ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

ਹੀਰ ਕਾਬਲ ਵਿਰਕ ਦੀ ਰਚਨਾਤਮਕ ਅਹਿਮੀਅਤ

ਡਾ: ਹਰਸਿਮਰਨ ਸਿੰਘ ਰੰਧਾਵਾ (ਪ੍ਰੋਫੈਸਰ, ਪੰਜਾਬੀ ਵਿਭਾਗ, ਕੁਰੂਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ)

           ਹੀਰ ਕਾਬਲ ਵਿਰਕ  ਕਿੱਸਾ ਰਚਨਾ ਨੂੰ ਦੇਖਦਿਆਂ ਪਾਠਕ ਦੇ ਮਨ ਵਿਚ ਪਹਿਲਾ ਸਵਾਲ ਇਹ ਪੈਦਾ ਹੋ ਸਕਦਾ ਹੈ ਕਿ ਇਹ ਰਚਨਾ ਕਿਸੇ ਹੁਣਦੇ ਲੇਖਕ ਦੀ ਹੈ ਜਾਂ ਕਿਸੇ ਪੁਰਾਣੇ ਲੇਖਕ ਦੀ ਨਵੀਂ ਲੱਭੀ ਰਚਨਾ ਦਾ ਪ੍ਰਕਾਸ਼ਿਤ ਰੂਪ ਹੈ? ਇਹ ਸਵਾਲ ਇਸ ਲਈ ਕਿਉਂਕਿ ਹੁਣ ਕਿੱਸਾ ਰਚਨਾ ਦਾ ਜੁੱਗ ਨਹੀਂ ਕਿੱਸਾ ਬਿਰਤਾਂਤਕ ਵਿਧੀ ਦਾ ਮੱਧਕਾਲੀ ਪੰਜਾਬੀ ਸਾਹਿਤ ਵਿਚ ਇਕ ਪ੍ਰਤਿਨਿੱਧ ਰੂਪ ਹੈ ਪਰ ਆਧੁਨਿਕ ਸਾਹਿਤ ਵਿਚੋਂ ਇਹ ਰੂਪ ਲਗਭਗ ਅਲੋਪ ਹੈ ਹਾਂ, ਹੱਥਾਂ ਦੀਆਂ ਉਗਲੀਆਂ ਤੇ ਗਿਣੀਆਂ ਜਾ ਸਕਣਯੋਗ ਕੁੱਝ ਕਿੱਸਾ ਰਚਨਾਵਾਂ ਆਧੁਨਿਕ ਕਾਲ ਵਿਚ ਆਵੱਸ਼ ਮਿਲ ਜਾਂਦੀਆਂ ਹਨ ਪਰ ਸਮਕਾਲ ਵਿਚ ਉਨ੍ਹਾਂ ਦੀ ਰਚਨਾਤਮਕ ਅਹਿਮੀਅਤ  ਲਗਭਗ ਨਾ ਦੇ ਬਰਾਬਰ ਮੰਨੀ ਜਾਂਦੀ ਹੈ ਦਰਅਸਲ ਹਰ ਸਾਹਿਤ ਰੂਪ ਦੇ ਜਨਮ, ਵਿਕਾਸ ਅਤੇ ਪਤਨ ਦੇ ਪਿੱਛੇ ਸਮਾਜਕ ਅਤੇ ਸਭਿਆਚਾਰਕ ਕਾਰਣ ਕਾਰਜਸ਼ੀਲ ਹੁੰਦੇ ਹਨ ਸਮਾਜਕ ਸਥਿਤੀਆਂ ਦੇ ਬਦਲਣ ਨਾਲ ਸਭਿਆਚਾਰਕ ਮੁੱਲ ਵਿਧਾਨ ਵਿਚ ਤਬਦੀਲੀ ਵਾਪਰਨਾ ਸੁਭਾਵਕ ਹੈ ਨਤੀਜੇ ਵੱਜੋਂ ਨਵੀਆਂ ਸਥਿਤੀਆਂ ਅਤੇ ਮੁੱਲ ਵਿਧਾਨ ਨੂੰ ਸਿਰਜਣ ਲਈ ਨਵੇਂ ਸਾਹਿਤ ਰੂਪ ਹੋਂਦ ਵਿਚ ਆਉਂਦੇ ਹਨ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿਚ ਮੱਧਕਾਲੀ ਪੰਜਾਬੀ ਸਮਾਜ  ਅਤੇ ਸਭਿਆਚਾਰ ਨੂੰ ਜਿਸ ਰੂਪ ਵਿਚ ਸਿਰਜਿਆ ਉਸਨੂੰ ਪੜ੍ਹ-ਸੁਣ ਕੇ ਉਸ ਸਮੇਂ ਦੇ ਪਾਠਕ-ਸਰੋਤੇ ਨੂੰ ਆਪਣੀਆਂ ਅਤ੍ਰਿਪਤ ਇਛਾਵਾਂ ਦੀ ਪੂਰਤੀ ਹੁੰਦੀ ਮਹਿਸੂਸ ਹੋਈ ਇਸੇ ਲਈ ਹੀ ਕਿੱਸਾ ਉਸ ਸਮੇਂ ਦਾ ਇਕ ਹਰਮਨ ਪਿਆਰਾ ਰੂਪ ਰਿਹਾ ਹੈ ਇਹ ਪੜ੍ਹਣ ਨਾਲੋਂ ਸੁਣਿਆ ਵਧੇਰੇ ਗਿਆ ਹੈ ਕਿਉਂਕਿ ਇਸ ਨੂੰ ਮਜਲਸਾਂ ਵਿਚ ਗਾ ਕੇ ਸੁਣਾਇਆ ਜਾਂਦਾ ਸੀ; ਇਸ ਲਈ ਇਸ ਨੂੰ ਸਮੂਹਕ ਪ੍ਰਵਾਨਗੀ ਵੀ ਮਿਲੀ ਪਰ ਹੁਣ ਨਾ ਉਹ ਮਾਹੌਲ ਹੈ, ਨਾ ਉਹ ਸਥਿਤੀ ਹੈ ਅਤੇ ਨਾ ਹੀ ਉਹ ਮੁੱਲ ਵਿਧਾਨ ਹੈ ਇਸ ਲਈ ਆਧੁਨਿਕ ਸਾਹਿਤ ਵਿਚ ਇਹ ਰੂਪ ਪ੍ਰਾਪਤ ਨਹੀਂ ਹੁੰਦਾ

          ਇਥੇ ਹੀ ਇਹ ਵਿਚਾਰਨ ਵਾਲੀ ਗੱਲ ਹੈ ਕਿ ਕਾਬਲ ਵਿਰਕ ਵਰਗਾ ਕਾਬਲ ਲੇਖਕ ਜਦੋਂ ਹੁਣ ਇੱਕਵੀਂ ਸਦੀ ਵਿਚ ਹੀਰ ਦਾ ਕਿੱਸਾ ਰਚਦਾ ਹੈ ਤਾਂ ਉਸਦਾ ਇਸ ਰਚਨਾ ਨੂੰ ਰਚਨ ਦਾ ਉਦੇਸ਼ ਕੀ ਹੈ? ਇਸ ਰਚਨਾ ਦੀ ਪਹਿਲੀ ਪੜ੍ਹਤ ਤੋਂ  ਬਾਅਦ ਜਦੋਂ ਅਸੀਂ ਇਸ ਦੀ ਅੰਤਿਕਾ ਨੂੰ ਪੜ੍ਹਦੇ ਹਾਂ ਤਾਂ ਲੇਖਕ ਦੇ ਇਹ ਬੋਲ ਇਸ ਰਚਨਾ ਦੇ ਉਦੇਸ਼ ਦੀ ਸੂਚਨਾ ਦਿੰਦੇ ਹਨ:                                                                                     

ਪੰਜਵੀਂ ਵਿਚ ਹੀ ਪੜ੍ਹ ਲਈ ਹੀਰ ਵਾਰਸ, ਮਨ ਵਾਰਸ ਦਾ  ਖੂਬ ਸਤਿਕਾਰ ਮੀਆਂ
ਕੀ ਮੈਂ ਨਹੀਂ ਵਾਰਸ ਬਣ ਸਕਦਾ, ਦਿੱਲ ਵਿਚ ਆਉਂਦਾ ਸੀ ਨਿੱਤ ਵਿਚਾਰ ਮੀਆਂ
ਵੱਡੇ ਹੋ ਕੇ ਹੀਰ ਨੂੰ ਵਾਚਿਆ ਜਦ, ਸ਼ੰਕੇ ਉਪਜੇ ਲੱਖਾਂ ਹਜ਼ਾਰ ਮੀਆਂ
ਉਸ ਯੁਗ ਵਿਚ ਵਾਰਸ ਨੇ ਖੂਬ ਲਿਖਿਆ, ਨਵੇਂ ਯੁਗ ਦੀ ਕੀ ਸੀ ਸਾਰ ਮੀਆਂ
ਪੰਜਾਂ ਪੀਰਾਂ ਦੀ ਲੋੜ ਨਹੀਂ ਇਸ ਯੁਗ ਨੂੰ, ਖੋਹਣੇ ਪੈਂਦੇ ਨੇ ਆਪ ਅਧਿਕਾਰ ਮੀਆਂ
ਚੰਗਾ ਜੋ ਸੀ ਵਾਰਸ ਤੋਂ ਖੂਬ ਲਿਆ,ਵਾਧੂ ਛੱਡਿਆ ਸਮਝ ਬੇਕਾਰ ਮੀਆਂ
ਗੱਲ ਇਸ਼ਕ ਦੀ ਸਿਰਫ ਨਹੀਂ ਰਹਿਣ ਦਿੱਤੀ, ਦਰਦ ਲੋਕਾਈ ਦਾ ਕੀਤਾ ਸ਼ੁਮਾਰ ਮੀਆਂ
ਧੂੜ ਵਿਚ ਭਜਾਇਆ ਨਹੀਂ ਮੈਂ ਟੱਟੂ, ਕਹਾਣੀ ਦਿੱਤੀ ਹੈ ਖੂਬ ਸ਼ਿੰਗਾਰ ਮੀਆਂ
 ---
ਹੋਰਾਂ ਚੱਕੀਆਂ ਝੌਤੀਆਂ ਮੈਂ ਖਰਾਸ ਜੁੱਤਾ, ਵਾਰਸ ਕਿਹਾ ਸੀ ਨਾਲ ਹੰਕਾਰ ਮੀਆਂ
ਛੱਡੀ ਕਸਰ ਨਹੀਂ ਆਟਾ ਮਿੱਲ ਵਾਲਾ, ‘ਕਾਬਲ ਵਿਰਕ ਜੋ ਕੀਤਾ ਤਿਆਰ ਮੀਆਂ 1

          ਸਪੱਸ਼ਟ ਹੈ ਕਿ ਕਾਬਲ ਵਿਰਕ ਨੇ ਨਵੇਂ ਯੁਗ ਦੀ ਸਾਰ ਨੂੰ ਪੇਸ਼ ਕਰਨ ਦੇ ਉਦੇਸ਼ ਨਾਲ ਇਹ ਕਿੱਸਾ  ਰਚਿਆ ਹੈ ਪਰ ਇਸ ਰਚਨਾ ਨੂੰ ਰਚਨ ਸਮੇਂ ਉਸਦੀ ਪ੍ਰੇਰਣਾ ਅਤੇ ਪ੍ਰਤਿਮਾਨ ਹੀਰ ਵਾਰਸ ਹੈ ਲੇਖਕ ਦਾ ਇਹ ਕਹਿਣਾ ਕੀ ਮੈਂ ਨਹੀਂ ਵਾਰਸ ਬਣ ਸਕਦਾ ਇਸ ਕਿੱਸੇ ਨੂੰ ਰਚਨ  ਦਾ ਪ੍ਰੇਰਣਾ ਭਾਵ ਹੈ ਅਤੇ ਚੰਗਾ ਜੋ ਸੀ ਵਾਰਸ ਤੋਂ ਖੂਬ ਲਿਆ ਇਸ ਕਿੱਸਾ ਰਚਨਾ ਦਾ ਪ੍ਰਤਿਮਾਨ ਬਣਿਆ ਹੈ

          ਇਸ ਤੱਥ ਤੋਂ ਇਹ ਸਪੱਸ਼ਟ ਹੈ ਕਿ ਲੇਖਕ ਨੇ ਇਸ ਕਿੱਸਾ ਰਚਨਾ ਨੂੰ ਨਵੇਂ ਮਾਹੌਲ, ਨਵੀਂ ਸਥਿਤੀ  ਅਤੇ ਨਵੇਂ ਮੁੱਲ ਵਿਧਾਨ ਅਨੁਸਾਰ ਸਿਰਜਿਆ ਹੈ ਸਮਝਣ ਵਾਲੀ ਗੱਲ ਇਹ ਹੈ ਕਿ ਕਾਬਲ ਵਿਰਕ ਆਪਣੀ ਰਚਨਾ ਨੂੰ ਰਚਨ ਸਮੇਂ ਹੀਰ ਵਾਰਸ ਨੂੰ ਪ੍ਰਤਿਮਾਨ ਮੰਨ ਕੇ ਚਲਦਾ ਹੈ ਪਰ ਕਿੱਸੇ ਦੀ ਮੂਲ ਕਥਾ ਦੇ ਵੇਰਵਿਆਂ ਵਿਚ ਜਦੋਂ ਉਹ ਤਬਦੀਲੀ, ਉਸਦੇ ਆਪਣੇ ਕਥਨ  ਨਵੇਂ ਯੁਗ ਦੀ ਸਾਰ ਅਨੁਸਾਰ, ਕਰਦਾ ਹੈ ਤਾਂ ਇਹ ਰਚਨਾ ਇਕ ਨਵੀਨ ਭਾਵ ਨਾਲ ਉਸਰਦੀ ਨਜ਼ਰ ਆਉਣੀ ਚਾਹੀਦੀ ਹੈ ਕਥਾ ਦੇ ਮੂਲ ਵੇਰਵਿਆਂ ਵਿਚ ਜੋ ਤਬਦੀਲੀ ਕੀਤੀ ਗਈ ਹੈ ਉਸ ਬਾਰੇ ਮੁੱਖ ਰੂਪ ਵਿਚ ਜਾਣਕਾਰੀ ਪ੍ਰੋਫੈਸਰ ਸਤਿੰਦਰ ਸਿੰਘ ਨੂਰ ਨੇ ਇਸ ਰਚਨਾ ਦੇ ਮੁੱਖ-ਬੰਦ ਵਿਚ ਦੇ ਦਿੱਤੀ ਹੈ

          ਇਉਂ ਇਨ੍ਹਾਂ ਕਥਾਤਮਕ ਤਬਦੀਲੀਆਂ ਨੂੰ ਇਥੇ ਦੁਹਰਾੳਣਾ ਠੀਕ ਨਹੀਂ ਹਾਂ, ਇਹ ਗੱਲ ਜ਼ਰੂਰ ਕਰਨੀ ਬਣਦੀ ਹੈ ਕਿ ਇਨ੍ਹਾਂ ਕਥਾਤਮਕ ਤਬਦੀਲੀਆਂ ਦੇ ਨਾਲ ਵਿਰਕ ਜੋ ਕਥਾਨਕ ਸਿਰਜਦਾ ਹੈ ਉਹ ਵਿਚਾਰਨਯੋਗ ਹੈ ਇਸ ਸਬੰਧ ਵਿਚ ਸਭਤੋਂ ਪਹਿਲੀ ਗੱਲ ਇਸ ਕਿੱਸਾ ਰਚਨਾ ਵਿਚ ਪ੍ਰਾਪਤ ਵਿਭਿੰਨ ਕਿਰਦਾਰਾਂ ਦੇ ਸਬੰਧ ਵਿਚ ਕੀਤੀ ਜਾ ਸਕਦੀ ਹੈ ਕਿਉਂਕਿ ਰਚਨਾ ਦੇ ਆਰੰਭ ਤੋਂ ਹੀ ਇਹ ਵੱਖਰਤਾ ਸਪੱਸ਼ਟ ਨਜ਼ਰ ਆਉਂਦੀ ਹੈ ਪੰਜਾਬੀ ਕਿੱਸਾ ਸਾਹਿਤ ਵਿਚ ਹੀਰ ਰਾਂਝਾ ਦੀ ਕਥਾ ਨਾਲ ਸਬੰਧਤ ਜੋ ਕਿੱਸੇ ਪ੍ਰਾਪਤ  ਹੁੰਦੇ ਹਨ ਉਨ੍ਹਾਂ ਵਿਚ ਹੀਰ ਤਾਂ ਬੜੇ ਬੇਬਾਕ ਰੂਪ ਵਿਚ ਪੇਸ਼ ਹੈ ਪਰ ਰਾਂਝਾ ਮਜਬੂਰ ਅਤੇ ਬੇਬਸ ਜਿਹਾ ਹੀ ਮਿਲਦਾ ਹੈ ਕਾਬਲ ਵਿਰਕ ਦੀ ਹੀਰ ਵਿਚਲਾ ਰਾਂਝਾ ਕਿਸੇ ਸਮੇਂ ਵੀ ਮਜਬੂਰ ਅਤੇ ਬੇਬਸ ਨਜ਼ਰ ਨਹੀਂ ਆਉਂਦਾ ਬਲਕਿ ਅਸਲ ਪੰਜਾਬੀ ਕਿਰਦਾਰ ਦੀ ਤਰਜ਼ਮਾਨੀ ਕਰਦਾ ਹੋਇਆ ਮੁਸ਼ਕਲ ਹਾਲਤਾਂ ਵਿਚ ਕਿਧਰੇ ਅੜਦਾ ਅਤੇ ਕਿਧਰੇ ਆਪਣੇ ਮਜ਼ਬੂਤ ਇਰਾਦੇ ਨਾਲ ਹੀਲੇ ਵਸੀਲੇ ਤਲਾਸ਼ਦਾ ਨਜ਼ਰ ਆਉਂਦਾ ਹੈ ਉਹ ਸਿੱਧਾ, ਸਪੱਸ਼ਟ ਅਤੇ ਬੇਬਾਕ ਹੈ ਉਹ ਮੁੱਲਾ, ਲੁੱਡਣ ਅਤੇ ਸਹਿਤੀ ਨਾਲ ਹਰ ਤਰ੍ਹਾਂ ਦਾ ਤਰਕ ਵਿਤਰਕ ਕਰਕੇ ਉਨ੍ਹਾਂ ਨੂੰ ਕਾਇਲ ਕਰਦਾ ਹੈ ਪਿਉ ਦੀ ਮੌਤ ਤੋਂ ਬਾਅਦ ਭਰਾ ਭਰਜਾਈਆਂ ਦੇ ਵਿਹਾਰ ਨਾਲ ਉਸਨੂੰ ਦੁੱਖ ਪਹੁੰਚਦਾ ਹੈ ਅਤੇ ਇਸ ਦੁੱਖ ਕਾਰਨ ਹੀ ਉਹ ਘਰ ਛੱਡਦਾ ਹੈ; ਕਿਸੇ ਬੇਬਸੀ ਕਾਰਨ ਨਹੀਂ ਲੁੱਡਣ ਮਲਾਹ ਦੇ ਮਨ੍ਹਾਂ ਕਰਨ ਤੇ ਉਹ ਵਾਰਸ ਦੇ ਰਾਂਝੇ ਵਾਂਗ ਬੇਬਸੀ ਵਿਚ ਰੋਂਦਾ ਨਹੀਂ ਬਲਕਿ ਆਪਣਾ ਤੁਲ੍ਹਾ ਆਪ ਤਿਆਰ ਕਰਦਾ ਹੈ ਇਥੋਂ ਤੱਕ ਕਿ ਹੀਰ ਦਾ ਵਿਆਹ ਹੋ ਜਾਣ ਤੇ ਉਹ ਦਿੱਲ ਨਹੀਂ ਛੱਡਦਾ ਅਤੇ ਨਾ ਹੀ ਚੋਰੀਂ ਭਜਾ ਲੈ ਜਾਣ ਦੀ ਕਾਇਰਤਾ ਉਸਨੂੰ ਭਾਉਂਦੀ ਹੈ ਬਲਕਿ ਹਿੰਮਤ ਨਾਲ ਕੋਈ ਸਬੀਲ ਬਣਾਉਣੀ ਚਾਹੁੰਦਾ ਹੈ:
ਹੀਰ ਮਿਲੇ ਤਾਂ ਉਸ ਨਾਲ ਗੱਲ ਕਰਾਂ
, ਏਡੀ ਛੇਤੀ ਮੈਦਾਨ ਅਸਾਂ ਛੱਡਣਾ ਨਹੀਂ
ਰੱਸੇ ਪੈੜੇ ਹੁਣ ਹੋਰ ਹੀ ਵਰਤਣੇ ਨੇ, ਕੰਡੇ ਨੇ ਤਾਂ ਕੰਡਾ ਹੁਣ ਕੱਢਣਾ ਨਹੀਂ
ਜਾਂ ਸਿਰ ਜਾਏ ਜਾਂ ਸਰ ਹੋਈਏ, ਚੂਚਕ ਅੱਗੇ ਤਾਂ ਹੱਥ ਹੁਣ ਅੱਡਣਾ ਨਹੀ
ਚਾਰ ਸਾਲ ਜੋ ਸ਼ੌਕ ਨਾਲ ਪਾਲਿਆ ਏ
, ਰੁੱਖ ਬੂਰ ਤੇ ਆਇਆ ਹੁਣ ਵੱਢਣਾ ਨਹੀਂ
ਵਸਲ ਮਾਣਿਆ ਵਸਲ ਹੀ ਮਾਨਣਾ ਏ, ਕਿੱਲਾ ਹਿਜਰ ਵਾਲਾ ਸੀਨੇ ਗੱਡਣਾ ਨਹੀਂ 2

          ਇਉਂ ਕਾਬਲ ਵਿਰਕ ਨੇ ਆਪਣੇ ਕਿੱਸੇ ਦੇ ਨਾਇਕ ਵਿਚ ਰਵਾਇਤੀ ਨਾਇਕ ਵਾਲੀ ਹਿੰਮਤ ਹੀ ਨਹੀਂ  ਬਲਕਿ ਸੂਝ-ਬੂਝ ਵੀ ਦਰਸਾਈ ਹੈ ਇਹ ਰਾਂਝਾ ਗਿਆਨਵਾਨ ਹੀ ਨਹੀਂ ਬਲਕਿ ਹੋਰ ਗਿਆਨ ਦਾ ਚਾਹਵਾਨ ਵੀ ਹੈ ਉਹ ਆਪਣੇ ਗਿਆਨ ਨਾਲ ਮੁੱਲਾ, ਸਹਿਤੀ ਅਤੇ ਰਾਜੇ ਨੂੰ ਪ੍ਰਭਾਵਿਤ ਹੀ ਨਹੀਂ ਕਰਦਾ ਬਲਕਿ ਮਿੱਠੀ ਵਰਗੀ ਤਜਰਬੇਕਾਰ ਔਰਤ ਕੋਲੋਂ ਸਿਖਣ ਅਤੇ ਸਮਝਣ  ਲਈ ਵੀ ਉਤਸੁਕ ਨਜ਼ਰ ਆਉਂਦਾ ਹੈ ਉਸ ਕੋਲ ਭਾਰਤੀ ਵੇਦ ਪੌਰਾਣਾਂ ਦੀ ਜਾਣਕਾਰੀ ਦੇ ਨਾਲ ਨਾਲ ਇਤਿਹਾਸ ਮਿਥਿਹਾਸ ਦਾ ਗਿਆਨ ਵੀ ਹੈ ਉਹ ਮੁਸਲਮਾਨ ਹੁੰਦਾ ਹੋਇਆ ਵੀ ਹਿੰਦੂ ਧਰਮ ਬਾਰੇ ਬਹੁਤ ਕੁਝ  ਜਾਣਦਾ ਹੈ ਇਥੋਂ ਤੱਕ ਕਿ ਉਹ ਮੁੱਲਾਂ ਨੂੰ ਵੀ ਆਪਣੇ ਗਿਆਨ ਨਾਲ ਪ੍ਰਭਾਵਿਤ ਕਰਕੇ ਆਪਣੇ ਨਾਲ ਸਹਿਮਤ ਹੋਣ ਲਈ ਮਜਬੂਰ ਕਰਦਾ ਹੈ ਮਸੀਤ ਦਾ ਮੁੱਲਾ ਇਕ ਗਿਆਨਵਾਨ ਮਨੁੱਖ ਤਾਂ ਹੈ ਅਤੇ ਹਿੰਦੂ ਧਰਮ ਬਾਰੇ ਵੀ ਜਾਣਕਾਰੀ ਰੱਖਦਾ ਹੈ ਪਰ ਸ਼ਾਇਦ ਧਾਰਮਿਕ ਮੁੱਖੀ ਹੋਣ ਕਰਕੇ ਸੌੜੀ ਸੋਚ ਰੱਖਦਾ ਹੈ ਰਾਂਝੇ ਦੀ ਰੱਬ ਪ੍ਰਤਿ ਪਹੁੰਚ ਅਤੇ ਗਿਆਨ ਤੋਂ ਉਹ ਪ੍ਰਭਾਵਿਤ ਹੋ ਕੇ ਕਹਿੰਦਾ ਹੈ:

                   ਤੂੰ ਜੱਟ ਨਹੀਂ ਹੈ ਕੋਈ ਵੱਡਾ ਫਾਜਿਲ, ਮੈਂ ਤਾਂ ਹੋ ਗਿਆ ਨੂਰੋ ਨੂਰ ਰਾਂਝਾ 3

          ਇਹ ਰਾਂਝੇ ਦੀ ਸਿਆਣਪ ਦਾ ਹੀ ਪ੍ਰਭਾਵ ਹੈ ਕਿ ਉਸਨੂੰ ਮਿਲਣ ਵਾਲਾ ਹਰ ਵਿਅਕਤੀ ਉਸਦੀ ਮਦਦ ਕਰਨ ਲਈ ਤਿਆਰ ਹੋ ਜਾਂਦਾ ਹੈ ਇਸਦੀ ਮਿਸਾਲ ਮਿੱਠੀ ਨੈਣ, ਅਬਾਸ, ਅਹਿਮਦ ਅਤੇ ਸੱਤੀ ਵੀ ਹਨ ਇਉਂ  ਇਤਿਹਾਸ-ਮਿਥਿਹਾਸ ਚੇਤਨਾ, ਸਰਬਪੱਖੀ ਦੁਨਿਆਵੀ ਜਾਣਕਾਰੀ ਅਤੇ ਜ਼ਿੰਦਗੀ ਦੇ ਤਜਰਬੇ ਵਿਚੋਂ ਮਿਲੀ ਸਿਆਣਪ ਨਾਲ ਕਾਬਲ ਵਿਰਕ ਦਾ ਰਾਂਝਾ ਉਸ ਰਵਾਇਤੀ ਨਾਇਕ ਦਾ ਪਦ ਪ੍ਰਾਪਤ ਕਰਦਾ ਹੈ ਜੋ ਹੀਰ ਰਾਂਝਾ ਦੀ ਕਥਾ ਨਾਲ ਸਬੰਧਤ ਪੰਜਾਬੀ ਕਿੱਸਿਆਂ ਵਿਚ ਰਾਂਝੇ ਨੂੰ ਪ੍ਰਾਪਤ ਨਹੀਂ ਹੁੰਦਾ

          ਰਾਂਝੇ ਵਾਂਗ ਹੀ ਕਾਬਲ ਵਿਰਕ ਦੀ ਹੀਰ ਸਿਰਫ ਸੋਹਣੀ ਹੀ ਨਹੀਂ, ਦ੍ਰਿੜ ਇਰਾਦੇ ਵਾਲੀ ਦਲੇਰ ਇਸਤਰੀ ਵੀ ਹੈ ਜੋ ਕਿ ਸਿਰਫ ਆਪਣੇ ਦ੍ਰਿੜ ਇਰਾਦੇ ਦੇ ਬਲਬੂਤੇ ਤੇ ਆਪਣੇ ਮਾਂ ਬਾਪ ਜਾਂ ਸਮਾਜ ਹੀ ਨਹੀਂ ਬਲਕਿ ਧਰਮ ਦੇ ਠੇਕੇਦਾਰ ਕਾਜ਼ੀ ਨਾਲ ਵੀ ਦਲੀਲ ਕਰਦੀ ਦੇਖੀ ਜਾ ਸਕਦੀ ਹੈ ਉਹ ਰੋਂਦੀ ਹੋਈ ਡੋਲੀ ਵਿਚ ਨਹੀਂ ਬੈਠਦੀ ਬਲਕਿ ਰਾਂਝੇ ਨੂੰ ਵੀ ਢਾਰਸ ਬਨਾਉਂਦੀ ਹੋਈ ਨਜ਼ਰ ਆਉਂਦੀ ਹੈ ਉਸਦੀ ਸਿਆਣਪ ਅਤੇ ਸਮਾਜਕ ਤੌਰ ਤੇ ਚੇਤੰਨ ਹੋਣ ਦੇ ਪ੍ਰਮਾਣ  ਤਾਂ ਹਰ ਪ੍ਰਸੰਗ ਵਿਚ ਮਿਲਦੇ ਹਨ ਪਰ ਆਪਣੀ ਮਾਂ ਮਲਕੀ ਨਾਲ ਚੱਲੇ ਸੰਵਾਦ ਵਿਚੋਂ ਉਸਦੀ ਸੋਚ ਇਹ ਸਪੱਸ਼ਟ ਹੁੰਦੀ ਹੈ:

ਜਿਹਨਾਂ ਇਕ ਖੁਦਾ ਦਾ ਖੌਫ ਜਾਤਾ, ਉਹਨਾਂ ਵਾਸਤੇ ਹਾਕਮ ਕੀ ਬਾਤ ਮਾਏ
ਉਹਨਾਂ ਵਾਸਤੇ ਊਚ ਨਾ ਨੀਚ ਕੋਈ, ਜਿਹੜੇ ਰੱਖਦੇ ਸਾਂਝੀ ਪਰਾਤ ਮਾਏ 4

          ਇਹ ਹੀਰ ਪ੍ਰਤਿਕੂਲ ਸਥਿਤੀਆਂ ਵਿਚ ਵੀ ਨਾ ਸਿਰਫ ਡਟੀ ਰਹਿੰਦੀ ਹੈ ਬਲਕਿ ਰਾਂਝੇ ਨੂੰ ਵੀ ਉਤਸਾਹਤ ਕਰਦੀ ਹੈ

ਹੱਥ ਤੇ ਹੱਥ ਧਰ ਅਸਾਂ ਨਹੀਂ ਬਹਿਣਾ, ਮੇਟਣੀ ਲਿਖੀ ਤਕਦੀਰ ਰਾਂਝਾ
ਕਿਵੇਂ ਕੈਦ ਕਰ ਲਏ ਸਾਡੇ ਸੁਫਨਿਆਂ ਨੂੰ, ਇਸ ਸਮਾਜ ਦੀ ਬੋਦੀ ਜ਼ੰਜੀਰ ਰਾਂਝਾ 5

          ਇਉਂ ਹੀਰ ਵਾਰਸ ਨਾਲੋਂ ਹੀਰ ਕਾਬਲ ਵਿਰਕ ਵਿਚ ਹੀਰ ਅਤੇ ਰਾਂਝੇ ਦੇ ਕਿਰਦਾਰ ਵਧੇਰੇ ਸਿਆਣਪ  ਅਤੇ ਤਰਕ ਵਾਲੇ ਨਜ਼ਰ ਆਉਂਦੇ ਹਨ ਹੀਰ ਕਾਬਲ ਵਿਰਕ ਤੋਂ ਪਹਿਲਾਂ ਪ੍ਰਾਪਤ  ਹੀਰ ਸਾਹਿਤ ਪਰੰਪਰਾ ਵਿਚ ਹੀਰ ਅਤੇ ਰਾਂਝਾ ਦ੍ਰਿੜ ਇਰਾਦੇ ਵਾਲੇ ਤਾਂ ਹਨ ਪਰ ਉਨ੍ਹਾਂ ਵਿਚ ਸਿਆਣਪ ਦੀ ਕਮੀ ਹੈ ਉਹ ਆਪਣੇ ਮਕਸਦ ਨੂੰ ਪ੍ਰਪਤ ਕਰਨ ਲਈ ਜਤਨਸ਼ੀਲ ਵੀ ਹਨ ਅਤੇ ਉਸ ਵਿਚ ਕਾਮਯਾਬ ਵੀ ਹੁੰਦੇ ਹਨ ਪਰ ਇਸ ਪ੍ਰਾਪਤੀ ਲਈ ਉਹ ਤਰਕ ਨਾਲੋਂ ਜੁਗਤ ਤੋਂ ਵਧੇਰੇ ਕੰਮ ਲੈਂਦੇ ਹਨ ਇਸਦੇ ਮੁਕਾਬਲੇ ਹੀਰ ਕਾਬਲ ਵਿਰਕ ਵਿਚ ਹੀਰ ਅਤੇ ਰਾਂਝਾ ਆਪਣੀ ਸਿਆਣਪ ਦੇ ਸਹਾਰੇ ਵਧੇਰੇ ਤੁਰਦੇ ਹਨ ਇਹ ਨਹੀਂ ਕਿ ਉਹ ਕਿਸੇ ਜੁਗਤ ਨੂੰ ਨਹੀਂ ਅਪਣਾਉਂਦੇ; ਅਪਣਉਂਦੇ ਹਨ ਪਰ ਉਸ ਵਿਚ ਤਰਕ ਹੁੰਦਾ ਹੈ ਇਸੇ ਲਈ  ਧਰਮ, ਸਮਾਜ, ਰਿਸ਼ਤਾ ਨਾਤਾ, ਪਿਆਰ ਅਤੇ ਰੱਬ ਪ੍ਰਤਿ ਉਨ੍ਹਾਂ ਦੀ ਦ੍ਰਿਸ਼ਟੀ ਵਿਚੋਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਅਲਗ ਅਲਗ ਪਹਿਲੂ ਉਜਾਗਰ ਹੁੰਦੇ ਹਨ ਇਹੀ ਨਹੀਂ ਬਲਕਿ ਸਹਿਤੀ, ਮਿੱਠੀ ਅਤੇ ਸੱਤੀ ਵਰਗੀਆਂ ਨਾਰੀ ਪਾਤਰ ਵੀ ਮਾਨਵੀ ਕਦਰਾਂ ਕੀਮਤਾਂ ਅਤੇ ਸੱਚੇ ਸੁੱਚੇ ਇਸ਼ਕ ਦੀ ਕਦਰ ਕਰਨ ਵਾਲੀਆਂ ਦਰਸਾਈਆਂ ਹਨ।  ਇਹ ਬੇਸ਼ੱਕ ਲੇਖਕ ਦੀ ਆਧੁਨਿਕ ਸੋਚ ਦਾ ਹੀ ਪ੍ਰਤਿਫਲ ਹੈ ਅਤੇ ਇਸ ਨਾਲ ਇਹ ਕਿੱਸਾ ਆਪਣੀ ਵੱਖਰੀ ਹੋਂਦ ਵੀ ਕਾਇਮ ਕਰਦਾ ਹੈ

           ਪਰ ਅਜਿਹੀ ਵੱਖਰਤਾ ਨੂੰ ਸਿਰਜਦਿਆਂ  ਲੇਖਕ ਹੀਰ ਅਤੇ ਰਾਂਝੇ ਦੀ ਕਹਾਣੀ ਨੂੰ ਗੁਰੂ ਅਰਜਨ ਦੇਵ ਦੇ ਸਮੇਂ ਵਿਚ ਵਾਪਰੀ ਦਰਸਾਉਂਦਾ ਹੈ ਰਾਂਝਾ ਗੁਰੂ ਨਾਨਕ ਦੀ ਵਡਿਆਈ ਕਰਦਾ ਦੱਸਿਆ ਹੈ ਇਹੀ ਨਹੀਂ ਰਾਂਝੇ ਦੇ ਮੂੰਹੋਂ ਇਹ ਅਖਵਾ ਕੇ ਕਿ ਉਸ ਨੇ ਗੁਰੂ ਅਰਜਨ ਦੇਵ ਦੇ ਦਰਸ਼ਨ ਕੀਤੇ ਹਨ, ਗੁਰੂ ਘਰ ਦੀ ਵੱਡਿਆਈ ਹੀ ਨਹੀਂ ਕੀਤੀ ਬਲਕਿ ਪ੍ਰਮਾਣ ਵੀ ਪੇਸ਼ ਕੀਤਾ ਹੈ:

ਅਰਜਨ ਦੇਵ ਉਹਦੀ ਗੱਦੀ ਹੁਣ ਵਾਰਸ, ਅੰਮ੍ਰਿਤਸਰ ਹੈ ਉਹਦਾ ਦਰਬਾਰ ਮੀਆਂ
ਊਚ, ਨੀਚ ਤੇ ਮੁਸਲਮਾਨ, ਹਿੰਦੂ, ਲੱਗੀ ਰਹਿੰਦੀ ਹੈ ਲੰਮੀ ਕਤਾਰ ਮੀਆਂ
ਮੈਂ ਵੀ ਪਿਤਾ ਨਾਲ ਗਿਆ ਸਾਂ ਦਰਸ਼ਨਾਂ ਨੂੰ, ਦਿਲ ਹੋ ਗਿਆ ਸ਼ਾਰ-ਸ਼ਾਰ ਮੀਆਂ
ਹਸਤੀ  ਅੱਲਾ  ਦੀ  ਮਾਲੂਮ  ਹੋ  ਗਈ  ਸਾਰੀ ਸਾਰੇ  ਬਦਲ  ਗਏ  ਫਿਰ  ਵਿਚਾਰ  ਮੀਆਂ 6                   

ਕੀ ਇਹ ਇਤਿਹਾਸ ਚੇਤਨਾ ਦੀ ਘਾਟ ਕਰਕੇ ਹੋਇਆ ਹੈ ਜਾਂ ਕਿਸੇ ਸੋਚੀ ਸਮਝੀ ਯੋਜਨਾ ਤਹਿਤ ਇਹ ਕੀਤਾ ਗਿਆ ਹੈ? ਇਹ ਨਿਰਣਾ ਕਰਨਾ ਜ਼ਰੂਰੀ ਹੈ ਕਿੱਸੇ ਵਿਚ ਰਾਂਝੇ ਦੇ ਇਨ੍ਹਾਂ ਕਥਨਾਂ ਹਸਤੀ ਅੱਲਾ ਦੀ ਮਾਲੂਮ ਹੋ ਗਈ ਸਾਰੀ, ਸਾਰੇ ਬਦਲ ਗਏ ਫਿਰ ਵਿਚਾਰ ਮੀਆਂ ਤੋਂ ਸਪੱਸ਼ਟ ਹੈ ਕਿ ਰਾਂਝੇ ਦੀ ਧਰਮ ਨਿਰਪੱਖ ਸੋਚ ਅਤੇ ਸਿਆਣਪ ਨੂੰ ਗੁਰੂ ਘਰ ਨਾਲ ਜੁੜਣ ਕਰਕੇ ਦਰਸਾਇਆ ਹੈ ਪਰ ਇਤਿਹਾਸ ਵਿਚ ਤਾਂ ਹੀਰ ਰਾਂਝੇ ਦੀ ਕਥਾ ਦਾ ਸਮਾਂ ਪੰਦਰਵੀਂ ਈਸਵੀ ਸਦੀ ਦਾ ਮਿਲਦਾ ਹੈ ਇਸਦੇ ਪ੍ਰਮਾਣ ਕਈ ਇਤਿਹਾਸਕਾਰਾਂ ਨੇ ਦਿੱਤੇ ਹਨ ਗੁਰੂ ਅਰਜਨ ਦੇਵ ਜੀ ਦਾ ਸਮਾਂ ਸੋਲਵੀਂ ਅਤੇ ਸਤਾਰਵੀਂ ਈਸਵੀ ਸਦੀ ਦਾ ਹੈ ਕਿਉਂਕਿ ਹੀਰ ਰਾਂਝੇ ਦੀ ਕਥਾ ਦੰਤ ਕਥਾ ਹੈ ਇਸ ਲਈ ਇਸ ਵਿਚ ਕੁਝ ਘਟਨਾਤਮਕ ਤਬਦੀਲੀਆਂ ਤਾਂ ਕੀਤੀਆਂ ਜਾ ਸਕਦੀਆਂ ਹਨ ਪਰ ਸਮੇਂ ਨੂੰ ਬਦਲਣਾ ਉਚਿਤ ਨਹੀਂ ਕਿਹਾ ਜਾ ਸਕਦਾ ਅਜੀਬ ਗੱਲ ਇਹ ਹੈ ਕਿ ਜਿਸ ਤਰਾਂ ਕਿੱਸਾ ਹੀਰ ਸਾਹਿਤ ਪਰੰਪਰਾ ਵਿਚ ਹੀਰ ਅਤੇ ਰਾਂਝੇ ਨੂੰ ਇਨਸਾਫ਼ ਰਾਜਾ ਅਦਲੀ ਕੋਲੋਂ ਮਿਲਦਾ ਹੈ ਉਸੇ ਤਰਾਂ ਹੀਰ ਕਾਬਲ ਵਿਰਕ ਵਿਚ ਦਰਸਾਇਆ ਗਿਆ ਹੈ

          ਇਕ ਹੋਰ ਵੱਖਰਤਾ ਇਹ ਸਿਰਜੀ ਮਿਲਦੀ ਹੈ ਕਿ ਹੀਰ ਕਾਬਲ ਵਿਰਕ ਵਿਚ ਰਾਂਝਾ ਹੀਰ ਦੇ ਪਿਉ ਚੂਚਕ ਦੀਆਂ ਮੱਝਾਂ ਚਾਰ ਸਾਲ ਚਾਰਦਾ ਦੱਸਿਆ ਹੈ ਜਿਵੇਂ ਚਾਰ ਸਾਲ ਚਰਵਾ ਕੇ ਮੁਫਤ ਮੱਝਾਂ, ਤੇਰੇ ਬਾਪ ਦਿੱਤਾ ਰਾਤ ਤਰਾਹ ਹੀਰੇ’ 7 ਜਾਂ ਚਾਰ ਸਾਲ ਜੋ ਸ਼ੌਕ ਨਾਲ ਪਾਲਿਆ ਏ, ਰੁੱਖ ਬੂਰ ਤੇ ਆਇਆ ਹੁਣ ਵੱਢਣਾ ਨਹੀਂ’ 8 ਪਰ ਕਿੱਸਾ ਹੀਰ ਸਾਹਿਤ ਪਰੰਪਰਾ ਵਿਚ ਰਾਂਝੇ ਦਾ ਹੀਰ ਦੇ ਪਿਉ ਚੂਚਕ ਦੀਆਂ ਮੱਝਾਂ ਚਾਰਨ ਦਾ ਸਮਾਂ ਬਾਰਾਂ ਸਾਲ ਦੱਸਿਆ ਹੈ ਅਸੀਂ ਇਹ ਮੰਨਦੇ ਹਾਂ ਕਿ ਇਸ ਨੂੰ ਪ੍ਰਮਾਣਿਤ ਕਰਨਾ ਸੰਭਵ ਨਹੀਂ, ਪਰ ਬਾਰਾਂ ਸਾਲ ਤਾਂ ਇਕ ਰੂੜੀ ਹੈ ਜੋ ਕਈ ਕਥਾਵਾਂ ਵਿਚ ਮਿਲਦੀ ਹੈ ਬਾਰਾਂ ਤੋਂ ਚਾਰ ਸਾਲ ਸਮਾਂ ਕਰਨ ਦਾ  ਜੇ ਕੋਈ ਤਰਕ ਨਹੀਂ ਤਾਂ ਬਾਰਾਂ ਸਾਲ ਹੀ ਕਹਿਣਾ ਚਾਹੀਦਾ ਸੀ ਮਹੱਤਵਪੂਰਨ ਗੱਲ ਇਹ ਹੈ ਕਿ ਰਾਂਝੇ ਨੇ ਚੂਚਕ ਦੀਆਂ ਮੱਝਾਂ ਚਾਰੀਆਂ ਅਤੇ ਉਸ ਦੌਰਾਨ ਹੀ ਉਸ ਨੇ ਹੀਰ ਨਾਲ  ਇਸ਼ਕ ਪਾਲਿਆ।  

          ਇਕ ਹੋਰ ਪਹਿਲੂ ਜੋ ਇਸ ਰਚਨਾ ਬਾਰੇ ਚਰਚਾ ਕਰਦਿਆਂ ਵਿਚਾਰਨਯੋਗ ਹੈ ਉਹ ਇਸ ਕਿੱਸੇ ਦੇ ਅੰਤ ਨਾਲ ਸਬੰਧਤ ਹੈ ਹੀਰ ਰਾਂਝੇ ਦੀ ਕਥਾ ਨੂੰ ਆਧਾਰ ਬਣਾ ਕਿੱਸਾ ਰਚਨਾ ਕਰਨ ਵਾਲੇ ਹਰ ਕਿੱਸਾਕਾਰ ਨੇ ਆਪਣੇ ਕਿੱਸੇ ਦਾ ਅੰਤ ਆਪਣੀ ਸੋਚ ਅਨੁਸਾਰ ਕੀਤਾ ਹੈ ਕਾਬਲ ਵਿਰਕ ਆਪਣੇ ਕਿੱਸੇ ਦਾ ਅੰਤ ਹੀਰ ਰਾਂਝੇ ਨੂੰ ਰਾਜੇ ਅਦਲੀ ਦੇ ਦਰਬਾਰ ਵਿਚ ਹੀ ਨੌਕਰੀ ਮਿਲਨ ਦੇ ਨਾਲ ਕਰਦਾ ਹੈ ਜੇ ਇਹ ਅੰਤ ਨਵੇਂ ਯੁਗ ਦੀ ਸਾਰ’  ਅਨੁਸਾਰ ਹੈ ਤਾਂ ਇਸਦੇ ਲੁਕਵੇਂ ਪਹਿਲੂ ਨੂੰ ਸਮਝਣਾ ਜ਼ਰੂਰੀ ਹੈ ਰਾਜਾ ਅਦਲੀ ਹੀਰ ਅਤੇ ਰਾਂਝੇ ਨੂੰ ਨੌਕਰੀ ਉਨ੍ਹਾਂ ਦੀ ਸਿਆਣਪ ਕਰਕੇ ਦਿੰਦਾ ਹੈ ਕੀ ਇਹ ਮਿਹਰ ਹੈ ਜਾਂ ਇਸ ਸਿਆਣਪ ਨੂੰ ਰਾਜਾ ਆਪਣੇ ਹਿੱਤਾਂ ਲਈ ਵਰਤੇਗਾ ਜਾਂ ਲੋਕ ਹਿੱਤ ਵਾਸਤੇ ਇਹ ਕੀਤਾ ਗਿਆ ਹੈ? ਇਸ ਨੂੰ ਨਵੇਂ ਯੁਗ ਅਨੁਸਾਰ ਦੇਖਿਆਂ  ਇਹ ਸਪੱਸ਼ਟ ਹੁੰਦਾ ਹੈ ਕਿ ਨਵਾਂ ਯੁਗ ਵਿਸ਼ਵੀਕਰਨ ਦਾ ਯੁਗ ਹੈ ਅਤੇ ਇਸ ਨਵੇਂ ਯੁਗ ਦਾ ਰਾਜਾ ਸਰਮਾਏਦਾਰ ਹੈ ਉਹ ਜਦ  ਕਦੀ ਵੀ ਸਿਆਣਪ ਨੂੰ ਆਪਣੇ ਨਾਲ ਜੋੜਦਾ ਹੈ ਤਾਂ ਉਸ ਵਿਚ ਉਸਦਾ ਨਿੱਜੀ ਹਿੱਤ ਹੁੰਦਾ ਹੈ ਉਹ ਸਿਆਣਪ ਦੀ ਕੀਮਤ ਤਾਂ ਤਾਰਦਾ ਹੈ ਪਰ ਬਾਅਦ ਵਿਚ ਉਸਨੂੰ ਆਪਣੇ ਅਨੁਸਾਰ ਵਰਤਦਾ ਹੈ

          ਦਰਅਸਲ ਵਿਰੋਧਾਭਾਸ ਇਹ ਹੈ ਕਿ ਕਾਬਲ ਵਿਰਕ ਆਪਣੀ ਇਸ ਰਚਨਾ ਵਿਚ ਵਸਤੂ ਅਤੇ ਰੂਪ ਤਾਂ ਮੱਧਕਾਲੀ ਸਾਹਿਤ ਪਰੰਪਰਾ ਵਾਲੀ ਹੀ ਚੁਣਦਾ ਹੈ ਪਰ ਦ੍ਰਿਸ਼ਟੀ ਨਵੀਂ ਅਨੁਸਾਰ ਤੁਰਨਾ ਚਾਹੁੰਦਾ ਹੈ ਸਮਝਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਸਾਹਿਤ ਰਚਨਾ ਵਸਤੂ, ਰੂਪ-ਵਿਧੀ ਅਤੇ ਦ੍ਰਿਸ਼ਟੀ ਦਾ ਸੁਮੇਲ ਹੁੰਦੀ ਹੈ ਇਨ੍ਹਾਂ ਵਿਚ ਸੰਤੁਲਨ ਹੋਣਾ ਬੜਾ ਜ਼ਰੂਰੀ ਹੈ ਕਾਬਲ ਵਿਰਕ ਜੇਕਰ ਨਵੀਂ ਦ੍ਰਿਸ਼ਟੀ ਅਨੁਸਾਰ ਹੀਰ ਦੀ ਕਥਾ ਨੂੰ ਸਿਰਜਣਾ ਚਾਹੁੰਦਾ ਸੀ ਤਾਂ ਉਸ ਨੂੰ ਵਸਤੂ ਅਤੇ ਰੂਪ ਦਾ ਵੀ ਰੂਪਾਂਤਰਣ ਕਰਨਾ ਚਾਹੀਦਾ ਸੀ ਅਜਿਹਾ ਕਰਨ ਨਾਲ ਇਹ ਰਚਨਾ ਇਕ ਰਚਨਾਤਮਕ ਪ੍ਰਯੋਗ ਹੋ ਨਿਬੜਦੀ ਮਿਸਾਲ ਦੇ ਤੌਰ ਤੇ ਜੇਕਰ ਇਸ  ਕਥਾ ਨੂੰ ਨਾਟਕੀ ਵਿਧੀ ਵਿਚ ਸਿਰਜਿਆ ਜਾਂਦਾ ਤਾਂ ਇਸ ਵਿਚ ਤਿੰਨ ਪੜਾਅ ਵਿਸ਼ੇਸ਼ ਤੌਰ ਤੇ ਉਭਾਰੇ ਜਾ ਸਕਦੇ ਸਨ ਪਹਿਲਾ ਹੀਰ ਅਤੇ ਰਾਂਝੇ ਦੇ ਇਸ਼ਕ ਹੋਣ ਦਾ, ਦੂਸਰਾ ਹੀਰ ਦੇ ਵਿਆਹ ਤੋਂ ਬਾਅਦ ਵਿਛੋੜੇ ਦੇ ਦੁੱਖ ਦਾ ਅਤੇ ਤੀਸਰਾ ਫਿਰ ਮਿਲਾਪ ਲਈ ਦੋਹਾਂ ਵੱਲੋਂ ਕੀਤੇ ਹੀਲੇ ਵਸੀਲਿਆਂ ਦਾ ਬੇਸ਼ੱਕ ਇਹ ਕਥਾ ਛੰਦ ਵਿਚ ਹੀ ਹੁੰਦੀ ਪਰ ਮੰਨੀ ਇਹ ਨਵ-ਪ੍ਰਯੋਗ ਹੀ ਜਾਣੀ ਸੀ

          ਕਾਬਲ ਵਿਰਕ ਦੀ ਹੀਰ ਦਾ ਸਭਤੋਂ ਸ਼ਕਤੀਵਰ ਪਹਿਲੂ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਦੇ ਖਜਾਨੇਂ ਨੂੰ ਇਸ ਰਚਨਾ ਵਿਚ ਬੜੀ ਖੂਬੀ ਨਾਲ ਸਿਰਜਨ ਵਿਚ ਪਛਾਣਿਆ ਜਾ ਸਕਦਾ ਹੈ ਵੈਸੇ ਤਾਂ ਹੀਰ ਵਾਰਸ ਵਿਚ ਵੀ ਇਸਦੀ ਭਰਪੂਰ ਵਰਤੋਂ ਮਿਲਦੀ ਹੈ ਪਰ ਕਾਬਲ ਵਿਰਕ ਇਸਤੋਂ ਅੱਗੇ ਨਿਕਲਿਆ ਨਜ਼ਰ ਆਉਂਦਾ ਹੈ ਉਸ ਕੋਲ ਅਲੰਕਾਰ, ਅਖਾਣ, ਮੁਹਾਵਰੇ, ਇਤਿਹਾਸ, ਮਿਥਿਹਾਸ ਦਾ ਅਜਿਹਾ ਖਜਾਨਾ ਹੈ ਜੋ ਖੁਲ੍ਹ ਕੇ ਵਰਤਣ ਦੇ ਬਾਵਜੂਦ ਵੀ ਮੁੱਕਿਆ ਨਜ਼ਰ ਨਹੀਂ ਆਉਂਦਾ ਉਸਨੇ ਇਸ ਕਿੱਸੇ ਦੀ ਹਰ ਘਟਨਾ ਅਤੇ ਸਥਿਤੀ ਵਿਚ ਇਨ੍ਹਾਂ ਨੂੰ ਪ੍ਰਮਾਣ ਦੇ ਤੌਰ ਤੇ ਵਰਤਿਆ ਹੈ ਇਹੀ ਨਹੀਂ ਹੀਰ ਦੇ ਵਿਆਹ ਸਮੇਂ ਗਹਿਣਿਆਂ, ਕਪੜਿਆਂ, ਪਕਵਾਨਾਂ ਅਤੇ ਦਾਜ ਵਿਚ ਦਿੱਤੇ ਜਾਣ ਵਾਲੇ ਭਾਂਡਿਆਂ ਦੀ ਏਨੀ ਲੰਮੀ ਸੂਚੀ ਦਿੱਤੀ ਗਈ ਹੈ ਕਿ ਪਾਠਕ ਪੜ੍ਹਦਿਆਂ ਹੋਇਆਂ ਹੈਰਾਨ ਹੋਏ ਬਗੈਰ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਰਾਂਝੇ ਅਤੇ ਸਹਿਤੀ ਦੇ ਸੰਵਾਦ ਸਮੇਂ  ਰਾਂਝੇ  ਦਾ ਬੀਮਾਰੀਆਂ ਦੇ ਦੇਸੀ ਨੁਸਖਿਆਂ ਦੀ ਵੱਡੀ ਗਿਣਤੀ ਦੇਣਾ, ਪੰਛੀ, ਪਸ਼ੂ ਅਤੇ ਹੋਰ ਜੀਵ ਜੰਤੂਆਂ ਬਾਰੇ ਗੱਲ ਕਰਨ ਤੋਂ ਇਲਾਵਾ ਫੁੱਲਾਂ ਅਤੇ ਰੁੱਖਾਂ ਬਾਰੇ ਵਿਸਥਾਰ ਵਿਚ ਗੱਲ ਕਰਨੀ ਕਾਬਲ ਵਿਰਕ ਦੀ ਰਚਨਾ ਦੀ ਇਹ ਵੱਡੀ ਪ੍ਰਾਪਤੀ ਹੈ ਜੋ ਕਿਸੇ ਹੋਰ ਰਚਨਾ ਵਿਚ ਦੇਖਣ ਨੂੰ ਨਹੀਂ ਮਿਲਦੀ।  ਪਰ ਕਈ ਵਾਰ ਕੁਝ ਅਜਿਹਾ ਵੀ ਲੱਗਣ ਲਗ ਪੈਂਦਾ ਹੈ ਕਿ  ਜਿਵੇਂ ਇਹ ਸਭ ਕੁਝ ਕਾਬਲ ਵਿਰਕ ਨੇ ਉਚੇਚੇ ਤੌਰ ਤੇ ਆਪਣੇ ਆਪ ਨੂੰ ਵਾਰਸ ਸ਼ਾਹ ਤੋਂ ਵੱਡਾ ਕਵੀ ਸਿੱਧ ਕਰਨ ਲਈ ਕੀਤਾ ਹੈ ਅਜਿਹਾ ਲੱਗਣਾ ਸੁਭਾਵਕ ਵੀ ਹੈ ਕਿਉਂਕਿ ਜਿਵੇਂ ਅਸੀਂ ਇਸ ਖੋਜ ਪੱਤਰ ਦੇ ਆਰੰਭ ਵਿਚ ਵੀ ਕਿਹਾ ਹੈ ਕਿ ਕਾਬਲ ਵਿਰਕ ਆਪਣੀ ਇਸ ਰਚਨਾ ਦੀ ਪ੍ਰੇਰਣਾ ਅਤੇ ਪ੍ਰਤਿਮਾਨ ਵਾਰਸ ਸ਼ਾਹ ਨੂੰ ਮੰਨਦਾ ਹੈ ਪ੍ਰੇਰਣਾ ਤਾਂ ਚੰਗੀ ਗੱਲ ਹੈ ਪਰ ਜਦੋਂ ਅਸੀਂ ਉਸੇ ਨੂੰ ਪ੍ਰਤਿਮਾਨ ਮੰਨ ਲੈਂਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਸੀਮਤ ਕਰ ਲੈਂਦੇ ਹਾਂ ਕਾਬਲ ਵਿਰਕ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ ਇਹੀ ਕਾਰਨ ਹੈ ਕਿ ਕਾਬਲ ਵਿਰਕ ਦਾ ਰਾਂਝਾ ਵਾਰਸ ਦੇ ਰਾਂਝੇ ਵਾਂਗ ਇਸਤਰੀ ਬਾਰੇ ਸੋਚ ਪਰੰਪਰਕ ਹੀ ਰੱਖਦਾ ਹੈ ਮਿਸਾਲ ਦੇ ਤੌਰ ਤੇ ਕਾਬਲ ਵਿਰਕ ਦਾ ਇਹ ਰਾਂਝਾ ਜਦੋਂ ਆਪਣੀਆਂ ਭਾਬੀਆਂ ਅਤੇ ਸਹਿਤੀ ਨਾਲ ਸੰਵਾਦ ਵਿਚ ਪੈਂਦਾ ਹੈ ਤਾਂ ਔਰਤ ਨੂੰ ਖੂਬ ਭੰਡਦਾ  ਹੈ ਵਿਅੰਗ ਇਹ ਹੈ ਕਿ ਕਾਬਲ ਵਿਰਕ ਨੇ ਆਪਣੇ ਇਸ ਰਾਂਝੇ ਨੂੰ ਉੱਚੀ ਸੁੱਚੀ ਸੋਚ’ 9  ਵਾਲਾ ਕਿਹਾ ਹੈ

          ਕੁਝ ਵੀ ਹੈ ਹੀਰ ਕਾਬਲ ਵਿਰਕ ਪੜ੍ਹਕੇ ਕੋਈ ਵੀ ਪਾਠਕ ਕਾਬਲ ਵਿਰਕ ਦੀ ਕਾਬਲੀਅਤ ਦੀ ਸਰਾਹਨਾ ਕਰੇ ਬਗੈਰ ਨਹੀਂ ਰਹਿ ਸਕਦਾ।  ਇਸ ਰਚਨਾ ਵਿਚ ਉਸਦੀ ਮਿਹਨਤ, ਲਿਆਕਤ ਅਤੇ ਸਿਆਣਪ ਦਾ ਭਰਪੂਰ ਪਤਾ ਚਲਦਾ ਹੈ ਕਿੱਸਾ ਹੀਰ ਪਾਠਕ ਪ੍ਰੇਮੀ ਇਸ ਰਚਨਾ ਨੂੰ ਬੜੇ ਅਨੰਦ ਨਾਲ ਪੜ੍ਹਣਗੇ ਅਤੇ ਫਿਰ ਇਸ ਬਾਰੇ ਚਰਚਾ ਵੀ ਕਰਨਗੇ ਪਰ ਮੈਂ ਇਹ ਸਮਝਦਾ ਹਾਂ ਕਿ ਇਹ ਰਚਨਾ ਹਰ ਉਸ ਪੰਜਾਬੀ ਘਰ ਦਾ ਸ਼ਿੰਗਾਰ  ਬਨਣੀ ਚਾਹੀਦੀ ਹੈ  ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਦੀਵਾਨਾ ਹੈ ਕਿਉਂਕਿ  ਗੁਲਾਬੀ ਰੰਗ ਵਿਚ ਰੰਗੀ ਇਸ ਪੁਸਤਕ ਵਿਚ ਪੰਜਾਬੀ ਸਮਾਜ, ਸਭਿਆਚਾਰ ਅਤੇ ਲੋਕਧਾਰਾ ਦੇ ਨਾ ਸਿਰਫ ਭਰਪੂਰ ਦਰਸ਼ਨ ਹੁੰਦੇ ਹਨ ਬਲਕਿ ਨਵੀਂ ਪੀੜ੍ਹੀ ਵਾਸਤੇ ਇਸ ਨੂੰ ਸਮਝਣ  ਲਈ ਅੰਤ ਵਿਚ ਅਰਥਾਵਲੀ ਵੀ ਦਿੱਤੀ ਗਈ ਹੈ ਹਰਿਆਣਾ ਵਿਚ ਅਜਿਹੇ ਪੰਜਾਬੀ ਲੇਖਕ ਦਾ ਹੋਣਾ ਹੋਰ ਵੀ ਮਾਣ ਨਾਲੀ ਗੱਲ ਹੈ

 ਹਵਾਲੇ ਅਤੇ ਟਿੱਪਣੀਆਂ

1.  ਕਾਬਲ ਵਿਰਕ, ਹੀਰ ਕਾਬਲ ਵਿਰਕ, ਸਕਾਈ ਇੰਡੀਆ ਪਬਲੀਕੇਸ਼ਨ, ਕਰਨਾਲ, 2006, ਪੰਨਾ 262
2.
ਉਹੀ, ਪੰਨਾ 84
3
  ਉਹੀ, ਪੰਨਾ 36
4.
ਉਹੀ, ਪੰਨਾ 87
5.
ਉਹੀ, ਪੰਨਾ 106
6.
ਉਹੀ, ਪੰਨਾ 73
7.
ਉਹੀ, ਪੰਨਾ 76
8.
ਉਹੀ, ਪੰਨਾ 84
9.
ਉਹੀ, ਪੰਨਾ 262                                                   

-ਯੂਨੀਕੋਡ ਚਾਤ੍ਰਿਕ-7 ਸਤੰਬਰ 2007

 

e-mail:
ਲਿਖਾਰੀ


© likhari: Punjabi Likhari Forum-2001-2007