|
ਟਾਵਰਜ਼ :ਵਸਤੂ, ਵਿਧੀ ਅਤੇ ਦ੍ਰਿਸ਼ਟੀ
ਸੰਪਾਦਕ : |
24 ਜਨਵਰੀ, 2006 ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਜਰਨੈਲ ਸਿੰਘ ਦੇ ਕਹਾਣੀ ਸੰਗ੍ਰਹਿ ‘ਟਾਵਰਜ਼’ ਉਪਰ ਸੈਮੀਨਾਰ ਹੋਇਆ ਜਿਸ ਵਿਚ ਪਰਚਾ ਲੇਖਕਾਂ ਵਲੋਂ ਇਸ ਗੱਲ ਦਾ ਵਿਸ਼ੇਸ਼ ਨੋਟਿਸ ਲਿਆ ਗਿਆ ਕਿ ਇਸ ਕਹਾਣੀ ਸੰਗ੍ਰਹਿ ਨਾਲ਼ ਜਿੱਥੇ ਜਰਨੈਲ ਸਿੰਘ ਸਿੱਧਾ ਵਿਸ਼ਵੀ ਸੋਚ ਨਾਲ਼ ਜੁੜਦਾ ਹੈ ਉੱਥੇ ਇਸ ਸੰਗ੍ਰਹਿ ਦੀਆਂ ਕਹਾਣੀਆਂ ਨਾਲ਼ ਪੰਜਾਬੀ ਕਹਾਣੀ ਇਕ ਨਵੇਂ ਸਿਖਰ ਵਲ ਵਧਦੀ ਹੈ। ਇਸ ਸਮੇਂ ਹੀ ਅਸੀਂ ਇਸ ਪੁਸਤਕ ਉਪਰ ਇਕ ਆਲੋਚਨਾਤਮਿਕ ਪੁਸਤਕ ਕੱਢਣ ਦੀ ਯੋਜਨਾ ਬਣਾਈ। ਹੁਣ ਤਕ ਜਿਸ ਕਿਸੇ ਪੁਸਤਕ ਉਪਰ ਵੀ ਅਜਿਹੀ ਆਲੋਚਨਾ ਪੁਸਤਕ ਆਈ ਹੈ ਉਹ ਕਿਸੇ ਸਲੇਬਸ ਦਾ ਹਿੱਸਾ ਸੀ। ਕਿਸੇ ਕਹਾਣੀ ਸੰਗ੍ਰਹਿ ਉਪਰ ਅਜਿਹੀ ਕੋਈ ਆਲੋਚਨਾਤਮਕ ਪੁਸਤਕ ਪ੍ਰਾਪਤ ਨਹੀਂ। ‘ਟਾਵਰਜ਼ ਦੀ ਉੱਚੀ ਪੱਧਰ ਨੂੰ ਦੇਖਦਿਆਂ ਅਤੇ ਇਹ ਵਾਚਦਿਆਂ ਕਿ ਪੁਸਤਕ ਛਪਦੇ ਸਾਰ ਹੀ ਸਾਰੀਆਂ ਯੂਨੀਵਰਸਿਟੀਆਂ ਵਿਚ ਇਸ ਉਪਰ ਖੋਜ ਵਿਦਿਆਰਥੀਆਂ ਵਲੋਂ ਰੁਚੀ ਲਈ ਜਾ ਰਹੀ ਹੈ ਤਾਂ ਅਸੀਂ ਵਿਦਵਾਨਾਂ ਨੂੰ ਪਹੁੰਚ ਕਰਨ ਦਾ ਹੌਸਲਾ ਕੀਤਾ। ਵਿਦਵਾਨਾਂ ਦੇ ਹੁੰਗਾਰੇ ਨੇ ਸਾਨੂੰ ਖ਼ੁਦ ਨੂੰ ਹੈਰਾਨ ਕਰ ਦਿੱਤਾ। ਅਸੀਂ ਦਸ ਬਾਰਾਂ ਲੇਖਾਂ ਦੀ ਆਸ ਰੱਖ ਰਹੇ ਸਾਂ ਪਰੰਤੂ ਸਤਾਈ ਲੇਖਾਂ ਦੀ ਇਹ ਪੁਸਤਕ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਕਈ ਨਵੀਆਂ ਲੀਹਾਂ ਪਾਵੇਗੀ ਇਸ ਦੀ ਸਾਨੂੰ ਆਸ ਹੈ।
ਅਸੀਂ ਵਿਦਵਾਨਾਂ ਨੂੰ ਕਿਸੇ ਵੀ ਬੰਧਨ ਵਿਚ ਨਹੀਂ ਸੀ ਬੰਨ੍ਹਿਆਂ ਤੇ ਨਾਂ ਹੀ ਕੋਈ ਖੇਤਰ ਸੁਝਾਏ ਸਨ ਜਿਵੇਂ ਕਿ ਆਮ ਹੁੰਦਾ ਰਿਹਾ ਹੈ। ਹਰ ਵਿਦਵਾਨ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਟਾਵਰਜ਼ ਕਹਾਣੀ ਸੰਗ੍ਰਹਿ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਪਰੰਤੂ ਸਾਰੇ ਹੀ ਵਿਦਵਾਨ ਕੁਝ ਸਾਂਝੇ ਨਤੀਜਿਆਂ ਉਪਰ ਪਹੁੰਚੇ ਹਨ। ਹਰ ਵਿਦਵਾਨ ਇਸ ਨਤੀਜੇ ਉਪਰ ਪਹੁੰਚਿਆ ਹੈ ਕਿ ਟਾਵਰਜ਼ ਕਹਾਣੀ ਨਾ ਕੇਵਲ ਇਸ ਸੰਗ੍ਰਹਿ ਦੀ ਹੀ ਸਗੋਂ ਪੰਜਾਬੀ ਦੀ ਇਕ ਸ਼ਕਤੀਸ਼ਾਲੀ ਤੇ ਕਲਾਸੀਕਲ ਕਹਾਣੀ ਹੈ। ਇਸੇ ਕਾਰਣ ਕੁਝ ਵਿਦਵਾਨਾਂ ਨੇ ਸਿਰਫ਼ ਇਸ ਕਹਾਣੀ ਉਪਰ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ। ਦੂਸਰੀਆਂ ਕਹਾਣੀਆਂ ਬਾਰੇ ਵੀ ਵਿਦਵਾਨਾਂ ਦੀ ਰਾਇ ਹੈ ਕਿ ਜਰਨੈਲ ਸਿੰਘ ਉਨ੍ਹਾਂ ਵਿਚ ਵੀ ਆਪਣੇ ‘ਦੋ ਟਾਪੂ’ ਕਹਾਣੀ ਸੰਗ੍ਰਹਿ ਤੋਂ ਅਗਾਂਹ ਗਿਆ ਹੈ। ਬਿਰਤਾਂਤ ਅਤੇ ਭਾਸ਼ਾਈ ਵਿਧੀਆਂ ਦੀ ਦ੍ਰਿਸ਼ਟੀ ਤੋਂ ਵੀ ਇਸ ਸੰਗ੍ਰਹਿ ਦੇ ਹਵਾਲੇ ਨਾਲ਼ ਕਈ ਮਸਲੇ ਉਠਾਏ ਗਏ ਹਨ ਅਤੇ ਵਿਦਵਾਨਾਂ ਵਲੋਂ ਖ਼ੁਦ ਹੀ ਉਨ੍ਹਾਂ ਦਾ ਸਮਾਧਾਨ ਵੀ ਕੀਤਾ ਗਿਆ ਹੈ। ਨਤੀਜੇ ਵਜੋਂ ਬੜੇ ਸਾਰਥਕ ਨਤੀਜੇ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਚਰਚਾ ਇਸ ਪੁਸਤਕ ਤੋਂ ਬਾਹਰ ਵੀ ਹੁੰਦੀ ਰਹੇਗੀ। ਜੇ ਕਰ ਅਸੀਂ ਸਾਰੇ ਉਠਾਏ ਮੁੱਦਿਆਂ ਬਾਰੇ ਚਰਚਾ ਕਰਾਂਗੇ ਤਾਂ ਇਕ ਲੰਬੀ ਚਰਚਾ ਵਿਚ ਪੈਣਾ ਪਵੇਗਾ ਇਸ ਲਈ ਅਸੀਂ ਇਥੇ ਲੇਖਾਂ ਦੀਆ ਕੁਝ ਮਹੱਤਵਪੂਰਣ ਸਥਾਪਨਾਵਾ ਦੀ ਹੀ ਚਰਚਾ ਕਰਾਂਗੇ।
ਡਾ. ਜਸਬੀਰ ਜੈਨ ਨੇ ਟਾਵਰਜ਼ ਕਹਾਣੀ ਸੰਗ੍ਰਹਿ ਵਿਚੋਂ ਟਾਵਰਜ਼ ਕਹਾਣੀ ਨੂੰ ਦੋ ਸਭਿਆਤਾਵਾਂ ਦੇ ਟਕਰਾਅ ਦੇ ਸੰਦਰਭ ਵਿਚ ਪਰਖਦਿਆਂ ਇਸ ਦੇ ਪ੍ਰਵਚਨ ਨੂੰ ‘ਭਾਵੁਕ ਪ੍ਰਵਚਨ’ ਕਿਹਾ ਹੈ ਜੋ ਇਕ ਗੁੰਝਲਦਾਰ ਬਿਰਤਾਂਤ ਰਾਹੀਂ ਸਾਹਮਣੇ ਆਉਂਦਾ ਹੈ। ਡਾ. ਜਸਬੀਰ ਜੈਨ ਨੇ ਟਾਵਰਜ਼ ਰਾਹੀਂ ਪੰਜਾਬੀ ਪਾਠਕਾਂ ਦੇ ਚੌੜੇਰੇ ਹੁੰਦੇ ਦਿਸਹੱਦਿਆਂ ਦੀ ਨਿਸ਼ਾਨਦੇਹੀ ਕੀਤੀ ਹੈ। ਉਸ ਅਨੁਸਾਰ, “ਪੰਜਾਬੀ ਦਾ ਪਾਠਕ ਸਾਹਿਤ ਨੂੰ ਕੇਵਲ ਯਾਦਾਂ ਜਾਂ ਉਦਰੇਵੇਂ ਜਾਂ ਸਵੈਬੀਤੀ ਤੋਂ ਆਜ਼ਾਦ ਕਰਕੇ ਰਾਸ਼ਟਰ ਤੇ ਇਤਿਹਾਸ ਦੀਆਂ ਹੱਦਾਂ ਤੋਂ ਵੀ ਬਾਹਰ ਜਾ ਕੇ ਮਨੁੱਖ-ਮਨੁੱਖ ਦੇ ਰਿਸ਼ਤੇ, ਸਵੈ ਤੇ ਪਰ ਦੇ ਰਿਸ਼ਤੇ ਇਕ ਸਭਿਅਤਾ ਦੇ ਸੰਵਾਦ ਵਿਚ ਦੇਖਣ ਲੱਗਦਾ ਹੈ।”
ਡਾ. ਸੁਤਿੰਦਰ ਸਿੰਘ ਨੂਰ ਨੇ ਪਾਣੀ ਨਾਂ ਦੀ ਕਹਾਣੀ ਦੀਆ ਪ੍ਰਤੀਕਾਤਮਕ, ਤਣਾਉ, ਵਿਰੋਧੀ ਜੁੱਟ ਬਣਾਉਣ ਆਦਿ ਦੀਆਂ ਵਿਧੀਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਇਸ ਦੇ ਬਿਰਤਾਂਤ ਵਿਚ ‘ਕਈ ਵਿਧੀਆਂ ਦੀ ਚੇਤਨਾ’ ਨੂੰ ਰੇਖਾਂਕਿਤ ਕੀਤਾ ਹੈ। “ਇਹ ਕਹਾਣੀ ਬਾਹਰਲੀ ਪੱਧਰ ਤੇ ਬੜੀ ਸਰਲ ਕਹਾਣੀ ਹੈ ਪਰ ਅੰਤਰੀਵ ਤੌਰ ਤੇ ਇਕ ਜਟਿਲ ਕਹਾਣੀ ਹੈ। ਇਸ ਦੀਆ ਡੂੰਘੀਆਂ ਪਰਤਾਂ ਹਨ। ਇਹ ਕਹਾਣੀ ਯਥਾਰਥ ਨੂੰ ਬਿਆਨ ਕਰਦੀ ਵੀ ਨਿਰੋਲ ਪਰੰਪਰਕ ਵਿਧੀ ਨਾਲ਼ ਸਬੰਧਤ ਨਹੀਂ ਸਗੋਂ ਕਈ ਵਿਧੀਆਂ ਦੀ ਦੀ ਚੇਤਨਾ ਇਸ ਕਹਾਣੀ ਦੇ ਬਿਰਤਾਂਤ ਵਿਚ ਰਲ਼ੀ ਮਿਲ਼ੀ ਹੈ। ਇਸ ਵਿਚੋਂ ਹੀ ਇਸ ਕਹਾਣੀ ਦਾ ਮਹੱਤਵ ਬਣਦਾ ਹੈ।”
ਡਾ. ਜਗਬੀਰ ਸਿੰਘ ਨੇ ਕਹਾਣੀ ਸੰਗ੍ਰਹਿ ਦੇ ਬਿਰਤਾਂਤ ਨੂੰ ‘ਗਲੋਬਲ ਚੇਤਨਾ ਅਤੇ ਮਾਨਵੀ ਸੰਵੇਦਨਾ ਦਾ ਬਿਰਤਾਂਤ’ ਕਿਹਾ ਹੈ। ਡਾ. ਜਗਬੀਰ ਸਿੰਘ ਦਾ ਕਥਨ ਹੈ ਕਿ ਇਸ ਸੰਗ੍ਰਹਿ ਵਿਚ “ਨਿਰੋਲ ਪ੍ਰਵਾਸ ਨਾਲ਼ ਸੰਬੰਧਿਤ ਕਹਾਣੀ ਕੋਈ ਨਹੀਂ ...ਇਨ੍ਹਾਂ ਕਹਾਣੀਆਂ ਦਾ ਕਥਾ ਪ੍ਰਬੰਧ ਅਤੇ ਸਿਰਜਿਤ ਪ੍ਰਵਚਨ ਪ੍ਰਵਾਸੀ ਪੰਜਾਬੀ ਕਹਾਣੀ ਵਿਚ ਆ ਰਹੀ ਖੜੋਤ ਨੂੰ ਹੀ ਦੂਰ ਨਹੀਂ ਕਰਦਾ ਸਗੋਂ ਪੰਜਾਬੀ ਕਹਾਣੀ ਨੂੰ ਮਾਨਵੀ ਸੰਵੇਦਨਾ ਅਤੇ ਗਲੋਬਲੀ ਚੇਤਨਾ ਦੇ ਸਮਕਾਲੀ ਪਰਿਪੇਖ ਨਾਲ਼ ਵੀ ਜੋੜ ਦਿੰਦਾ ਹੈ।”
ਡਾ. ਸੁਖਦੇਵ ਸਿੰਘ ਖਾਹਰਾ ਆਪ ਅਜ ਕਲ੍ਹ ਕੈਨੇਡਾ ਵਿਚ ਵਿਚਰ ਰਿਹਾ ਹੋਣ ਕਾਰਣ ਆਪਣੇ ਪਰਚੇ ‘ਟਾਵਰਜ਼ : ਸੰਵਾਦ ਮੁੱਖ ਬਿਰਤਾਂਤ ਦਾ ਸਿਰਜਣ’ ਵਿਚ ਕੁਝ ਅਜਿਹੇ ਵੇਰਵੇ ਪ੍ਰਸਤੁਤ ਕਰਦਾ ਹੈ ਜੋ ਪੰਜਾਬ ਦੇ ਆਲੋਚਕਾਂ ਦੇ ਹਿੱਸੇ ਨਹੀਂ ਆਏ। ਸਮੁੱਚੀਆਂ ਕਹਾਣੀਆਂ ਦਾ ਮਾਈਕਰੋ ਵਿਸ਼ਲੇਸ਼ਣ ਕਰਦਿਆਂ ਉਹ ਕਈ ਨਵੀਆਂ ਫਾਰਮੂਲੇਸ਼ਨਾਂ ਬਣਾਉਂਦਾ ਹੈ। ਇਥੇ ਅਸੀਂ ਇਕ ਅੱਧ ਉਦਾਹਰਣ ਲੈ ਸਕਦੇ ਹਾਂ। ਟਾਵਰਜ਼ ਕਹਾਣੀ ਬਾਰੇ ਉਸਦਾ ਨਿਚੋੜ ਹੈ ਕਿ , “ ਇਹ ਰਚਨਾ ਵਿਸ਼ਵ ਵਿਆਪੀ ਸਰੋਕਾਰਾਂ ਨਾਲ਼ ਸੰਬੰਧਿਤ ਹ ੈਇਸ ਵਿਚ ਅਜੋਕੇ ਦੌਰ ਵਿਚ ਮਨੁੱਖਤਾ ਨੂੰ ਦਰਪੇਸ਼ ਮਸਲਿਆਂ ਨੂੰ ਵਡੇਰੀ ਮਾਨਵੀ ਦ੍ਰਿਸ਼ਟੀ ਦੇ ਨੁਕਤੇ ਤੋਂ ਮੁਖ਼ਾਤਿਬ ਹੋਇਆ ਗਿਆ ਹੈ। ਇਸ ਨਾਲ਼ ਜਰਨੈਲ ਸਿੰਘ ਦੀ ਬਿਰਤਾਂਤ ਕਲਾ ‘ਕੈਨੇਡੀਅਨ ਪੰਜਾਬੀ ਸਾਹਿਤ’ ਦੇ ਸੰਦਰਭ ਤੋਂ ਅੱਗੇ ਉੱਤਰੀ ਅਮਰੀਕੀ ਸੰਦਰਭ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਸੰਦਰਭ ਗ੍ਰਹਿਣ ਕਰ ਲੈਂਦੀ ਹੈ।ਇਸ ਪ੍ਰਕਾਰ ਇਹ ਬਿਰਤਾਂਤ ਦੁਨੀਆਂ ਦੀ ਕਿਸੇ ਵੀ ਜ਼ੁਬਾਨ ਦੇ ਅਦਬ ਦਾ ਅੰਗ ਬਣ ਸਕਦਾ ਹੈ।” ਇਸੇ ਤਰ੍ਹਾਂ ‘ਬਰਫ਼ ਤੇ ਦਰਿਆ’ ਕਹਾਣੀ ਸੰਬੰਧੀ ਖਾਹਰਾ ਦੀ ਟਿੱਪਣੀ ਹੈ ਕਿ, “ਜੇ ਕਰ ਇਸ ਰਚਨਾ ਨੂੰ ਤੁਲਨਾਤਮਕ ਪਰਿਪੇਖ ਵਿਚ ਵੇਖੀਏ ਤਾਂ ਇਹ ਪੰਜਾਬੀ ਨਾਲੋਂ ਕੈਨੇਡੀਅਨ ਮੂਲ਼ਧਾਰਾ ਦੀ ਫਿਕਸ਼ਨ ਦੇ ਨੇੜੇ ਨਜ਼ਰ ਆਉਂਦੀ ਹੈ। ਟਾਵਰਜ਼ ਦੀ ਤਰ੍ਹਾਂ ਇਹ ਰਚਨਾ ਵੀ ਜਰਨੈਲ ਸਿੰਘ ਦੀ ਗਲਪ ਨੂੰ ਨਵੇਂ ਫੈਲਾਉ ਨਾਲ਼ ਜੋੜਨ ਵਾਲ਼ੀ ਹੈ।”ਡਾ. ਖਾਹਰਾ ਜਰਨੈਲ ਸਿੰਘ ਨੂੰ ‘ਜਿੰਦਗੀ ਦੀ ਭਰਪੂਰ ਖ਼ੂਬਸੂਰਤੀ ਦਾ ਆਸ਼ਕ' ਬਿਰਤਾਂਤਕਾਰ ਕਹਿੰਦਾ ਹੈ।
‘ਟਾਵਰਜ਼ ਕਹਾਣੀ : ਕੁਝ ਪਾਠ ਮੂਲਕ ਅੰਤਰ-ਦ੍ਰਿਸ਼ਟੀਆਂ’ ਲੇਖ ਵਿਚ ਡਾ. ਜਸਵਿੰਦਰ ਸਿੰਘ ਟਾਵਰਜ਼ ਕਹਾਣੀ ਦਾ ਪਾਠਗਤ ਅਧਿਐਨ ਪੇਸ਼ ਕਰਦਿਆਂ ਬੜੀ ਬਾਰੀਕੀ ਵਿਚ ਜਾ ਕੇ ਕਹਾਣੀ ਦੀ ਵਸਤੂ ਨੂੰ ਇਉਂ ਸੂਤਰਬੱਧ ਕਰਦਾ ਹੈ : “ਉਹ ਅਮਰੀਕੀ ਆਰਥਿਕਤਾ ਦੀਆਂ ਅੰਦਰੂਨੀ ਲਾਲਚੀ ਪਰਤਾਂ (ਐਰਿਕ ਮਾਰਟਨ ਦੀ ਹਥਿਆਰ ਐਕਸਪੋਰਟ ਕੰਪਨੀ ਦਾ ਕਾਰੋਬਾਰ), ਲੋਟੂ ਗੁੰਡਾਗਰਦੀ (ਬਿਨਾਂ ਪ੍ਰਮਾਣਾਂ ਤੋਂ ਅਫ਼ਗਾਨਿਸਤਾਨ ਅਤੇ ਇਰਾਕ ਤੇ ਹਮਲੇ), ਅਮਰੀਕੀ ਅਖੌਤੀ ਮਦਦ ਦਾ ਹੀਜ ਪਿਆਜ਼, ਦੂਸਰੇ ਮੁਲਕਾਂ ਨੂੰ ਡਰਾਉਣ, ਧਮਕਾਉਣ ਅਤੇ ਈਨ ਮਨਵਾਉਣ ਦੀਆ ਚਾਲਾਂ, ਅਮਰੀਕਾ ਦੀਆਂ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਦੀਆਂ ਅਖੌਤੀ ਨੀਤੀਆਂ ਅਤੇ ਕੂਟ ਚਾਲਾਂ ਨੂੰ ਬਿਰਤਾਂਤ ਪ੍ਰਸੰਗਾਂ ਵਿਚ ਬੜੇ ਸਹਿਜ ਢੁਕਵੇਂ ਅੰਦਾਜ਼ ਵਿਚ ਪਰੋਂਦਾ ਹੈ।” ਡਾ. ਜਸਵਿੰਦਰ ਸਿੰਘ ਨੇ ਟਾਵਰਜ਼ ਦੇ ਪ੍ਰਸੰਗ ਵਿਚ ਕਈ ਬਿਰਤਾਂਤਕ ਮਸਲਿਆਂ ਨੂੰ ਸਾਹਮਣੇ ਲਿਆਂਦਾ ਹੈ ਅਤੇ ਟਾਵਰਜ਼ ਕਹਾਣੀ ਨੂੰ ‘ਪੰਜਾਬੀ ਦੀ ਅਤਿਅੰਤ ਮੁੱਲਵਾਨ ਕਹਾਣੀ ਹੋਣ ਦਾ ਮਾਣ' ਦਿੱਤਾ ਹੈ।
ਡਾ. ਕਰਨਜੀਤ ਸਿੰਘ ਨੇ ਟਾਵਰਜ਼ ਕਹਾਣੀ ਸੰਗ੍ਰਹਿ ਬਾਰੇ ਆਪਣੇ ਪ੍ਰਭਾਵ ਦਿੰਦਿਆਂ ਕੁਝ ਵਿਸ਼ੇਸ਼ ਪੱਖਾਂ ਵਲ ਸਾਡਾ ਧਿਆਨ ਖਿੱਚਿਆ ਹੈ। “ਇਨ੍ਹਾਂ ਕਹਾਣੀਆਂ ਦੀ ਪਹਿਲੀ ਵਿਲੱਖਣਤਾ ਇਹ ਹੈ ਕਿ ਇਨ੍ਹਾਂ ਵਿਚਲੇ ਪੰਜਾਬੀ ਪਾਤਰ ਉਸ ਸਮਾਜ ਤੇ ਭਾਈ ਚਾਰੇ ਤੋਂ ਅਲੱਗ ਥਲੱਗ ਨਹੀਂ ਰਹਿ ਰਹੇ ਜਿਸ ਵਿਚ ਉਹ ਜਾ ਵਸੇ ਹਨ।” ਡਾ.ਕਰਨਜੀਤ ਸਿੰਘ ਅਨੁਸਾਰ ਇਨ੍ਹਾਂ ਕਹਾਣੀਆਂ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ, “ਇਨ੍ਹਾਂ ਸਭਨਾਂ ਦਾ ਕੇਂਦਰੀ ਵਿਸ਼ਾ ਪੂੰਜੀਵਾਦੀ ਤੰਤਰ ਦੇ ਸੰਸਾਰ ਵਿਚ ਨਿੱਜੀ ਤੇ ਸਮੂਹਿਕ ਪੱਧਰ ਉੱਤੇ ਵਿਕਾਸ (ਆਰਥਿਕ ਉਥੱਾਨ) ਅਤੇ ਵਿਨਾਸ਼ (ਆਤਮਕ ਪਤਨ) ਦਾ ਦਵੰਦ ਜਾਂ ਤਨਾਓ ਹੈ।” ਡਾ. ਕਰਨਜੀਤ ਸਿੰਘ ਨੇ ਜਰਨੈਲ ਸਿੰਘ ਦੀ ਪਾਤਰਾਂ ਦੀ ਮਨੋਸਥਿਤੀ ਦੀ ਸਮਝ ਦੀ ਭਰਪੁਰ ਪ੍ਰਸੰਸਾ ਕੀਤੀ ਹੈ।
ਡਾ. ਧਨਵੰਤ ਕੌਰ ਅਨੁਸਾਰ ‘ਟਾਵਰਜ਼ ਕਹਾਣੀ ਸੰਗ੍ਰਹਿ ਨਾਲ਼ ਪੰਜਾਬੀ ਕਹਾਣੀ ‘ਕਾਉਂਟਰ ਸਭਿਆਚਾਰਕ ਪ੍ਰਵਚਨ’ ਸਿਰਜਣ ਵਲ ਆਉਂਦੀ ਹੈ। “ਜਰਨੈਲ ਸਿੰਘ ਦਾ ਨਾਮ ਉਨ੍ਹਾਂ ਸਮਰੱਥ ਬਿਰਤਾਂਤਕਾਰਾਂ ਵਿਚ ਸ਼ੁਮਾਰ ਹੈ ਜਿਨ੍ਹਾਂ ਨੇ ਪੰਜਾਬੀ ਕਹਾਣੀ ਵਿਚ ਰੂਪਾਇਤ ਡਾਇਆਸਪੋਰਿਕ ਸੰਵੇਦਨਾ ਨੂੰ ਹੇਰਵਿਆਂ, ਹਾੜਿਆਂ, ਵਿਗੋਚਿਆਂ, ਝੋਰਿਆਂ ਦੇ ਹਵਾਲਿਆਂ ਵਿਚੋਂ ਕੱਢ ਕੇ ਇਕ ਕਾਉਂਟਰ ਸਭਿਆਚਾਰਕ ਪ੍ਰਵਚਨ ਦੇ ਪਿੜ ਵਿਚ ਦਾਖਲ ਕਰਾਉਣ ਵਿਚ ਸੰਜੀਦਾ ਹੰਭਲਾ ਮਾਇਆ ਹੈ।” ਵਿਸਤ੍ਰਿਤ ਵਿਸ਼ਲੇਸ਼ਣ ਤੋਂ ਬਾਦ ਡਾ. ਧੰਨਵੰਤ ਕੌਰ ਇਸ ਨਿਰਣੇ ਤੇ ਪਹੁੰਚੀ ਹੈ ਕਿ, “ਜਰਨੈਲ ਸਿੰਘ ਦੀਆਂ ਕਹਾਣੀਆਂ ਪਰਵਾਸੀ ਬੰਦੇ ਦੇ ਬਹੁ-ਵੰਨੇ ਅਨੁਭਵਾਂ ਪਰਵਾਸੀ ਪੰਜਾਬੀ ਪਰਿਵਾਰਾਂ ਦੇ ਬਹੁ-ਧਰਾਤਲੀ ਸਰੋਕਾਰਾਂ, ਪਰਵਾਸੀ ਪੰਜਾਬੀ ਰਹਿਤਲ ਦੇ ਬਹੁ ਦਿਸ਼ਾਵੀ ਸੰਕਟਾਂ ਅਤੇ ਗਲੋਬਲ ਹੋ ਰਹੇ ਪੰਜਾਬੀ ਭਾਈ ਚਾਰੇ ਦੀ ਬਹੁ-ਰੰਗੀ ਤਸਵੀਰ ਹਨ।”
ਲਾਲ ਸਿੰਘ ਆਪ ਸਮਰੱਥ ਕਹਾਣੀਕਾਰ ਹੈ। ਉਹ ਟਾਵਰਜ਼ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਨੂੰ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਪਰਖਦਾ ਹੈ। ਲੇਖਕ ਦੇ ਅਵਚੇਤਨ ਤਕ ਪੁੰਚਣ ਲਈ ਯਤਨਸ਼ੀਲ ਹੈ। ਉਸਨੇ ਟਾਵਰਜ਼ ਕਹਾਣੀ ਨੂੰ ਛੱਡ ਕੇ ਬਾਕੀ ਦੀਆਂ ਚਾਰ ਕਹਾਣੀਆਂ ਨੂੰ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਹੈ। ਪਰ ਉਸਨੇ ਆਖਰੀ ਦੋ ਵਾਕਾਂ ਵਿਚ ਹੀ ਟਾਵਰਜ਼ ਕਹਾਣੀ ਦੀ ਮਹੱਤਤਾ ਨੂੰ ਸੂਤਰਬੱਧ ਕਰ ਦਿੱਤਾ ਹੈ। “ਇਹ ਕਹਾਣੀ ਪੂੰਜੀਵਾਦ ਦੇ ਫਾਸ਼ੀਵਾਦੀ ਚਿਹਰੇ ਨੂੰ ਨੰਗਾ ਕਰਦੀ ਇਕ ਮਿਸਾਲੀ ਕਹਾਣੀ ਹੈ। ਇਸ ਰਾਹੀਂ ਪ੍ਰਸਤੁਤ ਹੋਈ ਲੇਖਕ ਦੀ ਵਿਸ਼ਵ ਦ੍ਰਿਸ਼ਟੀ ਕੇਵਲ ਸਿ਼ਲਪ ਦ੍ਰਿਸ਼ਟੀ ਤਕ ਮਹਿਦੂਦ ਨਹੀਂ ਰਹੀ ਸਗੋਂ ਸਮੁੱਚੇ ਸੰਸਾਰ ਲਈ ਅਮਨ ਦੀ ਭਾਵਨਾ ਉਜਾਗਰ ਕਰਦੀ ਪਸਾਰਵਾਦੀ ਜੰਗ ਬਾਜ਼ਾਂ ਦੇ ਮੁੰਹ ਤੇ ਇਕ ਕਰਾਰੀ ਚਪੇੜ ਬਣ ਕੇ ਵੱਜਣ ਦਾ ਸਾਹਸ ਵੀ ਰੱਖਦੀ ਹੈ।
ਡਾ. ਮਨਮੋਹਨ ਜਿੱਥੇ ਜਰਨੈਲ ਸਿੰਘ ਦੇ ਅਨੁਭਵ ਦੀ ਪ੍ਰਮਾਣਿਕਤਾ ਦੀ ਗੱਲ ਕਰਦਾ ਹੈ ਉੱਥੇ ਨਾਲ਼ ਹੀ ਕਹਣੀਆਂ ਦੀਆਂ ਜੁਗਤਾਂ ਦਾ ਵਿਸ਼ਲੇਸ਼ਣ ਵੀ ਕਰਦਾ ਹੈ। ਇਸ ਤੋਂ ਬਾਦ ਉਸਨੂੰ “ਟਾਵਰਜ਼ ਦੀ ਆਮਦ ਪੰਜਾਬੀ ਕਹਾਣੀ ਤੇ ਪਰਵਾਸੀ ਕਹਣੀ ਦੇ ਵਿਕਾਸ ਵਿਚ ਵੱਡਾ ਯੋਗਦਾਨ ਸਾਬਤ ਹੁੰਦੀ ਪ੍ਰਤੀਤ ਹੁੰਦੀ ਹੈ।” ਡਾ. ਵਨੀਤਾ ਨੇ ਟਾਵਰਜ਼ ਕਹਾਣੀ ਦੀਆਂ ਕਈ ਨਵੀਆਂ ਪਰਤਾਂ ਫਰੋਲੀਆਂ ਹਨ। ਉਸਨੂੰ ਦੋ ਟਾਵਰਜ਼ ਦੇ ਢਹਿਣ ਤੇ ਪਰਿਵਾਰ ਦੇ ਦੋ ਥੰਮਾਂ ਵਰਗੇ ਜੀਆਂ ਦੀ ਤਬਾਹੀ ਵਿਚ ਸਮਾਨਤਾ ਦਿਖਾਈ ਦਿੰਦੀ ਹੈ। “ਕਹਾਣੀ ਇਕ ਤ੍ਰਾਸਦੀ ਨੂੰ ਸਾਡੇ ਮਨ ਉੱਤੇ ਉਲੀਕ ਵੀ ਦਿੰਦੀ ਹੈ, ਵਿਸ਼ਲੇਸ਼ਣ ਵੀ ਕਰ ਦਿੰਦੀ ਹੈ ਅਤੇ ਭਵਿੱਖ ਨਾਲ਼ ਜੋੜ ਕੇ ਸਾਨੂੰ ਉਸ ਤ੍ਰਾਸਦੀ ਤਕ ਸਦੀਵੀ ਤੌਰ ਤੇ ਸੀਮਤ ਵੀ ਨਹੀਂ ਰਹਿਣ ਦਿੰਦੀ।”
ਡਾ. ਬਲਦੇਵ ਸਿੰਘ ਧਾਲੀਵਾਲ ਨੇ ਟਾਵਰਜ਼ ਕਹਾਣੀ ਸੰਗ੍ਰਹਿ ਨੂੰ ਉੱਤਰ ਬਸਦੀਵਾਦੀ ਪਰਿਪੇਖ ਵਿਚ ਦੇਖਿਆ ਹੈ। ਉਸ ਅਨੁਸਾਰ ਜਰਨੈਲ ਸਿੰਘ “..ਦੀ ਸਥਾਪਤੀ ਦੀ ਬੁਨਿਆਦ ਇਸ ਗੱਲ ਉੱਤੇ ਟਿਕੀ ਹੋਈ ਹੈ ਕਿ ਉਸਨੇ ਆਪਣੀਆਂ ਕਹਾਣੀਆਂ ਰਾਹੀਂ ਅਜੋਕੀ ਪੰਜਾਬੀ ਪਰਵਾਸੀ ਸੰਵੇਦਨਾ ਦੇ ਬਦਲਦੇ ਸਰੂਪ ਨੂੰ ਪੂਰੀ ਸਮੱਗਰਤਾ ਵਿਚ ਫੜਨ ਦਾ ਅਤੇ ਕਲਾਤਮਕ ਗਲਪ ਬਿੰਬ ਰਾਹੀਂ ਪੇਸ਼ ਕਰਨ ਵਿਚ ਸਫਲਤਾ ਹਾਸਿਲ ਕਰ ਕੇ ਸਮੂਹ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਦਾ ਧਿਆਨ ਖਿੱਚਿਆ ਹੈ। ਪੰਜਾਬੀ ਸਭਿਆਚਾਰ ਦੇ ਇਸ ਅੰਤਰਰਾਸ਼ਟਰੀ ਪਾਸਾਰ ਨੂੰ ਉਸਨੇ ਆਪਣੇ ਕਹਾਣੀ ਸੰਗ੍ਰਹਿ ਦੋ ਟਾਪੂ (1999) ਪੇਸ਼ ਕਰਨ ਨਾਲ਼ ਇਸ ਸਿਲਸਿਲੇ ਦਾ ਆਰੰਭ ਕੀਤਾ ਸੀ ਅਤੇ ਹੁਣ ਟਾਵਰਜ਼ (2005) ਵਿਚਲੀਆਂ ਕਹਾਣੀਆਂ ਨਾਲ਼ ਇਕ ਨਵੀਂ ਸਿਖ਼ਰ ਛੋਹੀ ਹੈ।” ਬਲਦੇਵ ਸਿੰਘ ਨੇ ਜਰਨੈਲ ਸਿੰਘ ਦੀ ਕਹਾਣੀ ਵਿਚ ਚਿੰਤਨ ਅਤੇ ਅਨੁਭਵ ਦੀ ਇਕਰਸਤਾ ਨੂੰ ਪਹਿਚਾਣਿਆਂ ਹੈ। ਉਹ ਲਿਖਦਾ ਹੈ ਕਿ ਜਰਨੈਲ ਸਿੰਘ ਨੇ, “ਉੱਤਰ ਬਸਤੀਵਾਦੀ ਚੇਤਨਾ ਸਦਕਾ ਵਿਸ਼ਵ ਦੇ ਬੁਨਿਆਦੀ ਸੰਕਟਾਂ ਨਾਲ਼ ਆਮ ਕਰਕੇ ਅਤੇ ਪਰਵਾਸੀ ਮਨੁੱਖ ਦੀ ਜਟਿਲ ਪਛਾਣ ਦੇ ਮੁੱਦੇ ਨਾਲ਼ ਵਿਸ਼ੇਸ਼ ਕਰਕੇ ਭਰਵਾਂ ਸੰਵਾਦ ਰਚਾਇਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਸਨੂੰ ਚਿੰਤਨ ਅਤੇ ਅਨੁਭਵ ਨੂੰ ਇਕ ਢੁਕਵੀਂ ਅਨੁਪਾਤ ਵਿਚ ਗੁੰਨ੍ਹ ਕੇ ਪੇਸ਼ ਕਰਨ ਦਾ ਹੁਨਰ ਆਉਂਦਾ ਹੈ।”
ਡਾ. ਸੁਖਦੇਵ ਸਿੰਘ ਸਮਕਾਲੀ ਪ੍ਰਸਥਿਤੀਆਂ ਦੇ ਦਬਾਵਾਂ ਰਾਹੀਂ ਮਾਨਵੀ ਮਨ ਦੀ ਪੱਧਰ ਤੇ ਵਾਪਰਦੀਆਂ ਘਟਨਾਵਾਂ ਦਾ ਤਾਲਮੇਲ ਬਿਠਾਉਂਦਾ ਨਜ਼ਰ ਆਉਂਦਾ ਹੈ। ਉਹ ਲਿਖਦਾ ਹੈ ਕਿ ਜਰਨੈਲ ਸਿੰਘ “ਪੂਰਬੀ ਤੇ ਪੱਛਮੀ ਸਭਿਅਚਾਰਕ ਮੁੱਲ ਪ੍ਰਬੰਧਾਂ ਦੇ ਟਕਰਾਵਾਂ ਕਾਰਣ ਪੈਦਾ ਹੁੰਦੀਆਂ ਮਾਨਸਿਕ ਉਲ਼ਝਣਾਂ ਨੂੰ ਰੇਖਾਂਕਿਤ ਵੀ ਕਰਦਾ ਹੈ ਅਤੇ ਪੱਛਮੀ ਸਮਾਜਾਂ ਦੇ ਬਹੁ ਸਭਿਆਚਾਰਕ (ਮੁਲਟੇ ਚੁਲਟੁਰਅਲ) ਮੁੱਲਾਂ ਦੇ ਸੰਵਾਦ ਕਾਰਣ ਪੂਰਬੀ ਜਾਂ ਏਸ਼ੀਆਈ ਮਾਨਸਿਕਤਾ ਵਿਚ ਆ ਰਹੇ ਬਦਲਾਉ ਦੀ ਨਿਸ਼ਾਨ ਦੇਹੀ ਵੀ ਕਰਦਾ ਹੈ। ਡਾ. ਸੁਖਦੇਵ ਸਿੰਘ ਇਕੋ ਵੇਲੇ ਕਹਾਣੀਆਂ ਦੀ ਵਸਤੂ ਤੇ ਬਿਰਤਾਂਤ ਨੂੰ ਸਾਹਮਣੇ ਰੱਖ ਕੇ ਚਲਦਾ ਹੈ। ਉਸ ਅਨੁਸਾਰ, “ਜਰਨੈਲ ਸਿੰਘ ਪੱਛਮ ਦੇ ਵਿਕਸਿਤ ਪੂੰਜੀਵਾਦੀ ਮੁਲਕਾਂ ਦੇ ਬਹੁ ਕੌਮੀ ਅਤੇ ਬਹੁ ਸਭਿਆਚਾਰਕ ਤਾਣੇ ਬਾਣੇ ਵਿਚ ਵਿਚਰਦੇ ਪਰਵਾਸੀ ਮਨੁੱਖ ਦੀ ਗੁੰਝਲ਼ਦਾਰ ਮਨੋ ਦਸ਼ਾ, ਸਾਮੰਤੀ ਸੰਸਕਾਰਾਂ ਗ੍ਰਸਤ ਅਵਚੇਤਨ ਅਤੇ ਵਿਖੰਡਤ ਆਪੇ ਦੇ ਵਿਵੇਕ ਨੂੰ ਪਕੜਨ ਲਈ ਸਮਾਨਾਂਤਰ ਕਥਾ ਲੜੀਆਂ ਵਾਲ਼ੇ ਟੁੱਟਵੇਂ ਬਿਰਤਾਂਤ, ਟਾਕਰਵੇਂ ਸੁਭਾਵਾਂ ਵਾਲ਼ੇ ਪਾਤਰਾਂ ਤੇ ਪ੍ਰਸਥਿਤੀਆਂ ਦੀ ਸਿਰਜਣਾ, ਚੇਤਨਾ ਪ੍ਰਵਾਹ ਦੇ ਅੰਤਰ ਦਵੰਦ ਤੇ ਫਲੈਸ਼ ਬੈਕ ਦੀਆਂ ਪ੍ਰਗਟਾਅ ਵਿਧੀਆਂ ਅਤੇ ਮਿਸ਼ਰਤ/ਖਿਚੜੀ ਭਾਸ਼ਾ ਦੇ ਪ੍ਰਯੋਗ ਆਦਿ ਦੀਆਂ ਸੰਚਾਰ ਜੁਗਤਾਂ ਨੇ ਆਪਣੇ ਗਲਪ ਸੰਗਠਨ ਦੀ ਉਸਾਰੀ ਲਈ ਵਰਤਦਾ ਹੈ।” ਡਾ. ਸੁਖਦੇਵ ਸਿੰਘ ਟਾਵਰਜ਼ ਕਹਾਣੀ ਨੂੰ ‘ਕਲਾਤਮਕ ਸੁਹਜ ਦਾ ਸਿਖਰ’ ਮੰਨਦਾ ਹੈ।
ਡਾ. ਸਰਵਜੀਤ ਸਿੰਘ ਲਈ ਟਾਵਰਜ਼ ਕਹਾਣੀਸੰਗ੍ਰਹਿ ਦਾ ਬਿਰਤਾਂਤ ਸੰਤਾਪ ਅਤੇ ਦੁਖਾਂਤ ਦਾ ਬਿਰਤਾਂਤ ਹੈ। ਉਸ ਮੁਤਾਬਿਕ ਇਸ ਵਿਚ ਸ਼ਮਿਲ ਪੰਜ ਕਹਾਣੀਆਂ ਦੇ ਵਸਤੂਗਤ ਵੇਰਵੇ ਅੰਤਿਮ ਤੌਰ ‘ਤੇ ਸੰਤਾਪ ਅਤੇ ਦੁਖਾਂਤ ਨੂੰ ਸਿਰਜਦੇ ਇਹ ਪ੍ਰਮਾਣਿਤ ਕਰਨ ਦੇ ਯਤਨ ਵਿਚ ਹਨ ਕਿ ਕਿਧਰੇ ਰਾਜਨੀਤਕ ਆਤੰਕ ਸਦਕਾ ਦੁਖਾਂਤ ਹੈ, ਕਿਧਰੇ ਧੰਨ ਸ਼ਕਤੀ ਦੀ ਕਾਮਨਾ ਨਾਲ਼ ਮਨੁੱਖ ਗੁਆਚ ਰਿਹਾ ਹੈ।” ਡਾ. ਸਰਵਜੀਤ ਸਿੰਘ ਰਾਜਨੀਤਕ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਸਮੇਂ ਕਈ ਸਟੀਕ ਤੇ ਮੌਲਿਕ ਟਿੱਪਣੀਆ ਕਰਦਾ ਹੈ। ਉਸਦੇ ਇਸ ਕਥਨ ਵਿਚ ਦਮ ਹੈ ਕਿ ਜਰਨੈਲ ਸਿੰਘ ਨੂੰ, “ਨਾਂ ਤਾਂ ਯਥਾਰਥਵਾਦੀ ਪੈਟਰਨ ਤੇ ਪੜ੍ਹਿਆ ਜਾ ਸਕਦਾ ਹੈ ਨਾਂ ਸਮਝਿਆ ਜਾ ਸਕਦਾ ਹੈ। ਭਾਵੇਂ ਦ੍ਰਿਸ਼ਟੀਕੋਣ ਪੱਖੋਂ ਅਵਚੇਤਨੀ ਤੌਰ ਤੇ ਉਹ ਮਾਨਵੀ ਹੋਂਦ, ਸੁਹਿਰਦਤਾ, ਸੰਵੇਦਨਸ਼ੀਲਤਾ ਉਪਰ ਪਹਿਰਾ ਦੇਣ ਵਾਲ਼ਾ ਅਜਿਹਾ ਕਥਾਕਾਰ ਹੈ ਜਿਸਨੇ ਪੰਜਾਬੀ ਕਥਾ ਨੂੰ ਸਥਿਗਤ ਕਥਾ ਸੰਰਚਨਾ ਤੋਂ ਮੁਕਤ ਹੈ।”
ਡਾ. ਸੁਖਪਾਲ ਸਿੰਘ ਥਿੰਦ ਇਸ ਕਹਾਣੀਸੰਗ੍ਰਹਿ ਨੂੰ ‘ਟਾਵਰਜ਼ ਅੰਦਰਲੇ ਬਉਣੇਪਣ ਦੀ ਬਾਤ ਪਾਉਂਦੀ ਪੁਸਤਕ’ ਦੇ ਰੂਪ ਵਿਚ ਗ੍ਰਹਿਣ ਕਰਦਾ ਹੈ ਜੋ ਪੰਜਾਬੀਆਂ ਤੇ ਪਰਵਾਸੀਆਂ ਦੀਰਚੀ ਮਿਚੀ ਦੀ ਪੇਸ਼ਕਾਰੀ ਕਰਦੀ ਹੈ। ਅੁਪਰੋਕਤ ਨਿਬੰਧਾਂ ਵਿਚ ਵੀ ਅਸੀਂ ਰਚੀ ਮਿਚੀ ਜਿ਼ੰਦਗੀ ਦੀ ਵਿਸ਼ੇਸ਼ਤਾ ਨੂੰ ਪਹਿਚਾਣ ਚੁੱਕੇ ਹਾਂ, ਸੁਖਪਾਲ ਸਿੰਗ ਥਿੰਦ ਦਾ ਵਿਚਾਰ ਹੈ ਕਿ, “ਇਸ ਸੰਗ੍ਰਹਿ ਦੇ ਪ੍ਰਕਾਸ਼ਨ ਨਾਲ਼ ਪਰਵਾਸੀ ਪਮਜਾਬੀ ਗਲਪਕਾਰੀ ਨੂੰ ਅਗਲੀ ਪੁਲਾਂਘ ਪੱਟੀ ਹੈ। ਪੰਜਾਬੀ ਕਹਾਣੀ ਵਿਚ ਜਰਨੈਲ ਸਿੰਗ ਦੀ ਹੋਂਦ ਮਨ ਨੂੰ ਤਸੱਲੀ ਪ੍ਰਦਾਨ ਕਰਨ ਵਾਲ਼ੀ ਹੈ।” ਡਾ. ਸੁਰਜੀਤ ਸਿੰਗ ਦਾ ਲੇਖ ਜਰਨੈਲ ਸਿਂਘ ਦਾ ਕਹਣੀ ਸੰਗ੍ਰਹਿ ਟਾਵਰਜ਼ ਇਕ ਵਿਸਲਲੇਸ਼ਣਾਤਮਕ ਟਿੱਪਣੀ ਦੀ ਬਜਾਇ ਵਿਸਤ੍ਰਿਤ ਲੇਖ ਬਣ ਗਿਆ ਹੈ। ਡਾ. ਸੁਰਜੀਤ ਸਿੰਘ ਜਰਨੈਲ ਸਿੰਘ ਦੀ ਕਹਾਣੀਦੀ ਬਿਰਤਾਂਤਕ ਸ਼ੈਲੀ ਨੂੰ ਜਾਨਣ ਰਾਹੀਂ ਕਹਾੀਦੇ ਥੀਮਕ ਸਰੋਕਾਰਾਂਅਤੇ ਵਿਚਾਰਧਾਰਾਈ ਪਸਾਰਾਂ ਨੂੰ ਸਾਹਮਣੇ ਲਿਆਉਂਦਾ ਹੈ।
ਡਾ. ਭੀਮ ਇੰਦਰ ਸਿੰਘ ਦਾ ਲੇਖ ਵਿਚਾਰਧਾਰਾਈ ਵਿਸ਼ਲੇਸ਼ਣਵਲ ਰੁਚਿਤ ਹੈ। ਇਸ ਅਨੁਸਾਰ ਜਰਨੈਲ ਸਿੰਘ ਦੀ ਕਹਾਣੀ ਟਾਵਰਜ਼ ਮੌਜੂਦਾ ਸਮੇਂ ਵਿਚ ਸਾਮਰਾਜ ਵਲੋਂ ਪੈਦਾ ਕੀਤੇ ਜਾ ਰਹੇ ਤਕਨੀਕੀ ਦਹਿਸ਼ਵਾਦ ਦੇ ਸਿੱਟੇ ਵਜੋਂ ਉਤਪੰਨ ਹੋਏਦੁਖਾਂਤ ਨੂੰ ਕਲਾਤਮਿਕ ਰੰਗਿਤ ਰਾਹੀਂ ਪੇਸ਼ ਕਰਦੀ ਹੈ।' ਵਿਸ਼ਲੇਸ਼ਣ ਦਾ ਸਿੱਟਾ ਇਹ ਨਿਕਲਿ਼ਆ ਹੈ ਕਿ, “...ਜੰਗ ਜਾਂ ਦਹਿਸ਼ਤਵਾਦ ਹਾਕਮਾਂ ਲਈ ਮੁਨਾਫ਼ਾ ਅਤੇ ਆਮ ਲੋਕਾਂ ਲਈਭਿਆਨਕ ਤੇ ਦਰਦਨਾਕ ਭਵਿੱਖ ਤੇ ਵਰਤਮਾਨ ਲੈ ਕੇ ਆਉਂਦਾ ਹੈ।
ਡਾ. ਅਕਾਲ ਅੰਮ੍ਰਿਤ ਕੌਰ ਕਹਾਣੀ ਸੰਗ੍ਰਹਿ ਦੇ ਸਮੱਸਿਆਕਾਰ ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਦੂਸਰੇ ਵਿਦਵਾਨਾਂ ਵਾਂਗ ਇਸ ਦੀਆਂ ਕਹਾਣੀਆਂ ਰਾਹੀਂ ਵਿਸਖਵ ਚੇਤਨਾ ਦਾ ਉਭਾਰ ਵੇਖਦੀ ਹੈ। ਗੁਰਮੀਤ ਕੱਲਰਮਾਜਰੀ ਨੇ ਜਰਨੈਲ ਸਿੰਘ ਦੀ ਪਛਾਣ ਪੱਛਮੀ ਸੰਸਕ੍ਰਿਤੀ ਦੀ ਸਮਝ ਰੱਖਣ ਵਾਲ਼ੇ ਕਹਾਣੀਕਾਰ ਵਜੋਂ ਕੀਤੀ ਹੈ। ਉਸਨੇ ਕਹਾਣੀ ਸੰਘ੍ਰਹਿ ਵਿਚ ਕਈ ਅਣਸੁਲ਼ਝੇ ਪ੍ਰਸ਼ਨਾਂ ਦੀ ਨਿਸ਼ਾਨ ਦੇਹੀ ਵੀ ਕੀਤੀ ਹੈ।
ਇਸ ਪੁਸਤਕ ਦੇ ਸੰਪਾਦਕਾਂ ਵਿਚੋਂ ਇਕ ਨੇਟਾਵਰਜ਼ ਦੀਆਂ ਕਹਾਣੀਆਂ ਵਿਚੋਂ ਦੋ ਸਭਿਆਚਾਰਾਂ ਦੀ ਡਾਇਆਲੈਕਟਿਕਸ ਨੂੰ ਪਹਿਚਾਣਿਆਂ ਹੈ ਜੋ ਕੇਵਲ ਬਾਰੀ ਹੀ ਨਹੀਂ ਸਗੋਂ ਜੋ ਪੰਜਾਬੀਆਂ ਦੇ ਘਰਾਂ ਵਿਚ ਅਤੇ ਮਨੁੱਖ ਦੇ ਧੂਰ ਅੰਦਰ ਤਕ ਫੈਲੀ ਹੋਈ ਹੈ। ਦੂਸਰੇ ਸੰਪਾਦਕ ਨੇ ਆਪਣੇ ਲੇਖ ਵਿਚ ਸਾਮਰਾਜੀ ਸੁਪਰ ਸੱਤਾ ਵਲੋਂ ਕੀਤੇ ਜਾਂਦੇ ਜ਼ੁਲਮਾਂ ਦੀ ਬਾਤ ਪਾਈ ਹੈ ਤੇ ਨਾਲ਼ ਦੀ ਨਾਲ਼ ਟਾਵਰਜ਼ ਕਹਾਣੀ ਦੇ ਪ੍ਰਤੀਕਾਂ ਦੀ ਡੂੰਘਾਈ ਤਕ ਜਾ ਕੇ ਪੁਣਛਾਣ ਕੀਤੀ ਹੈ। ਡਾ. ਪਰਮਿੰਦਰ ਸਿੰਘ ਤੱਗੜ ਨੇ ਟਾਵਰਜ਼ ਸੰਗ੍ਰਹਿ ਵਿਚ ਤ੍ਰਾਸਦਿਕ ਪੇਸ਼ਕਾਰੀ ਨੂੰ ਧਿਆਨ ਵਿਚ ਰੱਖਿਆ ਹੈ। ਉਸ ਅਨੁਸਾਰ ਹੁਣ ਜਰਨੈਲ ਸਿੰਘ ਨੂੰ ‘ਵਿਸ਼ਵੀ ਕਹਾਣੀਕਾਰਾਂ ਦੀ ਕੋਟੀ ਵਿਚ’ ਰੱਖਣਾ ਚਾਹੀਦਾ ਹੈ।
ਡਾ. ਉਪਿੰਦਰ ਜੀਤ ਨੇ ਜਰਨੈਲ ਸਿੰਘ ਦੀਆ ਕਹਾਣੀਆਂ ਨੂੰ ਨਾਰੀ ਦੀ ਦ੍ਰਿਸ਼ਟੀ ਤੋਂ ਵਾਚਿਆ ਹੈ। ਉਸ ਦੀ ਧਾਰਣਾ ਬਣਦੀ ਹੈ ਕਿ, ਜਰਨੈਲ ਸਿੰਘ ਦੇ ਇਸਤ੍ਰੀ ਪਾਤਰ ਇਕੋ ਹੀ ਮਾਨਸਿਕਤਾਵਾਲ਼ੇ ਮਿਲ਼ਦੇ ਹਨ ਜੋ ਆਪਣੇ ਘਰ ਅਤੇ ਆਪਣੇ ਪਰਿਵਾਰ ਪ੍ਰਤਿ ਹੀ ਨਹੀਂ ਬਲਕਿ ਆਪਣੇ ਦੇਸ਼, ਆਪਣੀ ਧਰਤੀਅਤੇ ਇਥੋਂ ਤਕ ਕਿ ਪ੍ਰਕਿਰਤੀ ਪ੍ਰਤਿ ਵੀਸੰਵੇਦਨ ਸ਼ੀਲੋ ਹਨ। ਉਹ ਆਪਣੇ ਦੇਸ਼, ਇਸ ਦੀ ਖੂਬਸੂਰਤੀ ਤੇ ਸਵੈਮਾਨ ਪ੍ਰਤਿ ਸੁਚੇਤ ਹਨ ਅਤੇ ਉਸ ਨਾਲ਼ ਉਨ੍ਹਾਂ ਦਾ ਭਾਨਾਤਮਕ ਲਗਾਅ ਹੈ।” ਡਾ. ਰਜਨੀ ਰਾਣੀਆਰਥਿਕ ਹਿੱਤਾਂ ਅਤੇ ਭਾਵਨਾਤਮਕ ਲਗਾਉ ਦੇ ਦਵੰਦ ਨੂੰ ਟਾਵਰਜ਼ ਕਹਾਣੀ ਸੰਗ੍ਰਹਿ ਵਿਚੋਂਰੂਪਮਾਨ ਹੁੰਦਿਆਂ ਦੇਖਦੀ ਹੈ। ਡਾ.ਰਜਨੀ ਰਾਣੀ ਲਿਖਦੀ ਹੈ, “ਇਨ੍ਹਾਂ ਕਹਾਣੀਆਂ ਦਾ ਸਭ ਤੋਂ ਚੰਗਾ ਪਹਿਲੂ ਇਹ ਹੈ ਕਿ ਉਹ ਪਾਤਰਾਂ ਨੂੰ ਵਿਚਾਰਾ ਨਹੀਂ ਬਣਨ ਦਿੰਦੀਆਂ ਸਗੋਂ ਪ੍ਰਸਥਿਤੀਆਂ ਦੀਆਂ ਜ਼ਰੂਰਤਾਂ ਰਾਹੀਂ ਦੁਖਾਂਤ ਬੋਧ ਸਿਰਜ ਕੇ ਕਥਾ ਰਚਨਾ ਨੂੰ ਸੰਜੀਦਾ ਕਾਰਜ ਬਣਾ ਦਿੰਦੀਆਂ ਹਨ। ਇਹੋ ਜਰਨੈਲ ਸਿੰਘ ਦੇ ਕਲਾਪੂਰਣ ਹੋਣ ਦਾ ਪ੍ਰਮਾਣਿਕ ਪਹਿਲੂ ਹੈ।”
ਅਰਵਿੰਦਰ ਕੌਰ ਨੇ ਟਾਵਰਜ਼ ਕਹਣੀ ਸੰਗ੍ਰਹਿ ਵਿਚ ਔਰਤ ਦੇ ਵਿਭਿੰਨ ਰੂਪਾਂ ਵਲ ਸਾਡਾ ਧਿਆਨ ਦੁਆਇਆ ਹੈ। ਪੰਜਾਂ ਕਹਾਣੀਆਂ ਦੀਆਂ ਔਰਤਾਂ ਦਾ ਵਿਸ਼ਲੇਸ਼ਣ ਕਰਨ ਅੁਪਰੰਤ ਉਹ ਇਸ ਸਿੱਟੇ ਤੇ ਪਹੁੰਚੀ ਹੈ ਕਿ, “ਉਸਦੇ ਔਰਤ ਪਾਤਰ ਵੀ ਕਿਸੇ ਉਲਾਰ ਦਾ ਸਿ਼ਕਾਰ ਨਹੀਂ ਹਨਉਹ ਕਹਾਣੀਆਂ ਦੇ ਕੇਂਦਰ ਵਿਚ ਵੀ ਹਨ। ਉਹ ਮਮਤਾ ਮਈ ਰਿਸ਼ਤਿਆਂ ਵਿਚ ਵੀ ਗੜੁਚ ਹਨ ਉਹ ਆਪਣੇ ਸੰਸਕਾਰਾਂ ਦੇ ਟੁੱਟਣ ਤੇ ਮਾਨਸਿਕ ਤਣਾਉ ਵੀ ਭੋਗਦੇ ਹਨ। ਉਹ ਵਿਅਕਤੀਗਤ ਸੁਤਮਤਰਤਾ ਲਈ ਵੀ ਲੜਦੇ ਹਨ ਬਦਲਾਖੋਰ ਵੀ ਹਨਅਤੇ ਸਮੂਹਿਕ ਕਾਰਜਾਂ ਵਿਚ ਯੋਗਦਾਨ ਵੀ ਪਾਉਂਦੇ ਹਨ। ਉਹ ਜੀਵਨ ਦੀਆਂ ਵਿਭਿੰਨ ਦ੍ਰਿਸ਼ਟੀਆਂ ਦੀ ਪ੍ਰਤਿਨਿਧਤਾ ਵੀ ਕਰਦੇ ਹਨ।” ਕੁਲਦੀਪ ਸਿੰਘ ਨੇ ਟਾਰਜ਼ ਕਹਾਣੀ ਸੰਗ੍ਰਹਿ ਨੂੰ ਵਿਚਾਰਧਾਰਾਈ ਪਰਿਪੇਖ ਵਿਚ ਰੱਖ ਕੇ ਦੇਖਿਆ ਹੈ। ਉਸ ਅਨੁਸਾਰ ਜਰਨੈਲ ਸਿੰਘ ਦੀ ਵਿਚਾਰਧਾਰਾ ਮਾਨਵਵਾਦੀ ਹੈ ਅਤੇ “ਇਸੇ ਮਾਨਵਵਾਦੀ ਵਿਚਾਰਧਾਰਾ ਕਾਰਣ ਉਹ ਸਿਰਫ਼ ਪਰਵਾਸੀ ਹੀ ਨਹੀਂ ਵਿਸ਼ਵ ਚਿੰਤਨ ਵਾਲ਼ੇਲੇਖਕ ਵਜੋਂ ਉਭਰ ਕੇ ਸਾਡੇ ਸਾਹਮਣੇ ਪੇਸ਼ਹੁੰਦਾ ਹੈ ਕਿਉਂਕਿ ਉਸਦੀ ਵਿਚਾਰਧਾਰਾ ਦਾ ਘੇਰਾ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਤਕ ਹੀ ਸੀਮਤ ਨਹੀਂ ਬਲਕਿ ਇਸ ਸਮਾਜ ਵਿਚ ਵਿਚਰ ਰਹੇ ਹਰੇਕ ਮਨੁੱਖ ਦੀਆਂ ਕਦਰਾਂ ਕੀਮਤਾਂ, ਮਨੁੱਖੀ ਰਿਸ਼ਤਿਆਂ ਦੀ ਭਾਵਨਾਤਮਕ ਸਾਂਝ, ਪ੍ਰਕਿਰਤੀ ਤੇ ਪਰਿਆਵਰਣ ਦੇ ਆਰ ਪਾਰ ਫੈਲਿਆ ਹੋਇਆ ਵੇਖਿਆ ਜਾ ਸਕਦਾ ਹੈ।
ਜਸਵੀਰ ਸਮਰ ਨੇ ਟਾਵਰਜ਼ ਕਹਾਣੀ-ਸੰਗ੍ਰਹਿ ਵਿਚ ਮਾਨਵੀ ਰਿਸ਼ਤਿਆਂ ਦੀ ਤਰਲਤਾ ਨੂੰ ਫੜ੍ਹਨ ਦਾ ਯਤਨ ਕੀਤਾ ਹੈ। ਲਾਭ ਸਿੰਘ ਖੀਵਾ ਅਨੁਸਾਰ, “ਵਿਦੇਸ਼ੀ ਥੀਮ ਬਿਰਤਾਂਤਕ ਇਕਾਈਆਂ ਅਤੇ ਪਾਤਰ ਚਿੱਤਰਣ ਆਦਿ ਨਾਲ਼ ਪੰਜਾਬੀ ਪਾਠਕਾਂ ਦੀ ਜਾਣਕਾਰੀ ਅਨੁਵਾਦਤ ਸਾਹਿਤ ਰਾਹੀਂ ਸੀ ਜੋ ਜਰਨੈਲ ਸਿੰਘ ਦੀਆਂ ਕਹਾਣੀਆਂ ਰਾਹੀਂ ਸਿੱਧੀ ਸਾਡੇ ਤਕ ਪਹੁੰਚਦੀ ਹੈ।” ਭਗਵਾਨ ਦਾਸ ਸੱਜੋ ਬਹੁਪਰਤੀ ਬਿਰਤਾਂਤ ਰਾਹੀਂ ਉਜਾਗਰ ਹੁੰਦੀ ਵਸਤੂ ਦੀ ਚਰਚਾ ਕਰਦਾ ਹੋਇਆ ਲਿਖਦਾ ਹੈ, “ਇਨ੍ਹਾਂ ਕਹਾਣੀਆਂ ਦਾ ਬਹੁ ਪਰਤੀ ਬਿਰਤਾਂਤ ਤਿੰਨ ਪੀੜ੍ਹੀਆਂ ਦੇ ਜੀਵਨ ਬਿਰਤਾਂਤ ਦੇ ਨਾਲ਼ ਨਾਲ਼ ਅੰਤਰ ਰਾਸ਼ਟਰੀ ਉਥਲ ਪੁਥਲ, ਮਾਨਸਿਕ ਵਿਕਾਰ ਅਤੇ ਘਟ ਰਹੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਬਾਖੂਬੀ ਪੇਸ਼ ਕਰਦਾ ਹੈ।”
ਇਨ੍ਹਾਂ ਸਾਰੇ ਨਿਬੰਧਾਂ ਨੂੰ ਪ੍ਰਸਤੁਤ ਕਰਦਿਆਂ ਸੰਪਾਦਕ ਇਸ ਗੱਲੋਂ ਸੁਚੇਤ ਹਨ ਕਿ ਇਹ ਸੰਪਾਦਤ ਪੁਸਤਕ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਕਈ ਵੱਖਰੇ ਪ੍ਰਤਿਮਾਨ ਸਿਰਜੇਗੀ। ਜੇ ਅਜਿਹਾ ਹੁੰਦਾ ਹੈ ਤਾਂ ਇਸ ਪਿੱਛੇ ਉਨ੍ਹਾਂ ਸਾਰੇ ਵਿਦਵਾਨਾਂ, ਮਿੱਤਰਾਂ ਅਤੇ ਵਿਦਿਆਰਥੀਆਂ ਦਾ ਹੱਥ ਹੋਵੇਗਾ ਜਿਨ੍ਹਾਂ ਨੇ ਸਾਡੀ ਬੇਨਤੀ ਮੰਨ ਕੇ ਅਤੇ ਪੂਰੀ ਮਿਹਨਤ ਕਰਕੇ ਟਾਵਰਜ਼ ਦੇ ਵਿਭਿੰਨ ਪਹਿਲੂਆਂ ਉਪਰ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਨ੍ਹਾਂ ਵਿਦਵਾਨਾਂ, ਮਿੱਤਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਸ਼ਬਦਾਂ ਵਿਚ ਸ਼ਾਇਦ ਨਾ ਹੋ ਸਕੇ ਕਿਉਂਕਿ ਸ਼ਬਦ ਕਈ ਵਾਰ ਮਨ ਦੇ ਆਦਰ, ਸਤਿਕਾਰ ਅਤੇ ਪਿਆਰ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਨ ਦੀ ਸਮਰੱਥਾ ਨਹੀਂ ਰੱਖਦੇ । ਇਨ੍ਹਾਂ ਵਿਦਵਾਨਾਂ ਦੇ ਵਿਚਾਰ ਵਾਚਣ ਉਪਰੰਤ ਹੀ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਜਰਨੈਲ ਸਿੰਘ ਦੀਆ ਇਨ੍ਹਾਂ ਕਹਾਣੀਆਂ ਨੂੰ ਕਈ ਹੋਰ ਕੋਣਾਂ ਤੋਂ ਵੀ ਵਾਚਿਆ ਜਾ ਸਕਦਾ ਹੈ।
(੩੦ ਦਸੰਬਰ ੨੦੦੬)
-ਯੂਨੀਕੋਡ-ਕਹਾਣੀਕਾਰ ਜਰਨੈਲ ਸਿੰਘ ਦੇ ਕਹਾਣੀ ਸੰਗ੍ਰਿਹ 'ਟਾਵਰਜ਼' ਸਬੰਧੀ ਤਿੰਨ ਲੇਖ ਪੜ੍ਹਨ ਲਈ ਕਲਿੱਕ ਕਰੋ:
ਟਾਵਰਜ਼ : ਵਸਤੂ, ਵਿਧੀ ਅਤੇ ਦ੍ਰਿਸ਼ਟੀ---ਸੰਪਾਦਕ : ਡਾ. ਕਰਮਜੀਤ ਸਿੰਘ 'ਤੇ ਡਾ. ਹਰਸਿਮਰਨ ਸਿੰਘ ਰੰਧਾਵਾ (੩੦ ਦਸੰਬਰ ੨੦੦੬) ਯੂਨੀਕੋਡ
jrnYl isMG dI khfxI ‘tfvrj` : supr swqf isafsq dy sqfa df ibrqFq---zf: hrismrn isMG rMDfvf (rIzr ,pMjfbI ivBfg, kurUkusLyqr XUnIvristI, kurUkusLyqr) (1 aprYl 2006)
prvfs aqy irsLiqaF df imrdMg nfd-- khfxIkfr jrnYl isMG df khfxI sMgRih -'tfvrjL:-jsvIr smr-(21 mfrc 2006
e-mail:
ਲਿਖਾਰੀ
© likhari: Punjabi Likhari Forum-2001-2007