ਮੁੱਖਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਜਗਤ ਤਮਾਸ਼ਾ(47):

ਖੇਡੀ ਜਾ ਰਹੀ ਹੈ ਚਿੱਕੜ ਦੀ ਖੇਡ

-ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ-


ਭਾਰਤੀ ਸਿਆਸਤਦਾਨਾਂ ਨੂੰ ਚਿੱਕੜ ਵਿੱਚ ਖੇਡਣ ਦੀ ਆਦਤ ਹੈ। ਉਹ ਇੱਕ ਦੂਜੇ ਉੱਤੇ ਰੰਗ ਸੁੱਟ ਕੇ ਹੋਲੀ ਨਹੀਂ ਖੇਡਦੇ ਸਗੋਂ ਚਿੱਕੜ ਸੁੱਟ ਕੇ ਇੱਕ ਦੂਜੇ ਦੇ ਸਫੈਦ ਵਸਤਰ ਗੰਦੇ ਕਰਦੇ ਹਨ। ਅਜਿਹਾ ਕਰਦੇ ਹੋਏ ਖੁਦ ਵੀ ਗੰਦੇ ਹੁੰਦੇ ਹਨ ਅਤੇ ਕਈ ਭਲੇਮਾਣਸਾਂ ਨੂੰ ਵੀ ਇਸ ਵਿੱਚ ?ਰੰਗ? ਲੈਂਦੇ ਹਨ। ਇਸ ਵਾਰੀ ਇਹ ?ਭਲਾਮਾਣਸ? ਅਬਦੁਲ ਕਲਾਮ ਹੈ ਜਿਸ ਨੂੰ ਕੁੱਝ ਲੋਕਾਂ ਨੇ ਬਦੋਬਦੀ ਛੱਪੜ ਵਿੱਚ ਧੂਹ ਲਿਆ ਅਤੇ ਉਹ ਧੂਹੇ ਵੀ ਗਏ। ਕਿਸੇ ਵਿਗਿਆਨੀ ਨੂੰ ਸਿਆਸਤ ਵਿੱਚ ਕਿਵੇਂ ਅਗਿਆਨੀ ਬਣਾਇਆ ਜਾ ਸਕਦਾ ਹੈ, ਕਲਾਮ ਉਸਦੀ ਸਭ ਤੋਂ ਉੱਘੜਵੀਂ ਅਤੇ ਤਾਜ਼ਾ ਮਿਸਾਲ ਬਣ ਗਏ ਹਨ।

ਸਭ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਜਦੋਂ ਵੀ ਰਾਸ਼ਟਰਪਤੀ ਦੀ ਚੋਣ ਦਾ ਮਾਮਲਾ ਆਇਆ, ਰਾਜ ਕਰ ਰਹੀ ਕਾਂਗਰਸ ਅਤੇ ਉਸਦੀਆਂ ਸਹਿਯੋਗੀ ਖੱਬੀਆਂ ਪਾਰਟੀਆਂ ਸ੍ਰੀ ਕਲਾਮ ਨੂੰ ਦੂਜੀ ਵਾਰੀ ਇਸ ਕੁਰਸੀ ਉੱਤੇ ਬਿਠਾਉਣ ਲਈ ਰਾਜ਼ੀ ਨਹੀਂ ਹੋਣਗੀਆਂ। ਖੁਦ ਸ੍ਰੀ ਕਲਾਮ ਵੀ ਇੱਕ ਤੋਂ ਵੱਧ ਵਾਰ ਕਹਿ ਚੁੱਕੇ ਸਨ ਕਿ ਉਹ ਹੁਣ ਇਸ ਅਹੁਦੇ ਤੋਂ ਮੁਕਤੀ ਹਾਸਲ ਕਰ ਕੇ ਮੁੜ ਤੋਂ ਵਿਗਿਆਨ ਨਾਲ ਜੁੜਨਗੇ ਅਤੇ ਵਿੱਦਿਆ ਦੇ ਖੇਤਰ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਦੇ ਰੁਤਬੇ ਵਾਲੇ ਵਿਗਿਆਨੀ ਲਈ ਇਹੀ ਢੁਕਵਾਂ ਸੀ ਕਿ ਉਹ ਸੰਕੇਤਾਂ ਨੂੰ ਪੜ੍ਹਦੇ ਅਤੇ ਆਪਣੇ ਵਲੋਂ ਕਹੀ ਹੋਈ ਗੱਲ ਉੱਤੇ ਪਹਿਰਾ ਦਿੰਦੇ। ਪਰ ਉਨ੍ਹਾਂ ਅਜਿਹਾ ਨਹੀਂ ਕੀਤਾ ਅਤੇ ਕੁੱਝ ਦਿਨਾਂ ਲਈ ਇਸ ਲਾਲਚ ਦਾ ਸ਼ਿਕਾਰ ਹੋ ਗਏ ਕਿ ਖਬਰੇ ਉਨ੍ਹਾਂ ਨੂੰ ਦੂਜੀ ਵਾਰੀ ਵੀ ਇਹ ਕੁਰਸੀ ਮਿਲ ਹੀ ਜਾਵੇ। ਪਰ ਇਸ ਲਾਲਚ ਕਾਰਨ ਕੁਰਸੀ ਵੀ ਗਈ ਅਤੇ ਬਣੀ ਬਣਾਈ ਭੱਲ ਵੀ ਗਵਾਈ। ਦੁਬਿਧਾ ਮੇਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ।

ਬਹੁਤਿਆਂ ਨੂੰ ਚੇਤੇ ਹੋਵੇਗਾ ਕਿ ਜਦੋਂ ਪੰਜ ਸਾਲ ਪਹਿਲਾਂ ਰਾਸ਼ਟਰਪਤੀ ਦੀ ਚੋਣ ਹੋਣੀ ਸੀ ਤਾਂ ਉਸ ਸਮੇਂ ਦੀ ਹਕੂਮਤ ਕਰਨ ਵਾਲੀ ਪਾਰਟੀ, ਭਾਰਤੀ ਜਨਤਾ ਪਾਰਟੀ ਨੇ ਕਿਸੇ ਵੀ ਹੋਰ ਪਾਰਟੀ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਸ੍ਰੀ ਕਲਾਮ ਦੇ ਨਾਂ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਕੁੱਝ ਹੀ ਸਾਲ ਪਹਿਲਾਂ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਪੋਖਰਨ ਵਿਖੇ ਐਟਮੀ ਧਮਾਕੇ ਕਰ ਕੇ ?ਕੌਮਾਂਤਰੀ ਧਮਾਕਾ? ਕੀਤਾ ਸੀ, ਜਿਸ ਵਿੱਚ ਸ੍ਰੀ ਕਲਾਮ ਨੇ ਅਹਿਮ ਰੋਲ ਅਦਾ ਕੀਤਾ ਸੀ। ਉਹ ਇੱਕ ਵਿਗਿਆਨੀ ਹਨ ਅਤੇ ਉਨ੍ਹਾਂ ਦੀ ਦਿਲਚਸਪੀ ਵਿਗਿਆਨਕ ਘਟਨਾਵਾਂ ਅਤੇ ਪਰਾਪਤੀਆਂ ਵੱਲ ਹੋਣੀ ਕੁਦਰਤੀ ਹੈ। ਪਰ ਜਿਵੇਂ ਲੋਕਾਂ ਦੇ ਮਸਲੇ ਅੱਖੋਂ ਓਹਲੇ ਕਰ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਿਰਫ ਐਟਮੀ ਧਮਾਕਿਆਂ ਨੂੰ ਹੀ ਸਭ ਤੋਂ ਵੱਡੀ ਪਰਾਪਤੀ ਕਰਾਰ ਦੇਣ ਦੀ ਕੋਸ਼ਿਸ਼ ਕੀਤੀ, ਉਸ ਵਿੱਚ ਸ੍ਰੀ ਕਲਾਮ ਦੀ ਸ਼ਮੂਲੀਅਤ ਕਈ ਪਾਰਟੀਆਂ ਨੂੰ ਪਸੰਦ ਨਹੀਂ ਸੀ। ਇਸੇ ਕਾਰਨ ਹੀ ਉਦੋਂ ਖੱਬੀਆਂ ਪਾਰਟੀਆਂ ਨੇ ਉਨ੍ਹਾਂ ਦੇ ਖ਼ਿਲਾਫ਼ ਸੁਤੰਤਰਤਾ ਸੈਨਾਨੀ ਸ੍ਰੀਮਤੀ ਲਕਸ਼ਮੀ ਸਹਿਗਲ ਨੂੰ ਉਮੀਦਵਾਰ ਦੇ ਤੌਰ ਉੱਤੇ ਮੈਦਾਨ ਵਿੱਚ ਲਿਆਂਦਾ ਸੀ। ਉਸ ਨੇ ਹਾਰਨਾ ਹੀ ਸੀ ਅਤੇ ਉਹ ਹਾਰੀ ਵੀ। ਸ੍ਰੀ ਕਲਾਮ ਨੇ ਜਿੱਤਣਾ ਹੀ ਸੀ ਅਤੇ ਉਹ ਜਿੱਤੇ ਵੀ। ਪਰ ...!

ਪਰ ਜਦੋਂ ਸ੍ਰੀ ਕਲਾਮ ਆਪ ਹੀ ਕਹਿ ਚੁੱਕੇ ਸਨ ਕਿ ਉਨ੍ਹਾਂ ਨੂੰ ਹੁਣ ਦੂਜੀ ਵਾਰੀ ਨਹੀਂ ਚਾਹੀਦੀ ਤਾਂ ਰਾਤੋ ਰਾਤ ਬਣਾਏ ਗਏ ਤੀਜੇ ਮੋਰਚੇ ਵਲੋਂ ਉਨ੍ਹਾਂ ਦੇ ਨਾਂ ਦਾ ਐਲਾਨ ਕੀਤੇ ਜਾਣ ਉੱਤੇ ਉਨ੍ਹਾਂ ਦੇ ਮੂੰਹ ਵਿੱਚ ਪਾਣੀ ਨਹੀਂ ਸੀ ਆਉਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਵਲੋਂ ਮਦਦ ਦਾ ਐਲਾਨ ਕੀਤੇ ਜਾਣ ਨਾਲ ਵੀ ਖਬਰੇ ਇਸ ਵਿਗਿਆਨੀ ਦੇ ਮਨ ਵਿੱਚ ਭਾਰਤ ਦੇ ਇਸ ਅਹੁਦੇ ਲਈ ਰਾਖਵੇਂ ਭਵਨ ਵਿੱਚ ਪੰਜ ਸਾਲ ਹੋਰ ਬਿਤਾਉਣ ਦੀ ਲਾਲਸਾ ਜਾਗ ਪਈ ਹੋਵੇ। ਕਈ ਲੋਕਾਂ ਲਈ ਸ਼ਾਇਦ ਇਹ ਨਵੀਂ ਖਬਰ ਹੋਵੇ ਕਿ ਭਾਰਤ ਦਾ ਰਾਸ਼ਟਰਪਤੀ ਭਵਨ ਇਸ ਸਮੇਂ ਦੇ ਸਾਰੇ ਦੇਸ਼ਾਂ ਦੇ ਮੁਖੀਆਂ ਲਈ ਬਣਾਏ ਗਏ ਭਵਨਾਂ ਤੋਂ ਵੱਡਾ ਹੈ। ਅਮਰੀਕਾ ਦੇ ਰਾਸ਼ਰਟਪਤੀ ਦੇ ?ਵਾਈਟ ਹਾਊਸ? ਤੋਂ ਤਾਂ ਇਹ ਕਈ ਗੁਣਾਂ ਵੱਡਾ ਹੈ। ਇਸ ਲਈ ਇਸ ਭਵਨ ਵਿੱਚ ਰਹਿਣ ਅਤੇ ਭਾਰਤ ਦਾ ਪਹਿਲਾ ਨਾਗਰਿਕ ਬਣਨ ਦੀ ਲਾਲਸਾ ਕਿਸੇ ਵਿਗਿਆਨੀ ਨੂੰ ਵੀ ਸਿਆਸਤਦਾਨ ਬਨਾਉਣ ਲਈ ਉਕਸਾ ਸਕਦੀ ਹੈ, ਭਾਵੇਂ ਉਹ ਕਚਘਰੜ ਹੀ ਹੋਵੇ।

ਕਈ ਲੋਕ ਕਹਿੰਦੇ ਹਨ ਕਿ ਸ੍ਰੀ ਕਲਾਮ ਪਹਿਲੇ ਗੈਰ ਸਿਆਸੀ ਰਾਸ਼ਟਰਪਤੀ ਹਨ। ਪਰ ਇਹ ਗੱਲ ਸਹੀ ਨਹੀਂ ਹੈ। ਪਹਿਲੇ ਹੀ ਰਾਸ਼ਟਰਪਤੀ ਡਾਕਟਰ ਰਾਜਿੰਦਰ ਪਰਸਾਦ ਆਜ਼ਾਦੀ ਘੁਲਾਟੀਏ ਅਤੇ ਪੇਸ਼ੇ ਵਜੋਂ ਵਕੀਲ ਸਨ। ਦੂਜੇ ਡਾਕਟਰ ਰਾਧਾ ਕ੍ਰਿਸ਼ਨਨ ਅਤੇ ਤੀਜੇ ਡਾਕਟਰ ਜ਼ਾਕਿਰ ਹੁਸੈਨ ਫਿਲਾਸਫਰ ਅਤੇ ਵਿੱਦਿਆ ਸ਼ਾਸਤਰੀ ਸਨ। ਵੀ ਵੀ ਗਿਰੀ ਸਿਆਸਤਦਾਨ ਤਾਂ ਸਨ ਪਰ ਨਾਲ ਦੀ ਨਾਲ ਉਹ ਮਜ਼ਦੂਰ ਨੇਤਾ ਵੀ ਸਨ। ਉਨ੍ਹਾਂ ਤੋਂ ਬਾਅਦ ਸ੍ਰੀ ਫਖਰੂਦੀਨ ਅਹਿਮਦ ਪਹਿਲੇ ਰਾਸ਼ਟਰਪਤੀ ਸਨ ਜਿਹੜੇ ਨਿਰੋਲ ਸਿਆਸਤਦਾਨ ਸਨ। ਇਸੇ ਕਾਰਨ ਹੀ ਉਨ੍ਹਾਂ ਦੀ ਬਹੁਤੀ ਸਾਖ਼ ਵੀ ਨਹੀਂ ਸੀ ਬਣ ਸਕੀ। ਸ੍ਰੀ ਨੀਲਮ ਸੰਜੀਵਾ ਰੈਡੀ ਵੀ ਸਿਆਸਤਦਾਨ ਹੀ ਸਨ। ਉਨ੍ਹਾਂ ਨੂੰ ਹਰਾ ਕੇ ਹੀ 1969 ਵਿੱਚ ਸ੍ਰੀ ਵੀ ਵੀ ਗਿਰੀ ਜਿੱਤੇ ਸਨ ਹਾਲਾਂਕਿ ਹਕੂਮਤ ਕਰ ਰਹੀ ਕਾਂਗਰਸ ਦੀ ਲੀਡਰਸ਼ਿੱਪ ਉਦੋਂ ਵੀ ਉਨ੍ਹਾਂ ਦੇ ਹੱਕ ਵਿੱਚ ਸੀ।

ਗਿਆਨੀ ਜ਼ੈਲ ਸਿੰਘ 1982 ਵਿੱਚ ਰਾਸ਼ਰਟਪਤੀ ਭਵਨ ਪਹੁੰਚੇ। ਉਹ ਸਿਆਸਤਦਾਨ ਤਾਂ ਸਨ ਪਰ ਨਾਲ ਦੀ ਨਾਲ ਉਨ੍ਹਾਂ ਦਾ ਆਜ਼ਾਦੀ ਸੰਗਰਾਮ ਵਿੱਚ ਵੀ ਬਹੁਤ ਯੋਗਦਾਨ ਸੀ। ਉਨ੍ਹਾਂ ਤੋਂ ਬਾਅਦ ਆਏ ਰਾਮਾਸਵਾਮੀ ਵੈਂਕਟਾਰਮਨ ਮਜ਼ਦੂਰ ਨੇਤਾ ਅਤੇ ਸਿਆਸਤਦਾਨ ਸਨ। ਡਾਕਟਰ ਸ਼ੰਕਰ ਦਿਆਲ ਸ਼ਰਮਾ ਆਜ਼ਾਦੀ ਘੁਲਾਟੀਏ ਵੀ ਸਨ ਅਤੇ ਸਿਆਸਤਦਾਨ ਵੀ। ਉਨ੍ਹਾਂ ਤੋਂ ਬਾਅਦ ਦੇ ਸ੍ਰੀ ਕੇ ਆਰ ਨਾਰਾਇਣ ਡਿਪਲੋਮੈਟ ਵਜੋਂ ਸੇਵਾ ਪੂਰੀ ਕਰਨ ਤੋਂ ਬਾਅਦ ਹੀ ਸਿਆਸਤ ਵਿੱਚ ਆਏ ਸਨ। ਪੰਜ ਸਾਲ ਪਹਿਲਾਂ ਆਏ ਸ੍ਰੀ ਏ ਪੀ ਜੇ ਅਬਦੁਲ ਕਲਾਮ ਨਿਰੋਲ ਵਿਗਿਆਨੀ ਹਨ।

ਇਹ ਕਹਾਣੀ ਪਾਉਣ ਅਤੇ ਇਤਿਹਾਸ ਦੱਸਣ ਤੋਂ ਬਾਅਦ ਉਨ੍ਹਾਂ ਚੋਣਾਂ ਦਾ ਜ਼ਿਕਰ ਕਰਨਾ ਬਣਦਾ ਹੈ ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਗੱਲੋਂ ਇਤਰਾਜ਼ ਹੋਏ। ਇਨ੍ਹਾਂ ਵਿੱਚ ਸਭ ਤੋਂ ਪਹਿਲੇ ਰਾਸ਼ਟਰਪਤੀ ਦੀ ਚੋਣ ਵੀ ਸ਼ਾਮਲ ਹੈ। ਉਸ ਸਮੇਂ ਪੰਡਤ ਨਹਿਰੂ ਪਰਧਾਨ ਮੰਤਰੀ ਸਨ ਅਤੇ ਸਰਦਾਰ ਪਟੇਲ ਗ੍ਰਹਿ ਮੰਤਰੀ। ਪੰਡਤ ਨਹਿਰੂ ਸ੍ਰੀ ਸੀ ਗੋਪਾਲਾਚਾਰੀ ਨੂੰ ਰਾਸ਼ਟਰਪਤੀ ਬਨਾਉਣਾ ਚਾਹੁੰਦੇ ਸਨ ਪਰ ਸ੍ਰੀ ਪਟੇਲ ਰਾਜਿੰਦਰ ਪਰਸਾਦ ਦੇ ਹੱਕ ਵਿੱਚ ਸਨ। ਆਖਰਕਾਰ ਗੱਲ ਸਰਦਾਰ ਪਟੇਲ ਦੀ ਹੀ ਮੰਨੀ ਗਈ। ਪਰ ਪੰਡਤ ਨਹਿਰੂ ਏਨੇ ਖੁੱਲ੍ਹਦਿਲੇ ਸਨ ਕਿ ਉਨ੍ਹਾਂ ਨੇ ਇਸ ਗੱਲ ਨੂੰ ਕਦੀ ਚਿਤਾਰਿਆ ਹੀ ਨਹੀਂ ਅਤੇ ਸ੍ਰੀ ਪਰਸਾਦ ਤਿੰਨ ਵਾਰੀ ਇਸ ਅਹੁਦੇ ਲਈ ਚੁਣੇ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਹੀ ਉਮੀਦਵਾਰ ਦੀ ਬਦਲੀ ਕੀਤੀ ਗਈ।

ਸਭ ਤੋਂ ਵੱਧ ਵਿਵਾਦ ਸੰਨ 1969 ਵਿੱਚ ਪਿਆ ਜਦੋਂ ਇੰਦਰਾ ਗਾਂਧੀ ਨੇ ਕਾਂਗਰਸ ਪਾਰਟੀ ਦੇ ਨਿਜਲੰਗੱਪਾ ਅਤੇ ਕਾਮਰਾਜ ਵਰਗੇ ਧੁਰੰਤਰ ਨੇਤਾਵਾਂ ਵਲੋਂ ਖੜ੍ਹੇ ਕੀਤੇ ਗਏ ਪਾਰਟੀ ਦੇ ਅਧਿਕਾਰਤ ਉਮੀਦਵਾਰ ਸ੍ਰੀ ਨੀਲਮ ਸੰਜੀਵਾ ਰੈਡੀ ਦੇ ਮੁਕਾਬਲੇ ਸ੍ਰੀ ਵੀ ਵੀ ਗਿਰੀ ਨੂੰ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਕਰ ਦਿੱਤਾ। ਪੰਡਤ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਦੇਹਾਂਤ ਤੋਂ ਬਾਅਦ ਜਦੋਂ ਸ੍ਰੀ ਮੋਰਾਰਜੀ ਦੇਸਾਈ ਨੂੰ ਹਰਾ ਕੇ ਸ੍ਰੀਮਤੀ ਇੰਦਰਾ ਗਾਂਧੀ ਪਰਧਾਨ ਮੰਤਰੀ ਬਣੀ ਸੀ ਤਾਂ ?ਸਿੰਡੀਕੇਟ? ਕਹੇ ਜਾਂਦੇ ਖੁੰਢ ਆਗੂਆਂ ਨੂੰ ਲਗਦਾ ਸੀ ਕਿ ਉਹ ਉਸਦੇ ਓਹਲੇ ਵਿੱਚ ਆਪਣੀ ਮਰਜ਼ੀ ਪੁਗਾਉਂਦੇ ਰਹਿਣਗੇ। ਇੰਦਰਾ ਗਾਂਧੀ ਨੂੰ ਉਹ ?ਗੂੰਗੀ ਗੁਡੀਆ? ਵੀ ਕਹਿੰਦੇ ਸਨ। ਉਸੇ ਗੂੰਗੀ ਗੁਡੀਆ ਨੇ ਹੀ ਪਹਿਲੀ ਵਾਰੀ ਜ਼ਮੀਰ ਦੀ ਆਵਾਜ਼ ਦੇ ਨਾਂ ਉੱਤੇ ਵੋਟਾਂ ਪਾਏ ਜਾਣ ਦੀ ਗੱਲ ਕੀਤੀ ਅਤੇ ਸਿੰਡੀਕੇਟ ਦੇ ਉਮੀਦਵਾਰ ਨੂੰ ਹਰਾ ਦਿੱਤਾ। ਹੁਣ ਭਾਰਤੀ ਜਨਤਾ ਪਾਰਟੀ ਵਲੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਜ਼ਮੀਰ ਦੀ ਆਵਾਜ਼ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ।

ਸ੍ਰੀ ਨੀਲਮ ਸੰਜੀਵਾ ਰੈਡੀ ਦੀ ਵਾਰੀ ਸੰਨ 1977 ਵਿੱਚ ਹੀ ਆ ਸਕੀ ਜਦੋਂ ਐਮਰਜੈਂਸੀ ਹਟਾਏ ਜਾਣ ਤੋਂ ਬਾਅਦ ਦੀਆਂ ਚੋਣਾਂ ਵਿੱਚ ਇੰਦਰਾ ਗਾਂਧੀ ਹਾਰ ਗਈ ਸੀ ਅਤੇ ਮੋਰਾਰਜੀ ਦੇਸਾਈ ਆਖਰਕਾਰ ਜਨਤਾ ਪਾਰਟੀ ਦੇ ਨਾਂ ਹੇਠ ਬਣੀ ਪਾਰਟੀ ਦੇ ਆਗੂ ਵਜੋਂ ਪਰਧਾਨ ਮੰਤਰੀ ਬਣ ਗਏ ਸਨ। ਇਸ ਅਹੁਦੇ ਉੱਤੇ ਰਹਿੰਦਿਆਂ ਹੋਰ ਗੱਲਾਂ ਦੇ ਇਲਾਵਾ ਉਹ ਆਪਣਾ ਹੀ ਪੇਸ਼ਾਬ ਪੀਣ ਕਾਰਨ ਕਾਫੀ ਠੱਠੇ ਦਾ ਕਾਰਨ ਬਣੇ ਰਹੇ। ਪਰ ਇਹ ਵੱਖਰੀ ਕਹਾਣੀ ਹੈ।

ਉਸ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਵਿਵਾਦ ਦਾ ਕਾਰਨ ਸੰਨ 1982 ਵਿੱਚ ਬਣੀ ਜਦੋਂ ਸ੍ਰੀ ਸੰਜੀਵਾ ਰੈਡੀ ਦਾ ਕਾਰਜਕਾਲ ਮੁੱਕਣ ਤੋਂ ਬਾਅਦ ਮੁੜ ਸੱਤਾ ਵਿੱਚ ਆਈ ਇੰਦਰਾ ਗਾਂਧੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਆਜ਼ਾਦੀ ਘੁਲਾਟੀਏ ਗਿਆਨੀ ਜ਼ੈਲ ਸਿੰਘ ਨੂੰ ਆਪਣੀ ਪਾਰਟੀ ਵਲੋਂ ਉਮੀਦਵਾਰ ਐਲਾਨ ਦਿੱਤਾ। ਬਹੁਤੇ ਸ਼ਹਿਰੀ ਪੱਤਰਕਾਰ ?ਅਨਪੜ੍ਹ? ਸਮਝੇ ਜਾਂਦੇ ਗਿਆਨੀ ਜ਼ੈਲ ਸਿੰਘ ਦਾ ਪਹਿਲਾਂ ਹੀ ਮਜ਼ਾਕ ਉਡਾਉਂਦੇ ਸਨ। ਜਦੋਂ ਗਿਆਨੀ ਜੀ ਨੇ ?ਆਪਣੀ ਨੇਤਾ ਦੇ ਹੁਕਮਾਂ ਉੱਤੇ ਝਾੜੂ ਤੱਕ ਮਾਰ ਸਕਦਾ ਹਾਂ? ਵਰਗਾ ਬਿਆਨ ਦੇ ਦਿੱਤਾ ਤਾਂ ਉਨ੍ਹਾਂ ਦੀ ਚੋਣ ਹੋਰ ਵੀ ਵਿਵਾਦਮਈ ਬਣ ਗਈ। ਭਾਵੇਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ?ਅਪਰੇਸ਼ਨ ਬਲਿਊਸਟਾਰ? ਵਾਪਰਿਆ ਫਿਰ ਵੀ 25 ਜੁਲਾਈ 1982 ਨੂੰ ਅਹੁਦਾ ਸੰਭਾਲਣ ਤੋਂ ਲੈ ਕੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੱਕ ਉਨ੍ਹਾਂ ਵਿਚਾਲੇ ਕੋਈ ਵਿਵਾਦ ਨਹੀਂ ਸੀ ਉੱਠਿਆ। ਪਰ ਜਿਵੇਂ ਗਿਆਨੀ ਜੀ ਨੇ ਰਾਜੀਵ ਗਾਂਧੀ ਨੂੰ ਪਰਧਾਨ ਮੰਤਰੀ ਦੀ ਕੁਰਸੀ ਉੱਤੇ ਬਿਠਾਇਆ ਉਸਦੀ ਕਾਫੀ ਚਰਚਾ ਹੋਈ। ਸ੍ਰੀ ਰਾਜੀਵ ਗਾਂਧੀ ਉਦੋਂ ਕਾਂਗਰਸ ਪਾਰਟੀ ਦੇ ਬਹੁਤ ਹੀ ਜੂਨੀਅਰ ਨੇਤਾ ਸਨ ਅਤੇ ਉਨ੍ਹਾਂ ਤੋਂ ਕਈ ਸੀਨੀਅਰ ਨੇਤਾ ਉਸ ਸੰਕਟ ਦੇ ਸਮੇਂ ਇਸ ਅਹੁਦੇ ਦੇ ਯੋਗ ਸਨ। ਪਰ ਰਾਜੀਵ ਗਾਂਧੀ ਵਲੋਂ ਬਾਅਦ ਵਿੱਚ ਗਿਆਨੀ ਜ਼ੈਲ ਸਿੰਘ ਨੂੰ ਬਣਦਾ ਸਤਿਕਾਰ ਨਾ ਦਿੱਤੇ ਜਾਣ ਕਾਰਨ ਦੋਵਾਂ ਦੇ ਸਬੰਧ ਵਿਗੜ ਗਏ ਅਤੇ ਗਿਆਨੀ ਜ਼ੈਲ ਸਿੰਘ ਨੇ ਰਾਜੀਵ ਗਾਂਧੀ ਨੂੰ ਪਰੇਸ਼ਾਨ ਕਰਨ ਲਈ ਇੱਕ ਸਰਕਾਰੀ ਬਿੱਲ ਨੂੰ ਪਰਵਾਨਗੀ ਦੇਣ ਤੋਂ ਨਾਂਹ ਵੀ ਕਰ ਦਿੱਤੀ ਸੀ। ਇਸਦੇ ਬਾਵਜੂਦ ਗੈਰ ਕਾਂਗਰਸੀ ਪਾਰਟੀਆਂ ਦੀ ਮਦਦ ਨਾਲ ਦੋਬਾਰਾ ਚੋਣ ਲੜਣ ਦੀ ਪੇਸ਼ਕਸ਼ ਨੂੰ ਗਿਆਨੀ ਜ਼ੈਲ ਸਿੰਘ ਨੇ ਇੱਕ ਵੱਢਿਉਂ ਹੀ ਰੱਦ ਕਰ ਦਿੱਤਾ ਸੀ।

ਇਹੀ ਕੰਮ ਸ੍ਰੀ ਕਲਾਮ ਨੇ ਨਹੀਂ ਕੀਤਾ। ਉਨ੍ਹਾਂ ਮੱਛੀਆਂ ਫੜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਇਹ ਬਿਆਨ ਸੱਚਮੁਚ ਹੀ ਬਚਗਾਨਾ ਸੀ ਕਿ ਜੇ ਉਨ੍ਹਾਂ ਦੇ ਨਾਂ ਉੱਤੇ ਸਹਿਮਤੀ ਹੁੰਦੀ ਹੈ ਤਾਂ ਉਹ ਦੂਜੀ ਵਾਰੀ ਵੀ ਰਾਸ਼ਟਰਪਤੀ ਬਣਨ ਲਈ ਤਿਆਰ ਹਨ। ਜਦੋਂ ਪਹਿਲੀ ਵਾਰੀ ਹੀ ਉਨ੍ਹਾਂ ਦੇ ਨਾਂ ਉੱਤੇ ਸਹਿਮਤੀ ਨਹੀਂ ਸੀ ਹੋਈ ਤਾਂ ਇਸ ਵਾਰੀ ਸਿਰਫ ਅਖੌਤੀ ਤੀਜੀ ਧਿਰ ਦੀ ਤਾਕਤ ਉੱਤੇ ਹੀ ਆਸ ਜਗਾ ਲੈਣੀ ਕੋਈ ਸਿਆਣੀ ਗੱਲ ਨਹੀਂ ਸੀ। ਜਿਹੜੀ ਗੱਲ ਗਿਆਨੀ ਜ਼ੈਲ ਸਿੰਘ ਵਰਗਾ ਹੰਢਿਆ ਹੋਇਆ ਸਿਆਸਤਦਾਨ ?ਅਨਪੜ੍ਹ? ਹੋਣ ਦੇ ਬਾਵਜੂਦ ਤੁਰਤ ਸਮਝ ਗਿਆ ਸੀ ਉਸੇ ਨੂੰ ਗੈਰ ਸਿਆਸੀ ਅਤੇ ਵਿਗਿਆਨੀ ਰਾਸ਼ਟਰਪਤੀ ਸਮਝਣ ਤੋਂ ਖਤਾ ਖਾ ਗਿਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਸ ਅਹੁਦੇ ਉੱਤੇ ਕਿਸੇ ਸਿਆਸੀ ਆਗੂ ਨੂੰ ਹੀ ਲਿਆਉਣਾ ਚਾਹੀਦਾ ਹੈ।

ਹੁਣ ਜਦੋਂ ਕਿ ਨਵੇਂ ਰਾਸ਼ਰਟਪਤੀ ਦੀ ਚੋਣ ਹੋਣ ਜਾ ਰਹੀ ਹੈ, ਸਰਕਾਰ ਵਿੱਚਲੀ ਅਤੇ ਸਰਕਾਰ ਤੋਂ ਬਾਹਰਲੀ ਧਿਰ ਵਿਚਾਲੇ ਚਿੱਕੜ ਉਛਾਲਣ ਦਾ ਮੁਕਾਬਲਾ ਚੱਲ ਰਿਹਾ ਹੈ। ਜਿੰਨਾ ਚਿੱਕੜ ਇਸ ਵਾਰੀ ਰਾਸ਼ਟਰਪਤੀ ਦੀ ਚੋਣ ਦਾ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਦੂਜੇ ਉੱਤੇ ਸੁੱਟ ਦਿੱਤਾ ਗਿਆ ਹੈ ਅਤੇ ਜਿਵੇਂ ਵਿਰੋਧੀ ਧਿਰ ਵਲੋਂ ਸਰਕਾਰੀ ਧਿਰ ਦੀ ਉਮੀਦਵਾਰ ਨੂੰ ਲਬੇੜਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ, ਉਸ ਤੋਂ ਲਗਦਾ ਹੈ ਕਿ ਸਿਆਸੀ ਪਾਰਟੀਆਂ ਕੋਲ ਦੇਸ਼ ਦੇ ਪਹਿਲੇ ਨਾਗਰਿਕ ਪ੍ਰਤੀ ਸਤਿਕਾਰ ਦੀ ਤਾਂ ਕਮੀ ਹੈ ਪਰ ਚਿੱਕੜ ਦੀ ਨਹੀਂ। ਸਭ ਨੂੰ ਪਤਾ ਹੈ ਕਿ ਉਨ੍ਹਾਂ ਦੇ ਉੱਜਲੇ ਕੱਪੜਿਆਂ ਹੇਠਾਂ ਤਨ ਅਤੇ ਮਨ ਦੋਵੇਂ ਹੀ ਮੈਲੇ ਹਨ। ਆਪਣੇ ਹੀ ਚਿੱਟੇ ਵਸਤਰਾਂ ਉੱਤੇ ਖੁਦ ਹੀ ਚਿੱਕੜ ਪਾ ਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਹਨ?
 

*****
#412, ਸੈਕਟਰ 30, ਚੰਡੀਗੜ੍ਹ

E-Mail: dalbirsingh50@yahoo.com

(12 ਜੁਲਾਈ 2007) ਯੂਨੀਕੋਡ

ਦਲਬੀਰ ਸਿੰਘ (ਚੰਡੀਗੜ੍ਹ) ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਜਗਤ ਤਮਾਸ਼ਾ ਦਲਬੀਰ ਸਿੰਘ, ਚੰਡੀਗੜ੍ਹ

 

ਲਿਖਾਰੀ
Likhari


? likhari: Punjabi Likhari Forum-2001-2007