ਜਰਨੈਲ ਸਿੰਘ ਨਵੀਂ
ਪੰਜਾਬੀ ਕਹਾਣੀ ਸਿਰਜਣਾ ਵਿੱਚ ਇਕ ਮਹੱਤਵਪੂਰਨ ਨਾਮ ਹੈ। ਉਹ 1981 ਵਿਚ ਆਪਣੇ ਪਹਿਲੇ
ਕਹਾਣੀ ਸੰਗ੍ਰਹਿ ਮੈਨੂੰ ਕੀ ਨਾਲ ਪੰਜਾਬੀ ਕਹਾਣੀ ਸੰਸਾਰ ਵਿਚ ਪ੍ਰਵੇਸ਼ ਕਰਦਿਆਂ ਹੀ
ਚਰਚਾ ਵਿਚ ਆ ਜਾਂਦਾ ਹੈ। ਇਸ ਕਹਾਣੀ ਸੰਗ੍ਰਹਿ ਦੇ ਆਰੰਭ ਵਿਚ ‘ਦੋ ਸ਼ਬਦ’ ਸਿਰਲੇਖ
ਹੇਠ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਪ੍ਰਿੰ ਸੁਜਾਨ ਸਿੰਘ ਦੇ ਇਹ ਸ਼ਬਦ ‘ਮੈਨੂੰ ਇਹ
ਕਹਾਣੀਆਂ, ਕਹਾਣੀਆਂ ਲੱਗੀਆਂ ਹਨ’*1, ਜਰਨੈਲ ਸਿੰਘ ਲਈ ਪੰਜਾਬੀ ਕਹਾਣੀ ਵਿਚ ਬਤੌਰ
ਕਹਾਣੀਕਾਰ ਦੇ ਸਵਾਗਤ ਵਜੋਂ ਹੀ ਨਹੀਂ ਕਹੇ ਗਏ, ਬਲਕਿ ਉਸ ਦੀਆਂ ਕਹਾਣੀਆਂ ਦੇ ਪਾਠ
ਤੋਂ ਬਾਅਦ ਹਰ ਪਾਠਕ ਅਜਿਹੀ ਹੀ ਧਾਰਨਾ ਬਣਾਉਂਦਾ ਹੈ। ਸੁਜਾਨ ਸਿੰਘ ਦੇ ਇਹ ਸ਼ਬਦ
ਉਦੋਂ ਹੋਰ ਵੀ ਪ੍ਰਮਾਣਿਕ ਲੱਗਦੇ ਹਨ ਜਦੋਂ ਅਸੀਂ ਜਰਨੈਲ ਸਿੰਘ ਦੇ ਪਹਿਲੇ ਕਹਾਣੀ
ਸੰਗ੍ਰਹਿ ਮੈਨੂੰ ਕੀ ਤੋਂ ਬਾਅਦ ਉਸ ਦੇ ਹੋਰ ਕਹਾਣੀ ਸੰਗ੍ਰਹਿ ਪੜ੍ਹਦੇ ਹਾਂ। ਮੈਨੂੰ
ਕੀ ਕਹਾਣੀ ਸੰਗ੍ਰਹਿ ਉਪਰੰਤ ਜਰਨੈਲ ਸਿੰਘ ਦੇ ਮਨੁੱਖ ਤੇ ਮਨੁੱਖ (1983),ਸਮੇਂ ਦੇ
ਹਾਣੀ (1987, ਦੋ ਟਾਪੂ (1999) ਅਤੇ 2005 ਵਿਚ ਪ੍ਰਕਾਸਿ਼ਤ ਟਾਵਰਜ਼ ਕਹਾਣੀ
ਸੰਗ੍ਰਹਿ ਪ੍ਰਾਪਤ ਹੁੰਦੇ ਹਨ। ਬੇਸ਼ੱਕ ਜਰਨੈਲ ਸਿੰਘ ਦੀਆਂ ਕਹਾਣੀਆਂ ਬਾਰੇ ਚਰਚਾ
ਉਸਦੇ ਪਹਿਲੇ ਕਹਾਣੀ ਸੰਗ੍ਰਹਿ ਦੇ ਪ੍ਰਕਾਸਿ਼ਤ ਹੁੰਦਿਆਂ ਹੀ ਹੋਣ ਲਗਦੀ ਹੈ ਪਰ ਉਸ
ਦੀਆਂ ਕਹਾਣੀਆਂ ਬਾਰੇ ਨਵੇਂ ਸਿਰੇ ਤੋਂ ਚਰਚਾ ਦੋ ਟਾਪੂ ਦੇ ਪ੍ਰਕਾਸਿ਼ਤ ਹੋਣ ਨਾਲ
ਆਰੰਭ ਹੁੰਦੀ ਹੈ।
ਦੋ ਟਾਪੂ
ਕਹਾਣੀ ਸੰਗ੍ਰਹਿ ਜਰਨੈਲ ਸਿੰਘ ਨੂੰ ਪੰਜਾਬੀ ਕਹਾਣੀ ਸੰਸਾਰ ਵਿਚ ਇਕ ਵਿਸ਼ੇਸ਼
ਪ੍ਰਾਪਤੀ ਵਾਲੇ ਕਹਾਣੀਕਾਰ ਵਜੋਂ ਮਾਨਤਾ ਦਵਾਉਂਦਾ ਹੈ। ਦੋ ਟਾਪੂ ਕਹਾਣੀ ਸੰਗ੍ਰਹਿ
ਜਰਨੈਲ ਸਿੰਘ ਦੇ ਕਹਾਣੀ ਸੰਸਾਰ ਦਾ ਇਕ ਵਿਸ਼ੇਸ਼ ਮੋੜ ਬਿੰਦੂ ਹੈ। ਦਰਅਸਲ ਇਸ ਕਹਾਣੀ
ਸੰਗ੍ਰਹਿ ਵਿਚ ਪ੍ਰਾਪਤ ਕਹਾਣੀਆਂ ਦੀ ਮੂਲ ਵਸਤੂ ਪਰਵਾਸ ਹੈ। ਪਰ ਇਹ ਪਰਵਾਸ ਜਰਨੈਲ
ਸਿੰਘ ਤੋਂ ਪੂਰਵ ਪ੍ਰਾਪਤ ਪਰਵਾਸੀ ਪੰਜਾਬੀ ਕਹਾਣੀ ਵਿਚਲੀ ਮੂਲ ਵਸਤੂ ਤੋਂ ਭਿੰਨ ਹੈ।
ਇਉਂ ਜਰਨੈਲ ਸਿੰਘ ਦਾ ਇਹ ਕਹਾਣੀ ਸੰਗ੍ਰਹਿ ਪਰਵਾਸੀ ਪੰਜਾਬੀ ਕਹਾਣੀ ਸਿਰਜਨਾ ਦੇ ਉਸ
ਮਾਡਲ ਨੂੰ ਤੋੜਦਾ ਹੈ ਜੋ ਪਰੰਪਰਾ ਵਿਚ ਪ੍ਰਾਪਤ ਹੁੰਦਾ ਹੈ। ਪਰਵਾਸੀ ਪੰਜਾਬੀ ਕਹਾਣੀ
ਪਰੰਪਰਾ ਉਪਰ ਝਾਤ ਮਾਰਿਆਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਮੁੱਢਲੀ ਪਰਵਾਸੀ ਪੰਜਾਬੀ
ਕਹਾਣੀ ਦਾ ਕਥਾ-ਬਿੰਬ ਅਜਨਬੀਅਤ, ਓਪਰੇਪਨ, ਮਾਨਸਿਕ ਉਦਰੇਵੇਂ ਅਤੇ ਭੂ-ਹੇਰਵੇ ਵਾਲਾ
ਸੀ। ਅਜਿਹੀ ਕਥਾ ਦੀ ਸਿਰਜਣਾ ਨਿਰੋਲ ਭਾਵੁਕ ਮਾਨਸਿਕ ਧਰਾਤਲ ਉਪਰ ਹੀ ਹੋਈ ਮਿਲਦੀ
ਹੈ। ਇਸ ਕਹਾਣੀ ਵਿਚ ਆਪਣੀ ਮੂਲ ਭੂਮੀ ਤੋਂ ਵਿਛੜਣ ਦੇ ਦੁੱਖ ਦਾ ਅਹਿਸਾਸ ਏਨਾ ਗਹਿਰਾ
ਤੇ ਤੀਬਰ ਹੈ ਕਿ ਪਰਵਾਸ ਦੌਰਾਨ ਸਮੂਹ ਸੁੱਖ-ਆਰਾਮ ਅਰਥਹੀਨ ਜਾਪਦੇ ਹਨ ਅਤੇ ‘ਆਪਣੀ
ਧਰਤੀ’ ਦਾ ਮੋਹ ਮਨੋ ਨਹੀਂ ਨਿਕਲਦਾ । ਸਾਡੇ ਮੁੱਢਲੇ ਪਰਵਾਸੀ ਪੰਜਾਬੀ ਕਹਾਣੀਕਾਰਾਂ
ਨੇ ਅਜਿਹੇ ਹੀ ਕਥਾ-ਬਿੰਬ ਆਪਣੀਆਂ ਕਹਾਣੀਆਂ ਵਿਚ ਦੁਹਰਾਉ ਰੂਪ ਵਿਚ ਸਿਰਜੇ ਹਨ। ਇਹ
ਉਹ ਕਹਾਣੀਕਾਰ ਹਨ ਜੋ ‘ਆਪਣੇ ਦੇਸ਼’ ਤੋਂ ਪਰਵਾਸ ਲਈ ਰਵਾਨਾ ਹੋਣ ਲੱਗਿਆਂ ਇਹ ਸੰਕਲਪ
ਲੈਂਦੇ ਹਨ ਕਿ ਪਰਦੇਸ ਵਿਚ ਪੈਸਾ ਕਮਾ ਕੇ ਵਾਪਸ ਪਰਤ ਆਉਣਾ ਹੈ। ਪਰ ਵਾਪਸ ਪਰਤਣਾ
ਤਾਂ ਇਕ ਭਰਮ ਹੀ ਸੀ ਕਿਉਂਕਿ ਮਾੜੀ ਆਰਥਿਕ ਸਥਿਤੀ ਨੂੰ ਸੁਧਾਰਨ ਦੀ ਇੱਛਾ ਨਾਲ
ਵਿਦੇਸ਼ ਪਹੁੰਚੇ ਇਹ ਲੋਕ ਉਥੋਂ ਦੇ ਸੁੱਖ ਆਰਾਮ ਨੂੰ ਦੇਖ ਕੇ ਆਪਣੇ ਪਰਿਵਾਰ ਨੂੰ ਵੀ
ਆਪਣੇ ਕੋਲ ਬੁਲਾ ਲੈਂਦੇ ਹਨ ਅਤੇ ਇਉਂ ਇਕ ਨਵੇਂ ਸਮਾਜ-ਸਭਿਆਚਾਰਕ ਸੰਕਟ ਵਿਚ ਘਿਰ
ਜਾਂਦੇ ਹਨ ਕਿਉਂਕਿ ਪੱਛਮੀ ਸਮਾਜ-ਸਭਿਆਚਾਰਕ ਵਰਤਾਰੇ ਵਿਚ ਜਿੰਨੀ ਖੁ਼ਲ੍ਹ ਹੈ,
ਪੂਰਵੀ ਸਮਾਜ-ਸਭਿਆਚਾਰਕ ਵਰਤਾਰੇ ਵਿਚ ਓਨੀ ਹੀ ਬੰਦਸ਼ ਹੈ। ਇਸ ਲਈ ਸੰਕਟ ਖੜ੍ਹਾ
ਹੋਣਾ ਸੁਭਾਵਕ ਹੀ ਸੀ। ਪੰਜਾਬੀ ਪਰਿਵਾਰਾਂ ਦੀ ਨਵੀਂ ਪੀੜ੍ਹੀ ਪੱਛਮੀ ਸਮਾਜ-ਸਭਿਆਚਾਰ
ਵਾਲੀ ਖੁਲ੍ਹ ਨੂੰ ਮਾਨਣਾ ਚਾਹੁੰਦੀ ਸੀ ; ਅਤੇ ਕਾਨੂੰਨ ਵੀ ਉਨ੍ਹਾਂ ਦੇ ਹੱਕ ਵਿਚ
ਭੁਗਤਣ ਕਾਰਨ ਪੁਰਾਣੀ ਪੀੜ੍ਹੀ ਇਸ ਸਥਿਤੀ ਵਿਚ ਆਪਣੇ ਆਪ ਨੂੰ ਲਾਚਾਰ ਸਮਝਦੀ ਸੀ।
ਪਰਵਾਸੀ ਪੰਜਾਬੀ ਕਹਾਣੀ ਵਿਚ ਅਜਿਹੀ ਸਥਿਤੀ ਨੂੰ ਬੜੇ ਪ੍ਰਮਾਣਿਕ ਅਤੇ ਯਥਾਰਥਕ
ਆਧਾਰਾਂ ’ਤੇ ਸਿਰਜਿਆ ਹੋਇਆ ਦੇਖਿਆ ਜਾ ਸਕਦਾ ਹੈ। ਅਜਿਹੀ ਕਹਾਣੀ ਵਿਚ ਜਿ਼ਆਦਾਤਰ
ਲੋਕੇਲ ਇੰਗਲੈਂਡ ਹੀ ਬਣਦਾ ਹੈ। ਇਉਂ ਵੀਹਵੀਂ ਸਦੀ ਦੇ ਪੰਜਵੇਂ ਤੋਂ ਸਤਵੇਂ ਦਹਾਕੇ
ਦੇ ਆਸ ਪਾਸ ਵਿਦੇਸ਼ ਪਹੁੰਚੇ ਪੰਜਾਬੀਆਂ ਦਾ ਸੰਕਲਪ ਤਾਂ ਪੈਸਾ ਕਮਾ ਕੇ ਵਾਪਸ ਪਰਤਣ
ਦਾ ਸੀ ਇਸ ਲਈ ਉਨ੍ਹਾਂ ਦੀ ਕਹਾਣੀ ਵਿਚ ਅਤੀਤ ਤੋਂ ਵਿਰਵੇ ਹੋਣ ਅਤੇ ਭਵਿੱਖ ਤੋਂ
ਤ੍ਰਹਿਣ ਦਾ ਤ੍ਰਾਸਦਿਕ ਬਿੰਬ ਪ੍ਰਾਪਤ ਹੁੰਦਾ ਹੈ। ਪਰ ਪਿਛਲੇ ਦੋ ਢਾਈ ਦਹਾਕਿਆਂ ਤੋਂ
ਜੋ ਲੋਕ ਵਿਦੇਸ਼ ਪਹੁੰਚ ਰਹੇ ਹਨ ਉਨ੍ਹਾਂ ਦਾ ਮਨੋਰਥ ਉਥੇ ਹੀ ਵੱਸਣਾ ਹੈ ਅਤੇ ਵੱਸਣ
ਦਾ ਇਹ ਰੁਝਾਨ ਇੰਗਲੈਂਡ ਦੇ ਮੁਕਾਬਲੇ ਅਮਰੀਕਾ ਅਤੇ ਕੈਨੇਡਾ ਵਧੇਰੇ ਹੈ। ਇਸ ਲਈ
ਪਰਵਾਸੀ ਪੰਜਾਬੀ ਕਹਾਣੀ ਦਾ ਲੋਕੇਲ ਅਮਰੀਕਾ ਅਤੇ ਕੈਨੇਡਾ ਬਣਨ ਲਗਦਾ ਹੈ। ਅਜਿਹੀ
ਕਹਾਣੀ ਵਿਚ ਪ੍ਰਾਪਤ ਵਸਤੂ-ਸਥਿਤੀ ਪਰੰਪਰਾ ਵਿਚ ਪ੍ਰਾਪਤ ਵਸਤੂ-ਸਥਿਤੀ ਤੋਂ ਵੱਖਰੀ
ਹੈ। ਇਹ ਕਹਾਣੀ ਨਵੀਂ ਵਸਤੂ-ਸਥਿਤੀ ਨੂੰ ਬੜੀ ਪ੍ਰਮਾਣਿਕ ਦ੍ਰਿਸ਼ਟੀ ਨਾਲ ਸਿਰਜਦੀ
ਹੈ। ਦਰਅਸਲ ਨਵੀਂ ਪਰਵਾਸੀ ਪੰਜਾਬੀ ਕਹਾਣੀ ਵਿਚ ਸਮੱਸਿਆ ਨੂੰ ਵਿਸ਼ਲੇਸ਼ਣੀ
ਦ੍ਰਿਸ਼ਟੀ ਤੋਂ ਵਸਤੂ-ਸਥਿਤੀ ਦੀ ਤਹਿ ਵਿਚ ਕਾਰਜਸ਼ੀਲ ਮੂਲ ਪ੍ਰੇਰਕਾਂ ਤੇ ਕਾਰਕਾਂ
ਨੂੰ ਉਭਾਰਿਆ ਜਾ ਰਿਹਾ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਮੁੱਢਲੀ ਪਰਵਾਸੀ ਪੰਜਾਬੀ
ਕਹਾਣੀ ਦਾ ਆਪਣਾ ਇਤਿਹਾਸਕ ਮਹੱਤਵ ਹੈ ਪਰ ਹੁਣ ਜੋ ਨਵੀਂ ਪਰਵਾਸੀ ਪੰਜਾਬੀ ਕਹਾਣੀ
ਲਿਖੀ ਜਾ ਰਹੀ ਹੈ ਉਹ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਤੋਂ ਕਿਸੇ ਵੀ ਆਧਾਰ ’ਤੇ ਘੱਟ
ਨਹੀਂ ਕਹੀ ਜਾ ਸਕਦੀ। ਬੇਸ਼ੱਕ ਇਸ ਕਹਾਣੀ ਵਿਚ ਮਸਲਾ ਮੁੱਖ ਤੌਰ ’ਤੇ ਪਰਵਾਸੀ ਜੀਵਨ
ਹੀ ਬਣ ਰਿਹਾ ਹੈ ਪਰ ਇਹ ਮਸਲਾ ਏਨਾ ਬਹੁ-ਪਰਤੀ ਅਤੇ ਬਹੁ-ਪਾਸਾਰੀ ਰੂਪ ਵਿਚ ਸਿਰਜਿਆ
ਜਾ ਰਿਹਾ ਹੈ ਕਿ ਹਰ ਕਹਾਣੀ ਅਰਥਾਂ ਦੇ ਇਕ ਨਵੇਂ ਪਾਸਾਰ ਨੂੰ ਉਸਾਰਦੀ ਨਜ਼ਰ ਆਉਂਦੀ
ਹੈ। ਹੁਣ ਪਰਵਾਸੀ ਪੰਜਾਬੀ ਕਹਾਣੀ ਵਿਚ ਪਰਵਾਸੀ ਵਰਤਾਰੇ ਨੂੰ ਨਿਰੋਲ ਭਾਵੁਕ ਧਰਾਤਲ
ਉਪਰ ਨਹੀਂ ਸਿਰਜਿਆ ਜਾ ਰਿਹਾ ਬਲਕਿ ਇਸ ਵਿਚ ਪੂਰਵੀ ਤੇ ਪੱਛਮੀ ਸਮਾਜ, ਸਭਿਆਚਾਰ ਅਤੇ
ਪ੍ਰਬੰਧ ਦੀ ਵਿਹਾਰਕਤਾ ਵਿਚੋਂ ਪ੍ਰਾਪਤ ਹੁੰਦੇ ਮਾੜੇ-ਚੰਗੇ ਦੋਵੇਂ ਹੀ ਪੱਖ ਕਹਾਣੀ
ਸਿਰਜਣਾ ਦਾ ਆਧਾਰ ਬਣਦੇ ਹਨ ; ਜੋ ਪਾਠਕ ਦੀ ਸੋਝੀ ਨੂੰ ਵਿਸਥਾਰਦੇ ਹਨ ।
ਅਜਿਹੀ
ਸੋਝੀ ਵਿਸਥਾਰ ਵਾਲੀ ਕਹਾਣੀ ਸਾਨੂੰ ਪਹਿਲੀ ਵਾਰ ਜਰਨੈਲ ਸਿੰਘ ਦੇ ਕਹਾਣੀ ਸੰਗ੍ਰਹਿ
ਦੋ ਟਾਪੂ ਵਿਚ ਪ੍ਰਾਪਤ ਹੁੰਦੀ ਹੈ। ਦੋ ਟਾਪੂ ਤੋਂ ਪਹਿਲਾਂ ਜਰਨੈਲ ਸਿੰਘ ਦੇ ਕਥਾ
ਸੰਸਾਰ ਦੀ ਵਸਤੂ ਜਿਥੇ ਪੰਜਾਬ ਦੀ ਨਿਮਨ ਕਿਸਾਨੀ ਦੀਆਂ ਅੰਤਰ ਵਿਰੋਧਤਾਈਆਂ ਨੂੰ
ਪੇਸ਼ ਕਰਨ ਵਾਲੀ ਸੀ ਉਥੇ ਫੌ਼ਜ਼ੀ ਜੀਵਨ ਦੀਆਂ ਦੁਸ਼ਵਾਰੀਆਂ ਉਸਦੀ ਕਹਾਣੀ ਰਚਨਾ ਦਾ
ਆਧਾਰ ਬਣੀਆਂ ਸਨ ਪਰ 1988 ’ਚ ਕੈਨੇਡਾ ਪਹੁੰਚ ਕੇ ਜਰਨੈਲ ਸਿੰਘ ਉਥੇ ਪਰਵਾਸ ਦੌਰਾਨ
ਜੋ ਅਨੁਭਵ ਪ੍ਰਾਪਤ ਕਰਦਾ ਹੈ ਉਸ ਨੂੰ ਆਪਣੀ ਕਥਾ ਸਿਰਜਣਾ ਦੀ ਮੂਲ ਵਸਤੂ ਵਜੋਂ ਦੋ
ਟਾਪੂ ਵਿਚ ਸਿਰਜਦਾ ਹੈ। ਇਸ ਤਰ੍ਹਾਂ ਦੋ ਟਾਪੂ ਕਹਾਣੀ ਸੰਗ੍ਰਹਿ ਨਾਲ ਜਿਥੇ ਜਰਨੈਲ
ਸਿੰਘ ਦੇ ਕਹਾਣੀ ਸੰਸਾਰ ਵਿਚ ਵਿਕਾਸ ਪ੍ਰਕਿਰਿਆ ਦੇਖਣ ਨੂੰ ਮਿਲਦੀ ਹੈ ਉਥੇ ਇਸ
ਸੰਗ੍ਰਹਿ ਨਾਲ ਪਰਵਾਸੀ ਪੰਜਾਬੀ ਕਹਾਣੀ ਵਿਚ ਵੀ ਵਿਕਾਸ ਪ੍ਰਕਿਰਿਆ ਦੇ ਦਰਸ਼ਨ ਹੁੰਦੇ
ਹਨ। ਇਸ ਲਈ ਦੋ ਟਾਪੂ ਕਹਾਣੀ ਸੰਗ੍ਰਹਿ ਦਾ ਸਮੁੱਚੇ ਪੰਜਾਬੀ ਸਾਹਿਤਕ ਜਗਤ ਵਿਚ
ਸੁਆਗਤ ਹੋਇਆ। ਅਸੀਂ ਹਥਲੇ ਪਰਚੇ ਦੇ ਆਰੰਭ ਵਿਚ ਕਿਹਾ ਸੀ ਕਿ ਜਰਨੈਲ ਸਿੰਘ ਦਾ
ਕਹਾਣੀ ਸੰਗ੍ਰਹਿ ਦੋ ਟਾਪੂ ਪਰਵਾਸੀ ਪੰਜਾਬੀ ਕਹਾਣੀ ਦੇ ਉਸ ਮਾਡਲ ਨੂੰ ਤੋੜਦਾ ਹੈ ਜੋ
ਪਰੰਪਰਾ ਵਿਚ ਪ੍ਰਾਪਤ ਹੁੰਦਾ ਹੈ ਦਰਅਸਲ ਮਾਡਲ-ਭੰਜਨ ਅਤੇ ਮਾਡਲ-ਸਿਰਜਣ ਵਿਚ ਰਚਨਾ
ਵਸਤੂ, ਰਚਨਾ ਦ੍ਰਿਸ਼ਟੀ ਅਤੇ ਰਚਨਾ ਵਿਧੀ ਦੀ ਪ੍ਰਮਾਣਿਕ ਤੇ ਨਿਵੇਕਲੀ ਹੋਂਦ ਦਾ
ਹੋਣਾ ਜ਼ਰੂਰੀ ਹੁੰਦਾ ਹੈ। ਜਰਨੈਲ ਸਿੰਘ ਦੇ ਕਹਾਣੀ ਸੰਗ੍ਰਹਿ ਦੋ ਟਾਪੂ ਵਿਚ ਇਹ ਕੁਝ
ਦੇਖਣ ਨੂੰ ਮਿਲਦਾ ਹੈ। ਇਸ ਸੰਗ੍ਰਹਿ ਵਿਚ ਪ੍ਰਾਪਤ ਕਹਾਣੀਆਂ ਵਿਚ ਪਰਵਾਸ ਵਿਚ
ਪ੍ਰਾਪਤ ਪਰਿਵਾਰਕ ਰਿਸ਼ਤਿਆਂ ਦੇ ਥੀਮ ਨੂੰ ਕਥਾ ਦੇ ਕੇਂਦਰ ਵਿਚ ਰੱਖ ਕੇ ਅਜਿਹੀਆਂ
ਸਥਿਤੀਆਂ ਨੂੰ ਸਿਰਜਿਆ ਗਿਆ ਹੈ ਜਿਸ ਵਿਚ ਪ੍ਰਤਿਕੂਲ ਮਾਹੌਲ ਵਿਚ ਵੀ ਮਾਨਵ ਜੀਵਨ ਲਈ
ਉਚਿਤ, ਪ੍ਰਮਾਣਿਕ ਅਤੇ ਸੰਤੁਲਿਤ ਜੀਵਨ ਮੁੱਲਾਂ ਨੂੰ ਅਪਣਾਇਆ ਜਾ ਸਕੇ । ਮਹੱਤਵਪੂਰਨ
ਗੱਲ ਇਹ ਹੈ ਕਿ ਅਜਿਹੀ ਵਸਤੂ ਸਥਿਤੀ ਨੂੰ ਜਰਨੈਲ ਸਿੰਘ ਜਿਸ ਸਹਿਜਤਾ, ਸੁਭਾਵਿਕਤਾ
ਅਤੇ ਪ੍ਰਮਾਣਿਕਤਾ ਨਾਲ ਗਲਪ ਬਿੰਬ ਵਿਚ ਉਤਾਰਦਾ ਹੈ ਉਹ ਉਸਦੀ ਪਰਵਾਸੀ ਪੰਜਾਬੀ
ਕਹਾਣੀ ਵਿਚ ਨਿਵੇਕਲੀ ਪ੍ਰਾਪਤੀ ਹੈ। ਜਰਨੈਲ ਸਿੰਘ ਦੀ ਪ੍ਰਾਪਤੀ ਇਸ ਗੱਲ ਵਿਚ ਹੈ ਕਿ
ਉਸਦੀ ਕਹਾਣੀ ਸੁਤੰਤਰ ਰਚਨਾ ਦੀ ਹੋਂਦ ਕਾਇਮ ਰੱਖਣ ਦੇ ਬਾਵਜੂਦ ਸਮਾਜਕ ਅਮਲ ਦੇ
ਪ੍ਰਸੰਗ ਵਿਚ ਪੜ੍ਹੀ ਜਾ ਸਕਦੀ ਹੈ।
ਟਾਵਰਜ਼
ਜਰਨੈਲ ਸਿੰਘ ਦਾ 2005 ਵਿਚ ਪ੍ਰਕਾਸਿ਼ਤ ਨਵਾਂ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ
ਸੰਗ੍ਰਹਿ ਦੇ ਸਾਹਮਣੇ ਆਉਣ ਨਾਲ ਜਰਨੈਲ ਸਿੰਘ ਪੰਜਾਬੀ ਕਹਾਣੀ ਸੰਸਾਰ ਵਿਚ ਸਭ ਤੋਂ
ਅੱਗੇ ਨਿਕਲਿਆ ਪਛਾਣਿਆ ਜਾ ਸਕਦਾ ਹੈ। ਕਿਉਂਕਿ ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਵਿਚ
ਵਸਤੂ ਸਥਿਤੀ ਹੁਣ ਪਰਵਾਸੀ ਚੇਤਨਾ ਵਾਲੀ ਨਹੀਂ ਰਹੀ ਬਲਕਿ ਵਿਸ਼ਵੀ-ਚੇਤਨਾ ਵਾਲੀ ਬਣ
ਗਈ ਹੈ। ਪਰਵਾਸੀ ਪੰਜਾਬੀ ਕਹਾਣੀ ਉੱਪਰ ਇਕ ਇਹ ਇਲਜ਼ਾਮ ਹਮੇਸ਼ਾ ਲਗਦਾ ਰਿਹਾ ਕਿ ਇਸ
ਵਿਚ ਸਿਆਸੀ ਸਰੋਕਾਰਾਂ ਨੂੰ ਸਿਰਜਿਆ ਨਹੀਂ ਜਾਂਦਾ । ਟਾਵਰਜ਼ ਕਹਾਣੀ ਸੰਗ੍ਰਹਿ ਦੇ
ਸਾਹਮਣੇ ਆਉਣ ਨਾਲ ਪਰਵਾਸੀ ਪੰਜਾਬੀ ਕਹਾਣੀ ੳੁੱਪਰ ਲੱਗਾ ਇਹ ਇਲਜ਼ਾਮ ਧੋਤਾ ਜਾਂਦਾ
ਹੈ। ਇਸ ਕਹਾਣੀ ਸੰਗ੍ਰਹਿ ਦੀ ਸਿਰਲੇਖ-ਕਹਾਣੀ ‘ਟਾਵਰਜ਼’ ਨੂੰ ਇਸਦੇ ਸਬੂਤ ਵੱਜੋਂ
ਪੇਸ਼ ਕੀਤਾ ਜਾ ਸਕਦਾ ਹੈ। ਇਹ ਨਾ ਸਿਰਫ਼ ਸਿਆਸੀ ਪ੍ਰਬੰਧ ਦੀ ਜਟਿਲ ਕਾਰਜਸ਼ੀਲਤਾ
ਨੂੰ ਸਿਰਜਦੀ ਹੈ ਬਲਕਿ ਇਸ ਨੂੰ ਇਕ ਵਿਆਪਕ ਪਰਿਪੇਖ ਵਿਚ ਉਸਾਰਦੀ ਹੈ। ਦਰਅਸਲ
‘ਟਾਵਰਜ਼’ ਕਹਾਣੀ ਵਿਚ ਸੁਪਰ-ਸੱਤਾ ਸਿਆਸਤ ਦੇ ਸਤਾਅ ਦਾ ਪ੍ਰਮਾਣਿਕ ਬਿੰਬ ਉਸਾਰਿਆ
ਗਿਆ ਹੈ। ਕਿਉਂਕਿ ਇਸ ਸਮੇਂ ਅਮਰੀਕਾ ਸੁਪਰ ਸੱਤਾ (ੂੰਫਓ੍ਰ ਫੌੱਓ੍ਰ) ਦੇ ਤੌਰ ’ਤੇ
ਜਾਣਿਆ ਜਾਂਦਾ ਹੈ ਇਸ ਲਈ ਇਸ ਕਹਾਣੀ ਦਾ ਲੋਕੇਲ ਵੀ ਅਮਰੀਕਾ ਹੈ। ਇਸ ਕਹਾਣੀ ਦਾ
ਮੁੱਖ ਆਧਾਰ ਅਮਰੀਕਾ ’ਚ 2001 ਦੀ ਗਿਆਰਾਂ ਸਤੰਬਰ ਦੀ ਸਵੇਰ ਨੂੰ ਟਾਵਰਜ਼ ਉੱਪਰ
ਹੋਇਆ ਹਮਲਾ ਹੈ ਜਿਸ ਨੂੰ ਸਾਰੇ ਵਿਸ਼ਵ ਵਿਚ 9/11 ਦੇ ਦੁਖਾਂਤ ਦੇ ਨਾਂ ਨਾਲ ਜਾਣਿਆ
ਜਾਂਦਾ ਹੈ। ਟਾਵਰਜ਼ ਉੱਪਰ ਹਮਲੇ ਤੋਂ ਬਾਅਦ ਅਮਰੀਕਾ ਇਸ ਹਮਲੇ ਲਈ ਜੁੰਮੇਵਾਰ
ਹਮਲਾਵਰਾਂ ਦੀ ਤਲਾਸ਼ ਲਈ ਪਹਿਲਾਂ ਅਫ਼ਗਾਨਿਸਤਾਨ ਉੱਪਰ ਹਮਲਾ ਕਰਦਾ ਹੈ ਅਤੇ ਫਿਰ
ਪਰਮਾਣੂ ਹਥਿਆਰਾਂ ਨੂੰ ਲੱਭਣ ਲਈ ਈਰਾਕ ਉੱਪਰ ਹਮਲਾ ਕਰਦਾ ਹੈ ਪਰ ਨਾ ਤਾਂ ਉਸ ਨੂੰ
ਹਮਲਾਵਰ ਲੱਭਦੇ ਹਨ ਅਤੇ ਨਾ ਹੀ ਪਰਮਾਣੂ ਹਥਿਆਰਾਂ ਦਾ ਪਤਾ ਲੱਗਦਾ ਹੈ। ਮਹੱਤਵਪੂਰਨ
ਗੱਲ ਇਹ ਹੈ ਕਿ ‘ਟਾਵਰਜ਼’ ਕਹਾਣੀ ਵਿਚ ਇਨ੍ਹਾਂ ਘਟਨਾਵਾਂ ਨੂੰ ਬਿਆਨ ਕਰਨਾ
ਕਹਾਣੀਕਾਰ ਦਾ ਮਨੋਰਥ ਨਹੀਂ ਬਲਕਿ ਇਨ੍ਹਾਂ ਘਟਨਾਵਾਂ ਦੇ ਆਧਾਰ ’ਤੇ ਕਹਾਣੀਕਾਰ
ਸੁਪਰ-ਸੱਤਾ ਸਿਆਸਤ ਦੇ ਸਤਾਅ ਨੂੰ ਉੇਸਾਰਦਾ ਹੈ। ਉਪਰੋਕਤ ਸਮੁੱਚੀ ਵਸਤੂ ਸਥਿਤੀ ਨੂੰ
ਕਹਾਣੀਕਾਰ ‘ਟਾਵਰਜ਼’ ਕਹਾਣੀ ਵਿਚ ਕਹਾਣੀ ਦੇ ਕੇਂਦਰੀ ਪਾਤਰ ਵਿਲੀਅਮ ਥੋਂਪਸਨ ਦੀ
ਸਿਮਰਤੀ ’ਚੋਂ ਵਾਪਰਦਿਆਂ ਦਰਸਾਉਂਦਾ ਹੈ। ਵੈਸੇ ਤਾਂ ਟਾਵਰਜ਼ ਉੱਤੇ ਹਮਲਾ
ਮਹਾਂਸ਼ਕਤੀ ’ਤੇ ਹਮਲੇ ਦਾ ਸੂਚਕ ਹੈ ਪਰ ਜਦੋਂ ਕਹਾਣੀਕਾਰ ਇਸ ਟਾਵਰਜ਼ ਉਤੇ ਹੋਏ
ਹਮਲੇ ਵਿਚ ਵਿਲੀਅਮ ਦੀ ਧੀ ਸਟੇਸੀ ਨੂੰ ਮਰਿਆ ਦਰਸਾਉਂਦਾ ਹੈ ਤਾਂ ਇਸ ਸਥਿਤੀ ਦੇ ਅਰਥ
ਬਦਲ ਜਾਂਦੇ ਹਨ। ਇਸ ਹਮਲੇ ਵਿਚ ਧੀ ਦਾ ਮਰਨਾ ਇੱਜ਼ਤ ਦੇ ਲੁੱਟੇ ਜਾਣ ਦਾ ਪ੍ਰਤੀਕ ਹੈ
ਅਤੇ ਫਿਰ ਈਰਾਕ ਉੱਪਰ ਹਮਲੇ ਦੌਰਾਨ ਵਿਲੀਅਮ ਦੇ ਜਵਾਨ ਪੁੱਤਰ ਡੈਨਿਸ ਦੇ ਗੁਆਚ ਜਾਣ
ਅਤੇ ਬਾਅਦ ਵਿਚ ਉਸਦੇ ਮਰਨ ਦੀ ਸੂਚਨਾ ਵਾਲੀ ਸਥਿਤੀ ਵੀ ਵਿਸ਼ੇਸ਼ ਅਰਥਾਂ ਵਿਚ ਸਿਰਜੀ
ਗਈ ਹੈ। ਡੈਨਿਸ ਦਾ ਮਰਨਾ ਰੱਖਿਅਕ ਦੇ ਮਰਨ ਦੀ ਪ੍ਰਤੀਕ ਸਿਰਜਣਾ ਹੈ। ਇਉਂ ਕਹਾਣੀਕਾਰ
ਵਿਲੀਅਮ ਦੇ ਧੀ-ਪੁੱਤਰ ਨੂੰ ਮਰਿਆ ਦਰਸਾ ਕੇ ਇੱਜਤ ਦੇ ਲੁੱਟੇ ਜਾਣ ਅਤੇ ਰੱਖਿਅਕ ਦੇ
ਮਾਰੇ ਜਾਣ ਦੇ ਸੰਕਲਪ ਨੂੰ ਸਿਰਜਦਾ ਹੈ ।
ਕਹਾਣੀਕਾਰ
ਜਰਨੈਲ ਸਿੰਘ ਇਸ ਸਮੁੱਚੀ ਵਸਤੂ ਸਥਿਤੀ ਨੂੰ ਕਹਾਣੀ ਵਿਚ ਜਿਸ ਵਿਧੀ ਅਤੇ ਦ੍ਰਿਸ਼ਟੀ
ਨਾਲ ਉਸਾਰਦਾ ਹੈ ਉਸੇ ਨਾਲ ਇਹ ਕਹਾਣੀ ਹੋਰ ਵੀ ਅਰਥ ਪੂਰਨ ਹੋ ਜਾਂਦੀ ਹੈ। ਕਹਾਣੀ ਦੇ
ਆਰੰਭ ਵਿਚ ਵਿਲੀਅਮ ਨੂੰ ਘੋਰ ਵਿਸ਼ਾਦ ਅਤੇ ਨਿਰਾਸ਼ਾ ਦੀ ਸਥਿਤੀ ਵਿਚ ਦਰਸਾਇਆ ਗਿਆ
ਹੈ ਕਿਉਂਕਿ ਉਸਦੀ ਧੀ ਟਾਵਰਜ਼ ਉੱਤੇ ਹੋਏ ਹਮਲੇ ਵਿਚ ਮਾਰੀ ਗਈ ਹੈ ਅਤੇ ਪੁੱਤਰ ਈਰਾਕ
ਵਿਚ ਫ਼ੌਜ਼ੀ ਕਾਰਵਾਈ ਦੌਰਾਨ ਗੁਆਚ ਗਿਆ ਹੈ। ਇਸ ਲਈ ਉਸਦੇ ਸ਼ਾਨਦਾਰ
ਕੰਡੋਮਿਨੀਅਮ-ਬਿਲਡਿੰਗ ਵਿਚ ਖਲੋਤੇ ਹੋਣ ਦੇ ਬਾਵਜੂਦ ਆਪਣੇ ਆਸ ਪਾਸ ‘ਖੰਡਰਾਤ ਅਤੇ
ਬੀਆਬਾਨ’ ਹੀ ਨਜ਼ਰ ਆਉਂਦੇ ਹਨ। ਪਰ ਧੀ ਦੇ ਮਾਰੇ ਜਾਣ ਅਤੇ ਪੁੱਤਰ ਦੇ ਗੁਆਚ ਜਾਣ ਦਾ
ਪ੍ਰਸੰਗ ਕਹਾਣੀਕਾਰ ਇਕ ਦਮ ਨਹੀਂ ਸਿਰਜਦਾ ਬਲਕਿ ਵਿਲੀਅਮ ਦੀ ਮਨੋ-ਸਥਿਤੀ ’ਚੋਂ
ਆਹਿਸਤਾ ਆਹਿਸਤਾ ਉੇਸਾਰਦਾ ਹੈ। ਇਸ ਪ੍ਰਸੰਗ ਨੂੰ ਸਿਰਜਣ ਦੌਰਾਨ ਸਥਿਤੀ ਦੀ ਗੰਭੀਰਤਾ
ਨੂੰ ਵਿਸ਼ਲੇਸ਼ਣੀ ਦ੍ਰਿਸ਼ਟੀ ਨਾਲ ੳੇਸਾਰਦਾ ਹੈ। ਅਮਰੀਕੀ ਸਰਕਾਰ ਦੇ ਗੁਣਗਾਣ ਗਾਉਣ
ਵਾਲੇ ਵਿਲੀਅਮ ਦਾ ਜਵਾਨ ਪੁੱਤਰ ਡੈਨਿਸ ਜਦੋਂ ਈਰਾਕ ਦੀ ਜੰਗ ਵਿਚ ਗੁਆਚ ਜਾਂਦਾ ਹੈ
ਤਾਂ ਉਹ ਬੜੇ ਹਿਰਖ਼ ਨਾਲ ਕਹਿੰਦਾ ਹੈ :
“ਮੇਰੇ
ਦੇਸ਼ ਦੀਏ ਬਲਵਾਨ ਸਰਕਾਰੇ ! ਕਿਥੇ ਹੈ ਸਾਡਾ ਡੈਨਿਸ ? ਸਾਡੇ ਜਿਗਰ ਦਾ ਟੋਟਾ
-----ਏਨੇ ਦਿਨ ਹੋ ਗਏ ਅੱਜ ਤੱਕ ਲੱਭਾ ਕਿਉਂ ਨਹੀਂ ? ਕਿੱਡਾ ਕੁ ਵੱਡਾ ਕੰਮ ਹੈ ਇਹ
? ਕੀ ੳੇੁਸ ਨਾਲ ਤੈਨੂੰ ਏਨਾ ਕੁ ਮਤਲਬ ਸੀ ?” *2
ਅਮਰੀਕੀ
ਸਰਕਾਰ ਦੀ ਸਿਆਸਤ ਦੇ ਅਸਲੀ ਚਰਿੱਤਰ ਨੂੰ ਕਹਾਣੀਕਾਰ ਨੇ ਵਿਭਿੰਨ ਪਾਤਰਾਂ ਦੀ ਆਪਸੀ
ਵਾਰਤਾਲਾਪ, ਟੀ ਵੀ ਚੈਨਲਾਂ ’ਤੇ ਆਉਂਦੀਆਂ ਖ਼ਬਰਾਂ ਅਤੇ ਹੁੰਦੀ ਬਹਿਸ ਵਿਚੋਂ
ਸਿਰਜਿਆ ਹੈ। ਇਸ ਸਮੁੱਚੀ ਵਸਤੂ ਸਥਿਤੀ ’ਚੋਂ ਕਹਾਣੀਕਾਰ ਸੁਪਰ ਸੱਤਾ ਸਿਆਸਤ ਦੇ
ਦੂਹਰੇ ਚਰਿੱਤਰ ਨੂੰ ਉਭਾਰਦਾ ਹੈ। ਵਿਲੀਅਮ ਜੋ ਆਰੰਭ ਵਿਚ ਅਮਰੀਕੀ ਸਿਆਸਤ ਦਾ ਭਰਪੂਰ
ਹਮਾਇਤੀ ਦਰਸਾਇਆ ਗਿਆ ਹੈ ਜਦੋਂ ਉਸਨੂੰ ਇਸ ਸਿਆਸਤ ਦਾ ਸੇਕ ਬੱਚਿਆਂ ਦੇ ਖੁਸ ਜਾਣ ਦੇ
ਰੂਪ ਵਿਚ ਲੱਗਦਾ ਹੈ ਤਾਂ ਉਸਦਾ ਮਨ ਨਫ਼ਰਤ ਨਾਲ ਭਰ ਜਾਂਦਾ ਹੈ । ਅਜਿਹੀ ਵਸਤੂ
ਸਥਿਤੀ ਨੂੰ ਕਹਾਣੀਕਾਰ ਨੇ ਇਉਂ ਸਾਕਾਰ ਕੀਤਾ ਹੈ :
“ਮੇਰੇ ਪਾਸ
ਟਹਿਲ ਰਹੇ ਲੋਕ ਗੱਲਾਂ ਕਰ ਰਹੇ ਹਨ,‘ਪ੍ਰੈਜੀਡੈਂਟ ਦਾ ਜਹਾਜ ਏ। ਜਾਰਜ ਬੁਸ਼ ਤੇ
ਟੋਨੀ ਬਲੇਅਰ ਇਰਾਕ ਜੰਗ ਦੀ ਜਿੱਤ ਦੇ ਜਸ਼ਨ ਮਨਾਉਂਦੇ ਰਾਜਧਾਨੀ ਵਾਸ਼ਿੰਗਟਨ ਤੋਂ
ਨਿਊਯਾਰਕ ਆਏ ਹਨ। ਜਹਾਜ ਵੱਲ ਤੱਕਦਿਆਂ ਮੇਰੀਆਂ ਅੱਖਾਂ ਬਲ ਉਠੀਆਂ ਨੇ । ਮੁੱਠਾਂ
ਮੀਚੀਆਂੁ ਗਈਆਂ ਨੇ। ਮੇਰੇ ਅੰਦਰ ਤੂਫ਼ਾਨ ਝੁੱਲ ਪੈਂਦਾ ਏ।”3*
ਜਾਂ
“ ਕਾਹਨੂੰ ਹਿਸਾਬ ਦਿੰਦੇ ਨੇ ਇਹ ਹਾਕਮ। ਸਾਡੇ ਵਰਗੇ ਬੈਠਿਆਂ-ਸੁੱਤਿਆਂ ਨੂੰ
ਭੁਗਤਣੀਆਂ ਪੈ ਜਾਂਦੀਆਂ ਨੇ। ਹਾਕਮਾਂ ਦਾ ਕੀ ਗਿਆ? ਉਨ੍ਹਾਂ ਆਪਣੇ ਤਾਜ ਚਮਕਾ
ਲਏ-----”*4
ਮਹੱਤਵਪੂਰਨ
ਗੱਲ ਇਹ ਹੈ ਕਿ ਵਿਲੀਅਮ ਦੀ ਇਹ ਮਾਨਸਿਕਤਾ ਉਦੋਂ ਬਣਦੀ ਹੈ ਜਦੋਂ ਉਸਦਾ ਪੁੱਤਰ
ਡੈਨਿਸ ਜੰਗ ਵਿਚ ਗੁਆਚ ਜਾਂਦਾ ਹੈ। ਸਟੇਸੀ ਦੀ ਮੌਤ ਤੋਂ ਬਾਅਦ ਵੀ ਉਹ ਅਮਰੀਕੀ
ਸਰਕਾਰ ਦਾ ਹਮਾਇਤੀ ਹੀ ਰਹਿੰਦਾ ਹੈ। ਜਿਵੇਂ ਈਰਾਕੀ ਮੂਲ ਦਾ ਅਮਰੀਕਨ ਅਬਦੁੱਲ ਹਮੇਦੀ
ਜਦੋਂ ਵਿਲੀਅਮ ਨੂੰ ਇਹ ਦੱਸਦਾ ਹੈ ਕਿ ਉਸਦੇ ਭਰਾ ਦੇ ਪਰਿਵਾਰ ਨੂੰ ਅਮਰੀਕੀ ਫ਼ੌਜਾਂ
ਦੇ ਬੰਬਾਂ ਨੇ ਫ਼ਨਾਹ ਕਰ ਦਿੱਤਾ ਹੈ ਤਾਂ ਵਿਲੀਅਮ ਦਾ ਜਵਾਬ ਬੜਾ ਅਜੀਬ ਲਗਦਾ ਹੈ ਪਰ
ਇਸ ਜਵਾਬ ਵਿਚ ਅਮਰੀਕੀ ਸਰਕਾਰ ਦੀ ਨੀਤੀ ਵੀ ਨਜ਼ਰ ਆਉਂਦੀ ਹੈ :
“ਅਬਦੁੱਲ ! ਤੇਰੇ ਭਰਾ ਦਾ ਸਾਨੂੰ ਦੁੱਖ ਏ। ਪਰ ਕੀਤਾ ਕੀ ਜਾਏ ਲੋਕੀਂ ਸਿੱਧੇ ਵੀ
ਏਦਾਂ ਹੀ ਹੁੰਦੇ ਆ ।”*5
ਪਰ ਇਹੀ ਵਿਲੀਅਮ ਜਦੋਂ ਇਸ ਜੰਗ ਵਿਚ ਆਪਣਾ ਪੁੱਤਰ ਖੁਹਾ ਬੈਠਦਾ ਹੈ ਤਾਂ ਅਬਦੁੱਲ
ਨਾਲ ਹਮਦਰਦੀ ਇਨ੍ਹਾਂ ਸ਼ਬਦਾਂ ਵਿਚ ਕਰਦਾ ਹੈ :
“ਤੇਰੇ ਭਰਾ ਤੇ ਉਸਦੇ ਪਰਿਵਾਰ ਦੀ ਮੌਤ ਦਾ ਬੜਾ ਅਫ਼ਸੋਸ ਏ। ਸਾਡੀ ਹਮਦਰਦੀ ਕਬੂਲ
ਕਰੀਂ।”*6
ਅਮਰੀਕਾ ਦੀ
ਸਿਆਸੀ ਨੀਤੀ ਦੇ ਦੂਹਰੇ ਚਰਿੱਤਰ ਦਾ ਉਭਾਰ ਕਹਾਣੀਕਾਰ ਟੀ. ਵੀ. ’ਤੇ ਆ ਰਹੀਆਂ
ਖ਼ਬਰਾਂ ਅਤੇ ਅਬਦੁੱਲ ਦੀ ਗੱਲਬਾਤ ਵਿਚੋਂ ਉੇਭਾਰਦਾ ਹੈ। ਅਫਗਾਨਿਸਤਾਨ ਅਤੇ ਈਰਾਕ
ਉੱਤੇ ਹਮਲਾ ਕਰਕੇ ਅਮਰੀਕਾ ਜਿਨ੍ਹਾਂ ਨੂੰ ਫੜ੍ਹਣਾ ਚਾਹੁੰਦਾ ਹੈ ਉਨ੍ਹਾਂ ਨੂੰ
ਪਹਿਲਾਂ ਤਾਕਤਵਰ ਬਣਾਉਣ ਦਾ ਕਾਰਜ ਵੀ ਉਹ ਆਪ ਕਰਦਾ ਹੈ। ਇਸਦੇ ਸੰਕੇਤ ਕਹਾਣੀ ਵਿਚ
ਥਾਂ ਪਰ ਥਾਂ ਮਿਲਦੇ ਹਨ। ਨਤੀਜੇ ਵੱਜੋਂ ਅਜਿਹੀ ਸਿਆਸਤ ਦਾ ਸੇਕ ਆਮ ਅਮਰੀਕੀ ਜਨਤਾ
ਨੂੰ ਵੀ ਸਹਿਣਾ ਪੈਂਦਾ ਹੈ। ਇਸ ਲਈ ਹੀ ਅਸੀਂ ਇਸ ਕਹਾਣੀ ਦਾ ਮੂਲ ਸੂਤਰ ਸੁਪਰ ਸੱਤਾ
ਸਿਆਸਤ ਦਾ ਸਤਾਅ ਕਿਹਾ ਹੈ।
‘ਟਾਵਰਜ਼’
ਕਹਾਣੀ ਦੇ ਅੰਤ ਉੱਤੇ ਜੋ ਵਸਤੂ ਸਥਿਤੀ ਪੇਸ਼ ਕੀਤੀ ਗਈ ਹੈ ਉਸ ਨਾਲ ਇਸ ਕਹਾਣੀ ਦਾ
ਥੀਮ ਹੋਰ ਵੀ ਵਿਸ਼ਾਲ ਹੋ ਜਾਂਦਾ ਹੈ। ਕਹਾਣੀ ਦੇ ਅੰਤ ਤੋਂ ਪਹਿਲਾਂ ਵਿਲੀਅਮ ਦੀ
ਪਤਨੀ ਨੂੰ ‘ਨਾਈਨ ਇਲੈਵਨ ਮੈਮੋਰੀਅਲ ਕਮੇਟੀ’ ਦੀ ਮੀਟਿੰਗ ’ਤੇ ਗਏ ਹੋਏ ਦਿਖਾਉਣ ਤੋਂ
ਬਾਅਦ ਵਿਲੀਅਮ ਦਾ ਪ੍ਰੈਜੀਡੈਂਟ ਬੁਸ਼ ਦੇ ਜਹਾਜ ਨੂੰ ਵੇਖ ਕੇ ਅੱਖਾਂ ਦਾ ਬਲ਼ ਉਠਣਾ
ਦਿਖਾਉਣਾ ਅਤੇ ਫਿਰ ਉਸਦਾ ਐਟਲਾਂਟਿਕ ਮਹਾਂਸਾਗਰ ਵੱਲ ਵੇਖ ਕੇ ਸ਼ਾਂਤ ਹੁੰਦੇ
ਦਿਖਾਉਣਾ ਇਸ ਗੱਲ ਦੀ ਸੂਚਨਾ ਹੈ ਕਿ ਕਹਾਣੀਕਾਰ ਵਿਲੀਅਮ ਦੀ ਨਿਰਾਸ਼ਾ ਤੇ ਨਫ਼ਰਤ
ਨੂੰ ਆਸ਼ਾ ਅਤੇ ਪਿਆਰ ਵਿਚ ਵਟਾ ਰਿਹਾ ਹੈ। ਸਮੁੱਚੀ ਕਹਾਣੀ ਦੇ ਬਿਰਤਾਂਤ ਵਿਚ
ਕਹਾਣੀਕਾਰ ਦਾ ਵਿਲੀਅਮ, ਸਟੇਸੀ ਅਤੇ ਡੈਨਿਸ ਦਾ ਐਟਲਾਂਟਿਕ ਮਹਾਂਸਾਗਰ ਨੂੰ ਦੇਖ ਕੇ
ਸਕੂਨ ਮਿਲਦੇ ਦਰਸਾਉਣਾ ਪ੍ਰਕਿਰਤੀ ਦੀ ਵਿਸ਼ਾਲਤਾ, ਮਹਾਨਤਾ ਅਤੇ ਗਤੀਸ਼ੀਲਤਾ ਦਾ
ਸੂਚਕ ਹੈ। ਇਸ ਤਰ੍ਹਾਂ ਜਿੱਥੇ ਟਾਵਰਜ਼ ਮਨੁੱਖ ਸਿਰਜਿਤ ਅਹੰਕਾਰ, ਖੜੋਤ ਅਤੇ ਦਿਖਾਵੇ
ਦੀ ਜਿ਼ੰਦਗੀ ਦੇ ਅਰਥ ਦੀ ਪੇਸ਼ਕਾਰੀ ਕਰਦੇ ਹਨ ਉਥੇ ਸਮੁੰਦਰੀ ਲਹਿਰਾਂ ਜੀਵਨ ਦੀ
ਗਤੀਸ਼ੀਲਤਾ ਦਾ ਚਿਹਨ ਬਣਦੀਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਕਹਾਣੀਕਾਰ ਨੇ
ਕਹਾਣੀ ਦੇ ਬਿਰਤਾਂਤ ਵਿਚ ਕਈ ਅਜਿਹੀਆਂ ਸਥਿਤੀਆਂ ਦੀ ਸਿਰਜਣਾ ਕੀਤੀ ਹੈ ਜਿਨ੍ਹਾਂ ਦੇ
ਚਿਹਨੀ ਅਰਥ ਨਿਕਲਦੇ ਹਨ । ਮਿਸਾਲ ਦੇ ਤੌਰ ’ਤੇ ਕਹਾਣੀਕਾਰ ਨੇ ਵਿਲੀਅਮ ਦਾ ਘਰ ਜਿਸ
ਸਥਾਨ ’ਤੇ ਸਥਿਤ ਦਰਸਾਇਆ ਹੈ ਉਸਦੇ ਸਾਹਮਣੇ ਵਾਲੇ ਪਾਸੇ ਸਮੁੱਚਾ ਨਿਊਯਾਰਕ ਸ਼ਹਿਰ
ਹੈ ਅਤੇ ਪਿਛਲੇ ਪਾਸੇ ਪਿਛਾਂਹ ਹਟ ਕੇ ਐਟਲਾਂਟਿਕ ਮਹਾਂਸਾਗਰ ਹੈ । ਵਿਲੀਅਮ, ਸਟੇਸੀ
ਅਤੇ ਡੈਨਿਸ ਜਦ ਕਦੀ ਆਪਣੀ ਜਿੰ਼ਦਗੀ ਵਿਚ ਉਦਾਸੀ ਜਾਂ ‘ਜੌਬ-ਸਟਰੈੱਸ’ ’ਚ ਹੁੰਦੇ ਹਨ
ਤਾਂ ਉਹ ਆਪਣੇ ਘਰ ਦੀ ਪਿਛਲੇ ਪਾਸੇ ਦੀ ਖਿੜਕੀ ਖੋਲ੍ਹ ਕੇ ਐਟਲਾਂਟਿਕ ਮਹਾਂਸਾਗਰ ਨੂੰ
ਦੇਖ ਕੇ ‘ਤਾਜ਼ਾ-ਦਮ’ ਮਹਿਸੂਸ ਕਰਦੇ ਹਨ । ਇਉਂ ਸ਼ਹਿਰ ਜੋ ਕਿ ਮਾਨਵੀ ਵਿਕਾਸ ਅਤੇ
ਸੰਸਕ੍ਰਿਤੀ ਦਾ ਚਿਹਨ ਹੈ, ਵਿਲੀਅਮ ਅਤੇ ਹੋਰ ਪਾਤਰਾਂ ਦਾ ਇਸ ਵਿਚ ਰਹਿੰਦਿਆਂ
‘ਸਟਰੈੱਸ’ ਵਿਚ ਮਹਿਸੂਸ ਕਰਨਾ ਅਤੇ ਐਟਲਾਂਟਿਕ ਮਹਾਂਸਾਗਰ ਜੋ ਕਿ ਪ੍ਰਾਕ੍ਰਿਤਿਕ
ਵਿਸ਼ਾਲਤਾ ਅਤੇ ਗਤੀਸ਼ੀਲਤਾ ਦਾ ਚਿਹਨ ਹੈ ਇਸ ਵੱਲ ਵੇਖ ਕੇ ਤਾਜ਼ਾ-ਦਮ ਹੋਣ ਦੀ
ਸਥਿਤੀ ਨੂੰ ਕਹਾਣੀਕਾਰ ਨੇ ਬੜੇ ਸੋਚੇ ਸਮਝੇ ਅਰਥਾਂ ਵਿਚ ਪੇਸ਼ ਕੀਤਾ ਹੈ ।ਆਪਣੇ
ਵਿਕਾਸ ਲਈ ਮਨੁੱਖ ਨੇ ਜਿੰਨਾ ਪ੍ਰਕ੍ਰਿਤੀ ਦਾ ਵਿਨਾਸ਼ ਕੀਤਾ ਹੈ ਉਸ ਨਾਲ ਉਸ ਦੀ
ਬੇਚੈਨੀ ਵਧੀ ਹੀ ਹੈ । ਅਸਲ ਖੁਸ਼ੀ ਪ੍ਰਾਕ੍ਰਿਤਿਕ ਵਿਸ਼ਾਲਤਾ ਨੂੰ ਮਾਣਨ ਵਿਚ ਹੀ ਹੈ
ਜੋ ਮਨੁੱਖ ਨੂੰ ਮਾਨਸਿਕ ਖੁਸ਼ੀ ਦੇ ਨਾਲ ਨਾਲ ਹੋਰ ਸਭ ਕੁਝ ਵੀ ਪ੍ਰਦਾਨ ਕਰਦੀ ਹੈ ।
ਇਉਂ ਇਹ
ਕਹਾਣੀ ਵਿਸ਼ਵ ਚੇਤਨਾ ਦੇ ਸੰਕਲਪ ਦੇ ਉਸਾਰ ਵਾਲੀ ਬਣਦੀ ਹੈ। ਪੰਜਾਬੀ ਵਿਚ ਅਜਿਹੀ
ਕਹਾਣੀ ਦਾ ਪ੍ਰਾਪਤ ਹੋਣਾ ਇਕ ਮਾਣ ਵਾਲੀ ਗੱਲ ਹੈ। ਇਸ ਕਹਾਣੀ ਨੂੰ ਪੜ੍ਹਦੇ ਸਮੇਂ ਇਸ
ਵਿਚੋਂ ਸਿਰਫ ਇਸ ਲਈ ਪਰਵਾਸੀ ਚੇਤਨਾ ਜਾਂ ਸੰਵੇਦਨਾ ਜਾਂ ਦ੍ਰਿਸ਼ਟੀ ਦੇ ਅਰਥ
ਤਲਾਸ਼ਣਾ ਕਿਉਂਕਿ ਇਹ ਕਹਾਣੀ ਇਕ ਪਰਵਾਸੀ ਲੇਖਕ ਦੀ ਹੈ, ਇਸ ਕਹਾਣੀ ਨੂੰ ਕੁਝ
ਵਿਸ਼ੇਸ਼ ਸੀਮਾਵਾਂ ਵਿਚ ਹੀ ਪਰਖਣ ਦੇ ਬਰਾਬਰ ਹੋਵੇਗਾ । ਸਾਡੀ ਇਹ ਧਾਰਨਾ ਹੈ ਕਿ
ਜੇਕਰ ਇਹ ਕਹਾਣੀ ਕਿਸੇ ਅਮਰੀਕਨ ਲੇਖਕ ਵੱਲੋਂ ਲਿਖੀ ਗਈ ਹੁੰਦੀ ਤਾਂ ਹੁਣ ਤੱਕ ਇਸ
ਕਹਾਣੀ ਦੀ ਚਰਚਾ ਨੋਬਲ ਪ੍ਰਾਈਜ਼ ਲਈ ਵਿਸ਼ਵ ਪੱਧਰ ’ਤੇ ਤੁਰ ਪੈਣੀ ਸੀ। ਦਰਅਸਲ ਇਸ
ਕਹਾਣੀ ਵਿਚ ਕਹਾਣੀਕਾਰ ਜਰਨੈਲ ਸਿੰਘ ਨੇ ਉਸ ਅਮਰੀਕੀ ਅਵਚੇਤਨ ਨੂੰ ਪੇਸ਼ ਕੀਤਾ ਹੈ
ਜੋ 9/11 ਦੀ ਘਟਨਾ ਤੋਂ ਬਾਅਦ ਦਹਿਸ਼ਤਜ਼ਦਾ ਹੈ । ਅਖ਼ਬਾਰਾਂ, ਮੈਗਜ਼ੀਨਾਂ ਅਤੇ
ਵਿਭਿੰਨ ਟੀ. ਵੀ. ਚੈਨਲਾਂ ’ਤੇ ਅਮਰੀਕਾ ਦੇ ਆਮ ਲੋਕਾਂ ਦਾ ਅਮਰੀਕੀ ਪ੍ਰਸ਼ਾਸਨ ਦੀਆਂ
ਨੀਤੀਆਂ ਦਾ ਵਿਰੋਧ ਕਰਦੇ ਦਿਖਾਉਣਾ ਅਤੇ ਆਪਣੇ ਆਪਨੂੰ ਡਰ ਵਿਚ ਰਹਿੰਦੇ ਹੋਏ ਦੱਸਣਾ
ਇਸ ਗੱਲ ਦਾ ਸਬੂਤ ਹੈ ਕਿ ਆਮ ਅਮਰੀਕਨ ਆਪਣੀ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ।
ਜਰਨੈਲ ਸਿੰਘ ਨੇ ਇਸੇ ਹੀ ਅਮਰੀਕੀ ਅਵਚੇਤਨ ਨੂੰ ਆਪਣੀ ਕਹਾਣੀ ‘ਟਾਵਰਜ਼’ ਵਿਚ ਪੇਸ਼
ਕੀਤਾ ਹੈ।
ਅਸੀਂ ਆਪਣੇ
ਪਰਚੇ ਦਾ ਆਰੰਭ ਪਿੰ੍ਰਸੀਪਲ ਸੁਜਾਨ ਸਿੰਘ ਦੇ ਜਰਨੈਲ ਸਿੰਘ ਬਾਰੇ ਕਹੇ ਕਥਨਾਂ ਤੋਂ
ਕੀਤਾ ਸੀ ਅਤੇ ਇਸ ਪਰਚੇ ਦੀ ਸਮਾਪਤੀ ਵੀ ਪਿੰ੍ਰਸੀਪਲ ਸੁਜਾਨ ਸਿੰਘ ਦੀ ਕੀਤੀ ਉਸ
ਭਵਿੱਖਬਾਣੀ ਨਾਲ ਕਰਨਾ ਚਾਹਾਂਗੇ ਜੋ ਸਹੀ ਸਾਬਤ ਹੋਈ ਹੈ ਕਿ, “ ਜਰਨੈਲ ਸਿੰਘ ਵਿਚ
ਮੈਨੂੰ ਭਵਿੱਖ ਦਾ ਇਕ ਹੋਣਹਾਰ ਕਹਾਣੀਕਾਰ ਨਜ਼ਰ ਆਉਂਦਾ ਹੈ।”*7 ਸੱਚ-ਮੁੱਚ ਜਰਨੈਲ
ਸਿੰਘ ਇਸ ਸਮੇਂ ਆਪਣੀ ਕਹਾਣੀ ‘ਟਾਵਰਜ਼’ ਸਦਕਾ ਪੰਜਾਬੀ ਕਹਾਣੀ ਦਾ ਜਰਨੈਲ ਹੈ ।
** ਰੀਡਰ
(ਪਰ ਹੁਣ ਪ੍ਰੋਫੈਸਰ) , ਪੰਜਾਬੀ ਵਿਭਾਗ, ਕੁਰੂਕੁਸ਼ੇਤਰ ਯੂਨੀਵਰਸਿਟੀ,
ਕੁਰੂਕੁਸ਼ੇਤਰ ।
ਹਵਾਲੇ ਅਤੇ ਟਿੱਪਣੀਆਂ
1 ਜਰਨੈਲ ਸਿੰਘ, ਮੈਨੂੰ ਕੀ, ਦੀਪਕ ਪਬਲਿਸ਼ਰਜ਼, ਜਲੰਧਰ, 1981, ਪੰਨਾ-7.
2 ਉਹੀ, ਟਾਵਰਜ,਼ ਚੇਤਨਾ ਪ੍ਰਕਾਸ਼ਨ, ਲੁਧਿਆਣਾ, 2005, ਪੰਨਾ-15.
3 ਉਹੀ, ਪੰਨਾ-33.
4 ਉਹੀ, ਪੰਨਾ-17.
5 ਉਹੀ, ਪੰਨਾ-16.
6 ਉਹੀ, ਪੰਨਾ-32.
7 ੳਹੀ, ਮੈਨੂੰ ਕੀ, ਪੰਨਾ-7
****
(1 ਅਪਰੈਲ 2006)
‘********************
ਕਹਾਣੀਕਾਰ ਜਰਨੈਲ ਸਿੰਘ
ਦੇ ਕਹਾਣੀ ਸੰਗ੍ਰਿਹ 'ਟਾਵਰਜ਼' ਸਬੰਧੀ ਤਿੰਨ ਲੇਖ ਪੜ੍ਹਨ ਲਈ ਕਲਿੱਕ ਕਰੋ:
ਟਾਵਰਜ਼ :
ਵਸਤੂ,
ਵਿਧੀ ਅਤੇ ਦ੍ਰਿਸ਼ਟੀ---ਸੰਪਾਦਕ
: ਡਾ. ਕਰਮਜੀਤ ਸਿੰਘ 'ਤੇ ਡਾ. ਹਰਸਿਮਰਨ ਸਿੰਘ ਰੰਧਾਵਾ
(੩੦ ਦਸੰਬਰ ੨੦੦੬) ਯੂਨੀਕੋਡ
jrnYl isMG dI khfxI ‘tfvrj` : supr swqf
isafsq dy sqfa df ibrqFq---zf: hrismrn isMG rMDfvf (rIzr ,pMjfbI ivBfg, kurUkusLyqr
XUnIvristI, kurUkusLyqr) (1 aprYl 2006)
prvfs aqy irsLiqaF df imrdMg nfd-- khfxIkfr
jrnYl isMG df khfxI sMgRih -'tfvrjL:-jsvIr smr-(21 mfrc 2006