(ਸੁਖਵਿੰਦਰ ਅੰਮ੍ਰਿਤ ਜੀ
(ਅਧੁਨਿਕ) ਪੰਜਾਬੀ ਕਵਿਤਾ ਦੀ ਦੁਨੀਆਂ ਵਿੱਚ ਜਾਣੀ ਪਛਾਣੀ ਹਸਤੀ ਹੈ।
ਇਹਨੀ ਦਿਨੀ (ਪਿਛਲੇ ਦਿਨੀਂ) ਜਦੋਂ ਉਹ ਇੰਗਲੈਂਡ ਦੀ ਫੇਰੀ ਤੇ ਆਏ ਤਾਂ
ਉਹਨਾਂ ਨਾਲ ਮਿਲ ਬੈਠਣ ਤੇ ਕੁੱਝ ਗੱਲਾਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੋ
ਕਿ ਮੈਂ ਪੰਜਾਬੀ ਪਾਠਕਾਂ ਖ਼ਾਸ ਕਰ ਕਵਿਤਾ ਅਤੇ
ਗ਼ਜ਼ਲ ਨਾਲ ਲਗਾਵ ਰੱਖਣ ਵਾਲੇ ਪਾਠਕਾਂ ਲਈ ਪੇਸ਼ ਕਰਨ ‘ਚ ਦਿਲੀ ਖੁਸ਼ੀ ਮਹਿਸੂਸ
ਕਰ ਰਹੀ ਹਾਂ – ਦਲਵੀਰ ਕੌਰ (ਵੁਲਵਰਹੈਂਪਟਨ )
ਦ.ਕ : ਸੁਖਵਿੰਦਰ ਜੀ ਤੁਹਾਡੇ ਨਾਮ ‘ਅੰਮ੍ਰਿਤ’ ਕਿਵੇਂ ਜੁੜਿਆ ?
ਸ.ਅ : ਜਦੋਂ ਮੈਂ ਇਸ ਖੇਤਰ
ਵਿੱਚ ਆਈ ਤਾਂ ਉਰਦੂ ਦੇ ਇੱਕ ਸ਼ਾਇਰ ਬਖਸ਼ੀ ਰਾਮ ਕੌਸ਼ਲ ਜੀ ਮਿਲੇ ਤੇ ਉਹਨਾਂ
ਕਿਹਾ ਬੇਟਾ ਤੇਰੇ ਵਿੱਚ ਅੱਗੇ ਜਾਣ ਦੀ ਬਹੁਤ
ਸੰਭਾਵਨਾ ਹੈ ਤੇ ਤੂੰ ਆਪਣੇ ਨਾਮ ਨਾਲ ਇੱਕ ਤਖੱਲਸ ਰੱਖ ਲੈ ਜੋ ਤੇਰੀ ਨਾਮ
ਦੀ ਅਲੱਗ ਪਛਾਣ ਹੋ ਸਕੇ। ਉਹਨਾਂ ਨੇ ਮੈਨੂੰ ਤਿੰਨ ਨਾਮ ਸੁਝਾਏ ਜਿਨ੍ਹਾਂ
‘ਚ ਇੱਕ ਨਾਮ ‘ਅੰਮ੍ਰਿਤ’ ਸੀ। ਸੋ ਇਹ ਤਖੱਲਸ ਸ਼੍ਰੀ ਕੌਸ਼ਲ ਜੀ ਦਾ ਦਿੱਤਾ
ਹੋਇਆ ਹੈ।
ਦ.ਕ : ਸੁਖਵਿੰਦਰ ਜੀ ਪਹਿਲੀ ਕਵਿਤਾ ਕਦੋਂ ਲਿਖੀ?
ਸ.ਅ : ਅਸਲ ‘ਚ ਮੈਂ ਤੇ ਮੇਰੀ
ਕਵਿਤਾ ਨਾਲ ਨਾਲ ਹੀ ਵੱਡੀਆਂ ਹੋਈਆਂ। ਮੈਨੁੰ
ਸੰਗੀਤ ਸੁਣਨ ਦਾ ਬਚਪਨ ਤੋਂ ਹੀ ਸ਼ੌਕ ਸੀ। ਰੇਡੀਓ ਤੋਂ ਸੁਰਿੰਦਰ ਕੌਰ, ਆਸਾ
ਸਿੰਘ ਮਸਤਾਨਾ ਅਤੇ ਲਾਊਡ ਸਪੀਕਰਾਂ ਦੇ ਗਾਣੇ ਮੂੰਹ ਜ਼ੁਬਾਨੀ ਯਾਦ ਕਰਕੇ
ਗਾਉਣੇ। ਮੈਨੂੰ ਪਤਾ ਹੀ ਨਾ ਲੱਗਾ ਮੈਂ ਕਦੋਂ
ਗੀਤਾਂ ਦੀਆਂ ਤੁਕਾਂ ਜੋੜਨ ਲੱਗ ਪਈ। ਅੱਠਵੀਂ
‘ਚ ਪੜ੍ਹਦੀ ਨੇ ਮੈਂ ਨਿੱਕੇ ਨਿੱਕੇ ਮਾਸੂਮ ਜਹੇ ਗੀਤ ਲਿਖੇ ਜੋ ਜੋ ਮੇਰੀਆਂ
ਨਿੱਕੀਆਂ 2 ਮੁਸ਼ਕਲਾਂ ਨਾਲ ਸਬੰਧਤ ਸਨ। ਉਦੋਂ ਮੈਨੂੰ ਅਲਜ਼ਬਰਾ
ਤੇ ਅੰਗਰੇਜ਼ੀ ਬਹੁਤ ਔਖੇ ਲੱਗਦੇ ਸਨ। ਸੋ ਮੇਰਾ ਪਹਿਲਾ ਗੀਤ ਇਉਂ
ਸੀ:
“ਹਾਏ ਨੀ ਅਲਜਬਰਾ
ਹਾਏ ਨੀ ਅੰਗਰੇਜ਼ੀ
ਸਾਨੂੰ ਲੱਗਦੀ ਸਮਾਜਿਕ ਔਖੀ
ਨਾਗਰਿਕਤਾ ਵੀ ਕਿਹੜਾ ਸੌਖੀ
ਹਾਏ ਨੀ ਪੁਆੜਾ ਪੈ ਗਿਆ
ਸਾਨੂੰ ਲੱਗਦੀ ਖੇਡ ਬੜੀ ਪਿਆਰੀ
ਉਤੋਂ ਪੇਪਰਾਂ ਦੀ ਕਰਨੀ ਤਿਆਰੀ
ਮਹੀਨਾ ਸਾਰਾ ਇੱਕ ਰਹਿ ਗਿਆ
ਹਾਏ ਨੀ ਅਲਜਬਰਾ
ਹਾਏ ਨੀ ਅੰਗਰੇਜ਼ੀ ...”
ਇਸ ਤਰਾਂ ਮੇਰੀ ਕਵਿਤਾ ਦੇ ਸ਼ਫ਼ਰ ਦੀ ਸ਼ੁਰੂਆਤ ਹੋਈ। ਫਿਰ ਕੋਈ ਦਿਨ ਐਸਾ
ਨਹੀਂ ਸੀ ਜਿਸ ਦਿਨ ਗੀਤ ਨਾ ਲਿਖਦੀ। ਗੀਤ ਲਿਖਣਾ ਮੇਰਾ ਨਿੱਤਨੇਮ ਬਣ ਗਿਆ।
ਦ.ਕ : ਇਹ ਤਾਂ ਮਾਸੂਮ ਗੀਤ ਸਨ ਪਰ ਇਹ ਅਹਿਸਾਸ ਕਦੋਂ ਹੋਇਆ ਕਿ ਮੇਰੇ
ਸ਼ਬਦਾਂ ‘ਚ ਗਹਿਰਾਈ ਆਉਣੀ ਸ਼ੁਰੂ ਹੋ ਗਈ ਹੈ?
ਸ.ਅ : ਜਦੋਂ ਮੇਰੀ ਕਲਮ ਦਾ
ਰੁੱਖ ਗ਼ਜ਼ਲ ਵੱਲ੍ਹ ਹੋਇਆ।
ਦ.ਕ : ਕੀ ਤੁਹਾਡੇ ਗੀਤਾਂ ‘ਚ ਗਹਿਰਾਈ ਨਹੀਂ ਸੀ?
ਸ.ਅ : ਗਹਿਰਾਈ ਹੋਵੇਗੀ – ਪਰ ਉਸ ਵਿੱਚ ਮੇਰੀ ਤਸੱਲੀ ਨਹੀਂ ਸੀ। ਮੈਨੂੰ
ਲੱਗਦਾ ਸੀ ਕਿ ਉਹ ਮੇਰੀ ਅਭਿਆਸੀ ਪੋਇਟਰੀ ਹੈ।
ਦ.ਕ : ਘਰ ‘ਚ ਸਾਹਿਤਕ ਮਾਹੌਲ ਕਿਹੋ ਜਿਹਾ ਸੀ?
ਸ.ਅ : ਘਰ ‘ਚ ਸਾਹਿਤਕ ਮਾਹੌਲ ਬਿਲਕੁਲ ਨਹੀਂ ਸੀ।
ਦ.ਕ : ਤੁਹਾਡੀ ਲਿਖਤ ਪ੍ਰਤੀ ਤੁਹਾਡੇ ਪਰਿਵਾਰ ਦਾ ਵਤੀਰਾ ਕਿਹੋ ਜਿਹਾ ਸੀ?
ਸ.ਅ : ਪਿਤਾ ਜੀ ਬਹੁਤ ਅੜਬ ਸੁਭਾਅ ਦਾ ਬੰਦਾ ਸੀ। ਕੋਮਲ ਚੀਜ਼ਾਂ ਦਾ ਵੈਰੀ।
ਉਸਦੀ ਦਹਿਸ਼ਤ ਦੇ ਪ੍ਰਛਾਵੇਂ ਥੱਲੇ ਸਾਰਾ ਪਰਿਵਾਰ ਸਹਿਕਦਾ ਰਹਿੰਦਾ ਸੀ।
ਜਦੋਂ ਮੇਰੀ ਮਾਂ ਨੂੰ ਮੇਰੇ ਗੀਤਾਂ ਦੀ ਭਿਣਕ ਪਈ ਤਾਂ ਉਸਨੇ ਮੇਰੇ ਪਹਿਲੇ
ਪਹਿਲੇ ਗੀਤ ਪਾੜ ਕੇ ਚੁਲ੍ਹੇ ਵਿੱਚ ਸੁੱਟ ਦਿੱਤੇ ਤੇ ਆਖਿਆ ਕਿ ਜੇ ਤੇਰੇ
ਪਿਉ
ਨੂੰ ਪਤਾ ਲੱਗ ਗਿਆ ਤੈਨੂੰ ਵੱਢ ਕੇ ਤੂੜੀ ਵਾਲੇ ਅੰਦਰ ਦੱਬ ਦੇਊ।
ਦ.ਕ : ਫਿਰ ਕੀ ਤੁਸੀਂ ਲਿਖਣਾ ਬੰਦ ਕਰ ਦਿੱਤਾ?
ਸ.ਅ : ਨਹੀਂ! ਕਵਿਤਾ ਮੇਰੇ ਅੰਦਰ ਸੁਲਘਦੀ ਰਹੀ, ਤਪਦੀ ਰਹੀ, ਪੱਕਦੀ ਰਹੀ
ਪਰ ਉਸਨੂੰ ਵਰਕਿਆਂ ਤੇ ਉਤਾਰਨ ਦਾ ਮੇਰਾ ਕਦੇ ਹੌਸਲਾ ਨਾ ਪਿਆ ਤੇ ਮੈਂ
ਆਪਣੇ ਵਿਆਹ ਦੀ ਉਡੀਕ ਕਰਨ ਲੱਗੀ।
ਦ.ਕ : ਕੀ ਇਸਦਾ ਭਾਵ ਇਹ ਕਿ ਤੁਹਾਨੂੰ ਵਿਆਹ ਤੋਂ ਬਾਅਦ ਲਿਖ ਸਕਣ ਦੀ ਆਸ
ਸੀ?
ਸ.ਅ : ਹਾਂ! ਮੈਨੂੰ ਲੱਗਦਾ ਸੀ ਮੈਂ ਆਪਣੇ ਘਰ ਵਾਲੇ ਨੂੰ ਬਹੁਤ ਪਿਆਰ
ਕਰਾਂਗੀ, ਜੇ ਉਹ ਨਾ ਵੀ ਸਹਿਮਤ ਹੋਇਆ ਤਾਂ ਵੀ ਮੈ ਜ਼ਰੂਰ ਸਹਿਮਤ ਕਰ
ਲਵਾਂਗੀ। ਆਪਣੇ ਪਿਆਰ ਦੀ ਸ਼ਿੱਦਤ ਨਾਲ ਪਿਘਲਾ ਲਵਾਂਗੀ----
ਦ.ਕ : ਤੁਸੀ ਇਹ ਵੀ ਦੱਸੋ ਕਿ ਪੇਕੇ ਘਰ ਪੜ੍ਹਾਈ ਕਿੱਥੋਂ ਤੱਕ ਕੀਤੀ?
ਸ.ਅ : ਪੇਕੇ ਘਰ ਮੈਂ ਸਿਰਫ ਨੌਂ ਜਮਾਤਾਂ ਹੀ ਪੜ੍ਹ ਸਕੀ।
ਦ.ਕ : ਉਹ ਕਿਉਂ?
ਸ.ਅ : ਅਸੀਂ ਪੰਜ ਭੈਣਾਂ ਸਾਂ। ਛੋਟੇ ਜਹੇ ਪਿੰਡ ਦਾ ਵਿਹੜਾ ਧੀਆਂ ਨਾਲ
ਭਰਿਆ ਪਿਆ ਸੀ ਤੇ ਉਸ ਘਰ ਵਿੱਚ ਧੀਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਨਹੀਂ
ਸੀ ਸਮਝਿਆ ਗਿਆ ਤੇ ਇਹਦੇ ਨਾਲ ਇੱਕ ਹੋਰ ਦੁਰਘਟਨਾ ਜੁੜ ਗਈ ਕਿ ਇੱਕ
ਦੁਰਘਟਨਾ ਵਿੱਚ ਮੇਰੀ ਮਾਂ ਦੇ ਮੋਢੇ ਦੀ ਹੱਡੀ ਟੁੱਟ ਗਈ। ਮੈਂ
ਮਾਪਿਆਂ ਦੀ ਸਭ ਤੋਂ ਵੱਡੀ ਧੀ ਸੀ। ਘਰ ਵਿੱਚ
ਖੇਤੀਬਾੜੀ ਦਾ ਕੰਮ ਸੀ ਤੇ ਮੈਨੂੰ ਪੜ੍ਹਾਈ ਛੱਡਣੀਂ ਪਈ।
ਦ.ਕ : ਕੀ ਸੌਹਰੇ ਘਰ ਜਾ ਕੇ ਸਾਹਿਤਕ ਮਾਹੌਲ ਮਿਲਿਆ?
ਸ.ਅ : : ਉੱਥੇ ਵੀ ਮੇਰੇ ਗੀਤਾਂ ਲਈ ਦੁੱਖ ਬਲ਼ਦਾ ਸੀ। ਮਾਂ ਦੀ ਜਗਾਹ ਸੱਸ
ਨੇ ਲੈ ਲਈ ਸੀ।
ਦ.ਕ : ਫੇਰ ਤੁਸੀਂ ਕੀ ਕੀਤਾ? ਤੁਹਾਡੇ ਪਿਆਰ
ਨੇ ਕੀ ਰੰਗ ਲਿਆਂਦਾ?
ਸ.ਅ : ਉਸ ਵਕਤ ਉਰਦੂ ਦਾ ਇੱਕ ਸ਼ੇਅਰ ਮੈਨੂੰ ਆਪਣੇ ਕਰੀਬ ਅਤੇ ਬਹੁਤ ਸੱਚਾ
ਲੱਗਣ ਲੱਗ ਪਿਆ।
“ ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈਂ,
ਯੇ ਵੋਹ ਨਗ਼ਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ”।
ਪਰ ਮੇਰੇ ਮਨ ਨੇ ਜਿਵੇਂ ਜ਼ਿਦ
ਫੜ ਲਈ ਕਿ ਇਸ ਪੱਥਰ ਤੇ ਬੂੰਦ ਦਾ ਨਿਸ਼ਾਨ ਪਾਕੇ ਹੀ ਛੱਡਣਾ ਹੈ।
ਦ.ਕ : ਇਹ ਨਿਸ਼ਾਨ ਛੱਡਣ ਵਾਲੀ ਗੱਲ ਨੂੰ ਥੋੜ੍ਹਾ ਵਿਸਥਾਰ ਦਿਓ !
ਸ.ਅ : ਆਖ਼ਿਰ ਦਸਾਂ ਸਾਲਾਂ ਬਾਦ ‘ਉਹ’ ਮੇਰੇ ਤਰਲਿਆਂ ਸਾਹਮਣੇ ਹਾਰ ਗਿਆ।
ਜਿਹੜੇ ਸਕੂਲ ਵਿੱਚ ਮੇਰੇ ਬੱਚੇ ਪੜ੍ਹਦੇ ਸਨ, ਉਸੇ ਸਕੂਲ ਪੜ੍ਹਨ ਲੱਗ ਪਈ
ਤੇ ਨਵੇਂ ਸਿਰਿਓਂ ਪੜ੍ਹਨਾ, ਲਿਖਣਾ ਤੇ ਸਮਝਣਾ ਸ਼ੁਰੂ ਕੀਤਾ। ਮੇਰੀ ਨੌਵੀਂ
ਅਤੇ ਦਸਵੀਂ ਵਿਚਾਲੇ 12 ਸਾਲ ਦਾ ਫ਼ਾਸਲਾ ਹੈ।
ਦ.ਕ : ਫਿਰ ਕਿੱਥੋਂ ਤੱਕ ਪੜਾਈ ਚੱਲਦੀ ਰਹੀ?
ਸ.ਅ : ਹੁਣ ਮੈਂ ਐਮ. ਏ. ਪੰਜਾਬੀ ਕਰਨ ਤੋਂ ਬਾਅਦ ਪੀ. ਐੱਚ ਡੀ ਕਰ ਰਹੀ
ਹਾਂ।
ਦ.ਕ : ਐਮ. ਏ. ਕਿਹੜੀ ਯੂਨੀਵਰਸਿਟੀ ਤੋਂ ਕੀਤੀ?
ਸ.ਅ : ਪੰਜਾਬੀ ਯੂਨੀਵਰਸਿਟੀ ਕੁਰੂਕਸ਼ੇਤਰ ਤੋਂ।
ਦ.ਕ : ਹੁਣ ਜਿਸ ਮੁਕਾਮ ਤੇ ਤੁਹਾਡੀ ਕਵਿਤਾ ਪਹੁੰਚ ਚੁੱਕੀ ਹੈ ਇਸ ਬਾਰੇ
ਪਰਿਵਾਰ ਦਾ ਕੀ ਵਤੀਰਾ ਹੈ?
ਸ.ਅ : ਹੁਣ ਘਰ ਵਾਲੇ ਮੇਰੀ ਪ੍ਰਾਪਤੀ ਨੂੰ ਆਪਣੀ ਪ੍ਰਾਪਤੀ ਸਮਝਦੇ ਨੇ ਤੇ
ਮਾਣ ਮਹਿਸੂਸ ਕਰਦੇ ਨੇ। ਜਦੋਂ ਵੀ ਮੇਰੀ ਕਿਤਾਬ ਛਪਦੀ ਹੈ ਤਾਂ ਮੇਰੀ ਸੱਸ
ਪੁੱਛਦੀ ਹੈ, “ਬਿੰਦਰ ਹੁਣ ਆਪਣੀਆਂ ਕੈ ਕਿਤਾਬਾਂ ਹੋ ਗਈਆਂ”?
ਦ.ਕ : ਅਜਿਹਾ ਸਵਾਲ ਹੋਣ ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਸ.ਅ : ਮੈਨੂੰ ਲੱਗਦੈ ਮੇਰੀ ਤਪੱਸਿਆ ਦਾ ਫ਼ਲ ਮੈਨੂੰ ਮਿਲ ਗਿਆ ਹੈ।
ਦ.ਕ : ਹੁਣ ਤੱਕ ਕਿਹੜੀਆਂ ਕਿਹੜੀਆਂ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ
ਹਨ?
ਸੱਭ ਤੋਂ ਪਹਿਲੀ ਕਿਤਾਬ “ਸੂਰਜ ਦੀ ਦਹਿਲੀਜ਼” 1997 ‘ਚ ਆਈ ਸੀ । ਇਹ
ਨਿਰੋਲ ਗ਼ਜ਼ਲਾਂ ਦਾ ਸੰਗ੍ਰਹਿ ਸੀ। ਫਿਰ ਇੱਕ ਹੋਰ ਗ਼ਜ਼ਲ ਸੰਗ੍ਰਹਿ 1999 ‘ਚ
ਛਪਿਆ। ਤੀਜੀ ਕਿਤਾਬ ਨਜ਼ਮਾਂ ਦੀ ਸੀ “ਕਣੀਆਂ”, ਚੌਥੀ ਫਿਰ ਗ਼ਜ਼ਲਾਂ ਦੀ
ਕਿਤਾਬ ਛਪੀ “ਪੱਤਝੜ ਵਿੱਚ ਪੁੰਗਰਦੇ ਪੱਤੇ” ਤੇ ਹੁਣ ਪੰਜਵੀਂ ਕਿਤਾਬ
“ਧੁੱਪ ਦੀ ਚੁੰਨੀ” ਪ੍ਰਕਾਸ਼ਿਤ ਹੋਈ ਹੈ। ਇੱਕ ਗ਼ਜ਼ਲ ਸੰਗ੍ਰਹਿ ਸੰਪਾਦਿਤ
ਕੀਤਾ ਹੈ ਜਿਸਦਾ ਨਾਮ ਹੈ “ਕੇਸਰ ਦੇ ਛਿੱਟੇ”।
ਦ.ਕ : ਗ਼ਜ਼ਲ ਕਹਿੰਦਿਆਂ ਤੁਹਾਨੂੰ ਨਜ਼ਮ ਲਿਖਣ ਦੀ ਕੀ ਲੋੜ ਪਈ?
ਸ.ਅ : ਅਸਲ ‘ਚ ਮੈਂ ਇਹਨਾਂ ਕਾਵਿ ਸਿਨਫਾਂ ਨਾਲ ਸੁਚੇਤ ਮਨ ਨਾਲ ਨਹੀਂ
ਜੁੜੀ। ਕਿਹਾ ਜਾਂਦਾ ਹੈ ਕਿ ਜਦੋਂ ਵੀ ਖ਼ਿਆਲ ਉੱਤਰਦਾ ਹੈ ਉਹ ਆਪਣੀ ਬੰਦਿਸ਼
ਆਪਣੇ ਨਾਲ ਲੈ ਕੇ ਆਉਂਦਾ ਹੈ। ਜਦੋਂ ਮੇਰਾ ਕੋਈ ਖ਼ਿਆਲ ਸ਼ੇਅਰ ਦੇ ਰੂਪ ‘ਚ
ਢਲਦਾ ਹੈ ਤਾਂ ਉਹ ਗ਼ਜ਼ਲ ਬਣ ਜਾਂਦੀ ਹੈ। ਕਈ ਖ਼ਿਆਲ ਖ਼ੁਦ ਬਖ਼ੁਦ ਨਜ਼ਮਾਂ ‘ਚ ਢਲ
ਜਾਂਦੇ ਹਨ ਤੇ ਮੈਂ ਇਹਨਾਂ ਦੋਹਾਂ ਕਾਵਿ ਰੂਪਾਂ ਨੂੰ ਪਿਆਰ ਕਰਦੀ ਹਾਂ।
ਦ.ਕ : ਗ਼ਜ਼ਲ ਤੇ ਨਜ਼ਮ ‘ਚ ਕੀ ਅੰਤਰ ਦੇਖਦੇ ਹੋ?
ਸ.ਅ : ਰੂਪਕ ਪੱਖ ਤੋਂ ਦੇਖਿਆ ਜਾਵੇ ਤਾਂ ਗ਼ਜ਼ਲ ਲਿਖਣੀ ਕਾਫੀ ਔਖੀ ਜਾਪਦੀ
ਹੈ। ਵਜ਼ਨ, ਬਹਿਰ ਦਾ ਬਹੁਤ ਖ਼ਿਆਲ ਰੱਖਣਾ ਪੈਂਦਾ ਹੈ ਤੇ ਜਿੰਨੀ ਇਸ ਸਿਨਫ਼
ਵਿੱਚ ਬੰਦਿਸ਼ ਲੱਗਦੀ ਹੈ ਉਨੀਂ ਖੁਲ੍ਹ ਵੀ ਹੈ। ਖੁਲ੍ਹ ਇਸ ਗੱਲ ਦੀ ਕਿ
ਤੁਹਾਡਾ ਹਰ ਖਿਆਲ ਦੋ ਸਤਰਾਂ ਦੇ ਸ਼ੇਅਰ ਵਿੱਚ ਸਿਮਟ ਜਾਂਦਾ ਹੈ ਤੇ ਅਗਲੇ
ਸ਼ੇਅਰ ਵਿੱਚ ਤੁਸੀਂ ਅਗਲਾ ਖ਼ਿਆਲ ਪੇਸ਼ ਕਰ ਸਕਦੇ ਹੋ। ਇੱਕ ਹੀ ਗ਼ਜ਼ਲ ਦੇ ਵੱਖ
ਵੱਖ ਸ਼ੇਅਰਾਂ ਵਿੱਚ ਵੱਖ ਵੱਖ ਖ਼ਿਆਲ, ਵਿਸ਼ੇ, ਭਾਵਨਾਵਾਂ ਸਮੋਈਆਂ ਜਾ
ਸਕਦੀਆਂ ਹਨ। ਜੇਕਰ ਗ਼ਜ਼ਲ ਦਾ ਇੱਕ ਸ਼ੇਅਰ ਸੰਜੋਗ ਦਾ ਹੈ ਤਾਂ ਦੂਜਾ ਵਿਯੋਗ
ਦਾ ਵੀ ਹੋ ਸਕਦਾ ਹੈ ਪਰ ਨਜ਼ਮ ਦੀ ਹਰ ਸਤਰ ਇੱਕ ਇਕਾਈ ਵਿੱਚ ਬੱਝੀ ਹੁੰਦੀ
ਹੈ। ਖ਼ਿਆਲ ਦੀ ਉਡਾਰੀ ਲਈ ਕੋਈ ਬੰਦਿਸ਼ ਨਹੀਂ ਹੁੰਦੀ।
ਦ.ਕ : ਤੁਹਾਡੀ ਆਪਣੀ ਕਵਿਤਾ ਤੁਹਾਡੇ ਵਾਸਤੇ ਕੀ ਹੈ?
ਸ.ਅ : ਤੁਹਾਡਾ ਇਹ ਸਵਾਲ ਸੁਣ ਕੇ ਮੈਨੂੰ ਸੁਰਜੀਤ ਪਾਤਰ ਜੀ ਦੀਆਂ ਸਤਰਾਂ
ਯਾਦ ਰਹੀਆਂ ਹਨ:-
“ਸੰਤਾਪ ਨੂੰ ਗੀਤ ਬਣਾ ਲੈਣਾਂ – ਮੇਰੀ ਮੁਕਤੀ ਦਾ ਇੱਕ ਰਾਹ ਹੈ,
ਜੇ ਹੋਰ ਕੋਈ ਨਹੀਂ ਹੈ ਦਰ – ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ”।
ਦ.ਕ : ਚੰਗੀ ਤੇ ਮਾੜੀ ਕਵਿਤਾ ਵਿੱਚ ਦਵੰਦ ਬਿੰਦੂ ਕਿੱਥੇ ਹੈ?
ਸ.ਅ : ਇੱਕ ਉਰਦੂ ਦਾ ਸ਼ੇਅਰ ਹੈ:-
“ ਬਾਤ ਜੋ ਦਿਲ ਸੇ ਨਿਕਲਤੀ ਹੈ, ਅਸਰ ਰੱਖਤੀ ਹੈ।
ਪਰ ਨਹੀਂ, ਪਰਵਾਜ਼ ਮਗਰ ਰੱਖਤੀ”।
ਦਿਲ ‘ਚੋਂ ਨਿੱਕਲੀ ਹੋਈ ਕਵਿਤਾ ਹੀ ਸੱਚੀ ਕਵਿਤਾ ਹੁੰਦੀ ਹੈ ਤੇ ਸੱਚੀ
ਕਵਿਤਾ ਹੀ ਚੰਗੀ ਕਵਿਤਾ ਹੁੰਦੀ ਹੈ।
ਦ.ਕ : ਸੁਖਵਿੰਦਰ ਦੀ ਕਵਿਤਾ ‘ਚ ਸੁਖਵਿੰਦਰ ਅੰਮ੍ਰਿਤ ਆਪ ਕਿੰਨਾ ਕੁ
ਸ਼ਾਮਿਲ ਹੁੰਦੀ ਹੈ?
ਸ.ਅ : ਰੂਹ – ਮਨ – ਤਨ ਦੇ ਤਿੰਨਾਂ ਲੋਕਾਂ ਸਮੇਤ।
ਦ.ਕ : ਕੀ ਕਵਿਤਾ ਵਿੱਚ ਸਮੁੱਚੇ ਮਨ ਦੇ ਅਹਿਸਾਸ ਨੂੰ ਪੇਸ਼ ਕੀਤਾ ਜਾ ਸਕਦਾ
ਹੈ?
ਸ.ਅ : ਕਵਿਤਾ ਮਨੁੱਖੀ ਮਨ ਦੇ ਅਹਿਸਾਸਾਂ ਦਾ
ਹੀ ਤਰਜਮਾ ਹੈ ਤੇ ਕਵਿਤਾ ਦੀ ਬੁੱਕਲ ਬਹੁਤ ਮੋਕਲੀ ਹੈ।
ਦ.ਕ : ਸਮੁੱਚੇ ਤੌਰ ਤੇ ਪੁਰਸ਼ ਪ੍ਰਤੀ ਤੁਹਾਡਾ ਕੀ ਰਵੱਈਆ ਹੈ?
ਸ.ਅ : ਜਿਸ ਤਰਾਂ ਆਪਾਂ ਕਹਿੰਦੇ ਹਾਂ ਕਿ ਹੱਥ ਦੀਆਂ ਪੰਜੇ ਉਂਗਲਾਂ ਬਰਾਬਰ
ਨਹੀਂ ਹੁੰਦੀਆਂ ਇਸੇ ਤਰਾਂ ਸਾਰੇ ਪੁਰਸ਼ ਇੱਕੋ ਜਹੇ ਨਹੀਂ ਹੁੰਦੇ ਤੇ
ਸਾਰੀਆਂ ਔਰਤਾਂ ਇੱਕੋ ਜਹੀਆਂ ਨਹੀਂ ਹੁੰਦੀਆਂ। ਮੈਂ ਪੁਰਸ਼ ਦਾ ਵੱਧ ਕਰੂਰ
ਰੂਪ ਆਪਣੇ ਬਾਪ ਦੇ ਰੂਪ ‘ਚ ਦੇਖਿਆ ਤੇ ਮੇਰੇ ਮਨ ਵਿੱਚ ਉਸ ਪ੍ਰਤੀ ਨਫ਼ਰਤ
ਤੇ ਡਰ ਪੈਦਾ ਹੋ ਗਏ। ਜਦ ਮੈਂ ਦੂਜੇ ਬੱਚਿਆਂ ਨੂੰ ਆਪਣੇ ਪਿਤਾ ਦੀ ਗੋਦੀ
‘ਚ ਦੇਖਦੀ ਹਾਂ ਤਾਂ ਮੇਰੇ ਮਨ ‘ਚ ਇੱਕ ਤੜਪ ਪੈਦਾ ਹੁੰਦੀ ਹੈ ਕਿ ਮੈਨੂੰ
ਵੀ ਕੋਈ ਇਸ ਤਰਾਂ ਪਿਆਰ ਕਰੇ। ਆਖ਼ਰ ਇਸ ਤੜਪ ਦੀ ਪਨਾਹ ਦਾ ਵਸੀਲਾ ਮੇਰੀ
ਕਵਿਤਾ ਹੀ ਬਣੀ। ਪਰ ਮੈਂ ਕਦੇ ਮਾਯੂਸ ਨਹੀਂ ਹੋਈ । ਮੈਨੂੰ ਲੱਗਦੈ ਪੁਰਸ਼
ਦੀ ਮਾਨਸਿਕ ਸਿਰਜਣਾ ਪਿੱਛੇ ਸਾਡੀਆਂ ਸੱਭਿਆਚਾਰਕ, ਇਤਿਹਾਸਕ, ਮਿਥਿਆਸਕ ਤੇ
ਧਾਰਮਿਕ ਕਦਰਾਂ ਕੀਮਤਾਂ ਦਾ ਬਹੁਤ ਵੱਡਾ ਰੋਲ ਹੈ।
ਦ.ਕ : ਕੀ ਪੁਰਸ਼ ਦੀ ਇਹ ਮਾਨਸਿਕਕਤਾ ਕਦੇ ਬਦਲ ਸਕਦੀ ਹੈ?
ਸ.ਅ : ਹਾਂ! ਬਦਲ ਸਕਦੀ ਹੈ। ਉਸਨੂੰ ਔਰਤ ਪ੍ਰਤੀ ਆਪਣਾ ਰਵੱਈਆ ਬਦਲਣਾ ਪਊ
– ਹੋਰ ਕੋਮਲ ਬਣਨਾ ਪਊ – ਹੋਰ ਨਰਮ ਹੋਣਾ ਪਊ ।
ਦ.ਕ : ਇਹ ਨਰਮੀ ਕਿਵੇਂ ਆਵੇ?
ਸ.ਅ : ਮੁੰਡਿਆ ਦੇ ਪਾਲਣ ਪੋਸ਼ਣ ਵਿੱਚ ਤਬਦੀਲੀ ਲਿਆਉਣੀ ਪਵੇਗੀ। ਅਧਿਆਪਿਕ
ਤੇ ਮਾਪੇ ਵੱਡਾ ਰੋਲ ਨਿਭਾਅ ਸਕਦੇ ਹਨ। ਉਹਨਾਂ ਦੀ ਮਾਨਸਿਕ ਸਿਰਜਣਾ ਵਿੱਚ
ਜੇਕਰ ਉਹਨਾਂ ਨੂੰ ਕੋਮਲ ਕਲਾਵਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ
ਉਹਨਾਂ ਦੇ ਮਨਾਂ ਵਿੱਚ ਕੋਮਲ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ।
ਦ.ਕ : ਇੱਕੀਵੀਂ ਸਦੀ ਵਿੱਚ ਔਰਤ ਨੂੰ ਕਿਸ ਪੜਾਅ ਤੇ ਦੇਖਦੇ ਹੋ?
ਸ.ਅ : ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤ ਦੇ ਹਾਲਾਤ ਦਿਨ ਬ-ਦਿਨ ਬਿਹਤਰ
ਹੋ ਰਹੇ ਹਨ। ਅੱਜ ਤੋਂ 50 ਸਾਲ ਪਹਿਲਾਂ ਔਰਤ ਦੇ ਜੋ ਹਾਲਾਤ ਸਨ ਉਹ ਅੱਜ
ਨਹੀਂ ਤੇ ਜੋ ਅੱਜ ਹਨ ਉਹ 50 ਸਾਲ ਬਾਅਦ ਨਹੀਂ ਹੋਣਗੇ । ਫ਼ਰਕ ਪੈ ਰਿਹਾ ਹੈ
ਪਰ ਬਹੁਤ ਧੀਮੀ ਗਤੀ ਨਾਲ। ਅਜੇ ਵੀ ਸਮੁੱਚੀ ਨਾਰੀ ਜਾਤੀ ਦੀ ਹਾਲਤ ਪੁਰਸ਼
ਪ੍ਰਧਾਨ ਸਮਾਜ ਵਿੱਚ ਸੰਤੋਸ਼ਜਨਕ ਨਹੀਂ ਹੈ।
ਦ.ਕ : ਤੁਹਾਡੇ ਮੁਤਾਬਿਕ ਇਸਦਾ ਕੋਈ ਹੱਲ?
ਸ.ਅ : ਪਹਿਲੀ ਗੱਲ ਤਾਂ ਹੈ ਕਿ ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ
ਦੀ ਲੋੜ ਹੈ ਤੇ ਫਿਰ ਹੱਕਾਂ ਲਈ ਲੜਨ ਦੀ ਤੌਫੀਕ ਹੋਣੀ ਵੀ ਜ਼ਰੂਰੀ ਹੈ। ਇਸ
ਸੱਭ ਕਾਸੇ ਲਈ ਕੁੜੀਆਂ ਦਾ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜ੍ਹਿਆਂ ਹੋਣਾ
ਬਹੁਤ ਜ਼ਰੂਰੀ ਹੈ।
ਦ.ਕ : ਪੰਜਾਬ ਦੀਆਂ ਔਰਤਾਂ ਤੇ ਵਿਦੇਸ਼ਾਂ ਦੀਆਂ ਪੰਜਾਬੀ ਔਰਤਾਂ ਦੀ ਸਥਿਤੀ
‘ਚ ਕੋਈ ਫਰਕ ਮਹਿਸੂਸ ਕੀਤਾ?
ਸ.ਅ : ਬਹੁਤ ਫਰਕ ਦੇਖਿਆ। ਇੱਥੇ (ਵਿਦੇਸ਼ਾਂ ‘ਚ) ਦੀਆਂ ਔਰਤਾਂ ਦੀ ਹਾਲਤ
ਪੰਜਾਬ ਦੀ ਔਰਤ ਨਾਲੋਂ ਬਹੁਤ ਬਿਹਤਰ ਲੱਗਦੀ ਹੈ। ਆਰਥਿਕ ਪੱਖੋਂ ਵੇਖਾਂ
ਤਾਂ ਸਵੈ-ਨਿਰਭਰ ਨੇ। ਆਪਣੀਆਂ ਛੋਟੀਆਂ ਜ਼ਰੂਰਤਾਂ ਲਈ ਉਹਨਾਂ ਨੂੰ ਮਰਦ ਦੇ
ਹੱਥਾਂ ਵੱਲ ਨਹੀਂ ਝਾਕਣਾ ਪੈਂਦਾ। ਉਹ ਸੁਤੰਤਰ ਨੇ। ਉਹਨਾਂ ਦੇ ਘਰੋਂ ਬਾਹਰ
ਵਿਚਰਣ ਵਿੱਚ, ਕੰਮ ਕਾਰ ਤੇ ਆਉਣ ਜਾਣ ਵਾਸਤੇ ਕੋਈ ਦਿਨ ਰਾਤ ਦਾ ਫ਼ਰਕ
ਨਹੀਂ। ਉਹ ਘਰ ਤੋਂ ਬਾਹਰ ਬਿਨਾਂ ਕਿਸੇ ਡਰ ਤੋਂ ਵੇਲੇ ਕੁਵੇਲੇ ਵਿਚਰ
ਸਕਦੀਆਂ ਹਨ। ਕਨੂੰਨ ਹਰ ਪਲ ਉਨ੍ਹਾਂ ਦੇ ਨਾਲ ਹੈ ਤੇ ਉਹ ਆਪਣੇ ਹੱਕਾਂ
ਪ੍ਰਤੀ ਜਾਗਰੂਕ ਵੀ ਨੇ।
ਦ.ਕ : ਕੀ ਨਾਰੀ ਦਿਵਸ ਮਨਾਉਣੇ ਜ਼ਰੂਰੀ ਨੇ?
ਸ.ਅ : ਨਾਰੀ ਦਿਵਸ ਮਨਾਉਣ ਦਾ ਭਾਵ ਹੈ ਕਿ ਨਾਰੀ ਅਜੇ ਵਿਚਾਰੀ ਹੈ। ਇਸ ਲਈ
ਸਿਰਫ਼ ਨਾਰੀ ਦਿਵਸ ਹੀ ਮਨਾਇਆ ਜਾਂਦਾ ਹੈ ਪੁਰਸ਼ ਦਿਵਸ ਨਹੀਂ। ਜਿੰਨਾ ਚਿਰ
ਨਾਰੀ ਆਪਣੇ ਹੱਕਾਂ ਪ੍ਰਤੀ ਸੁਚੇਤ ਨਹੀਂ ਹੁੰਦੀ ਆਪਣੇ ਹਿੱਸੇ ਦੀ ਲੜਾਈ ਆਪ
ਨਹੀਂ ਲੜਦੀ ਉਨਾਂ ਚਿਰ ਨਾਰੀ ਦੇ ਹੱਕਾਂ ਲਈ ਪੈਣ ਵਾਲਾ ਰੌਲਾ ਸਿਰਫ਼ ਅਖੌਤੀ
ਪੱਧਰ ਦੀਆਂ ਗੱਲਾਂ ਹੋ ਕੇ ਹੀ ਰਹਿ ਜਾਂਦਾ ਹੈ ਜਿਹਨਾਂ ਦਾ ਨਾਰੀ ਨੂੰ ਕੋਈ
ਫ਼ਾਇਦਾ ਨਹੀਂ ਪਹੁੰਚਦਾ।
ਦ.ਕ : ਸੁਖਵਿੰਦਰ ਜੀ! ਖੁਸ਼ੀ ਤੇ ਗ਼ਮੀ ਵਿਚਕਾਰ ਤੁਸੀਂ ਕੀ ਫ਼ਾਸਲਾ ਦੇਖਦੇ
ਹੋ?
ਸ.ਅ : ਜ਼ਿੰਦਗ਼ੀ ਵਿੱਚ ਖੁਸ਼ੀ ਛਿਣ ਭੰਗਰ ਦੀ ਹੁੰਦੀ ਹੈ ਤੇ ਦੁੱਖ ਸਦੀਵੀ।
ਜਿਹੜੀ ਖੁਸ਼ੀ ਸਾਨੂੰ ਮਿਲਦੀ ਹੈ ਉਹ ਵੀ ਦੁੱਖ ਦੇ ਪ੍ਰਛਾਵੇਂ ਥੱਲੇ ਹੀ
ਰਹਿੰਦੀ ਹੈ ਕਿਓਂਕਿ ਖੁਸ਼ੀ ਦੇ ਪਲਾਂ ਵਿੱਚ ਉਸਦੇ ਖੁੱਸ ਜਾਣ ਦਾ ਡਰ
ਸਤਾਉਂਦਾ ਰਹਿੰਦਾ ਹੈ।
ਸ.ਅ : ਜਿਵੇਂ ਹਰੇਕ ਸਿਤਾਰੇ ਦੀ ਆਪਣੀ ਰੌਸ਼ਨੀ ਹੁੰਦੀ ਹੈ ਇਵੇਂ ਹਰੇਕ ਜ਼ਖ਼ਮ
ਦੀ ਆਪਣੀ ਆਪਣੀ ਚੀਸ।
ਦ.ਕ : ਤੁਹਾਡੇ ਲਈ ਧਰਮ ਤੇ ਅਧਰਮ ਕੀ ਮਾਅਨੇ ਰੱਖਦੇ ਹਨ?
ਸ.ਅ : ਮੇਰੇ ਲਈ ਸੱਭ ਤੋਂ ਵੱਡਾ ਧਰਮ ਹੈ ਇਨਸਾਨੀਅਤ, ਇਨਸਾਫ਼, ਪਿਆਰ,
ਸੁਤੰਤਰਤਾ ਅਤੇ ਅਧਰਮ ਇਸ ਤੋਂ ਉਲਟ।
dalvirnarwal@yahoo.co.uk
(7 ਅਕਤੂਬਰ 2007)
ਯੂਨੀਕੋਡ