ਤੇਰਾਂ ਕਵਿਤਾਵਾਂ


-ਡਾ: ਦਵਿੰਦਰ ਕੌਰ-

ਡੇਢ ਦਰਜਨ ਪੁਸਤਕਾਂ ਦੀ ਰਚਨਾਹਾਰਾ, ਵਿਦਵਾਨ ਆਲੋਚਕ, ਅਧਿਆਪਿਕਾ ਅਤੇ ਸ਼ਕਤੀਸ਼ਾਲੀ ਕਵਿਤਰੀ ਡਾ: ਦੇਵਿੰਦਰ ਕੌਰ ਪੀ.ਐਚਡੀ ਕਿਸੇ ਵੀ ਰਸਮੀ ਜਾਣ-ਪਹਿਚਾਣ ਦੀ ਮੁਥਾਜ ਨਹੀਂ। ਉਹ, ਕਈ ਦੇਸ਼ੀ ਅਤੇ ਵਿਦੇਸ਼ੀ ਪੁਰਸਕਾਰਾਂ ਨਾਲ ਸਨਮਾਨਿਤ, ਪਿਹਲਾਂ ਦਿੱਲੀ ਅਤੇ ਇਸ ਵੇਲੇ ਯੂ. ਕੇ ਵਿਚ ਅਧਿਆਪਨ ਦਾ ਕਿੱਤਾ ਕਰ ਰਹੀ ਹੈ। ਲੇਖਕਾ ਦੀਆ ਹੁਣ ਤੱਕ ਤਿੰਨ ਕਵਿਤਾਵਾਂ ਦੀਆਂ ਪੁਸਤਕਾਂ ਅਤੇ ਗਿਆਰਾਂ ਸਮੀਖਿਆ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਲੇਖਕਾ ਨੇ ਚਾਰ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੈ।
ਸੂਫੀ ਸੰਗੀਤ ਸੁਣਨ ਅਤੇ
ਪੰਜਾਬੀ ਕਾਵਿਕ ਗੀਤਾਂ ਨੂੰ ਗਾਉਣ ਦਾ ਸ਼ੌਂਕ ਰੱਖਦੀ ਲੇਖਕਾ ਦੀਆਂ 13 ਕਵਿਤਾਵਾਂ 'ਲਿਖਾਰੀ' ਦੇ ਪਾਠਕਾਂ ਲਈ ਪੇਸ਼ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭਵ ਕਰ ਰਹੇ ਹਾਂ।--ਲਿਖਾਰੀ

 

ਸਿਰਲੇਖ

ਮੈਨੂੰ ਕਵਿਤਾ ਦਾ ਸਿਰਲੇਖ
ਰੱਖਣਾ ਨਹੀਂ ਆਉਂਦਾ
ਮੇਰੀ ਕਵਿਤਾ ਸਿਰਲੇਖ ਨਾਲ
ਹਰ ਵਾਰ
…………
ਇਕ ਨਵੀਂ ਜੰਗ ਵਿੱਢ ਲੈਂਦੀ ਹੈ
ਤੇ ਇਕ ਇਕ ਕਰਕੇ
ਸਾਰੇ ਅੱਖਰ
ਕਵਿਤਾ ਦੇ ਪਿੰਡੇ
ਚ ਜੜ੍ਹੇ ਜਾਂਦੇ ਹਨ
ਤੇ ਸਿਰਲੇਖ

ਨਮੋਸ਼ੀ ਦਾ ਮਾਰਿਆ
ਖੰਭ ਬਣ
ਦੂਰ ਹਵਾ ਸੰਗ ਉੱਡ ਜਾਂਦਾ ਹੈ

************

ਦਰਦਾਂ ਦਾ ਸਫਰ

ਦਰਦਾਂ ਦੇ ਸਫਰਚੋਂ ਗੁਜ਼ਰਦਿਆਂ
ਦੇਹ ਪੱਥਰ ਹੋ ਰਹੀ
ਰੂਹਾਂ ਦੀ ਗਰਮਾਇਸ਼
ਜੋ ਦੇਹ ਉਡਾਉਣੀ ਲੋਚਦੀ
ਧੀਮੀ ਚਾਲ ਤੁਰਦੀ
ਸੁੰਨ ਹੁੰਦੀ ਜਾ ਰਹੀ
ਪੱਥਰਾਂ ਦੀ ਸੁੰਨ
ਰਗੜ ਭਾਲਦੀ
ਇਕ ਦੂਜੇ ਕੋਲੋਂ ਗੁਜ਼ਰਦੀ
ਖਹਿ ਕੇ ਨਾ ਲੰਘਦੀ
ਸਭ ਪੱਥਰ ਪੱਥਰ ਹੁੰਦਾ ਜਾ ਰਿਹਾ
ਸੋਚ ਟੱਸ ਤੋਂ ਮੱਸ ਨਾ ਹੁੰਦੀ
ਨਾ ਅੱਥਰੂ ਛਲਕਦਾ
ਨਾ ਨਮੀਂ ਉਤਰਦੀ
ਬਾਰਿਸ਼ ਦਾ ਹੜ੍ਹ
ਬਸ ਹੜ੍ਹ ਵਾਂਗ ਗੁਜ਼ਰ ਜਾਂਦਾ
ਪੱਥਰ ਧੁਪ ਜਾਂਦੇ
ਹੋਰ ਲਿਸ਼ਕ ਜਾਂਦੇ
ਕੱਚ ਵਾਂਗ ਨਜ਼ਰ ਆੳਂਦੇ

ਕੋਲ ਜਾਦੂ ਕਿਸਦੇ
ਪੱਥਰਾਂ
ਚ ਰੂਹ ਫੂਕ ਦੇਣ ਵਾਲਾ
ਇਹ ਜਾਦੂ ਦੀ ਨਗਰੀ ਨਾ
ਪੱਥਰਾਂ ਦੀ ਨਗਰੀ
ਜਾਦੂਗਰ ਗਾਇਬ
ਪੱਥਰਾਂ ਦਾ ਰਾਜ
ਦਰਦਾਂ ਦੇ ਸਫਰ
ਚੋਂ ਗੁਜ਼ਰਦਿਆਂ
ਦੇਹ ਪੱਥਰ ਹੋ ਰਹੀ

************

ਸਿੰਡਰੇਲਾ

ਅੱਜ ਕਲ੍ਹ ਰੋਜ਼
ਮੇਰੇ ਸੁਪਨਿਆਂ

ਸਿੰਡਰੇਲਾ ਆਉਂਦੀ ਹੈ
ਕਹਿੰਦੀ ਹੈ
ਉੱਠ

ਐਂਵੇ ਬਿਸਤਰ ਚ ਨਾ ਪਈ ਰਿਹਾ ਕਰ
ਵੇਖ ਮੇਰਾ ਰਾਜਕੁਮਾਰ
ਨਦੀਆਂ ਚੀਰ ਕੇ
ਮੈਨੂੰ ਮਿਲਣ ਆਉਂਦਾ ਹੈ
ਮੇਰੇ ਕਦਮਾਂ ਨੂੰ ਤੋਰ ਦੇਂਦਾ ਹੈ
ਏਸੇ ਲਈ ਮੈਂ ਰੋਜ਼
ਤੇਰੇ ਕੋਲ ਆਉਂਦੀ ਹਾਂ
...  ...  ...

ਮੈਂ ਉਸਨੂੰ ਹਮੇਸ਼ਾ ਆਖਦੀ ਹਾਂ
ਰੱਬ ਤੇਰੀ ਤੋਰ ਸਲਾਮਤ ਰੱਖੇ
ਮੈਂ ਬਿਸਤਰ
ਚ ਨਹੀਂ ਪੈਂਦੀ
ਮੈਂ ਤਾਂ ਸੁਪਨਿਆਂ ਸੰਗ ਭਉਂਦੀ ਰਹਿੰਦੀ ਹਾਂ
ਕਦਮਾਂ ਦੀ ਤੋਰ ਦੀ ਭਾਲ ਵਿਚ

****************

 ਕਵਿਤਾ

 ਸ਼ਬਦਾਂ ਦੀ ਮੁਸਕਰਾਹਟ
ਕਿਤਾਬ
ਚੋਂ ਨਿਕਲ
ਪੋਲੇ ਪੋਲੇ ਪੈਰੀਂ ਆ
ਮੇਰੇ ਕੰਨਾਂ
ਚ ਬੋਲੀ
ਆ ਤੇਰੇ ਬੋਲ ਸੁਆਰਾਂ
ਸ਼ੁਣ! ਤੇ ਕਵਿਤਾ ਲਿਖ

ਮੈਂ ਉਹਦੇ ਕੰਨਾਂ
ਪੋਲੇ ਜਹੇ ਆਖਿਆ
ਜਦੋਂ ਫੇਰ ਹਲਕਾ ਜਿਹਾ ਦਰਦ ਜਗਿਆ
ਤਾਂ ਸ਼ਬਦਾਂ ਦੀਆਂ ਲੜੀਆਂ
ਤੇਰੇ ਮੱਥੇ ਤੇ ਸਜਾਵਾਂਗੀ

************

ਸੋਚ

ਸੋਚਦੇ ਰਹਿੰਦੇ ਹਾਂ
ਕੀ ਹੈ
?
ਰੱਬ
, ਕਾਇਨਾਤ,
ਅਹਿਸਾਸ, ਪਿਆਰ, ਨਫਰਤ
ਸਾਰੀ ਉਮਰ ਸੋਚਦੇ ਰਹਿੰਦੇ ਹਾਂ
ਕੀ ਹੈ
?
ਘਰ, ਬੱਚੇ, ਮੁਹੱਬਤ
ਮਿਲਦੇ ਰਹਿੰਦੇ ਹਾਂ
ਸੰਜੋਗਾਂ ਦੀ ਖੇਡ ਖੇਡਦੇ ਰਹਿੰਦੇ ਹਾਂ
ਰੂਹਾਂ ਕਿਉਂ ਸੁੱਤੀਆਂ ਰਹਿੰਦੀਆਂ ਨੇ
?
ਮਿੱਟੀ ਕਿਉਂ ਦੌੜਦੀ ਰਹਿੰਦੀ ਏ?
ਰਿਸ਼ਤਿਆਂ ਦੀ ਆਈ ਚਲਾਈ
ਮਹਿਫਲਾਂ
ਚੋਂ ਸੁਣਦਾ ਪੌਪ ਸੰਗੀਤ
ਕਿਹੜਾ ਨਾਚ ਨੱਚਦੇ ਰਹਿੰਦੇ ਨੇ
?
ਮਮਤਾ, ਮੁਹੱਬਤ
ਦਿਲ
ਚੋਂ ਭੁੜਕ
ਕਿਉਂ ਮੋਢਿਆਂ
ਤੇ ਚੜ੍ਹ ਜਾਂਦੀ ਹੈ?
ਤੇ ਆਪਣੀ ਹੀ ਖੁਸ਼ੀ ਖਰੀਦਣ ਲੱਗਿਆਂ
ਬੰਦਾ ਏਨਾ ਕੰਜੂਸ ਕਿਉਂ ਹੋ ਜਾਂਦਾ ਹੈ
?
*****************

ਯਾਦਾਂ

ਯਾਦਾਂ ਕਿਵੇਂ ਸਾਂਭਾਂ
ਕਿਥੇ ਸਾਂਭਾਂ
ਦਿਲ ਦਾ ਸੰਦੂਕ ਤਾਂ
ਦਰਦਾਂ ਦੀ ਅਹੂਤੀ ਬਣ
ਅਗਨ-ਭੇਟ ਹੋ ਗਿਆ ਹੈ

***************

ਤਲਾਸ਼

ਪਰਛਾਵਿਆਂਚੋਂ ਗੁਲਾਬੀ ਰੰਗ
ਕਿਵੇਂ ਲੱਭੇ
?
ਉਹ ਤਾਂ ਆਪ ਰੰਗਾਂ ਦੀ ਤਲਾਸ਼
ਭਟਕਦੇ ਨੇ

****************

 ਅੱਖ

ਉਲੀਕਦੇ ਨਕਸ਼ਾਂਚੋਂ
ਚਿਹਰਾ ਗੁਆਚ ਰਿਹਾ ਹੈ
ਕਾਸ਼ਨੀ-ਅੱਖ ਵਿਚਲੀ
ਗੁਲਾਬੀ ਡੋਰ
ਚਿਹਰੇ ਤੋਂ ਬਗੈਰ
ਖਾਲੀ ਕੈਨਵਸ ਤੇ ਪਈ
ਘੂਰਦੀ ਹੈ

***********

ਜਾਚ 1

ਸ਼ਬਦਾਂ ਦੇ ਰੰਗ
ਨਾ ਉਸਨੂੰ ਪੜ੍ਹਣੇ ਆਏ
ਨਾ ਮੈਨੂੰ ਹੀ
ਰੀਝਾਂ ਦੇ ਖੂਹ
ਨਾ ਉਸਨੂੰ ਪੂਰਨੇ ਆਏ
ਨਾ ਮੈਨੂੰ ਹੀ
ਫਿਰ ਸ਼ਿਕਵਾ ਕਿਸਨੂੰ
?
***********

ਜਾਚ 2

ਜੇ ਮੈਨੂੰ ਗੀਤ ਲਿਖਣੇ ਨਹੀਂ ਆਏ
ਤਾਂ ਉਸਨੂੰ ਵੀ ਕਿਹੜੇ ਪੜ੍ਹਣੇ ਆਏ ਹਨ
ਪੜ੍ਹਦਾ ਗੀਤ ਤਾਂ
ਛੰਦ-ਬਹਿਰ ਆਪੇ ਹੀ ਜੋੜ ਲੈਂਦਾ
ਸਿਹਾਰੀਆਂ ਬਿਹਾਰੀਆਂ
,
ਵਜਨ-ਤੋਲ ਸਭ ਆਪੇ ਹੀ ਠੀਕ ਕਰ ਲੈਂਦਾ
ਭਾਵੇਂ ਉਸ ਗੀਤ ਦੀ ਰੂਹ ਦਾ ਕਤਲ ਹੀ ਹੋ ਜਾਂਦਾ
ਪਰ ਉਹ ਤਾਂ

ਹਰਫਾਂ ਦਾ ਗਵਾਹ ਵੀ ਨਾ ਬਣ ਸਕਿਆ
ਗੀਤ ਨੂੰ ਸਤਰੰਗ ਤਾਂ ਕੀ ਦੇਣੇ ਸਨ
ਉਸ ਤਾਂ ਸ਼ਿਕਵਿਆਂ ਦੇ ਰੰਗਾਂ ਨੂੰ ਵੀ ਵਗਾਹ ਮਾਰਿਆ
ਗੀਤ ਵਿਚਲੀ ਇਬਾਰਤ ਤਾਂ ਕੀ ਪੜ੍ਹਣੀ ਸੀ
ਸ਼ੀਸ਼ੇ ਦੀ ਇਬਾਰਤ ਪੜ੍ਹਣ ਲਗਿਆਂ ਵੀ
ਉਸ ਅੱਖਾਂ ਮੀਚ ਲਈਆਂ
*************

ਆਦਤ

ਹਰ ਵਾਰ ਉਸਨੂੰ ਮਿਲਣ ਤੋਂ ਬਾਅਦ
ਉਹ ਨਵੇਂ ਸਵਾਲਾਂ ਸੰਗ ਵਾਪਸ ਮੁੜਦੀ ਹੈ
ਉਹ ਸਵਾਲ...
ਜਿਨ੍ਹਾਂ ਦੇ ਉੱਤਰ ਨਾ ਮਿਲੇ ਹਨ
ਤੇ ਨਾ ਹੀ ਮਿਲਣ ਦੀ ਆਸ ਹੈ
ਫਿਰ ਵੀ...
ਬਾਰ ਬਾਰ ਉਹ ਉਖਲੀ
ਚ ਸਿਰ ਧਰਦੀ ਹੈ
ਉਸਦੀ ਰੂਹ ਤੇ ਜ਼ਖਮਾਂ ਦੀ ਗਿਣਤੀ
ਵਧਦੀ ਜਾ ਰਹੀ ਹੈ
ਉਹ ਜ਼ਖਮਾਂ
ਤੋਂ ਮੁਕਤ ਹੋਣ ਲਈ
ਕੋਈ ਮਰਹਮ ਕਿਉਂ ਨਹੀਂ ਭਾਲਦੀ
?
ਉਹ ਏਨੀ ਨਾਦਾਨ ਕਿਉਂ ਬਣਦੀ ਹੈ?
ਸਭ ਸਮਝਦੀ ਹੈ...
ਬਸ ਸਵਾਲਾਂ
ਚ ਘਿਰੇ ਰਹਿਣਾ
ਉਸਦੀ ਆਦਤ ਜੇਹੀ ਬਣ ਗਈ ਹੈ
ਉਹ ਹਰ ਸਵਾਲ ਦੇ ਉੱਤਰ ਦੀ ਇੰਤਜ਼ਾਰ ਲਈ
ਇੰਤਹਾਈ ਮਰਕਜ਼ ਸਰ ਕਰਨਾ ਚਾਹੁੰਦੀ ਹੈ
ਉਹ ਐਸੀ ਮੱਛੀ ਹੈ
ਜੋ ਪੱਥਰ ਚੱਟ ਕੇ ਵੀ ਮੁੜਦੀ ਨਹੀਂ
ਹਰ ਵਾਰ ਉਸਨੂੰ ਮਿਲਣ ਤੋਂ ਬਾਅਦ
ਉਹ ਨਵੇਂ ਸਵਾਲਾਂ ਸੰਗ ਵਾਪਸ ਮੁੜਦੀ ਹੈ

***************

ਸਵਾਲ

ਜਿਨ੍ਹਾਂ ਸਵਾਲਾਂ ਦੇ ਊੱਤਰ ਨਹੀਂ ਹੁੰਦੇ
ਉਹ ਸਵਾਲ ਹੀ ਨਹੀਂ ਹੁੰਦੇ
ਮ੍ਰਿਗ ਤ੍ਰਿਸ਼ਣਾ ਦੇ ਭਰਮ-ਜਾਲ ਹੁੰਦੇ ਨੇ
ਉਹ ਸਵਾਲਾਂ ਦੀ ਕੈਦ
ਚੋਂ
ਆਜ਼ਾਦ ਹੋਣ ਲਈ
ਆਕਾਸ਼ ਦੇ ਸਫਰਾਂ ਤੋਂ ਤ੍ਰਹਿਣ ਲਗ ਪਈ ਹੈ
ਜਮੀਨ ਦੀ ਮਿੱਟੀ
ਉਹਦੇ ਪਬ੍ਹਾਂ ਨੂੰ ਸਕੂਨ ਦੇ ਰਹੀ ਹੈ
ਉਹ ਸਵਾਲਾਂ ਦੀ ਕੈਦ
ਚੋਂ ਆਜ਼ਾਦ ਹੋ ਰਹੀ ਹੈ
**************

ਭੋਲਾਪਣ

ਨਿੱਕੀ ਚੰਚਲ ਕੁੜੀ
ਟੈਲੀ ਤੇ ਨਜ਼ਮ ਪੜ੍ਹ ਰਹੀ ਹੈ
ਉਹ ਸਿੱਖ ਰਹੀ ਹੈ ਨਜ਼ਮ ਲਿਖਣੀ
ਉਹ ਬੁੱਧ ਬਾਰੇ ਨਜ਼ਮ ਪੜ੍ਹ ਰਹੀ ਹੈ
ਉਹ ਕਹਿ ਰਹੀ ਹੈ
ਉਹ ਬੁੱਧ ਨੂੰ ਪਿਆਰ ਕਰਦੀ ਹੈ
ਉਹ ਬੁੱਧ ਤੇ ਤਰਸ ਕਰ ਰਹੀ ਹੈ
ਕਿ
…..
ਬੁੱਧਾ ਜੰਗਲ ਵਿਚ ਇਕੱਲਾ ਖਾਮੋਸ਼ ਬੈਠਾ ਹੈ
ਉਸਦੀ ਖਾਮੋਸ਼ੀ ਕੁੜੀ ਨੂੰ ਉਦਾਸ ਕਰਦੀ ਹੈ
ਉਹ ਬੁੱਧਾ ਨਾਲ ਤਰਸ ਕਰਣ ਵਾਲੇ
ਸਾਰੇ ਵਿਸ਼ੇਸ਼ਣ ਜੋੜ ਰਹੀ ਹੈ
ਤੇ ਕਹਿ ਰਹੀ ਹ੍ਹੈ

ਮੇਂ ਬੁੱਧਾ ਨੂੰ ਘਰ ਲੈ ਕੇ ਜਾਵਾਂਗੀ
ਉਸਨੂੰ ਕਾਊਂਸਲ ਤੋਂ
ਇਕ ਨਿੱਕਾ ਜਿਹਾ ਘਰ ਦਵਾਂਵਾਂਗੀ
ਨਿੱਕੀ ਚੰਚਲ ਕੁੜੀ
ਟੈਲੀ ਤੇ ਨਜ਼ਮ ਪੜ੍ਹ ਰਹੀ ਹੈ

***************** 

 (20 ਅਪਰੈਲ 2007) ਯੂਨੀਕੋਡ

 ਡਾ: ਦਵਿੰਦਰ ਕੌਰ ਦੀਆਂ 'ਲਿਖਾਰੀ' ਵਿਚ ਛਪੀਆਂ ਹੋਰ ਰਚਨਾੜਾ ਪੜ੍ਹਨ ਲਈ ਕਲਿੱਕ ਕਰੋ:
ਦੋ ਕਵਿਤਾਵਾਂ: (1)ਸੜਕਾਂ (2) ਕਲਚਰ
ਸਮੁੰਦਰੀ ਘਰ
ਮੇਰਾ ਘਰ

 

 


e-mail:
Likhari


© likhari: Punjabi Likhari Forum-2001-2007