ਮੁੱਖਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਜਗਤ ਤਮਾਸ਼ਾ(50):

ਵਾਲ ਨਾ ਵਿੰਗਾ ਹੋਵੇ ਜੇ…..!

-ਦਲਬੀਰ ਸਿੰਘ,ਚੰਡੀਗੜ੍ਹ, ਪੰਜਾਬ-


ਅਸੀਂ ਅੱਜ ਦਲਬੀਰ ਸਿੰਘ ਦੇ ਦੋ ਲੇਖ ‘ਲਿਖਾਰੀ’ ਦੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। ‘ਕਥਾ ‘ਗੁਰੀਲੇ’ ਦੇ ਅਨੁਵਾਦ ਦੀ’ ਸਾਨੂੰ 19 ਜੁਲਾਈ ਨੂੰ ਮਿਲਿਆ ਸੀ ਅਤੇ ‘ਵਾਲ ਨਾ ਵਿੰਗਾ ਹੋਵੇ ਜੇ …!’ ਦਲਬੀਰ ਸਿੰਘ ਹੋਰਾਂ ਦੇ ਸਾਥੋਂ ਵਿਛੜ ਜਾਣ ਤੋਂ ਕੁੱਲ ਦੋ ਦਿਨ ਪਹਿਲਾਂ; ਅਰਥਾਤ 26 ਜੁਲਾਈ ਨੂੰ। ਪਹਿਲੇ ਲੇਖ ਦਾ ਵਿਸ਼ਾ-ਵਸਤੂ ਵੀਅਤਨਾਮ ਦੀ ਜੰਗ ਬਾਰੇ ਲੇਖਕ ਆਨ੍ਹ ਡਿਊਸ ਦਾ ਲਿਖਿਆ ਨਾਵਲ ‘ਹੌਨ ਡੂਟ’ ਹੈ। ਦਲਬੀਰ ਸਿੰਘ ਨੇ ਇਸ ਨਾਵਲ ਦਾ ਅਨੁਵਾਦ ਕਿਵੇਂ ਨੇਪਰੇ ਚਾੜ੍ਹਿਆ, ਇਸ ਲੇਖ ਵਿੱਚ ਬਿਆਨ ਕੀਤਾ ਹੈ। ਦੂਸਰਾ ਲੇਖ ਪੰਜਾਬ ਵਿੱਚ ਥਾਂ ਥਾਂ ਉੱਸਰੇ ਬਾਬਿਆਂ ਦੇ ਡੇਰਿਆਂ ਨਾਲ ਸਬੰਧਤ ਹੈ। ਇਨ੍ਹਾਂ ਬਾਬਿਆਂ ਨੂੰ ਕਿਸ ਕਿਸ ਰਾਜਨੀਤਕ ਨੇਤਾ ਦੀ ਸ਼ਹਿ ਪ੍ਰਾਪਤ ਹੈ, ਇਹ ਲੇਖ ਪੜ੍ਹ ਕੇ ‘ਲਿਖਾਰੀ’ ਦੇ ਪਾਠਕ ਭਲੀਭਾਂਤ ਜਾਣ ਜਾਣਗੇ। ...

ਦਲਬੀਰ ਸਿੰਘ ਦੇ ਵਿਛੜ ਜਾਣ ਨਾਲ ‘ਲਿਖਾਰੀ’ ਨੂੰ ਜੋ ਘਾਟਾ ਪਿਆ ਹੈ, ਉਹ ਕਦੇ ਪੂਰਾ ਨਹੀਂ ਹੋਵੇਗਾ।..... ਡਾ. ਗੁਰਦਿਆਲ ਸਿੰਘ ਰਾਏ

****

ਵਾਲ ਨਾ ਵਿੰਗਾ ਹੋਵੇ ਜੇ …!


ਇਹ ਸਿਰਲੇਖ ਇੱਕ ਅਟੱਲ ਸੱਚਾਈ ਹੈ। ਜਦੋਂ ਤੱਕ ਸਤਿਗੁਰਾਂ ਦੀ ਬੰਦੇ ਉੱਤੇ ਮਿਹਰ ਹੋਵੇ ਉਦੋਂ ਤੱਕ ਕੋਈ ਉਸਦਾ ਕੁੱਝ ਨਹੀਂ ਵਿਗਾੜ ਸਕਦਾ। ਇਸੇ ਗੱਲ ਨੂੰ ਜੇ ਦੁਨਿਆਵੀ ਸ਼ਬਦਾਂ ਅਤੇ ਦੁਨਿਆਵੀ ਸੰਦਰਭ ਵਿੱਚ ਕਿਹਾ ਜਾਵੇ ਤਾਂ ਉਸ ਬੰਦੇ ਦਾ ਕੁੱਝ ਨਹੀਂ ਵਿਗੜ ਸਕਦਾ ਜਿਸ ਉੱਤੇ ਕੁਰਸੀ ਦੀ ਮਿਹਰ ਹੋਵੇ। ਇਸੇ ਕੁਰਸੀ ਦਾ ਸਦਕਾ ਹੀ ਵੱਡੇ ਵੱਡੇ ਅਦਾਲਤੀ ਮਾਮਲਿਆਂ ਵਿੱਚ ਗਵਾਹ ਮੁੱਕਰ ਜਾਂਦੇ ਹਨ ਅਤੇ ਜਿਨ੍ਹਾਂ ਦੇ ਹੱਕ ਵਿੱਚ ਗਵਾਹ ਮੁੱਕਰਦੇ ਹਨ ਉਹ ਇਸ ਨੂੰ ‘ਸਹੀ ਨਿਆਂ’ ਕਹਿ ਕੇ ਵਡਿਆਉਂਦੇ ਹਨ।

ਕਈ ਵਾਰੀ ਲੋਕ ਕਿਸੇ ਸ਼ਖ਼ਸ ਦੀ ਗ੍ਰਿਫਤਾਰੀ ਉੱਤੇ ਏਨਾ ਖੁਸ਼ ਹੋ ਜਾਂਦੇ ਹਨ ਕਿ ਕੇਵਲ ਗ੍ਰਿਫਤਾਰੀ ਨੂੰ ਹੀ ਨਿਆਂ ਸਮਝਣ ਲੱਗ ਪੈਂਦੇ ਹਨ। ਅੱਜ ਕਲ ਕੁੱਝ ਲੋਕਾਂ ਵਲੋਂ ਸਿਰਸਾ ਵਾਲੇ ਬਾਬੇ ਦੀ ਗ੍ਰਿਫਤਾਰੀ ਲਈ ਹੀ ਸਾਰਾ ਜ਼ੋਰ ਲਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਖਬਰੇ ਲਗਦਾ ਹੈ ਕਿ ਬਾਬੇ ਦੀ ਗ੍ਰਿਫਤਾਰੀ ਨਾਲ ਹੀ ਨਿਆਂ ਹਾਸਲ ਹੋ ਜਾਣਾ ਹੈ।

ਇਸ ਸਬੰਧ ਵਿੱਚ ਮੈਨੂੰ ਕੁੱਝ ਸਾਲ ਪਹਿਲਾਂ ਅਕਾਲੀ ਸਰਕਾਰ ਸਮੇਂ ਹੀ ਪਿਆਰਾ ਸਿੰਘ ਭਨਿਆਰਾ ਵਾਲੇ ਦੀ ਗ੍ਰਿਫਤਾਰੀ ਦਾ ਚੇਤਾ ਆ ਗਿਆ ਹੈ। ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸਦੇ ਕਈ ਵਿਰੋਧੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਬਾਬੇ ਨੂੰ ਪਤਾ ਲੱਗੂ ਕਿ ਕਾਨੂੰਨ ਕੀ ਹੁੰਦਾ ਹੈ ਅਤੇ ਕਿਸੇ ਫਿਰਕੇ ਦੀਆਂ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦੇ ਕੀ ਸਿੱਟੇ ਨਿਕਲ ਸਕਦੇ ਹਨ। ਪਰ ਹੋਇਆ ਕੀ? ਪਿਆਰਾ ਸਿੰਘ ਬਚ ਵੀ ਗਿਆ ਅਤੇ ਉਸਦੇ ਖ਼ਿਲਾਫ਼ ਕੇਸ ਵੀ ਖਤਮ ਹੋ ਗਏ। ਜਦੋਂ ਗਵਾਹ ਹੀ ਮੁੱਕਰ ਜਾਣ ਤਾਂ ਕੇਸ ਕਿਵੇਂ ਚੱਲ ਸਕਦਾ ਹੈ?

ਜੇ ਭਲਾ ਅੱਜ ਸਿਰਸਾ ਵਾਲੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤਾਂ ਕਿਸ ਕਿਸ ਨੂੰ ਪਰੇਸ਼ਾਨੀ ਹੋਵੇਗੀ? ਜਿਹੜੇ ਵੀ ਲੋਕ ਕਿਸੇ ਨਾ ਕਿਸੇ ਸਮੇਂ ਬਾਬੇ ਤੋਂ ਵੋਟਾਂ ਦਾ ਜਾਂ ਵੈਸੇ ਹੀ ਆਸ਼ੀਰਵਾਦ ਲੈਣ ਲਈ ਉਸਦੇ ਦਰਬਾਰ ਵਿੱਚ ਜਾਂਦੇ ਰਹੇ ਹਨ ਉਨ੍ਹਾਂ ਨੂੰ ਹੀ ਪਰੇਸ਼ਾਨੀ ਹੋਣੀ ਹੈ। ਇਨ੍ਹਾਂ ਵਿੱਚ ਕਾਂਗਰਸੀ ਤਾਂ ਹਨ ਹੀ, ਅਕਾਲੀ ਅਤੇ ਭਾਜਪਾਈਏ ਵੀ ਪਿੱਛੇ ਨਹੀਂ। ਅਕਾਲੀ ਦਲ ਦਾ ਕਾਰਜਕਾਰੀ ਪਰਧਾਨ ਕਾਕਾ ਸੁਖਬੀਰ ਤਾਂ ਖੁਦ ਬਾਬੇ ਦੇ ਚਰਨੀਂ ਬੈਠ ਚੁੱਕਾ ਹੈ। ਇਸੇ ਲਈ ਤਾਂ ਉਹ ਬਾਬੇ ਵਿਰੁਧ ਕੁੱਝ ਨਹੀਂ ਬੋਲਦਾ। ਇਸੇ ਲਈ ਤਾਂ ਅਕਾਲੀ ਸਰਕਾਰ ਕੁੱਝ ਨਹੀਂ ਕਰ ਸਕਦੀ। ਅਤੇ ਜੇ ਕੇਸ ਦਰਜ ਹੋ ਜਾਵੇ ਅਤੇ ਗੁਰਮੀਤ ਰਾਮ ਰਹੀਮ ਗ੍ਰਿਫਤਾਰ ਵੀ ਹੋ ਜਾਵੇ ਤਾਂ ਅਦਾਲਤ ਵਿੱਚ ਉਹੀ ਨਾਟਕ ਹੋਣਾ ਹੈ ਜੋ ਰੋਪੜ ਦੀ ਅਦਾਲਤ ਵਿੱਚ ਹੋ ਰਿਹਾ ਹੈ।

ਖੈਰ, ਜਦੋਂ ਭਨਿਆਰਾ ਵਾਲੇ ਪਿਆਰੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਵੀ ਉਸਦੀ ਗ੍ਰਿਫਤਾਰੀ ਕਾਰਨ ਕਈਆਂ ਨੂੰ ਪਰੇਸ਼ਾਨੀ ਹੋਈ ਸੀ। ਕਈਆਂ ਨੂੰ ਵੱਧ ਹੋਈ ਸੀ, ਕਈਆਂ ਨੂੰ ਘੱਟ। ਕਾਂਗਰਸੀਆਂ ਨੂੰ ਵੀ ਹੋਈ, ਅਕਾਲੀਆਂ ਨੂੰ ਵੀ ਅਤੇ ਕਾਮਰੇਡਾਂ ਨੂੰ ਵੀ। ਬਸਪਾ ਵਾਲਿਆਂ ਨੂੰ ਵੀ ਹੋਈ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਨੂੰ ਵੀ। ਪਰ ਜੇ ਸੱਭ ਤੋਂ ਵੱਧ ਪਰੇਸ਼ਾਨੀ ਕਿਸੇ ਨੂੰ ਹੋਈ ਤਾਂ ਉਹ ਅਕਾਲੀ ਦਲ ਸੀ ਜਿਸ ਦੀ ਉਦੋਂ ਆਪਣੀ ਸਰਕਾਰ ਵੀ ਸੀ। ਉਦੋਂ ਵੀ ਇਸਦੇ ਮੁਖੀ ਸਰਦਾਰ ਪਰਕਾਸ਼ ਸਿੰਘ ਬਾਦਲ ਸਨ ਅਤੇ ਅੱਜ ਵੀ ਉਹੀ ਹਨ। ਪਿਆਰੇ ਬਾਬੇ ਦੀ ਗ੍ਰਿਫਤਾਰੀ ਨਾਲ ਬਹੁਤ ਸਾਰੇ ਐਸੇ ਅਕਾਲੀ ਨੇਤਾਵਾਂ ਦੇ ਭੇਤ ਜੱਗ ਜ਼ਾਹਰ ਹੋ ਗਏ ਸਨ ਜਿਹੜੇ ਸਹੁੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਖਾਂਦੇ ਹਨ ਪਰ ਮੱਥੇ ਪਿਆਰਾ ਸਿੰਘ ਵਰਗਿਆਂ ਨੂੰ ਟੇਕਦੇ ਹਨ।

ਇਨ੍ਹਾਂ ਵਿੱਚੋਂ ਵੀ ਸੱਭ ਤੋਂ ਵੱਧ ਮੁਸ਼ਕਲ ਬਾਦਲ ਦੇ ਉਸ ਸਮੇਂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੈਬਨਿਟ ਮੰਤਰੀ ਗੁਰਦੇਵ ਸਿੰਘ ਬਾਦਲ ਨੂੰ ਹੋਈ ਸੀ, ਜਿਸਦੀ ਖੁਦ ਦੀ ਵੀ ਅਤੇ ਉਸਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪੁੱਤਰ, ਕੇਵਲ ਸਿੰਘ ਦੀ ਤਸਵੀਰ ਬਾਬੇ ਦੇ ‘ਭਵ ਸਾਗਰ ਗ੍ਰੰਥ’ ਵਿੱਚ ਛਪੀ ਹੋਈ ਹੈ। ਸਿਰਫ ‘ਭਵ ਸਾਗਰ ਗ੍ਰੰਥ’ ਵਿੱਚ ਤਸਵੀਰ ਹੀ ਨਹੀਂ ਸੀ ਛਪੀ ਹੋਈ ਸਗੋਂ ਉਹ ਬਾਬੇ ਦੇ ਕਈ ਸਾਲਾਂ ਤੋਂ ਅਨਿੰਨ ਭਗਤ ਵੀ ਚਲੇ ਆ ਰਹੇ ਸਨ। ਅਕਾਲੀ ਸਰਕਾਰ ਸਮੇਂ ਹੀ ਜਗਰਾਵਾਂ ਵਿੱਚ ਹੋਏ ਬਾਬੇ ਪਿਆਰੇ ਦੇ ਇੱਕ ਸਮਾਗਮ ਵਿੱਚ ਇਹ ਦੋਵੇਂ ਸੱਭ ਤੋਂ ਮੋਹਰਲੀਆਂ ਸਫਾਂ ਵਿੱਚ ਬੈਠੇ ਦਿਖਾਈ ਦਿੱਤੇ ਸਨ।

ਸਿਰਫ ਅਕਾਲੀ ਨੇਤਾ ਹੀ ਨਹੀਂ ਸਗੋਂ ਸੱਭ ਪਾਰਟੀਆਂ ਦੇ ਨੇਤਾ ਅਨਪੜ੍ਹ ਕਿਸਮ ਦੇ ਉਜੱਡ ਬਾਬਿਆਂ ਦੇ ਡੇਰਿਆਂ ਉੱਤੇ ਜਾਂਦੇ ਰਹੇ ਹਨ। ਸਿਆਸੀ ਨੇਤਾ ਤਾਂ ਚਲੋ ਵੋਟਾਂ ਖਾਤਰ ਜਾਂਦੇ ਹਨ। ਜਿਹੜੇ ਸਰਕਾਰੀ ਅਧਿਕਾਰੀ ਅਤੇ ਪੁਲਸ ਅਫਸਰ ਉੱਥੇ ਜਾਂਦੇ ਹਨ, ਉਨ੍ਹਾਂ ਨੂੰ ਕੀ ਗਰਜਾਂ ਹਨ? ਇਨ੍ਹਾਂ ਬਾਬਿਆਂ ਨੂੰ ਕਿਸੇ ਕਿਸਮ ਦਾ ਸ਼ਊਰ ਨਾ ਵੀ ਹੋਵੇ, ਏਨਾ ਇਲਮ ਤਾਂ ਹੈ ਕਿ ਕਿਸ ਨੂੰ ਸਿਰੋਪਾ ਦਿੰਦੇ ਹੋਏ ਤਸਵੀਰ ਖਿਚਵਾਉਣੀ ਹੈ। ਇਸੇ ਲਈ ਤਾਂ ਪਿਆਰੇ ਨੇ ਉਨ੍ਹਾਂ ਸੱਭ ਲੋਕਾਂ ਦੀਆਂ ਤਸਵੀਰਾਂ ਆਪਣੇ ਦਰਬਾਰ ਵਿੱਚ ਹਾਜ਼ਰੀ ਭਰਦਿਆਂ ਦੀਆਂ ਖਿੱਚ ਲਈਆਂ, ਜਿਨ੍ਹਾਂ ਦਾ ਉਸ ਨੂੰ ਕਦੇ ਨਾ ਕਦੇ ਲਾਭ ਹੋ ਸਕਦਾ ਸੀ।

ਸਿਰਸਾ ਵਾਲੇ ਬਾਬੇ ਦੇ ਡੇਰੇ ਉੱਤੇ ਮੈਂ ਦੋ ਤਿੰਨ ਵਾਰ ਗਿਆ ਹਾਂ। ਅਸਲ ਵਿੱਚ ਕਿਸੇ ਕੇਸ ਦੇ ਸਿਲਸਿਲੇ ਵਿੱਚ ਮੈਨੂੰ ਸਿਰਸਾ ਜਾਣਾ ਪੈਂਦਾ ਸੀ ਅਤੇ ਇੱਕ ਪਰੇਮੀ ਦੇ ਇਸਰਾਰ ਕਾਰਨ ਮੈਂ ਉੱਥੇ ਗਿਆ ਸਾਂ। ਪਰ ਬਾਬੇ ਨਾਲ ਮੁਲਾਕਾਤ ਨਹੀਂ ਹੋ ਸਕੀ ਕਿਉਂਕਿ ਉਹ ਉਨ੍ਹੀਂ ਦਿਨੀਂ ਦੌਰੇ ਉੱਤੇ ਹੁੰਦਾ ਸੀ। ਮੇਰੇ ਵਲੋਂ ਬਾਬੇ ਦਾ ਮਖੌਲ ਉਡਾਉਣ ਉੱਤੇ ਉਸ ਪਰੇਮੀ ਦਾ ਵਾਰ ਵਾਰ ਇਹੀ ਕਹਿਣਾ ਹੁੰਦਾ ਸੀ ਕਿ ਜਦੋਂ ‘ਪਿਤਾ ਜੀ’ ਦੀ ਕਿਰਪਾ ਹੋਈ ਉਦੋਂ ਹੀ ਤੁਹਾਨੂੰ ਉਨ੍ਹਾਂ ਦੇ ਦਰਸ਼ਨ ਹੋ ਸਕਣੇ ਹਨ।

ਇਸੇ ਤਰ੍ਹਾਂ ਹੀ ਪਿਆਰੇ ਬਾਬੇ ਦੇ ਇੱਕ ਚੇਲੇ ਨੇ ਮੈਨੂੰ ਕਈ ਵਾਰੀ ਕਿਹਾ ਸੀ ਕਿ ਮੈਂ ਵੀ ਉਸ ‘ਬ੍ਰਹਮ ਗਿਆਨੀ ਮਹਾਪੁਰਸ਼’ ਦੇ ਦਰਸ਼ਨਾਂ ਨੂੰ ਜਾਵਾਂ ਕਿਉਂਕਿ ਉਸਦੇ ਕਹਿਣ ਅਨੁਸਾਰ ਬਾਬੇ ਦੀ ਕਿਰਪਾ ਨਾਲ ਬਹੁਤ ਕੁੱਝ ਹਾਸਲ ਹੋ ਸਕਦਾ ਸੀ। ਮੈਂ ਸ਼ੁਰੂ ਤੋਂ ਹੀ ਡੇਰਿਆਂ ਦੇ ਖਿਲਾਫ ਹਾਂ। ਇਸ ਲਈ ਮੈਂ ਉਸ ਸ਼ਰਧਾਲੂ ਚੇਲੇ ਨੂੰ ਉਦੋਂ ਵੀ ਟਾਲ ਗਿਆ ਸਾਂ ਜਦੋਂ ਉਸ ਕਿਹਾ ਸੀ ਕਿ ਬਾਬਾ ਜੀ ਅਖਬਾਰੀ ਲੇਖਕਾਂ ਅਤੇ ਪੱਤਰਕਾਰਾਂ ਨੂੰ ਮਾਇਆ ਦਾ ਦਾਨ ਵੀ ਦਿੰਦੇ ਹਨ। ਜਿੰਨੀ ਉਸ ਨੂੰ ਚਰਚਾ ਦੀ ਆਸ ਹੋਵੇ ਉਸੇ ਮੁਤਾਬਕ ਹੀ ਆਪਣੇ ਗੱਲੇ ਵਿੱਚੋਂ ਕੱਢ ਕੇ ਰਕਮ ਦਰ ਆਏ ਪਤਰਕਾਰ/ਲੇਖਕ ਦੀ ਝੋਲੀ ਵਿੱਚ ਪਾ ਦਿਆ ਕਰਦਾ ਸੀ ਪਿਆਰਾ ਬਾਬਾ। ਕੁੱਝ ਦੋਸਤਾਂ ਨੇ ਮਜ਼ਾਕ ਦੇ ਲਹਿਜ਼ੇ ਵਿੱਚ ਕਿਹਾ ਵੀ ਕਿ ਚਲੋ ਬਾਬੇ ਤੋਂ ਰਕਮ ਲੈ ਕੇ ਐਸ਼ ਕਰਾਂਗੇ ਪਰ ਮੈਂ ਇਸ ਤਜਵੀਜ਼ ਨੂੰ ਵੀ ਪਰਵਾਨ ਨਹੀਂ ਸੀ ਕੀਤਾ। ਉਂਜ ਮੈਨੂੰ ਦੱਸਿਆ ਗਿਆ ਸੀ ਕਿ ਕਈ ਸੀਨੀਅਰ ਪੱਤਰਕਾਰ ਵੀ ਉਸਦੇ ਡੇਰੇ ਉੱਤੇ ਚੌਕੀ ਭਰਨ ਜਾਂਦੇ ਹਨ ਅਤੇ ਕਈਆਂ ਨੇ ਉਸ ਤੋਂ ਕਈ ਵਾਰੀ ਨਕਦ ਦਾਨ ਹਾਸਲ ਕੀਤਾ ਹੈ।

ਲੋਕ ਮੂਰਖ ਹਨ ਅਤੇ ਕੁੱਝ ਲੋਕ ਉਨ੍ਹਾਂ ਨੂੰ ਮੂਰਖ ਹੀ ਬਣਾਈ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੂੰ ਮੂਰਖ ਬਣਾਈ ਰੱਖਣ ਲਈ ਥਾਂ ਥਾਂ ਸਿਰ ਨਵੇਂ ਤੋਂ ਨਵੇਂ ਬਾਬੇ ਪੈਦਾ ਹੁੰਦੇ ਰਹਿੰਦੇ ਹਨ। ਇਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਮੇਰੇ ਆਪਣੇ ਪਿੰਡ ਦੇ ਕੋਲ ਇੱਕ ਬੇਆਬਾਦ ਕਬਰ ਉੱਤੇ ਕਰੀਬ ਚਾਲੀ ਸਾਲ ਪਹਿਲਾਂ ਕਿਸੇ ਹਰੇ ਚੋਲੇ ਵਾਲੇ ਸਾਧ ਨੇ ਕਬਜ਼ਾ ਕਰ ਲਿਆ ਸੀ। ਅੱਜ ਉਸ ਜ਼ਮੀਨ ਦੀ ਕੀਮਤ ਹੀ ਕਰੋੜਾਂ ਵਿੱਚ ਹੈ। ਉਹ ਕਬਰ ਕਿਸਦੀ ਹੈ? ਇਸਦਾ ਇਲਮ ਸ਼ਾਇਦ ਉਸਦੇ ਮਜੌਰ ਨੂੰ ਵੀ ਨਾ ਹੋਵੇ। ਲੋਕ ਧੜਾਧੜ ਉੱਥੇ ਚੜ੍ਹਾਵਾ ਚੜ੍ਹਾਉਂਦੇ ਹਨ। ਮੂਰਖ ਲੋਕਾਂ ਦੀ ਤਾਂ ਕਮੀ ਹੈ ਹੀ ਨਹੀਂ। ਕਈ ਵਾਰੀ ਦੋਸਤਾਂ ਵਿੱਚ ਮਗਜ਼ ਚਰਾਈ ਦੌਰਾਨ ਹਾਸੇ ਵਿੱਚ ਗੱਲ ਹੁੰਦੀ ਹੈ ਕਿ ਬਾਬਾਗਿਰੀ ਨਾਲੋਂ ਵੱਡਾ ਕੋਈ ਧੰਦਾ ਨਹੀਂ। ਕਿਸੇ ਥਾਂ ਝੰਡਾ ਗੱਡ ਦਿੱਤਾ ਜਾਵੇ, ਸਾਲਾਂ ਵਿੱਚ ਹੀ ਨੋਟਾਂ ਨਾਲ ਕੋਠੀਆਂ ਭਰ ਜਾਣਗੀਆਂ।

ਜੇ ਮੁਹਾਵਰੇ ਦੀ ਵਰਤੋਂ ਕਰੀਏ ਤਾਂ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਬਾਬੇ ਉੱਤੇ ਬਾਬਾ ਚੜ੍ਹਿਆ ਪਿਆ ਹੈ। ਇੱਕ ਲੱਭੋ ਹਜ਼ਾਰਾਂ ਮਿਲਦੇ ਹਨ। ਹੋਰ ਤਾਂ ਹੋਰ, ਹੁਣ ਸਾਧਾਂ ਸੰਤਾਂ ਨੇ ਆਪਣੀਆਂ ਯੂਨੀਅਨਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵਰਕਰਾਂ ਦੀਆਂ ਯੂਨੀਅਨਾਂ ਤਾਂ ਬਣਨੋਂ ਰਹਿ ਗਈਆਂ ਹਨ, ਕਿਉਂਕਿ ਮੈਨੇਜਮੈਂਟਾਂ ਨੇ ‘ਗਲੋਬਲੀ ਪੈਂਤੜੇ’ ਵਰਤਣੇ ਸ਼ੁਰੂ ਕਰ ਦਿੱਤੇ ਹਨ। ਪਰ ਸਾਧਾਂ ਸੰਤਾਂ ਦੀਆਂ ਬਣ ਰਹੀਆਂ ਹਨ। ਕਿਤੇ ਸੰਤ ਸਮਾਜ ਹੈ, ਕਿਤੇ ਸਾਧ ਸੰਗਤ ਸੰਸਥਾ ਹੈ, ਕਿਤੇ ਸੰਤ ਸੰਗਠਨ ਹੈ। ਪੰਜਾਬ ਹੀ ਨਹੀਂ ਸਗੋਂ ਭਾਰਤ ਪੱਧਰ ਉੱਤੇ ਹੀ ਇਸ ਤਰ੍ਹਾਂ ਦਾ ਰੁਝਾਨ ਚੱਲ ਨਿਕਲਿਆ ਹੈ। ਹੁਣ ਤਾਂ ਸਾਧ ਸੰਤ ਅਤੇ ਬਾਬੇ ਸਿਆਸਤ ਵਿੱਚ ਵੀ ਹਿੱਸਾ ਲੈਣ ਲੱਗ ਪਏ ਹਨ। ਸੰਤ ਪਰਿਵਾਰ ਦੇ ਕਿੰਨੇ ਹੀ ਭਗਵੇ ਕੱਪੜਿਆਂ ਵਾਲੇ ਸਾਧ ਸਿਆਸਤ ਕਰ ਰਹੇ ਹਨ।

ਪਰ ਹੁਣੇ ਕਿਉਂ? ਸਿਆਸਤ ਵਿੱਚ ਹਿੱਸਾ ਤਾਂ ਕਈ ਦਹਾਕਿਆਂ ਤੋਂ ਸੰਤ ਸਾਧ ਲੈ ਰਹੇ ਹਨ। ਅਕਾਲੀ ਸਿਆਸਤ ਵਿੱਚ ਤਾਂ ਸੰਤ ਫਤਹਿ ਸਿੰਘ ਵੇਲੇ ਤੋਂ ਹੀ ਸੰਤਾਂ ਦੀ ਝੰਡੀ ਰਹੀ ਹੈ। ਕਿਸੇ ਸਮੇਂ ਸੰਤ ਫਤਹਿ ਸਿੰਘ ਅਤੇ ਸੰਤ ਚੰਨਣ ਸਿੰਘ ਨੇ ਅਕਾਲੀ ਸਿਆਸਤ ਦੀ ਐਸੀ ਗੁੱਡੀ ਚੜ੍ਹਾਈ ਸੀ ਕਿ ‘ਬਹਿ ਜਾ ਬਹਿ ਜਾ’ ਹੋ ਗਈ ਸੀ। ਇਸਦੇ ਨਾਲ ਹੀ ਜਦੋਂ ਸ੍ਰੀ ਅਕਾਲ ਤਖਤ ਉੱਤੇ ਸੜ ਮਰਨ ਦੀ ਸਹੁੰ ਖਾ ਕੇ ਅਤੇ ਇਸਦੇ ਸਿਖਰ ਉੱਤੇ ਅਗਨ ਕੁੰਡ ਬਣਾ ਕੇ ਸੜ ਮਰਨ ਦੀ ਥਾਂ ਬਹਾਨਾ ਬਣਾ ਕੇ ਸੰਤਾਂ ਨੇ ਅਕਾਲੀ ਦਲ ਦਾ ਪੰਜਾਬੀ ਸੂਬੇ ਦਾ ਮੋਰਚਾ ਵਾਪਸ ਲੈ ਲਿਆ ਸੀ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਸੰਤਾਂ ਦੀ ਸਿਆਸਤ ਕਿਸ ਤਰ੍ਹਾਂ ਦੀ ਹੁੰਦੀ ਹੈ। ਮਗਰੋਂ ਇੱਕ ਸਿਆਣੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਜਦੋਂ ਅਕਾਲੀ ਸਿਆਸਤ ਵਿੱਚ ਖਿੱਚਿਆ ਗਿਆ ਤਾਂ ਬੇਚਾਰੇ ਨੂੰ ਜਾਨ ਤੋਂ ਹੱਥ ਧੋ ਕੇ ਹੀ ਛੁਟਕਾਰਾ ਮਿਲਿਆ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤਾਂ ਖੈਰ ਆਇਆ ਹੀ ‘ਸ਼ਹੀਦ’ ਹੋਣ ਲਈ ਸੀ।

ਪੰਜਾਬ ਵਿੱਚ ਸੰਤਾਂ ਦੀ ਗਿਣਤੀ ਕਰਨੀ ਕੋਈ ਸੌਖੀ ਗੱਲ ਨਹੀਂ ਹੈ। ਸਿੱਖ ਸੰਤਾਂ ਤੋਂ ਬਿਨਾਂ ਕਈ ਐਸੇ ਸੰਤ ਅਤੇ ਡੇਰੇਦਾਰ ਵੀ ਹਨ ਜਿਹੜੇ ਸਭ ਧਰਮਾਂ ਨੂੰ ਮੰਨਦੇ ਹਨ। ਭਨਿਆਰਾ ਵਾਲਾ ਪਿਆਰਾ ਵੀ ਅਤੇ ਸਿਰਸਾ ਵਾਲਾ ਗੁਰਮੀਤ ਵੀ ਉਨ੍ਹਾਂ ਵਿੱਚੋਂ ਹੀ ਹਨ ਜਿਹੜੇ ਕਹਿੰਦੇ ਹਨ ਕਿ ਉਹ ਸੱਭ ਧਰਮਾਂ ਨੂੰ ਮੰਨਦੇ ਹਨ। ਮੰਨਦੇ ਧਰਮਾਂ ਨੂੰ ਹਨ ਪਰ ਕਰਵਾਉਂਦੇ ਸ਼ਖ਼ਸੀ ਪੂਜਾ ਹਨ। ਲੋਕ ਉਨ੍ਹਾਂ ਨੂੰ ਮੱਥੇ ਟੇਕਦੇ ਹਨ। ਜਦੋਂ ਲੋਕ ਮੱਥੇ ਟੇਕਣ ਹੀ ਨਹੀਂ ਸਗੋਂ ਆਪਣੀਆਂ ਧੀਆਂ ਦੇ ਡੋਲੇ ਵੀ ਕਿਸੇ ਡੇਰੇਦਾਰ ਨੂੰ ਦੇਣ ਲੱਗ ਪੈਣ ਤਾਂ ਡੇਰੇਦਾਰ ਵਿੱਚ ਹਉਮੈਂ ਪੈਦਾ ਹੋਣੀ ਲਾਜ਼ਮੀ ਹੈ। ਅਤੇ ਜਦੋਂ ਹਕੂਮਤ ਕਰ ਰਹੀ ਸਿਆਸੀ ਪਾਰਟੀ ਦੇ ਨੇਤਾ ਵੀ ਆ ਕੇ ਮੱਥੇ ਟੇਕਣ ਤਾਂ ਡੇਰੇਦਾਰ ਦੀ ਹਉਮੈਂ ਦਾ ਗੁਬਾਰਾ ਫੁੱਲ ਹੀ ਜਾਣਾ ਹੁੰਦਾ ਹੈ।

ਕਈ ਲੋਕ ਇਸ ਵਹਿਮ ਵਿੱਚ ਹਨ ਕਿ ਸਰਕਾਰ ਉੱਤੇ ਦਬਾਅ ਪਾ ਕੇ ਉਹ ਸਿਰਸਾ ਵਾਲੇ ਬਾਬੇ ਨੂੰ ਗ੍ਰਿਫਤਾਰ ਕਰਵਾ ਲੈਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਲਈ ਕਿਸੇ ਵੀ ਬਾਬੇ ਦੀ ਗ੍ਰਿਫਤਾਰੀ ਬਿਨਾਂ ਕਿਸੇ ਕਾਨੂੰਨੀ ਆਧਾਰ ਦੇ ਕਰਵਾਉਣੀ ਔਖੀ ਹੈ। ਬਾਬਾ ਕੋਈ ਭਰਤ ਇੰਦਰ ਸਿੰਘ ਚਾਹਲ ਤਾਂ ਹੈ ਨਹੀਂ ਜਿਸ ਦੀ ਗ੍ਰਿਫਤਾਰੀ ਉੱਤੇ ਕੁੱਤਾ ਤੱਕ ਨਹੀਂ ਭੌਂਕਿਆ। ਜੇ ਗ੍ਰਿਫਤਾਰੀ ਕਰ ਵੀ ਲਈ ਤਾਂ ਤੁਰਤ ਜ਼ਮਾਨਤ ਹੋ ਜਾਣੀ ਹੈ। ਅੱਵਲ ਤਾਂ ਕੇਸ ਹੀ ਕਮਜ਼ੋਰ ਰਹਿਣਾ ਹੈ। ਨਹੀਂ ਤਾਂ ਜਦੋਂ ਸਰਕਾਰ ਬਦਲੀ ਤਾਂ ਗਵਾਹਾਂ ਨੇ ਹੀ ਮੁੱਕਰ ਜਾਣਾ ਹੈ। ਪਿਆਰੇ ਦੇ ਖ਼ਿਲਾਫ਼ ਬਣੇ ਕੇਸ ਦਾ ਕੀ ਹਸ਼ਰ ਹੋਇਆ? ਉਹੀ ਗੁਰਮੀਤ ਰਾਮ ਰਹੀਮ ਵਾਲੇ ਕੇਸ ਦਾ ਹੋਣਾ ਹੈ।

ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਜਦੋਂ ਸਾਈਂ ਦੀ ਮਿਹਰ ਹੋਵੇ ਉਦੋਂ ਬੰਦੇ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਜਦੋਂ ਸਰਕਾਰ ਹੀ ਆਪਣੀ ਹੋਵੇ ਉਦੋਂ ਗਵਾਹਾਂ ਨੂੰ ਮੁਕਰਾਉਣਾ ਵੀ ਔਖਾ ਨਹੀਂ ਹੁੰਦਾ।
 

*****
#412, ਸੈਕਟਰ 30, ਚੰਡੀਗੜ੍ਹ

E-Mail: dalbirsingh50@yahoo.com

(6 ਅਗਸਤ 2007) ਯੂਨੀਕੋਡ

ਦਲਬੀਰ ਸਿੰਘ (ਚੰਡੀਗੜ੍ਹ) ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਜਗਤ ਤਮਾਸ਼ਾ ਦਲਬੀਰ ਸਿੰਘ, ਚੰਡੀਗੜ੍ਹ

 

ਲਿਖਾਰੀ
Likhari


? likhari: Punjabi Likhari Forum-2001-2007