|
|
ਯਥਾਰਥਵਾਦੀ
ਕਹਾਣੀ ਦੇ ਨਵੇਂ ਪਾਸਾਰ :
“ਪਰੀਆਂ
ਦਾ ਦੇਸ”
|
ਡਾ. ਰਜਨੀ ਰਾਣੀ |
ਸਾਹਿਤ ਵਿਚ ਸਮੇਂ ਤੇ ਸਮਾਜ ਦੀ ਪੇਸ਼ਕਾਰੀ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਸੱਚ ਕਦੇ ਅਟੱਲ ਨਹੀਂ ਹੁੰਦਾ ਇਸੇ ਤਰ੍ਹਾਂ ਉਸਦੀ ਪੇਸ਼ਕਾਰੀ ਵੀ ਬਦਲਦੇ ਹਾਲਤਾਂ ਅਨੁਸਾਰ ਬਦਲਦੀ ਰਹਿੰਦੀ ਹੈ। ਸਾਹਿਤ ਸਮਾਜ ਵਿਚ ਕਈ ਰੂਪਾਂ ਰਾਂਹੀਂ ਪੇਸ਼ ਹੁੰਦਾ ਹੈ। ਜਿਵੇਂ ਨਾਵਲ, ਨਾਟਕ, ਕਵਿਤਾ,ਨਿੱਕੀ ਕਹਾਣੀ ਆਦਿ ਰਾਹੀਂ। ਪਰਵਾਸੀ ਸਾਹਿਤ ਨੇ ਵੀ ਇਨ੍ਹਾਂ ਰੂਪਾਂ ਨੂੰ ਅਪਣਾ ਕੇ ਪਰਵਾਸ ਦੀਆਂ ਸਮੱਸਿਆਵਾਂ ਨੂੰ ਜ਼ੁਬਾਨ ਦਿੱਤੀ ਹੈ। ਪਰਵਾਸੀ ਸ਼ਬਦ ਤੋਂ ਭਾਵ ਪਰ+ਵਾਸੀ ਪਰਾਈ ਧਰਤੀ ਤੇ ਜਾ ਕੇ ਵੱਸਣ ਵਾਲੇ। ਪਰਵਾਸ ਇਕ ਅਜਿਹਾ ਸੱਚ ਹੈ ਜਿਸ ਨੂੰ ਪੰਜਾਬੀਆਂ ਨੇ ਆਪਣੇ ਤਨ, ਮਨ ਦੋਹਾਂ ਤੇ ਹੰਢਾਇਆ ਹੈ। ਪਰਵਾਸ ਵਿਚ ਰਹਿੰਦਿਆਂ ਉਨ੍ਹਾਂ ਨੇ ਜੋ ਅਨੁਭਵ ਪ੍ਰਾਪਤ ਕੀਤੇ ਉਸ ਨੂੰ ਉਨ੍ਹਾਂ ਨੇ ਸਾਹਿਤ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ । ਪਰਵਾਸੀ ਸਾਹਿਤਕਾਰਾਂ ਨੇ ਸਭਿਆਚਾਰਕ ਤਨਾਉ ਅਤੇ ਇਸ ਤੋਂ ਉਪਜੇ ਮਾਨਸਿਕ ਤਣਾਉ ਦੀ ਗੱਲ ਆਪਣੀਆਂ ਰਚਨਾਵਾਂ ਵਿਚ ਕੀਤੀ ਹੈ।
ਵਰਤਮਾਨ ਸਮੇਂ ਵਿਚ ਅਨੇਕਾਂ ਪਰਵਾਸੀ ਕਹਾਣੀਕਾਰ ਉੱਭਰ ਕੇ ਸਾਹਮਣੇ ਆ ਰਹੇ ਹਨ । ਉਨ੍ਹਾਂ ਵਿਚੋਂ ਮੇਜਰ ਮਾਂਗਟ ਦਾ ਨਾਂ ਵੀ ਮਹੱਤਵਪੂਰਨ ਹੈ। ਮੇਜਰ ਮਾਂਗਟ ਇਕ ਯਥਾਰਵਾਦੀ ਰਚਨਾਤਮਕ ਦ੍ਰਿਸ਼ਟੀ ਵਾਲਾ ਲੇਖਕ ਹੈ। ਜਿਸ ਦੇ ਪਹਿਲਾਂ ਤਿੰਨ ਕਹਾਣੀ ਸੰਗ੍ਰਹਿ ਪ੍ਰਕਾਸਿ਼ਤ ਹੋ ਚੁੱਕੇ ਹਨ। ਤਲੀਆਂ ਦੇ ਬੋਹਰ (1990),ਕੂੰਜਾਂ ਦੀ ਮੌਤ (1993) ਤੇ ਤ੍ਰਿਸ਼ੰਕੂ (2000)। ਹੁਣੇ ਪ੍ਰਕਾਸਿ਼ਤ ਹੋਇਆ ਕਥਾ ਸੰਗ੍ਰਹਿ ਪਰੀਆਂ ਦਾ ਦੇਸ਼ (2006) ਇਕ ਮਹੱਤਵਪੂਰਨ ਕਹਾਣੀ ਸੰਗ੍ਰਹਿ ਹੈ। ਗੁਲਜਾਰ ਮੁਹੰਮਦ ਗੋਰੀਆ ਅਨੁਸਾਰ, “ਇਸ ਸੰਗ੍ਰਹਿ ਵਿਚ ਸੰਕਲਿਤ ਕਹਾਣੀਆਂ ਪੰਜਾਬ ਵਿਚੋਂ ਕਨੇਡਾ ਪਰਵਾਸ ਕਰਕੇ ਸੈਟਲ ਹੋਏ ਜਾਂ ਹੋ ਰਹੇ ਉਨ੍ਹਾਂ ਪੰਜਾਬੀਆਂ ਦੀ ਆਰਥਿਕ ਮਾਨਸਿਕ ਸਮਾਜਿਕ ਅਤੇ ਸਭਿਆਚਾਰਕ ਵਿਸੰਗਤੀ ਨੂੰ ਬਾਖੂਬੀ ਉਭਾਰਦੀਆਂ ਹਨ-ਜਿਨ੍ਹਾਂ ਜਿ਼ੰਦਗੀ ਪ੍ਰਤੀ ਇਕ ਰੰਗੀਨ ਸੁਪਨਾ ਸੰਜੋ ਕੇ ਇਥੇ ਨੂੰ ਉਡਾਣ ਭਰੀ ਸੀ। ਯਥਾਰਥ ਅਤੇ ਕਾਲਪਨਿਕ ਦੁਨੀਆਂ ਦੇ ਟਕਰਾਅ ‘ਚ ਜਿਸ ਜੀਵਨ ਜਾਂਚ ਦੇ ਇਹ ਵਿਅਕਤੀ ਸਨਮੁਖ ਹਨ-ਉਸ ਦਾ ਬਿਰਤਾਂਤ ਇਹ ਕਹਾਣੀਆਂ ਹਨ।”
ਪ੍ਰਦੇਸ ਵਿਚ ਪੰਜਾਬੀ ਸਭਿਆਚਾਰ ਵੱਖਰੀ ਤਰ੍ਹਾਂ ਪਰਿਵਰਤਿਤ ਹੋ ਰਿਹਾ ਹੈ। ਇਸ ਦਾ ਅਹਿਸਾਸ ਥਾਂ-ਥਾਂ ਤੇ ਪੇਸ਼ ਹੋਣਾ ਇਸ ਸੰਗ੍ਰਹਿ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਵਿਸ਼ਵੀਕਰਨ ਦੇ ਦੌਰ ਵਿਚ ਮਨੁੱਖ ਕਿਵੇਂ ਇਕ ਮਸ਼ੀਨ ਬਣ ਕੇ ਰਹਿ ਗਿਆ ਹੈ ਤੇ ਫਿਰ ਮਸ਼ੀਨੀ ਯੁੱਗ ਵਿਚ ਉਸ ਦੇ ਪਰਵਾਸੀ ਮਨ ਉੱਤੇ ਕਿਹੋ ਜਿਹਾ ਪ੍ਰਭਾਵ ਪਿਆ ਹੈ? ਇਹ ਕਹਾਣੀਆਂ ਇਨ੍ਹਾਂ ਪ੍ਰਸ਼ਨਾਂ ਨਾਲ਼ ਜੂਝਦੀਆਂ ਹਨ।
‘ਚਾਂਦੀ ਦੀ ਗੜਵੀ’ ਕਹਾਣੀ ਵਿਚ ਦਰਸ਼ਨ ਸਿੰਘ ਦੇ ਲਈ ਪਰਵਾਸੀ ਹੋਣਾ ਇਕ ਸ਼ਰਾਪ ਬਣ ਜਾਂਦਾ ਹੈ। ਉਸ ਨੂੰ ਆਪਣੇ ਵਤਨ ਨਾਲ ਮੋਹ ਆਉਂਦਾ ਹੈ ਤੇ ਅਜਿਹੀ ਵਿਯੋਗੀ ਸਥਿਤੀ ਵਿਚ ਹੀ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਉਸ ਦੀ ਮੌਤ ਉਸ ਦੇ ਪੁੱਤਰਾਂ ਤੇ ਨੂੰਹਾਂ ਲਈ ਕੋਈ ਅਰਥ ਨਹੀਂ ਰੱਖਦੀ। ਦਰਸ਼ਨ ਸਿੰਘ ਦੇ ਭਾਰਤੀ ਪਿਉਂ ਦੁਆਰਾ ਵੇਚੀ ਗਈ ਚਾਂਦੀ ਦੀ ਗੜਵੀ ਨਾਲ ਦਰਸ਼ਨ ਸਿੰਘ ਦੀ ਮਾਂ ਦਾ ਮੋਹ ਸੀ ਕਿਉਂਕਿ ਉਹ ਉਸ ਨੂੰ ਪੇਕਿਆ ਤੋਂ ਮਿਲੀ ਸੀ। ਵਿਦੇਸ਼ ਆਕੇ ਵੀ ਉਹ ਉਸ ਗੜਵੀ ਨੂੰ ਨਹੀਂ ਭੁੱਲਦਾ ਤੇ ਆਪਣੇ ਦੋਸਤ ਸਰੂਪ ਸਿੰਘ ਨੂੰ ਆਖਦਾ ਹੈ, “ਯਾਰ ਸਰੂਪ ਸਿੰਘ ਹੁਣ ਆਪਣੇ ਪਿੰਡ ਦੇ ਲੋਕ ਆਪਣੇ ਖੇਤਾਂ ਬੰਨੇ ਵੀ ਭੁੱਲਣ ਲੱਗ ਪਏ ਹਨ । ਮੈਂ ਸੋਚਦਾ ਸੀ ਕਿ ਕਮਾਈ ਕਰਕੇ ਪਿੰਡ ਮੁੜ ਜਾਮਾਂਗਾ, ਉਥੇ ਜਾ ਕੇ ਜ਼ਮੀਨ ਖਰੀਦਾਂਗਾ, ਕੋਠੀ ਪਾਵਾਗਾਂ ਜਿਸ ਵਿਚ ਸਾਰੇ ਭਾਂਡੇ ਚਾਂਦੀ ਦੇ ਹੋਣਗੇ। ਬੇਬੇ ਤਾਂ ਗੜਵੀ ਦੀ ਗੱਲ ਕਰਦੀ ਸੀ------। ਪਰ ਯਾਰ ਕਨੇਡਾ ਦਾ ਕੰਬਲ ਆਪਣੀ ਬੁੱਕਲ ਵਿਚੋਂ ਨਿਕਲਣ ਦੇਵੇ ਤਾਂ ਹੀ ਹੈ ਨਾ।” ਫਿਰ ਆਖਦਾ; “ਹੁਣ ਤਾਂ ਲੱਗਦਾ ਹੈ ਆਪ ਹੀ ਗੜਵੀ ਵਿਚ ਪੈ ਕੇ ਜਾਵਾਂਗੇ। ਅਸਥੀਆਂ ਹੀ ਜਾਣਗੀਆਂ।”
ਦਰਸ਼ਨ ਸਿੰਘ ਦੇ ਮਰਨ ਤੋਂ ਉਪਰੰਤ ਸਰੂਪ ਸਿੰਘ ਨੂੰ ਲੱਗਦਾ ਹੈ ਕਿ ਸੱਚ ਮਨੁੱਖ ਇਸ ਧਰਤੀ ਤੇ ਕਮਾਉਣ ਆਉ਼ਦਾ ਹੈ ਤੇ ਸੋਚਦਾ ਹੈ ਕਿ ਇਕ ਦਿਨ ਬੜਾ ਕੁਝ ਲੈ ਕੇ ਦੇਸ਼ ਨੂੰ ਮੁੜ ਜਾਵੇਗਾ ਪਰ ਉਹ ਜੋ ਦੇਸ਼ੋਂ ਲਿਆਂਦਾ ਸੀ ਉਸ ਨੂੰ ਵੀ ਛੱਡ ਕੇ ਚਲਾ ਜਾਂਦਾ ਹੈ, ਹੋਰ ਤਾਂ ਹੋਰ ਆਪਣਾ ਸਰੀਰ ਵੀ ਇਥੇ ਹੀ ਤਿਆਗ ਦਿੰਦਾ ਹੈ। ਪਰ ਪੁੱਤਰਾਂ ਦੇ ਲਈ ਦਰਸ਼ਨ ਸਿੰਘ ਦੀ ਮੌਤ ਦਾ ਕੋਈ ਦੁੱਖ ਨਹੀਂ। ਉਹ ਤਾਂ ਉਸ ਦੇ ਫੁੱਲਾਂ ਨੂੰ ਭਾਰਤ ਵਿਚ ਲੈ ਜਾ ਕੇ ਤੇ ਉਸ ਦੇ ਨਾਲ-ਨਾਲ ਹੋਰ ਕਈ ਕੰਮ ਨਿਬੇੜਣ ਦੀਆਂ ਸਕੀਮਾਂ ਘੜਦੇ ਹਨ। ਇਸ ਤਰ੍ਹਾਂ ਲੇ਼ਖਕ ਨੇ ਪਰਵਾਸੀ ਪਰਿਵਾਰਾਂ ਵਿਚ ਪੈਦਾ ਹੋ ਰਹੇ ਅਮਾਨਵੀ ਵਿਹਾਰ ਨੂੰ ਇਸ ਕਹਾਣੀ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ
‘ਸਿਰਜਣਾ’ ਕਹਾਣੀ ਇਸ ਸੰਗ੍ਰਹਿ ਦੀ ਮਹੱਤਵਪੂਰਨ ਕਹਾਣੀ ਹੈ। ਲੇਖਕ ਕਨੇਡਾ ਵਿਚ ਪੱਛਮੀ ਪੰਜਾਬੀ ਸਾਹਿਤਕ ਤੇ ਸਭਿਆਚਾਰਕ ਮਾਹੌਲ ਸਿਰਜਣ ਵਿਚ ਯਤਨਸ਼ੀਲ ਦਿਖਾਈ ਦਿੰਦਾ ਹੈ। ਪਾਠਕ ਵਰਗ ਤੇ ਲੇਖਕ ਵਰਗ ਨੂੰ ਇਸ ਪਾਸੇ ਵੱਲ ਉਤਸ਼ਾਹਸ਼ੀਲ ਹੋਣ ਲਈ ਪ੍ਰੇਰਨਾ ਵੀ ਦਿੰਦਾ ਹੈ। ਇਸ ਕਹਾਣੀ ਦੇ ਪਾਤਰ ਭਾਵੇਂ ਪੰਜਾਬੀ ਪਰਿਵਾਰਾਂ ਨਾਲ ਸੰਬੰਧ ਨਹੀਂ ਰੱਖਦੇ ਪਰ ਉਹ ਜੀਵਨ ਨੂੰ ਇਕ ਯੁੱਧ ਮੰਨਦੇ ਹਨ ਤੇ ਵਿਰੋਧਾਂ ਦੇ ਖਿਲਾਫ਼ ਡੱਟ ਕੇ ਲੜਦੇ ਹਨ ਤੇ ਆਖਿਰ ਜਿੱਤ ਪ੍ਰਾਪਤ ਕਰਦੇ ਹਨ। ਜਿਵੇਂ ਰੁਬੀਨਾ ਨੇ ਆਪਣੇ ਪਤੀ ਲੰਬਾਰਡੋ ਤੋਂ ਬਿਨਾਂ ਆਪਣੇ ਪੁੱਤਰ ਨੂੰ ਪਾਲਿਆ ਤੇ ਉਸ ਨੂੰ ਆਈਸ-ਹਾਕੀ ਦਾ ਅੰਤਰ-ਰਾਸ਼ਟਰੀ ਖਿਡਾਰੀ ਬਣਾਇਆ ਤੇ ਫਿਰ ਮੀਡੀਆਂ ਦੇ ਪੁੱਛਣ ਤੇ ਉਸ ਦੇ ਪੁੱਤਰ ਨੇ ਕਾਮਯਾਬੀ ਦਾ ਸਿਹਰਾ ਆਪਣੀ ਮਾਂ ਦੇ ਸਿਰ ਬੰਨ੍ਹਿਆਂ । ਇਸ ਤਰ੍ਹਾਂ ਇਹ ਕਹਾਣੀ ਇਸ ਤੱਥ ਨੂੰ ਉਜਾਗਰ ਕਰਦੀ ਹੈ ਵਿਦੇਸ਼ੀ ਔਰਤਾਂ ਦਾ ਇਤਿਹਾਸ ਵੀ ਸਾਡੀ ਪਰਵਾਸੀ ਔਰਤਾਂ ਦੇ ਨਾਲ ਮਿਲਦਾ ਜੁਲਦਾ ਹੀ ਹੈ। ਉਹ ਵੀ ਆਪਣੀ ਔਲਾਦ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਂਨ, ਉਹ ਹਰ ਲੜਾਈ ਹੱਸ ਕੇ ਲੜਦੀਆਂ ਹਨ ਉਨਾਂ ਨੂੰ ਮਰਦਾਂ ਵੱਲੋਂ ਕਿਸੇ ਵੀ ਸਾਥ ਦੀ ਜ਼ਰੂਰਤ ਨਹੀਂ।
‘ਕਠਪੁਤਲੀਆਂ’ ਕਹਾਣੀ ਸਰਪੰਚ ਨਿਰੰਜਣ ਸਿੰਘ ਤੇ ਉਸ ਦੀ ਪਤਨੀ ਹਰਨਾਮੀ ਦੀ ਕਹਾਣੀ ਹੈ ਜੋ ਵਿਦੇਸ਼ ਵਿਚ ਆਪਣਿਆਂ ਬੱਚਿਆਂ ਕੋਲ ਰਹਿੰਦੇ ਹਨ ਤੇ ਉਨ੍ਹਾਂ ਦੇ ਨੌਕਰੀ ਤੇ ਚਲੇ ਜਾਣ ਤੋਂ ਬਾਦ ਉਨਾਂ ਦੇ ਬੱਚੇ ਸੰਭਾਲਦੇ ਹਨ। ਹਰਨਾਮ ਕੌਰ ਨੂੰ ਜਾਪਦਾ ਹੈ ਕਿ ਕਿੱਥੇ ਨਿਰੰਜਣ ਸਿੰਘ ਪਿੰਡ ਦਾ ਸਰਪੰਚ ਤੇ ਕਿੱਥੇ ਅੱਜ ਵਿਦੇਸ਼ ਵਿਚ ਬੱਚਿਆਂ ਨੂੰ ਖਿਡਾ ਰਿਹਾ ਹੈ। ਵਿਦੇਸ਼ੀ ਜੂਨ ਬਹੁਤ ਬੁਰੀ ਹੈ। ਪਰ ਦੂਜੇ ਪਾਸੇ ਨਿਰੰਜਣ ਸਿੰਘ ਨੂੰ ਲੱਗਦਾ ਹੈ ਕਿ ਪੰਜਾਬ ਵਿਚ ਲੋਕ ਜੱਟ ਦੀ ਜੂਨ ਨੂੰ ਬੁਰੀ ਸਮਝਦੇ ਸਨ ਪਰ ਇਥੇ ਤਾਂ ਟਰੱਕਾਂ ਵਾਲਿਆਂ ਦੀ ਜੂਨ ਸਭ ਤੋਂ ਭੈੜੀ ਹੈ। ਇਹ ਵਿਚਾਰੇ ਤਾਂ ਪੰਦਰਾਂ-ਪੰਦਰਾਂ ਦਿਨ ਦੀਆਂ ਰੋਟੀਆਂ ਇੱਕਠੀਆਂ ਲੈ ਕੇ ਜਾਂਦੇ ਹਨ ਤੇ ਨਾਲ ਇੰਨੇ-ਇੰਨੇ ਦਿਨ ਆਪਣੇ ਬੱਚਿਆਂ ਦਾ ਮੂੰਹ ਨਹੀਂ ਦੇਖਦੇ। ਬੱਚਿਆਂ ਨੂੰ ਖਿਡਾਉਂਦਾ ਨਿਰੰਜਣ ਹਰਨਾਮੀ ਨੂੰ ਕਠਪੁਤਲੀ ਜਿਹਾ ਜਾਪਦਾ ਜਿਸ ਦਾ ਤਮਾਸ਼ਾ ਉਹ ਬਚਪਨ ਵਿਚ ਦੇਖਿਆ ਕਰਦੀ ਸੀ। ਕਹਾਣੀਕਾਰ ਨੇ ਇਸ ਕਹਾਣੀ ਵਿਚ ਨਿਰੰਜਣ ਸਿੰਘ ਦੇ ਪਰਵਾਸ ਧਾਰਨ ਕਰਨ ਦਾ ਕਾਰਨ ਵੀ ਪੇਸ਼ ਕੀਤਾ ਹੈ। ਔਲਾਦ ਨੂੰ ਬਚਾਉਣ ਦੀ ਖਾਤਰ ਉਹ ਇਧਰ ਆਏ। ਇਹੋ ਮੋਹ ਦੀ ਤੰਦ ਹੈ ਜਿਸ ਵਿਚ ਫਸਿਆਂ ਉਹ ਹਰ ਕੰਮ ਕਰਨ ਲਈ ਤਿਆਰ ਹੋਏ। ਇਸ ਤਰ੍ਹਾਂ ਇਹ ਪਿਆਰ ਨੂੰ ਪ੍ਰਗਟਾਉਂਦੀ ਮਹੱਤਵਪੂਰਨ ਕਹਾਣੀ ਹੈ।
‘ਮੌਤ ਮਖੌਟੇ ਤੇ ਮਨੁੱਖ’ ਕਹਾਣੀ ਜਿਸ ਦਾ ਪਾਤਰ ਜੌਰਜ ਹੈ ਉਸ ਨੂੰ ਡਾਕਟਰਾਂ ਨੇ ਦੱਸਿਆ ਹੈ ਕਿ ਉਸ ਦੇ ਦਿਲ ਦੀ ਬਾਈਪਾਸ ਸਰਜਰੀ ਜ਼ਰੂਰੀ ਹੈ। ਨਾ ਹੋਣ ਦੀ ਸੂਰਤ ਵਿਚ ਉਸਦੀ ਮੌਤ ਯਕੀਨੀ ਹੈ। ਇਹ ਖ਼ਬਰ ਸਾਰੀ ਫੈਕਟਰੀ ਦੇ ਕਾਮਿਆਂ ਲਈ ਦੁੱਖ ਦਾ ਕਾਰਨ ਬਣ ਜਾਂਦੀ ਹੈ ਪਰ ਮੈਨੇਜਰ ਦੇ ਲਈ ਜੈਕਪੋਟ ਲੱਗ ਜਾਂਦਾ ਹੈ। ਕਈ ਵਾਰੀ ਮਨੁੱਖ ਭੁੱਲ ਜਾਂਦਾ ਹੈ ਕਿ ਉਸ ਨੇ ਵੀ ਮਰਨਾਂ ਹੀ ਹੈ। ਕਿੰਨਾ ਸੁਆਰਥੀ ਹੋ ਜਾਂਦਾ ਹੈ ਮਨੁੱਖ ਆਪਣੀਆਂ ਨਿੱਕੀਆਂ-ਨਿੱਕੀਆਂ ਖੁਸ਼ੀਆਂ ਪਿੱਛੇ। ਪ੍ਰੰਤੂ ਉਸ ਦੇ ਅਪਰੇਸ਼ਨ ਹੋਣ ਤੋਂ ਬਾਦ ਮੁੜ ਕੰਮ ਤੇ ਆਉਣ ਦੀ ਖ਼ਬਰ ਇਜਾਜ਼ ਨੂੰ ਪਰੇਸ਼ਾਨ ਕਰਦੀ ਹੈ ਤੇ ਉਹ ਉਸ ਨੂੰ ਪੁੱਛਦਾ ਹੇੈ ਕਿ ਮੌਤ ਦੇ ਸਾਏ ਹੇਠ ਜਾ ਕੇ ਉਸ ਨੂੰ ਕਿਵੇਂ ਲੱਗਾ ਤਾਂ ਜੌਰਜ ਆਖਦਾ ਹੈ:-
“ਤਿੰਨ ਚੀਜ਼ਾਂ ਉਸ ਨੇ ਬਹੁਤ ਨੇੜਿਉ ਦੇਖੀਆਂ ਮੌਤ, ਮੌਖਟ 'ਤੇ ਮਨੁੱਖ”
ਉਸ ਦਾ ਇਹ ਜਵਾਬ ਅਜਿਹੇ ਮਨੁੱਖਾਂ ਉੱਪਰ ਇਕ ਵਿਅੰਗ ਹੈ ਜੋ ਦੂਸਰੇ ਦੇ ਦੁੱਖ ਤੋਂ ਵੀ ਆਪਣੀਆਂ ਖੁਸ਼ੀਆਂ ਦੀ ਭਾਲ ਕਰਦੇ ਹਨ। ਪਰ ਅਜਿਹੇ ਲੋਕ ਕੇਵਲ ਵਿਦੇਸ਼ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਸਹਿਜੇ ਹੀ ਮਿਲ ਜਾਂਦੇ ਹਨ ।
‘ਬਾਰ ਪਰਾਏ’ ਅਜਿਹੇ ਪੰਜਾਬੀਆਂ ਦੀ ਕਹਾਣੀ ਹੈ ਜਿਸ ਵਿਚ ਮਾਂ ਪਿਉ ਆਪਣੇ ਸਾਰੇ ਟੱਬਰ ਦੇ ਭਲੇ ਹਿੱਤ ਜਦੋਂ ਕਨੇਡਾ ਵਿਚ ਆਪਣੀ ਧੀ ਪੁੱਤ ਵਿਆਹੁਣ ਨੂੰ ਇਕ ਸਕੀਮ ਵਜੋਂ ਵਰਤਣ ਲੱਗਦੇ ਹਨ ਤਾਂ ਉਹ ਸਿਵਾਏ ਆਪਣੇ ਮਿੱਥੇ ਹੋਏ ਨਿਸ਼ਾਨੇ ਤੋਂ, ਬਾਕੀ ਦੀਆਂ ਸਮੱਸਿਆਵਾਂ ਤੇ ਤੱਥਾਂ ਨੂੰ ਅੱਖੋਂ ਉਹਲੇ ਕਰ ਦਿੰਦੇ ਹਨ ਜਿਸ ਦਾ ਅੰਤਿਮ ਸਿੱਟਾ ਬਹੁਤੀ ਵਾਰ ਤ੍ਰਾਸਦੀ ਵਿਚ ਨਿਕਲਦਾ ਹੈ ਜਾਂ ਫਿਰ ਰਿਸ਼ਤੇਦਾਰੀ ਵਿਚ ਦੁਸ਼ਮਣੀ ਵਾਲਾ ਮਾਹੌਲ ਬਣ ਕੇ ਰਹਿ ਜਾਂਦਾ ਹੈ। ਧੋਖਾ, ਠੱਗੀ ਤੇ ਲੋਭ ਲਾਲਚ ਅਜਿਹੇ ਰਿਸਿ਼ਤਆਂ ਵਿਚ ਆਮ ਵੇਖਣ ਨੂੰ ਮਿਲਦੇ ਹਨ ਪ੍ਰੰਤੂ ਇਹ ਕਹਾਣੀ ਅਜਿਹੇ ਹਾਲਾਤ ਆਉਣ ਨਹੀਂ ਦਿੰਦੀ। ਕਹਾਣੀ ਦਾ ਨਾਇਕ ਹਰਮਿੰਦਰ ਤੇ ਉਸ ਦੀ ਪਤਨੀ ਸਤਬੀਰ ਆਪਣੇ ਧੀ ਦੇ ਘਰ ਵਿਦੇਸ਼ ਵਿਚ ਰਹਿੰਦੇ ਹਨ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਕੈਦ ਵਿਚ ਰੱਖਿਆ ਗਿਆ ਹੋਵੇ। ਸਤਬੀਰ ਨੂੰ ਇਵੇਂ ਮਹਿਸੂਸ ਹੁੰਦਾ ਹੈ ਜੇ ਇਹ ਘਰ ਪੁੱਤਰ ਦਾ ਹੁੰਦਾ ਫਿਰ ਉਨ੍ਹਾਂ ਦਾ ਇਹ ਹਾਲ ਨਾ ਹੁੰਦਾ । ਇਸ ਤਰ੍ਹਾਂ ਉਹ ਧੀ ਤੇ ਪੁੱਤਰ ਵਿਚ ਫ਼ਰਕ ਕਰਦੀ ਹੈ ਉਸ ਦਾ ਮੰਨਣਾ ਹੈ ਕਿ ਧੀਆਂ ਆਪਣੇ ਮਾਪਿਆਂ ਨੂੰ ਉਸ ਰੋਹਬ ਨਾਲ ਘਰ ਨਹੀਂ ਰੱਖ ਸਕਦੀਆਂ ਜਿਸ ਰੋਹਬ ਨਾਲ ਮਾਪੇ ਪੁੱਤ ਦੇ ਘਰ ਰਹਿ ਸਕਦੇ ਹਨ ਪ੍ਰੰਤੂ ਹਰਮਿੰਦਰ ਦਾ ਕਹਿਣਾ ਹੈ ਕਿ ਵਿਦੇਸ਼ ਦੀ ਧਰਤੀ ਤੇ ਧੀਆਂ ਪੁੱਤਰਾਂ ਦੀ ਕੋਈ ਗਰੰਟੀ ਨਹੀੰਂ । ਪੁੱਤਾਂ ਵਾਲਿਆਂ ਦੇ ਘਰ ਨੂੰਹਾਂ ਦਾ ਰਾਜ ਹ ਤੇ ਹਾਲ ਉਨ੍ਹਾਂ ਦਾ ਵੀ ਇਨ੍ਹਾਂ ਵਰਗਾ ਹੀ ਹੈ । ਪਰ ਸ਼ਾਇਦ ਮਸਲਾ ਆਰਥਿਕ ਪੱਖੋਂ ਖੁਸ਼ਹਾਲੀ ਅਤੇ ਆਪਣੇ ਦਮ ਤੇ ਘਰ ਚਲਾਉਣਾ ਹੀ ਇਸ ਸਮੱਸਿਆ ਦਾ ਹੱਲ ਹੈ । ਦੂਜਿਆਂ ਦੇ ਦਰ ਤੇ ਬੈਠੇ ਰਹਿਣ ਨਾਲ ਜਲੀਲ ਹੋਣਾ ਪੈਂਦਾ ਹੈ। ਹਰ ਗੱਲ ਉਸ ਘਰ ਦੇ ਮਾਲਕ ਅਨੁਸਾਰ ਹੀ ਕਰਨੀ ਪੈਂਦੀ ਹੈ। ਇਹ ਗੱਲ ਕੇਵਲ ਇਸ ਵਿਦੇਸ਼ ਦੀ ਧਰਤੀ ਤੇ ਹੀ ਲਾਗੂ ਨਹੀਂ ਹੁੰਦੀ ਦੁਨੀਆਂ ਦੇ ਹਰ ਦੇਸ਼ ਵਿਚ ਦੂਜਿਆ ਦੇ ਸਹਾਰੇ ਤੇ ਜਿਉਣ ਵਾਲਿਆਂ ਦਾ ਇਹੀ ਹਾਲ ਦੇਖਿਆਂ ਗਿਆ ਹੈ। ਤਦ ਹੀ ਫਰੀਦ ਦਾ ਇਹ ਸਲੋਕ ਹਮੇਸ਼ਾ ਇਹੋ ਯਾਦ ਕਰਵਾਉਂਦ ਹੈ ਕਿ ‘ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇਹਿ, ਜੇ ਤੂੰ ਏਵੇਂ ਰੱਖਸੀ ਜੀਉ ਸਰੀਰਹੁ ਲੇਹਿ’ ਇਸ ਤਰ੍ਹਾਂ ਇਹ ਕਹਾਣੀ ਇਹ ਦਰਸਾਉਦੀ ਹੈ ਕਿ ਪਰਾਇਆ ਦੇਸ਼ ਤਾਂ ਬਹੁਤ ਦੂਰ ਦੀ ਗੱਲ ਹੈ, ਪਰਾਇਆ ਘਰ ਵੀ ਮਨੁੱਖ ਨੂੰ ਬੰਦੀ ਦੇ ਸਮਾਨ ਲੱਗਦਾ ਹੈ, ਆਪਣਾ ਘਰ ਆਪਣਾ ਹੁੰਦਾ ਹੈ।
ਵਿਦੇਸ਼ ਆਇਆ ਵਿਅਕਤੀ ਜਿਨ੍ਹਾਂ ਸੰਕਟਾਂ ਤੇ ਦੁਸ਼ਵਾਰੀਆਂ ਦੇ ਰੂ-ਬ-ਰੂ ਹੁੰਦਾ ਹੈ ਉਸ ਦਾ ਅਹਿਸਾਸ ਪਿਛਲੇ ਪਰਿਵਾਰ ਨੂੰ ਬਹੁਤ ਘੱਟ ਹੁੰਦਾ ਹੈ। ਬਲਕਿ ਕਈ ਤਾਂ ਇਸ ਦੇ ਉਲਟ ਹੀ ਸੋਚਦੇ ਹਨ। ਜਾਨ ਹੂਲਕੇ ਕਮਾਏ ਧੰਨ ਨੂੰ ਵਿਅਕਤੀਗਤ ਰੂਪ ‘ਚ ਸਾਰੇ ਪਰਿਵਾਰ ਲਈ ਸਾਂਝਾ ਕਰਨਾ, ਇਕ ਮਾਨਸਿਕ ਸੰਕਟ ਖੜ੍ਹਾ ਕਰਨਾ ਹੈ। ਭਵਿੱਖ ਵਲ ਵੇਖ ਕੇ ਕਈ ਤਰ੍ਹਾਂ ਦੇ ਸ਼ੱਕ ਡਰ ਤੇ ਭੈਅ ਵੀ ਖੜੇ ਹੁੰਦੇ ਹਨ। ਪਰ ਪਿਛਲਾ ਪਰਿਵਾਰ ਕਈ ਵਾਰ ਵਿਦੇਸ਼ ਆਏ ਵਿਅਕਤੀ ਨੂੰ ਨਿਰੋਲ ਨੌਕਰ ਬਣਾ ਕੇ ਰੱਖਣਾ ਚਾਹੁੰਦਾ ਹੈ ।ਅਣਵਿਆਹਿਆ ਹੋਵੇ ਤਾਂ ਸਥਿਤੀ ਨਿਅੰਤਰਣ ਵਿਚ ਆਉਣ ਦੀ ਸੰਭਾਵਨਾਂ ਬਣੀ ਰਹਿੰਦੀ ਹੈ ਪਰ ਜੇ ਵਿਅਕਤੀ ਵਿਆਹਿਆਂ ਜਾ ਚੁੱਕਾ ਹੋਵੇ ਤਾਂ ਇਹ ਪਰਿਵਾਰਕ ਸੰਕਟ ਬੜਾ ਸੰਜੀਦਾ, ਡੂੰਘਾ ਤੇ ਅਨਿਵਾਰੀ ਹੋ ਜਾਂਦਾ ਹੈ, ਕਿਉਂਕਿ ਵਿਆਹ ਤੋਂ ਬਾਦ ਨੌਜਵਾਨ ਦੂਹਰਾ ਪਰਵਾਸੀ ਬਣ ਜਾਂਦਾ ਹੈ। ਵਹੁਟੀ ਲਈ ਸਭ ਤੋਂ ਪਹਿਲਾਂ ਪਹਿਲ ਆਪਣੇ ਮਾਪਿਆਂ ਲਈ ਹੁੰਦੀ ਹੈ ਤੇ ਦੂਜੀ ਆਪਣੇ ਘਰ ਪ੍ਰਤਿ । ਮੁੰਡੇ ਦੇ ਮਾਪੇ ਉਸ ਲਈ ਬਹੁਤੀ ਮਹੱਤਤਾ ਨਹੀੰ ਰੱਖਦੇ । ਅਜਿਹੀ ਸਥਿਤੀ ਵਿਚ ਜਦੋਂ ਕੋਈ ਵੀ ਧਿਰ ਕਿਸੇ ਪਾਸੇ ਉਲਾਰ ਹੋਵੇ ਤਾਂ ਸੰਕਟ ਖੜਾ ਹੋ ਜਾਂਦਾ ਹੈ। ਜਿਵੇਂ ਕਹਾਣੀ ‘ਪਰੀਆਂ ਦੇ ਦੇਸ਼’ ਵਿਚ ਹੁੰਦਾ ਹੈ। ਇਸ ਦਾ ਵਿਸ਼ਾ ਵੀ ਲਗਭਗ ‘ਬਾਰ ਪਰਾਏ’ ਦੇ ਨਾਲ ਮਿਲਦਾ ਜੁਲਦਾ ਹੈ। ਭਿੰਦੀ ਦਾ ਪਿਉ ਸਰਦੂਲ ਸਿੰਘ ਆਪਣੇ ਕੁੜਮ ਕਮਲ ਦੇ ਬਾਪ ਦਿਲਬਾਗ ਸਿੰਘ ਨੂੰ ਹਮੇਸ਼ਾਂ ਮੱਤਾਂ ਦਿੰਦਾ ਰਹਿੰਦਾ ਹੈ ਜਿਵੇਂ ਉਹ ਕੋਈ ਜੰਗਲੀ ਮਨੁੱ਼ਖ ਹੋਵੇ, ਜਿਸ ਨੂੰ ਸਭਿਅਤਾ ਦਾ ਊੜਾ ਐੜਾ ਵੀ ਨਾ ਆਉਂਦਾ ਹੋਵੇ। ਭਿੰਦੀ ਦੀ ਮਾਂ ਜਸਮੇਲ ਉਸ ਦੀ ਮਾਂ ਈਸ਼ਵਰ ਕੌਰ ਨੂੰ ਵੀ ਇਵੇਂ ਹੀ ਮਿਹਣੇ ਮਾਰਦੀ ਹੈ ਪਰ ਅੰਤ ਵਿਚ ਕਮਲ ਦਾ ਕਲੇਸ਼ ਕਾਰਨ ਮਾਨਸਿਕ ਸਤੁੰਲਨ ਬਿਗੜ ਜਾਂਦਾ ਹੈ। ਉਸ ਨੂੰ ਆਪਣੀ ਪਤਨੀ ਪਰੀ ਨਹੀਂ ਸਗੋਂ ਉਹ ਚੁੜੇਲ ਲੱਗਦੀ ਹੈ ਜਿਸ ਬਾਰੇ ਉਹ ਬਚਪਨ ਵਿਚ ਆਪਣੀ ਮਾਂ ਤੋਂ ਕਹਾਣੀਆਂ ਸੁਣਦਾ ਸੀ ਉਹ ਆਖਦਾ ਹੈ:-
"ਮਾਂ ਮੈਨੂੰ ਬਚਾ ਲੈ ਬਹੁਤ ਡਰ ਲੱਗਦਾ ਏ, ਮਾਰ ਦੇਵੇਗੀ ਮੈਨੂੰ ------ਔਹ ਵੇਖ ਪੁੱਠੇ ਪੈਰ।” ਪਰ ਸਰਦਾਰਾ ਸਿੰਘ ਆਖਦਾ ਹੈ ਕਿ, “ਪੁੱਤਰਾਂ ਮੈਂ ਤਾਂ ਤੈਨੂੰ ਪੜ੍ਹਾ ਲਿਖਾ ਕੇ ਪਰੀਆਂ ਦੇ ਦੇਸ਼ ਭੇਜਿਆ ਸੀ ਮੈਨੂੰ ਕੀ ਪਤਾ ਸੀ ਕਿ ਉਥੇ ਚੁੜੇਲਾਂ ਵੀ ਹੋਣਗੀਆਂ।”
ਪਰਵਾਸੀਆਂ ਦੀ ਧੀ ਹੋਵੇ ਜਾਂ ਪੁੱਤ, ਉਨ੍ਹਾਂ ਦੇ ਵਿਆਹ ਵੇਲੇ ਰੱਜਵਾਂ ਮੁੱਲ ਪਾਇਆ ਜਾਂਦਾ ਹੈ। ਦੂਜੇ ਪਾਸੇ ਭਾਰਤ ਵਿਚ ਬਾਹਰੋਂ ਆਏ ਮੁੰਡੇ ਜਾਂ ਕੁੜੀ ਨੂੰ ਜੀਵਨ ਦੀ ਹਰ ਕੁਰਬਾਨੀ ਦੇ ਕੇ ਖਰੀਦਣ ਦਾ ਯਤਨ ਕੀਤਾ ਜਾਂਦਾ ਹੈ । ਵਿਦੇਸ਼ੀ ਧਿਰ ਆਪਣੀ ਔਲਾਦ ਨੂੰ ਭਾਰਤੀ ਮੰਡੀ ਵਿਚ ਲੈ ਆਉਂਦੀ ਹੈ ਤੇ ਫਿਰ ਮੂੰਹ ਮੰਗੀ ਕੀਮਤ ਤੇ ਖਰੀਦਣ ਲਈ ਤਿਆਰ ਰਹਿੰਦੀ ਹੈ ਕਿਉਂਕਿ ਇਸ ਕੀਮਤ ਨਾਲ ਉਹ ਆਪਣੀ ਤੇ ਆਪਣੇ ਕਈ ਰਿਸ਼ਤੇਦਾਰਾਂ ਦਾ ਉਧਾਰ ਤਾਰਨ ਦੀਆਂ ਸਕੀਮਾਂ ਘੜੀ ਬੈਠੀ ਹੁੰਦਾ ਹੈ। ਇਸ ਤਰ੍ਹਾਂ ਇਹ ਵਿਆਹ ਨਾ ਹੋਕੇ ਨਿਰੀ ਸੌਦੇਬਾਜ਼ੀ ਬਣ ਜਾਂਦੀ ਹੈ। ਇਸ ਸੌਦੇਬਾਜ਼ੀ ਵਿਚ ਹਰ ਚੀਜ਼ ਚਲਦੀ ਹੈ । ਕਹਾਣੀ ‘ਲੱਕੜ ਦੀ ਲੱਤ’ ਇਕ ਅਜਿਹੀ ਹੀ ਕਹਾਣੀ ਹੈ ਜਿਸ ਦੀ ਨਾਇਕਾ ਜੀਤੀ ਹਸਪਤਾਲ ਵਿਚ ਮੌਤ ਨਾਲ ਲੜ ਰਹੀ ਹੈ। ਕਾਰਨ ਇਹ ਹੈ ਕਿ ਉਹ ਪੰਜਾਬ ਵਿਚ ਰਹਿਣ ਵਾਲੇ ਇਕ ਗਰੀਬ ਲੜਕੇ ਨਾਲ ਵਿਆਹ ਕਰਦੀ ਹੈ ਤੇ ਉਸ ਨੂੰ ਕਨੇਡਾ ਬੁਲਾ ਲੈਂਦੀ ਹੈ ਪਰ ਇਹ ਵਿਆਹ ਵੀ ਇਕ ਸੌਦਾ ਹੀ ਬਣ ਕੇ ਰਹਿ ਜਾਂਦਾ ਹੈ । ਜੀਤੀ ਜਤਿੰਦਰ ਨੂੰ ਪੜ੍ਹਾਉਂਦੀ- ਲਿਖਾਉਦੀ ਹੈ ਪਰ ਜਦੋਂ ਉਸ ਦਾ ਪਰਵਾਸੀ ਪਤੀ ਜਤਿੰਦਰ ਕਿਸੇ ਉੱਚ ਅਹੁਦੇ ਤੇ ਪਹੁੰਚ ਜਾਂਦਾ ਹੈ ਤਾਂ ਉਹ ਆਪਣੇ ਬੌਸ ਦੀ ਧੀ ਨਾਲ ਵਿਆਹ ਕਰਵਾ ਲੈਂਦਾ ਹੈ ਤੇ ਆਪਣੇ ਮਾਂ-ਪਿਉਂ ਦੇ ਪੁੱਛਣ ਤੇ ਆਖਦਾ ਹੈ;-
“ਮੈਨੂੰ ਨਹੀਂ ਪਸੰਦ ਇਹ।” ਮੈਂ ਕੰਪਿਊਟਰ ਇੰਜਨੀਅਰ ਤੇ ਪਲੱਸ ਟੂ। ਤੁਸੀਂ ਮੈਨੂੰ ਇਸ ਨਾਲ ਫਸਾ ਦਿੱਤਾ । ਇਹ ਪੁਰਾਣੇ ਖਿਆਲਾਂ ਦੀ ਹੈ। ਮੇਰੇ ਦੋਸਤਾਂ ਮਿੱਤਰਾਂ ਦੀ ਰਸਪੈਕਟ ਨਹੀਂ ਕਰਦੀ। ਸੁਸਾਇਟੀ ਦੇ ਤੌਰ ਤਰੀਕੇ ਇਸ ਨੂੰ ਨਹੀਂ ਆਉਂਦੇ । ਮੈਂ ਸਾਰਾ ਜੀਵਨ ਕਿਵੇਂ ਕੱਢਾਂਗਾ?”
ਜਤਿੰਦਰ ਦੇ ਤਲਾਕ ਦੇ ਕਾਗਜ਼ ਭੇਜਣ ਤੇ ਜੀਤੀ ਦੀ ਮਾਂ ਦੇ ਇਹ ਸ਼ਬਦ, “ਹਰਾਮ ਦਾ ਕੁੱਤਾ ਕਮੀਨਾ ਤੇ ਮਤਲਬੀ, ਅਜਿਹੇ ਘਟੀਆਂ ਜਿਹੇ ਬੰਦੇ ਤੋਂ ਖਹਿੜਾ ਛੁੱਟਣਾ ਬੇਹਤਰ ਹੈ।” ਪਰ ਜੀਤੀ ਲਈ ਇਹ ਸਦਮਾ ਬਹੁਤ ਵੱਡਾ ਸੀ ਇਸੇ ਲਈ ਉਸ ਨੇ ਰੋਜ਼-ਰੋਜ਼ ਮਰਨ ਨਾਲੋਂ ਇਕੋ ਦਿਨ ਟੈਲਾਟੋਲ ਟੂ ਦੀਆਂ ਗੋਲੀਆਂ ਲੱਪ ਭਰ ਕੇ ਖਾ ਲਈਆਂ ਪਰ ਮੌਕੇ ਤੇ ਹਸਪਤਾਲ ਜਾਣ ਤੇ ਉਹ ਬਚ ਗਈ। ਡਾਕਟਰ ਨੇ ਦੱਸਿਆ ਕਿ ਏਨੀ ਦਵਾਈ ਨਾਲ ਬਰੇਨ ਹੈਮਰਿਜ ਵੀ ਹੋ ਸਕਦਾ ਸੀ ਤੇ ਪੈਰਾਲਾਈਸਿਜ਼ ਵੀ । ਪਰ ਸ਼ੁਕਰ ਹੈ ਇਸ ਦੀਆਂ ਲੱਤਾਂ ਬਾਹਵਾਂ ਸਭ ਠੀਕ ਹਨ। ਪਰ ਜੀਤੀ ਸੋਚਦੀ ਹੈ ਕਿ ਉਸ ਦੀ ਜਿੰ਼ਦਗੀ ਦੀ ਗੱਡੀ ਦਾ ਇਕ ਪਹੀਆਂ ਹੀ ਟੁੱਟ ਗਿਆ ਹੈ। ਇਸ ਤਰ੍ਹਾਂ ਉਸ ਨੂੰ ਆਪਣੀ ਇਕ ਲੱਤ ਟੁੱਟ ਗਈ ਜਾਪਦੀ ਹੈ, ਪਰ ਜਦੋਂ ਉਹ ਹਸਪਤਾਲ ਵਿਚ ਦੂਜੇ ਮੰਜੇ ਤੇ ਇਕ ਅਜਿਹੀ ਔਰਤ ਨੂੰ ਲੇਟਿਆ ਦੇਖਦੀ ਹੈ ਜਿਸ ਦੀ ਇਕ ਲੱਤ ਲੱਕੜ ਦੀ ਹੈ ਤੇ ਫਿਰ ਵੀ ਉਹ ਜੀਅ ਰਹੀ ਹੈ ਤਾਂ ਜੀਤੀ ਨੂੰ ਵੀ ਹਿੰਮਤ ਮਿਲਦੀ ਹੈ ਤੇ ਉਸ ਦੀ ਸੋਚ ਬਦਲਦੀ ਹੈ। ਜਤਿੰਦਰ ਦੇ ਭੇਜੇ ਤਲਾਕ ਦੇ ਪੇਪਰ ਤੇ ਸਾਈਨ ਕਰਦੀ ਹੈ ਤੇ ਆਪਣੇ ਪੈਰਾਂ ਤੇ ਤੁਰਨਾ ਸਿੱਖਦੀ ਹੈ। ਇਸ ਤਰ੍ਹਾਂ ਇਹ ਕਹਾਣੀ ਇਸ ਤੱਥ ਨੂੰ ਉਜਾਗਰ ਕਰਦੀ ਹੈ ਕਿ ਔਰਤ ਜਦੋਂ ਕਿਸੇ ਲਈ ਭਾਵੁਕ ਹੁੰਦੀ ਹੈ ਤਾਂ ਉਹ ਉਸ ਲਈ ਕੁਝ ਵੀ ਕਰ ਸਕਦੀ ਹੈ ਇਥੋਂ ਤਕ ਕਿ ਆਪਣੀ ਜਾਨ ਵੀ ਵਾਰ ਸਕਦੀ ਹੈ। ਪਰ ਅਗਰ ਉਸ ਨੂੰ ਜਿ਼ੰਦਗੀ ਦੇ ਇਸ ਸਫ਼ਰ ਵਿਚ ਧੋਖਾ ਮਿਲੇ ਤਾਂ ਉਹ ਜਿ਼ੰਦਗੀ ਵਿਚ ਹਰ ਸੰਘਰਸ਼ ਕਰਨ ਲਈ ਰੁੱਖਾਂ ਜਿਹਾ ਜੀਵਨ ਧਾਰਨ ਕਰ ਲੈਂਦੀ ਹੈ। ਦੂਜੇ ਪਾਸੇ ਇਹ ਕਹਾਣੀ ਇਸ ਗੱਲ ਨੂੰ ਵੀ ਸਪੱਸ਼ਟ ਕਰਦੀ ਹੈ ਕਿ ਜਤਿੰਦਰ ਜਿਹੇ ਸੁਆਰਥੀ ਲੋਕ ਵਿਸ਼ਵਾਸ ਦੇ ਪਾਤਰ ਨਹੀ਼ਂ ਬਣ ਸਕਦੇ। ਸੁਆਰਥ ਦੀ ਖਾਤਰ ਉਹ ਜੀਤੀ ਜਿਹੀ ਔਰਤ ਨਾਲ ਵਿਆਹ ਕਰਦਾ ਹੈ ਤੇ ਫਿਰ ਮਤਲਬ ਪੂਰਾ ਹੋਣ ਤੋਂ ਬਾਦ ਉਸ ਨੂੰ ਛੱਡ ਆਪਣੇ ਬੌਸ ਦੀ ਧੀ ਨਾਲ ਵਿਆਹ ਕਰਵਾਉਣ ਦੀ ਸੋਚਦਾ ਹੈ ।
ਕਨੇਡਾ ਜਿਹੇ ਦੇਸ਼ ਵਿਚ ਸਮੇਂ-ਸਮੇਂ ਤੇ ਸਮਲਿੰਗਤਾ ਜਿਹੇ ਵਿਵਾਦ ਵੀ ਉੱਭਰ ਕੇ ਸਾਹਮਣੇ ਆਉਂਦੇ ਰਹੇ ਹਨ । ਇਨ੍ਹਾਂ ਵਿਚੋਂ ਕੁਝ ਦੇ ਅਨੁਸਾਰ ਇਹ ਇਕ ਸਰੀਰਕ ਤੇ ਮਾਨਸਿਕ ਵਿਗਾੜ ਹੈ ਤੇ ਕੁਝ ਕੁ ਅਨੁਸਾਰ ਜਿ਼ੰਦਗੀ ਜੀਉਣ ਦਾ ਤਰੀਕਾ। ਕਹਾਣੀ ‘ਦਿਸ਼ਾ’ ਵੀ ਇਸੇ ਪ੍ਰਸੰਗ ਦੇ ਦੁਆਲੇ ਘੁੰਮਦੀ ਹੋਈ ਨਜ਼ਰ ਆਉਂਦੀ ਹੈ। ਕਹਾਣੀ ਦੀ ਪਾਤਰ ਮਨਜੀਤ ਜੋ ਇਕ ਮਾਂ ਹੈ ਉਹ ਆਪਣੀ ਧੀ ਦਿਸ਼ਾ ਕਾਰਨ ਬਹੁਤ ਚਿੰਤਤ ਨਜ਼ਰ ਆਉਂਦੀ ਹ।ੈ ਅਸਲ ਵਿਚ ਮਨਜੀਤ ਇਕ ਭਾਰਤੀ ਸੰਸਕਾਰਾਂ ਦੀ ਔਰਤ ਹੈ। ਉਸ ਦਾ ਆਪਣੀ ਧੀ ਲਈ ਚਿੰਤਾ ਕਰਨਾ ਸਹੀ ਵੀ ਹੈ। ਦਿਸ਼ਾ ਦੀ ਸਹੇਲੀ ਲੀਸਾ ਇਕ ਵਿਦੇਸ਼ੀ ਲੜਕੀ ਹ,ੈ ਇਸ ਕਰਕੇ ਉਸ ਨੂੰ ਸ਼ੱਕ ਹੈ ਕਿ ਸ਼ਾਇਦ ਉਸ ਦੀ ਧੀ ਅਤੇ ਲੀਸਾ ਵਿਚ ਲੈਜ਼ਬੀਅਨ ਸੰਬੰਧ ਕਾਇਮ ਹਨ। ਇਹੋ ਜਿਹੀਆਂ ਹੀ ਗੱਲਾਂ ਉਹ ਆਪਣੀ ਫੈਕਟਰੀਆਂ ਵਿਚ ਔਰਤਾਂ ਤੋਂ ਸੁਣਦੀ ਹੈ। ਜੋ ਬਾਜ਼ਾਰ ਵਿਚ ਅਨੇਕਾਂ ਵਿਦੇਸ਼ੀ ਵਸਤੂਆਂ ਨਾਲ ਆਪਣੀ ਕਾਮੁਕ ਭੁੱਖ ਨੂੰ ਮਿਟਾਉਦੀਆਂ ਹਨ। ਦਿਸ਼ਾ ਦਾ ਵੀ ਮੰਨਣਾ ਹੈ ਕਿ ਵਿਆਹ ਕੇਵਲ ਇਕ ਤਰ੍ਹਾਂ ਦੀ ਗੁਲਾਮੀ ਹੈ ਜਿਸ ਵਿਚ ਮਰਦ ਵਾਈਫ਼ ਨੂੰ ਨੌਕਰ ਤੋਂ ਸਿਵਾ ਕੁਝ ਨਹੀਂ ਸਮਝਦੇ। ਇਸ ਲਈ ਉਹ ਵਿਆਹ ਕਰਵਾਉਣ ਦੇ ਹੱਕ ਵਿਚ ਨਹੀੰ ਹੈ ਪਰ ਦੂਜੇ ਪਾਸੇ ਮਨਜੀਤ ਇਹ ਵੀ ਮਹਿਸੂਸ ਕਰਦੀ ਹੈ ਕਿ ਦਿਸ਼ਾ ਦਾ ਦਿਸ਼ਾਹੀਣ ਹੋਣ ਵਿਚ ਸਭ ਤੋਂ ਵੱਡਾ ਕਸੂਰ ਉਸ ਦਾ ਤੇ ਉਸ ਦੇ ਪਤੀ ਦਵਿੰਦਰ ਦਾ ਹੈ ਜਿਨ੍ਹਾਂ ਨੇ ਕਦੀ ਬੱਚਿਆਂ ਨੂੰ ਸਮਾਂ ਹੀ ਨਹੀਂ ਦਿੱਤਾ । ਉਨ੍ਹਾਂ ਲਈ ਕੰਮ ਹੀ ਸਾਰਾ ਕੁਝ ਸੀ। ਲੈਜ਼ਬੀਅਨ ਤੇ ਗੇਅ ਜਿਹੇ ਰਿਸ਼ਤੇ ਸਿਰਫ਼ ਨਿੱਜੀ ਕਾਮੁਕਤਾ ਨੂੰ ਪਹਿਲ ਤੇ ਹੀ ਆਧਾਰਿਤ ਹਨ ਪਰ ਵਿਆਹ ਨਿੱਜੀ ਪ੍ਰਤਿਬੱਧਤਾ ਹੀ ਨਹੀਂ ਸਗੋਂ ਇਕ ਸਮਾਜਿਕ ਸਮਝੌਤਾ ਵੀ ਹੈ ਜਿਹੜਾ ਕਿ ਸਮਾਜ ਦੀ ਨੀਂਹ ਹੈ ਤੇ ਇਸ ਦੁਆਰਾ ਪੈਦਾ ਬੱਚਿਆਂ ਉੱਪਰ ਹੀ ਸਮਾਜ ਦਾ ਭਵਿੱਖ ਨਿਰਭਰ ਕਰਦਾ ਹੈ। ਇਸ ਤਰ੍ਹਾਂ ਇਹ ਕਹਾਣੀ ਦਿਸ਼ਾ ਨਹੀਂ ਬਲਕਿ ਦਿਸ਼ਾਹੀਣ ਹੋ ਨਿਬੜਦੀ ਹੈ।
‘ਪਿਉਂਦ’ ਕਹਾਣੀ ਨੂੰ ਵੀ ਇਸੇ ਸੰਦਰਭ ਵਿਚ ਵੇਖਿਆ ਜਾ ਸਕਦਾ ਹੈ। ਮਾਂ-ਪਿਉਂ ਆਪਣੇ ਬੱਚਿਆਂ ਨੂੰ ਕਿਸੇ ਹੱਦ ਤਕ ਆਪਣੀਆਂ ਸਭਿਆਚਾਰਕ ਕਦਰਾਂ ਕੀਮਤਾਂ ਨਾਲ ਜੋੜੀ ਰੱਖਣਾ ਚਾਹੁੰਦੇ ਹਨ ਤਾਂ ਜੋ ਉਹ ਪੱਛਮੀ ਸਭਿਆਚਾਰ ਦੇ ਹਾਂ ਪੱਖੀ ਤੇ ਦੇਸੀ ਸਭਿਆਚਾਰ ਦੀਆਂ ਹਾਂ ਪੱਖੀ ਕਦਰਾਂ ਕੀਮਤਾਂ ਨਾਲ ਜਿ਼ੰਦਗੀ ਜਿਉਣ। ਪਰੰਤੂ ਪਰਵਾਸੀ ਪੰਜਾਬੀਆਂ ਦੀ ਇਹ ਮਨੋਕਾਮਨਾ ਸਿਰੇ ਚੜ੍ਹਨੀ ਮੁਸ਼ਕਿਲ ਹੀ ਹੁੰਦੀ ਹੈ। ਇਸ ਲਈ ਪਰਵਾਸੀ ਪਰਿਵਾਰਾਂ ਵਿਚ ਮਾਹੌਲ ਹਮੇਸ਼ਾ ਫਿਕਰਮੰਦੀ ਤੇ ਤਨਾਉ ਜਿਹਾ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਭਾਰਤੀ ਲੋਕਾਂ ਨੂੰ ਪਰਵਾਸੀ ਸਭਿਆਚਾਰ ਅਪਣਾਉਣਾ ਮਨਜ਼ੂਰ ਵੀ ਨਹੀਂ ਹੁੰਦਾ ਪਰ ਅਸੀ ਪੁਰਾਣੇ ਸਭਿਆਚਾਰ ਨਾਲ ਜੁੜੇ ਸਮਾਜ ਦੇ ਖੇਰੂੰ ਹੋਣ ਦੇ ਡਰੋਂ ਬੱਚਿਆਂ ਨੂੰ ਗਲਤ ਤਰੀਕੇ ਨਾਲ ਰੋਕਣ ਦੀ ਕੋਸਿ਼ਸ ਕਰਦੇ ਹਾਂ ਤੇ ਕਈ ਵਾਰ ਵਿਆਹ ਠੋਸਦੇ ਹਾਂ। ਪਰ ਕਨੇਡਾ ਜਿਹੇ ਮੁਲਕਾਂ ਦਾ ਕਾਨੂੰਨ ਇਸ ਗੱਲ ਦੀ ਆਗਿਆ ਨਹੀੰਂ ਦਿੰਦਾ, ਇਥੇ ਮਸਲਾ ਨਿੱਜੀ ਸੁਤੰਤਰਤਾ ਦਾ ਹੈ। ਇਸ ਵਿਚ ਸਮਾਜ ਦਾ ਕੋਈ ਦਬਾਅ ਨਹੀਂ। ਦੂਜਾ ਜਦੋਂ ਅਸੀ ਮੁੰਡੇ ਨੂੰ ਕੁੜੀ ਨਾਲੋਂ ਜਿ਼ਆਦਾ ਮਹੱਤਤਾ ਦਿੰਦੇ ਹਾਂ ਤਾਂ ਅਜਿਹੇ ਸਮਾਜ ਵਿਚ ਆ ਕੇ ਕੁੜੀਆਂ ਆਪਣੇ–ਆਪ ਨੂੰ ਹੋਰ ਵੀ ਆਜ਼ਾਦ ਮਹਿਸੂਸ ਕਰਦੀਆਂ ਹਨ ਜਿਵੇਂ ਇਸ ਕਹਾਣੀ ਦੀ ਪਾਤਰ ਅੰਮ੍ਰਿਤਾ ਆਖਦੀ ਹੈ:-
“ਤੁੱਸੀਂ ਤਾਂ ਘਰ ਮੈਨੂੰ ਪੁੱਛਿਆ ਹੀ ਕਦੀ ਨਹੀਂ ਸੀ। ਮੈਂ ਤਾਂ ਆਪਣੇ ਆਪ ਨੂੰ ਹਮੇਸ਼ਾ ਵਾਧੂ ਹੀ ਸਮਝਦੀ ਰਹੀ ਹਾਂ। ਥੋਡੇ ਲਈ ਤਾਂ ਮੁੰਡਾ ਹੀ ਸਭ ਕੁਝ ਆ। ਫੇਰ ਹੁਣ ਮੇਰਾ ਫਿਕਰ ਕਿਵੇਂ ਹੋ ਗਿਆ ?”
ਅਜਿਹੇ ਫਰਕ ਕਈ ਵਾਰ ਬੁਰਾ ਨਤੀਜਾ ਵੀ ਕੱਢ ਦਿੰਦੇ ਹਨ । ਇਹ ਸ਼ਾਇਦ ਸਾਨੂੰ ਲੋਕਾਂ ਨੂੰ ਪਤਾ ਨਹੀਂ ਫਿਰ ਜਦੋ ਭਾਰਤ ਤੋਂ ਨਵੇਂ-ਨਵੇਂ ਆਏ ਮੁੰਡੇ ਕੁੜੀਆਂ ਨੂੰ ਨਵੇਂ ਸਭਿਆਚਾਰ ਦੀ ‘ਪਿਉਂਦ’ ਚੜ ਰਿਹਾ ਹੋਵੇ ਪਰ ਇਹ ਉਸ ਨੂੰ ਮਨਜੂਰ ਨਹੀਂ ਸੀ ਉਹ ਸਿਰਫ਼ ਕਨੇਡਾ ਦੀਆਂ ਆਧੁਨਿਕ ਸਹੂਲਤਾਂ ਤੇ ਚੰਗੀ ਆਰਥਿਕਤਾ ਤੱਕ ਹੀ ਸੀਮਿਤ ਰਹਿਣਾ ਚਾਹੁੰਦਾ ਸੀ ਪਰ ਵਿਦੇਸ਼ੀ ਧਰਤੀ ਦਾ ਮਾਹੌਲ ਇਹੋ ਜਿਹਾ ਹੈ ਕਿ ਅਗਰ ਅਸੀਂ ਇਹ ਸਭ ਆਧੁਨਿਕ ਸਹੂਲਤਾਂ ਤੇ ਚੰਗੀ ਆਰਥਿਕਤਾ ਨੂੰ ਬਣਾ ਕੇ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੇ ਚੰਗੇ ਮਾੜੇ ਦੋਵੇਂ ਹੀ ਪੱਖ ਬਰਦਾਸ਼ਤ ਕਰਨੇ ਪੈਣਗੇ। ਇਥੇ ਕੰਮ ਹੀ ਮਨੁੱਖ ਦੀਆਂ ਲੱਤਾਂ ਹਨ ਨਾ ਕਿ ਧੀ ਪੁੱਤਰ। ਅਜਿਹੀ ਕਹਾਣੀ ਮਨੁੱਖ ਨੂੰ ਇਨ੍ਹਾਂ ਦਾ ਮੋਹ ਤਿਆਗ ਕੇ ਕੇਵਲ ਆਪਣਾ ਧਿਆਨ ਰੱਖਣ ਲਈ ਪ੍ਰਰੇਦੀਆਂ ਹਨ ਇਹੋ ਇਸ ਕਹਾਣੀ ਦੀ ਨਵੀਂ ਦਿਸ਼ਾ ਹੈ ਕਿ ਪੁਰਾਣੇ ਨੂੰ ਕੱਟ ਨਵੀਂ ਕਲਮ ਚੜਾਉਣ ਦੀ ਕੋਸਿਸ ਇਸ ਕਹਾਣੀ ਵਿਚ ਪੇਸ਼ ਹੈ।
‘ਕਪੁੱਤ’ ਕਹਾਣੀ ਇਕ ਅਜਿਹੀ ਕਹਾਣੀ ਹੈ ਜਿਸ ਵਿਚ ਕਹਾਣੀਕਾਰ ਇਹ ਪੇਸ਼ ਕਰਦਾ ਹੈ ਕਿ ਹਰ ਕੋਈ ਮਨੁੱਖ ਇਕ ਦੂਜੇ ਦਾ ਲਾਹਾ ਲੈਂਦਾ ਹੈ ਤੇ ਫਿਰ ਲੋੜ ਪੂਰੀ ਹੋਣ ਤੋਂ ਬਾਦ ਉਸ ਨੂੰ ਵਾਪਸ ਭੇਜ ਦਿੰਦੇ ਹਨ। ਕਰਤਾਰ ਸਿੰਘ ਦਾ ਪੁੱਤਰ ਬਲਵਿੰਦਰ ਵੀ ਅਜਿਹਾ ਹੀ ਕਰਦਾ ਹੈ। ਇਸ ਤਰ੍ਹਾਂ ਇਹ ਕਹਾਣੀ ਰਿਸ਼ਤਿਆਂ ਵਿਚ ਪੈਸੇ ਕਾਰਨ ਆਈ ਅਲਗਰਜੀ ਨੂੰ ਪੇਸ਼ ਕਰਦੀ ਕਹਾਣੀ ਹੈ। ਇਹ ਕਹਾਣੀ ਕੇਵਲ ਵਿਦੇਸ਼ ਦੀ ਧਰਤੀ ਦਾ ਯਥਾਰਥ ਹੀ ਨਹੀਂ ਸਗੋਂ ਭਾਰਤੀ ਧਰਤੀ ਦਾ ਯਥਾਰਥ ਵੀ ਪੇਸ਼ ਕਰਦੀ ਪ੍ਰਤੀਤ ਹੁੰਦੀ ਹੈ।
‘ਕਾਲਾ ਸੋਨਾ’ ਕਹਾਣੀ ਇਕ ਅਜਿਹੀ ਕਹਾਣੀ ਨੂੰ ਪੇਸ਼ ਕਰਦੀ ਹੈ ਜਿਸ ਵਿਚ ਪੰਜਾਬੀ ਸੋਚ ਦਾ ਪ੍ਰਗਟਾਵਾ ਹੈ। ਪੰਜਾਬੀ ਆਪਣੇ ਸਮਾਜ ਦਾ ਸਭ ਤੋਂ ਘਿਨੌਣਾ ਪੱਖਪਾਤ ਜਾਤਪਾਤ ਵੀ ਨਾਲ ਲੈ ਕੇ ਆਏ ਹਨ। ਵੱਖਰੀਆਂ ਜਾਤਾਂ ਦਾ ਆਪਸੀ ਰਿਸ਼ਤੇ ਨਾਤੇ ਗੰਡਣਾ ਇਥੇ ਅਜੇ ਵੀ ਅਨਸੁਣੀ ਗੱਲ ਹੈ। ਹੁਣ ਭਾਵੇਂ ਇਹ ਨਿਖੇੜਾ ਇੰਨਾ ਆਮ ਨਹੀਂ ਪਰ ਫਿਰ ਵੀ ਇਸ ਦੇ ਵੱਖਰੇਪਨ ਦਾ ਅਹਿਸਾਸ ਅਕਸਰ ਹੋ ਹੀ ਜਾਂਦਾ ਹੈ,ਖਾਸ ਕਰਕੇ ਵਿਆਹਾਂ ਸ਼ਾਦੀਆਂ ਦੀ ਚੋਣ ਵੇਲੇ। ਇਸ ਕਹਾਣੀ ਵਿਚ ਪੰਜਾਬੀ ਕੁੜੀ ਕਾਲੇ ਨੌਜਵਾਨ ਨੂੰ ਪਿਆਰ ਕਰਦੀ ਹੈ ਇਸੇ ਲਈ ਉਹ ਇਕ ਲੰਬੀ ਲੜਾਈ ਵੀ ਕਰਦੀ ਹੈ ਤੇ ਫਿਰ ਇਸ ਵਿਚ ਜਿੱਤ ਵੀ ਪ੍ਰਾਪਤ ਕਰਦੀ ਹੈ। ਇਸ ਤਰ੍ਹਾਂ ਇਹ ਕਹਾਣੀ ਇਕ ਨਵੀ ਸੋਚ ਦੀ ਧਾਰਨੀ ਹੋ ਨਿਬੜਦੀ ਹੈ। ਦੂਜਾ ਇਹ ਕਹਾਣੀ ਇਹ ਵੀ ਸਿੱਧ ਕਰਦੀ ਹੈ ਕਿ ਪਿਆਰ ਕਦੇ ਵੀ ਸ਼ਕਲਾਂ ਉਤੇ ਨਿਰਭਰ ਨਹੀਂ ਕਰਦਾ ਸਗੋਂ ਚੰਗੀ ਸੋਚ ਤੇ ਨਿਰਭਰ ਹੈ।
‘ਤਾਂਡਵ’ ਇਸ ਕਹਾਣੀ ਸੰਗ੍ਰਹਿ ਦੀ ਸਭ ਤੋਂ ਮਹੱਤਵਪੂਰਨ ਕਹਾਣੀ ਹੈ। ਇਹ ਇਕ ਰੌਮਾਂਟਿਕ ਕਹਾਣੀ ਹੈ।ਮੇਜਰ ਮਾਂਗਟ ਦੀ ਕਹਾਣੀ ਤਾਂਡਵ ਅਸਲੋਂ ਹੀ ਵੱਖਰੀ ਵਸਤੂ ਲੈ ਕੇ ਸਾਹਮਣੇ ਆਉਂਦੀ ਹੈ। ਇਸ ਤੋਂ ਪਹਿਲਾ ਪ੍ਰੇਮ ਪ੍ਰਕਾਸ਼ ਤੇ ਜਿੰਦਰ ਦੀਆਂ ਕਹਾਣੀਆਂ ਇਸ ਨਾਲ ਮਿਲਦੀ ਜੁਲਦੀ ਵਸਤੂ ਨੂੰ ਵੱਖਰੀ ਪੱਧਰ ਤੇ ਨਿਭਾਉਂਦੀਆ ਨਜ਼ਰ ਆਉਂਦੀਆਂ ਹਨ ਪ੍ਰੰਤੂ ਤਾਂਡਵ ਕਹਾਣੀ ਮਾਨਵੀ ਮਨੋਵਿਗਿਆਨ ਦੇ ਬਿਲਕੁਲ ਵੱਖਰੇ ਪਸਾਰਾਂ ਨਾਲ ਜੁੜੀ ਹੋਈ ਕਹਾਣੀ ਹੈ। ਕਹਾਣੀ ਦਾ ਮੁੱਖ ਪਾਤਰ ਜੋ ਅੱਧੀ ਕਹਾਣੀ ਦਾ ਬਿਰਤਾਂਤਕਾਰ ਵੀ ਹੈ ।ਕੈਂਸਰ ਨਾਲ ਮਰ ਰਹੀ ਆਪਣੀ ਪਤਨੀ ਦੀ ਸਰੀਰਕ ਇੱਛਾ ਤਾਂ ਪੂਰੀ ਨਹੀਂ ਕਰ ਸਕਦਾ ਪ੍ਰੰਤੂ ਅਚਾਨਕ ਮੌਤ ਹੋਣ ਤੇ ਆਪਣੇ ਮਨ ਦੀ ਗਿਲਾਨੀ ਤੋਂ ਛੁਟਕਾਰਾ ਪਾਉਣ ਲਈ ਉਹ ਉਸ ਦੀ ਆਖਰੀ ਇੱਛਾ ਪੂਰੀ ਕਰਨ ਲਈ ਆਉਂਦਾ ਹੈ ਤਾਂ ਉਸ ਦੀ ਮਾਂ ਤੇ ਉਸ ਦੀ ਚਾਚੀ ਆ ਜਾਂਦੀਆਂ ਹਨ ਇਥੋਂ ਹੀ ਸਤਪਾਲ ਦਾ ਮਨੋਦੁਖਾਤ ਸੁਰੂ ਹੋ ਜਾਂਦਾ ਹੈ। ਸਭ ਤੋਂ ਪਹਿਲਾ ਉਹ ਆਪਣੀ ਮਾਂ ਦੀਆਂ ਨਜ਼ਰਾਂ ਵਿਚੋਂ ਗਿਰਦਾ ਹੈ ਤੇ ਫਿਰ ਆਪਣੀ ਚਾਚੀ ਦੀਆਂ ਨਜ਼ਰਾਂ ਵਿਚੋਂ ਉਸ ਦੇ ਆਪਣੇ ਸ਼ਬਦਾਂ ਅਨੁਸਾਰ:-
“ਅਸਲ ਵਿਚ ਮਰ ਮੈਂ ਤਾਂ ਮੈਂ ਉਸੇ ਦਿਨ ਗਿਆ ਸੀ ਲਜਿਸ ਦਿਨ ਮੀਤੋ ਦੀ ਅਰਥੀ ਚੁੱਕਣ ਤੋਂ ਪਹਿਲਾਂ ਬੇਬੇ ਨੇ ਉਸ ਦੇ ਮੌਰਾਂ ਵਿਚ ਦੁਹੱਥੜ ਮਾਰ ਕੇ ਕਿਹਾ ਸੀ “ਇਹਦੇ ਨਾਲੋਂ ਤਾਂ ਤੂੰ ਜੰਮਦਾ ਹੀ ਮਰ ਜਾਂਦਾ ਘੱਟੋਂ ਘੱਟ ਮੈਨੂੰ ਇਸ ਨਾਲ ਤਾਂ ਨਾਂ ਮਰਨਾ ਪੈਂਦਾ। ਹੁਣ ਸਾਰੇ ਸ਼ਰੀਕੇ ਵਿਚ ਕਾਲਾ ਮੂੰਹ ਲੈ ਕੇ ਜੀਈਂ । ਤੈਨੂੰ ਜੰਮ ਕੇ ਤਾਂ ਮੈਂ ਕਲੰਕ ਹੀ ਖੱਟਿਆ।”
ਮੀਤੋ ਦੇ ਮਰਨ ਉਪਰੰਤ ਸਤਪਾਲ ਦੂਸਰੀ ਵਿਆਹ ਕਰਨ ਲਈ ਰਾਜ਼ੀ ਨਹੀਂ ਹੁੰਦਾ ਪ੍ਰੰਤੂ ਚਾਚੀ ਜੋ ਉਸ ਦੀ ਅਸਲੀਅਤ ਜਾਣਦੀ ਹੈ ਉਸ ਦੁਆਰਾ ਲਿਆਂਦੀ ਗਈ ਕੁੜੀ ਨੂੰ ਜਵਾਬ ਦੇਣ ਦੀ ਪ੍ਰਤੀਕ੍ਰਿਆ ਵਜੋਂ ਉਹ ਜੋ ਕੁਝ ਕਹਿੰਦੀ ਹੈ ਉਹ ਘਰ ਦੀਆਂ ਬਰੂਹਾਂ ਟੱਪ ਕੇ ਪੂਰੇ ਸਮਾਜ ਵਿਚ ਫੈਲ ਜਾਂਦਾ ਹੈ ਤੇ ਇਉਂ ਪੜ੍ਹਿਆਂ ਲਿਖਿਆ ਵਿਗਿਆਨਕ ਸੋਚ ਨਾਲ ਜੁੜਿਆ ਸਤਪਾਲ ਪ੍ਰੇਤ ਦੀ ਜੂਨੇ ਜਾ ਪੈਦਾ ਹੈ। ਸਤਪਾਲ ਅਸਲੀ ਗੱਲ ਨਾ ਤਾਂ ਆਪਣੀ ਮਾਂ ਨੂੰ ਦੱਸ ਸਕਿਆ ਤੇ ਨਾ ਚਾਚੀ ਨੂੰ ਉਹ ਦੱਸ ਵੀ ਦਿੰਦਾ ਤਾਂ ਉਸ ਦੀਗੱਲ ਦਾ ਕਿਸੇ ਨੇ ਯਕੀਨ ਨਹੀਂ ਸੀ ਕਰਨਾ ਇਸ ਲਈ ਇਹ ਰਾਜ ਉਸ ਲਈ ਨਾਸੂਰ ਬਣ ਜਾਂਦਾ ਹੈ। ਜੋ ਉਸ ਨੂੰ ਨਾ ਜਿਉਣ ਦਿੰਦਾ ਹੈ ਤੇ ਨਾ ਮਰਨ ਦਿੰਦਾ ਹੈ। ਜਦੋਂ ਅੰਤਮ ਸੁਆਸਾਂ ਤੇ ਦੱਬੀ ਹੋਈ ਗੱਲ ਨੂੰ ਮੋਹਨ ਨਾਲ ਸਾਂਝਾ ਕਰਦਾ ਤਾਂ ਉਸ ਤੋਂ ਬਾਦ ਮੋਹਨ ਸਿੰਘਨੂੰ ਇਹ ਸੂਚਨਾ ਮਿਲਦੀ ਹੈ ਆਪਣੇ ਪਿੰਡ ਵਾਲਾ ਸੱਤਾ ਪ੍ਰੇਤ ਮਰ ਗਿਆ ਹੈ। ਉਹ ਝੱਖੜ ਤੇ ਉਹ ਤਾਂਡਵ ਜੋ ਜਾਂਦੇ ਸਤਪਾਲ ਦੇ ਮਨ ਵਿਚ ਝੁੱਲਿਆ ਸੀ ਤੇ ਜਿਸ ਨੇ ਉਸ ਦੇ ਅੰਦਰ ਖੌਰੂ ਪਾਇਆ ਸੀ ਉਸ ਤੋਂ ਮਰਨ ਤੋਂ ਬਾਦ ਉਹ ਝੱਖੜ ਮੋਹਨ ਸਿੰਘ ਦੇ ਅੰਦਰ ਤਾਂਡਵ ਬਣ ਕੇ ਨਿੱਰਤ ਕਰਨ ਲੱਗਦਾ ਹੈ। ਸ਼ਾਇਦ ਮੋਹਨ ਸਿੰਘ ਨੂੰ ਆਪਣੇ ਮਨ ਦੀ ਇਹ ਗੱਲ ਕਦੇ ਕਿਸੇ ਹੋਰ ਨਾਲ ਸਾਂਝੀ ਕਰਨੀ ਪਵੇ।
ਇਹ ਕਹਾਣੀ ਸਤਪਾਲ ਦੀ ਨਿਯਤੀ ਅਤੇ ਸਥਿਤੀ ਨੂੰ ਅਲਗ–ਅਲਗ ਹਾਲਤਾਂ ਵਿਚ ਪੇਸ਼ ਕਰਦੀ ਹੈ। ਉਹ ਸਰੀਰ ਤੋਂ ਅਗਾਂਹ ਦੇਖ ਹੀ ਨਹੀਂ ਸਕਿਆ। ਜਾਂ ਇਉਂ ਕਹੀਏ ਕਿ ਭਾਵੁਕ ਸਥਿਤੀ ਵਿਚ ਉਹ ਕੁਝ ਵੀ ਹੋਰ ਨਹੀਂ ਦੇਖ ਸਕਿਆ। ਸਥਿਤੀ ਵਿਚ ਜਕੜੀ ਉਸ ਦੀ ਸੋਚ ਦੇ ਕਾਰਨ ਟਰੈਜਡੀ ਵਾਪਰਦੀ ਹੈ। ਮੁਰਦਾ ਪਤਨੀ ਨਾਲ਼ ਸੰਭੋਗ ਸਮਾਜ ਵਿਚ ਅਨੈਤਿਕ ਮੰਨਿਆ ਜਾਏਗਾ। ਪਰੰਤੂ ਮਾਨਵ ਮਨ ਆਪਣੀ ਇੱਛਾ ਦਾ ਜਾਂ ਮਰ ਰਹੀ ਪਤਨੀ ਦੀ ਸਰੀਰਕ ਤ੍ਰਿਪਤੀ ਕਰਨ ਦੀ ਇੱਛਾ ਦਾ ਕੀ ਕਰੇ? ਉਹ ਫਰਜ਼ ਅਤੇ ਅਨੈਤਿਕ ਸਮਝੇ ਜਾਂਦੇ ਕਾਰਜ ਵਿਚਕਾਰ ਅਣਜਾਣੇ ਫੱਸ ਕੇ ਪ੍ਰੇਤ ਦੀ ਜੂਨ ਹੰਢਾਉਂਦਾ ਹੈ। ਕਹਾਣੀ ਸਤਪਾਲ ਦੇ ਇਕਲਿਆਂ ਭੋਗੇ ਅੰਤਰ ਦਵੰਦ ਨੂੰ ਪੇਸ਼ ਕਰਦੀ ਹੈ। ਇਸ ਤਰ੍ਹਾਂ ਇਹ ਕਹਾਣੀ ਧਰਮ, ਕਾਨੂੰਨੀ ਨਿਯਮਾਂ, ਸਿਧਾਤਾਂ, ਨੈਤਿਕਤਾ, ਮਨੁੱਖਤਾ, ਸੰਸਕ੍ਰਿਤੀ, ਅਨੁਸ਼ਾਸਨ ਦੀ ਦ੍ਰਿਸ਼ਟੀ ਤੋਂ ਵੀ ਕਈ ਪ੍ਰਸ਼ਨ ਪੈਦਾ ਕਰਦੀ ਹੈ । ਇਸੇ ਕਾਰਣ ਹੀ ਇਹ ਕਹਾਣੀ ਆਲੋਚਕਾਂ ਦਾ ਧਿਆਨ ਖਿੱਚੇਗੀ ਤੇ ਇਸ ਦੀਆਂ ਹੋਰ ਕਈ ਪਰਤਾਂ ਉੱਘੜ ਕੇ ਸਾਹਮਣੇ ਆਉਣਗੀਆਂ।
ਅੰਤ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਮੇਜਰ ਮਾਂਗਟ ਇਕ ਸਜਗ ਤੇ ਚੇਤੰਨ ਸਾਹਿਤਕਾਰ ਹੈ ਜੋ ਸਮਾਜਿਕ ਜਿ਼ਮੇਵਾਰੀ ਤੋਂ ਪੂਰੀ ਤਰ੍ਹਾਂ ਚੇਤੰਨ ਹੈ। ਉਹ ਚੰਗੇ ਸਾਹਿਤਕਾਰ ਦੀ ਕਸਵੱਟੀ ਉੱਪਰ ਖਰੇ ਉਤਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਵੀ ਨਜ਼ਰ ਆਉਂਦਾ ਹੈ। ਭਵਿੱਖ ਵਿਚ ਕਨੇਡੀਅਨ ਪੰਜਾਬੀ ਸਾਹਿਤ ਅਤੇ ਭਾਰਤੀ ਸਾਹਿਤ ਦੇ ਪਾਠਕ ਨੂੰ ਉਸ ਤੋਂ ਬਹੁਤ ਵੱਡੀਆਂ ਉਮੀਦਾਂ ਹਨ।
( ਸੀ-122, ਯੁਨੀਵਰਸਿਟੀ ਕੈਂਪਸ ਕੁਰੂਕਸ਼ੇਤਰ-136 119 )
(28 ਫਰਵਰੀ 2007) ਯੂਨੀਕੋਡ
ਡਾ: ਰਜਨੀ ਰਾਣੀ ਦੀ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>
e-mail:
ਲਿਖਾਰੀ
© likhari: Punjabi Likhari Forum-2001-2007