ਅੱਜ ਜਦੋਂ ਕਲਮ ਚੁੱਕੀ ਸੀ ਤਾਂ ਸੋਚਿਆ ਸੀ ਕਿ ਕਿਸੇ ਅਹਿਮ ਮਸਲੇ ਬਾਰੇ
ਲਿਖਾਂਗਾ। ਪਰ ਸ਼ੁਰੂ ਕਰਦੇ ਸਾਰ ਹੀ ਆਪਣੀ ਇਸ ਗੱਲ ਉੱਤੇ ਕਿੰਤੂ ਹੋ ਗਿਆ। ਜਦੋਂ
ਕਲਮ ਦੀ ਵਰਤੋਂ ਹੀ ਪੱਤਰਕਾਰੀ ਵਿੱਚ ਘਟਦੀ ਜਾ ਰਹੀ ਹੈ ਤਾਂ ਇਹ ਕਹਿਣਾ ਕਿ
ਲਿਖਾਂਗਾ ਬਹੁਤ ਹੀ ਗ਼ਲਤ ਲਗਦਾ ਹੈ। ਕੰਪਿਊਟਰ ਦੇ ਆਉਣ ਨਾਲ ਪੈੱਨ ਰਹਿਤ ਜਾਂ
ਕਲਮ ਰਹਿਤ ਪੱਤਰਕਾਰੀ ਦਾ ਦੌਰ ਆ ਗਿਆ ਹੈ ਅਤੇ ਹੁਣ ਸਹੀ ਅਰਥਾਂ ਵਿੱਚ ਲਿਖਿਆ
ਨਹੀਂ ਜਾਂਦਾ ਸਗੋਂ ਟਾਈਪ ਕੀਤਾ ਜਾਂਦਾ ਹੈ। ਫਿਰ ਵੀ ਜਦੋਂ ਕੁੱਝ ਨਵਾਂ ਸਿਰਜਿਆ
ਜਾਵੇਗਾ ਉਦੋਂ ਇਸ ਨੂੰ ਲਿਖਿਆ ਹੀ ਕਿਹਾ ਜਾਵੇਗਾ। ਇਸੇ ਤਰ੍ਹਾਂ ਹੀ ਕੁੱਝ
ਸ਼ਬਦਾਵਲੀ ਵੀ ਉਸੇ ਤਰ੍ਹਾਂ ਕਾਇਮ ਰਹੇਗੀ। ਮਿਸਾਲ ਵਜੋਂ ਅਖਬਾਰੀ ਸਨਅਤ ਵਿੱਚ
ਜਦੋਂ ਪੰਨਾ ਜੜਿਆ ਜਾਂਦਾ ਹੈ ਤਾਂ ਇਸ ਨੂੰ ਕਿਸੇ ਸਮੇਂ ਸੱਚਮੁਚ ਹੀ ਡੋਰੀ ਨਾਲ
ਬੰਨਿਆ ਜਾਂਦਾ ਸੀ। ਹੁਣ ਕੰਪਿਊਟਰ ਸਭ ਕੰਮ ਕਰ ਦਿੰਦਾ ਹੈ ਅਤੇ ਡੋਰੀ ਦਾ ਕੋਈ
ਕੰਮ ਹੀ ਨਹੀਂ ਰਿਹਾ। ਫਿਰ ਵੀ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਕੰਮ ਨੂੰ ਪੰਨਾ
ਬੰਨ੍ਹਣਾ ਹੀ ਕਿਹਾ ਜਾਂਦਾ ਹੈ ਅਤੇ ਅੱਗੋਂ ਵੀ ਕਾਫੀ ਚਿਰ ਇਸੇ ਤਰ੍ਹਾਂ ਹੀ
ਕਿਹਾ ਜਾਂਦਾ ਰਹਿਣਾ ਹੈ।
ਚਲੋ ਦੂਜੀ ਗੱਲ ਕਰੀਏ। ‘ਸਾਡੀ ਹਰ ਕਾਰਵਾਈ ਹਰੇਕ ਖਿੱਤੇ ਦੇ ਹਰ ਇੱਕ ਵਿਅਕਤੀ
ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ।’ ਇਹ ਗੱਲ ਛੇਤੀ ਹੀ ਸੇਵਾ ਮੁਕਤ ਹੋ
ਰਹੇ ਰਾਸ਼ਰਟਪਤੀ ਡਾ. ਅਬਦੁੱਲ ਕਲਾਮ ਨੇ ਕਹੀ ਹੈ ਪਰ ਲੋੜ ਪੈਣ ਉੱਤੇ ਕੋਈ ਵੀ
ਨੇਤਾ ਇਹੀ ਕੁੱਝ ਕਹਿ ਸਕਦਾ ਹੈ। ਰਾਸ਼ਟਰਪਤੀ ਨੇ ਤਾਂ ਲੋਕਾਂ ਨੂੰ ਸਿਰਫ
ਨਸੀਹਤਾਂ ਹੀ ਦੇਣੀਆਂ ਹੁੰਦੀਆਂ ਹਨ ਅਤੇ ਉਸਦੇ ਸਿਰ ਕੋਈ ਵਾਅਦਾ ਪੂਰਾ ਕਰਨ ਦੀ
ਜ਼ਿੰਮੇਵਾਰੀ ਨਹੀਂ ਹੁੰਦੀ। ਇਸ ਲਈ ਉਹ ਕੁੱਝ ਵੀ ਨਸੀਹਤਾਂ ਦੇ ਸਕਦਾ ਹੈ। ਅਸਲ
ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਈ ਸਿਆਸੀ ਨੇਤਾ ਵੀ ਕਰਦੇ ਹਨ
ਜਿਨ੍ਹਾਂ ਨੇ ਵੋਟਾਂ ਹਾਸਲ ਕਰਕੇ ਸੱਤਾ ਹਾਸਲ ਕਰਨੀ ਹੁੰਦੀ ਹੈ। ਉਹ ਵੀ ਸਦੀਵੀ
ਸੱਚਾਈਆਂ ਵਰਗੇ ਮਹਾਂ ਵਾਕ ਬੋਲਦੇ ਰਹਿੰਦੇ ਹਨ ਅਤੇ ਲੋਕ ਉਨ੍ਹਾਂ ਦੀਆਂ ਗੱਲਾਂ
ਉੱਤੇ ਵਾਹ ਵਾਹ ਕਰੀ ਜਾਂਦੇ ਹਨ। ਜਦੋਂ ਵੀ ਦੇਸ਼ ਦਾ ਪ੍ਰਧਾਨ ਮੰਤਰੀ, ਚਾਹੇ ਉਹ
ਕਾਂਗਰਸੀ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਦਾ, ਇਸ ਕਿਸਮ ਦਾ ਕਿਸੇ ਲਿਖਾਰੀ ਦਾ
ਲਿਖਿਆ ਵਾਕ ਬੋਲਦਾ ਹੈ ਤਾਂ ਅਖਬਾਰਾਂ ਵਾਲੇ ਇਨ੍ਹਾਂ ਉੱਤੇ ਐਡੀਟੋਰੀਅਲ ਲਿਖ
ਲਿਖ ਕੇ ਇਸਦੀ ਚੀਰ ਫਾੜ ਕਰਦੇ ਹਨ। ਕੁੱਝ ਹੀ ਦਿਨਾਂ ਮਗਰੋਂ ਸਾਰੇ ਭੁੱਲ ਭੁਲਾ
ਜਾਂਦੇ ਹਨ।
ਇਹ ਤਾਂ ਸਭ ਨੂੰ ਪਤਾ ਹੀ ਹੋਣਾ ਹੈ ਕਿ ਜਦੋਂ ਵੀ ਸਾਡੇ ਦੇਸ਼ ਦਾ ਕੋਈ ਵੀ
ਰਾਸ਼ਰਟਪਤੀ ਕੋਈ ਗੱਲ ਆਪਣੇ ਭਾਸ਼ਣ ਵਿੱਚ ਕਹਿੰਦਾ ਹੈ ਤਾਂ ਇਹ ਅਸਲ ਵਿੱਚ ਉਸਦੀ
ਆਪਣੀ ਗੱਲ ਨਹੀਂ ਹੁੰਦੀ। ਪਾਰਲੀਮੈਂਟ ਵਿੱਚ ਦਿੱਤੇ ਜਾਣ ਵਾਲੇ ਭਾਸ਼ਣ ਨੂੰ ਤਾਂ
ਲਿਖਿਆ ਵੀ ਵੇਲੇ ਦੀ ਸਰਕਾਰ ਵਲੋਂ ਹੀ ਜਾਂਦਾ ਹੈ। ਜੋ ਕੁੱਝ ਵੀ ਲਿਖ ਦਿੱਤਾ
ਜਾਵੇ ਉਹੀ ਕੁੱਝ ਉਸ ਨੂੰ ਬੋਲਣਾ ਪੈਂਦਾ ਹੈ। ਇਹੀ ਹਾਲ ਰਾਜਾਂ ਦੇ ਰਾਜਪਾਲਾਂ
ਦਾ ਵੀ ਹੈ। ਅਜੇ ਹੁਣੇ ਜਿਹੇ ਹੀ ਉੱਤਰ ਪਰਦੇਸ਼ ਦੇ ਰਾਜਪਾਲ ਦੀ ਮਿਸਾਲ ਸਭ ਤੋਂ
ਉੱਤਮ ਹੈ। ਚੋਣਾਂ ਵਿੱਚ ਜਦੋਂ ਮੁਲਾਇਮ ਸਿੰਘ ਦੀ ਪਾਰਟੀ ਹਾਰ ਗਈ ਤਾਂ ਨਵੀਂ
ਬਣੀ ਮਾਇਆਵਤੀ ਦੀ ਸਰਕਾਰ ਨੇ ਰਾਜਪਾਲ ਦੇ ਭਾਸ਼ਣ ਵਿੱਚ ਅਖਵਾਇਆ ਕਿ ਪਿਛਲੀ
ਸਰਕਾਰ ਗੁੰਡਾਗਰਦੀ ਦੀ ਸਰਕਾਰ ਸੀ। ਇਸੇ ਪਿਛਲੀ ਸਰਕਾਰ ਵੇਲੇ ਉਸੇ ਰਾਜਪਾਲ ਨੂੰ
ਉਸੇ ਸਰਕਾਰ ਦੇ ਗੁਣ ਗਾਉਣੇ ਪੈਂਦੇ ਸਨ ਜਿਸ ਨੂੰ ਉਹ ਹੁਣ ਗੁੰਡਾਗਰਦੀ ਦੀ
ਸਰਕਾਰ ਕਹਿ ਰਿਹਾ ਸੀ।
ਜੇ ਰਾਸ਼ਟਰਪਤੀ ਦੇ ਪਾਰਲੀਮੈਂਟ ਅਤੇ ਰਾਜਪਾਲਾਂ ਦੇ ਅਸੈਂਬਲੀ ਦੇ ਭਾਸ਼ਣਾਂ ਨੂੰ
ਛੱਡ ਵੀ ਲਿਆ ਜਾਵੇ ਤਾਂ ਵੀ ਨੇਤਾਵਾਂ ਦੇ ਬਹੁਤੇ ਭਾਸ਼ਣ ਉਨ੍ਹਾਂ ਦੇ ਆਪਣੇ ਨਹੀਂ
ਸਗੋਂ ਭਾਸ਼ਣ ਲਿਖਾਰੀਆਂ ਦੇ ਲਿਖੇ ਹੋਏ ਹੁੰਦੇ ਹਨ। ਚੰਗੇ ਚੰਗੇ ਲਿਖਾਰੀਆਂ ਦੀਆਂ
ਸੇਵਾਵਾਂ ਇਸ ਮਕਸਦ ਲਈ ਲਈਆਂ ਜਾਂਦੀਆਂ ਹਨ। ਕਈ ਨੇਤਾ ਲੋਕ ਸੰਪਰਕ ਮਹਿਕਮੇ ਦੇ
ਸਟਾਫ ਦੀਆਂ ਸੇਵਾਵਾਂ ਲੈਂਦੇ ਹਨ ਅਤੇ ਕਈ ਤਾਂ ਵਧੀਆ ਲਿਖਾਰੀਆਂ ਨੂੰ ਆਪਣੇ
ਸਟਾਫ ਵਿੱਚ ਹੀ ਭਰਤੀ ਕਰ ਲੈਂਦੇ ਹਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ੍ਰੀ
ਪਰਕਾਸ਼ ਸਿੰਘ ਬਾਦਲ ਦੀਆਂ ਸਾਰੀਆਂ ਅਹਿਮ ਤਕਰੀਰਾਂ ਉਨ੍ਹਾਂ ਦਾ ਮੀਡੀਆ ਸਲਾਹਕਾਰ
ਹਰਚਰਨ ਬੈਂਸ ਲਿਖਦਾ ਹੈ। ਹੋਰ ਤਾਂ ਹੋਰ ਅਸੈਂਬਲੀ ਦੇ ਅਜਲਾਸ ਵਿੱਚ ਰਾਜਪਾਲ
ਵਲੋਂ ਦਿੱਤਾ ਗਿਆ ਭਾਸ਼ਣ ਵੀ ਉਸੇ ਵਲੋਂ ਹੀ ਲਿਖਿਆ ਗਿਆ ਸੀ। ਬਾਦਲ ਹੁਰਾਂ ਦੇ
ਸਾਰੇ ਭਾਸ਼ਣ ਤਾਂ ਉਹ ਲਿਖਦਾ ਹੀ ਹੈ। ਚੰਗਾ ਲਿਖਾਰੀ ਸੀ। ਬੇਚਾਰਾ ਕਿੱਥੇ ਫਸ
ਗਿਆ ਹੈ!
ਖੈਰ, ਜਦੋਂ ਕੋਈ ਖਾਸ ਗੱਲ ਨਾ ਕਰਨੀ ਹੋਵੇ ਉਦੋਂ ਬਹੁਤ ਸਾਰੀਆਂ ਆਮ ਗੱਲਾਂ
ਕੀਤੀਆਂ ਜਾ ਸਕਦੀਆਂ ਹਨ। ਮਿਸਾਲ ਵਜੋਂ ਪ੍ਰਧਾਨ ਮੰਤਰੀ ਵਲੋਂ ਕਹੀ ਗਈ ਇਸ ਗੱਲ
ਨੂੰ ਹੀ ਲਵੋ ਕਿ ਭਾਰਤ ਨੂੰ ਨਾ ਸਿਰਫ਼ ਵਿਦੇਸ਼ੀ ਦਹਿਸ਼ਤਗਰਦੀ ਤੋਂ ਹੀ ਗ਼ੰਭੀਰ
ਖ਼ਤਰਾ ਬਣਿਆ ਹੋਇਆ ਹੈ ਸਗੋਂ ਅੰਦਰੂਨੀ ਸੁਰੱਖਿਆ ਦੇ ਮਾਮਲੇ ਵਿੱਚ ਕਈ ਥਾਵਾਂ
’ਤੇ ਖ਼ਤਰੇ ਭਰੇ ਹਾਲਾਤ ਬਣ ਰਹੇ ਹਨ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਥੀ
ਜਿਸ ਤਰ੍ਹਾਂ ਵਾਰ ਵਾਰ ਭਾਰਤ ਦੇ ਲੋਕਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ
ਖ਼ਤਰਿਆਂ ਬਾਰੇ ਚੌਕਸ ਕਰਦੇ ਰਹਿੰਦੇ ਹਨ, ਉਸ ਤੋਂ ਇਹੀ ਪਤਾ ਲਗਦਾ ਹੈ ਕਿ ਉਹ
ਅਤੇ ਭਾਰਤ ਸਰਕਾਰ ਇਸ ਮਸਲੇ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਹਨ। ਇਸ ਤੋਂ
ਇਹ ਵੀ ਪਤਾ ਲਗਦਾ ਹੈ ਕਿ ਕਿੰਨੇ ਸਾਲਾਂ ਤੋਂ ਉਹ ਇਸ ਬਾਰੇ ਲਗਾਤਾਰ ਗੰਭੀਰ ਹਨ।
ਉਨ੍ਹਾਂ ਤੋਂ ਪਹਿਲਾਂ ਸ੍ਰੀ ਅਟੱਲ ਬਿਹਾਰੀ ਵਾਜਪਾਈ ਵੀ ਓਨੇ ਹੀ ਗੰਭੀਰ ਸਨ। ਉਹ
ਵੀ ਕਈ ਸਾਲਾਂ ਤੱਕ ਕਾਫੀ ਗੰਭੀਰਤਾ ਨਾਲ ਸਮੇਂ ਸਮੇਂ ਇਸ ਤਰ੍ਹਾਂ ਦੀਆਂ
ਚਿਤਾਵਨੀਆਂ ਦਿੰਦੇ ਰਹੇ। ਉਹ ਚਿਤਾਵਨੀਆਂ ਦਿੰਦੇ ਰਹੇ ਅਤੇ ਦਹਿਸ਼ਤਗਰਦ ਆਪਣਾ
ਕੰਮ ਕਰਦੇ ਰਹੇ। ਨਾ ਸੁਰੱਖਿਆ ਏਜੰਸੀਆਂ ਨੇ ਚੁਸਤੀ ਫੜੀ ਅਤੇ ਨਾ ਹੀ ਲੋਕਾਂ
ਨੇ। ਇਹ ਮਾਮਲਾ ਪਤਾ ਨਹੀਂ ਹੋਰ ਕਿੰਨੇ ਪ੍ਰਧਾਨ ਮੰਤਰੀਆਂ ਨੂੰ ਚਿੰਤਾ ਵਿੱਚ
ਪਾਈ ਵਿੱਚ ਰਖੇਗਾ?
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਇੱਕ ਪਾਸੇ ਸਾਰਾ ਸੰਸਾਰ ਹੀ ਦਹਿਸ਼ਤਗਰਦੀ
ਤੋਂ ਪੀੜਤ ਹੈ, ਉੱਥੇ ਭਾਰਤ ਨੂੰ ਇਸਦਾ ਸੇਕ ਕੁੱਝ ਜ਼ਿਆਦਾ ਹੀ ਲੱਗ ਰਿਹਾ ਹੈ।
ਸੰਨ ਦੋ ਹਜ਼ਾਰ ਇੱਕ ਤੋਂ ਪਹਿਲਾਂ ਤਾਂ ਸੰਸਾਰ ਨੂੰ ਪਤਾ ਹੀ ਨਹੀਂ ਸੀ ਕਿ
ਦਹਿਸ਼ਤਗਰਦਾਂ ਕਾਰਨ ਭਾਰਤ ਨੂੰ ਕੀ ਕੁੱਝ ਸਹਿਣਾ ਪੈ ਰਿਹਾ ਹੈ। ਜਦੋਂ ਉਨ੍ਹਾਂ
ਅਮਰੀਕਾ ਨੂੰ ਹੀ ਜਾ ਢਾਹਿਆ ਤਾਂ ਹੀ ਸੰਸਾਰ ਨੂੰ ਪਤਾ ਲੱਗਾ ਕਿ ਇਹ ਤਾਂ ਬਹੁਤ
ਹੀ ਖਤਰਨਾਕ ਸਥਿਤੀ ਹੈ।
ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਸਰਹੱਦ ਪਾਰ ਤੋਂ ਭੇਜੇ ਜਾਂਦੇ ਦਹਿਸ਼ਤਗਰਦਾਂ
ਨੇ ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਕਈ ਦਹਾਕਿਆਂ ਤੋਂ ਖੂਨੀ ਖੇਡ ਸ਼ੁਰੂ
ਕੀਤੀ ਹੋਈ ਹੈ। ਪਰ ਜਿੱਥੇ ਇੱਕ ਪਾਸੇ ਵਿਦੇਸ਼ੀ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ
ਭਾਰਤ ਦੇ ਅਮਨ ਨੂੰ ਖਰਾਬ ਕਰ ਰਹੀਆਂ ਹਨ, ਉੱਥੇ ਦੇਸ਼ ਦੇ ਕਈ ਖਿੱਤਿਆਂ ਵਿੱਚ
ਦੇਸੀ ਜਾਂ ਅੰਦਰੂਨੀ ਦਹਿਸ਼ਤਗਰਦ ਜਥੇਬੰਦੀਆਂ ਵੀ ਸਰਗਰਮ ਹੋ ਰਹੀਆਂ ਹਨ। ਕਦੀ
ਆਸਾਮ, ਕਦੀ ਪੰਜਾਬ, ਅਤੇ ਕਦੀ ਕਸ਼ਮੀਰ ਇਨ੍ਹਾਂ ਦਾ ਨਿਸ਼ਾਨਾ ਬਣ ਰਹੇ ਹਨ। ਇਹ
ਤਿੰਨੇ ਹੀ ਸੂਬੇ ਸਰਹੱਦੀ ਸੂਬੇ ਹਨ ਅਤੇ ਇਨ੍ਹਾਂ ਵਿੱਚ ਬਾਹਰੋਂ ਘੁਸਪੈਠ ਕਰਨੀ
ਕੋਈ ਔਖੀ ਗੱਲ ਨਹੀਂ।
ਪਰ ਕੀ ਸਿਰਫ ਵਿਦੇਸ਼ੀ ਘੁਸਪੈਠ ਹੀ ਅੰਦਰੂਨੀ ਦਹਿਸ਼ਤੀ ਲਹਿਰਾਂ ਦਾ ਇੱਕੋ ਇੱਕ
ਕਾਰਨ ਹੈ? ਨਹੀਂ। ਆਰਥਿਕ ਵਿਕਾਸ ਦਾ ਅਸਾਵਾਂਪਣ, ਤਰੱਕੀ ਦੇ ਮੌਕਿਆਂ ਦੀ
ਨਾਬਰਾਬਰ ਵੰਡ, ਖੇਤਰੀ ਇੱਛਾਵਾਂ ਵਿੱਚ ਵਾਧਾ ਅਤੇ ਆਰਥਿਕ ਵਿਕਾਸ ਵਿੱਚ
ਅਸੰਤੁਲਨ ਕੁੱਝ ਅਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਬਹੁਤ ਸਾਰੇ ਖੇਤਰਾਂ ਵਿੱਚ
ਦਹਿਸ਼ਤਗਰਦੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ ਅਤੇ ਭਾਰਤ ਦੀ ਅੰਦਰੂਨੀ ਸੁਰੱਖਿਆ
ਲਈ ਖ਼ਤਰੇ ਪੈਦਾ ਹੋ ਰਹੇ ਹਨ। ਜਿੱਥੇ ਇੱਕ ਪਾਸੇ ਉੱਤਰ ਪੂਰਬ ਦੇ ਰਾਜਾਂ ਵਿੱਚ
ਹਿੰਸਕ ਪਰਵਿਰਤੀਆਂ ਤੇਜ਼ ਹੋ ਰਹੀਆਂ ਹਨ, ਉੱਥੇ ਨਾਲ ਦੀ ਨਾਲ ਦੱਖਣ ਵਿੱਚ
ਤਾਮਿਲਨਾਡੂ ਅਤੇ ਉੱਤਰ ਵਿੱਚ ਬਿਹਾਰ, ਝਾਰਖੰਡ ਅਤੇ ਉੜੀਸਾ ਵਿੱਚ ਹਿੰਸਕ ਰੁਝਾਨ
ਵਧ ਰਹੇ ਹਨ। ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਰੇਲ ਧਮਾਕਿਆਂ ਨੇ ਇਸਲਾਮੀ
ਦਹਿਸ਼ਤਵਾਦ ਦੇ ਇੱਕ ਹੋਰ ਨਵੇਂ ਤੇ ਦੇਸੀ ਰੂਪ ਨੂੰ ਸਾਹਮਣੇ ਲਿਆਂਦਾ ਹੈ।
ਭਾਰਤ ਵਲੋਂ ਵਾਰ ਵਾਰ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਵਲੋਂ ਸ਼ਹਿ ਦੇ ਕੇ ਭਾਰਤ
ਵਿੱਚ ਦਹਿਸ਼ਤੀ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਹਨ। ਪਰ ਕਾਰਗਿਲ ਦੀਆਂ ਪਹਾੜੀਆਂ
ਉੱਤੇ ਪੰਗਾ ਖੜ੍ਹਾ ਕਰਨ ਵਾਲਾ ਪਾਕਿਸਤਾਨੀ ਜਰਨੈਲ ਓਨੀ ਦੇਰ ਤੱਕ ਇਸ ਤੋਂ
ਇਨਕਾਰ ਕਰਦਾ ਰਿਹਾ ਜਿੰਨੀ ਦੇਰ ਤੱਕ ਇੱਕ ਤਾਂ ਉਸਦੀ ਅਮਰੀਕਾ ਨੇ ਬਾਂਹ ਨਹੀਂ
ਮਰੋੜੀ ਅਤੇ ਦੂਜੇ ਖੁਦ ਉਸ ਨੂੰ ਸੇਕ ਨਹੀਂ ਲਗਾ। ਪਾਕਿਸਤਾਨ ਦੀ ਗੱਲ ਕਰਦਿਆਂ
ਜਰਨਲ ਮੁਸ਼ੱਰਫ ਦੀਆਂ ਤਾਜ਼ਾ ਮੁਸ਼ਕਲਾਂ ਦੀ ਗੱਲ ਵੀ ਕਰ ਹੀ ਲਈਏ। ਸੁਪਰੀਮ ਕੋਰਟ
ਦੇ ਇੱਕ ਚੀਫ ਜਸਟਿਸ ਇਫਤਿਖਾਰ ਚੌਧਰੀ ਨੂੰ ਬਰਖਾਸਤ ਕਰਨਾ ਉਸ ਲਈ ਬਹੁਤ ਮਹਿੰਗਾ
ਪੈ ਰਿਹਾ ਹੈ। ਹੁਣ ਪਾਕਿਸਤਾਨ ਵਿੱਚ ਜਮਹੂਰੀਅਤ ਬਹਾਲ ਕਰਨ ਦੀ ਮੰਗ ਉੱਠਣੀ
ਸ਼ੁਰੂ ਹੋ ਗਈ ਹੈ ਅਤੇ ਜਰਨਲ ਨੂੰ ਮੀਡੀਆ ਉੱਤੇ ਪਾਬੰਦੀਆਂ ਲਾਉਣ ਦਾ ਰਾਹ ਚੁਣਨਾ
ਪੈ ਰਿਹਾ ਹੈ। ਅੱਗੋਂ ਅਮਰੀਕਾ ਉਸ ਉੱਤੇ ਦਬਾ ਪਾ ਰਿਹਾ ਹੈ ਕਿ ਉਹ ਨਾ ਸਿਰਫ
ਚੋਣਾਂ ਹੀ ਕਰਵਾਏ ਸਗੋਂ ਚੋਣਾਂ ਤੋਂ ਪਹਿਲਾਂ ਵਰਦੀ ਵੀ ਲਾਹ ਦੇਵੇ; ਅਰਥਾਤ
ਫੌਜਾਂ ਦੇ ਮੁਖੀ ਦਾ ਅਹੁਦਾ ਤਿਆਗ ਦੇਵੇ। ਹੁਣ ਭਲਾ ਇਸ ਸ਼ਰਤ ਨੂੰ ਉਹ ਕਿਵੇਂ
ਮੰਨ ਲਵੇ? ਜਿਨ੍ਹਾਂ ਲੋਕਾਂ ਨੂੰ ਪਾਕਿਸਤਾਨ ਦੇ ਇਤਿਹਾਸ ਦਾ ਪਤਾ ਹੈ, ਉਹ
ਜਾਣਦੇ ਹਨ ਕਿ ਪਾਕਿਸਤਾਨ ਵਿੱਚ ਫੌਜੀ ਰਾਜ ਪਲਟੇ ਹੁੰਦੇ ਹੀ ਰਹਿੰਦੇ ਹਨ ਅਤੇ
ਅੱਜ ਤੱਕ ਕਿਸੇ ਪਾਕਿਸਤਾਨੀ ਫੌਜੀ ਜਰਨੈਲ ਨੇ ਫੌਜ ਉੱਤੇ ਆਪਣਾ ਕਬਜ਼ਾ ਨਹੀਂ
ਛਡਿਆ। ਫਿਰ ਮੁਸ਼ੱਰਫ ਕਿਵੇਂ ਛੱਡ ਦੇਵੇ? ਉਸ ਨੂੰ ਪਤਾ ਹੈ ਕਿ ਜਿਸ ਦਿਨ ਉਸ ਨੇ
ਫੌਜ ਦੀ ਵਾਗਡੋਰ ਛੱਡ ਦਿੱਤੀ, ਉਸ ਦਿਨ ਹੀ ਉਸਦੇ ਖਿਲਾਫ ਰਾਜ ਪਲਟੇ ਦੀ ਨੀਂਹ
ਰੱਖੀ ਜਾਣੀ ਹੈ। ਆਪਣੀ ਹੀ ਮੌਤ ਦੇ ਵਾਰੰਟ ਉੱਤੇ ਉਹ ਆਪਣੇ ਦਸਤਖਤ ਕਿਵੇਂ ਕਰ
ਦੇਵੇ?
ਆਪਣੀ ਮੌਤ ਦੇ ਵਾਰੰਟਾਂ ਉੱਤੇ ਦਸਤਖਤ ਤਾਂ ਭੋਲੇ ਭਾਲੇ ਲੋਕ ਕਰਦੇ ਹਨ ਜਿਨ੍ਹਾਂ
ਦੀ ਦੌੜ ਸਿਰਫ ਰੋਟੀ ਜਾਂ ਰੋਟੀ ਤੋਂ ਰਤਾ ਕੁ ਅੱਗੇ ਤੱਕ ਹੁੰਦੀ ਹੈ। ਇਹ ਦਸਤਖਤ
ਚੰਡੀਗੜ੍ਹ ਦੀ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੇ ਕੀਤੇ ਜਦੋਂ ਉਨ੍ਹਾਂ ਮੰਡੀ ਦੀ
ਸ਼ੈੱਡ ਦੇ ਖੰਭਿਆਂ ਵਿੱਚ ਮੋਰੀਆਂ ਕੱਢ ਕੱਢ ਕੇ ਸ਼ੈੱਡ ਨੂੰ ਹੀ ਪੋਲਾ ਕਰ ਦਿੱਤਾ।
ਆਖਰਕਾਰ ਇਹ ਉਨ੍ਹਾਂ ਉੱਤੇ ਹੀ ਆ ਡਿੱਗਾ। ਭਲਾ ਹੋਇਆ ਕਿ ਬਹੁਤੇ ਲੋਕ ਨਹੀਂ
ਮਰੇ। ਵਰਨਾ ਜਿੰਨਾ ਖੋਰਾ ਉਨ੍ਹਾਂ ਇਸ ਨੂੰ ਲਾਇਆ ਸੀ ਉਸ ਨਾਲ ਹੋਰ ਨੁਕਸਾਨ ਵੀ
ਹੋ ਸਕਦਾ ਸੀ।
ਵੇਲਾ ਰਹਿੰਦੇ ਸਮਝ ਜਾਣਾ ਸਭ ਤੋਂ ਅਕਲਮੰਦੀ ਦੀ ਗੱਲ ਹੁੰਦੀ ਹੈ। ਭਾਰਤ ਦੀ
ਜਮਹੂਰੀਅਤ ਦੀ ਸਬਜ਼ੀ ਮੰਡੀ ਦੀ ਛੱਤ ਵੀ ਬਹੁਤ ਜ਼ਰਜ਼ਰੀ ਹੋ ਚੁੱਕੀ ਹੈ। ਇਸਦੇ ਚਾਰ
ਖੰਭਿਆਂ ਵਿੱਚੋਂ ਦੋ ਤਾਂ ਬੁਰੀ ਤਰ੍ਹਾਂ ਭੁਰ ਚੁੱਕੇ ਹਨ। ਸਿਰਫ ਦੋ ਹੀ ਬਚੇ
ਹਨ। ਇਨ੍ਹਾਂ ਵਿੱਚ ਵੀ ਸੱਤਾ ਦੇ ਆੜ੍ਹਤੀਆਂ ਨੇ ਕਾਫੀ ਖੁੱਡਾਂ ਕੱਢੀਆਂ ਹੋਈਆਂ
ਹਨ। ਇਸ ਕਾਰਨ ਇਸ ਮੰਡੀ ਦੀ ਛੱਤ ਹਿੱਲਣ ਲੱਗ ਪਈ ਹੈ। ਜੇ ਇਸ ਮੰਡੀ ਦੇ ਗਾਹਕਾਂ
ਨੇ ਚੌਕਸੀ ਤੋਂ ਕੰਮ ਨਾ ਲਿਆ ਤਾਂ ਕਿਸੇ ਦਿਨ ਇਸਦੀ ਛੱਤ ਵੀ ਢਹਿ ਜਾਣੀ ਹੈ।
ਭਾਵੇਂ ਇਹ ਲੇਖ ਟਾਈਪ ਕੀਤਾ ਗਿਆ ਹੈ ਫਿਰ ਵੀ ਮੁਰਾਰੀ ਦਾ ਕੰਮ ‘ਲਿਖ’ ਕੇ
ਚਿਤਾਵਨੀ ਦੇਣਾ ਹੈ। ਬਾਕੀ ਤੇਰੇ ਭਾਗ ਲੱਛੀਏ!
*****
#412,
ਸੈਕਟਰ
30
ਏ,
ਚੰਡੀਗੜ੍ਹ।
E-Mail:
dalbirsingh50@yahoo.com
(26 ਜੂਨ
2007) ਯੂਨੀਕੋਡ