦੇ ਹਨ ਇੱਕ ਬੰਦੇ ਨੂੰ ਹਰ ਗੱਲ
ਵਿੱਚੋਂ ਚੰਗਿਆਈ ਅਤੇ ਭਵਿੱਖ ਦਾ ਆਸ਼ਾਵਾਦੀ ਪੱਖ ਲੱਭਣ ਦੀ ਆਦਤ ਸੀ। ਇੱਕ ਵਾਰੀ
ਉਸਦੀ ਪਿੱਠ ਉੱਤੇ ਦਰਖਤ ਉੱਗ ਆਇਆ। ਲੋਕਾਂ ਨੇ ਸੋਚਿਆ ਕਿ ਹੁਣ ਇਸ ਕੋਲ ਕਹਿਣ
ਲਈ ਕੁੱਝ ਨਹੀਂ ਹੋਣਾ। ਪਰ ਉਹ ਅੱਗੋਂ ਕਹਿਣ ਲੱਗਾ ਕਿ ਹੁਣ ਤਾਂ ਮੌਜਾਂ ਹੀ ਲੱਗ
ਗਈਆਂ। ਛਾਂ ਲੱਭਣ ਲਈ ਕੋਈ ਦਰਖਤ ਲੱਭਣ ਦੀ ਲੋੜ ਹੀ ਨਹੀਂ ਰਹੀ। ਆਪਣਾ ਹੀ ਦਰਖਤ
ਅਤੇ ਆਪਣੀ ਹੀ ਛਾਂ।
ਮੈਂ ਆਪਣੇ ਆਪ ਨੂੰ ਬਹੁਤ ਹੀ ਆਸ਼ਾਵਾਦੀ ਸਮਝਦਾ ਹਾਂ। ਪਰ ਲਾਲ ਕ੍ਰਿਸ਼ਨ ਅਡਵਾਨੀ
ਸਾਹਿਬ ਮੈਥੋਂ ਵੀ ਕਈ ਕਦਮ ਅੱਗੇ ਹਨ। ਜਦੋਂ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ
ਪਾਰਟੀ ਦਾ ਇੱਕ ਪਾਰਲੀਮੈਂਟ ਮੈਂਬਰ ਦਿੱਲੀ ਦੇ ਹਵਾਈ ਅੱਡੇ ਉੱਤੇ ਕਬੂਤਰਬਾਜ਼ੀ
ਦੇ ਦੋਸ਼ ਹੇਠ ਫੜਿਆ ਗਿਆ ਤਾਂ ਸ਼ਰਮਿੰਦੇ ਹੋਣ ਦੀ ਥਾਂ ਅਡਵਾਨੀ ਜੀ ਕਹਿਣ ਲੱਗੇ
ਕਿ ਇਸ ਨਾਲ ਪਾਰਟੀ ਦੀ ਛਬੀ ਉੱਤੇ ਕੋਈ ਅਸਰ ਨਹੀਂ ਪੈਂਦਾ। ਨਾ ਹੀ ਇਸ ਨਾਲ
ਪਾਰਟੀ ਦੇ ਨਿਘਾਰ ਦਾ ਹੀ ਪਤਾ ਲਗਦਾ ਹੈ। ਜਿਹੜੀ ਪਾਰਟੀ ਕਿਸੇ ਸਮੇਂ
ਮਰਿਆਦਾਵਾਂ ਅਤੇ ਕਦਰਾਂ ਕੀਮਤਾਂ ਦੀਆਂ ਗੱਲਾਂ ਕਰਦੀ ਰਹੀ ਹੋਵੇ ਉਸਦੇ ਨੇਤਾ
ਵਲੋਂ ਕਬੂਤਰਬਾਜ਼ੀ ਦੇ ਮਸਲੇ ਨੂੰ ਨਿਗੂਣਾ ਕਹਿਣ ਤੋਂ ਇਹੀ ਪਤਾ ਲਗਦਾ ਹੈ ਕਿ ਉਹ
ਬਹੁਤ ਹੀ ਆਸ਼ਾਵਾਦੀ ਹਨ।
ਉਨ੍ਹਾਂ ਨੂੰ ਹੋਣਾ ਵੀ ਚਾਹੀਦਾ ਹੈ। ਇਸਦੇ ਅਨੇਕਾਂ ਕਾਰਨ ਹਨ। ਪਹਿਲਾ ਕਾਰਨ ਇਹ
ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਿਸ ਵਿੱਚ ਪਾਰਟੀ ਦਾ ਪੱਲਾ ਦਾਗ਼ੀ ਹੋਇਆ
ਹੋਵੇ। ਨਾਲ ਹੀ ਇਹ ਵੀ ਗੱਲ ਸਹੀ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਿਸ
ਵਿੱਚੋਂ ਪਾਰਟੀ ਨੇ ਸਾਫ ਬਚ ਕੇ ਨਾ ਨਿਕਲ ਜਾਣਾ ਹੋਵੇ। ਇਸ ਤੋਂ ਪਹਿਲਾਂ ਇਹ
ਬਹੁਤ ਸਾਰੇ ਮਾਮਲਿਆਂ ਵਿੱਚੋਂ ਬਚ ਕੇ ਨਿਕਲਣ ਵਿੱਚ ਸਫਲ ਵੀ ਹੋਈ ਹੈ ਅਤੇ ਭਾਰਤ
ਦੀ ਜਨਤਾ ਨੂੰ ਮੂਰਖ ਬਣਉਣ ਵਿੱਚ ਵੀ ਕਾਮਯਾਬ ਰਹੀ ਹੈ।
ਇਸਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਬਾਬਰੀ ਮਸਜਿਦ ਢਾਹੇ ਜਾਣ
ਦਾ ਮਾਮਲਾ ਐਸਾ ਮਾਮਲਾ ਹੈ, ਜਿਸ ਨੇ ਆਜ਼ਾਦ ਭਾਰਤ ਵਿੱਚ ਸਭ ਤੋਂ ਵੱਡੇ ਦੰਗੇ
ਕਰਵਾਏ ਜਾਣ ਦਾ ਮੁੱਢ ਬੰਨ੍ਹਿਆ। ਮਸਜਿਦ ਡੇਗੇ ਜਾਣ ਤੋਂ ਬਾਅਦ ਜਦੋਂ ਮੁੰਬਈ
ਵਿੱਚ ਬੰਬ ਧਮਾਕੇ ਹੋਏ ਤਾਂ ਪ੍ਰਤੀਕਰਮ ਵਜੋਂ ਦਰਜਨ ਭਰ ਸ਼ਹਿਰਾਂ ਵਿੱਚ ਦੰਗੇ
ਹੋਏ। ਭਾਜਪਾ ਸਾਫ ਬਚ ਗਈ ਅਤੇ ਦੋਸ਼ ਮੁਸਲਮਾਨਾਂ ਉੱਤੇ ਲਾ ਦਿੱਤਾ ਗਿਆ। ਫੇਰ
ਹਵਾਲਾ ਰਾਹੀਂ ਪੈਸੇ ਵਸੂਲਣ ਦਾ ਮਾਮਲਾ ਆਇਆ ਤਾਂ ਖੁਦ ਅਡਵਾਨੀ ਜੀ ਦਾ ਨਾਂ ਵੀ
ਇਸ ਵਿੱਚ ਸ਼ਾਮਲ ਸੀ। ਕਾਂਗਰਸੀਆਂ ਦੇ ਨਾਂ ਵੀ ਬੋਲਦੇ ਸਨ। ਕਈ ਸਾਲਾਂ ਤੱਕ ਕੇਸ
ਰਿੜਕਦਾ ਹੁੰਦਾ ਰਿਹਾ ਅਤੇ ਆਖਰਕਾਰ ਸਭ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇੱਕ
ਹੋਰ ਸੰਕਟ ਨੂੰ ਪਾਰਟੀ ਆਪਣੇ ਹੱਕ ਵਿੱਚ ਭੁਗਤਾਉਣ ਵਿੱਚ ਸਫਲ ਰਹੀ।
ਸੱਤਾ ਵਿੱਚ ਆਉਣ ਤੋਂ ਪਹਿਲਾਂ ਇਸ ਨੇ ਰਾਮ ਮੰਦਰ ਦਾ ਮੁੱਦਾ ਏਨਾ ਉਭਾਰਿਆ ਕਿ
ਹਿੰਦੂ ਭਾਵਨਾਵਾਂ ਨੂੰ ਆਪਣੇ ਮੰਤਵ ਲਈ ਵਰਤਣ ਵਿੱਚ ਸਫਲ ਹੋ ਗਈ। ਉਸ ਤੋਂ ਬਾਅਦ
ਇਸ ਨੂੰ ਮਹਿਸੂਸ ਹੋਇਆ ਕਿ ਇਹ ਕਾਠ ਦੀ ਹਿੰਦੂ ਹਾਂਡੀ ਨੂੰ ਵਾਰ ਵਾਰ ਨਹੀਂ
ਚੜ੍ਹਾ ਸਕਦੀ। ਇਸ ਲਈ ਇਸ ਨੇ ਮੋੜ ਕੱਟ ਲਿਆ। ਸੰਨ ਨੜਿੰਨਵੇਂ ਵਿੱਚ ਦਿੱਲੀ ਦੇ
ਤਾਲਕਟੋਰਾ ਸਟੇਡੀਅਮ ਵਿੱਚ ਇਸ ਪਾਰਟੀ ਦੀ ਕੌਮੀ ਕੌਂਸਲ ਦੀ ਅਹਿਮ ਮੀਟਿੰਗ ਵਿੱਚ
ਤਿੰਨ ਅਹਿਮ ਫੈਸਲੇ ਲਏ ਗਏ। ਪਹਿਲਾ ਇਹ ਕਿ ਹਿੰਦੂਤਵ ਦੇ ਆਪਣੇ ਏਜੰਡੇ ਨੂੰ
ਬਹੁਤਾ ਉਭਾਰ ਕੇ ਪੇਸ਼ ਨਹੀਂ ਕੀਤਾ ਜਾਵੇਗਾ ਪਰ ਜਿੱਥੇ ਕਿਤੇ ਲੋੜ ਹੋਵੇਗੀ,
ਇਸਦੀ ਵਰਤੋਂ ਜ਼ਰੂਰ ਕੀਤੀ ਜਾਵੇਗੀ।
ਭਾਰਤੀ ਜਨਤਾ ਪਾਰਟੀ ਹਿੰਦੂਤਵ ਬਾਰੇ ਕੀ ਸੋਚਦੀ ਰਹੀ ਹੈ, ਇਸਦਾ ਪਤਾ ਉਸ ਸਮੇਂ
ਦੇ ਉਪ ਪ੍ਰਧਾਨ ਮੰਤਰੀ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਕਹੀ ਹੋਈ ਇਸ ਗੱਲ
ਤੋਂ ਪਤਾ ਲਗਦਾ ਸੀ ਕਿ ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਦੇਸ਼ ਦਾ
ਬਿਹਤਰੀਨ ਮੁੱਖ ਮੰਤਰੀ ਹੈ। ਜੇ ਉਨ੍ਹਾਂ ਦੀ ਗੱਲ ਦੀ ਵਿਆਖਿਆ ਕੀਤੀ ਜਾਵੇ ਤਾਂ
ਸਮਝਣਾ ਇਹ ਚਾਹੀਦਾ ਹੈ ਕਿ ਮੌਕਾ ਆਉਣ ’ਤੇ ਭਾਰਤੀ ਜਨਤਾ ਪਾਰਟੀ ਹੋਰ ਸੂਬਿਆਂ
ਵਿੱਚ ਵੀ ਘੱਟ ਗਿਣਤੀਆਂ ਨੂੰ ਉਸੇ ਤਰ੍ਹਾਂ ਕੁੱਟੇਗੀ ਜਿਸ ਤਰ੍ਹਾਂ ਸ੍ਰੀ ਮੋਦੀ
ਦੀ ਅਗਵਾਈ ਹੇਠ ਗੁਜਰਾਤ ਵਿੱਚ ਮੁਸਲਮਾਨਾਂ ਨੂੰ ਕੁੱਟਿਆ ਗਿਆ ਸੀ।
ਸੱਤਾ ਉੱਤੇ ਕਬਜ਼ਾ ਕਰਨ ਅਤੇ ਕਬਜ਼ੇ ਨੂੰ ਕਾਇਮ ਰੱਖਣ ਦੇ ਸਬੰਧ ਵਿੱਚ ਹੀ ਇੱਕ
ਹੋਰ ਅਹਿਮ ਗੱਲ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ
ਮੂੰਹੋਂ ਨਿਕਲੀ ਜਦੋਂ ਉਨ੍ਹਾਂ ਕਿਹਾ ਕਿ ਛੋਟੀਆਂ ਪਾਰਟੀਆਂ ਭਾਵੇਂ ਸਿਆਸਤ ਵਿੱਚ
ਗੰਧਲਾਪਣ ਪੈਦਾ ਕਰਦੀਆਂ ਹਨ ਪਰ ਭਾਰਤੀ ਜਨਤਾ ਪਾਰਟੀ ਦੀ ਮਜਬੂਰੀ ਹੈ ਕਿ ਇਹ
ਉਨ੍ਹਾਂ ਨੂੰ ਨਾਲ ਲਏ ਬਿਨਾਂ ਨਹੀਂ ਚੱਲ ਸਕਦੀ। ਇਸਦੇ ਅਰਥ ਇਹ ਵੀ ਲਏ ਜਾ ਸਕਦੇ
ਹਨ ਕਿ ਜੇ ਭਾਰਤੀ ਜਨਤਾ ਪਾਰਟੀ ਦਾ ਵੱਸ ਚਲੇ ਤਾਂ ਇਹ ਭਾਰਤ ਵਿੱਚ ਉਸੇ ਤਰ੍ਹਾਂ
ਦਾ ਦੋ ਪਾਰਟੀ ਸਿਸਟਮ ਲਾਗੂ ਕਰਨ ਦੀ ਕੋਸ਼ਿਸ਼ ਕਰੇ, ਜਿਸ ਤਰ੍ਹਾਂ ਦਾ ਅਮਰੀਕਾ
ਅਤੇ ਬਰਤਾਨੀਆ ਵਿੱਚ ਹੈ। ਜੇ ਭਾਰਤੀ ਜਨਤਾ ਪਾਰਟੀ ਦਾ ਵੱਸ ਚਲੇ ਤਾਂ ਇਹ ਕਥਿਤ
ਛੋਟੀਆਂ ਪਾਰਟੀਆਂ ਨੂੰ ਖਤਮ ਕਰ ਕੇ ਭਾਰਤ ਦੇ ਜਮਹੂਰੀ ਢਾਂਚੇ ਨੂੰ ਵੀ ਤਹਿਸ
ਨਹਿਸ ਕਰ ਦੇਵੇ।
ਲੋੜ ਪੈਣ ਉੱਤੇ ਹਿੰਦੂਤਵ ਦੇ ਮਾਮਲੇ ਨੂੰ ਠੰਢੇ ਬਸਤੇ ਵਿੱਚ ਰੱਖਣ ਵਾਲੀ ਇਸ
ਪਾਰਟੀ ਨੇ ਲੋੜ ਪੈਣ ਉੱਤੇ ਆਪਣੇ ਸਵਦੇਸ਼ੀ ਦੇ ਨਾਅਰੇ ਦਾ ਮੁਕੰਮਲ ਤਿਆਗ ਵੀ ਕਰਨ
ਤੋਂ ਗੁਰੇਜ਼ ਨਹੀਂ ਕੀਤੀ। ਉਦੋਂ ਵੀ ਇਸ ਨੇ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਸੀ
ਸਮਝੀ।
ਪਾਰਟੀ ਦੇ ਸਤਾ ਵਿੱਚ ਆਉਣ ਤੋਂ ਚਾਰ ਸਾਲ ਪਹਿਲਾਂ ਕਈਆਂ ਲਈ ਇਹ ਕਿਆਸ ਕਰਨਾ
ਮੁਸ਼ਕਲ ਸੀ ਕਿ ਵਿਰੋਧੀ ਧਿਰ ਵਜੋਂ ਅਮਰੀਕਾ ਨੂੰ ਗਾਲਾਂ ਕੱਢਣ ਵਾਲੀ ਪਾਰਟੀ ਕਦੇ
ਅਮਰੀਕਾ ਦੀ ਪਿਛਲੱਗ ਬਣੇਗੀ। ਪਰ ਸੱਤਾ ਵਿੱਚ ਆਉਣ ਤੋਂ ਚਾਰ ਸਾਲ ਬਾਅਦ ਤਾਂ ਇਸ
ਨੇ ਆਪਣਾ ਅਸਲੀ ਖ਼ਾਸਾ ਦਿਖਾ ਦਿੱਤਾ ਅਤੇ ਪੂਰੀ ਤਰ੍ਹਾਂ ਅਮਰੀਕਾ ਅੱਗੇ ਵਿਛ ਗਈ।
ਦਿਲਚਸਪ ਗੱਲ ਇਹ ਹੈ ਕਿ ਸੱਤਾ ਵਿੱਚੋਂ ਨਿਕਲਣ ਤੋਂ ਬਾਅਦ ਇਸਦੇ ਨੇਤਾਵਾਂ ਨੇ
ਫਿਰ ਕਾਂਗਰਸ ਉੱਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਹ ਅਮਰੀਕਾ ਅੱਗੇ ਵਿਕ ਗਈ
ਹੈ।
ਅਮਰੀਕਾ ਚਾਹੇ ਤਾਂ ਕਿਸ ਨੂੰ ਨਹੀਂ ਖਰੀਦ ਸਕਦਾ? ਜਦੋਂ ਸੰਸਾਰ ਵਿੱਚ ਠੰਢੀ ਜੰਗ
ਜ਼ੋਰਾਂ ਉੱਤੇ ਸੀ ਤਾਂ ਭੁੱਖ ਦੇ ਮਾਰੇ ਹੋਏ ਭਾਰਤ ਨੂੰ ਪੀ ਐਲ 480 ਨਾਂ ਦਾ ਇੱਕ
ਸਮਝੌਤਾ ਕਰਨਾ ਪਿਆ ਸੀ, ਜਿਸ ਤਹਿਤ ਬਹੁਤ ਸਾਰੀ ਰਕਮ ਅਮਰੀਕਾ ਨੇ ਭਾਰਤ ਵਿੱਚ
ਹੀ ਖਰਚਣੀ ਸੀ ਅਤੇ ਭਾਰਤ ਕੋਲ ਇਹ ਅਧਿਕਾਰ ਨਹੀਂ ਸੀ ਕਿ ਉਹ ਇਸ ਰਕਮ ਦਾ ਹਿਸਾਬ
ਪੁੱਛ ਸਕੇ। ਸੰਨ ਚੁਹੱਤਰ ਵਿੱਚ ਮੁਕੰਮਲ ਇਨਕਲਾਬ ਦੀ ਜਿਹੜੀ ਲਹਿਰ ਜੈ ਪਰਕਾਸ਼
ਨਾਰਾਇਣ ਅਰਥਾਤ ਜੇ ਪੀ ਨੇ ਸ਼ੁਰੂ ਕੀਤੀ ਸੀ ਉਸ ਨੂੰ ਅਮਰੀਕਾ ਦਾ ਥਾਪੜਾ ਸੀ।
ਖੁਦ ਸ੍ਰੀ ਜੇ ਪੀ ਨੇ ਉਨ੍ਹੀਂ ਦਿਨੀਂ ਮੰਨਿਆ ਸੀ ਕੋਈ ਗੁਪਤ ਬੰਦਾ ਉਨ੍ਹਾਂ ਦੀ
ਮੇਜ਼ ਉੱਤੇ ਡਾਲਰ ਰੱਖ ਜਾਂਦਾ ਹੈ। ਇਸ ਅੰਦੋਲਨ ਨੂੰ ਉਸ ਸਮੇਂ ਦੀ ਜਨ ਸੰਘ ਦੀ
ਹਮਾਇਤ ਹਾਸਲ ਸੀ। ਇਹੀ ਜਨ ਸੰਘ ਮਗਰੋਂ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਨਵੇਂ
ਅਵਤਾਰ ਵਿੱਚ ਉਭਰੀ। ਜਦੋਂ ਇਸ ਤਰ੍ਹਾਂ ਦੀ ਕੋਈ ਪਾਰਟੀ ਕਿਸੇ ਹੋਰ ਨੂੰ ਅਮਰੀਕਾ
ਦੀ ਪਿੱਠੂ ਹੋਣ ਦਾ ਤਾਅਨਾ ਦੇਵੇ ਤਾਂ ਉਸ ਬੰਦੇ ਦੀ ਹੀ ਯਾਦ ਆਉਂਦੀ ਹੈ ਜਿਹੜਾ
ਪਿੱਠ ਉੱਤੇ ਦਰਖਤ ਉੱਗਣ ਉੱਤੇ ਛਾਵੇਂ ਬਹਿਣ ਦੀ ਗੱਲ ਕਰਦਾ ਹੈ।
ਚਲੋ ਕੁੱਝ ਹੋਰ ਅੱਗੇ ਵਧੀਏ। ਗੁਜਰਾਤ ਵਿੱਚ ਜੋ ਕੁੱਝ ਸੰਨ ਦੋ ਹਜ਼ਾਰ ਦੋ ਵਿੱਚ
ਹੋਇਆ, ਉਹ ਕੁੱਝ ਪਹਿਲਾਂ ਕਦੀ ਨਹੀਂ ਸੀ ਹੋਇਆ। ਜਦੋਂ ਸਰਕਾਰ ਹੀ ਦੰਗਿਆਂ ਵਿੱਚ
ਸ਼ਾਮਲ ਹੋਵੇ ਤਾਂ ਦੋਸ਼ੀ ਕਿਵੇਂ ਫੜੇ ਜਾ ਸਕਦੇ ਹਨ? ਦੰਗਿਆਂ ਦੀ ਰੋਸ਼ਨੀ ਵਿੱਚ
ਹਿੰਦੂ ਬਹੁਗਿਣਤੀਆਂ ਵਿੱਚ ਪੈਦਾ ਹੋਏ ਅਖੌਤੀ ਸਵੈਮਾਣ ਅਰਥਾਤ ਹੰਕਾਰ ਨੂੰ
ਵੋਟਾਂ ਵਿੱਚ ਬਦਲਣ ਲਈ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹਰ ਚੋਣ
ਵਿੱਚ ਹੀ ਇਸੇ ਰਾਹ ਨੂੰ ਚੁਣਿਆ ਜਾਂਦਾ ਹੈ। ਯੂ ਪੀ ਦੀਆਂ ਚੋਣਾਂ ਵਿੱਚ
ਮੁਸਲਮਾਨਾਂ ਦੇ ਖ਼ਿਲਾਫ਼ ਜਾਰੀ ਕੀਤੀ ਗਈ ਸੀ ਡੀ ਵੀ ਇਹੀ ਕੁੱਝ ਦੱਸਦੀ ਹੈ। ਪਰ
ਜਿਸ ਜੋਸ਼ ਨਾਲ ਇਸ ਕਾਂਡ ਨੂੰ ਵਰਤਿਆ ਜਾ ਰਿਹਾ ਹੈ ਉਸ ਤੋਂ ਵੀ ਹਿੰਦੂਤਵ ਦੀ
ਇਸਦੀ ਨੀਤੀ ਦਾ ਹੀ ਝਲ਼ਕਾਰਾ ਪੈਂਦਾ ਹੈ।
ਕੁੱਝ ਇਸੇ ਤਰ੍ਹਾਂ ਦੀ ਹੀ ਗੱਲ ਗੁਜਰਾਤ ਦੀਆਂ ਚੋਣਾਂ ਵਿੱਚ ਵੀ ਕੀਤੀ ਗਈ ਸੀ
ਜਦੋਂ ਸ੍ਰੀ ਮੋਦੀ ਵਲੋਂ ਗੁਜਰਾਤ ਵਿੱਚ ‘ਗੌਰਵ ਰੱਥ ਯਾਤਰਾ’ ਕਰਨ ਦਾ ਫੈਸਲਾ
ਕੀਤਾ ਗਿਆ ਸੀ। ਚਾਰ ਮਹੀਨੇ ਤੱਕ ਫਿਰਕੂ ਦੰਗਿਆਂ ਦੇ ਭੰਨੇ ਹੋਏ ਗੁਜਰਾਤ ਵਿੱਚ
ਉਹ ਕਿਹੜਾ ਗੌਰਵ ਸੀ ਜਿਸ ਦੇ ਜਸ਼ਨ ਮਨਾਉਣ ਲਈ ਸ੍ਰੀ ਮੋਦੀ ਇਹ ਯਾਤਰਾ ਕਰਨੀ
ਚਾਹੁੰਦੇ ਸਨ? ਜਿਸ ਸੂਬੇ ਵਿੱਚ ਚਾਰ ਮਹੀਨਿਆਂ ਦੌਰਾਨ 20 ਹਜ਼ਾਰ ਤੋਂ ਵੱਧ ਲੋਕ
ਫਿਰਕੂ ਦੰਗਿਆਂ ਵਿੱਚ ਮਾਰੇ ਗਏ ਹੋਣ, ਜਿਸ ਸੂਬੇ ਵਿੱਚ 30 ਤੋਂ ਵੱਧ ਸ਼ਹਿਰਾਂ
ਵਿੱਚ ਫਿਰਕੂ ਦੰਗਿਆਂ ਦੀ ਅੱਗ ਭੜਕੀ ਹੋਵੇ, ਜਿਸ ਸੂਬੇ ਵਿੱਚ ਲੋਕ ਸ਼ਰਨਾਰਥੀ
ਕੈਂਪਾਂ ਵਿੱਚ ਰਹਿ ਰਹੇ ਹੋਣ ਅਤੇ ਜਿਸ ਸੂਬੇ ਵਿੱਚ ਮੁਸਲਮਾਨ ਡਰ ਡਰ ਕੇ
ਜ਼ਿੰਦਗੀਆਂ ਬਤੀਤ ਕਰ ਰਹੇ ਹੋਣ, ਉਸ ਸੂਬੇ ਦਾ ਮੁੱਖ ਮੰਤਰੀ ਕਿਸ ਗੱਲ ਦਾ ਗੌਰਵ
ਮਹਿਸੂਸ ਕਰ ਸਕਦਾ ਹੈ?
ਕਿਸੇ ਵੀ ਸਿਆਸੀ ਪਾਰਟੀ ਉੱਤੇ ਇਹ ਇਤਰਾਜ਼ ਨਹੀਂ ਕੀਤਾ ਜਾ ਸਕਦਾ ਕਿ ਉਹ ਆਪਣੀਆਂ
ਸੀਟਾਂ ਵਿੱਚ ਵਾਧਾ ਕਿਉਂ ਕਰਨਾ ਚਾਹੁੰਦੀ ਹੈ। ਪਰ ਇਸ ਗੱਲ ਉੱਤੇ ਜ਼ਰੂਰ ਇਤਰਾਜ਼
ਕੀਤਾ ਜਾ ਸਕਦਾ ਹੈ ਕਿ ਉਹ ਇਹ ਵਾਧਾ ਕਿਵੇਂ ਕਰਨਾ ਚਾਹੁੰਦੀ ਹੈ?
ਭਾਰਤੀ ਸਿਆਸਤ ਵਿੱਚ ਅਸੂਲਾਂ ਨਾਲ ਖੇਡਣ ਦਾ ਸਿਲਸਿਲਾ ਇੰਦਰਾ ਗਾਂਧੀ ਦੇ ਸਮੇਂ
ਸ਼ੁਰੂ ਹੋਇਆ ਸੀ। ਉਦੋਂ ਲਗਦਾ ਸੀ ਕਿ ਭਾਵੇਂ ਖਤਰਨਾਕ ਨੀਤੀਆਂ ਵਾਲੀ ਹੀ ਸਹੀ,
ਜਨ ਸੰਘ ਅਰਥਾਤ ਭਾਰਤੀ ਜਨਤਾ ਪਾਰਟੀ ਅਸੂਲਾਂ ਨੂੰ ਪਰਣਾਈ ਹੋਈ ਪਾਰਟੀ ਹੈ ਜਿਸ
ਦਾ ਆਧਾਰ ਇਸਦਾ ਬਾਜ਼ਬਤ ਕਾਡਰ ਹੈ। ਦੂਜੇ ਪਾਸੇ ਕਮਿਊਨਿਸਟ ਪਾਰਟੀਆਂ ਆਉਂਦੀਆਂ
ਸਨ ਜਿਹੜੀਆਂ ਅਸੂਲੀ ਵੀ ਸਨ ਅਤੇ ਜਿਨ੍ਹਾਂ ਦਾ ਕਾਡਰ ਵੀ ਬਾਜ਼ਬਤ ਸੀ। ਭਾਰਤੀ
ਜਨਤਾ ਪਾਰਟੀ ਕਮਿਊਨਿਸਟਾਂ ਤੋਂ ਡਰਦੀ ਵੀ ਸੀ। ਐਸੇ ਦਸਤਾਵੇਜ਼ ਮੌਜੂਦ ਹਨ
ਜਿਨ੍ਹਾਂ ਵਿੱਚ ਭਾਜਪਾਈਆਂ ਨੂੰ ਕਾਮਰੇਡਾਂ ਤੋਂ ਬਚ ਕੇ ਰਹਿਣ ਲਈ ਕਿਹਾ ਗਿਆ
ਹੈ। ਹੁਣ ਇਹ ਕਾਮਰੇਡਾਂ ਤੋਂ ਵੀ ਨਹੀਂ ਡਰਦੇ। ਸਗੋਂ ਕਈ ਥਾਈਂ ਉਨ੍ਹਾਂ ਨੂੰ
ਡਰਾ ਰਹੇ ਹਨ।
ਹੁਣ ਭਾਜਪਾਈਆਂ ਦਾ ‘ਧਰਮ’ ਪਰਿਵਰਤਨ ਹੋ ਗਿਆ ਹੈ ਅਤੇ ਉਹ ਕਾਂਗਰਸ ਦੇ ਰਾਹ
ਉੱਤੇ ਚਲਦਿਆਂ ਕਾਂਗਰਸ ਤੋਂ ਵੀ ਵੱਧ ਨਿੱਘਰ ਗਏ ਹਨ। ਇਸੇ ਲਈ ਤਾਂ ਉਨ੍ਹਾਂ ਦੇ
ਨੇਤਾਵਾਂ ਨੂੰ ਕਬੂਤਰਬਾਜ਼ੀ ਬਹੁਤ ਵੱਡਾ ਮਸਲਾ ਨਹੀਂ ਜਾਪਦਾ ਅਤੇ ਨਾ ਹੀ ਇਸ ਨਾਲ
ਪਾਰਟੀ ਦਾ ਨਿਘਾਰ ਹੀ ਦਿਖਾਈ ਦਿੰਦਾ ਹੈ। ਇਸ ਤੋਂ ਵਧ ਕੇ ਛਾਵੇਂ ਬੈਠਣ ਵਾਲੀ
ਗੱਲ ਕਿਹੜੀ ਹੋ ਸਕਦੀ ਹੈ?
*****
#412/30ਏ, ਚੰਡੀਗੜ੍ਹ।
*****
#412,
ਸੈਕਟਰ
30
ਏ,
ਚੰਡੀਗੜ੍ਹ।
E-Mail:
dalbirsingh50@yahoo.com
(6 ਜੂਨ
2007) ਯੂਨੀਕੋਡ