|
|
ਸਮਾਜ ਵਿਚ ਔਰਤ ਦੀ ਸਥਿਤੀ ਦਾ ਦਸ਼ਤਾਵੇਜ਼: ਮੀਰਾ
|
-ਪਾਲ ਕੌਰ- |
ਪੰਜਾਬੀ ਸਾਹਿਤ ਜਗਤ ਵਿਚ ਪਾਲ ਕੋਰ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ ਹੈ। ਭਾਵੇਂ ਉਸ ਦੀ ਪਛਾਣ ਇਕ ਕਵਿਤਰੀ ਦੇ ਤੌਰ ਤੇ ਹੈ ਫਿਰ ਵੀ ਉਸ ਨੇ ਵਾਰਤਕ, ਆਲੋਚਨਾ ਅਤੇ ਸੰਪਾਦਨਾ ਦੇ ਖੇਤਰ ਵਿਚ ਅਮਿੱਟ ਛਾਪ ਛੱਡੀ ਹੈ। ਸੰਪਾਦਨਾਂ ਵਿਚ ਉਸ ਦੀਆਂ ਪੁਸਤਕਾਂ ‘ ਬਲਦੇ ਖ਼ਤਾਂ ਦੇ ਸਿਰਨਾਵੇਂ’, ‘ਪਰਿੰਦੇ ਕਲਪਨਾ ਦੇ ਦੇਸ਼ ਦੇ’, ‘ਪਾਸ਼ :ਜਿੱਥੇ ਕਵਿਤਾ ਖਤਮ ਨਹੀਂ ਹੁੰਦੀ (ਸਹਿ-ਸੰਪਾਦਕ) ਆਦਿ ਵਰਣਨਯੋਗ ਹਨ। ਆਲੋਚਨਾ ਦੇ ਖੇਤਰ ਵਿਚ ਉਸ ਦੀ ਇਕ ਪੁਸਤਕ ‘ਪ੍ਰਗੀਤ ਚਿੰਤਨ’ਪ੍ਰਕਾਸਿ਼ਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ‘ਖਲ਼ਾਅਵਾਸੀ’, ‘ਮੈਂ ਮੁਖ਼ਾਤਿਬ ਹਾਂ’, ‘ਸਵੀਕਾਰ ਤੋਂ ਬਾਦ’, ‘ ਇੰਜ ਨਾ ਮਿਲੀ’, ‘ਬਾਰਿਸ਼ ਅੰਦਰੇ ਅੰਦਰ’ ਅਤੇ ਪੀਂਘ ਕਾਵਿ ਸੰਗ੍ਰਿਹ ਉਸ ਨੇ ਪਾਠਕ ਜਗਤ ਨੂੰ ਦਿੱਤੇ ਹਨ।
‘ਮੀਰਾ’ ਪਾਲ ਕੌਰ ਦੀ ਪੰਦਰਾਂ ਰੇਖਾ ਚਿੱਤਰਾਂ ਦੀ ਨਵਪ੍ਰਕਾਸਿ਼ਤ ਪੁਸਤਕ ਹੈ। ਇਹ ਔਰਤਾਂ ਕਿਸੇ ਨਾ ਕਿਸੇ ਪ੍ਰਕਾਰ ਸਮਾਜ ਦੀ ਜਿ਼ਆਦਤੀ ਦਾ ਸਿ਼ਕਾਰ ਹੋਈਆਂ ਹਨ। ਭਾਵੇਂ ਕਿ ਸਮਾਜ ਵਿਚ ਅਜਿਹੀਆਂ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਹੈ ਫਿਰ ਵੀ ਪਾਲ ਕੌਰ ਨੇ ਇਸ ਸਮੱਸਿਆ ਵੱਲ ਧਿਆਨ ਖਿੱਚਣ ਲਈ ਉਨ੍ਹਾਂ ਪੰਦਰਾਂ ਔਰਤਾਂ ਦੇ ਹੀ ਰੇਖਾ ਚਿੱਤਰ ਇਸ ਕਿਤਾਬ ਵਿਚ ਅੰਕਿਤ ਕੀਤੇ ਹਨ, ਜਿੰਨਾਂ ਨੂੰ ਉਸ ਨੇ ਬੜਾ ਨੇੜੇ ਤੋਂ ਤੱਕਿਆ ਅਤੇ ਸਮਝਿਆ ਹੈ। ‘ਵਰਕਿੰਗ ਵੂਮੈਨ ਹੋਸਟਲ’ ਵਿਚ ਰਹਿੰਦਿਆਂ ਲੇਖਿਕਾਂ ਨੇ ਇੰਨ੍ਹਾਂ ਔਰਤਾਂ ਦੇ ਜੀਵਨ ਬਾਰੇ ਚੰਗੀ ਤਰ੍ਹਾਂ ਜਾਣਿਆਂ ਅਤੇ ਫਿਰ ਵਾਰਡਨ ਮੈਡਮ ਪੁਸ਼ਪਾ ਸੂਰੀ ਦੀ ਮੱਦਦ ਨਾਲ ਇਨ੍ਹਾਂ ਨੂੰ ਆਪਣੀ ਲੇਖਣੀ ਵਿਚ ਉਤਾਰਿਆ। ਇੰਨ੍ਹਾਂ ਸਾਰੇ ਪੰਦਰਾਂ ਰੇਖਾ ਚਿੱਤਰਾਂ ਵਿਚ ਪੁਸ਼ਪਾ ਸੂਰੀ ਇਕ ਸੂਤਰਧਾਰ ਦਾ ਰੋਲ ਨਿਭਾਉਂਦੀ ਵਜੋਂ ਹੈ।
ਪਾਲ ਕੌਰ ਨੇ ਇੰਨ੍ਹਾਂ ਰੇਖਾਚਿੱਤਰਾਂ ਨੂੰ ਲਿਖਣ ਦਾ ਉਦੇਸ਼ ਬਿਆਨ ਕਰਦਿਆਂ ਦੱਸਿਆਂ ਹੈ, “ ਇਹ ਪੰਦਰਾਂ ਔਰਤਾਂ ਦੇ ਚਿੱਤ੍ਰ ਨੇ, ਪਰ ਅਨੁਭਵ ਵਿਚ ਇਸ ਤੋਂ ਦੁੱਗਣੀਆਂ ਤਿੱਗਣੀਆਂ ਹੋਣਗੀਆਂ। ਪਰ ਜਿੰਨਾਂ ਨੂੰ ਮੈਂ ਫੜ ਸਕੀ, ਜਿੰਨਾਂ ਨੂੰ ਆਪਣੇ ਅੱਖਰਾਂ ਵਿਚ ਉਤਾਰ ਸਕੀ, ਇਹ ਵੀ ਚਾਹੁੰਦੀ ਸਾਂ ਕਿ ਸਮਾਜ ਵਿਚ ਵਿਚ ਰਿੜਕਣਾ ਪਾਇਆ ਹੈ ਤਾਂ ਹਰ ਔਰਤ ਵੱਖਰਾ ਚਿਹਰਾ,ਵੱਖਰੀ ਯਾਤਰਾ ਤੇ ਵੱਖਰਾ ਹਾਸਿਲ ਲੈ ਕੇ ਪੇਸ਼ ਹੋਵੇ। ਮੇਰਾ ਮਕਸਦ ਸੀ ਕਿ ਅੱਜ ਦੀ ਨੌਕਰੀ-ਯਾਫ਼ਤਾ ਔਰਤ, ਜੋ ਕਿਸੇ ਨਾ ਕਿਸੇ ਕਾਰਨ ਇਕੱਲੀ ਹੈ, ਉਸ ਬਾਰੇ ਸਮਾਜ ਨੂੰ ਦੱਸਾ।”
ਪਾਲ ਕੌਰ ਦੀ ਇਸ ਪੁਸਤਕ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਪੂੰਜੀਵਾਦੀ ਸਮਾਜ ਅੰਦਰ ਔਰਤ ਦੀ ਆਪਣੀ ਕੋਈ ਹੋਂਦ ਨਹੀਂ ਹੈ। ਉਹ ਕਿਸੇ ਨਾ ਕਿਸੇ ਰੂਪ ਵਿਚ ਮਰਦ ਤੇ ਨਿਰਭਰ ਹੈ। ਜਿਸ ਕਾਰਨ ਔਰਤ ਪਲ-ਪਲ ਮਾਨਸਿਕ ਤੇ ਸ਼ਰੀਰਕ ਸ਼ੋਸ਼ਣ ਦਾ ਸਿ਼ਕਾਰ ਬਣਦੀ ਹੈ। ਮਰਦ ਭਾਵੇਂ ਪਤੀ,ਪਿਤਾ,ਭਰਾ, ਪ੍ਰੇਮੀ ਜਾਂ ਪੁੱਤਰ ਹੋਵੇਂ ਉਹ ਔਰਤ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ। ਅੱਜ ਔਰਤ ਸਮਾਜ ਦੇ ਕਿਸੇ ਵੀ ਹਿੱਸੇ ਵਿਚ ਮਹਿਫੂ਼ਜ਼ ਨਹੀਂ ਹੈ। ਪਰਿਵਾਰ,ਸਿੱਖਿਆ ਸੰਸਥਾਵਾਂ, ਦਫਤਰਾਂ, ਧਾਰਮਿਕ ਸੰਸਥਾਵਾਂ ਵਿਚ ਹਰ ਥਾਂ ਔਰਤ ਨਾਲ ਅਣਸੁਖਾਵਾਈਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਹੜਾ ਕਿ ਘੋਰ ਚਿੰਤਾ ਦਾ ਵਿਸ਼ਾ ਹੈ।
ਪਾਲ ਕੌਰ ਨੇ ਮੀਰਾ ਵਿਚ ਇੰਨਾਂ ਘਟਨਾਵਾਂ ਨੂੰ ਸਿਰਫ਼ ਭਾਵਨਾਤਮਕ ਤੌਰ ਤੇ ਹੀ ਨਹੀਂ ਵਾਚਿਆ ਸਗੋਂ ਉਸ ਨੇ ਹਰ ਰੇਖਾਚਿੱਤਰ ਨੂੰ ਘਟਨਾਵਾਂ ਦੀ ਤਹਿ ਵਿਚ ਜਾ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਸ ਅਨੁਸਾਰ ਇਕੱਲੀਆਂ ਰਹਿੰਦੀਆਂ ਔਰਤਾਂ ਬਾਰੇ ਆਮ ਸਮਾਜ ਬਹੁਤੀ ਚੰਗੀ ਰਾਇ ਨਹੀਂ ਰੱਖਦਾ। ਉਨ੍ਹਾਂ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਖੜੇ ਕੀਤੇ ਜਾਂਦੇ ਹਨ, ਜਿਵੇਂ ਕਿ ਉਹ ਲਿਖਦੀ ਹੈ, “ ਜਦੋਂ ਮੈਂ ਬਾਹਰ ਕਿਤੇਂ ਦੱਸਦੀ ਸਾਂ ਕਿ ਮੈਂ ਵਰਕਿੰਗ ਵੂਮੈਨ ਹੋਸਟਲ ਵਿਚ ਰਹਿੰਦੀ ਹਾਂ ਤਾਂ ਅਗਲੇ ਦੇ ਚਿਹਰੇ ਦੇ ਹਾਵ ਭਾਵ ਤੇ ਰੰਗ ਵੇਖਕੇ ਨਮੋਸ਼ੀ ਜਿਹੀ ਹੁੰਦੀ ਸੀ। ਮੇਰੀ ਇੱਕ ਕੁਲੀਗ ਕਹਿੰਦੀ ਸੀ, “ ਅੱਛਾ! ਉੱਥੇ ਤਾਂ ਸਾਰੀਆਂ ਵਿਚਾਰੀਆਂ ਛੱਡੀਆਂ ਹੋਈਆਂ ਰਹਿੰਦੀਆਂ ਨੇ ਤੇ ਸਾਰੀਆਂ ਕਿਸੇ ਨਾ ਕਿਸੇ ਮਗਰ ਤੁਰੀਆਂ ਫਿਰਦੀਆਂ ਨੇ।” ਇੱਕ ਪੱਤਰਕਾਰ ਨੇ ਤਾਂ ਹੱਦ ਹੀ ਮੁਕਾ ਦਿੱਤੀ, “ ਉੱਥੋ ਤਾਂ ਕੁੜੀਆਂ ਅਫ਼ਸਰਾਂ ਤੇ ਅਮੀਰਾਂ ਵਜ਼ੀਰਾਂ ਨੂੰ ਭੇਜੀਆਂ ਜਾਂਦੀਆਂ ਹਨ। ਬੜੀ ਤਕਲੀਫ਼ ਹੁੰਦੀ ਸੀ ਇਹ ਸੁਣਕੇ। ਵਾਕਈ ਇਹ ਵਿਚਾਰ ਬੜੇ ਹੀ ਚੁੱਭਵੇਂ ਤੇ ਭੱਦੇ ਹਨ। ਪਰ ਇਸ ਲਈ ਜਿ਼ੰਮੇਵਾਰ ਕੌਣ ਹੈ? ਇਹ ਵੀ ਸਮਾਜ ਵਿਚ ਰਹਿੰਦੇ ਲੋਕਾਂ ਨੂੰ ਸੋਚਣਾ ਪਵੇਗਾ। ਦੂਜੇ ਪਾਸੇ ਜੇਕਰ ਇਹ ਗੱਲਾਂ ਸਾਮ੍ਹਣੇ ਆਈਆਂ ਹਨ ਤਾਂ ਇਸ ਪਿੱਛੇ ਕਈ ਥਾਵਾਂ ਤੇ ਵਾਪਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਵੀ ਰੋਲ ਨਿਭਾਇਆ ਹੈ। ਭਾਵੇਂ ਕਿ ਇਸ ਸਭ ਲਈ ਮਰਦ ਪ੍ਰਧਾਨ ਸਮਾਜ ਜਿੰ਼ਮੇਵਾਰ ਹੈ ਪਰ ਇੱਥੇ ਕੁਝ ਹੱਦ ਤੱਕ ਔਰਤ ਦੀ ਕਮਜੋ਼ਰੀ ਵੀ ਝਲਕਦੀ ਹੈ।
ਇੰਨ੍ਹਾਂ ਰੇਖਾਚਿੱਤਰਾਂ ਵਿਚ ਜਿਆਦਾਤਰ ਔਰਤਾਂ ਪੜ੍ਹੀਆਂ ਲਿਖੀਆਂ ਤੇ ਨੌਕਰੀ ਪੇਸ਼ਾ ਹਨ। ਉਹ ਫਿਰ ਵੀ ਸਮਾਜਿਕ ਕਦਰਾਂ ਕੀਮਤਾਂ ਖਿਲਾਫ਼ ਲੜਨ ਦੀ ਬਜਾਇ ਜਾਂ ਤਾਂ ਭਾਣਾ ਮੰਨਦੀਆਂ ਨਜ਼ਰ ਆੳਂੁਦੀਆਂ ਹਨ ਜਾਂ ਟੁੱਟ ਗਈਆਂ ਜਾਪਦੀਆਂ ਹਨ। ਇਸ ਤੋਂ ਵੀ ਵੱਧਕੇ ਕਈ ਵਾਰ ਉਸੇ ਆਦਮੀ ਦੇ ਝੂਠੇ ਲਾਰਿਆਂ ਵਿਚ ਆ ਕੇ ਉਸੇ ਨਾਲ ਦੁਆਰਾ ਸਾਂਝ ਬਣਾ ਲੈਂਦੀਆਂ ਹਨ, ਜਿਸ ਨੇ ਉਸ ਨੂੰ ਪਹਿਲਾ ਧੋਖਾ ਦਿੱਤਾ ਹੁੰਦਾ ਹੈ। ਸਮਾਜ ਵਿਚ ਅਜਿਹੀਆਂ ਅਨੇਕਾ ਹੀ ਔਰਤਾਂ ਹਨ ਜੋ ਸੰਘਰਸ਼ ਕਰਨ ਜਾਂ ਲੜਨ ਦੀ ਬਜਾਇ ਖੁਦਕਸ਼ੀ ਕਰ ਲੈਂਦੀਆਂ ਹਨ ਜਾਂ ਹਲਾਤਾਂ ਨਾਲ ਸਮਝੌਤਾ ਕਰ ਲੈਂਦੀਆਂ ਹਨ।
ਮੀਰਾ ਵਿਚ ਪਾਲ ਕੌਰ ਨੇ ਵਿਆਹ ਪ੍ਰਬੰਧ ਉੱਪਰ ਵੀ ਕਈ ਸਵਾਲ ਉਠਾਏ ਹਨ ਕਿਉਂਕਿ ਅੱਜ ਆਮ ਸਮਾਜ ਅੰਦਰ ਵਿਆਹ ਦੇ ਅਰਥ ਹੀ ਬਦਲ ਗਏ ਹਨ। ਜਿਸ ਸਮਾਜ ਵਿਚ ਧਾਰਮਿਕ ਗ੍ਰੰਥ ਔਰਤ ਨੂੰ ਮਰਦ ਦੀ ਅਰਧਾਂਗਨੀ ਦਾ ਦਰਜਾ ਦਿੰਦੇ ਹਨ,ਸੱਤ ਫੇਰੇ ਸੱਤ ਜਨਮਾਂ ਦਾ ਬੰਧਨ ਮੰਨੇ ਜਾਂਦੇ ਹਨ। ਉਥੇ ਅੱਜ ਸਾਰੇ ਰਿਸ਼ਤੇ ਆਰਥਿਕਤਾ ਤਹਿ ਕਰ ਰਹੀ ਹੈ। ਪੈਸੇ ਦੀ ਭੁੱਖ, ਦਹੇਜ ਤੇ ਨਜਾਇਜ਼ ਰਿਸ਼ਤਿਆਂ ਨੇ ਇਸ ਪ੍ਰਬੰਧ ਨੂੰ ਖੋਖਲਾ ਕਰ ਦਿੱਤਾ ਹੈ। ਮਰਦ ਭਾਵੇਂ ਨਿਕੰਮਾ ਹੋਵੇ, ਸ਼ਰਾਬੀ ਹੋਵੇ, ਚਰਿੱਤਰਹੀਣ ਹੋਵੇ, ਔਰਤ ਨੂੰ ਪੂਰੀ ਤਰ੍ਹਾਂ ਨਿਸ਼ਠਾਵਾਨ ਰਹਿ ਕੇ ਉਸ ਦੀ ਸੇਵਾ ਕਰਨ ਦੇ ਪਾਠ ਪੜ੍ਹਾਏ ਜਾਂਦੇ ਹਨ। ਪੁੱਤਰਾਂ ਦੇ ਵਿਆਹ ਹੋਣ ਤੋਂ ਬਾਦ ਤਾਂ ਔਰਤ ਉਸ ਘਰ ਅੰਦਰ ਇਕ ਫ਼ਾਲਤੂ ਜਿਹੀ ਵਸਤੂ ਬਣ ਕੇ ਰਹਿ ਜਾਂਦੀ ਹੈ। ਜਿਵੇਂ ਕਿ ਪਹਿਲੇ ਰੇਖਾ ਚਿੱਤਰ ਵਿਚ ਬਿਮਲਾ ਦੀ ਮਾਂ ਤੇ ਭਰਜਾਈ ਦਾ ਵਾਰਤਾਲਾਪ ਦੇਖਣ ਨੂੰ ਮਿਲਦਾ ਹੈ,
“ ਮਾਤਾ ਜੀ, ਫਿਰ ਤੁਹਾਡੇ ਵਾਲਾ ਕਮਰਾ ਹੀ ਦੇ ਸਕਨੇ ਹਾਂ। ਹੁਣ ਪੁੱਤਰ ਨੂੰ ਤਾਂ ਘਰੋਂ ਨਹੀਂ ਕੱਢ ਸਕਦੇ ਨਾ।” ਭਰਜਾਈ ਨੇ ਆਖਿਆ।
“ਦੇ ਦਿਓ ਭਾਈ, ਪਰ ਅਸੀਂ ਕਿੱਥੇ ਜਾਵਾਗੀਆਂ? ਬਿਮਲਾ ਦੀ ਮਾਂ ਦਾ ਜਵਾਬ ਸੀ।
“ਤੁਸੀਂ ਤਾਂ ਡਰਾਇੰਗ ਰੂਮ ਵਿਚ ਦੀਵਾਨ ਤੇ ਸੌਂ ਜਾਇਆ ਕਰਨਾ।” ਭਰਜਾਈ ਜਿਵੇਂ ਪਹਿਲਾ ਹੀ ਸੋਚੀ ਬੈਠੀ ਸੀ।
“ਤੇ ਬਿਮਲਾ....?” ਬਿਮਲਾ ਦੀ ਮਾਂ ਦਾ ਸਵਾਲ ਸੀ।
“ਬਿਮਲਾ ਜਾਵੇ ਹੁਣ ਆਪਣੇ ਪੁੱਤਰ ਕੋਲ...। ਹੁਣ ਬਥੇਰਾ ਕਰ ਦਿੱਤਾ ਏ। ਸਾਰੀ ਉਮਰ ਦਾ ਠੇਕਾ ਤਾਂ ਨੀ ਚੁੱਕਿਆ ਹੋਇਆ...।”(ਪੰਨਾ13)
ਇਸ ਤਰ੍ਹਾਂ ਨਾਲ ਸਮਾਜ ਵਿਚ ਔਰਤ ਅੱਜ ਵੀ ਭੋਗਣ ਦੀ ਵਸਤੂ ਤੋਂ ਜਿਆਦਾ ਕੁਝ ਨਹੀਂ ਹੈ। ਉਸ ਦੇ ਅਧਿਕਾਰ ਮਰਦਾਂ ਦੇ ਰਹਿਮੋ ਕਰਮ ਤੇ ਨਿਰਭਰ ਹਨ। ਬੁਢਾਪੇ ਵਿਚ ਜਾ ਕੇ ਤਾਂ ਔਰਤ ਦੀ ਸਥਿਤੀ ਹੋਰ ਵੀ ਤਰਸ਼ਯੋਗ ਹੋ ਜਾਂਦੀ ਹੈ।
ਸਾਡੇ ਸਮਾਜ ਵਿਚ ਭਾਣਾ ਮੰਨਣ ਦੀ ਪ੍ਰਵਿਰਤੀ ਨੂੰ ਵੀ ਮੀਰਾ ਵਿਚ ਕਈ ਥਾਵਾਂ ਤੇ ਪੇਸ਼ ਕੀਤਾ ਗਿਆ ਹੈ। ਇਸੇ ਪ੍ਰਵਿਰਤੀ ਕਾਰਨ ਭਾਰਤੀ ਔਰਤ ਸੋ਼ਸ਼ਣ ਦਾ ਸਿ਼ਕਾਰ ਹੋ ਰਹੀ ਹੈ। ਔਰਤ ਆਪਣੇ ਦੁੱਖਾਂ ਦਾ ਕਾਰਨ ਪਿੱਛਲੇ ਜਨਮ ਦੇ ਕਰਮਾਂ ਨੂੰ ਮੰਨਦੀ ਹੈ। ਉਹ ਆਪਣੇ ‘ਤੇ ਹੁੰਦੇ ਤਸੱ਼ਦਦ ਨੂੰ ਰੱਬੀ ਹੁਕਮ ਮੰਨਦਿਆਂ ਦਿਨ ਕਟੀ ਕਰਦੀ ਰਹਿੰਦੀ ਹੈ। ਜਿਵੇਂ ਕਿ ਮੀਰਾ ਵਿਚ ਪਾਤਰ ਬਿਮਲਾ ਕਰਦੀ ਹੈ।
“ਬਿਮਲਾ ਪੰਜ ਛੇ ਸਾਲਾਂ ਤੋਂ ਇਸ ਹੋਸਟਲ ਦਾ ਅੰਗ ਬਣ ਗਈ ਹੈ, ਦਿਨ ਤਿਉਂਹਾਰ ਤੇ ਮੰਦਿਰ ਜ਼ਰੂਰ ਜਾਂਦੀ ਏ, ਤੇ ਦਾਨ ਪੁੰਨ ਜ਼ਰੂਰ ਕਰਦੀ ਹੈ। ਇਕ ਦਿਨ ਮੈਂ ਉਸ ਨੂੰ ਮਖੌਲ ਨਾਲ ਕਿਹਾ, “ ਬਿਮਲਾ, ਇਸ ਰੱਬ ਨੇ ਕੀ ਦਿੱਤਾ ਏ ਤੈਨੂੰ, ਜੋ ਇੰਨੇ ਚੜਾਵੇ ਚੜਾਨ੍ਹੀ ਏ। ਪੂਜਾ ਕਰਦੀ ਏ।”
“ਜੋ ਕੁਝ ਦਿੱਤਾ ਉਹਦੀ ਮਰਜ਼ੀ, ਉਸ ਡਾਢੇ ਨਾਲ ਕਾਹਦਾ ਜ਼ੋਰ ਮੈਡਮ। ਉਂਝ ਘਾਟਾ ਵੀ ਕਾਹਦਾ ਏ।” ਪੰਨਾ-14
ਮੀਰਾ ਵਿਚ ਪਾਲ ਕੌਰ ਨੇ ਉੱਤਰਆਧੁਨਿਕਤਾ ਦੇ ਇਸ ਯੁੱਗ ਵਿਚ ਆਦਮੀ ਅੰਦਰ ਵੱਧ ਰਹੀ ਪੈਸੇ ਦੀ ਭੁੱਖ ਅਤੇ ਲਾਲਚ ਨੂੰ ਵੀ ਪੇਸ਼ ਕੀਤਾ ਹੈ। ਅੱਜ ਦਾ ਮਨੁੱਖ ਹਰ ਕੰਮ ਪੈਸੇ ਜਾਂ ਉਪਚਾਰਕਿਤਾ ਲਈ ਕਰਦਾ ਹੈ। ਦਿਲੀ ਸਾਂਝ, ਹਮਦਰਦੀ, ਪਿਆਰ ਆਦਿ ਭਾਵਨਾਵਾਂ ਇਕ ਦਿਖਾਵਾ ਮਾਤਰ ਰਹਿ ਗਈਆਂ ਹਨ। ਅੱਜ ਦਾ ਮਨੁੱਖ ਕਿਸੇ ਦੀ ਮੌਤ ‘ਤੇ ਹਮਦਰਦੀ ਕਰਨ ਦੀ ਬਜਾਇ ਮ੍ਰਿਤਕ ਦੀ ਸੰਪਤੀ ਤੇ ਪਤਨੀ ਤੇ ਕਬਜਾ ਕਰਨਾ ਚਾਹੁੰਦਾ ਹੈ। ਹੋਸਟਲ ਦੀ ਵਾਰਡਨ ਵੱਲੋਂ ਕਹੇ ਗਏ ਹੇਠ ਲਿਖੇ ਸ਼ਬਦ ਇਸੇ ਪ੍ਰਵਿਰਤੀ ਵੱਲ ਇਸਾ਼ਰਾ ਕਰਦੇ ਹਨ-:
“ਪਰ ਮੀਤਾ, ਔਰਤ ਜਦੋਂ ਮਾਸੂਮ ਚਿਹਰਾ ਲੈ ਕੇ ਬੈਠੀ ਹੋਵੇ ਤਾਂ ਉਸ ਨੂੰ ਗਲੇ ਲਾਉਣ ਵਾਲੇ ਬਥੇਰੇ ਆ ਜਾਂਦੇ ਨੇ, ਪਰ ਉਨ੍ਹਾਂ ਨੇ ਗਲੇ ਨਹੀਂ ਲਾਉਣਾ ਹੁੰਦਾ,ਧੁਰੀ ਤਾਂ ਉਨ੍ਹਾਂ ਦੀ ਇਕੋ ਹੁੰਦੀ ਏ ਲੈ ਦੇ ਕੇ। ਡਾ. ਸਾਹਿਬ ਤੋਂ ਬਾਦ ਕੁਝ ਲੋਕ ਆਏ ਸਨ, ਹਮਦਰਦ ਬਣਕੇ। ਇਕ ਇਕ ਨਜ਼ਰ ਵਿਚ ਤਿੰਨ ਤਿੰਨ ਨਿਸ਼ਾਨੇ। ਡਾਕਟਰ ਸਾਹਿਬ ਦੇ ਖਾਤਿਆਂ ਤੋਂ ਮਿਲੇ ਪੈਸੇ ਉੱਪਰ ਨਜ਼ਰ ਬਈ ਇੱਥੇ ਲਾ ਦਿਓ....। ਹੁਸਨ ਦੀ ਤਾਰੀਫ਼ ਵੱਖਰੀ ਅਤੇ ਬੇਚਾਰਗੀ ਦੇ ਅਹਿਸਾਸ ਦਾ ਦਾਨ ਵੱਖਰਾ।”
ਮੀਰਾ ਵਿਚ ਪਾਲ ਕੌਰ ਨੇ ਸਮਾਜਿਕ ਰਿਸ਼ਤਿਆਂ ਵਿਚ ਆਏ ਗੰਧਲੇਪਨ ਨੂੰ ਵੀ ਪੇਸ਼ ਕੀਤਾ ਹੈ। ਅਧਿਆਪਕਾਂ ਵੱਲੋਂ ਛੇੜਛਾੜ, ਰਿਸ਼ਤੇਦਾਰਾਂ ਵੱਲੋਂ ਇੱਜਤ ਨਾਲ ਖਿਲਵਾੜ, ਸਹੁਰੇ ਵੱਲੋਂ ਬਲਾਤਕਾਰ ਆਦਿ ਦੀਆਂ ਘਟਨਾਵਾਂ ਦਾ ਉਲੇਖ ਵੀ ਇੰਨ੍ਹਾਂ ਰੇਖਾਚਿੱਤਰਾਂ ਵਿਚ ਮਿਲਦਾ ਹੈ। ਸਹੁਰੇ ਵੱਲੋਂ ਨੂੰਹ ਦੀ ਇੱਜਤ ਲੁੱਟਣ ਦੀ ਕੋਸਿ਼ਸ਼ ਦਾ ਜਿ਼ਕਰ ਉ ਦੇ ਇਕ ਰੇਖਾਚਿੱਤਰ ਵਿਚ ਮਿਲਦਾ ਹੈ।
“ ਉਹ ਅਜੇ ਸੋਚ ਹੀ ਰਹੀ ਸੀ ਕਿ ਹੁਣ ਕੀ ਕਰੇ, ਤਾਂ ਇਕ ਰਾਤ ਸਹੁਰਾ ਸਾਹਿਬ ਕਮਰੇਵਿਚ ਆ ਪਹੁੰਚੇ ਅਤੇ ਬੱਤੀ ਬੰਦ ਕਰਕੇ ਉਸ ਵੱਲ ਵਧੇ। ਉਸ ਨੇ ਰੌਲਾ ਪਾਉਂਣਾ ਚਾਹਿਆ, “ ਪਿਤਾ ਜੀ, ਇਹ ਕੀ ਕਰ ਰਹੇ ਹੋ? ਕੀ ਹੋ ਗਿਆ ਹੈ ਤੁਹਾਨੂੰ। ਇਕ ਭਾਰੇ ਹੱਥ ਨੇ ਉਸ ਦਾ ਮੂੰਹ ਬੰਦ ਕਰਨ ਦੀ ਕੋਸਿ਼ਸ਼ ਕੀਤੀ, ਪਰ ਬੜੀ ਜੱਦੋ ਜਹਿਦ ਮਗਰੋਂ ਆਪਣੇ ਆਪ ਨੂੰ ਛਡਾਉਂਦੀ ਤੇ ਰੌਲਾ ਪਾਉਂਦੀ ਬਾਹਰ ਨਿਕਲ ਗਈ।”
ਪਾਲ ਕੌਰ ਦੀ ਪੁਸਤਕ ਮੀਰਾ ਤੋਂ ਇਹ ਵੀ ਝਲਕਦਾ ਹੈ ਕਿ ਘਰ ਦੀ ਮਾੜੀ ਹਾਲਤ, ਗਰੀਬੀ, ਬੇਰੁਜ਼ਗਾਰੀ ਵੀ ਔਰਤ ਦੀਆਂ ਸਮੱਸਿਆਵਾਂ ਦਾ ਸਬੱਬ ਬਣਦੀ ਹੈ। ਦਾਜ ਦੇ ਵੱਧਦੇ ਪ੍ਰਚਲਨ ਕਾਰਨ ਗਰੀਬ ਮਾਪਿਆਂ ਲਈ ਚੰਗਾ ਵਰ ਲੱਭਣਾ ਅਤੇ ਲੜਕੀ ਦਾ ਵਿਆਹ ਬੜੀ ਵੱਡੀ ਮੁਸੀਬਤ ਹੈ। ਵੱਧਦੀ ਉਂਮਰ ਤੇ ਨਿਰਾਸ਼ਾਵਸ ਕਈ ਵਾਰ ਲੜਕੀਆਂ ਗਲਤ ਰਸਤੇ ਤੁਰ ਪੈਂਦੀਆਂ ਹਨ, ਜਿਸ ਤੋਂ ਵਾਪਸ ਮੁੜਨਾ ਬੜਾ ਹੀ ਮੁਸ਼ਕਿਲ ਹੁੰਦਾ ਹੈ। ਕਈ ਵਾਰ ਇਹ ਲੜਕੀਆਂ ਗਲਤ ਅਨਸ਼ਰਾਂ ਦੇ ਝਾਂਸਿਆਂ ਵਿਚ ਆਕੇ ਉਨ੍ਹਾਂ ਨਾਲ ਸ਼ਰੀਰਕ ਸਬੰਧ ਸਥਾਪਿਤ ਕਰ ਲੈਂਦੀਆਂ ਹਨ ਜਾਂ ਫਿਰ ਅਣਰਜਿਸ਼ਟਰਡ ਵਿਆਹ ਕਰ ਲੈਂਦੀਆਂ ਹਨ। ਇਹ ਵਿਆਹ ਬੜੇ ਹੀ ਥੋੜ ਚਿਰੇ ਤੇ ਅਸਥਾਈ ਸਾਬਿਤ ਹੁੰਦੇ ਹਨ। ਆਪਣਾ ਮਕਸਦ ਪੂਰਾ ਕਰਨ ਤੋਂ ਬਾਦ ਇਹ ਲੋਕ ਉਸ ਔਰਤ ਦੀ ਕਦਰ ਕਰਨ ਦੀ ਬਜਾਇ ਉਸ ਨੂੰ ਜ਼ਲੀਲ ਕਰਦੇ ਹਨ ਅਤੇ ਉਸ ਦੀ ਜਿੰ਼ਦਗੀ ਬਰਬਾਦ ਕਰ ਦਿੰਦੇ ਹਨ। ਬੇਲਾ ਵਾਲਾ ਰੇਖਾਚਿੱਤਰ ਇਸੇ ਵੱਲ ਇਸ਼ਾਰਾ ਕਰਦਾ ਹੈ-:
“ ਪਿਉਂ ਕੋਲ ਧੀ ਦਾ ਵਿਆਹ ਕਰਨ ਦੀ ਸਮਰੱਥਾ ਨਹੀਂ ਸੀ। ਇਸ ਲਈ ਛੱਬੀ ਸਤਾਈ ਸਾਲ ਦੀ ਹੋਣ ਤੇ ਵੀ ਬੇਲਾ ਲਈ ਕੋਈ ਅਜਿਹਾ ਮੁੰਡਾ ਨਾ ਲੱਭ ਸਕਿਆ, ਜੋ ਬਿਨ੍ਹਾਂ ਦਾਜ ਤੋਂ ਵਿਆਹ ਕਰਵਾ ਲੈਂਦਾ। ਬੇਲਾ ਨੇ ਬੀ.ਏ. ਬੀ.ਐਡ.ਕੀਤੀ ਸੀ। ਨੌਕਰੀ ਕੋਈ ਮਿਲ ਨਹੀਂ ਰਹੀ ਸੀ। ਉਸਨੇ ਆਰਥਿਕ ਮੱਦਦ ਲਈ ਤੇ ਕੁਝ ਸਮਾਂ ਕੱਟਣ ਲਈ ਟਿਊਸ਼ਨਾਂ ਪੜਾਉਂਣੀਆਂ ਸੁਰੂ ਕਰ ਦਿੱਤੀਆਂ। ਉਹ ਇਕ ਘਰ ਵਿਚ ਟਿਉਸ਼ਨ ਪੜ੍ਹਾਉਣ ਲੱਗੀ। ਬੱਚੇ ਦਾ ਪਿਉਂ ਉਸ ਵਿਚ ਦਿਲਚਸਪੀ ਲੈਣ ਲੱਗਾ। ਬੇਲਾ ਨੇ ਆਪਣੀ ਉਮਰ ਲੰਘਦੀ ਜਾਣ ਉਹਦੀ ਹਾਂ ਵਿਚ ਹਾਂ ਮਿਲਾ ਦਿੱਤੀ।.....ਉਨ੍ਹਾਂ ਮੰਦਰ ਵਿਚ ਜਾਕੇ ਵਿਆਹ ਕਰਵਾ ਲਿਆ, ਪਰ ਮਾਂ ਬਾਪ ਬੇਲਾ ਤੋਂ ਹਮੇਸ਼ਾਂ ਲਈ ਛੁੱਟ ਗਏ।
ਪਰ ਰੁਮਾਂਸ ਦਾ ਦਿਲਕਸ਼ ਰੰਗ ਛੇਤੀ ਹੀ ਫਿੱਕਾ ਪੈ ਗਿਆ।..........ਉਸ ਆਦਮੀ ਨੇ ਤਾਂ ਆਪਣੀ ਪਤਨੀ ਤੇ ਬੱਚੇ ਦੀ ਦੇਖ-ਭਾਲ ਲਈ ਇਹ ਵਿਆਹ ਕਰਵਾਇਆ ਸੀ। ਪਿਆਰ ਵਿਆਰ ਤਾਂ ਇਕ ਜਾਲ ਸੀ।”
ਮੀਰਾ ਵਿਚ ਪਾਲ ਕੌਰ ਨੇ ਸਮਾਜ ਸਾਹਮਣੇ ਕਈ ਸਵਾਲ ਖੜੇ ਕੀਤੇ ਹਨ। ਜਿਵੇਂ ਅਨੀਤਾ ਨਾਲ ਮਦਨ ਦੀ ਬੇਵਫ਼ਾਈ ਤੋਂ ਬਾਦ ਉਸ ਪਾਤਰ ਦੀ ਮਨੋਦਸ਼ਾ ਨੂੰ ਪੇਸ਼ ਕਰਦਿਆਂ ਕਈ ਸਵਾਲ ਉਠਾਏ ਗਏ ਹਨ। ਜਿਵੇਂ-:
“ਪਰ ਅਨੀਤਾ ਕੁਝ ਨਹੀਂ ਬੋਲੀ। ਗੁੰਮ ਹੋ ਗਈ, ਬਿਲਕੁੱਲ ਚੁੱਪ, ਡੁੰਨ ਵੱਟਾ, ਕੁਝ ਦਿਨ ਤਾਂ ਰੋਣਾ ਵੀ ਨਹੀਂ ਆਇਆ। ਫਿਰ ਰੋਈ ਤਾਂ ਕਈ ਦਿਨ ਰੋਂਦੀ ਰਹੀ। ਕਿਸ ਉੱਪਰ ਗੁੱਸਾ ਕਰੇ? ਮਦਨ ਉੱਪਰ? ਜਿਸ ਦੇ ਵਾਅਦਿਆਂ ਦਾ ਰੰਗ ਕੱਚਾ ਨਿਕਲਿਆ। ਸਮਾਜ ਉੱਪਰ? ਜਿਸ ਦੀ ਉਸ ਨੇ ਪਰਵਾਹ ਨਹੀਂ ਕੀਤੀ ਸੀ। ਜਾਤ ਪਾਤ ਉੱਪਰ? ਆਪਣੀ ਉਮਰ , ਰੰਗ ਰੂਪ ਉੱਪਰ? ਇੰਨ੍ਹਾਂ ਵਿਚੋਂ ਤਾਂ ਉਹ ਕੁਝ ਵੀ ਨਹੀਂ ਬਦਲ ਸਕਦੀ ਸੀ।” ਇਹ ਸਵਾਲ ਬੜੇ ਗੰਭੀਰ ਹਨ। ਜਿੰਨ੍ਹਾਂ ਤੇ ਸਮਾਜ ਦੇ ਹਰ ਵਰਗ ਨੂੰ ਸੋਚਣਾ ਬਣਦਾ ਹੈ।
ਮੀਰਾ ਤੋਂ ਇਹ ਵੀ ਸਪੱਸਟ ਹੁੰਦਾ ਹੈ ਕਿ ਕਿਸੇ ਕਾਰਨ ਵੱਸ ਕੁਆਰੀਆਂ ਰਹਿ ਗਈ ਕੁੜੀਆਂ ਪਰਿਵਾਰ ਤੋਂ ਵੱਖ ਹੋ ਕੇ ਵੀ ਸਮਾਜ ਅਤੇ ਪਰਿਵਾਰ ਤੋਂ ਪੂਰੀ ਤਰ੍ਹਾਂ ਨਾਲ ਨਾਤਾ ਨਹੀਂ ਤੋੜ ਸਕਦੀਆਂ। ਉਹ ਮੁੜ ਉਸੇ ਚੌਰਾਹੇ ਤੇ ਪਹੁੰਚ ਜਾਂਦੀਆਂ ਹਨ ਜਿੱਥੋ ਕਦੇ ਵੱਖ ਹੋ ਕਿ ਚੱਲਣ ਦਾ ਆਇਦ ਕੀਤਾ ਸੀ। ਇਹ ਕੁੜੀਆਂ ਕਈ ਵਾਰ ਪਰਿਵਾਰ ਦੀਆਂ ਜਿੰ਼ਮੇਵਾਰੀਆਂ ਨਿਭਾਉਂਦੀਆਂ ਨਿਭਾਉਂਦੀਆਂ (ਵਿਸੇ਼ਸ਼ ਕਰ ਕਮਾਊ ਲੜਕੀਆਂ/ ਔਰਤਾਂ) ਆਪਣੀਆਂ ਨਿੱਜੀ ਖੁਸ਼ੀਆਂ ਜਾਂ ਭਾਵਨਾਵਾਂ ਦੀ ਕੁਰਬਾਨੀ ਦੇ ਦਿੰਦੀਆਂ ਹਨ। ਪਰ ਉਹੀ ਪਰਿਵਾਰ ਆਪਣਾ ਆਰਥਿਕ ਲਾਭ ਪੂਰਾ ਹੋਣ ਤੋਂ ਬਾਦ ਉਨ੍ਹਾਂ ਨੂੰ ਇਕੱਲਤਾ ਵਿਚ ਧਕੇਲ ਦਿੰਦਾ ਹੈ।ਇਹ ਲੜਕੀਆਂ ਫਿਰ ਵੀ ਸਮੇਂ ਸਮੇਂ ਪਰਿਵਾਰ ਦੀ ਮੱਦਦ ਲਈ ਤਿਆਰ ਰਹਿੰਦੀਆਂ ਹਨ। ਕਿਰਨ ਦੇ ਰੇਖਾਚਿੱਤਰ ਵਿਚ ਅਜਿਹਾ ਹੀ ਦੇਖਣ ਨੂੰ ਮਿਲਦਾ ਹੈ। ਵਾਰਡਨ ਕਿਰਨ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਹਿੰਦੀ ਹੈ,
“ ਪਰ ਕੁੜੀਆਂ ਕਮਲੀਆਂ ਹੁੰਦੀਆਂ ਨੇ, ਭਾਵਨਾਵਾਂ ਵਿਚ ਵਹਿੰਦੀਆਂ ਆਰਥਿਕ ਸਰੁੱਖਿਆ ਬਾਰੇ ਕਿੱਥੇ ਸੋਚ ਸਕਦੀਆਂ ਹਨ? ਕਿਰਨ ਨੂੰ ਵੀ ਆਪਣੇ ਭੈਣ ਭਰਾਵਾਂ ਤੇ ਉਨ੍ਹਾਂ ਦੇ ਬੱਚਿਆਂ ਲਈ ਹਰ ਮੌਕੇ ‘ਤੇ ਦੇਣ ਲੈਣ ਦਾ ਸੌ਼ਕ ਰਹਿੰਦਾ ਹੈ। ਘਰ ਜਾਵੇਗੀ ਤਾਂ ਘਰ ਦਾ ਕੁਝ ਸੁਆਰ ਕੇ ਹੀ ਆਵੇਗੀ। ਪਰ ਉਸ ਦਾ ਘਰ ਜਾਣਾ ਭਰਜਾਈ ਨੂੰ ਨਹੀਂ ਸੁਖਾਂਦਾ। ਕੁਆਰੀ ਨਨਾਣ,ਭਰਜਾਈਆਂ ਲਈ ਖ਼ਤਰਾ ਹੀ ਬਣੀ ਰਹਿੰਦੀ ਹੈ ਕਿ ਕਿਤੇ ਘਰ ਵਿਚ ਮੱਲ ਮਾਰਕੇ ਹੀ ਨਾ ਬੈਠ ਜਾਵੇ ਜਾਂ ਕਿਤੇ ਕੋਈ ਹਿੱਸਾ ਹੀ ਨਾ ਮੰਗ ਲਵੇ। ਫਿਰ ਵੀ ਕਿਰਨ ਆਪਣੇ ਮਾਂ ਪਿਉਂ ਦੇ ਮੋਹ ਖਾਤਰ ਘਰ ਜਾਂਦੀ ਹੈ। ਮੈਂ ਕਈ ਵਾਰ ਵੇਖਿਆ ਹੈ ਕਿ ਚਾਅ ਨਾਲ ਜਾਂਦੀ ਹੈ ਤੇ ਖਾਮੋਸ਼ ਜਿਹੇ ਰੰਜ ਨਾਲ ਭਰੀ ਵਾਪਸ ਆਉਂਦੀ ਹੈ।”
ਮੀਰਾ ਨੂੰ ਪੜ੍ਹਨ ਤੋਂ ਬਾਦ ਇਹ ਪਤਾ ਚੱਲਦਾ ਹੈ ਕਿ ਇਹ ਔਰਤਾਂ ਆਪਣਾ ਜੀਵਨ ਗੁਜਾਰਨ ਲਈ ਨਵੇਂ ਨਵੇਂ ਢੰਗ ਤਲਾਸ਼ ਲੈਂਦੀਆਂ ਹਨ। ਕੋਈ ਓਸੋ ਦੀ ਸ਼ਰਨ ਵਿਚ ਚਲੀ ਜਾਂਦੀ ਹੈ, ਕੋਈ ਧਰਮ ਦਾ ਸਹਾਰਾ ਲੈਂਦੀ ਹੈ,ਕੋਈ ਐਸ਼ ਇਸ਼ਰਤ ਕਰਕੇ ਆਪਣੀਆਂ ਦੱਬੀਆ ਭਾਵਨਾਵਾਂ ਤੋਂ ਨਿਜਾਤ ਪਾਉਂਣਾ ਚਾਹੁੰਦੀ ਹੈ। ਪਰ ਇਹ ਸਾਰੇ ਰਸਤੇ ਅਸਥਾਈ ਅਤੇ ਹਾਰ ਦਾ ਸੰਕੇਤ ਦਿੰਦੇ ਹਨ। ਸਾਡੇ ਮੰਨਣ ਅਨੁਸਾਰ ਇੰਨਾਂ ਔਰਤਾਂ ਨੂੰ ਆਪਣੀ ਮੰਜਿ਼ਲ ਤੈਅ ਕਰਨੀ ਪਵੇਗੀ। ਸਮਾਜ ਦੀਆਂ ਜਿ਼ਆਦਤੀਆਂ ਖਿਲਾਫ਼ ਸੰਘਰਸ਼ ਕਰਨਾ ਪਵੇਗਾ। ਜਿਸ ਦਾ ਜਿ਼ਕਰ ਮੀਰਾ ਵਿਚ ਨਹੀਂ ਹੈ। ਇੰਨਾਂ ਔਰਤਾਂ ਨੂੰ ਘੁੱਟ ਘੁੱਟ ਕੇ ਜੀਵਨ ਜਿਉਂਣ ਦੀ ਬਜਾਇ ਨਿੱਡਰਤਾ ਨਾਲ ਨਵੇਂ ਜੀਵਨ ਦੀ ਸੁਰੂਆਤ ਕਰਨੀ ਚਾਹੀਦੀ ਹੈ। ਸਾਡਾ ਮੰਨਣਾ ਹੈ ਕਿ ਸਮਾਜਿਕ ਬੰਧਨਾਂ, ਕੁਰੀਤੀਆਂ ਅਤੇ ਰੂੜੀਵਾਦੀ ਵਿਚਾਰਾਂ ਦੀ ਇਸ ਦੀਵਾਰ ਨੂੰ ਤੋੜਨ ਲਈ ਸਮਾਂ ਤਾਂ ਲੱਗੇਗਾ ਪਰ ਉਹ ਦਿਨ ਦੂਰ ਨਹੀਂ ਜਦੋਂ ਔਰਤ ਬਰਾਬਰੀ ਦਾ ਦਰਜਾ ਲੈ ਕੇ ਆਪਣੇ ਹੱਕਾਂ ਦੀ ਰਾਖੀ ਕਰੇਗੀ।********
{ਬਲਜਿੰਦਰ ਪਾਲ, ਪਿੰਡ ਤੇ ਡਾਕਖਾਨਾ ਖੀਵਾ ਕਲਾਂ, ਵਾਇਆ ਭੀਖੀ, ਜ਼ਿਲਾ ਮਾਨਸਾ, ਪੰਜਾਬ (ਇੰਡੀਆ)}
e-mail: baljinder_rishi@yahoo.com(17 ਅਪਰੈਲ 2007) ਯੂਨੀਕੋਡ
ਬਲਜਿੰਦਰ ਪਾਲ ਦੇ ਹੋਰ ਲੇਖ ਪੜ੍ਹਨ ਲਈ ਕਲਿੱਕ ਕਰੋ:
ਮਾਤ ਭਾਸ਼ਾ ਦਾ ਮਹੱਤਵ
ਜੁਝਾਰਵਾਦੀ ਕਵਿਤਾ ਦਾ ਪ੍ਰਤੀਬੱਧ ਕਵੀ-ਅਵਤਾਰ ਪਾਸ
ਸਿਰਫ਼ ਬਿਰਹਾ ਦਾ ਹੀ ਕਵੀ ਨਹੀਂ ਸੀ ਸਿ਼ਵ ਕੁਮਾਰ ਬਟਾਲਵੀ
ਦੱਬਿਆਂ ਲਿਤਾੜਿਆਂ ਦਾ ਕਵੀ : ਲਾਲ ਸਿੰਘ ਦਿਲ
ਸੰਤ ਰਾਮ ਉਦਾਸੀ ਦੀ ਕਵਿਤਾ ਦਾ ਪੁਨਰ ਮੁਲਾਂਕਣ
e-mail:
ਲਿਖਾਰੀ
© likhari: Punjabi Likhari Forum-2001-2007