ਸੜਕਾਂ ਸੜਕਾਂ ਬਦਨਸੀਬ ਸੜਕਾਂ ਨਮੋਸ਼ੀ ਦੇ ਬੀਆਬਾਨ ਚਿੱਬ ਖੜਿੱਬੇ ਵਜ਼ੂਦ ਰੁਕੇ ਹੋਏ ਸਾਹ। ਪਹਿਲੀ ਬਾਰਿਸ਼ ਵਿਚ ਹੀ ਟੁੱਟ ਕੇ ਭੁਰ ਜਾਣਗੀਆਂ ਰੁੜ੍ਹ ਜਾਣਗੀਆਂ, ਘਾਹ ਫੂਸ ਦੀ ਤਰ੍ਹਾਂ ਭਰ ਦਿੱਤੇ ਹਨ ਇਹਨਾਂ ਵਿਚ ਇੱਟਾਂ, ਰੋੜੇ, ਕੰਕਰਾਂ ਤੇ ਮਿੱਟੀ ਦੀਆਂ ਢੀਮਾਂ ਤੇ ਉਪਰ ਪਾਣੀ ਦਾ ਤਰੌਂਕਾ। ਖੁਰ ਜਾਣਗੀਆਂ ਇਹ ਅੱਖਾਂ ‘ਚੋਂ ਨਿਕਲਦੀ ਲੂਣੀ ਨਦੀ ਵਿਚ ਫੀਤਾ ਫੀਤਾ ਹੋ ਜਾਣਗੀਆਂ ਅਗਲੇ ਵਰ੍ਹੇ ਦੇ ਬਜਟ ਤੋਂ ਬਹੁਤ ਪਹਿਲਾਂ। ਟੋਏ, ਟਿੱਬੇ, ਚਿੱਬ ਤੇ ਅੰਦਰ ਨੂੰ ਧੱਸੀਆਂ ਵੱਖੀਆਂ ਭੁੱਖਣ-ਭਾਣੀਆਂ, ਬੇਆਬਰੂ, ਮਸਕੀਨ ਹਰ ਜ਼ਮੀਨ ਤੇ ਹੀ ਬੇਜ਼ਮੀਨ ਢੋਇਆ ਹੈ ਇਨ੍ਹਾਂ ਨੇ ਬੜਾ ਹੀ ਬੋਝ ਪਹੁੰਚਾਇਆ ਹੈ ਰਾਹੀਆਂ ਨੂੰ ਮੰਜ਼ਲ ‘ਤੇ ਪਰ ਆਪ ਸਦਾ ਹੀ ਸਫ਼ਰ ਵਿਚ ਰਹੀਆਂ
ਅਨੰਤ, ਅਮੁੱਕ ਤੇ ਬੇਕਿਨਾਰ ਸਫ਼ਰ ਸਦਾ ਹੀ ਇਨ੍ਹਾਂ ਦਾ ਨਸੀਬ ਰਿਹਾ। ਜਿੱਥੋਂ ਦੀ ਕਮੀਜ਼ ਪਾਟਦੀ ਹੈ ਉਥੇ ਇੱਕ ਟਾਕੀ ਲਾ ਦਿੱਤੀ ਜਾਂਦੀ ਹੈ ਤੇ ਫੇਰ ਇੱਕ ਮਘੋਰਾ ਕਿਤੇ ਹੋਰ ਥਾਉਂ ਨਿਕਲ ਆਉਂਦਾ ਹੈ। ਥਾਂ ਥਾਂ ਤੇ ਲੱਗੀਆਂ ਚੇਪੀਆਂ ਥਾਂ ਥਾਂ ਤੋਂ ਟੁੱਟੇ ਲਿਬਾਸਾਂ ਵਿਚ ਆਪਣੇ ਆਪ ਨੂੰ ਲੁਕਾਉਂਦੀ ਸੜਕ ਮਾਯੂਸ ਹੈ, ਸ਼ਰਮਿੰਦਾ ਹੈ ਸ਼ਹਿਰ ਦੀਆਂ ਸੜਕਾਂ ਦਾ ਹਾਲ ਬੜਾ ਹੀ ਮੰਦਾ ਹੈ। ਰਾਤ ਦਿਨ ਜਾਗਦੀਆਂ ਸੜਕਾਂ ਬੇਇੰਤਹਾ ਦੁਖੜੇ ਝਾਗਦੀਆਂ ਸੜਕਾਂ ਟਰੱਕ, ਕਾਰਾਂ, ਬੱਸਾਂ ਤੇ ਸਕੂਟਰ ਸਭ ਕੁਝ ਨੂੰ ਸਹਾਰਦੀਆਂ ਸੜਕਾਂ ਬੜੇ ਮਹੱਲ ਉਸਾਰੇ ਇਨ੍ਹਾਂ ਨੇ ਛੱਤੇ ਬੜੇ ਹੀ ਚੁਬਾਰੇ ਇਨ੍ਹਾਂ ਨੇ ਪਰ ਖ਼ੁੱਦ ਢਾਰੇ ਤੋਂ ਵੀ ਮਹਿਰੂਮ ਭਲਾ ਕੌਣ ਹੈ ਇਸ ਤੋਂ ਵੱਡਾ ਮਹਿਕੂਮ? ਪਹਿਰੇ ਬਦਲੇ ਸਰਕਾਰਾਂ ਬਦਲੀਆਂ ਹਜੂਮ ਬਦਲੇ ਤਲਵਾਰਾਂ ਬਦਲੀਆਂ ਪਰ ਸਭ ਨੇ ਇਨ੍ਹਾਂ ਨੂੰ ਮਿਧਿਆ ਹੈ ਇਹਨਾਂ ਦੀ ਅਜ਼ਮਤ ਲੁੱਟੀ ਹੈ ਇਨ੍ਹਾਂ ਦੀ ਮੜ੍ਹੀ ਫੂਕੀ ਹੈ। ਭਲਾ ਕੋਈ ਕਿਸੇ ਦੇ ਖੱਫਣ ‘ਚੋਂ ਵੀ ਠੱਗੀਆਂ ਮਾਰ ਸਕਦਾ ਹੈ ਸ਼ਗਨਾਂ ਦੇ ਸਾਲੂ ‘ਚੋਂ ਤਾਂ ਭਲਾ ਮੰਨਿਆ ਕਦੇ ਕੋਈ ਕਿਸੇ ਦੇ ਬਾਬਾਣ ਵੀ ਵੇਚਦਾ ਹੈ? ਹਾਂ ਪਰ ਸੜਕ ਵਿਕੀ ਹੈ ਫਰਾਕਾਂ ਵਿਚ, ਸੂਟ ਵਿਚ, ਸਾੜ੍ਹੀ ਵਿਚ ਭਰੀ ਜਵਾਨੀ ਵਿਚ ਢਲਦੀਆਂ ਦੁਪਹਿਰਾਂ ਵਿਚ ਤੇ ਕਬਰ ਦੀ ਮਿੱਟੀ ਦੀ ਸ਼ਰਨ ਜਾ ਕੇ ਵੀ ਇਕੱਤੀ ਮਾਰਚ ਤੋਂ ਪਹਿਲਾਂ ਪਹਿਲਾਂ ਇਸਦੇ ਪੈਰਹਨ ਦਾ ਸੌਦਾ ਹੋਣਾ ਹੈ ਕੁਝ ਠੇਕੇਦਾਰ ਨੇ ਖਾਣਾ ਹੈ ਕੁਝ ਨਾਜਿ਼ਮ ਦੇ ਢਿੱਢ ‘ਚ ਜਾਣਾ ਹੈ। ਕਾਗਜ਼ਾਂ ‘ਚ ਕੱਜੀ ਹੋਈ ਸੜਕ ਚੌਰਾਹੇ ‘ਚ ਨੰਗੀ ਪਈ ਤੜਪਦੀ ਹੈ।
********
|
|
ਕਲਚਰ
ਸਾਨੂੰ ਸਾਡੀ ਕਲਚਰ ਸਮਝਾਓ ਅਸੀਂ ਜੀਊਣਾ ਚਾਹੁੰਦੀਆਂ ਹਾਂ ਸਾਡੇ ਭਰਾ, ਸਾਡੇ ਪਿਉ, ਸਾਡੇ ਪਤੀ ਅਸੀਂ ਜਾਣ ਚੁਕੀਆਂ ਹਾਂ ਸਾਡੇ ਰਖਵਾਲੇ ਹਨ ਕਿਉਂਕਿ ਏਸ ਸਮਾਜ ਵਿਚ ਉਹ ਬੜੀ ਇਜ਼ਤ ਵਾਲੇ ਹਨ। ਜਦੋਂ ਕੋਈ ਭੈਣ ਔਰਤ ਵਾਂਗ ਸਾਹ ਲੈਂਦੀ ਹੈ ਭਰਾ ਨੂੰ ਦਮੇ ਦਾ ਰੋਗ ਹੋ ਜਾਂਦਾ ਹੈ। ਜਦੋਂ ਕੋਈ ਧੀ ਔਰਤ ਵਾਂਗ ਸਾਹ ਲੈਂਦੀ ਹੈ ਬਾਪ ਰੂਹ ਤਕ ਕੈਂਸਰਿਆ ਜਾਂਦਾ ਹੈ। ਜਦੋਂ ਕੋਈ ਪਤਨੀ ਔਰਤ ਵਾਂਗ ਸਾਹ ਲੈਂਦੀ ਹੈ ਪਤੀ ਦੇ ਖ਼ੂਨ ਦਾ ਦੌਰਾ ਦਿਮਾਗ਼ੀ ਨਸ ਫਟਣ ਦੀ ਹੱਦ ਤੀਕ ਪਹੁੰਚ ਜਾਂਦਾ ਹੈ। ਦੁਨੀਆ ਵਿਚ ਬੀਮਾਰੀਆਂ ਵੱਧ ਰਹੀਆਂ ਹਨ ਬਿਮਾਰੀਆਂ ਦੇ ਲੱਛਣ ਬੜੇ ਭਿਆਨਕ ਹਨ ਲੱਛਣ ਤਾਂ ਆਪੇ ਦੂਰ ਹੋ ਜਾਣਗੇ ਕਾਰਨਾਂ ਨੂੰ ਜਾਨਣਾ ਜ਼ਰੂਰੀ ਹੈ ਔਰਤ ਦੀ ਰੂਹ ਲਈ ਕਲਚਰ ਦਾ ਪਿੰਜਰਾ ਜ਼ਰੂਰੀ ਹੈ। ਵੇਖਣਾ! ਪਿੰਜਰਾ ਬੜਾ ਸੁਹਣਾ ਚਾਹੀਦਾ ਹੈ ਇਹ ਘਰ ਦੀਆਂ ਬਰੂਹਾਂ ‚ਚ ਸੱਜਣਾ ਹੈ ਕਿਉਂਕਿ ਹਰ ਆਣ ਜਾਣ ਵਾਲੇ ਦੇ ਮੱਥੇ ਲੱਗਣਾ ਹੈ। ਰੂਹ ਦਾ ਕੀ ਹੈ ਆਪੇ ਬਦਲ ਜਾਏਗੀ ਤੁਸੀਂ ਸਭ ਜਾਣਦੇ ਹੋ ਕਲਚਰ ਦੇ ਮੇਚ
ਕਦ ਆਈ ਸੀ ਜੇ ਹੁਣ ਆਏਗੀ। ਕਲਚਰ ਦੇ ਜਿਊਣ ਲਈ ਰੂਹ ਦਾ ਜੀਣਾ ਕੀ ਜ਼ਰੂਰੀ ਹੈ ਹਰ ਕਲਚਰ ਦੀ ਆਪਣੀ ਮਜ਼ਬੂਰੀ ਹੈ। ਰੂਹ ਦੀ ਮਜ਼ਬੂਰੀ ਸਾਨੂੰ ਜੀਣ ਨਹੀਂ ਦੇਵੇਗੀ ਇਹ ਵਸਤਾਂ ਦਾ ਯੁੱਗ ਹੈ ਹਰ ਵਸਤ ਨੂੰ ਸਜਾਓ ਅਸੀਂ ਜੀਊਣਾ ਚਾਹੁੰਦੀਆਂ ਹਾਂ ਸਾਨੂੰ ਸਾਡੀ ਕਲਚਰ ਸਮਝਾਓ ਅਸੀਂ ਜੀਊਣਾ ਚਾਹੁੰਦੀਆਂ ਹਾਂ। ********
|