-ਲੇਖ-
 


Photo Daljit Singh
ਦਲਜੀਤ ਸਿੰਘ

ਸੰਘਰਸ਼ ਜਾਰੀ ਹੈ .........
ਮਨੁੱਖਤਾ ਦਾ ਆਸ਼ਕ – ਸ਼ਹੀਦ ਭਗਤ ਸਿੰਘ
(ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸੌਵੀਂ ਵਰ੍ਹੇਗੰਢ ਦੇ ਮੌਕੇ ’ਤੇ)

-ਦਲਜੀਤ ਸਿੰਘ, ਐਡਮਿੰਟਨ,ਕਨੇਡਾ-

 


ਸ਼ਹੀਦ ਭਗਤ ਸਿੰਘ, ਉਮਰ 17 ਸਾਲ ਸਮੇਂ

ਭਗਤ ਸਿੰਘ ਭਾਰਤ ਦੀ ਅਜ਼ਾਦੀ ਦਾ ਪਰਵਾਨਾ ਸੀ। ਉਹ ਭਾਰਤੀ ਅਜ਼ਾਦੀ ਲਹਿਰ ਦੇ ਮਹਾਨ ਪ੍ਰਸਿੱਧ ਇਨਕਲਾਬੀਆਂ ਵਿੱਚੋਂ ਇੱਕ ਸੀ। ਇਹੀ ਕਾਰਨ ਹੈ ਕਿ ਉਸ ਨੂੰ ਸ਼ਹੀਦ ਭਗਤ ਸਿੰਘ ਕਹਿ ਕੇ ਯਾਦ ਕੀਤਾ ਜਾਂਦਾ ਹੈ।

ਪੰਜਾਬ ਦੇ ਜੰਮ-ਪਲ ਭਗਤ ਸਿੰਘ ਨੇ ਬਹੁਤ ਛੋਟੀ ਉਮਰ ਭੋਗੀ। ਉਸ ਨੇ 28 ਸਤੰਬਰ, 1907 ਨੂੰ ਜਨਮ ਲਿਆ ਅਤੇ 23 ਮਾਰਚ, 1931 ਨੂੰ ਫ਼ਾਂਸੀ ਦਾ ਫੰਦਾ ਚੁੰਮ ਕੇ ਅਮਰ ਸ਼ਹੀਦ ਹੋਣ ਦੀ ਪਦਵੀ ਪ੍ਰਾਪਤ ਕੀਤੀ। ਉਹ ਮਨੁੱਖਤਾ ਦਾ ਮੁਜੱਸਮਾਂ ਸੀ। ਮਨੁੱਖਤਾ ਦੀ ਪੀੜਾ ਉਸ ਦੀ ਪੀੜਾ ਸੀ। ਉਸ ਦੀ ਜੇਲ੍ਹ ਨੋਟ-ਬੁੱਕ ਵਿੱਚ ਲਿਖਿਆ ਮਿਲਦਾ ਹੈ, “ਮੈਂ ਇੱਕ ਮਨੁੱਖ ਹਾਂ ਅਤੇ ਜੋ ਕੁਝ ਮਨੁੱਖਤਾ ਉੱਤੇ ਵਾਪਰਦਾ ਹੈ, ਉਹੀ ਮੇਰੀ ਚਿੰਤਾ ਹੈ।”

ਦੇਸ਼ ਭਗਤੀ ਦੀ ਘੁੱਟੀ ਭਗਤ ਸਿੰਘ ਨੂੰ ਘਰ ਤੋਂ ਹੀ ਮਿਲੀ। ਉਸ ਦਾ ਸਾਰਾ ਪਰਵਾਰ ਦੇਸ਼ ਭਗਤ ਸੀ। ਉਸ ਦੇ ਪਿਤਾ ਜੀ, ਸ. ਕਿਸ਼ਨ ਸਿੰਘ ਅਜ਼ਾਦੀ ਘੁਲਾਟੀਆ ਸਨ। ਉਸ ਦੇ ਪਿਤਾ, ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਗ਼ਦਰ ਪਾਰਟੀ ਨਾਲ ਸੰਬੰਧ ਰੱਖਦੇ ਸਨ। ਅਜੀਤ ਸਿੰਘ ਖ਼ਿਲਾਫ਼ ਅੰਗਰੇਜ਼ ਸਰਕਾਰ ਨੇ ਮੁਕੱਦਮੇ ਪਾਏ ਹੋਏ ਸਨ। ਉਹ ਇਰਾਨ ਨੂੰ ਬਚ ਕੇ ਨਿਕਲ ਗਿਆ। ਪਰ ਸਵਰਨ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ।

ਬਚਪਨ ਵਿੱਚ ਹੀ ਭਗਤ ਸਿੰਘ ਉੱਤੇ ਸੰਨ 1919 ਵਿੱਚ ਜੱਲਿਆਂ ਵਾਲੇ ਬਾਗ਼ ਦੇ ਕਤਲੇ-ਆਮ ਦੇ ਸਾਕੇ ਦਾ ਡੂੰਘਾ ਅਸਰ ਪਿਆ। ਸੰਨ 1920 ਵਿੱਚ ਉਸ ਨੇ ਮਹਾਤਮਾ ਗਾਂਧੀ ਵੱਲੋਂ ਚਲਾਈ ‘ਨਾ ਮਿਲਵਰਤਨ ਲਹਿਰ’ ਵਿੱਚ ਹਿੱਸਾ ਪਾਇਆ। ਭਗਤ ਸਿੰਘ ਗਾਂਧੀਵਾਦੀ ਪ੍ਰਭਾਵ ਹੇਠ ਦੇਸ਼ ਦੀ ਅਜ਼ਾਦੀ ਲਹਿਰ ਵਿੱਚ ਸਰਗਰਮ ਹਿੱਸਾ ਲੈਂਦਾ ਹੋਇਆ ਉਪਰੰਤ, ‘ਹਿੰਦੋਸਤਾਨ ਸੋਸ਼ਲਿਸਟ ਰੀਪੱਬਲਿਕ ਐਸੋਸੀਏਸ਼ਨ’ ਦਾ ਸਰਕਰਦਾ ਨੇਤਾ ਬਣਿਆ। ਸਤੰਬਰ 1928 ਵਿੱਚ ਦਿੱਲ੍ਹੀ ਵਿਖੇ ‘ਕਿਸਾਨ ਕਿਰਤੀ ਪਾਰਟੀ’ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਭਾਰਤ ਦੇ ਇਨਕਲਾਬੀਆਂ ਨੇ ਹਿੱਸਾ ਲਿਆ। ਭਗਤ ਸਿੰਘ ਉਸ ਇਕੱਤਰਤਾ ਦਾ ਸਕੱਤਰ ਸੀ। ਭਗਤ ਸਿੰਘ ਦਾ ਪਿਛਲੇਰਾ ਇਨਕਲਾਬੀ ਜੀਵਨ ਏਸੇ ਝੰਡੇ ਥੱਲੇ ਨੇਤਾ ਦੇ ਤੌਰ ’ਤੇ ਤੁਰਿਆ।

8 ਅਪਰੈਲ, 1929 ਨੂੰ ਭਗਤ ਸਿੰਘ ਅਤੇ ਦੱਤ ਨੇ ‘ਹਿੰਦੋਸਤਾਨ ਸੋਸ਼ਲਿਸਟ ਰੀਪੱਬਲਿਕ ਐਸੋਸੀਏਸ਼ਨ’ ਦੇ ਪ੍ਰੋਗਰਾਮ ਅਧੀਨ ਅਸੰਬਲੀ ਦੇ ਲਾਂਘਿਆਂ ਵਿੱਚ ਬੰਬ ਸੁੱਟਿਆ। ਇਹ ਬੰਬ ਅਜਿਹਾ ਸੀ ਜਿਸ ਨਾਲ ਨਾ ਕੋਈ ਮਰਿਆ ਅਤੇ ਨਾ ਹੀ ਕੋਈ ਜ਼ਖ਼ਮੀ ਹੋਇਆ। ਇਸ ਕੇਸ ਵਿੱਚ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ।

30 ਅਕਤੂਬਰ ਸੰਨ 1928 ਨੂੰ ਸਾਈਮਨ ਕਮਿਸ਼ਨ ਖ਼ਿਲਾਫ਼ ਪਰਦਰਸ਼ਨ ਕਰਦਿਆਂ, ਲਾਲਾ ਲਾਜਪਤ ਰਾਏ ਸਰਕਾਰੀ ਪੁਲਸ ਤਸ਼ੱਦਦ ਦਾ ਸ਼ਿਕਾਰ ਹੋ ਗਏ। ਭਗਤ ਸਿੰਘ ਦੀ ਇਹ ਅੱਖੀਂ ਠਿੱਠੀ ਘਟਨਾ ਸੀ। ਬੱਸ, ਏਥੇ ਹੀ ਭਗਤ ਸਿੰਘ ਨੇ ਇਸ ਕਤਲ ਦਾ ਬਦਲਾ ਲੈਣ ਦੀ ਕਸਮ ਖਾਧੀ। ਹੋਰ ਇਨਕਲਾਬੀ, ਸ਼ਿਵਰਾਮ ਰਾਜਗੁਰੂ, ਜੈ ਗੋਪਾਲ ਅਤੇ ਸੁਖਦੇਵ ਥਾਪਰ ਉਸ ਨਾਲ ਰਲ ਗਏ। ਇੱਕ ਸਾਜ਼ਸ਼ ਘੜ੍ਹੀ ਗਈ ਜਿਸ ਰਾਹੀਂ ‘ਸਕਾਟ’ ਦੀ ਥਾਂ ‘ਸਾਂਡਰਸ’ ਮਾਰਿਆ ਗਿਆ। ਇਸ ਮੁਕੱਦਮੇ ਵਿੱਚ 23 ਮਾਰਚ 1931 ਨੂੰ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਫਾਂਸੀ ਚਾੜ੍ਹ ਦਿੱਤੇ ਗਏ।

ਭਗਤ ਸਿੰਘ ਗਾਂਧੀਵਾਦ ਨੂੰ ਛੱਡ ਕੇ, 1928 ਵਿੱਚ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੋ ਗਿਆ ਸੀ। ਉਸ ਨੇ ਕਾਰਲ ਮਾਰਕਸ, ਫਰੈਡਰਿਕ ਐਂਗਲਜ਼ ਅਤੇ ਲੈਨਿਨ ਦੀਆਂ ਲਿਖਤਾਂ ਪੜ੍ਹੀਆਂ। ਭਗਤ ਸਿੰਘ ਸਮਝ ਗਿਆ ਕਿ ਭਾਰਤ ਬਹੁ-ਜਾਤੀ ਅਤੇ ਭਾਰੀ ਜਨ ਸੰਖਿਆ ਵਾਲਾ ਦੇਸ਼ ਹੈ। ਇਹ ਸਿਰਫ਼ ਸਮਾਜਵਾਦ ਹੈ ਜਿਹੜਾ ਇਸ ਨੂੰ ਤਰੱਕੀ ਦੇ ਰਾਹ ਉੱਤੇ ਪਾ ਸਕਦਾ ਹੈ। ਲੋਕਾਂ ਦੀ ਗ਼ਰੀਬੀ ਅਤੇ ਅਸਾਵਾਂਪਨ ਦੂਰ ਕਰ ਕੇ ਇਨਸਾਫ਼ ਦੇ ਸਕਦਾ ਹੈ। ਅਮੀਰਾਂ ਵੱਲੋਂ ਕੀਤੀ ਜਾਂਦੀ ਲੁੱਟ ਦਾ ਖ਼ਾਤਮਾ ਕਰ ਸਕਦਾ ਹੈ। ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੇ ਉਸ ਨੂੰ ਮਹਾਤਮਾ ਗਾਂਧੀ ਨਾਲੋਂ ਵੱਖ ਕਰ ਦਿੱਤਾ। ਭਗਤ ਸਿੰਘ ਸੋਸ਼ਲਿਸਟ ਵਿਚਾਰਾਂ ਦਾ ਧਾਰਨੀ ਹੋ ਗਿਆ।

ਕਈ ਵਾਰ, ਭਗਤ ਸਿੰਘ ਉੱਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ ਅਤੰਕਵਾਦੀ ਸੀ। ਪਰ ਭਗਤ ਸਿੰਘ ਕਹਿੰਦਾ ਹੈ, “ਇਹ ਗੱਲ ਮਸ਼ਹੂਰ ਹੈ ਕਿ ਮੈਂ ਅਤੰਕਵਾਦੀ ਹਾਂ ਪਰ ਮੈਂ ਨਹੀਂ ਹਾਂ। ਮੈਂ ਇਕ ਇਨਕਲਾਬੀ ਹਾਂ ਜਿਸ ਦੀ ਵਿਚਾਰਧਾਰਾ ਹੈ, ਜਿਸ ਦੇ ਆਦਰਸ਼ ਸਪਸ਼ਟ ਹਨ ਅਤੇ ਮੇਰਾ ਲੰਮਾ ਪ੍ਰੋਗਰਾਮ ਹੈ। ਜੇ ਲੋਕ ਸਮਝਦੇ ਹਨ ਕਿ ਜੇਲ੍ਹ ਵਿੱਚ ਲੰਮਾ ਅਰਸਾ ਰਹਿ ਕੇ ਮੇਰੀ ਵਿਚਾਰਧਾਰਾ ਵਿੱਚ ਕੋਈ ਫ਼ਰਕ ਪੈ ਜਾਏਗਾ ਤਾਂ ਉਹ ਗ਼ਲਤ ਹਨ। ਮੇਰਾ ਇਹ ਪੱਕਾ ਵਿਸ਼ਵਾਸ ਹੈ ਕਿ ਅਸੀਂ ਨਾ ਬੰਬਾਂ ਤੋਂ ਅਤੇ ਨਾ ਹੀ ਪਸਤੌਲਾਂ ਤੋਂ ਕੋਈ ਫ਼ਾਇਦਾ ਲੈ ਸਕਦੇ ਹਾਂ। ਬੰਬ ਸੁਟਣਾ ਖ਼ਤਰਨਾਕ ਹੀ ਨਹੀਂ ਬਲਕਿ ਹਾਨੀਕਾਰਕ ਹੈ। ਇਸ ਦੀ ਸਿਰਫ਼ ਖ਼ਾਸ ਹਾਲਾਤ ਵਿੱਚ ਜ਼ਰੂਰਤ ਹੈ। ਸਾਡਾ ਅਸਲੀ ਮਕਸਦ ਮਜ਼ਦੂਰਾਂ ਅਤੇ ਕਿਸਾਨਾਂ ਦੀ ਜਥੇਬੰਦੀ ਹੈ।” ਇਸ ਗੱਲ ਦਾ ਇਹ ਵੀ ਸਬੂਤ ਹੈ ਕਿ ਭਗਤ ਸਿੰਘ ਅਸੰਬਲੀ ਵਿੱਚ ਅਸਾਨੀ ਨਾਲ ਬਹੁਤ ਸਾਰੇ ਸਿਆਸੀ ਨੇਤਾਵਾਂ ਨੂੰ ਮਾਰ ਸਕਦਾ ਸੀ ਜਿਨ੍ਹਾਂ ਵਿੱਚ ਮੋਤੀ ਲਾਲ ਨਹਿਰੂ, ਮਦਨ ਮੋਹਨ ਮਾਲਵੀਆ ਅਤੇ ਮੁਹੱਮਦ ਅਲੀ ਜਿਨਾਹ ਸ਼ਾਮਲ ਸਨ। ਭਗਤ ਸਿੰਘ ਦਾ ਮਤਲਬ ਤਾਂ ਅਨਿਸ਼ਚਤ ਸਮੇਂ ਤੋਂ ਲਟਕਦੀ ਅਜ਼ਾਦੀ ਵੱਲ ਸਰਕਾਰ ਦਾ ਧਿਆਨ ਦਵਾਉਣਾ ਸੀ।

ਜਿਹੜੇ ਇਸ਼ਤਿਹਾਰ ਭਗਤ ਸਿੰਘ ਅਤੇ ਉਸ ਦੇ ਸਾਥੀ ਨੇ ਅਸੰਬਲੀ ਹਾਲ ਵਿੱਚ ਸੁੱਟੇ, ਉਸ ਦੀਆਂ ਕੁਝ ਲਾਈਨਾਂ: ਸਾਨੂੰ ਬਹੁਤ ਅਫ਼ਸੋਸ ਹੈ ਕਿ ਉਹ ਜਿਹੜੇ ਮਨੁੱਖੀ ਜ਼ਿੰਦਗੀ ਦੀ ਪਵਿੱਤਰਤਾ ਨੂੰ ਐਨਾ ਮਹੱਤਵ ਦਿੰਦੇ ਹਨ ਅਤੇ ਐਸੇ ਸ਼ਾਨਦਾਰ ਭਵਿੱਖ ਦਾ ਸੁਪਨਾ ਲੈਂਦੇ ਹਨ ਜਿੱਥੇ ਮਨੁੱਖ ਨੂੰ ਮੁਕੱਮਲ ਸ਼ਾਂਤੀ ਹੋਵੇਗੀ ਅਤੇ ਪੂਰਨ ਅਜ਼ਾਦੀ, ਉਹਨਾਂ ਨੂੰ ਮਨੁੱਖੀ ਖ਼ੂਨ ਬਹਾਉਣ ਲਈ ਮਜਬੂਰ ਹੋਣਾ ਪਿਆ ਹੈ। ਪਰ ਕ੍ਰਾਂਤੀ ਦੀ ਬਲੀ ਉੱਤੇ ਸਾਡੀਆਂ ਕੁਰਬਾਨੀਆਂ ਸਾਰਿਆਂ ਨੂੰ ਅਜ਼ਾਦੀ ਲਿਆਉਣਗੀਆਂ ਜਿੱਥੇ ਆਦਮੀ ਹੱਥੋਂ ਆਦਮੀ ਦਾ ਸ਼ੋਸ਼ਨ ਸਮਾਪਤ ਹੋ ਜਾਏਗਾ। ਇਨਕਲਾਬ ਜ਼ਿੰਦਾਬਾਦ।

ਭਗਤ ਸਿੰਘ ਨੇ ਇੱਕ ਵਾਰ ਇੱਕ ਬਿਆਨ ਵਿੱਚ ਕਿਹਾ, ‘ਐਸਾ ਸਿਸਟਮ ਜਿਹੜਾ ਬੇਇਨਸਾਫ਼ੀ ਦੀ ਬੁਨਿਆਦ ਉੱਤੇ ਖੜ੍ਹਾ ਹੈ, ਉਹ ਸਿਰਫ਼ ਇਨਕਲਾਬ ਦੁਆਰਾ ਹੀ ਬਦਲਿਆ ਜਾ ਸਕਦਾ ਹੈ। ਮਜ਼ਦੂਰ ਅਤੇ ਉਤਪਾਦਕ ਲੁੱਟ ਦਾ ਸ਼ਿਕਾਰ ਹਨ, ਅਤੇ ਉਹਨਾਂ ਨੂੰ ਮਨੁੱਖੀ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਕਿਸਾਨ, ਜਿਹੜੇ ਅੰਨ ਪੈਦਾ ਕਰਦੇ ਹਨ, ਭੁੱਖੇ ਮਰ ਰਹੇ ਹਨ। ਜੁਲਾਹੇ ਜਿਹੜੇ ਕੱਪੜਾ ਬੁਣਦੇ ਹਨ, ਉਹਨਾਂ ਦੇ ਪਰਵਾਰ ਤੇ ਬੱਚਿਆਂ ਲਈ ਤਨ ਢਕਣ ਵਾਸਤੇ ਕੱਪੜਾ ਨਹੀਂ। ਟਰੇਡ ਯੂਨੀਅਨਾਂ ਦੇ ਹੱਕ ਮਾਰੇ ਜਾ ਰਹੇ ਹਨ। ਮਿਸਤਰੀ, ਤਰਖਾਣ, ਲੁਹਾਰ ਵੱਡੇ-ਵੱਡੇ ਮਹੱਲ ਉਸਾਰਦੇ ਹਨ ਪਰ ਉਹ ਆਪ ਝੁੱਗੀਆਂ ਅਤੇ ਗੰਦੀਆਂ ਬੱਸਤੀਆਂ ਵਿੱਚ ਰਹਿੰਦੇ ਹਨ, ਅਤੇ ਓਥੇ ਹੀ ਆਪਣੀਆਂ ਜਾਨਾਂ ਦੇ ਜਾਂਦੇ ਹਨ। ਦੂਜੇ ਪਾਸੇ ਧਨਾਢ, ਲੋਟੂ ਤਬਕਾ, ਸਮਾਜੀ ਗੁੰਡੇ ਫ਼ੈਸ਼ਨਾਂ ਅਤੇ ਰੰਗ-ਰਲੀਆਂ ਵਿੱਚ ਕਰੋੜਾਂ ਧੰਨ ਬਰਬਾਦ ਕਰਦੇ ਹਨ। ਉਹ ਲੋਕ ਜਿਹੜੇ ਕਿਰਤੀਆਂ ਅਤੇ ਭੁੱਖੇ ਲੋਕਾਂ ਦਾ ਖ਼ੂਨ ਚੂਸ ਕੇ ਜੀ ਰਹੇ ਹਨ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਇੱਕ ਐਸੇ ਲਾਵੇ ਉੱਤੇ ਬੈਠੇ ਹਨ ਜਿਹੜਾ ਕਦੇ ਵੀ ਫੱਟ ਸਕਦਾ ਹੈ।’

ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਨਿਸ਼ਾਨਾ ਵਤਨਪ੍ਰੱਸਤੀ ਨਾਲੋਂ ਜ਼ਿਆਦਾ ਉਹਨਾਂ ਦੀ ਵਿਚਾਰਧਾਰਾ ਸੀ। ਉਹਨਾਂ ਦੀ ਵਿਚਾਰਧਾਰਾ ਨੇ ਸ਼ਾਸਕੀ ਸ਼ਰੇਸ਼ਠ ਵਰਗ ਅਤੇ ਅੰਗਰੇਜ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ। ਉਹ ਕਹਿੰਦੇ ਸਨ ਕਿ ਉਹਨਾਂ ਦੀ ਲੜਾਈ ਨਿਰੀ ਅੰਗਰੇਜ਼ ਹਕੂਮਤ ਖ਼ਿਲਾਫ਼ ਹੀ ਨਹੀਂ ਬਲਕਿ ਸਮਾਜ ਦੀ ਸਮਾਨਤਾ ਲਈ ਵੀ ਹੈ। ਸਮਾਜ ਦੀ ਬੁਨਿਆਦ ਆਧੁਨਿਕ ਅਤੇ ਵਿਗਿਆਨਕ ਹੋਵੇ ਨਾ ਕਿ ਜ਼ਾਤ-ਪਤਾ ਅਧਾਰਤ। ਅਫ਼ਸੋਸ ਦੀ ਗੱਲ ਹੈ ਕਿ ਭਾਰਤ ਨੇ ਉਹ ਵਿਚਾਰ ਨਹੀਂ ਅਪਣਾਏ। ਹਕੂਮਤ ਵਿੱਚ ਉਹੀ ਸ਼੍ਰੇਸ਼ਠ ਵਰਗ ਹੈ ਜਿਹੜਾ ਅਜ਼ਾਦੀ ਦਾ ਫ਼ੱਲ਼ ਖਾ ਰਿਹਾ ਹੈ। ਸਮਾਜ ਦਾ ਸਿਆਸੀ ਅਤੇ ਸਮਾਜੀ ਢਾਂਚਾ ਲੋਕ-ਸੱਭਿਆਚਾਰ ਦੇ ਨਾਂ ਹੇਠ ਵਹਿਮ-ਭਰਮ ਅਤੇ ਧਾਰਮਕ ਰੀਤੀ-ਰਿਵਾਜ ਦੇ ਰਿਹਾ ਹੈ। ਇਹ ਦਸ਼ਾ ਲੋਕਾਂ ਦੀ ਦੇਸ਼ ਅਤੇ ਮਨੁੱਖਤਾ ਪ੍ਰਤੀ ਜ਼ੁੰਮੇਵਾਰੀਆਂ ਦੀ ਸੂਝ ਅਤੇ ਸੋਚ ਸ਼ਕਤੀ ਨੂੰ ਤਬਾਹ ਕਰ ਰਹੀ ਹੈ। ਭਗਤ ਸਿੰਘ ਦੀ ਸੋਚ ਅੱਜ ਦੇ ਭਾਰਤ ਦੇ ਸੰਦਰਭ ਵਿੱਚ ਹੋਰ ਵੀ ਸਾਰਥਕ ਹੋ ਗਈ ਹੈ। ਸਾਰਾ ਸਿਸਟਮ ਰਿਸ਼ਵਤਖ਼ੋਰ, ਲੋਕ ਵਿਰੋਧੀ ਅਤੇ ਸੰਕੀਰਨ ਧਾਰਮਕ ਸ਼ੋਸ਼ਕਾਂ ਦਾ ਬੰਦੀ ਬਣ ਕੇ ਰਹਿ ਗਿਆ ਹੈ। ਧਾਰਮਕ ਆਗੂ ਵਰਗ ਨੇ ਸਾਰੇ ਦਾ ਸਾਰਾ ਰੱਬ ਅਪਹਰਨ ਕਰ ਲਿਆ ਹੈ। ਭਾਰਤ ਦੀਆਂ 2% ਜੋਕਾਂ 98% ਦਬੇ-ਕੁਚਲੇ ਲੋਕਾਂ ਦਾ ਖ਼ੂਨ ਚੂਸ ਰਹੀਆਂ ਹਨ। ਉਹ ਲੋਕ ਆਪਣੇ ਘਰ, ਆਪਣੀ ਧਰਤੀ, ਆਪਣੇ ਜੰਗਲ ਅਤੇ ਆਪਣਾ ਪਾਣੀ ਗੁਆ ਬੈਠੇ ਹਨ। ਇਸ ਲਈ ਭਗਤ ਸਿੰਘ ਦੀ ਵਿਚਾਰਧਾਰਾ ਦਾ ਨੌਜਵਾਨਾਂ ਪ੍ਰਤੀ ਸੱਦਾ ਹੈ ਕਿ ਉਹ ਹੋਸ਼ ਸੰਭਾਲਣ ਅਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰ ਕੇ ਜਥੇਬੰਦ ਕਰਨ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਪ੍ਰੋਫ਼ੈਸਰ, ਡਾ. ਚਮਨ ਲਾਲ, ਜਿਹੜਾ ਭਗਤ ਸਿੰਘ ਦੇ ਅਧਿਐਨ ਦੇ ਖੇਤਰ ਵਿੱਚ ਇੱਕ ਵਿਸ਼ੇਸ਼ਗ ਮੰਨਿਆ ਜਾਂਦਾ ਹੈ, ਨੇ ਕਿਹਾ ਹੈ ਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਭਗਤ ਸਿੰਘ ਨੂੰ ਇੱਕ ਚਾਨਣ-ਮੁਨਾਰੇ ਦੇ ਤੌਰ ’ਤੇ ਅਪਣਾ ਲਿਆ ਜਾਏ, ਜਿਹੜਾ ਸਮਾਜ ਦੀਆਂ ਲੋਕਰਾਜੀ ਤਾਕਤਾਂ ਨੂੰ ਢਾਹ ਲਾਉਣ ਵਾਲੀਆਂ ਨਵ-ਉਭਰੀਆਂ ਸਾਮਰਾਜੀ ਤਾਕਤਾਂ, ਫ਼ਿਰਕਾ ਪ੍ਰੱਸਤੀ ਅਤੇ ਦੂਜੀਆਂ ਪਿਛਾਖੜ ਸ਼ਕਤੀਆਂ ਦੇ ਵਿਰੋਧ ਦਾ ਪ੍ਰਤੀਕ ਹੈ ।

ਪਰ ਲੋਕ ਦਿਸ਼ਾਹੀਣ ਠੇਡੇ ਖਾਂਦੇ ਫਿਰਦੇ ਹਨ। ਉਹਨਾਂ ਲਈ ਹਰ ਪਾਸੇ ਹਨੇਰਾ ਹੀ ਹਨੇਰਾ ਹੈ। ਕੂੜ ਅਮਾਵਸ ਪ੍ਰਧਾਨ ਹੈ। ਸੱਚ ਚੰਦਰਮਾ ਅਲੋਪ ਹੋ ਚੁੱਕਿਆ ਹੈ। ਚੋਣਾਂ ਆਉਂਦੀਆਂ ਹਨ। ਉਹ ਕਦੇ ਇੱਕ ਨੂੰ ਵੋਟਾਂ ਪਾਉਂਦੇ ਹਨ ਅਤੇ ਕਦੇ ਦੂਜੇ ਨੂੰ ਪਰ ਪਰਨਾਲਾ ਓਥੇ ਦਾ ਓਥੇ ਰਹਿੰਦਾ ਹੈ। ਲੋਕਾਂ ਦੇ ਅਖ਼ੌਤੀ ਕਲਿਆਣਕਾਰੀ ਸਿੱਧ ਆਪਣੀ ਨਿੱਜੀ ਮੁਕਤੀ ਖ਼ਾਤਰ ਪਹਾੜੀਂ ਚੜ੍ਹ ਗਏ ਹਨ। ਬੰਗਲਿਆਂ ਦੀ ਰੋਸ਼ਨੀ ਨੇ ਉਹਨਾਂ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਹਨ। ਪਹਾੜਾਂ ਦੀ ਖ਼ੁਸ਼ਗਵਾਰ ਹਵਾ ਨੇ ਉਹਨਾਂ ਨੂੰ ਮਦਹੋਸ਼ ਕਰ ਦਿੱਤਾ ਹੈ। ਕਦੇ-ਕਦੇ ਮਦਹੋਸ਼ੀ ਦੀ ਦਸ਼ਾ ਵਿੱਚ ਉਹ ਆਪਣੇ ਗਿਆਨ ਦਾ ਮੰਤਰ ਅਲਾਪਦੇ ਹਨ ਅਤੇ ਆਪਣੇ ਆਪ ਨੂੰ ਸੱਚਾ ਦੱਸ ਕੇ ਆਪਣੇ-ਆਪ ਨੂੰ ਹੀ ਧੋਖਾ ਦਿੰਦੇ ਹਨ। ਹੇਠਾਂ ਖੜ੍ਹਾ ਬਾਬਾ ਉੱਚੀ-ਉੱਚੀ ਦੁਹਾਈ ਪਾ ਰਿਹਾ ਹੈ, “ਓਏ ਭੁਲੜੋ, ਥੱਲੇ ਆ ਜਾਓ। ਧਰਤ ਜੰਗਲੀ ਅੱਗ ਨਾਲ ਝੁਲਸੀ ਜਾ ਰਹੀ ਹੈ। ਜੰਗਲ ਦਾ ਸਭ ਬਣ-ਤ੍ਰਿਣ ਅੱਗ ਦੀ ਲਪੇਟ ਵਿੱਚ ਆ ਗਿਆ ਹੈ ਅਤੇ ਭਸਮ ਹੁੰਦਾ ਜਾ ਰਿਹਾ ਹੈ।” ਪਰ ਉਪਰੋਂ ਕੋਈ ਉੱਤਾ ਨਹੀਂ ਵਾਚਦਾ। ਦਿਨੋਂ-ਦਿਨ ਗ਼ਰੀਬੀ ਅਮੀਰੀ ਦਾ ਪਾੜਾ ਵੱਧ ਰਿਹਾ ਹੈ। ਸਾਰੇ ਦੇਸ਼ ਅੰਦਰ ਖ਼ੁਦਕੁਸ਼ੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਬੁਰਜੁਆ ਸ਼੍ਰੇਣੀ ਨੂੰ ਪਰੋਲੀਟੈਰੀਏਟ ਸ਼੍ਰੇਣੀ ਦੀ ਕੋਈ ਪਰਵਾਹ ਨਹੀਂ। ਭਗਤ ਸਿੰਘ ਦੀ ਸੋਚ ਹੈਰਾਨ-ਪ੍ਰੇਸ਼ਾਨ ਖੜ੍ਹੀ ਹੈ। ‘ਜਿਸ ਦੀ ਲਾਠੀ, ਉਸ ਦੀ ਭੈਂਸ’ ਦਾ ਬੋਲ ਬਾਲਾ ਹੈ।

ਭਗਤ ਸਿੰਘ ਦੀ ਡਾਇਰੀ, ਉਸ ਦੀ ਦਾਰਸ਼ਨਿਕ ਸੋਚ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਜਿਸ ਨੂੰ ਕਦੇ ਨਾ ਕਦੇ ਅਪਣਾਉਣਾ ਹੀ ਪਵੇਗਾ। ਇਹ ਕਦੇ ਨਹੀਂ ਹੋ ਸਕਦਾ ਕਿ ਉਪਰੋਕਤ ਦਸ਼ਾ ਹਮੇਸ਼ਾ ਕਾਇਮ ਰਹੇ। ਇਤਿਹਾਸ ਗਵਾਹ ਹੈ ਕਿ ਜਾਬਰ ਤੋਂ ਜਾਬਰ ਦਾ ਵੀ ਖੁਰਾ-ਖੋਜ ਨਹੀਂ ਲਭਦਾ। ਬੁਰਜੁਆ ਕੌਮਾਂ ਉਸਰੀਆਂ ਅਤੇ ਢਹਿ-ਢੇਰੀ ਹੋ ਗਈਆਂ। ਲੋਕ ਸਪਿਰਿਟ ਹਮੇਸ਼ਾ ਜਿਉਂਦੀ ਰਹੀ। ਇਹ ਸਪਿਰਿਟ ਮਰ ਨਹੀਂ ਸਕਦੀ ਅਤੇ ਨਾ ਹੀ ਇਸ ਨੂੰ ਸਦੀਵ ਕਾਲ ਲਈ ਦਬਾਇਆ ਜਾ ਸਕਦਾ ਹੈ। ਆਓ ਆਪਾਂ ਭਗਤ ਸਿੰਘ ਦੀ ਡਾਇਰੀ ਦੇਖੀਏ ਕਿ ਉਹ ਕੀ ਕਹਿੰਦੀ ਹੈ?

“ਜ਼ਿੰਦਗੀ ਦਾ ਨਿਸ਼ਾਨਾ ਹੁਣ ਮਨ ਨੂੰ ਕੰਟਰੋਲ ਕਰਨਾ ਨਹੀਂ, ਪਰੰਤੂ ਇਸ ਦਾ ਇਕਸੁਰ ਵਿਕਾਸ ਕਰਨਾ ਹੈ। ਹੁਣ ਤੋਂ ਬਾਅਦ ਇਸ ਦਾ ਨਿਸ਼ਾਨਾ ਮੁਕਤੀ ਪ੍ਰਾਪਤ ਕਰਨਾ ਨਹੀਂ, ਪਰੰਤੂ ਏਥੇ ਥੱਲੇ ਉਸ ਦੀ ਪੂਰਨ ਵਰਤੋਂ ਕਰਨੀ ਹੈ। ਸਿਰਫ਼ ਸੱਚ, ਸੁੰਦਰਤਾ ਅਤੇ ਅਛਾਈ ਹੀ ਪ੍ਰਾਪਤ ਨਹੀਂ ਕਰਨੀਆਂ ਬਲਕਿ ਵਾਸਤਵ ਜ਼ਿੰਦਗੀ ਵਿੱਚ ਵੀ ਇਹਨਾਂ ਨੂੰ ਅਸਲ ਵਰਤੋਂ ਵਿੱਚ ਲਿਆਉਣਾ ਹੈ। ਸਮਾਜੀ ਵਿਕਾਸ ਸਿਰਫ਼ ਕੁਝ ਕੁ ਲੋਕਾਂ ਦੇ ਸਰੇਸ਼ਠ ਬਣਨ ਵਿੱਚ ਨਹੀਂ ਪਰੰਤੂ ਇਹ ਲੋਕਰਾਜ ਦੇ ਵਿਕਸਤ ਹੋਣ ਵਿੱਚ ਹੈ। ਜਾਂ ਵਿਸ਼ਵ ਭਾਈ ਚਾਰਾ ਸਿਰਫ਼ ਇਸ ਢੰਗ ਨਾਲ ਪ੍ਰਾਪਤ ਹੋ ਸਕਦਾ ਹੈ ਜਦੋਂ ਸਮਾਜੀ, ਰਾਜਸੀ ਅਤੇ ਵਿਅਕਤੀਗਤ ਜ਼ਿੰਦਗੀ ਨੂੰ ਵਿਕਾਸ ਕਰਨ ਦੇ ਬਰਾਬਰ ਮੌਕੇ ਹਾਸਲ ਹੋਣਗੇ।”

ਭਗਤ ਸਿੰਘ ਇੱਕ ਕਰਮ ਯੋਗੀ ਸੀ। ਉਹ ਲੋਕ ਲੜਾਈ ਦੇ ਮੋਰਚੇ ਉੱਤੇ ਅੰਤ ਤਕ ਲੜਦਾ ਰਿਹਾ ਅਤੇ ਸ਼ਹੀਦੀ ਪ੍ਰਾਪਤ ਕਰ ਗਿਆ। ਉਸ ਨੇ ਆਪਣੇ ਵਿਚਾਰਾਂ ਉੱਤੇ ਡੱਟ ਕੇ ਪਹਿਰਾ ਦਿੱਤਾ। ਕਾਲੀਆਂ ਘਟਾਵਾਂ ਅੱਗੇ ਉਸ ਦੀ ਸੋਚ ਅਮੋੜ ਰਹੀ। ਮਨੁੱਖਤਾ ਦਾ ਪਿਆਰ ਉਸ ਦਾ ਆਦਰਸ਼ ਸੀ। ਲੋਕ ਵਿਰੋਧੀ ਸ਼ਕਤੀਆਂ ਵਿਰੁੱਧ ਜੰਗ ਬਾਰੇ ਲਿਖਦਾ ਹੈ, “.... ਇਹ ਜੰਗ ਸਾਡੇ ਤੋਂ ਸ਼ੁਰੂ ਨਹੀਂ ਹੋਈ ਅਤੇ ਨਾ ਹੀ ਇਹ ਜੰਗ ਸਾਡੀਆਂ ਜ਼ਿੰਦਗੀਆਂ ਦੇ ਨਾਲ ਖ਼ਤਮ ਹੋ ਜਾਏਗੀ।” ਇਹ ਸੰਘਰਸ਼ ਜਾਰੀ ਸੀ, ਜਾਰੀ ਹੈ ਅਤੇ ਜਾਰੀ ਰਹੇਗਾ।
ਦਲਜੀਤ ਸਿੰਘ, ਐਡਮਿੰਟਨ
ਫੋਨ: (780) 989 - 2977

 

(13 ਸਤੰਬਰ 2007)

*****
(
Daljit Singh Rakhra)
1107 ? 10149 Saskathewan Drive
Edmonton AB T6E 6B6
Canada
Phone: (780) 989 - 2977

ਦਲਜੀਤ ਸਿੰਘ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਵਾਂ ਪੜ੍ਹਨ ਲਈ ਕਲਿੱਕ ਕਰੋ >>>>>>>>>>>>

 

e-mail:
ਲਿਖਾਰੀ
Likhari


Copyright © Likhari: Panjabi Likhari Forum-2001-2007 All rights reserved.