-ਲੇਖ-
 


Photo Daljit Singh
ਦਲਜੀਤ ਸਿੰਘ

ਸਾਹਿਰ ਲੁਧਿਆਣਵੀ: ਇੱਕ ਵਿਲੱਖਣ ਸ਼ਾਇਰ

(ਸਤਾਈਵੀਂ ਬਰਸੀ ਤੇ)

-ਦਲਜੀਤ ਸਿੰਘ, ਐਡਮਿੰਟਨ,ਕਨੇਡਾ-

 

 

ਸਾਹਿਰ ਲੁਧਿਆਣਵੀ

ਸਾਹਿਰ ਲੁਧਿਆਣਵੀ: ਇੱਕ ਵਿਲੱਖਣ ਸ਼ਾਇਰ
(ਸਤਾਈਵੀਂ ਬਰਸੀ ਤੇ)

ਸਾਹਿਰ ਲੁਧਿਆਣਵੀ, ਪੰਜਾਬ ਦੀ ਮਾਇਆਨਾਜ਼ ਹਸਤੀ ਹੀ ਨਹੀਂ ਸੀ ਬਲਕਿ ਭਾਰਤ ਦਾ ਇੱਕ ਮਹਾਨ ਸਪੂਤ ਹੈ। ਉਸ ਦਾ ਦਿਲ ਮਨੁੱਖਤਾ ਦੇ ਪਿਆਰ ਦਾ ਮੁਜੱਸਮਾ ਸੀ। ਉਹ ਲਿਤਾੜੀ ਜਾਂਦੀ ਔਰਤ ਦੀ ਜ਼ਬਾਨ ਸੀ। ਉਸ ਨੇ ਗੰਦਗੀ ਭਰੇ ਸਮਾਜ ਦਾ ਅਕਸ ਬੇਰੋਕ-ਟੋਕ ਪੇਸ਼ ਕੀਤਾ। ਇਸ ਮਾਣ ਭਰਪੂਰ ਸ਼ਾਇਰ ਦਾ ਅਸਲੀ ਨਾਂ ਅਬਦੁਲ ਹੱਈ ਸੀ।

ਸਾਹਿਰ ਦਾ ਜਨਮ 8 ਮਾਰਚ 1921 ਨੂੰ ਲੁਧਿਆਣਾ (ਪੰਜਾਬ) ਵਿਖੇ ਹੋਇਆ। ਸਾਹਿਰ ਦੀ ਮਾਤਾ ਦਾ ਨਾਂ ਸਰਦਾਰ ਬੇਗਮ ਸੀ ਅਤੇ ਉਹ ਸਾਹਿਰ ਦੇ ਪਿਤਾ ਫ਼ਜ਼ਲ ਮੁਹੰਮਦ ਦੀ ਚੌਥੀ ਬੀਵੀ ਸੀ। ਫ਼ਜ਼ਲ ਮੁਹੰਮਦ ਦਾ ਸਰਦਾਰ ਬੇਗਮ ਨਾਲ ਸਲੂਕ ਬਹੁਤ ਮਾੜਾ ਸੀ। ਬੁਰੇ ਸਲੂਕ ਦੇ ਕਾਰਨ ਜਦੋਂ ਸਾਹਿਰ ਦੀ ਮਾਤਾ ਨੇ ਆਪਣੇ ਖ਼ਾਵੰਦ ਦਾ ਸਾਥ ਛੱਡਿਆ, ਸਾਹਿਰ ਦੀ ਉਮਰ ਸਿਰਫ਼ ਅੱਠ ਸਾਲ ਦੀ ਸੀ। ਸਾਹਿਰ ਦੀ ਮਾਤਾ ਸਾਹਿਰ ਨੂੰ ਆਪਣੇ ਨਾਲ ਲੈ ਗਈ। ਸਾਹਿਰ ਨੇ ਆਪਣੀ ਮਾਂ ਦੀ ਦੁਰਦਸ਼ਾ ਦੇਖੀ ਹੀ ਨਹੀਂ, ਨਿੱਜੀ ਤੌਰ ਤੇ ਨਾਲ ਹੰਢਾਈ ਵੀ। ਮਰਦਾਂ ਹੱਥੋਂ ਔਰਤ ਦੀ ਸ਼ੋਸ਼ਣ ਭਰੀ ਕਹਾਣੀ ਦੀ ਤਸਵੀਰ ਸਾਹਿਰ ਨੇ ਆਪਣੀ ਮਾਂ ਦੀ ਦਰਦ ਭਰੀ ਜ਼ਿੰਦਗੀ ਵਿੱਚ ਦੇਖੀ। ਸਾਹਿਰ ਇੱਕ ਸੰਵੇਦਨਸ਼ੀਲ ਇਨਸਾਨ ਸੀ। ਇਹ ਸਮਾਜਿਕ ਕੋਹੜ ਉਸ ਦੇ ਹਿਰਦੇ ਤੇ ਇੱਕ ਅਮਿੱਟ ਡੂੰਘਾ ਘਾਉ ਪਾ ਗਿਆ ਜਿਸ ਦੀ ਪੀੜਾ ਨੇ ਸਾਹਿਰ ਦੇ ਕਲਾਮ ਨੂੰ ਧੜਕਦੀ ਰੂਹ ਦਿੱਤੀ ਅਤੇ ਉਹ ਲੱਖਾਂ ਭਾਰਤੀਆਂ ਦੇ ਮਨਾਂ ਦਾ ਨਾਇਕ ਬਣ ਗਿਆ। ਉਸ ਦਾ ਕਲਾਮ ਉਸ ਦੇ ਦਿਲ ਦੀ ਆਵਾਜ਼ ਸੀ। ਅਫ਼ਸੋਸ ਦੀ ਗੱਲ ਇਹ ਹੈ ਕਿ ਉਹ ਹਾਲੇ 58 ਸਾਲ ਦਾ ਹੀ ਸੀ ਕਿ ਉਸ ਨੂੰ 25 ਅਕਤੂਬਰ ਸੰਨ 1980 ਵਾਲੇ ਦਿਨ ਦਿਲ ਦਾ ਜਾਨ ਲੇਵਾ ਦੌਰਾ ਪਿਆ ਅਤੇ ਇਹ ਨਾਮੀ ਸ਼ਾਇਰ ਸਾਨੂੰ ਸਾਰਿਆਂ ਨੂੰ ਸਦਾ ਲਈ ਵਦਾਇਗੀ ਦੇ ਗਿਆ। ਆਓ ਆਪਾਂ ਰਲ ਕੇ ਇਸ ਮਹਾਨ ਸ਼ਾਇਰ ਨੂੰ ਉਸ ਦੀ ਬਰਸੀ ਦੇ ਮੌਕੇ ’ਤੇ ਉਸ ਦੀ ਸ਼ਾਇਰੀ ਦੇ ਗੁਣਾਂ ਨੂੰ ਯਾਦ ਕਰ ਕੇ ਸ਼ਰਧਾ ਦੇ ਫ਼ੁੱਲ ਭੇਂਟ ਕਰੀਏ।

ਸਾਹਿਰ ਗੌਰਮਿੰਟ ਕਾਲਿਜ ਲੁਧਿਆਣਾ ਦਾ ਵਿਦਿਆਰਥੀ ਸੀ। ਉਹ ਇੰਟਰਮੀਡੀਏਟ (11ਵੀਂ/12ਵੀਂ) ਕਲਾਸਾਂ ਵਿੱਚ ਪੜ੍ਹਦਾ ਸੀ ਕਿ ਉਸ ਨੇ ਮੁਗ਼ਲ ਸ਼ਹਿਨਸ਼ਾਹ ਸ਼ਾਹ ਜਹਾਂ ਅਤੇ ਤਾਜ ਮਹੱਲ ਨੂੰ ਸੰਕੇਤ ਬਣਾ ਕੇ ਇੱਕ ਵਿਅੰਗਮਈ ਕਵਿਤਾ ਲਿਖੀ:

ਇੱਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ,
ਹਮ ਗ਼ਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ।

ਉਸ ਨੇ ਇਹ ਕਵਿਤਾ ਕਾਲਿਜ ਦੇ ਇੱਕ ਸਮਾਗਮ ਵਿੱਚ ਸੁਣਾਈ। ਇਸ ਕਵਿਤਾ ਦੀ ਮਹਿਕ ਦੂਰ ਦੂਰ ਤੱਕ ਫ਼ੈਲ ਗਈ ਅਤੇ ਸਾਹਿਤਕ ਦੁਨੀਆ ਵਿੱਚ ਇੱਕ ਤਹਿਲਕਾ ਮਚਾ ਗਈ। ਬੱਸ ਇਸ ਮਗਰੋਂ ਉਸ ਦੀ ਚੜ੍ਹਤ ਹੀ ਹੁੰਦੀ ਗਈ।

1949 ਵਿੱਚ ਸਾਹਿਰ ਬੰਬਈ ਪਹੁੰਚ ਗਿਆ। ਉਸ ਦੇ ਮਧੁਰ ਗੀਤਾਂ ਦਾ ਕਾਮਯਾਬ ਆਰੰਭ ‘ਠੰਡੀ ਹਵਾਏਂ ਲਹਿਰਾ ਕੇ ਆਈਂ’ ਨਾਲ ਹੋਇਆ। ਇਹ ਗੀਤ ਉਸ ਨੇ ਮਹੇਸ਼ ਕੌਲ ਦੀ ਫ਼ਿਲਮ ‘ਨੌਜਵਾਨ’ ਲਈ ਲਿਖਿਆ। ‘ਬਾਜ਼ੀ’ ਫ਼ਿਲਮ ਦੇ ਗੀਤ ‘ਤਦਬੀਰ ਸੇ ਬਿਗੜੀ ਹੂਈ ਤਕਦੀਰ ਬਨਾ ਲੇ’ ਨੇ ਉਸ ਦੀ ਕਿਸਮਤ ਦੇ ਦਰਵਾਜ਼ੇ ਪੂਰੇ ਅੰਦਾਜ਼ ਵਿੱਚ ਖੋਲ੍ਹ ਦਿੱਤੇ। ‘ਯੇਹ ਰਾਤ ਯੇਹ ਚਾਂਦਨੀ ਫਿਰ ਕਹਾਂ’ ਉਸ ਦੀ ਮੌਲਿਕ ਕਾਵਿ-ਰਚਨਾ ਦਾ ਸਿਖਰ ਸਿੱਧ ਹੋਈ। ਸਾਹਿਰ ਦੇ ਸੁਹਿਰਦ ਵਲਵਲੇ ਦੀ ਤੀਬਰਤਾ ਦੇ ਬੋਲ ‘ਮੈਂ ਜਬ ਭੀ ਅਕੇਲੀ ਹੋਤੀ ਹੂੰ, ਭੂਲ ਸਕਤਾ ਹੈ ਭਲਾ ਕੌਨ ਪਿਆਰੀ ਆਂਖੇਂ, ਮੇਰੇ ਦਿਲਦਾਰ ਮੁੱਝ ਸੇ ਖ਼ਫ਼ਾ ਨਾ ਹੋ’ ਸਮੇਂ ਦੇ ਹੱਦਾਂ-ਬੰਨੇ ਟੱਪ ਗਏ।

ਦੇਵ ਆਨੰਦ, ਐੱਸ.ਡੀ. ਬਰਮਨ, ਗੁਰੂ ਦੱਤ ਅਤੇ ਬੀ.ਆਰ. ਚੋਪੜਾ ਦੇ ਸੰਯੋਗ ਨੇ ‘ਨੌਜਵਾਨ, ਬਾਜ਼ੀ, ਜਾਲ ਅਤੇ ਧਰਮਪੁੱਤਰ’ ਫਿਲਮਾਂ ਲਈ ਸਾਹਿਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਗੀਤਾਂ ਨੂੰ ਸਦਾ ਲਈ ਅਮਰ ਕਰ ਦਿੱਤਾ।

ਸਾਹਿਰ ਆਪਣੀ ਹੀ ਕਿਸਮ ਦਾ ਇੱਕ ਵਿਲੱਖਣ ਸ਼ਾਇਰ ਸੀ। ਉਸ ਦੀ ਸ਼ੈਲੀ ਵਿੱਚ ਭਾਵਾਂ ਦੀ ਤੀਬਰਤਾ ਹੈ, ਸਰੋਦ ਹੈ, ਇੱਕ ਆਕਰਸ਼ਣ ਹੈ ਅਤੇ ਨਿਰਮਲਤਾ ਹੈ। ਸਾਹਿਰ ਦੇ ਗੀਤ ਇੱਕ ਧੂਹ ਪੈਦਾ ਕਰਦੇ ਹਨ, ਬਿਜਲਈ ਤਰੰਗ ਪੈਦਾ ਕਰਦੇ ਹਨ ਜਿਨ੍ਹਾਂ ਦੀ ਛਾਪ ਲੋਕਾਂ ਦੇ ਦਿਲਾਂ ਵਿੱਚ ਇੱਕ ਅਨੋਖੀ ਤੜਪ ਪੈਦਾ ਕਰਦੀ ਹੈ। ਫ਼ਿਲਮ ‘ਪਿਆਸਾ’ ਦੇ ਇਹ ਗੀਤ, ‘ਯੇਹ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ......., ਜਿਨ੍ਹੇਂ ਨਾਜ਼ ਹੈ ਹਿੰਦ ਪਰ ਵੋਹ ਕਹਾਂ ਹੈਂ......., ਜਾਨੇ ਵੋਹ ਕੈਸੇ ਲੋਗ ਥੇ ਜਿਨਕੇ ਪਿਆਰ ਕੋ ਪਿਆਰ ਮਿਲਾ.......’ ਬਹੁਤ ਮਕਬੂਲ ਹੋਏ।

ਔਰਤ ਦੇ ਸ਼ੋਸ਼ਣ ਦਾ ਜ਼ਿਕਰ ਕਰਦਾ ਆਪਣੇ ਬੋਲਾਂ ਵਿੱਚ ਇੱਕ ਅਨੁਭਵੀ ਹਰਕਤ ਪੈਦਾ ਕਰਦਾ ਹੈ। ਲੋਕਾਂ ਦੇ ਦਿਲਾਂ ਵਿੱਚ ਸਮਾਜ ਦੀ ਵਾਸਤਵਿਕ ਤਸਵੀਰ ਪੇਸ਼ ਕਰਦਾ ਇੱਕ ਗੰਭੀਰ ਸੋਚ ਨੂੰ ਜਨਮ ਦਿੰਦਾ ਹੈ:

ਕੱਪੜੇ ਹੀ ਨਹੀਂ ਰੋਟੀ ਕੇ ਲੀਏ, ਯਹਾਂ ਖਾਲ ਭੀ ਉਤਾਰੀ ਜਾਤੀ ਹੈ,
ਬੇਟੀ ਹੋ, ਬਹਿਨ ਹੋ ਯਾ ਮਾਂ ਹੋ, ਹਰ ਲਾਸ਼ ਦਬੋਚੀ ਜਾਤੀ ਹੈ।

ਯੱਸ਼ ਚੋਪੜਾ ਦੀ ਫ਼ਿਲਮ ‘ਦਾਗ਼’ ਵਿੱਚ ਉਸ ਨੇ ਸਰਮਾਏਦਾਰੀ ਅਤੇ ਬਿਸਵੇਦਾਰੀ ਦੇ ਤਾਣੇ-ਬਾਣੇ ਅਪਣਾਈ ਵਿਵਸਥਾ ’ਤੇ ਰੱਜ ਕੇ ਚੋਟਾਂ ਮਾਰੀਆਂ। ਉਪਰੋਕਤ ਸਮਾਜ ਦੇ ਕਲੰਕੀ ਲੋਕਾਂ ਦੇ ਮੌਖਟਿਆਂ ਦਾ ਪਾਜ ਖੋਲ੍ਹਿਆ:

          ਜਬ ਭੀ ਜੀ ਚਾਹੇ ਨਈ ਦੁਨੀਆ ਬਸਾ ਲੇਤੇ ਹੈਂ ਲੋਗ,
          ਏਕ ਚਿਹਰੇ ਪੇ ਕਈ ਚਿਹਰੇ ਲਗਾ ਲੇਤੇ ਹੈਂ ਲੋਗ।

ਭਾਰਤ ਦੇ ਲੀਡਰਾਂ ਨੂੰ ਲਲਕਾਰਦਾ ਲਿਹਾਜ਼ ਨਹੀਂ ਰੱਖਦਾ:

          ਜ਼ਰਾ ਹਿੰਦ ਕੇ ਰਹਿਬਰੋਂ ਕੋ ਬੁਲਾਓ,
          ਯੇਹ ਕੂਚੇ ਯੇਹ ਗਲੀਆਂ ਯੇਹ ਮੰਜ਼ਰ ਦਿਖਾਓ।

ਸਾਹਿਰ ਦਾ ਤਿੱਖਾ ਵਿਅੰਗ ਜ਼ਰਾ ਮਲਾਹਜ਼ਾ ਫ਼ਰਮਾਓ:

ਰਹਿਨੇ ਕੋ ਘਰ ਨਹੀਂ ਹੈ,
ਸਾਰਾ ਜਹਾਂ ਹਮਾਰਾ!

ਫ਼ਿਰਕਾ ਪ੍ਰਸਤੀ ਦੀ ਲਾਅਨਤ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ:

          ਮਾਲਿਕ ਨੇ ਤੋ ਇਨਸਾਨ ਕੋ ਇਨਸਾਨ ਬਨਾਇਆ,
          ਹਮ ਨੇ ਉਸੇ ਹਿੰਦੂ ਯਾ ਮੁਸਲਮਾਨ ਬਨਾਇਆ।

ਸਾਹਿਰ ਨੇ ਹੋਰ ਵੀ ਵਿਭਿੰਨ ਵਿਸ਼ਿਆਂ ਤੇ ਅਭੁੱਲ ਮਧੁਰ ਗੀਤ ਲਿਖੇ ਜਿਨ੍ਹਾਂ ਵਿੱਚ ਉਸ ਦਾ ਦੇਸ਼ ਪਿਆਰ ਉਮਢਦਾ ਹੈ। ਭਜਨ, ਲੋਰੀ ਅਤੇ ਕਵਾਲੀ ਵਰਗੇ ਗੀਤ-ਵਿਧਾਵਾਂ ਉਸ ਦੀ ਸ਼ਖ਼ਸੀਅਤ ਦੇ ਨਵੇਕਲੇ ਨਮੂਨੇ ਪ੍ਰਸਤੁਤ ਕਰਦੀਆਂ ਹਨ। ਅੱਜ ਉਸ ਦੇ 27 ਸਾਲ ਵਿੱਛੜਨ ਪਿੱਛੋਂ ਵੀ ਉਸ ਦੀ ਸ਼ਾਇਰੀ ਦੀ ਤਰੋ-ਤਾਜ਼ਗੀ ਬਰਕਰਾਰ ਹੈ:

ਯੇਹ ਦੇਸ਼ ਹੈ ਵੀਰ ਜਵਾਨੋਂ ਕਾ......., ਅੱਲਾ ਤੇਰੋ ਨਾਮ, ਈਸ਼ਵਰ ਤੇਰੋ ਨਾਮ......, ਨਾ ਤੋ ਕਾਰਵਾਂ ਕੀ ਤਲਾਸ਼ ਹੈ, ਨਾ ਤੋ ਹਮਸਫ਼ਰ ਕੀ ਤਲਾਸ਼ ਹੈ......., ਤੇਰੇ ਬੱਚਪਨ ਕੋ ਜਵਾਨੀ ਕੀ ਦੁਆ ਦੇਤੀ ਹੂੰ...........।
ਪਿਆਰ ਦੀ ਸਿਖਰ ਦੇ ਨਮੂਨੇ:

ਯੇਹ ਜ਼ੁਲਫ਼ ਅਗਰ ਖੁੱਲ ਕੇ ਬਿਖਰ ਜਾਏ ਤੋ ਅੱਛਾ........, ਛੂ ਲੇਨੇ ਦੋ ਨਾਜ਼ੁਕ ਹਾਥੋਂ ਕੋ........., ਤੁਮ ਨਾ ਜਾਨੇ ਕਿਸ ਜਹਾਂ ਮੇਂ ਖੋ ਗਏ........, ਹਮ ਇੰਤਜ਼ਾਰ ਕਰੇਂਗੇ ਕਿਆਮਤ ਤੱਕ........, ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ........।

ਸਾਹਿਰ ਨੇ 200 ਤੋਂ ਵੱਧ ਸ਼ਾਨਦਾਰ ਗ਼ਜ਼ਲਾਂ, ਗੀਤ ਅਤੇ ਨਜ਼ਮਾਂ ਲਿਖੀਆਂ ਜਿਹੜੀਆਂ ਹਿੰਦੀ ਫ਼ਿਲਮ ਸੰਗੀਤ ਦੀ ਅਮਰ ਜਿੰਦ ਜਾਨ ਬਣੀਆਂ। ਉਸ ਦੇ ਗੀਤਾਂ ਨੇ ਬਾਲੀਵੁੱਡ ਵਿੱਚ ਗੀਤ ਲਿਖਣ ਦੇ ਪੱਧਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ। 

ਸਾਹਿਰ ਦੀਆਂ ਕਿਰਤਾਂ: ਤਲਖ਼ੀਆਂ (1943), ਪਰਛਾਈਆਂ (1953), ਤਨਹਾਈਆਂ, ਆਓ ਕੋਈ ਖ਼ੁਆਬ ਬਨੇ (ਇੱਕ ਸੰਗ੍ਰਹਿ), ਗਾਤਾ ਜਾਏ ਬਨਜਾਰਾ (ਫ਼ਿਲਮੀ ਗੀਤ)

ਸਾਹਿਰ ਭਾਰਤੀ ਫ਼ਿਲਮ ਜਗਤ ਤੇ ਛਾ ਗਿਆ ਅਤੇ ਗੀਤਾਂ ਦੀ ਦੁਨੀਆ ਵਿੱਚ ਅਮਰ ਹੋ ਗਿਆ। ਲੁਧਿਆਣਾ ਵਿੱਚ ਸਾਹਿਰ ਦੀ ਯਾਦ ਨਮਿਤ ਇੱਕ ਯਾਦਗਾਰ, ਸਾਹਿਰ ਮੈਮੋਰੀਅਲ, ਮਾਡਲ ਟਾਊਨ ਐਕਸਟੈਨਸ਼ਨ ਬਣਾਉਣ ਦੇ ਉਪਰਾਲੇ ਆਰੰਭ ਹੋਏ ਸਨ, ਪਰ ਪੰਜਾਬ ਸਰਕਾਰ ਦੇ ਅਦਾਰਿਆਂ ਅਤੇ ਸਰਕਾਰੀ ਨੌਕਰ-ਸ਼ਾਹੀ ਦੀਆਂ ਅੜਿੱਕਾਬਾਜ਼ੀਆਂ ਵਿੱਚ ਇਹ ਯਾਦਗਾਰ ਆਪ ਹੀ ਦਮ ਤੋੜ ਗਈ। ਇਸ ਤਰ੍ਹਾਂ ਸਾਹਿਰ ਦੇ ਇਹ ਸ਼ਬਦ ਆਪਣੇ ਪ੍ਰਤੀ ਭਵਿੱਖਬਾਣੀ ਦਾ ਸੂਚਕ ਬਣੇ:

          ਕੱਲ ਕੋਈ ਮੁੱਝ ਕੋ ਯਾਦ ਕਰੇ,
          ਕਿਉਂ ਕੋਈ ਮੁੱਝ ਕੋ ਯਾਦ ਕਰੇ,
          ਮਸਰੂਫ਼ ਜ਼ਮਾਨਾ ਮੇਰੇ ਲੀਏ,
          ਕਿਉਂ ਵਕਤ ਅਪਨਾ ਬਰਬਾਦ ਕਰੇ।
 

(14 ਨਵੰਬਰ 2007)

*****
(
Daljit Singh Rakhra)
1107 ? 10149 Saskathewan Drive
Edmonton AB T6E 6B6
Canada
Phone: (780) 989 - 2977

ਦਲਜੀਤ ਸਿੰਘ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਵਾਂ ਪੜ੍ਹਨ ਲਈ ਕਲਿੱਕ ਕਰੋ >>>>>>>>>>>>

 

e-mail:
ਲਿਖਾਰੀ
Likhari


Copyright © Likhari: Panjabi Likhari Forum-2001-2007 All rights reserved.