ਮੁੱਖਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਜਗਤ ਤਮਾਸ਼ਾ(44):

ਠਹਿਰ ਨੀ ਮੌਤੇ ਕਾਹਲੀਏ
 

– ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ-


ਮੌਤ ਬਾਰੇ ਗੱਲ ਕਰਨ ਦਾ ਕੋਈ ਇਰਾਦਾ ਨਹੀਂ ਸੀ। ਪਰ ਰਾਤੀਂ ਇੱਕ ਸੁਪਨਾ ਆ ਗਿਆ ਜਿਸ ਵਿੱਚ ਮੌਤ ’ਵਾਜ਼ਾਂ ਮਾਰਦੀ ਦਿਖਾਈ ਦਿੱਤੀ। ਜੇ ਮੈਂ ਅੰਧ ਵਿਸ਼ਵਾਸੀ ਹੁੰਦਾ ਤਾਂ ਘਰ ਵਾਲਿਆਂ ਨੂੰ ਕਹਿ ਦਿੰਦਾ ਕਿ ਹੁਣ ਮੌਤ ਨੇ ’ਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਧਰਮ ਰਾਜ ਵਲੋਂ ਸੱਦਾ ਆਉਣ ਹੀ ਵਾਲਾ ਹੈ। ਇਹ ਵੀ ਹੋ ਸਕਦਾ ਹੈ ਕਿ ਮੈਂ ਪਾਡਿਆਂ ਪੰਡਤਾਂ ਨੂੰ ਬੁਲਾ ਕੇ ਮੌਤ ਤੋਂ ਕੁੱਝ ਦਿਨ ਹੋਰ ਬਚਣ ਦੀਆਂ ਸਬੀਲਾਂ ਪੁੱਛਦਾ ਅਤੇ ਉਨ੍ਹਾਂ ਦੀਆਂ ਝੋਲੀਆਂ ਭਰ ਦਿੰਦਾ। ਪਰ ਮੈਂ ਅਜਿਹਾ ਕੁੱਝ ਨਹੀਂ ਕੀਤਾ।

ਫਰਾਇਡ ਕਹਿੰਦਾ ਹੈ ਕਿ ਸੁਪਨੇ ਅਸਲ ਵਿੱਚ ਮਨੁੱਖ ਦੇ ਸੁੱਤੇ ਹੋਏ ਮਨ ਦੀਆਂ ਧੁਰ ਅੰਦਰਲੀਆਂ ਤਹਿਆਂ ਵਿੱਚ ਪਏ ਉਨ੍ਹਾਂ ਵਿਚਾਰਾਂ ਦੀ ਹੀ ਤਰਜਮਾਨੀ ਕਰਦੇ ਹਨ ਜਿਹੜੇ ਬੰਦਾ ਸਮਾਜੀ ਜਾਂ ਹੋਰ ਕਾਰਨਾਂ ਕਰਕੇ ਜ਼ਾਹਰ ਕਰਨ ਤੋਂ ਝਿਜਕਦਾ ਹੈ ਅਤੇ ਜਿਨ੍ਹਾਂ ਨੂੰ ਦਬਾ ਕੇ ਰੱਖਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਬੰਦੇ ਦੇ ਦਬਾਏ ਹੋਏ ਬਹੁਤੇ ਵਿਚਾਰ ਸੈਕਸ ਨਾਲ ਸਬੰਧਤ ਹੁੰਦੇ ਹਨ ਅਤੇ ਜਦੋਂ ਕੋਈ ਵਿਅਕਤੀ ਮਾਨਸਕ ਤੌਰ ਉੱਤੇ ਬਿਮਾਰ ਹੁੰਦਾ ਹੈ ਤਾਂ ਅਸਲ ਕਾਰਨ ਇਹ ਦਬਾਏ ਹੋਏ ਸੈਕਸ ਸਬੰਧੀ ਵਿਚਾਰ ਹੀ ਹੁੰਦੇ ਹਨ।

ਸਿਗਮੰਡ ਫਰਾਇਡ ਨੂੰ ਪੂਰੇ ਵਿਸਥਾਰ ਨਾਲ ਪੜ੍ਹਨ ਲਈ ਨਾ ਸਿਰਫ ਮਨੋਵਿਗਿਆਨ ਦੀ ਹੀ ਕਾਫੀ ਸਮਝ ਚਾਹੀਦੀ ਹੈ ਸਗੋਂ ਫਲਸਫੇ ਬਾਰੇ ਚਾਹਤ ਵੀ ਚਾਹੀਦੀ ਹੈ। ਸਾਡਾ ਸਮਾਜ ਸੈਕਸ ਬਾਰੇ ਕੋਈ ਵੀ ਗੱਲ ਕਰਨ ਨੂੰ ਅੱਜ ਵੀ ਚੰਗਾ ਨਹੀਂ ਸਮਝਦਾ। ਭਾਰਤ ਵਿੱਚ ਤਾਂ ਇਸ ਬਾਰੇ ਬਹੁਤ ਹੀ ਤੰਗਨਜ਼ਰੀ ਤੋਂ ਕੰਮ ਲਿਆ ਜਾਂਦਾ ਹੈ। ਪਰ ਬਹੁਤ ਲੋਕਾਂ ਨੂੰ ਹੈਰਾਨੀ ਹੋਵੇਗੀ ਕਿ ਜਦੋਂ ਫਰਾਇਡ ਨੇ ਆਪਣਾ ਸਿਧਾਂਤ ਪੇਸ਼ ਕੀਤਾ ਉਦੋਂ ਯੂਰਪ ਵਿੱਚ ਵੀ ਉਸ ਨਾਲ ਸਹਿਮਤ ਹੋਣ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ ਸੀ। ਇੱਥੋਂ ਤੱਕ ਕਿ ਜਿਸ ਜੋਸਫ ਬਰੀਵਰ ਨਾਲ ਮਿਲ ਕੇ ਸਭ ਤੋਂ ਪਹਿਲਾਂ ਉਸ ਨੇ ਇਸ ਸਿਧਾਂਤ ਉੱਤੇ ਤਜਰਬੇ ਕਰਨੇ ਸ਼ੁਰੂ ਕੀਤੇ ਉਹ ਕੁੱਝ ਸਾਲਾਂ ਵਿੱਚ ਹੀ ਉਸਦਾ ਸਾਥ ਛੱਡ ਗਿਆ ਸੀ। ਮਗਰੋਂ ਯੂਜੀਨ ਬਲਿਊਰ ਅਤੇ ਸੀ ਜੀ ਜੰਗ ਉਸ ਨਾਲ ਕੇ ਕੰਮ ਕਰਨ ਲੱਗੇ ਪਰ ਆਖਰ ਨੂੰ ਉਹ ਵੀ ਵੱਖਰੇ ਹੋ ਗਏ। ਸਾਥੀਆਂ ਦੇ ਛੱਡ ਜਾਣ ਦੇ ਬਵਜੂਦ ਫਰਾਇਡ ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਏਨੀ ਸਫਲਤਾ ਹਾਸਲ ਕੀਤੀ ਕਿ ਅੱਜ ਤੱਕ ਵੀ ਮਨੋ ਚਿਕਿਸਤਕ ਮੂਲ ਰੂਪ ਵਿੱਚ ਉਸਦੇ ਹੀ ਸਿਧਾਂਤਾਂ ਉੱਤੇ ਅਮਲ ਕਰਕੇ ਮਾਨਸਕ ਬਿਮਾਰੀਆਂ ਦਾ ਇਲਾਜ ਕਰਦੇ ਹਨ।

ਜਦੋਂ ਸਾਨੂੰ ਪਤਾ ਹੈ ਕਿ ਸੁਪਨੇ ਦੱਬੇ ਹੋਏ ਵਿਚਾਰਾਂ ਦੀ ਤਰਜਮਾਨੀ ਕਰਦੇ ਹਨ ਉਦੋਂ ਸੁਪਨਿਆਂ ਤੋਂ ਡਰ ਜਾਣਾ ਬਹੁਤ ਹੀ ਅਜੀਬ ਲਗਦਾ ਹੈ। ਸੁਪਨਿਆਂ ਤੋਂ ਉਹ ਡਰਦੇ ਹਨ ਜਿਹੜੇ ਇਨ੍ਹਾਂ ਨੂੰ ਆਪਣੇ ਅੰਦਰ ਦੀ ਗੱਲ ਨਹੀਂ ਸਗੋਂ ਕਿਸੇ ਬਾਹਰਲੀ ਤਾਕਤ ਦਾ ਸੰਦੇਸ਼ ਸਮਝਦੇ ਹਨ। ਸਾਡੀ ਮਾਂ ਨੂੰ ਜਦੋਂ ਕਦੀ ਆਪਣੇ ਕਿਸੇ ਮਰ ਚੁੱਕੇ ਵਡੇਰੇ ਦਾ ਸੁਪਨਾ ਆ ਜਾਂਦਾ ਸੀ ਤਾਂ ਉਹ ਅਗਲੇ ਦਿਨ ਹੀ ਪਿੰਡ ਦੀ ਗਰੀਬ ਬਾਹਮਣੀ ਨੂੰ ਸੱਦ ਕੇ ਕੁੱਝ ਦਾਨ ਦੇ ਦਿੰਦੀ ਸੀ। ਨਾਲ ਹੀ ਉਸ ਨੇ ਪੁੱਛਣਾ ਕਿ ਭਲਾ ਮੇਰੀ ਸੱਸ ਮੈਥੋਂ ਸੁੱਥਣ ਕਿਉਂ ਮੰਗਦੀ ਸੀ? ਅਨਪੜ੍ਹ ਬਾਹਮਣੀ ਨੂੰ ਕਿਹੜਾ ਸੁਪਨਿਆਂ ਦੀ ਸਮਝ ਸੀ? ਉਸ ਨੇ ਆਪਣੇ ਕਸਬ ਮੁਤਾਬਕ ਕੁੱਝ ਗੱਲਾਂ ਕਰਨੀਆਂ ਸਿੱਖ ਲਈਆਂ ਸਨ। ਅਖੇ ਤੇਰੀ ਸੱਸ ਨੂੰ ਸੁਰਗਾਂ ਵਿੱਚ ਠੰਡ ਬਹੁਤ ਲਗਦੀ ਹੈ। ਇਸ ਲਈ ਉਸ ਨੂੰ ਗਰਮ ਕੱਪੜੇ ਚਾਹੀਦੇ ਹਨ। ਜਦੋਂ ਕਦੀ ਸੁਪਨਾ ਭੁੱਖ ਨਾਲ ਸਬੰਧਤ ਹੋਵੇ ਤਾਂ ਉਸ ਨੇ ਦਾਨ ਵਿੱਚ ਆਟਾ ਚੌਲ ਅਤੇ ਘਿਉ ਵਗੈਰਾ ਮੰਗ ਲੈਣਾ। ਕਹਿਣਾ ਕਿ ਤੇਰਾ ਸਹੁਰਾ ਸੁਰਗ ਦਵਾਰ ਉੱਤੇ ਖੜ੍ਹਾ ਹੈ ਅਤੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਇਸੇ ਲਈ ਉਸ ਨੂੰ ਭੁੱਖ ਲੱਗੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਉਸ ਨੇ ਆਪਣੇ ਆਟੇ ਦਾਲ ਦਾ ਇੰਤਜ਼ਾਮ ਕਰੀ ਰੱਖਣਾ।

ਬੰਦਾ ਆਪਣੇ ਪਿਤਰਾਂ ਦੀ ਹਾਲਤ ਬਾਰੇ ਅਤੇ ਆਪਣੇ ਭਵਿੱਖ ਬਾਰੇ ਜਾਨਣ ਲਈ ਬਹੁਤ ਉਤਸੁਕ ਰਹਿੰਦਾ ਹੈ। ਇਸੇ ਲਈ ਤਾਂ ਭਾਰਤ ਵਿੱਚ ਹੀ ਨਹੀਂ ਸਾਰੇ ਸੰਸਾਰ ਵਿੱਚ ਹੀ ਭਵਿੱਖ ਦੱਸਣ ਵਾਲਿਆਂ ਦੀ ਗਿਣਤੀ ਜੇ ਕਰੋੜਾਂ ਵਿੱਚ ਨਹੀਂ ਤਾਂ ਲੱਖਾਂ ਵਿੱਚ ਤਾਂ ਜ਼ਰੂਰ ਹੀ ਹੋਵੇਗੀ। ਮੇਰੀ ਈਮੇਲ ਉੱਤੇ ਸਾਰਾ ਫਰੇਜ਼ਰ ਨਾਂ ਦੀ ਕੋਈ ਬੀਬੀ ਮੇਰਾ ਉੱਜਲ ਭਵਿੱਖ ਬਨਾਉਣ ਲਈ ਮੇਲ ਕਰਦੀ ਰਹਿੰਦੀ ਹੈ। ਕਈ ਵਾਰੀ ਤਾਂ ਉਹ ਇਹ ਵੀ ਸੁਨੇਹਾ ਦਿੰਦੀ ਹੈ ਕਿ ਮੇਰੀ ਲਾਟਰੀ ਲੱਗਣ ਦੀ ਸੰਭਾਵਨਾ ਹੈ ਅਤੇ ਜੇ ਮੈਂ ਉਸ ਨੂੰ ਕੁੱਝ ਡਾਲਰ ਫੀਸ ਵਜੋਂ ਭੇਜ ਦੇਵਾਂ ਤਾਂ ਉਹ ਮੈਨੂੰ ਇਨਾਮੀ ਨੰਬਰ ਵੀ ਲਿਖਾ ਸਕਦੀ ਹੈ। ਕਈ ਵਾਰੀ ਮੈਂ ਉਸਦਾ ਅਡਰੈੱਸ ਰੋਕ ਚੁੱਕਾ ਹਾਂ। ਪਰ ਉਹ ਪਤਾ ਨਹੀਂ ਕਿਵੇਂ ਮੇਰੇ ਮੇਲ ਬਾਕਸ ਨੂੰ ਮੁੜ ਲੱਭ ਲੈਂਦੀ ਹੈ। ਮੈਥੋਂ ਤਾਂ ਉਹ ਕੋਈ ਪੈਸਾ ਠਗ ਨਹੀਂ ਸਕੀ। ਪਰ ਪਤਾ ਨਹੀਂ ਹੋਰ ਕਿੰਨੇ ਲੋਕ ਉਸਦੇ ਝਾਂਸੇ ਵਿੱਚ ਆ ਜਾਂਦੇ ਹੋਣਗੇ!

ਕੁੱਝ ਸਾਲ ਪਹਿਲਾਂ ਮੈਂ ਜੋਤਸ਼ ਦੀਆਂ ਕੁੱਝ ਭਾਰਤੀ ਕਿਤਾਬਾਂ ਪੜ੍ਹੀਆਂ ਸਨ। ਇਨ੍ਹਾਂ ਤੋਂ ਬਿਨਾਂ ਕੈਰੀਉ ਦੀ ਅੰਕਾਂ ਬਾਰੇ ਕਿਤਾਬ ਵੀ ਪੜ੍ਹੀ ਸੀ। ਹੁਣ ਤਾਂ ਭੁੱਲ ਭੁਲਾ ਗਿਆ ਕਿ ਇਨ੍ਹਾਂ ਵਿੱਚ ਕੀ ਕੁੱਝ ਸੀ। ਪਰ ਪੰਦਰਾਂ ਕੁ ਸਾਲ ਪਹਿਲਾਂ ਇਸਦੇ ‘ਗਿਆਨ’ ਕਾਰਨ ਮੈਂ ਆਪਣੇ ਪੁਰਾਣੇ ਮਕਾਨ ਮਾਲਕ ਦਾ ਕੁੱਝ ਕਿਰਾਇਆ ਮਾਰਨ ਵਿੱਚ ਸਫਲ ਹੋ ਗਿਆ ਸਾਂ। ਹੋਇਆ ਇਹ ਕਿ ਮਕਾਨ ਖਾਲੀ ਕਰਨ ਸਮੇਂ ਦੋ ਮਹੀਨੇ ਦਾ ਕਿਰਾਇਆ ਦੇਣਾ ਰਹਿੰਦਾ ਸੀ ਅਤੇ ਅਸੀਂ ਨਵਾਂ ਮਕਾਨ ਪੁਰਾਣੇ ਦੇ ਸਾਹਮਣੇ ਹੀ ਲਿਆ ਸੀ। ਮਕਾਨ ਮਾਲਕ ਦੀ ਬਜ਼ੁਰਗ ਘਰ ਵਾਲੀ ਦੂਜੇ ਤੀਜੇ ਦਿਨ ਹੀ ਕੋਈ ਨਾ ਕੋਈ ਬਹਾਨਾ ਬਣਾ ਕੇ ਪੈਸੇ ਮੰਗਣ ਆ ਜਾਇਆ ਕਰੇ। ਇੱਕ ਦਿਨ ‘ਲਿਆ ਬੀਬੀ ਤੇਰਾ ਹੱਥ ਦੇਖਾਂ’ ਕਹਿ ਕੇ ਮੈਂ ਏਧਰ ਓਧਰ ਦੀਆਂ ਮਾਰਨ ਲੱਗ ਪਿਆ। ਦੋ ਸਾਲ ਇਕੱਠੇ ਰਹਿਣ ਕਾਰਨ ਉਨ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਦਾ ਮੈਨੂੰ ਪਤਾ ਸੀ। ਇਸੇ ਜਾਣਕਾਰੀ ਦਾ ਲਾਭ ਲੈ ਕੇ ਕਈ ਕੁੱਝ ਕਹਿ ਦਿੱਤਾ। ਆਖਰ ਵਿੱਚ ਚਲਾਇਆ ਤੁੱਕਾ ਵੀ ਤੀਰ ਹੋ ਨਿਬੜਿਆ ਜਦੋਂ ‘ਭਾਪਾ ਜੀ ਨਾਲ ਸ਼ਾਦੀ ਹੋਣ ਤੋਂ ਪਹਿਲਾਂ ਕਿਸੇ ਹੋਰ ਥਾਂ ਗੱਲ ਚੱਲੀ’ ਹੋਣ ਦੀ ਗੱਲ ਬੀਬੀ ਨੇ ਪਰਵਾਨ ਕਰ ਲਈ। ਇਸੇ ਤੀਰ ਕਾਰਨ ਹੀ ਉਹ ਮੇਰੀ ਸ਼ਰਧਾਲੂ ਬਣ ਗਈ। ਇਹ ਵੱਖਰੀ ਕਹਾਣੀ ਹੈ ਕਿ ਜਦੋਂ ਉਹ ਅਗਲੇ ਹੀ ਦਿਨ ਬਲਿਊਸਟਾਰ ਦੌਰਾਨ ਫੌਜੀ ਹੁਕਮਾਂ ਦੀ ਅਦੂਲੀ ਕਰਨ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਆਪਣੇ ਮੇਜਰ ਭਰਾ ਦੀ ਘਰ ਵਾਲੀ ਨੂੰ ਆਪਣੇ ਨਾਲ ਲੈ ਆਈ ਤਾਂ ਮੈਂ ਕਿਵੇਂ ਜਾਨ ਬਚਾਈ।

ਵੈਸੇ ਗੱਲ ਤਾਂ ਕੋਈ ਨਵੀਂ ਨਹੀਂ ਜਿਹੜੀ ਮੈਂ ਹੁਣ ਦੱਸਣ ਲੱਗਾ ਹਾਂ ਪਰ ਹੈ ਇਹ ਬਹੁਤ ਹੀ ਅਹਿਮ। ਹੱਥ ਦੇਖਣ ਦੀ ਕਲਾ ਨੂੰ ਜਵਾਨੀ ਵਿੱਚ ਮੁੰਡੇ ਕੁੜੀਆਂ ਨੂੰ ਭਰਮਾਉਣ ਲਈ ਸਾਡੇ ਸਮੇਂ ਵੀ ਵਰਤਦੇ ਸਨ ਅਤੇ ਅੱਜ ਕਲ ਵੀ ਵਰਤਦੇ ਹਨ। ਹੱਥ ਫੜ ਕੇ ਇਸਦੀਆਂ ਰੇਖਾਵਾਂ ਭਾਵੇਂ ਪੜ੍ਹੀਆਂ ਜਾਣ ਜਾਂ ਨਾ, ਅੱਗੇ ਵਧਣ ਦਾ ਹੌਸਲਾ ਜ਼ਰੂਰ ਮਿਲ ਜਾਂਦਾ ਹੈ। ਭਾਰਤ ਵਿੱਚ ਜਵਾਨਾਂ ਨੂੰ ਆਪਣਾ ਹਾਣ ਲੱਭਣ ਦੀ ਖੁੱਲ੍ਹ ਨਹੀਂ। ਇੱਥੇ ਕੁੜੀਆਂ ਲਈ ਮੁੰਡੇ ਲੱਭਣ ਦਾ ਕੰਮ ਤਾਂ ਮਾਪਿਆਂ ਨੇ ਲਾਜ਼ਮੀ ਹੀ ਆਪਣੇ ਸਿਰ ਲਿਆ ਹੋਇਆ ਹੈ, ਮੁੰਡਿਆਂ ਲਈ ਕੁੜੀਆਂ ਵੀ ਉਹੀ ਲੱਭਦੇ ਹਨ। ਹੁਣ ਹਾਲਾਤ ਥੋੜ੍ਹਾ ਥੋੜ੍ਹਾ ਬਦਲ ਰਹੇ ਹਨ। ਪੱਛਮੀ ਮੁਲਕਾਂ ਵਿੱਚ ਕੋਈ ਮਾਪਾ ਜਵਾਨ ਬੱਚਿਆਂ ਦੀ ਚੋਣ ਵਿੱਚ ਦਖਲ ਨਹੀਂ ਦਿੰਦਾ। ਸਿਰਫ ਖੁਸ਼ੀਆਂ ਵਿੱਚ ਹੀ ਸ਼ਾਮਲ ਹੁੰਦਾ ਹੈ। ਭਾਰਤ ਵਿੱਚ ਜੇ ਕੋਈ ਜਵਾਨ ਬੱਚਾ ਆਪਣੀ ਮਰਜ਼ੀ ਨਾਲ ਸਾਥ ਲੱਭ ਲੈਂਦਾ ਹੈ ਤਾਂ ਮਾਪਿਆਂ ਨੂੰ ਲਗਦਾ ਹੈ ਜਿਵੇਂ ਉਨ੍ਹਾਂ ਦੀ ਸਮਾਜ ਵਿੱਚ ਨੱਕ ਹੀ ਵੱਢੀ ਗਈ ਹੋਵੇ। ਇਸੇ ਤਰ੍ਹਾਂ ਹੀ ਜਦੋਂ ਕੋਈ ਮੁੰਡਾ ਅਲੱਗ ਹੁੰਦਾ ਹੈ ਉਦੋਂ ਵੀ ਉਨ੍ਹਾਂ ਦੀ ਨੱਕ ਵੱਢੀ ਜਾਂਦੀ ਹੈ। ਪੱਛਮ ਵਿੱਚ ਸੋਲਾਂ ਸਾਲ ਦੇ ਮੁੰਡੇ ਜਾਂ ਕੁੜੀ ਨੂੰ ਮਾਪੇ ਖੁਦ ਹੀ ਅਲੱਗ ਕਰ ਦਿੰਦੇ ਹਨ। ਆਪੇ ਕਮਾਓ ਅਤੇ ਆਪੇ ਹੀ ਖਾਓ। ਭਾਰਤ ਵਿੱਚ ਬੰਦਾ ਕਈ ਕਈ ਪੀੜ੍ਹੀਆਂ ਤੱਕ ਦੀ ਮਾਲੀ ਸੁਰੱਖਿਆ ਲਈ ਸੋਚਦਾ ਰਹਿੰਦਾ ਹੈ। ਅਜਿਹਾ ਕਰਦੇ ਹੋਏ ਆਪਣੀ ਪੀੜ੍ਹੀ ਨੂੰ ਬਰਬਾਦ ਕਰ ਦਿੰਦਾ ਹੈ। ਨਾ ਆਪ ਸੁਖ ਲੈਂਦਾ ਹੈ, ਨਾ ਨਾਲਦਿਆਂ ਨੂੰ ਲੈਣ ਦਿੰਦਾ ਹੈ।

ਅਗਲੀਆਂ ਪੀੜ੍ਹੀਆਂ ਅਤੇ ਅਗਲਾ ਜਨਮ! ਇਹ ਦੋ ਹੀ ਗੱਲਾਂ ਹਨ ਜਿਨ੍ਹਾਂ ਉੱਤੇ ਸਭ ਤੋਂ ਵੱਧ ਧਿਆਨ ਹੁੰਦਾ ਹੈ। ਅਜਿਹਾ ਕਰਦੇ ਹੋਏ ਉਸਦਾ ਅੱਜ ਵੀ ਆਪਣਾ ਨਹੀਂ ਰਹਿੰਦਾ। ਜਦੋਂ ਬੰਦੇ ਦਾ ਸਾਰਾ ਧਿਆਨ ਕੱਲ ਵੱਲ ਨੂੰ ਹੈ ਉਦੋਂ ਉਸ ਨੂੰ ਅੱਜ ਦੀਆਂ ਬਹੁਤ ਸਾਰੀਆਂ ਖਾਹਿਸ਼ਾਂ ਨੂੰ ਦਬਾਉਣਾ ਪੈਂਦਾ ਹੈ। ਖਾਣ, ਪੀਣ ਅਤੇ ਪਹਿਨਣ ਤੋਂ ਬਾਅਦ ਭੋਗਣ ਦੀ ਖਾਹਸ਼ ਸਭ ਤੋਂ ਪਰਬਲ ਹੁੰਦੀ ਹੈ। ਇਹੀ ਉਹ ਖਾਹਸ਼ ਹੈ ਜਿਸ ਨੂੰ ਮਨੁੱਖ ਵਲੋਂ ਸਭ ਤੋਂ ਵੱਧ ਦਬਾਇਆ ਜਾਂਦਾ ਹੈ। ਇਹੀ ਉਹ ਭੂਤ ਹੈ ਜਿਹੜਾ ਮਾਨਸਕ ਰੋਗੀਆਂ ਦੇ ਸਿਰ ਨੂੰ ਚੜ੍ਹਦਾ ਹੈ। ਇਹੀ ਉਹ ਭੂਤਨੀ ਹੈ ਜਿਹੜੀ ਸਿਰ ਮਾਰਨ ਵਾਲੀਆਂ ਔਰਤਾਂ ਨੂੰ ਤੰਗ ਕਰਦੀ ਹੈ। ਸਾਡੇ ਸਮਾਜ ਵਿੱਚ ਮਰਦਾਂ ਨਾਲੋਂ ਔਰਤਾਂ ਉੱਤੇ ਸੈਕਸ ਦੇ ਪਰਗਟਾਵੇ ਬਾਰੇ ਵਧੇਰੇ ਬੰਦਸ਼ਾਂ ਹਨ। ਜਿਹੜੀ ਔਰਤ ਇਸ ਮਾਮਲੇ ਵਿੱਚ ਆਪਣੀ ਗੱਲ ਕਹਿਣ ਦੀ ਹਿੰਮਤ ਕਰ ਬੈਠੇ ਉਸ ਨੂੰ ਬਦਕਾਰ ਕਹਿ ਦਿੱਤਾ ਜਾਂਦਾ ਹੈ। ਇਸ ਕਾਰਨ ਉਹ ਆਪਣੀਆਂ ਭਾਵਨਾਵਾਂ ਨੂੰ ਲੁਕੋ ਕੇ ਹੀ ਰੱਖਦੀ ਹੈ। ਵਡਭਾਗ ਸਿੰਘ ਦੇ ਡੇਰੇ ਜਾਂ ਭੂਤ ਲਾਹੁਣ ਵਾਲੀਆਂ ਹੋਰ ਥਾਵਾਂ ਉੱਤੇ ਜਾ ਕੇ ਜਦੋਂ ਔਰਤਾਂ ਖੇਡਦੀਆਂ ਹਨ ਤਾਂ ਅਸਲ ਵਿੱਚ ਆਪਣੀਆਂ ਦਬਾਈਆਂ ਹੋਈਆਂ ਭਾਵਨਾਵਾਂ ਦੀ ਭਾਫ ਹੀ ਕੱਢ ਰਹੀਆਂ ਹੁੰਦੀਆਂ ਹਨ। ਜੇ ਇਹ ਭਾਫ ਉਹ ਨਾ ਕੱਢਣ ਤਾਂ ਪਤਾ ਨਹੀਂ ਉਨ੍ਹਾਂ ਨੂੰ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੱਗ ਜਾਣ।

ਜਿਹੜੀ ਗੱਲ ਵਡਭਾਗ ਸਿਂਘ ਦੇ ਡੇਰੇ ਵਿੱਚ ਬਿਨਾਂ ਕਿਸੇ ਦਲੀਲ ਦੇ ਜਾਂ ਸਿਰਫ ਅੰਧ ਵਿਸ਼ਵਾਸ ਦੇ ਆਧਾਰ ਉੱਤੇ ਹੀ ਕੀਤੀ ਜਾਂਦੀ ਹੈ, ਉਹੀ ਫਰਾਇਡ ਵਲੋਂ ਸਿਧਾਂਤ ਰੂਪ ਵਿੱਚ ਸਾਬਤ ਕਰ ਕੇ ਕਹੀ ਗਈ ਹੈ। ਉਹ ਇਨ੍ਹਾਂ ਕੁੰਠਤ ਭਾਵਨਾਵਾਂ ਨੂੰ ਬਾਹਰ ਕੱਢਣ ਲਈ ਸੰਮੋਹਨ ਤੋਂ ਕੰਮ ਲੈਂਦਾ ਸੀ। ਸੰਮੋਹਤ ਜਾਂ ਹਿਪਨੋਟਾਈਜ਼ ਕਰ ਕੇ ਮਰੀਜ਼ ਤੋਂ ਉਸਦੇ ਅੰਦਰਲੀਆਂ ਗੱਲਾਂ ਕਹਾਈਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਮੁਸੀਬਤ ਦੀ ਅਸਲੀ ਜੜ੍ਹ ਲੱਭੀ ਜਾਂਦੀ ਹੈ। ਸੰਨ 1900 ਵਿੱਚ ਲਿਖੀ ਆਪਣੀ ਕਿਤਾਬ ‘ਸੁਪਨਿਆਂ ਦੀ ਵਿਆਖਿਆ’ ਵਿੱਚ ਉਹ ਸਭ ਤਰ੍ਹਾਂ ਦੇ ਸੁਪਨਿਆਂ ਬਾਰੇ ਲਿਖਦਾ ਹੈ। ਮੈਂ ਇਹ ਕਿਤਾਬ ਨਹੀਂ ਪੜ੍ਹੀ। ਸਿਰਫ ਇਸ ਕਿਤਾਬ ਉੱਤੇ ਆਧਾਰਤ ਕੁੱਝ ਲੇਖ ਪੜ੍ਹੇ ਹਨ। ਇਨ੍ਹਾਂ ਮੁਤਾਬਕ ਮਨੁੱਖ ਦੇ ਸੁਪਨੇ ਵੀ ਉਸਦੀਆਂ ਲਿੰਗਕ ਭਾਵਨਾਵਾਂ ਦਾ ਹੀ ਪਰਗਟਾਵਾ ਹੁੰਦੇ ਹਨ।

ਜਦੋਂ ਮੌਤ ਰਾਤ ਨੂੰ ਸੁਪਨਿਆਂ ਵਿੱਚ ’ਵਾਜ਼ਾਂ ਮਾਰੇ ਉਦੋਂ ਇਸਦੀ ਵਿਆਖਿਆ ਮੇਰੇ ਤਾਂ ਵੱਸ ਦੀ ਨਹੀਂ। ਵੈਸੇ ਮੇਰਾ ਅਜੇ ਮਰਨ ਦਾ ਕੋਈ ਇਰਾਦਾ ਨਹੀਂ। ਅਜੇ ਬਹੁਤ ਸਾਰੇ ਕੰਮ ਕਰਨੇ ਹਨ। ਇਸ ਬਾਰੇ ਤਾਂ ਮੈਂ ਪਰੋਫੈੱਸਰ ਮੋਹਨ ਸਿੰਘ ਦੀ ਕਵਿਤਾ ‘ਠਹਿਰ ਨੀ ਮੌਤੇ ਕਾਹਲੀਏ, ਮੈਂ ਅਜੇ ਨਾ ਵਿਹਲੀ’ ਦਾ ਧਾਰਨੀ ਹਾਂ।

*****
#412, ਸੈਕਟਰ 30, ਚੰਡੀਗੜ੍ਹ

E-Mail: dalbirsingh50@yahoo.com

(12 ਜੂਨ 2007) ਯੂਨੀਕੋਡ

ਦਲਬੀਰ ਸਿੰਘ (ਚੰਡੀਗੜ੍ਹ) ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਜਗਤ ਤਮਾਸ਼ਾ ਦਲਬੀਰ ਸਿੰਘ, ਚੰਡੀਗੜ੍ਹ

 

ਲਿਖਾਰੀ
Likhari


© likhari: Punjabi Likhari Forum-2001-2007