ਜਿਸ ਦਿਨ ਡੇਰਾ ਸੱਚਾ ਸੌਦਾ ਵਲੋਂ ਮੁਆਫੀ ਮੰਗਣ ਵਾਲਾ ਪਰੈੱਸ ਨੋਟ ਜਾਰੀ ਕੀਤਾ
ਗਿਆ, ਇੱਕ ਅਖਬਾਰ ਨੇ ਉਸ ਤੋਂ ਅਗਲੇ ਦਿਨ ਇੱਕ ਕਾਰਟੂਨ ਛਾਪਿਆ। ਇਸ ਵਿੱਚ ਮੁੱਖ
ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਅਦਲ ਨੇ ਅਮਰਿੰਦਰ ਸਿੰਘ ਵਿਰੁੱਧ ਉਂਗਲੀ ਕੀਤੀ
ਹੋਈ ਸੀ ਅਤੇ ਉੱਪਰ ਲਿਖਿਆ ਹੋਇਆ ਸੀ ਕਿ ਹੁਣ ਝੂਠਾ ਸੌਦਾ ਨਾਲ ਵੀ ਨਜਿੱਠ ਲਿਆ
ਜਾਵੇ।
ਸੱਤਾ ਤੋਂ ਲਾਹੇ ਜਾਣ ਤੋਂ ਕਰੀਬ ਤਿੰਨ ਮਹੀਨੇ ਬਾਅਦ ਹੀ ਸਾਬਕਾ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੂੰ ਉਸੇ ਰਾਹ ਤੁਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ
ਉੱਤੇ ਪਰਕਾਸ਼ ਸਿੰਘ ਬਾਅਦਲ ਨੂੰ ਉਦੋਂ ਤੁਰਨਾ ਪਿਆ ਸੀ ਜਦੋਂ ਕੈਪਟਨ ਦੀ ਸਰਕਾਰ
ਸੀ। ਸ੍ਰੀ ਬਾਅਦਲ ਨੇ ਉਦੋਂ ਹੀ ਤਹੱਈਆ ਕਰ ਲਿਆ ਸੀ ਕਿ ਕੁਰੱਪਸ਼ਨ ਦੇ ਦੋਸ਼ ਹੇਠ
ਜੇਲ੍ਹ ਭੇਜੇ ਜਾਣ ਦਾ ਉਹ ਬਦਲਾ ਜ਼ਰੂਰ ਲੈਣਗੇ। ਹੁਣ ਉਸੇ ਦੋਸ਼ ਹੇਠ ਅਮਰਿੰਦਰ
ਸਿੰਘ ਨੂੰ ਜੇਲ੍ਹ ਭੇਜੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਸਿਟੀ ਸੈਂਟਰ ਦੇ ਸਕੈਂਡਲ ਦਾ ਪਤਾ ਲੱਗਣ ਤੋਂ
ਬਾਅਦ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਵੇਂ ਇਸਦੀ ਤਹਿ ਤੱਕ ਜਾਣ ਤੋਂ ਇਨਕਾਰ
ਕਰ ਕੇ ਪੋਚਾ ਪਾਚੀ ਕਰਨ ਦਾ ਯਤਨ ਕੀਤਾ ਸੀ ਉਸ ਨਾਲ ਕੈਪਟਨ ਅਮਰਿੰਦਰ ਸਿੰਘ
ਬੁਰੀ ਤਰ੍ਹਾਂ ਫਸ ਗਿਆ ਸੀ। ਉਦੋਂ ਵੀ ਕਈ ਸਿਆਣਿਆਂ ਨੇ ਕਿਹਾ ਸੀ ਕਿ ਆਪਣੇ
ਭ੍ਰਿਸ਼ਟ ਸਾਥੀਆਂ ਨੂੰ ਬਰੀ ਕਰ ਕੇ ਕੈਪਟਨ ਆਪਣੇ ਹੀ ਪੈਰਾਂ ਵਿੱਚ ਕੰਡੇ ਬੀਜ
ਰਿਹਾ ਹੈ ਅਤੇ ਜਦੋਂ ਉਸ ਉੱਤੇ ਭੀੜ ਪਈ ਤਾਂ ਕਿਸੇ ਨੇ ਵੀ ਉਸਦੇ ਹੱਕ ਵਿੱਚ ਹਾਅ
ਦਾ ਨਾਅਰਾ ਨਹੀਂ ਮਾਰਨਾ। ਇਸਦੇ ਨਾਲ ਹੀ ਚੋਣਾਂ ਦੇ ਨਜ਼ਦੀਕ ਆਉਣ ਕਾਰਨ ਅਕਾਲੀ
ਦਲ ਬਾਦਲ ਨੂੰ ਇੱਕ ਐਸਾ ਮੁੱਦਾ ਮਿਲ ਗਿਆ ਜਿਸ ਨੂੰ ਲੈ ਕੇ ਉਹ ਅਮਰਿੰਦਰ ਸਿੰਘ
ਅਤੇ ਉਨ੍ਹਾਂ ਦੀ ਪਾਰਟੀ ਨੂੰ ਹਰਾਉਣ ਵਿੱਚ ਸਫਲ ਰਹੇ।
ਵੈਸੇ ਬਹੁਤੇ ਲੋਕਾਂ ਨੂੰ ਚੇਤੇ ਹੋਵੇਗਾ ਅਕਾਲੀ ਦਲ ਵਾਲੇ ਵਿਧਾਨ ਸਭਾ ਵਿੱਚ ਇਸ
ਮਾਮਲੇ ਨੂੰ ਸਹੀ ਢੰਗ ਨਾਲ ਉਛਾਲ ਨਹੀਂ ਸਨ ਸਕੇ। ਦੂਜੇ ਪਾਸੇ ਕਾਂਗਰਸ ਵੀ ਇਸ
ਮਾਮਲੇ ਵਿੱਚ ਸਪਸ਼ਟ ਪਹੁੰਚ ਅਖਤਿਆਰ ਕਰਨ ਵਿੱਚ ਉੱਕ ਗਈ ਸੀ। ਪਹਿਲਾਂ ਮਾਮਲੇ ਦੀ
ਜਾਂਚ ਵਿੱਚ ਜੱਕੋ ਤੱਕੀ ਕਰ ਕੇ ਅਤੇ ਫੇਰ ਵਿਧਾਨ ਸਭਾ ਵਿੱਚੋਂ ਸਾਰੀ ਦੀ ਸਾਰੀ
ਵਿਰੋਧੀ ਧਿਰ ਨੂੰ ਮੁਅੱਤਲ ਕਰ ਕੇ ਕਾਂਗਰਸ ਨੇ ਸਗੋਂ ਅਕਾਲੀ ਦਲ ਅਤੇ ਭਾਜਪਾ
ਗੱਠਜੋੜ ਨੂੰ ਆਪਣੇ ਹੀ ਖਿਲਾਫ ਇੱਕ ਹੋਰ ਤਕੜਾ ਹਥਿਆਰ ਦੇ ਦਿੱਤਾ। ਇਸ ਤੋਂ
ਪਹਿਲਾਂ ਅਕਾਲੀਆਂ ਕੋਲ ਚੋਣਾਂ ਵਿੱਚ ਉਛਾਲਣ ਲਈ ਕੋਈ ਮੁੱਦਾ ਹੀ ਨਹੀਂ ਸੀ ਅਤੇ
ਉਹ ਅੱਕੀਂ ਪਲਾਹੀਂ ਹੱਥ ਮਾਰ ਰਹੇ ਸਨ। ਹੁਣ ਉਨ੍ਹਾਂ ਕੋਲ ਮਹਾਂ ਪਰਾਜੈਕਟਾਂ
ਵਿੱਚ ਭ੍ਰਿਸ਼ਟਾਚਾਰ ਅਤੇ ਸਰਕਾਰ ਦੀ ਵਿਧਾਨ ਸਭਾ ਵਿੱਚ ਧੱਕੜਸ਼ਾਹੀ ਦੀ ਨੀਤੀ ਦੇ
ਮਸਲੇ ਸਨ। ਇਹ ਗੱਲ ਵੱਖਰੀ ਹੈ ਕਿ ਜਦੋਂ ਚੋਣਾਂ ਆਈਆਂ ਤਾਂ ਸਭ ਤੋਂ ਵੱਡਾ
ਨਾਅਰਾ ਹੀ ਸਸਤੇ ਆਟੇ ਅਤੇ ਦਾਲ ਦਾ ਬਣ ਗਿਆ। ਅਕਾਲੀਆਂ ਨੇ ਚਾਰ ਰੁਪਏ ਆਟਾ ਤੇ
ਵੀਹ ਰੁਪਏ ਦਾਲ ਦੇਣ ਦਾ ਐਲਾਨ ਕੀਤਾ ਤਾਂ ਕਾਂਗਰਸ ਨੇ ਆਟੇ ਦਾ ਭਾਅ ਦੋ ਰੁਪਏ
ਕਰ ਦਿੱਤਾ। ਕੁੱਝ ਹੋਰ ਪਾਰਟੀਆਂ ਮੁਫਤੋ ਮੁਫਤੀ ਆਟਾ ਦੇਣ ਦੀਆਂ ਦੀਆਂ ਗੱਲਾਂ
ਵੀ ਕਰਨ ਲੱਗੀਆਂ। ਇਸ ਦੌੜ ਵਿੱਚ ਜਿੱਤ ਵੀ ਅਕਾਲੀ ਗਏ ਅਤੇ ਹਾਰ ਵੀ ਅਕਾਲੀ ਹੀ
ਗਏ।
ਚੋਣਾਂ ਦੌਰਾਨ ਆਟੇ ਅਤੇ ਦਾਲਾਂ ਦਾ ਏਨਾ ਬੋਲਬਾਲਾ ਰਿਹਾ ਕਿ ਬਹੁਤ ਥਾਈਂ
ਉਮੀਦਵਾਰਾਂ ਨੇ ਵੋਟਰਾਂ ਦੇ ਘਰੀਂ ਆਟੇ ਦੀਆਂ ਬੋਰੀਆਂ ਭਿਜਵਾਈਆਂ। ਜਿਹੜੇ ਬਹੁਤ
ਗਰੀਬ ਸਨ ਉਨ੍ਹਾਂ ਦੇ ਚੁੱਲ੍ਹੇ ਕੁੱਝ ਦਿਨ ਤੱਕ ਬਲਦੇ ਰਹੇ ਅਤੇ ਜਿਹੜੇ ਰਤਾ ਕੁ
ਗਰੀਬ ਸਨ ਉਨ੍ਹਾਂ ਨੂੰ ਵੀ ਤੇਰਾਂ ਰੁਪਏ ਕਿਲੋ ਆਟਾ ਖਰੀਦਣ ਦੇ ਭਾਰ ਤੋਂ ਮਹੀਨਾ
ਭਰ ਮੁਕਤੀ ਮਿਲੀ ਰਹੀ। ਗਰੀਬ ਨੂੰ ਤਾਂ ਸਿਰਫ ਰੋਟੀਆਂ ਹੀ ਚਾਹੀਦੀਆਂ ਹਨ। ਜੇ
ਥੋੜ੍ਹੇ ਜਿਹੇ ਦਿਨ ਵੀ ਇਹ ਮੁਫਤ ਦੀਆਂ ਮਿਲ ਜਾਣ ਤਾਂ ਉਸ ਲਈ ਰਾਹਤ ਹੀ ਰਾਹਤ
ਹੈ। ਕਿਸੇ ਨੇ ਭੁੱਖੇ ਨੂੰ ਪੁੱਛਿਆ ਕਿ ਦੋ ਅਤੇ ਦੋ ਕਿੰਨੇ ਹੁੰਦੇ ਹਨ ਤਾਂ ਉਹ
ਬੋਲਿਆ- ਚਾਰ ਰੋਟੀਆਂ। ਚੋਣਾਂ ਕਾਰਨ ਗਰੀਬ ਨੂੰ ਕੁੱਝ ਦਿਨ ਦੋ ਅਤੇ ਦੋ ਦੀ
ਗਿਣਤੀ ਆ ਗਈ ਸੀ।
ਖੈਰ, ਕਹਿਣ ਵਾਲੇ ਤਾਂ ਉਦੋਂ ਹੀ ਕਹਿੰਦੇ ਸਨ ਕਿ ਬਾਦਲ ਹੁਰੀਂ ਕਹਿਣੀ ਦੇ ਪੂਰੇ
ਹਨ ਅਤੇ ਉਹ ਆਪਣਾ ਵਾਅਦਾ ਪੂਰਾ ਜ਼ਰੂਰ ਕਰਨਗੇ। ਜਦੋਂ ਉਹ ਇਸ ਤੋਂ ਪਹਿਲਾਂ ਮੁੱਖ
ਮੰਤਰੀ ਬਣੇ ਸਨ ਤਾਂ ਕਿਸਾਨਾਂ ਨੂੰ ਬਿਜਲੀ ਪਾਣੀ ਮੁਫਤ ਦੇਣ ਦਾ ਵਾਅਦਾ ਕਰ ਕੇ
ਜਿੱਤੇ ਸਨ। ਸਨਕੀ ਲੋਕ ਕਹਿੰਦੇ ਸਨ ਕਿ ਉਹ ਇਸ ਵਾਅਦੇ ਨੂੰ ਪੂਰਾ ਨਹੀਂ ਕਰ
ਸਕਣਗੇ। ਪਰ ਸਰਦਾਰ ਬਾਦਲ ਨੇ ਨਾ ਸਿਰਫ ਕੁੱਝ ਦਿਨਾਂ ਵਿੱਚ ਹੀ ਕਿਸਾਨਾਂ ਲਈ
ਬਿਜਲੀ ਪਾਣੀ ਮੁਫਤ ਕਰ ਦਿੱਤਾ ਸਗੋਂ ਪੰਜ ਸਾਲ ਤੱਕ ਇਸ ਉੱਤੇ ਅਮਲ ਵੀ ਕੀਤਾ।
ਹੁਣ ਤਿੰਨ ਮਹੀਨੇ ਬੀਤਣ ਉੱਤੇ ਵੀ ਉਹ ਆਟਾ ਦਾਲ ਸਕੀਮ ਲਾਗੂ ਨਹੀਂ ਕਰ ਸਕੇ ਤਾਂ
ਇਸ ਪਿੱਛੇ ਜਮਾਤੀ ਹਿਤਾਂ ਦਾ ਮਸਲਾ ਹੈ। ਕਿਸਾਨਾਂ ਲਈ ਬਿਜਲੀ ਪਾਣੀ ਮੁਫਤ ਦਾ
ਮਤਲਬ ਸੀ ਧਨੀ ਕਿਸਾਨਾਂ ਲਈ ਸਹੂਲਤ ਜਿਹੜੀ ਕਿ ਖੁਦ ਬਾਦਲ ਹੁਰਾਂ ਲਈ ਵੀ ਉਪਲਬਧ
ਸੀ। ਪਰ ਹੁਣ ਵਾਲੀ ਸਕੀਮ ਨਾਲ ਧਨੀ ਕਿਸਾਨੀ ਦਾ ਕੋਈ ਸਬੰਧ ਨਹੀਂ ਅਤੇ ਇਸੇ ਲਈ
ਇਸ ਨੂੰ ਲਾਗੂ ਕਰਨ ਵਿੱਚ ਦੇਰ ਹੋ ਰਹੀ ਹੈ।
ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੈਪਟਨ ਅਕਾਲੀਆਂ ਨੂੰ ਭ੍ਰਿਸ਼ਟ
ਸਾਬਤ ਨਹੀਂ ਕਰ ਸਕਿਆ। ਉਸ ਵਲੋਂ ਸ਼ੁਰੂ ਕੀਤੇ ਗਏ ਕੇਸ ਅਦਾਲਤਾਂ ਵਿੱਚ ਵਕੀਲਾਂ
ਦੀਆਂ ਲਟਕਾਊ ਚਾਲਾਂ ਦਾ ਸ਼ਿਕਾਰ ਹੋ ਗਏ। ਹਰੇਕ ਸਿਆਸੀ ਨੇਤਾ ਦੇ ਮਾਮਲੇ ਵਿੱਚ
ਇਵੇਂ ਹੀ ਹੁੰਦਾ ਹੈ। ਦੋਸ਼ ਲਗਦੇ ਹਨ, ਸਾਹਮਣੇ ਸਬੂਤ ਵੀ ਹੁੰਦੇ ਹਨ ਪਰ
ਅਦਾਲਤਾਂ ਵਿੱਚ ਉਹ ਕਦੀ ਵੀ ਦੋਸ਼ੀ ਨਹੀਂ ਪਾਏ ਜਾਂਦੇ। ਇਹੀ ਹਾਲ ਸਰਦਾਰ ਬਾਦਲ
ਦੇ ਖਿਲਾਫ ਕੇਸਾਂ ਦਾ ਵੀ ਹੋਣਾ ਹੈ ਅਤੇ ਉਨ੍ਹਾਂ ਕੇਸਾਂ ਦਾ ਵੀ ਜਿਹੜੇ ਹੁਣ
ਵਾਲੀ ਸਰਕਾਰ ਵਲੋਂ ਅਮਰਿੰਦਰ ਸਿੰਘ ਦੇ ਖਿਲਾਫ ਪਾਇਆ ਜਾਣਾ ਹੈ। ਕਿਸੇ ਸਿਆਣੇ
ਨੇ ਬਹੁਤ ਖੂਬ ਕਿਹਾ ਹੈ ਕਿ ਕਾਨੂੰਨ ਪੈਸੇ ਵਾਲਿਆਂ ਦੀ ਬਾਂਦੀ ਹੈ ਅਤੇ ਕੋਈ ਵੀ
ਬਾਂਦੀ ਆਪਣੇ ਆਕਾਵਾਂ ਦੇ ਖਿਲਾਫ ਨਹੀਂ ਜਾ ਸਕਦੀ। ਬਾਦਲ ਪਰਿਵਾਰ ਵਿਰੁੱਧ
ਭ੍ਰਿਸ਼ਟਾਚਾਰ ਅਤੇ ਸੋਮਿਆਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਅਜੇ ਤੱਕ ਕੋਰਟ
ਵਿੱਚ ਹੀ ਲਟਕ ਰਿਹਾ ਹੈ। ਹੁਣ ਜਦੋਂ ਸਰਕਾਰ ਹੀ ਬਾਦਲ ਦੀ ਆ ਗਈ ਹੈ ਤਾਂ ਸਰਕਾਰ
ਆਪਣੇ ਹੀ ਮੁੱਖ ਮੰਤਰੀ ਦੇ ਖਿਲਾਫ ਮੁਕੱਦਮਾ ਕਿਉਂ ਲੜੇਗੀ?
ਕਿਸੇ ਵੀ ਸਰਕਾਰ ਵਲੋਂ ਨਿਜੀ ਖੇਤਰ ਨਾਲ ਰਲ ਕੇ ਉਸਾਰੇ ਜਾਣ ਵਾਲੇ ਵੱਡੇ
ਪਰਾਜੈਕਟਾਂ ਵਿੱਚ ਸੱਤਾ ਵਿੱਚਲੇ ਸਿਆਸਤਦਾਨਾਂ ਦੀ ਹਿੱਸਾ ਪੱਤੀ ਹੋਣਾ ਕੋਈ
ਨਵੀਂ ਗੱਲ ਨਹੀਂ। ਇਸ ਤਰ੍ਹਾਂ ਸਾਰੀਆਂ ਸਰਕਾਰਾਂ ਸਮੇਂ ਹੀ ਹੁੰਦਾ ਆਇਆ ਹੈ।
ਬਹੁਤੀ ਵਾਰੀ ਨਵੀਂ ਸਰਕਾਰ ਬਣਨ ਤੋਂ ਬਾਅਦ ਇਸ ਤਰ੍ਹਾਂ ਦੇ ਪਰਾਜੈਕਟਾਂ ਨੂੰ
ਰੱਦ ਕਰ ਦਿੱਤਾ ਜਾਂਦਾ ਇਹਾ ਹੈ ਜਾਂ ਇਨ੍ਹਾਂ ਦੀ ਪੜਤਾਲ ਕਰਵਾਈ ਜਾਂਦੀ ਰਹੀ
ਹੈ। ਪਰ ਜਦੋਂ ਇਸ ਤਰ੍ਹਾਂ ਦਾ ਕੋਈ ਸਕੈਂਡਲ ਫੜਿਆ ਜਾਵੇ ਤਾਂ ਜ਼ਰੂਰੀ ਹੁੰਦਾ ਹੈ
ਕਿ ਤੁਰਤ ਕਾਰਵਾਈ ਕਰ ਕੇ ਲੋਕਾਂ ਨੂੰ ਯਕੀਨ ਦਿਵਾਇਆ ਜਾਵੇ ਕਿ ਸਰਕਾਰ ਮਾਮਲੇ
ਦੀ ਤਹਿ ਤੱਕ ਜਾਵੇਗੀ। ਸਿਟੀ ਸੈਂਟਰ ਘੋਟਾਲੇ ਸਬੰਧੀ ਲੋਕਲ ਬਾਡੀਜ਼ ਮੰਤਰੀ
ਚੌਧਰੀ ਜਗਜੀਤ ਸਿੰਘ ਨੂੰ ਬਰੀ ਕਰਨ ਦਾ ਐਲਾਨ ਕਰ ਕੇ ਅਮਰਿੰਦਰ ਸਿੰਘ ਨੇ ਆਪਣੇ
ਬਾਰੇ ਵੀ ਸ਼ੱਕ ਦੀ ਬੁਨਿਆਦ ਰੱਖ ਦਿੱਤੀ ਸੀ। ਲੋਕਾਂ ਵਿੱਚ ਚਰਚਾ ਸੀ ਕਿ ਮੁੱਖ
ਮੰਤਰੀ ਵੀ ਇਸ ਮਾਮਲੇ ਵਿੱਚ ਦੁੱਧ ਧੋਤਾ ਨਹੀਂ ਬਚਣ ਲੱਗਾ। ਵਿਜੀਲੈਂਸ ਬਿਉਰੋ
ਨੇ ਜਿਵੇਂ ਉਨ੍ਹਾਂ ਖਿਲਾਫ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ ਉਸ ਨੂੰ ਦੇਖ ਕੇ
ਇਹ ਗੱਲ ਸਹੀ ਹੁੰਦੀ ਦਿਖਾਈ ਦੰਦੀ ਹੈ।
ਅਗਲੇ ਕੁੱਝ ਦਿਨ ਬਹੁਤ ਦਿਲਚਸਪ ਹੋਣਗੇ। ਅਕਾਲੀ ਦਲ ਵਿੱਚ ਹੀ ਕੁੱਝ ਲੋਕ ਹਨ,
ਜਿਹੜੇ ਚਾਹੁਣਗੇ ਕਿ ਅਮਰਿੰਦਰ ਸਿੰਘ ਨੂੰ ਵੀ ਉਸੇ ਤਰ੍ਹਾਂ ਹੀ ਜੇਲ੍ਹ ਵਿੱਚ
ਭੇਜਿਆ ਜਾਵੇ ਜਿਸ ਤਰ੍ਹਾਂ ਬਾਦਲ ਪਰਿਵਾਰ ਦੇ ਮੈਂਬਰਾਂ ਨੂੰ ਭੇਜਿਆ ਗਿਆ ਸੀ।
ਉਨ੍ਹਾਂ ਦਾ ਵੱਸ ਚੱਲੇ ਤਾਂ ਜੇਲ੍ਹ ਵੀ ਉਹੀ ਪਟਿਆਲਾ ਵਾਲੀ ਹੋਵੇ ਜਿਸ ਵਿੱਚ
ਉਨ੍ਹਾਂ ਨੂੰ ਭੇਜਿਆ ਗਿਆ ਸੀ। ਵੈਸੇ ਇਹ ਗੱਲ ਬਹੁਤਿਆਂ ਨੂੰ ਭੁੱਲੀ ਨਹੀਂ ਹੋਣੀ
ਕਿ ਅਦਾਲਤੀ ਹੁਕਮਾਂ ਤੋਂ ਬਾਅਦ ਜੇਲ੍ਹ ਵਿੱਚ ਭੇਜੇ ਜਾਣ ਤੋਂ ਪਹਿਲਾਂ ਲੱਖਾਂ
ਰੁਪਏ ਖਰਚ ਕਰ ਕੇ ਉਸ ਨੂੰ ਬਾਦਲਾਂ ਦੇ ਰਹਿਣ ਯੋਗ ਬਣਾਇਆ ਗਿਆ ਸੀ। ਇਹ ਸ਼ਾਇਦ
ਪਹਿਲੀ ਵਾਰੀ ਸੀ ਕਿ ਕਿਸੇ ਅਦਾਲਤੀ ਹੁਕਮ ਉੱਤੇ ਜੇਲ੍ਹ ਭੇਜੇ ਜਾਣ ਵਾਲੇ ਮੁਲਜ਼ਮ
ਦੇ ਆਰਾਮ ਦਾ ਧਿਆਨ ਰੱਖਦੇ ਹੋਏ ਲੱਖਾਂ ਰੁਪਏ ਖਰਚ ਕੇ ਜੇਲ੍ਹ ਵਿੱਚ ਗੈਸਟ ਹਾਊਸ
ਵਾਲੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ। ਇਸਦੇ ਬਾਵਜੂਦ ਇਹ ਦੋਸ਼ ਲਗਦਾ ਸੀ ਕਿ
ਜੇਲ੍ਹ ਵਿੱਚ ਬਾਦਲਾਂ ਨੂੰ ਬਹੁਤ ਤਕਲੀਫਾਂ ਆਈਆਂ। ਹੁਣ ਅਮਰਿੰਦਰ ਸਿੰਘ ਵੀ ਆਸ
ਰੱਖਣਗੇ ਕਿ ਉਨ੍ਹਾਂ ਨਾਲ ਵੀ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਵੇ। ਪਰ ਕੀ ਬਾਦਲ
ਜੀ ਸਿਕੰਦਰ ਬਣ ਸਕਣਗੇ, ਜਿਸ ਨੇ ਕਿਸੇ ਪੋਰਸ ਵਲੋਂ ਕਹੀ ਹੋਈ ਗੱਲ ਨੂੰ ਮੰਨ
ਲਿਆ ਸੀ ਕਿ ਜਿੱਤੇ ਹੋਏ ਰਾਜੇ ਨੂੰ ਹਾਰੇ ਹੋਏ ਰਾਜੇ ਨਾਲ ਉਸੇ ਤਰ੍ਹਾਂ ਦਾ ਹੀ
ਵਿਹਾਰ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਦਾ ਕੋਈ ਰਾਜਾ ਦੂਜੇ ਰਾਜੇ ਨਾਲ ਕਰਦਾ
ਹੈ? ਪੋਰਸ ਵਲੋਂ ਇਹ ਸ਼ਬਦ ਕਹੇ ਜਾਣ ਉੱਤੇ ਸਿਕੰਦਰ ਨੇ ਉਸ ਨੂੰ ਉਸਦਾ ਰਾਜ ਹੀ
ਵਾਪਸ ਕਰ ਦਿੱਤਾ ਸੀ।
ਜਦੋਂ ਬਾਦਲਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਤਾਂ ਅਕਾਲੀ ਵਰਕਰਾਂ ਨੇ ਜੇਲ੍ਹ ਦੇ
ਬਾਹਰ ਰੌਣਕਾਂ ਲਾ ਦਿੱਤੀਆਂ ਸਨ। ਜਦੋਂ ਕਦੀ ਅਮਰਿੰਦਰ ਸਿੰਘ ਨੂੰ ਭੇਜਿਆ ਗਿਆ
ਤਾਂ ਕੀ ਕਾਂਗਰਸੀ ਵੀ ਉਸੇ ਤਰ੍ਹਾਂ ਹੀ ਕਰਨਗੇ? ਇਹੀ ਉਹ ਸਵਾਲ ਹੈ ਜਿਸ ਬਾਰੇ
ਅਕਾਲੀ ਸਫਾਂ ਵਿੱਚ ਲੁਕਵੀਂ ਖੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ
ਲੋਕ ਪ੍ਰਿਅਤਾ ਦੇ ਪਰਗਟਾਵੇ ਦੇ ਇਸ ਪੈਮਾਨੇ ਵਿੱਚ ਸ਼ਾਇਦ ਕੈਪਟਨ ਮਾਤ ਖਾ ਜਾਵੇ।
ਇਹ ਗੱਲ ਕੈਪਟਨ ਨੂੰ ਵੀ ਪਤਾ ਹੈ।
ਰਾਜਿਆਂ ਨੂੰ ਵੀ ਰਾਜ ਕਰਨ ਦੇ ਕੁੱਝ ਗੁਰ ਬਹੁਤ ਖਤਾ ਖਾਣ ਤੋਂ ਬਾਅਦ ਪਤਾ ਲਗਦੇ
ਹਨ। ਅਮਰਿੰਦਰ ਸਿੰਘ ਨੂੰ ਵੀ ਹੁਣ ਇਹ ਇਲਮ ਹੋਣਾ ਹੈ ਕਿ ਜਮਹੂਰੀਅਤ ਵਿੱਚ ਅਸੂਲ
ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਖੁਦ ਖਾਉ, ਨਾ ਕਿ ਪਿਛਲਿਆਂ ਦੇ ਖਾਧੇ ਨੂੰ
ਬਾਹਰ ਕਢਵਾਉਣ ਦੀ ਕੋਸ਼ਿਸ਼ ਕਰੋ। ਰਲ ਮਿਲ ਕੇ ਖਾਣ ਅਤੇ ਰਲ ਮਿਲ ਕੇ ਰਹਿਣ ਨਾਲੋਂ
ਵੱਡਾ ਕੋਈ ਗੁਰ ਨਹੀਂ। ਪਰ ਸ਼ਾਇਦ ਉਹ ਭੁੱਲ ਗਏ ਸਨ ਕਿ ਉਨ੍ਹਾਂ ਦਾ ਰਾਜ ਉਨ੍ਹਾਂ
ਦੇ ਬਜ਼ੁਰਗਾਂ ਵਲੋਂ ਤਲਵਾਰ ਦੇ ਜ਼ੋਰ ਨਾਲ ਜਿੱਤਿਆ ਹੋਇਆ ਰਾਜ ਨਹੀਂ ਸਗੋਂ ਲੋਕਾਂ
ਦੀਆਂ ਵੋਟਾਂ ਨਾਲ ਹਾਸਲ ਕੀਤਾ ਰਾਜ ਹੈ ਜਿਹੜਾ ਪੰਜ ਸਾਲਾਂ ਬਾਅਦ ਖੁੱਸ ਜਾਂਦਾ
ਹੈ। ਇਸ ਲਈ ਸੁਨਿਹਰੀ ਅਸੂਲ ਨੂੰ ਭੁਲਾ ਕੇ ਉਹ ਆਪੇ ਹੀ ਫਸ ਗਏ ਹਨ। ਆਪੇ ਫਾਥੜੀ
ਨੂੰ ਕੌਣ ਛੁਡਾਵੇ? ਜਿਹੜੇ ਲੋਕ ਰਾਜਾ ਸਾਹਿਬ ਰਾਜਾ ਸਾਹਿਬ ਕਰਦੇ ਨਹੀਂ ਸਨ
ਥੱਕਦੇ ਉਨ੍ਹਾਂ ਹੀ ਲੋਕਾਂ ਨੂੰ ਹੁਣ ਉਨ੍ਹਾਂ ਨਾਲ ਕੋਈ ਵਾਹ ਵਾਸਤਾ ਨਹੀਂ।
ਲੋਕ ਬਹੁਤ ਹੀ ਨਾਸ਼ੁਕਰੇ ਹਨ। ਉਹ ਕਿਸੇ ਨੂੰ ਵੀ ਬਖਸ਼ਦੇ ਨਹੀਂ। ਹੁਣ ਉਨ੍ਹਾਂ
ਨੂੰ ਮੁਫਤ ਆਟੇ ਦਾਲ ਦੀ ਉਡੀਕ ਹੈ। ਪੰਜ ਸਾਲਾਂ ਬਾਅਦ ਉਨ੍ਹਾਂ ਬਾਦਲਾਂ ਨੂੰ ਵੀ
ਨਹੀਂ ਬਖਸ਼ਣਾ।
*****
#412,
ਸੈਕਟਰ
30
ਏ,
ਚੰਡੀਗੜ੍ਹ।
E-Mail:
dalbirsingh50@yahoo.com
(12
ਜੂਨ
2007) ਯੂਨੀਕੋਡ