ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

ਪਰਵਾਸੀ ਪੰਜਾਬੀ ਦੀ ਕਹਾਣੀ
ਬਲਵੀਰ ਕੌਰ ਸੰਘੇੜਾ ਦੀ ਜ਼ੁਬਾਨੀ

-ਡਾ. ਰਜਨੀ ਰਾਣੀ-


-ਬਲਬੀਰ ਕੌਰ ਸੰਘੇੜਾ-

ਪਰਵਾਸੀ ਪੰਜਾਬੀ ਸਾਹਿਤ ਦੀ ਆਪਣੀ ਇਕ ਵੱਖਰੀ ਪਹਿਚਾਣ ਬਣੀ ਹੈ । ਪਰਵਾਸੀ ਪੰਜਾਬੀ ਸਾਹਿਤ ਦੇ ਆਪਣੇ ਮਸਲੇ ਹਨ । ਇਹ ਮਸਲੇ ਹਰ ਦੇਸ਼ ਦੇ ਵੱਖੋ-ਵੱਖਰੇ ਅਤੇ ਹਰ ਸਾਹਿਤ ਦੇ ਖੇਤਰ ਦੇ ਵੀ ਵੱਖਰੇ–ਵੱਖਰੇ ਹਨ। ਪਰਵਾਸੀ ਪੰਜਾਬੀ ਸਾਹਿਤ ਵਿੱਚੋਂ ਪੰਜਾਬੀਆਂ ਦੇ ਪਰਵਾਸ ਧਾਰਨ ਦੀਆਂ ਮਜਬੂਰੀਆਂ ਤੋਂ ਲੈ ਕੇ, ਘਰਾਂ ਤੋਂ ਦੂਰ ਬੇਗ਼ਾਨੇ ਮੁਲਕਾਂ ਵਿਚ ਇੱਕਲੇ ਹੋਣ ਦਾ ਸੰਤਾਪ ਅਤੇ ਹੋਂਦ ਦਾ ਦਰਦ ਹੰਢਾਉਣ ਤੇ ਪੰਜਾਬੀ ਪਰਵਾਸੀ ਜੀਵਨ ਦੀਆਂ ਕਈ ਪਰਤਾਂ ਸਾਹਮਣੇ ਆਉਂਦੀਆ ਹਨ।

ਪੰਜਾਬੀਆਂ ਦੀ ਅਰਧ ਜਗੀਰੂ ਮਾਨਸਿਕਤਾ ਨੂੰ ਪੱਛਮ ਦਾ ਖੁੱਲ੍ਹਾ ਡੁੱਲ੍ਹਾ ਸਭਿਆਚਾਰ ਰਾਸ ਨਹੀਂ ਆਇਆ। ਵਿਦੇਸ਼ ਵਿਚ ਪਹੁੰਚੇ ਇਕੱਲੇ ਪੰਜਾਬੀ ਨੂੰ ਤਾਂ ਕੋਈ ਮੁਸ਼ਕਿਲ ਨਹੀਂ ਸੀ, ਪਰੰਤੂ ਜਦੋਂ ਉਨ੍ਹਾਂ ਨੇ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਵੀ ਵਿਦੇਸ਼ ਬੁਲਾ ਲਿਆ ਤਾਂ ਉਨ੍ਹਾਂ ਨੂੰ ਪੱਛਮੀ ਸਭਿਆਚਾਰ ਤੋਂ ਡਰ ਲੱਗਣ ਲੱਗਾ ਤੇ ਉਹ ਮੁੜ ਆਪਣੇ ਦੇਸ਼ ਤੇ ਸਭਿਆਚਾਰ ਨੂੰ ਬੇਹਤਰ ਸਮਝਣ ਲੱਗੇ। ਇਹੋ ਦੋਹਰਾ ਸੰਤਾਪ ਉਨ੍ਹਾਂ ਦੀ ਤ੍ਰਾਸਦੀ ਦਾ ਕਾਰਨ ਬਣ ਗਿਆ। ਪਰਵਾਸੀ ਮਨੁੱਖ ਪਰਾਈ ਧਰਤੀ ਤੇ ਬੈਠਾ ਆਪਣੀ ਮੂਲ ਧਰਤੀ ਦੇ ਮੋਹ ਨੂੰ ਪਾਲ਼ਦਾ ਹੈ। ਇਸੇ ਕਾਰਣ ਉਹ ਨਾ ਤਾਂ ਮੂਲ ਧਰਤੀ ਨਾਲ ਤੇ ਨਾ ਹੀ ਪਰਾਈ ਧਰਤੀ ਨਾਲ ਪੂਰਨ ਤੌਰ ਤੇ ਜੁੜਨ ਦੇ ਸਮੱਰਥ ਹੁੰਦਾ ਹੈ। ਜੀਵਨ ਦਾ ਸੱਚ ਪਰਾਈ ਧਰਤੀ ਦਾ ਅੰਗ ਬਣਨ ਵੱਲ ਪ੍ਰੇਰਿਤ ਕਰਦਾ ਹੈ, ਜਦੋਂ ਕਿ ਮਾਨਸਿਕਤਾ ਮੂਲ ਧਰਤੀ ਦੇ ਮੋਹ ਨੂੰ ਅਪਣਾਈ ਰੱਖਣ ਵੱਲ ਰੁਚਿਤ ਹੁੰਦੀ ਹੈ।

ਇਸੇ ਤਰ੍ਹਾਂ ਦੀ ਸਾਹਿਤ ਸਿਰਜਣਾ ਕਰਦੀ ਬਲਵੀਰ ਕੌਰ ਸੰਘੇੜਾ ਵੀ ਪੰਜਾਬੀ ਸਾਹਿਤ ਵਿਚ ਕਦਮ ਰੱਖਦੀ ਹੈ। ਬਲਵੀਰ ਕੌਰ ਸੰਘੇੜਾ ਕੈਨੇਡਾ ਵਿਚ ਵਸਦੀ ਇਕ ਸੰਵੇਦਨਸ਼ੀਲ ਲੇਖਿਕਾ ਹੈ ਜਿਸ ਨੇ ਪੰਜਾਬੀ ਸਾਹਿਤ ਵਿਚ ਆਪਣਾ ਇਕ ਵੱਖਰਾ ਸਥਾਨ ਬਣਾਇਆ ਹੈ। ਹੁਣ ਤਕ ਉਸ ਦੇ ਦੋ ਨਾਵਲ ਹੱਕ ਦੀ ਮੰਗ ਅਤੇ ਇਕ ਖਤ ਨਾਂ ਸੱਜਣਾ ਦੇ ਆਪਣੀ ਵੱਖਰੀ ਥਾਂ ਸਥਾਪਿਤ ਕਰ ਚੁੱਕੇ ਹਨ। ਸੰਨ 2005 ਵਿਚ ਪ੍ਰਕਾਸਿ਼ਤ ਹੋਇਆ ਕਹਾਣੀ ਸੰਗ੍ਰਹਿ ਠੰਡੀ ਹਵਾ ਉਸ ਦਾ ਇਕ ਵੱਖਰੀ ਤਰ੍ਹਾਂ ਦਾ ਕਹਾਣੀ ਸੰਗ੍ਰਹਿ ਹੈ। ਕਹਾਣੀ ਸੰਗ੍ਰਹਿ ਵਿਚ ਪੇਸ਼ ਛੇ ਕਹਾਣੀਆਂ ਵਿਚ ਉਸਨੇ ਪੂਰਬੀ ਤੇ ਪੱਛਮੀ ਸਭਿਆਚਾਰ ਦੇ ਟਕਰਾਅ ਵਿਚੋਂ ਜਨਮ ਲੈ ਰਹੀਆਂ ਸੱਮਸਿਆਵਾਂ ਨੂੰ ਪੇਸ਼ ਕੀਤਾ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਆਪਣੀ ਇਕ ਵੱਖਰੀ ਹੋਂਦ ਸਥਾਪਿਤ ਕਰਨ ਲਈ ਯਤਨਸ਼ੀਲ ਨਜ਼ਰ ਆਉਂਦੇ ਹਨ। ਕਹਾਣੀ ਸੰਗ੍ਰਹਿ ਵਿਚ ਪੇਸ਼ ਪਹਿਲੀ ਕਹਾਣੀ ਇਸ ਤੱਥ ਨੂੰ ਪੇਸ਼ ਕਰਦੀ ਹੈ ਕਿ ਪੂੰਜੀਵਾਦੀ ਵਿਵਸਥਾ ਮਨੁੱਖ ਅੰਦਰ ਅਜਿਹੀਆਂ ਪ੍ਰਵਿਰਤੀਆਂ ਪੈਦਾ ਕਰਦੀ ਹੈ ਜੋ ਉਸ ਨੂੰ, ਉਸ ਦੇ ਘਰ ਪਰਿਵਾਰ ਨੂੰ, ਉਸ ਦੇ ਆਲੇ-ਦੁਆਲੇ ਨੂੰ ਅਤੇ ਮਾਨਵੀ ਕਹੀ ਜਾਣ ਵਾਲੀ ਹਰੇਕ ਵਸਤੂ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ। ਇਸੇ ਕਹਾਣੀ ਦੀ ਪਾਤਰ ਰੇਣੂ ਵਿਦੇਸ਼ ਵਿਚ ਰਹਿ ਕੇ ਆਪਣੇ ਜੇਠ ਹਰਬੀਰ ਵਲ ਵਧੇਰੇ ਆਕਰਸਿ਼ਤ ਜਾਪਦੀ ਹੈ। ਇਹੀ ਕਾਰਣ ਹੈ ਕਿ ਉਹ ਉਸ ਦੇ ਪਰਿਵਾਰ ਨਾਲ ਈਰਖਾ ਰਖਦੀ ਹੈ ਤੇ ਉਨ੍ਹਾਂ ਦੇ ਕਿਸੇ ਵੀ ਸਮਾਰੋਹ ਵਿਚ ਸ਼ਾਮਿਲ ਨਹੀਂ ਹੁੰਦੀ। ਪਰ ਸੁਖਜਿੰਦਰ ਦਾ ਇਹ ਸੋਚਣਾ ਇਸ ਤੱਥ ਨੂੰ ਪ੍ਰਮਾਣਿਤ ਵੀ ਕਰਦਾ ਹੈ:-
ਉਸ ਦਾ ਦਿਲ ਕਰਦਾ ਕਿ ਉਹ ਰੇਣੂ ਨੂੰ ਆਖੇ:-“ਜਦੋਂ ਤੂੰ ਉਨ੍ਹਾਂ ਨੂੰ ਮਿਲਦੀ ਐਂ ਤਾਂ ਹਰਬੀਰ ਨਾਲ ਤਾਂ ਬਥੇਰੀਆਂ ਹੱਸ ਹੱਸ ਕੇ ਗੱਲਾਂ ਕਰਦੀ ਐਂ। ਉਦੋਂ ਤਾਂ ਉਹ ਤੈਨੂੰ ਬੁਰਾ ਨਹੀਂ ਲੱਗਦਾ?”

ਦੂਜਾ ਰੇਣੂ ਦਾ ਫੋਟੋ ਨਾਲ ਗੁੱਛਾਮੁਛਾ ਹੋਣਾ ਤੇ ਫਿਰ ਸੁਖਬੀਰ ਦੀ ਸੋਚ ਵਿਚ ਫੋਟੋ ਫਰੇਮ ਵਿਚੋਂ ਨਿਕਲ ਕੇ ਹਰਬੀਰ ਦਾ ਲਿਵਿੰਗ ਰੂਮ ਵਿਚ ਸਾਬਤ-ਸਬੂਤਾ ਆਣ ਖਲੋਣਾ। ਇਹ ਸਭ ਦ੍ਰਿਸ਼ ਇਸੇ ਤੱਥ ਨੂੰ ਉਜਾਗਰ ਕਰਦੇ ਹਨ। ਭਾਰਤੀ ਵਿਆਹ ਪ੍ਰਥਾ ਤੇ ਵੀ ਸਵਾਲ ਖੜ੍ਹਾ ਕੀਤਾ ਗਿਆ ਹੈ। ਇਥੇ ਲੜਕਾ–ਲੜਕੀ ਦੀ ਪਸੰਦ ਜਾਣੇ ਬਿਨਾ ਹੀ ਰਿਸ਼ਤੇ ਤੈਅ ਕਰ ਦਿੱਤੇ ਜਾਂਦੇ ਹਨ। ਰੇਣੂ ਨੂੰ ਹਮੇਸ਼ਾ ਹੀ ਅਜਿਹੇ ਬੰਦੇ ਦੀ ਤਲਾਸ਼ ਸੀ ਜਿਸ ਦਾ ਸੁਖਬੀਰ ਤੋਂ ਵੱਡਾ ਘਰ, ਬੈਂਕ-ਬੈਲੈਂਸ, ਵਧੀਆ ਵਸਤਾਂ ਤੇ ਉਸ ਦੇ ਸੁਪਨਿਆਂ ਵਿਚ ਆਉਣ ਵਾਲਾ ਸੋਹਣਾ ਸੁਨੱਖਾ ਮਨੁੱਖ ਜਿਸ ਦੇ ਸਹਾਰੇ ਰੇਣੂ ਆਪਣੇ ਰਿਸ਼ਤੇਦਾਰਾਂ ਨੂੰ ਇਥੇ ਮੰਗਵਾ ਸਕੇ। ਦੂਜੇ ਪਾਸੇ ਸੁਖਬੀਰ ਦੀ ਭਾਰਤੀ ਪਤਨੀ ਹੋਣ ਦੇ ਬਾਵਜੂਦ ਉਸ ਦੇ ਵਿਚਾਰਾਂ ਦੀ ਸਾਂਝੀਵਾਲ ਨਹੀਂ ਬਣ ਸਕੀ। ਸੁਖਬੀਰ ਵੀ ਅਜਿਹੀ ਸਾਥਣ ਚਾਹੁੰਦਾ ਸੀ ਜੋ ਉਸ ਦੀ ਇੱਕਲਤਾ ਨੂੰ ਭਰ ਸਕੇ ਤੇ ਉਸ ਦੀ ਜਿੰ਼ਦਗੀ ਨੂੰ ਰੁਸ਼ਨਾ ਸਕੇ। ਸੁਖਬੀਰ ਦੀ ਅਜਿਹੀ ਸੋਚ ਦਾ ਕਾਰਣ ਸ਼ਾਇਦ ਅਚੇਤ ਵਿਚ ਪਈ ਉਸ ਦੀ ਵੱਡੀ ਭਾਬੀ ਹੈ ਜਿਸ ਨੂੰ ਉਸ ਦਾ ਪਰਿਵਾਰ ਪਿੱਛੇ ਛੱਡ ਆਇਆ ਸੀ; ਜਿਸ ਪ੍ਰਤੀ ਸੁਖਬੀਰ ਨੂੰ ਅਥਾਹ ਹਮਦਰਦੀ ਸੀ। ਇਸੇ ਹੀਣਤਾ ਦੇ ਵੱਸ ਹੋ ਕੇ ਉਹ ਮਾਨਸਿਕ ਰੋਗ ਦਾ ਸਿ਼ਕਾਰ ਹੋਕੇ ਸਰਾਬ ਵਿਚ ਆਪਣੀ ਖੁਸ਼ੀ ਭਾਲਦਾ ਹੈ। ਸੁਖਬੀਰ ਦਾ ਭਰਾ ਸੁਖਜਿੰਦਰ ਪੱਛਮੀ ਹਾਲਤਾਂ ਨੂੰ ਅਪਣਾ ਕੇ ਗੋਰੀਆਂ ਦੇ ਸਾਥ ਵਿਚੋਂ ਸਤੁੰਸ਼ਟੀ ਭਾਲਦਾ ਹੈ, ਜਿਸ ਦਾ ਕਾਰਣ ਸਵਾਰਥ ਵੱਸ ਪੱਕੇ ਹੋਣਾ ਵੀ ਹੋ ਸਕਦਾ ਹੈ। ਇਕ ਵਾਰ ਅਜਿਹੇ ਵਿਚਾਰਾਂ ਨੂੰ ਅਪਣਾ ਲੈਣ ਤੋਂ ਬਾਦ ਮੁੜਣਾ ਮੁਸ਼ਕਿਲ ਹੀ ਨਹੀ ਅਸੰਭਵ ਵੀ ਹੁੰਦਾ ਹੈ।

ਇਹ ਉਸ ਪਰਿਵਾਰ ਲਈ ਸਜਾ ਵੀ ਹੋ ਸਕਦੀ ਹੈ ਜਿਸ ਨੇ ਆਪਣੀ ਸਵਾਰਥੀ ਮਨੋਬਿਰਤੀ ਦੇ ਕਾਰਣ ਜਾਂ ਮਜਬੂਰੀ ਵੱਸ ਇਥੇ ਉਸ ਨੂੰ ਭੇਜਿਆ ਸੀ । ਇਹ ਸੱਚ ਹੈ ਕਿ ਮਨੁੱਖ ਆਪਣਾ ਘਰ-ਘਾਟ ਤਿਆਗ ਕੇ ਕਿਸੇ ਅਣਡਿੱਠੇ ਸੰਸਾਰ ਵੱਲ ਮੂੰਹ ਹੀ ਆਪਣੇ ਹਾਲਾਤ ਤੋਂ ਅਸੰਤੁਸ਼ਟ ਹੋ ਕੇ ਕਰਦਾ ਹੈ ਜਾਂ ਫਿਰ ਇੱਛਿਤ ਸਥਾਨ ਤੋਂ ਬਹੁਤ ਵੱਡੀਆਂ ਆਸ਼ਾਂਵਾਂ ਕਰਕੇ ਕਰਦਾ ਹੈ । ਇਨ੍ਹਾਂ ਮਨੋਭਾਵਾਂ ਦੀ ਕੀ ਕੀਮਤ ਦੇਣੀ ਪਵੇਗੀ ਇਹ ਸ਼ਾਇਦ ਉਸ ਨੂੰ ਨਹੀਂ ਪਤਾ ਹੁੰਦਾ।

ਸੁਖਜਿੰਦਰ ਦੇ ਮਾਂ-ਬਾਪ ਵਿਦੇਸ਼ ਵਿਚ ਆਪਣੇ ਵੱਡੇ ਪੁੱਤਰ ਦੇ ਆਸਰੇ ਜਿ਼ੰਦਗੀ ਕੱਟਦੇ ਹਨ ਤੇ ਇਸ ਕਾਰਣ ਉਸ ਦੀ ਹਰ ਗੱਲ ਨੂੰ ਨਜ਼ਰ ਅੰਦਾਜ਼ ਵੀ ਕਰ ਦਿੰਦੇ ਹਨ। ਇਸ ਤਰ੍ਹਾਂ ਇਨ੍ਹਾਂ ਰਿਸ਼ਤਿਆਂ ਨੂੰ ਬਣਾਉਣ ਵਾਲੇ ਭਾਵਾਂ ਵਿਚਾਰਾਂ ਤੇ ਹੋਰ ਪੁੱਛ ਪ੍ਰਤੀਤ ਨੂੰ ਕੋਈ ਥਾਂ ਪ੍ਰਾਪਤ ਨਹੀਂ ਹੁੰਦੀ, ਬਲਕਿ ਮੰਡੀ ਦਾ ਅਸੂਲ ਹੀ ਇੱਥੇ ਲਾਗੂ ਹੁੰਦਾ ਹੈ। ਮਾਰਕਸ ਨੇ ਠੀਕ ਹੀ ਕਿਹਾ ਹੈ ਪੂੰਜੀ ਬੰਦੇ ਨੂੰ ਇਕ ਵਸਤ ਦੇ ਰੂਪ ਵਿਚ ਤਬਦੀਲ ਕਰ ਦਿੰਦੀ ਹੈ। ਉਸ ਲਈ ਸੂਖਮ ਤੋਂ ਸੂਖਮ ਭਾਵ ਵੀ ਇਕ ਵਸਤ ਹੀ ਹੁੰਦਾ ਹੈ। ਇਸ ਕਹਾਣੀ ਦਾ ਸੱਚ ਵੀ ਸ਼ਾਇਦ ਇਹੋ ਹੀ ਹੈ।

ਜਿੱਥੋਂ ਤਕ ਰਿਸ਼ਤਿਆਂ ਦਾ ਸੰਬੰਧ ਹੈ ਸ਼ਾਇਦ ਸਭ ਤੋਂ ਘਾਟੇ ਵਾਲੀ ਹਾਲਤ ਪੰਜਾਬੀ ਬਜ਼ੁਰਗਾਂ ਦੀ ਹੈ, ਬਹੁਤ ਸਾਰੇ ਬਜ਼ੁਰਗ ਬਾਹਰ ਆਉਣ ਦੀ ਆਸ ਵਿਚ ਆਪਣਾ ਬਹੁਤ ਕੁਝ ਦਾਅ ਤੇ ਲਾਉਂਦੇ ਹਨ, ਇਸ ਕਰਕੇ ਉਹ ਸਾਰਾ ਦੁਖ ਝੱਲਦੇ ਹਨ ਤੇ ਉੱਥੇ ਦੀਆਂ ਸਹੂਲਤਾਂ ਵੀ ਲੈਂਦੇ ਹਨ ਪਰ ਆਖਰੀ ਪਹਿਰ ਜੋ ਪੁੱਤਾਂ ਵਿਚ ਬਹਿ ਕੇ ਜਿ਼ੰਦਗੀ ਦਾ ਸੁੱਖ ਮਾਨਣ ਦਾ ਸੁਪਨਾ ਹੈ ਉਹ ਸਚਮੁੱਚ ਸੁਪਨਾ ਹੀ ਹੋ ਕੇ ਰਹਿ ਜਾਂਦਾ ਹੈ। ਇਹ ਸਭ ਕੁਝ ਸਵਾਰਥੀ ਜਿ਼ੰਦਗੀ ਜਿਉਣ ਵਾਲੇ ਸਮਾਜ ਦੇ ਕਾਰਣ ਅਤੇ ਪੈਸੇ ਦੀ ਪ੍ਰਧਾਨਤਾ ਦੇ ਕਾਰਣ ਹੁੰਦਾ ਹੈ। ਪਰਵਾਸੀ ਪੰਜਾਬੀ ਦੇ ਰਿਸ਼ਤਿਆਂ ਵਿਚ ਬਦਲਾਉ ਵਾਪਰਦਾ ਹੈ। ਪਤੀ-ਪਤਨੀ, ਮਾਪੇ-ਬੱਚੇ, ਭੈਣ-ਭਰਾ ਆਦਿ ਰਿਸ਼ਤੇ ਪੰਜਾਬੀ ਭਾਈਚਾਰਕ ਰਿਸ਼ਤਿਆਂ ਵਾਲਾ ਨਿੱਘ ਗੁਆ ਚੁੱਕੇ ਹਨ ਕਿਉਂਕਿ ਪੂੰਜੀਵਾਦੀ ਦੇਸ਼ ਵਿਚ ਪ੍ਰਮਖੱਤਾ ਪੈਸੇ ਨੂੰ ਹੀ ਹਾਸਲ ਹੈ ਬਾਕੀ ਸਭ ਕੁਝ ਗੌਣ ਹੈ। ਸੱਚ ਇਹ ਵੀ ਹੈ ਕਿ ਪੱਛਮ ਵਿਚ ਜੰਮੀ-ਪਲ਼ੀ ਪਰਵਾਸੀਆਂ ਦੀ ਦੂਜੀ ਪੀੜ੍ਹੀ ਦੀ ਔਰਤ ਦਾ ਪੰਜਾਬੀ ਮਰਦ ਨਾਲ ਰਿਸ਼ਤਾ ਅਣਜੋੜ ਹੈ। ਅਗਰ ਪਰਵਾਸੀ ਪੰਜਾਬੀ ਮਾਪੇ ਅਜਿਹੇ ਰਿਸ਼ਤਿਆਂ ਨੂੰ ਪਰਵਾਨਗੀ ਦਿੰਦੇ ਹਨ ਤਾਂ ਉਹ ਖੁਦ ਹੀ ਤ੍ਰਾਸਦੀ ਦਾ ਕਾਰਣ ਬਣ ਜਾਂਦੇ ਹਨ। ਜਿਵੇਂ ਸ਼ਮਿੰਦਰ ਆਖਦੀ ਹੈ:-

“ਇਹ ਇੰਡੀਆ ਤਾਂ ਹੈ ਨੀਂ, ਜਿਥੇ ਸੱਸ ਸਹੁਰੇ ਦੇ ਰੋਹਬ ਹੇਠਾਂ ਸਾਹ ਲੈਣਾ ਪਊ। ਇੱਥੇ ਤਾਂ ਅਸੀਂ ਉਨ੍ਹਾਂ ਨੂੰ ਰੋਟੀ ਖਵਾਉਂ਼ਦੇ ਹਾਂ। ਇਹ ਵੀ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।” ਇਸ ਤਰ੍ਹਾਂ ਰਿਸ਼ਤਿਆਂ ਦੀ ਟੁੱਟ-ਭੱਜ ਦਾ ਸੰਤਾਪ ਅਜਿਹੇ ਮਾਪਿਆਂ ਨੂੰ ਭੋਗਣਾ ਹੀ ਪੈਂਦਾ ਹੈ।

ਇਸ ਤਰ੍ਹਾਂ ਇਸ ਕਹਾਣੀ ਵਿਚ ਪੇਸ਼ ਰਿਸ਼ਤਿਆਂ ਦੀ ਤ੍ਰਾਸਦੀ ਲਈ ਪੂੰਜੀਵਾਦੀ ਪ੍ਰਬੰਧ ਦਾ ਅਮਾਨਵੀ ਵਰਤਾਰਾ ਹੀ ਕਾਰਜ਼ਸੀਲ ਨਜ਼ਰ ਆਉਂਦਾ ਹੈ। ਇਹ ਵਿਦੇਸੀ ਮੁਲਕ ਮਿੱਠੇ ਜ਼ਹਿਰ ਦੇ ਸਮਾਨ ਹੈ ਜਿਹੜਾ ਖਾਂਦਾ ਹੈ ਉਹ ਵੀ ਪਛਤਾਉਂਦਾ ਹੈ ਅਤੇ ਜਿਹੜਾਂ ਨਹੀਂ ਖਾਂਦਾਂ ਉਹ ਵੀ ਪਛਤਾਉ਼ਂਦਾ ਹੈ। ਸੁਖੀ ਜੀਵਨ ਜਿਉਣ ਦਾ ਹੱਕ ਹਰ ਇਨਸਾਨ ਦਾ ਹੈ। ਇਸ ਤਰ੍ਹਾਂ ਪੱਛਮੀ ਦੇਸ਼ਾਂ ਵਿਚ ਆ ਕੇ ਬੰਦੇ ਬਦਲ ਚੁੱਕੇ ਹਨ। ਇਨ੍ਹਾਂ ਮੁਲਕਾਂ ਵਿਚ ਰਿਸ਼ਤੇ ਦੀ ਕੋਈ ਕਦਰ ਨਹੀਂ। ਜਿਸ ਨੇ ਮੰਗਵਾਇਆ ਹੈ ਉਸੇ ਦਾ ਪਲੜਾ ਭਾਰੀ ਹੋ ਜਾਂਦਾ ਹੈ। ਇਥੇ ਹਰ ਬਜ਼ੁਰਗ ਦੇ ਦੁੱਖ ਸਾਂਝੇ ਹਨ। ਹਰ ਇਕ ਨੂੰ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਨਾ ਪੈਂਦਾ ਹੈ਼। ਇਸ ਤਰ੍ਹਾਂ ਹਰ ਮਨੁੱਖ ਇਥੇ ਆਪਣੇ ਜਿਉਣ ਦਾ ਸਾਧਨ ਲੱਭ ਲੈਂਦਾ ਹੈ। ਅਸਲੀਅਤ ਸ਼ਾਇਦ ਅਸੀਂ ਭੁੱਲਦੇ ਹਾਂ। ਸਾਡੇ ਬਜ਼ੁਰਗਾਂ ਦੀ ਹਾਲਤ ਕੇਵਲ ਵਿਦੇਸ਼ਾਂ ਵਿਚ ਹੀ ਨਹੀਂ ਭਾਰਤ ਵਿਚ ਵੀ ਇਸ ਦੇ ਨਾਲ ਮਿਲਦੀ ਜੁਲਦੀ ਹੈ। ਵਿਦੇਸ਼ ਦੀ ਧਰਤੀ ਤਾਂ ਉਨ੍ਹਾਂ ਨੂੰ ਫਿਰ ਕੰਮ ਦੇ ਦਿੰਦੀ ਹੈ। ਜੋ ਕੰਮ ਕਰਨ ਦੇ ਕਾਬਲ ਨਹੀਂ ਉਨ੍ਹਾਂ ਨੂੰ ਪੈਨਸ਼ਨ ਮਿਲ ਜਾਂਦੀ ਹੈ ਪਰ ਭਾਰਤ ਵਿਚ ਤਾਂ ਸ਼ਾਇਦ ਇਹ ਵੀ ਅਜੇ ਪੂਰੀ ਤਰ੍ਹਾਂ ਸੰਭਵ ਨਹੀਂ। ਲੇਖਿਕਾ ਨੇ ਇਸ ਕਹਾਣੀ ਵਿਚ ਇਹ ਵੀ ਦੱਸਿਆ ਹੈ ਕਿ ਗੋਰੇ ਸਮਾਜ ਵਿਚ ਅਜਿਹੇ ਲੋਕ ਵੀ ਹਨ ਜੋ ਆਪਣੇ ਬਿਗਾਨੇ ਦੀ ਕਸਵੱਟੀ ਤੇ ਵੀ ਖਰੇ ਨਹੀਂ ਉਤਰਦੇ। ਇੱਥੇ ਬੇਗਾਂਿਨਆਂ ਨਾਲ ਵੀ ਸਾਂਝ ਪਾਈ ਜਾ ਸਕਦੀ ਹੈ ਵਰਗ ਦੇ ਆਧਾਰ ਤੇ। ਇਸੇ ਤਰ੍ਹਾਂ ਹੀ ਵਿਵਸਥਾ ਤੇ ਅਮਾਨਵੀ ਸਥਿਤੀ ਦੇ ਵਿਰੁੱਧ ਸੰਘਰਸ਼ ਲੜਿਆ ਜਾ ਸਕਦਾ ਹੈ ਅਤੇ ਮਾਨਵੀ ਕਦਰਾਂ ਕੀਮਤਾਂ ਨੂੰ ਜਿਉਂਦੇ ਰੱਖਿਆ ਜਾ ਸਕਦਾ ਹੈ।

ਹਰ ਮੁਲਕ ਦੇ ਸਭਿਆਚਾਰ ਵਾਂਗ ਪੱਛਮੀ ਸੰਸਕ੍ਰਿਤੀ ਦੇ ਕੁਝ ਚੰਗੇ ਪਹਿਲੂ ਵੀ ਹਨ ਤੇ ਕੁਝ ਮਾੜੇ ਵੀ। ‘ਬੰਦੀ’ ਕਹਾਣੀ ਇਹ ਤੱਥ ਉਜਾਗਰ ਕਰਦੀ ਹੈ ਕਿ ਜੀਵਨ ਵਿਚ ਬੇਮਕਸਦ ਹੋ ਜਾਣਾ ਬੰਦੇ ਦੀ ਮੌਤ ਹੁੰਦੀ ਹੈ ਕਿਉ਼ਕਿ ਹਰ ਵਿਅਕਤੀ ਦੇ ਜੀਵਨ ਜਿਉਣ ਦੇ ਪਿੱਛੇ ਇਕ ਮਕਸਦ ਅਵੱਸ਼ ਕਾਰਜਸ਼ੀਲ ਹੁੰਦਾ ਹੈ। ਉਸ ਮਕਸਦ ਨਾਲ ਜੁੜ ਕੇ ਹੀ ਜੀਵਨ ਦੇ ਅਰਥ ਬਣਦੇ ਹਨ। ਪੱਛਮ ਦੀ ਮਸ਼ੀਨੀ ਸਭਿਅਤਾ ਨੇ ਮਨੁੱਖ ਨੂੰ ਮਨੁੱਖ ਦੀ ਹਰ ਮਾਨਸਿਕ ਲੋੜ ਤੋਂ ਵੰਚਿਤ ਕਰ ਦਿੱਤਾ ਹੈ। ਉਹ ਇਕ ਜਿਉਂਦੀ ਜਾਗਦੀ ਮਸ਼ੀਨ ਬਣ ਕੇ ਰਹਿ ਗਿਆ ਹੈ। ਕਹਾਣੀਕਾਰ ਨੂੰ ਪੱਛਮੀ ਤੇ ਪੂਰਬੀ ਦੋਵਾਂ ਸਭਿਆਚਾਰਾਂ ਵਿਚ ਹੀ ਕਾਫ਼ੀ ਸਮਾਜਕ ਤੇ ਮਾਨਸਿਕ ਭੈੜਾਂ ਦਿਖਾਈ ਦਿੰਦੀਆਂ ਹਨ। ਪੱਛਮੀ ਸਮਾਜ ਵਿਚ ਨੈਤਿਕ ਕਦਰਾਂ ਕੀਮਤਾਂ ਦਾ ਪੈਟਰਨ ਧੰਨ ਸੰਪਤੀ ਦੁਆਲੇ ਘੁੰਮਦਾ ਹੈ, ਜਿਸ ਵਿਚੋਂ ਪ੍ਰਤਿਯੋਗਤਾ ਦੀ ਬਿਰਤੀ ਦਾ ਜਨਮ ਹੁੰਦਾ ਹੈ। ਇਹ ਬਿਰਤੀ ਮਨੁੱਖ ਨੂੰ ਵਿਅਕਤੀਵਾਦੀ ਬਣਾਉਂਦੀ ਹੈ ਤੇ ਪਰਾਏਪਣ ਨੂੰ ਜਨਮ ਦਿੰਦੀ ਹੈ, ਜਿਸ ਨਾਲ ਮਨੁੱਖ ਦੀ ਮਨੁੱਖਤਾ ਦਾ ਦਿਨੋ ਦਿਨ ਹਰਾਸ ਹੋ ਰਿਹਾ ਹੈ।

ਸਮਾਜ ਵਿਚ ਨਵੀਂ ਤਕਨਾਲੋਜੀ ਦੇ ਵਿਕਾਸ ਸਦਕਾ ਬੇਸ਼ੁਮਾਰ ਸੰਚਾਰ ਸਾਧਨਾਂ ਦੀ ਪ੍ਰਾਪਤੀ ਦੇ ਬਾਵਜੂਦ ਮਨੁੱਖ ਦਾ ਦੂਸਰੇ ਮਨੁੱਖ ਨਾਲ ਸੰਚਾਰ ਦਿਨੋ-ਦਿਨ ਘਟਦਾ ਘਟਦਾ ਨਾਮਾਤਰ ਰਹਿ ਗਿਆ ਹੈ। ਪੱਛਮੀ ਸਮਾਜ ਵਿਚ ਪਰਿਵਾਰ ਨਾਂ ਦੀ ਚੀਜ਼ ਦਿਨੋ-ਦਿਨ ਖਾਤਮੇ ਵੱਲ ਜਾ ਰਹੀ ਹੈ। ਕਨੇਡਾ ਦੀ ਜਿੰ਼ਦਗੀ ਇੰਨੀ ਰੁਝੀ ਹੋਈ ਹੈ ਕਿ ਇਸ ਵਿਚ ਫੱਸਿਆ ਬੰਦਾ ਸਭ ਕੁਝ ਭੁੱਲ ਜਾਂਦਾ ਹੈ। ਆਰਥਿਕ ਗਧੀਗੇੜ ਵਿਚ ਪਿਆ ਮਨੁੱਖ ਸਿਰਫ ਪੈਸਾ ਉਤਪੰਨ ਕਰਨ ਵਾਲੀ ਮਸ਼ੀਨ ਬਣ ਕੇ ਰਹਿ ਜਾਂਦਾ ਹੈ। ਬਤੌਰ ਮਨੁੱਖ ਉਸਦੀਆਂ ਖੁਸ਼ੀਆਂ-ਗ਼ਮੀਆਂ, ਭਰਪੂਰ ਜਿ਼ੰਦਗੀ ਜਿਉਣ ਦਾ ਸੁਪਨਾ ਇਕ ਇਕ ਕਰਕੇ ਬਿਖਰ ਜਾਂਦਾ ਹੈ। । ਕਹਾਣੀ ਦੀ ਨਾਇਕਾ ਸਿਲਵੀਆ ਆਪਣੇ ਪਤੀ ਤੇ ਬੱਚਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੈ। ਵਧੇਰੇ ਸੰਵੇਦਨਸ਼ੀਲ ਵਿਅਕਤੀ ਲਈ ਤਾਂ ਵਿਤੋਂ ਬਾਹਰਾ ਸਰੀਰਕ ਕੰਮ ਵੀ ਉਸ ਨੂੰ ਮਾਰਨ ਦੇ ਬਰਾਬਰ ਹੁੰਦਾ ਹੈ। ਹੱਡ ਭੰਨਵੀਂ ਮਿਹਨਤ ਉਸ ਦੀ ਸੁੱਧ-ਬੁੱਧ ਭੁਲਾਈ ਰੱਖਦੀ ਹੈ। ਦੂਜਾ ੁਮੁੜਕੇ ਕੰਮ ਤੇ ਜਾਣ ਦਾ ਫਿ਼ਕਰ ਰਾਤ ਨੂੰ ਲੋੜੀਂਦੀ ਨੀਂਦ ਵੀ ਨਹੀਂ ਆਉਣ ਦਿੰਦਾ। ਲੋੜੋਂ ਵੱਧ ਸਖ਼ਤ ਮਿਹਨਤ ਵਿਅਕਤੀ ਦੇ ਸਰੀਰ ਨੂੰ ਤੇ ਦਿਲ ਦਿਮਾਗ ਨੂੰ ਉੱਕਾ ਹੀ ਨਕਾਰਾ ਕਰ ਦਿੰਦੀ ਹੈ। ਕਹਾਣੀ ਦੀ ਨਾਇਕਾ ਦੇ ਜੀਵਨ ਦਾ ਬਹੁਤਾ ਭਾਗ ਬੱਚਿਆਂ ਵਿਚ ਹੀ ਖਚਿਤ ਹੋ ਕੇ ਰਹਿ ਜਾਂਦਾ ਹੈ। ਸੱਚ ਹੈ ਕਿ ਮਾਂ ਭਾਵੇਂ ਕਿਸੇ ਦੇਸ਼ ਦੀ ਹੋਵੇ ਮਾਂ ਸਿਰਫ਼ ਮਾਂ ਹੁੰਦੀ ਹੈ। ਸਿਲਵੀਆ ਦੇ ਅੰਦਰ ਤਾਂ ਆਪਣੇ ਪਤੀ ਮੈਰਿਓ ਦਾ ਸੁਪਨਾ ਪੂਰਾ ਕਰਨ ਦੀ ਚਿੰਤਾ ਹੈ। ਇਸੇ ਲਈ ਸੁਪਨੇ ਵਿਚ ਵੀ ਉਹ ਉਸ ਨਾਲ ਕੀਤੇ ਕਰਾਰ ਨੂੰ ਦੁਹਰਾਉਂਦੀ ਹੈ। ਉਸ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਉਹ ਕੰਮ ਵਿਚ ਇੰਨੀ ਰੁਝ ਜਾਂਦੀ ਹੈ ਕਿ ਉਸ ਨੂੰ ਆਪਣੇ ਆਪ ਦਾ ਵੀ ਖ਼ਿਆਲ ਨਹੀਂ ਰਹਿੰਦਾ। ਅਜਿਹਾ ਕਰਦੀ ਉਹ ਆਪਣੇ ਬੱਚਿਆਂ ਦੇ ਕੋਲੋਂ ਦੂਰ ਹੋ ਰਹੀ ਸੀ ।

ਦੂਜੇ ਪਾਸੇ ਬਿਰਤਾਂਤਕਾਰ ‘ਮੈਂ’ ਦਾ ਪਤੀ ਹਰਦੇਵ ਆਪਣੀਆਂ ਜਿ਼ੰਮੇਵਾਰੀਆਂ ਤੋਂ ਕਤਰਾਉਂਦਾ ਡੇਵਿਡ ਨਾਂ ਦੇ ਮਰਦ ਨਾਲ ਹੀ ਸੰਬੰਧ ਬਣਾ ਲੈਂਦਾ ਹੈ। ਇਸ ਪ੍ਰਕਾਰ ਕਈ ਵਾਰ ਇਸ ਮੁਲਕ ਵਿਚ ਪਲੇ਼ ਬੰਦੇ ਦੋਹਰੀ ਜਿੰ਼ਦਗੀ ਦੀ ਮਾਰ ਹੇਠਾਂ ਜਿਉਂਦੇ ਹਨ। ਹਰਦੇਵ ‘ਮੈਂ’ ਪਾਤਰ ਨਾਲ ਇਕ ਦਿਨ ਵੀ ਜਿੰ਼ਦਗੀ ਦਾ ਸਾਂਝਾ ਨਹੀਂ ਸੀ ਕਰ ਸਕਿਆ। ਉਸ ਨੂੰ ਇੰਡੀਆ ਤੋਂ ਮੰਗਵਾ ਲਿਆ ਤੇ ਘਰ ਵਾਲਿਆਂ ਦੀ ਖੁਸ਼ੀ ਖਾਤਰ ਵਿਆਹ ਕਰਵਾ ਕੇ ਇਕ ਬੱਚੇ ਦੀ ਅਤੇ ਆਪਣੇ ਮਾਂ ਬਾਪ ਦੀ ਜਿੰ਼ਮੇਵਾਰੀ ਦੇ ਕੇ ਖੁਦ ਦੁਨੀਆਂ ਤੋਂ ਤੁਰ ਗਿਆ। ਇਸ ਤਰ੍ਹਾਂ ਪੂਰਬੀ ਤੇ ਪੱਛਮੀ ਕਦਰਾਂ ਕੀਮਤਾਂ ਟਕਰਾਅ ਵਿਚ ਰਹਿੰਦੀਆਂ ਹਨ । ਭਾਰਤ ਦੀ ਔਰਤ ਓਧਰ ਜੰਮੇ-ਪਲੇ ਬੱਚੇ ਨੂੰ ਨਾ ਤਾਂ ਆਪਣੇ ਪਿੱਛੇ ਨਾਲ ਜੋੜ ਸਕਦੀ ਹੈ ਤੇ ਨਾ ਹੀ ਉਹ ਉਧਰ ਦੇ ਸਮਾਜ ਵਿਚ ਆਪਣੇ ਬੱਚੇ ਨੂੰ ਵਿਚਰਦਾ ਵੇਖ ਸਕਦੀ ਹੈ। ਪਰ ਸੱਚ ਹੈ ਕਿ ਕੇਵਲ ਅਸੀਂ ਹੀ ਆਪਣੇ ਸਭਿਆਚਾਰ ਦੀ ਫਿਕਰ ਨਹੀਂ ਕਰਦੇ ਸਗੋਂ ਆਪਣੇ ਸਭਿਆਚਾਰ ਪ੍ਰਤੀ ਓਧਰ ਦੀ ਧਿਰ ਵੀ ਪੂਰੀ ਤਰ੍ਹਾਂ ਚਿੰਤਤ ਨਜ਼ਰ ਆਉਂਦੀ ਹੈ। ਇਹੋ ਇਸ ਕਹਾਣੀ ਦਾ ਅਸਲ ਸਰੋਕਾਰ ਹੈ। ਫ਼ਰਕ ਕੇਵਲ ਸੋਚ ਦਾ ਹੈ। ਵਿਦੇਸ਼ਾਂ ਵਿਚ ਲੰਬੀਆਂ ਸੈਰਾਂ ਕਰਨ, ਨਵੇਂ ਵਾਤਾਵਰਣ ਵਿਚ ਸਮਾਂ ਬਤੀਤ ਕਰਨ, ਨਵੇਂ ਸਮਾਜ ਵਿਚ ਕਾਰਜ਼ਸੀਲ ਹੋਣ ਦੇ ਬਾਵਜੂਦ, ਉਨ੍ਹਾਂ ਨੇ ਪਰਾਈਆਂ ਧਰਤੀਆਂ ਤੋਂ ਬਹੁਤਾ ਕੁਝ ਗ੍ਰਹਿਣ ਕਰਨ ਦਾ ਯਤਨ ਨਹੀਂ ਕੀਤਾ, ਸਗੋਂ ਆਪਣੇ ਆਪ ਨੂੰ ਸੀਮਤ ਘੇਰੇ ਵਿਚ ਅਤੇ ਖੜੋਤ ਵਿਚ ਰੱਖਣ ਦੀ ਨੀਤੀ ਅਪਣਾਈ ਹੈ। ਫਰ ਇਹ ਨੀਤੀ ਨਵੀਂ ਪੀੜ੍ਹੀ ਨੁੂੰ ਪ੍ਰਵਾਨ ਨਹੀਂ। ਉੱਥੇ ਦੀ ਪੀੜ੍ਹੀ ਦਾ ਮੰਨਣਾ ਹੈ ਕਿ ਮਨੁੱਖ ਨੂੰ ਕੇਵਲ ਆਪਣੇ ਆਪ ਵਾਸਤੇ ਜੀਣਾ ਚਾਹੀਦਾ ਹੈ। ਅੱਜ ਨੂੰ ਮਾਣੋ, ਕਲ੍ਹ ਦੀ ਗੱਲ ਨਾ ਕਰੋ। ਦੁਨੀਆਂ ਨੂੰ ਖੁਸ਼ ਕਰੋਗੇ ਤਾਂ ਮਾਰ ਖਾਵੋਗੇ। ਆਪਣੀ ਸਫ਼ਲਤਾ ਨੂੰਂ ਆਪਣੇ ਬੱਚਿਆਂ ਦੀ ਪ੍ਰਾਪਤੀ ਵਿਚ ਨਾਪੋ, ਉਸ ਦੀ ਦਿੱਖ ਵਿਚ ਨਹੀਂ। ਜਿ਼ੰਦਗੀ ਦੇ ਸਹੀ ਅਰਥ ਵੀ ਇਹੋ ਹਨ। ਇਸੇ ਕਰਕੇ ਦੋਹਾਂ ਔਰਤਾਂ ਦਾ ਨਜ਼ਰੀਆਂ ਆਪਣਿਆਂ ਬੱਚਿਆਂ ਪ੍ਰਤੀ ਤੇ ਪਤੀ ਪ੍ਰਤੀ ਵੱਖਰਾ ਹੈ। ਵੱਖਰੇ ਹੋਣ ਦੇ ਬਾਵਜੂਦ ਬਿਰਤਾਂਤਕਾਰਾ ਨੂੰ ਖਿਚ ਪਾਉਂਦੇ ਹਨ। ਇਸ ਤਰ੍ਹਾਂ ਕਹਾਣੀਕਾਰਾ ਪੰਜਾਬੀ ਤੇ ਪੱਛਮੀ ਸਭਿਆਚਾਰ ਪ੍ਰਸੰਗ ਵਿਚ ਇਸਦੇ ਵੱਖ-ਵੱਖ ਪ੍ਰਭਾਵਾਂ ਨੂੰ ਅੰਕਿਤ ਕਰਦੀ ਹੈ।

ਕਨੇਡਾ ਜਿਹੇ ਵਿਕਸਿਤ ਸਮਾਜ ਵਿਚ ਹੋਰਨਾਂ ਸਮਾਜਾਂ ਵਾਂਗ ਲੋਕ ਇਕੋ ਜਿਹੇ ਨਹੀਂ ਹਨ। ਗੋਰੇ ਸਮਾਜ ਵਿਚ ਚੰਗੇ ਲੋਕ ਵੀ ਹਨ ਤੇ ਬੁਰੇ ਵੀ ਜਿੰਨ੍ਹਾ ਵਿਚੋਂ ਉਨ੍ਹਾਂ ਦੀ ਮਾਨਵਤਾ ਮਰ ਚੁੱਕੀ ਹੈ। ਕੇਵਲ ਸਵਾਰਥ ਹੀ ਬਾਕੀ ਹੈ। ਪੱਛਮ ਵਿਚ ਵੀ ਅਜਿਹੇ ਲੋਕਾਂ ਦੀ ਕਮੀ ਨਹੀਂ ਜੋ ਔਰਤ ਨੂੰ ਕੇਵਲ ਆਪਣੀ ਜਾਇਦਾਦ ਦੀ ਸਮਝਦੇ ਹਨ ਤੇ ਉਸ ਉੱਤੇ ਜ਼ੁਲਮ ਕਰਦੇ ਹਨ ਅਤੇ ਅਜਿਹੇ ਲੋਕ ਵੀ ਹਨ ਜੋ ਸੁਤੰਤਰ ਵਿਚਾਰਾਂ ਦੇ ਧਾਰਣੀ ਹਨ। ਉਹ ਸ਼ੱਕੀ ਕਿਸਮ ਦੇ ਸੁਭਾਅ ਨੂੰ ਇੱਜ਼ਤ ਦਾ ਨਾਂ ਨਹੀਂ ਦਿੰਦੇ। ਕਹਾਣੀ ‘ਹਿਰਾਸਤ’ਵੀ ਅਜਿਹੇ ਤੱਥ ਉਜਾਗਰ ਕਰਦੀ ਹੈ। ਜੈਕ ਬਿਰਤਾਂਤਕਾਰ ਨੂੰ ਕਾਫ਼ੀ ਹਾਊਸ ਵਿਚ ਬੈਠਣ ਵਾਲਾ ਸਭ ਤੋਂ ਆਕਰਸਿ਼ਤ ਜਾਪਦਾ ਹੈ ਪਰ ਜਦੋਂ ਉਸ ਨੂੰ ਉਸ ਦੀ ਅਸਲੀਅਤ ਦਾ ਪਤਾ ਲੱਗਦਾ ਹੈ ਉਹ ਆਪਣੀ ਸੋਚ ਤੇ ਸ਼ਰਮਿੰਦਾ ਹੁੰਦੀ ਹੈ ਕਿਉਂਕਿ ਉਹ ਆਪਣੇ ਪਤੀ ਅਜੀਤ ਨੂੰ ਆਪਣੀ ਸ਼ੱਕੀ ਸੋਚ ਕਾਰਨ ਗੁਆ ਚੁੱਕੀ ਸੀ। ਹਰ ਜ਼ੁਲਮ ਦੀ ਇਕ ਹੱਦ ਹੁੰਦੀ ਹੈ। ਜਦੋਂ ਜੈਕ ਦੀ ਪਤਨੀ ਉਸ ਦੇ ਜ਼ੁਲਮਾਂ ਤੋਂ ਅੱਕ ਜਾਂਦੀ ਹੈ ਤਾਂ ਉਸ ਦੇ ਅੰਦਰ ਦਾ ਜਵਾਲਾਮੁਖੀ ਫੱਟ ਜਾਂਦਾ ਹੈ ਤੇ ਉਹ ਆਪਣੇ ਪਤੀ ਦਾ ਸਿਰ ਧੜ ਨਾਲੋਂ ਵੱਖ ਕਰ ਦਿੰਦੀ ਹੈ। ਇਸ ਕਹਾਣੀ ਤੋਂ ਪਤਾ ਲਗਦਾ ਹੈ ਕਿ ਔਰਤ ਕਿਸੇ ਵੀ ਦੇਸ਼ ਦੀ ਹੋਵੇ ਅੱਜ ਵੀ ਹਾਸ਼ੀਏ ਤੇ ਜੀਵਨ ਗੁਜ਼ਾਰ ਰਹੀ ਹੈ। ਭਾਵੇਂ ਉਹ ਵਿਦੇਸ਼ ਰਹਿੰਦੀ ਹੈ ਤੇ ਭਾਵੇਂ ਭਾਰਤ ਵਿਚ ਉਸ ਦੀ ਸਥਿਤੀ ਵਿਚ ਕਿਧਰੇ ਵੀ ਤਬਦੀਲੀ ਨਹੀਂ ਆਈ।

ਸਮਾਜਕ ਵਿਵਸਥਾ ਤੇ ਉਸ ਵਿਵਸਥਾ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਪਦਾਰਥਕ ਸਹੂਲਤਾਂ ਦੀ ਆਦਮੀ ਨੂੰ ਬਹੁਤ ਵੱਡੀ ਕੀਮਤ ਦੇਣੀ ਪੈਂਦੀ ਹੈ। ਪਰ ਹਰ ਆਦਮੀ ਦਾ ਇਕ ਆਪਣਾ ਇਕ ਸਵੈਮਾਣ ਹੁੰਦਾ ਹੈ। ਭਾਰਤੀ ਪਰਿਵਾਰ ਆਪਣੇ ਘਰੋਂ ਗਏ ਇਕ ਹੀ ਬੰਦੇ ਦੇ ਵਿਦੇਸ਼ ਜਾਣ ਨਾਲ ਸਾਰੇ ਘਰ ਦੀ ਕਾਇਆ ਪਲਟ ਦੀ ਆਸ ਰੱਖਦੇ ਹਨ। ਪਰ ਸੱਚ ਤਾਂ ਇਹ ਹੈ ਕਿ ਜਦੋਂ ਮਨੁੱਖ ਆਪਣਾ ਘਰ ਤਿਆਗ ਕੇ ਦੂਜੇ ਮੁਲਕ ਵਿਚ ਆਉਂਦਾ ਹੈ ਤਾਂ ਇਕ ਤਰ੍ਹਾਂ ਦੀ ਗ਼ੁਲਾਮੀ ਵਾਲੀ ਜਿ਼ੰਦਗੀ ਹੀ ਜਿਉਂਦਾ ਹੈ। ਜਿਹੜੀ ਧਿਰ ਉਸ ਨੂੰ ਬੁਲਾਉ਼ਂਦੀ ਹੈ ਉਹ ਉਸ ਨੂੰ ਮੰਡੀ ਵਿਚੋਂ ਖਰੀਦਿਆ ਖਿਡੌਣਾ ਸਮਝਦੀ ਹੈ ਜਿਸ ਤੋਂ ਉਹ ਸਾਰੇ ਕੰਮ ਕਰਵਾਉਂਦੇ ਹਨ। ਇਸੇ ਲਈ ‘ਕੰਧਾਂ’ ਕਹਾਣੀ ਦੀ ਮੀਤਾ ਦਾ ਭਰਾ ਬਾਰ-ਬਾਰ ਜਸਦੇਵ ਨੂੰ ਮਿਹਣੇ ਮਾਰਦਾ ਹੈ । ਇਸ ਤਰ੍ਹਾਂ ਮਿਹਣਿਆਂ ਦੇ ਸਿਰ ਤੇ ਸਿਰਜਿਆ ਰਿਸ਼ਤਾ ਮੀਤਾ ਤੇ ਜਸਦੇਵ ਵਿਚ ਦੂਰੀ ਪੈਦਾ ਕਰ ਦਿੰਦਾ ਹੈ । ਇਹੋ ਦੂਰੀ ਜਸਦੇਵ ਦੀ ਸਖਸ਼ੀਅਤ ਨੂੰ ਮੀਤਾ ਤੋਂ ਕਮਜੋ਼ਰ ਬਣਾ ਦਿੰਦੀ ਹੈ ਤੇ ਮੀਤਾ ਨੂੰ ਇਕ ਮਾਨਸਿਕ ਰੋਗੀ ਬਣਾ ਦਿੰਦੀ ਹੈ। ਇਸ ਦਾ ਅਸਰ ਬੱਚਿਆਂ ਤੇ ਵੀ ਪੈਂਦਾ ਹੈ ਤੇ ਇਸੇ ਲਈ ਬੱਚੇ ਇਸ ਵਿਆਹ ਪ੍ਰਥਾ ਤੇ ਕਿੰਤੂ ਪ੍ਰੰਤੂ ਕਰਦੇ ਹਨ । ਉਮਰ ਬੀਤਣ ਨਾਲ ਇਕ ਖਲਾਅ ਤੰਗ ਕਰਦਾ ਹੈ ਪਰ ਤਦ ਤਕ ਬਹੁਤ ਕੁਝ ਹੱਥੋਂ ਕਿਰ ਚੁੱਕਾ ਹੁੰਦਾ ਹੈ। ਇਹੋ ਪਛਤਾਵਾ ਹੀ ਔਰਤ-ਮਰਦ, ਪਤੀ-ਪਤਨੀ ਦੇ ਰਿਸ਼ਤੇ ਦਾ ਅਸਲੀ ਸੱਚ ਹੈ।

‘ਕੁਸੱਤ’ ਕਹਾਣੀ ਨੂੰ ਪੜ੍ਹਦਿਆਂ ਇਹ ਬਿਲਕੁਲ ਨਹੀਂ ਲੱਗਦਾ ਕਿ ਇਸ ਕਹਾਣੀ ਨੂੰ ਵਿਦੇਸ਼ੀ ਤੱਥਾਂ ਦੇ ਅੰਤਰਗਤ ਲਿਖਿਆ ਗਿਆ ਹੈ। ਭਾਰਤੀ ਸਮਾਜ ਵਿਚ ਵੀ ਜਦੋਂ ਅਸੀਂ ਇਕ ਔਰਤ ਦੇ ਜੀਵਨ ਵਲ ਝਾਤੀ ਮਾਰਦੇ ਹਾਂ ਤਾਂ ਲੱਗਦਾ ਹੈ ਕਿ ਇਹ ਤਾਂ ਇਥੋਂ ਦਾ ਸੱਚ ਹੈ। ਸੰਯੁਕਤ ਪਰਿਵਾਰਾਂ ਵਿਚ ਵੀ ਜਦੋਂ ਔਰਤ ਆਪਣੇ ਪੇਕਿਆਂ ਦੇ ਘਰ ਇਕੱਲੀ ਜਾਂਦੀ ਹੈ ਅਤੇ ਜਦੋਂ ਉਹ ਕੁਝ ਦੇਰ ਰਹਿ ਕੇ ਆਉ਼ਦੀ ਹੈ ਤਾਂ ਅਕਸਰ ਵੇਖਿਆ ਜਾਂਦਾ ਹੈ ਕਿ ਪੂਰੇ ਪਰਿਵਾਰ ਦੀਆਂ ਨਜ਼ਰਾਂ ਬਦਲੀਆਂ ਹੁੰਦੀਆਂ ਹਨ। ਕੰਨ ਭਰਨ ਭਰਾਉਣ ਦੀਆਂ ਗੱਲਾਂ ਅੱਜ ਵੀ ਇਥੇ ਸ਼ਾਮਿਲ ਹਨ। ਫਿਰ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਦੇਸ਼ ਵਿਚ ਜਾ ਕੇ ਇਨ੍ਹਾਂ ਵਿਚ ਬਦਲਾਅ ਆਉਣਾ ਚਾਹੀਦਾ ਹੈ ਜੋ ਬਦਕਿਸਮਤੀ ਨੂੰ ਨਹੀਂ ਆਉਂਦਾ। ਵਿਦੇਸ਼ ਤਾਂ ਫਿਰ ਚੰਗਾ ਹੈ ਕਿ ਓਥੇ ਔਰਤ ਨੂੰ ਮਰਦ ਤੋਂ ਜੁਰਮਾਨਾ ਲੈਣ ਦਾ ਹੱਕ ਹੈ । ਭਾਰਤੀ ਸਮਾਜ ਤਾਂ ਅਜੇ ਵੀ ਇੱਕਲੀ ਔਰਤ ਨੂੰ ਸੁੱਖ ਨਾਲ ਆਪਣਾ ਜੀਵਣ ਬਤੀਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ।

ਕਹਾਣੀਕਾਰਾ ਪੱਛਮੀ ਅਤੇ ਪੰਜਾਬੀ ਸਭਿਆਚਾਰ ਵਿਚਲੇ ਟਕਰਾਵਾਂ ਨੂੰ ਉਭਾਰਦੀ ਹੋਈ ਪੰਜਾਬੀ ਵਿਅਕਤੀ ਦੀ ਪਰਵਾਸ ਵਿਚ ਪਹੁੰਚਣ ਦੀ ਮਜਬੂਰੀ ਨੂੰ ਉਸ ਦੀ ਕਮਜ਼ੋਰ ਆਰਥਿਕਤਾ ਨਾਲ ਜੋੜਦੀ ਹੈ ਅਤੇ ਪਰਵਾਸੀ ਧਰਤੀ ਤੇ ਸੰਘਰਸ਼ ਕਰ ਰਹੇ ਪਰਵਾਸੀ ਪੰਜਾਬੀ ਦੀ ਤਣਾਅਗ੍ਰਸਤ ਸਥਿਤੀ ਦਾ ਚਿੱਤਰ ਪੇਸ਼ ਕਰਦੀ ਹੈ। ਬਲਵੀਰ ਕੌਰ ਸੰਘੇੜਾ ਅਜਿਹੀ ਚੇਤੰਨ ਕਥਾਕਾਰਾ ਹੈ ਜੋ ਪੰਜਾਬੀ ਅਤੇ ਪੱਛਮੀ ਦੋਹਾਂ ਸਭਿਆਚਾਰਾਂ ਵਿਚਲੇ ਸਮਾਜਿਕ ਸਰੋਕਾਰਾਂ ਪ੍ਰਤੀ ਗਹਿਰੀ ਸੂਝ ਰੱਖਦੀ ਹੈ। ਉਸ ਦੀਆਂ ਕਹਾਣੀਆਂ ਵਿਚਲੇ ਥੀਮ ਉਸ ਦੇ ਆਪਣੇ ਜੀਵਨ ਵਿਚ ਹੰਢਾਏ ਅਤੇ ਅਨੁਭਵ ਕੀਤੇ ਪਲਾਂ ਦਾ ਗਲਪੀਕਰਣ ਹਨ। ਕਹਾਣੀਕਾਰਾ ਨੇ ਪਰਵਾਸੀ ਜੀਵਨ ਵਿਚਲੀਆਂ ਸਮੱਸਿਆਵਾਂ-ਭੂ ਹੇਰਵਾ, ਨੈਤਿਕ ਕਦਰਾਂ-ਕੀਮਤਾਂ ਦਾ ਤਣਾਉ, ਔਰਤ-ਮਰਦ ਦੇ ਦੰਪਤੀ ਸੰਬੰਧਾਂ ਦਾ ਦਵੰਦ, ਘਾਣ ਹੋ ਰਹੇ ਮਾਨਵੀ ਰਿਸ਼ਤਿਆਂ ਆਦਿ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ।
******

(ਸੀ-122, ਯੁਨੀਵਰਸਿਟੀ ਕੈਂਪਸ, ਕੁਰੂਕਸ਼ੇਤਰ-136119, ਹਰਿਆਣਾ, ਇੰਡੀਆ)
(21 ਅਪਰੈਲ 2007) ਯੂਨੀਕੋਡ

ਡਾ: ਰਜਨੀ ਰਾਣੀ ਦੀ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

e-mail:
ਲਿਖਾਰੀ


© likhari: Punjabi Likhari Forum-2001-2007