ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

 

“ਸੁਖਨ ਸੁਹੇਲੇ” : ਪੁਸਤਕ ਇਕ ਮੁਲਾਕਾਤਾਂ ਦੋ
(ਗੁਰਦਿਆਲ ਸਿੰਘ ਅਤੇ ਪਾਤਰ ਨਾਲ਼ ਮੁਲਾਕਾਤ)

-ਡਾ. ਰਜਨੀ ਰਾਣੀ, (ਕੁਰੁਕਸ਼ੇਤਰ, ਹਰਿਆਣਾ)
 

ਇੱਕ ਸਾਹਿਤਕ ਵਿਧਾ ਦੇ ਰੂਪ ਵਿਚ ਇੰਟਰਵਿਊ ਪੰਜਾਬੀ ਦੇ ਲਈ ਰੇਖਾ ਚਿੱਤਰ, ਸੰਸਮਰਣ ਆਦਿ ਵਾਂਗ ਹੀ ਆਧੁਨਿਕ ਵਿਧਾ ਹੈ। ਆਪਣੇ ਆਧੁਨਿਕ ਰੂਪ ਅਤੇ ਅਰਥ ਵਿਚ ਰੇਖਾ ਚਿੱਤਰ, ਸੰਸਮਰਣ ਆਦਿ ਦੇ ਸਮਾਨ ਇੰਟਰਵਿਊ ਦੀ ਸਾਹਿਤਕ ਵਿਧਾ ਵੀ ਪੰਜਾਬੀ ਸਾਹਿਤ ਨੂੰ ਪੱਛਮ ਦੀ ਦੇਣ ਹੈ ਜਿਵੇਂ ਕਿ ਅੰਗਰੇਜ਼ੀ ਦੇ ‘ ਇੰਟਰਵਿਊ ’ ਸ਼ਬਦ ਤੋਂ ਪ੍ਰਮਾਣਿਤ ਹੈ। ‘ਇੰਟਰਵਿਊ’ ਸ਼ਬਦ ਤੋਂ ਅੱਜ ਇੱਕ ਅਜਿਹੀ ਵਿਸ਼ੇਸ਼ ਸਾਹਿਤਕ ਵਿਧਾ ਦਾ ਗਿਆਨ ਹੁੰਦਾ ਹੈ, ਜਿਸ ਵਿਚ ਇਕ ਜਗਿਆਸੂ ਵਿਅਕਤੀ ਜੀਵਨ ਦੇ ਕਿਸੀ ਖੇਤਰ ਵਿਚ ਵਿਦਮਾਨ ਹੋਰ ਕਿਸੇ ਵਿਅਕਤੀ ਵਿਸ਼ੇਸ਼ਕਰ ਮਹੱਤਵਪੂਰਨ ਵਿਅਕਤੀ ਦੇ ਨਾਲ ਮਿਲ ਕੇ ਉਸ ਦੇ ਬਾਰੇ ਸਿੱਧੇ-ਸਿੱਧੇ ਜਾਣਕਾਰੀ ਪ੍ਰਾਪਤ ਕਰਦਾ ਹੈ। ਇੰਟਰ ਅਤੇ ਵਿਊ ਦੋਹਾਂ ਸ਼ਬਦਾਂ ਦੇ ਮੇਲ ਤੋਂ ਬਣੇ ਸ਼ਬਦ ਦਾ ਅਰਥ ਹੈ ਕਿਸੇ ਵਿਅਕਤੀ ਦੇ ਵਿਚਾਰਾਂ ਦੀ ਸੰਪੂਰਣ ਪੜਚੋਲ ਕਰਨੀ। ਇੰਟਰਵਿਊ ਸ਼ਬਦ ਦੇ ਹੋਰ ਕਈ ਸਮਾਨਾਰਥਕ ਨਾਂ ਵੀ ਪ੍ਰਚਲਿਤ ਹਨ ਜਿਵੇਂ ਭੇਂਟਵਾਰਤਾ, ਭੇਟ, ਮੁਲਾਕਾਤ, ਅੰਤਰੰਗ ਬਾਤਚੀਤ, ਗੱਲਬਾਤ ਆਦਿ। ਹਿੰਦੀ ਦੇ ਕਵੀ ਹਰਿਵੰਸ਼ ਰਾਏ ਬਚਨ ਅਨੁਸਾਰ:- “ ਇੰਟਰਵਿਊ ਦਾ ਅਰਥ ਹੈ ਕਿ ਪੜ੍ਹਨ ਵਾਲਾ ਇਹ ਅਨੁਭਵ ਕਰੇ ਕਿ ਜਿਵੇਂ ਕਵੀ ਵਿਸੇਸ਼ ਨਾਲ ਮਿਲ ਕੇ ਆਇਆ ਹੈ, ਉਸ ਦੇ ਕੋਲ ਹੋ ਕੇ ਆਇਆ ਹੈ, ਉਸ ਨੂੰ ਸੁੰਘ ਆਇਆ ਹੈ, ਛੂਹ ਆਇਆ ਹੈ, ਉਸ ਨੂੰ ਗਲੇ ਲੱਗਾ ਆਇਆ ਹੈ। ” ਇੰਟਰਵਿਊ ਜਾਂ ਮੁਲਾਕਾਤ ਦੀ ਇਸ ਵਿਧਾ ਵਿਚ ਸਫ਼ਲਤਾ ਪਾਉਣ ਲਈ ਜ਼ਰੂਰੀ ਹੈ ਕਿ ਸੰਬੰਧਿਤ ਵਿਅਕਤੀ ਬਾਰੇ ਲਾਈਬ੍ਰਰੇਰੀਆਂ ਆਦਿ ਦੀ ਸਹਾਇਤਾ ਲੈ ਕੇ ਪਹਿਲਾ ਤੋਂ ਸਮੁੱਚੀ ਜਾਣਕਾਰੀ ਪ੍ਰਾਪਤ ਕਰ ਲਈ ਜਾਵੇ ਜਿਸ ਤੋਂ ਵਾਰਤਾ ਵਿਚ ਗਹਿਰਾਈ ਆ ਸਕੇ।

ਇੰਟਰਵਿਊ ਲੈਣ ਵਾਲਾ ਤੇ ਇੰਟਰਵਿਊ ਦੇਣ ਵਾਲਾ ਦੋਵੇਂ ਹੀ ਮਹੱਤਵ ਰੱਖਦੇ ਹਨ। ਇਥੇ ‘ਪਿਆਸਾ ਹੀ ਖੂਹ ਕੋਲ ਜਾਂਦਾ ਹੈ’। ਇਸ ਲਈ ਇੰਟਰਵਿਊ ਦੇਣ ਵਾਲੇ ਦਾ ਮਹੱਤਵ ਸਾਫ਼ ਸਿੱਧ ਹੈ। ਨਵੀਂਆਂ ਵਿਧਾਵਾਂ ਵਿਚ ਇੰਟਰਵਿਊ ਤੋਂ ਤਾਜ਼ਗੀ ਅਤੇ ਜਗਿਆਸਾ ਮਿਲਦੀ ਹੈ। ਜਿਸ ਵਿਚ ਸਮੱਸਿਆਵਾਂ, ਪ੍ਰਸ਼ਨਾਂ ਤੇ ਵਿਚਾਰਾਂ ਦਾ ਕੇਦਰੀਕਰਣ ਹੋ ਜਾਂਦਾ ਹੈ। ਇੰਟਰਵਿਊ ਉਨ੍ਹਾਂ ਵਿਅਕਤੀਆਂ ਦਾ ਲਿਆ ਜਾਂਦਾ ਹੈ ਜਿਨ੍ਹਾਂ ਬਾਰੇ ਲੋਕ ਜਿ਼ਆਦਾ ਤੋਂ ਜਿ਼ਆਦਾ ਜਾਣਨ ਦੀ ਇੱਛਾ ਰੱਖਦੇ ਹਨ। ਪਰ ਸਾਹਿਤਕ ਇੰਟਰਵਿਊ ਤੇ ਪੱਤਰਕਾਰੀ ਦੀ ਇੰਟਰਵਿਊ ਨੂੰ ਇਕ ਚੀਜ਼ ਵੱਖ ਕਰਦੀ ਹੈ ਉਹ ਹੈ ਉਸ ਦੀ ਭਾਸ਼ਾ ਸ਼ੈਲੀ ਦਾ ਸਾਹਿਤਕ ਪੱਖ ਅਤੇ ਉਸ ਦੀ ਕਲਾਤਮਕਤਾ। ਸਾਹਿਤਕ ਇੰਟਰਵਿਊ ਦਾ ਇਕ ਸਾਹਿਤਕ ਮੁੱਲ ਹੁੰਦਾ ਹੈ।

ਅਵਤਾਰ ਜੰਡਿਆਲਵੀ ਨੇ ਆਪਣੀ ਹੀ ਪੀੜ੍ਹੀ ਦੇ ਦੋ ਲੇਖਕਾਂ ਦੀ ਚੋਣ ਕੀਤੀ ਹੈ। ਫਿਰ ਵਿਸ਼ੇ ਤੈਅ ਹੁੰਦਾ ਹੈ ਜਿਵੇਂ ਲੇਖਕ ਨੇ ਪੁਸਤਕ ‘ਸੁਖ਼ਨ ਸੁਹੇਲੇ’ ਵਿਚ ਪੰਜਾਬੀ ਲੇਖਣੀ ਦੀਆਂ ਦੋ ਵਿਧਾਵਾਂ ਦੇ ਮੰਨੇ ਹੋਏ ਸਾਹਿਤਕਾਰਾਂ ਨਾਲ ਵਾਰਤਾਲਾਪ ਰਚਾ ਕੇ ਉਨ੍ਹਾਂ ਦੇ ਜੀਵਨ ਦੇ ਨਿੱਜੀ ਅਨੁਭਵਾਂ ਨੂੰ ਫਰੋਲਿਆ ਹੈ। ਮੁਲਾਕਾਤ ਕਰਨ ਤੋਂ ਪਹਿਲਾ ਉਸ ਦੀ ਭੁਮਿਕਾ ਬਣਾਈ ਜਾਂਦੀ ਹੈ। ਭੇਂਟਵਾਰਤਾ ਤਿਆਰ ਕਰਨ ਲਈ ਭੇਂਟਕਰਤਾ ਪ੍ਰਸ਼ਨ ਤਿਆਰ ਕਰਦਾ ਹੈ। ਫਿਰ ਉਹ ਇਕ ਇਕ ਪ੍ਰਸ਼ਨ ਪੁੱਛਦਾ ਹੈ ਜਿਸ ਨਾਲ ਭੇਂਟ ਕਰਨੀ ਹੁੰਦੀ ਹੈ ਅਤੇ ਫਿਰ ਉਸ ਦੇ ਉੱਤਰ ਭੇਂਟਕਰਤਾ ਲਿਪੀਬੱਧ ਕਰਦਾ ਹੈ। ਭੇਂਟਵਾਰਤਾ ਦੇ ਸਾਰੇ ਪ੍ਰਸ਼ਨ ਉਦੇਸ਼ਪੂਰਣ, ਤਰਕਸੰਗਤ ਅਤੇ ਵਿਸ਼ੇ ਵਸਤੂ ਦਾ ਵਿਕਾਸ ਕਰਨ ਵਾਲੇ ਹੋਣੇ ਚਾਹੀਦੇ ਹਨ। ਪ੍ਰਸ਼ਨ ਸਪੱਸ਼ਟ ਅਤੇ ਛੋਟੇ ਛੋਟੇ, ਸਰਲ ਹੋਣ ਜਿਸ ਤੋਂ ਸਪੱਸ਼ਟ ਉੱਤਰ ਪ੍ਰਾਪਤ ਹੋ ਸਕੇ। ਕਿਸੇ ਪ੍ਰਸ਼ਨ ਦਾ ਉੱਤਰ ਜਾਣਨ ਦੇ ਭੇਂਟਵਾਰਤਾ ਉੱਤੇ ਦਬਾਅ ਨਹੀਂ ਪਾਉਣਾ ਚਾਹੀਦਾ। ਮੁਲਾਕਾਤ ਦੇ ਸਮੇਂ ਵਾਰਤਾਲਾਪ ਵਿਵੇਕਸ਼ੀਲ ਹੋਣਾ ਚਾਹੀਦਾ ਹੈ। ਇਸ ਇੰਟਰਵਿਊ ਦੀ ਕਸਵੱਟੀ ਉੱਤੇ ਭੇਂਟ ਕਰਤਾ ਅਵਤਾਰ ਜੰਡਿਆਲਵੀ ਖਰਾ ਉੱਤਰਦਾ ਹੈ। ਉਸ ਨੇ ‘ਲੇਖਕਾਂ ਨਾਲ ਮੁਲਾਕਾਤਾਂ’ ਵਿਚ ਇਸ ਦਾ ਪ੍ਰਮਾਣ ਵੀ ਦਿੱਤਾ ਹੈ ਕਿ ਉਸ ਨੂੰ ਮੁਲਾਕਾਤ ਦੀਆਂ ਸਾਰੀਆਂ ਵਿਧਾਵਾਂ ਦੀ ਸੋਝੀ ਹੈ। ਉਹ ਲਿਖਦਾ ਹੈ:- “ਗੱਲਾਂ ਕਰਦਿਆਂ ਮੈਂ ਸਹਿਜਤਾ ਤੇ ਸਾਧਾਰਣਤਾ ਨੂੰ ਪਹਿਲ ਦਿੱਤੀ ਹੈ। ਗੱਲਾਂ ਆਪਣੇ ਸੁਭਾਅ ਵਲੋਂ ਵੀ ਸੌਖੀਆਂ ਤੇ ਸਾਧਾਰਣ ਹੀ ਹੁੰਦੀਆਂ ਹਨ। ਪਰ ਇਹ ਦੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਏਨੀਆਂ ਪੇਤਲੀਆਂ ਨਾ ਬਣ ਜਾਣ ਕਿ ਬੇਮਤਲਬ ਹੀ ਜਾਪਣ। ਇਨ੍ਹਾਂ ਵਿਚ ਮਿਠਾਸ ਵੀ ਹੋਵੇ ਤਾਂ ਜੋ ਪਾਠਕ ਦੀ ਭਰਪੂਰ ਦਿਲਚਸਪੀ ਬਣੀ ਰਹੇ।” ਅਜਿਹੀਆਂ ਸਾਹਿਤਕ ਮੁਲਾਕਤਾਂ ਨੂੰ ਡਾ: ਚੰਦਰਭਾਨ ਦੋ ਤਰ੍ਹਾਂ ਦੀ ਮੰਨਦੇ ਹਨ ਮਿਸ਼ਰਿਤ ਤੇ ਇਕਾਂਗੀ। ਮਿਸ਼ਰਿਤ ਇੰਟਰਵਿਊ ਵਿਚ ਜੀਵਨ ਪਰਿਚੈ, ਸਮੇਂ ਪਰਿਚੈ, ਦ੍ਰਿਸ਼ਟੀਕੋਣ, ਰਚਨਾ ਪਰਿਚੈ ਆਦਿ ਦਾ ਮਿਸ਼ਰਣ ਹੁੰਦਾ ਹੈ। ਸਾਹਿਤਕ ਇੰਟਰਵਿਊ ਨੂੰ ਇਸੇ ਵਿਧਾ ਦੇ ਅਧੀਨ ਰੱਖ ਕੇ ਹੀ ਵਾਚਿਆਂ ਜਾ ਸਕਦਾ ਹੈ ਕਿਉਂ ਜੋ ਸਾਹਿਤਕਾਰ ਆਪਣੀ ਸਾਹਿਤ ਵਿਧਾ ਦੇ ਸਾਰੇ ਪਾਤਰ ਹੀ ਆਪਣੇ ਨਿੱਜੀ ਜਿ਼ੰਦਗੀ ਵਿਚੋਂ ਚੁਣਦਾ ਹੈ। ਅਵਤਾਰ ਜੰਡਿਆਲਵੀ ਦਾ ਸਾਹਿਤਕ ਇੰਟਰਵਿਊ ਇਸ ਵਿਧਾ ਉੱਤੇ ਵੀ ਸਹਿਜ ਜਾਪਦਾ ਹੈ।

ਇੰਟਰਵਿਊ ਲੈਣਾ ਇਕ ਕਲਾ ਹੈ। ਇੰਟਰਵਿਊਕਾਰ ਵਿਚ ਕੁਝ ਵਿਸ਼ੇਸ਼ ਗੁਣਾਂ ਦਾ ਹੋਣਾ ਜਰੂਰੀ ਹੈ ਤਾਂ ਹੀ ਇੰਟਰਵਿਊ ਸੁਭਾਵਿਕ ਸਜੀਵ, ਨਵੀਨ, ਮਹੱਤਵਪੂਰਣ ਤੇ ਉਪਯੋਗੀ ਬਣ ਸਕਦੀ ਹੈ। ਇਵੇਂ ਨਾ ਹੋਵੇ ਕਿ ਤੁਸੀ ਪ੍ਰਸ਼ਨ ਪੁੱਛੋ ਅਤੇ ਉੱਤਰਦਾਤਾ ਤੁਹਾਨੂੰ ਇਧਰ ਉਧਰ ਹੀ ਭਟਕਾਂਦਾ ਰਹੇ ਅਤੇ ਕਿਸੇ ਪ੍ਰਸ਼ਨ ਦਾ ਉੱਤਰ ਠੀਕ ਤਰ੍ਹਾਂ ਨਾਲ ਨਾ ਦੇ ਸਕੇ। ਵਾਸਤਵ ਵਿਚ ਕਿਸੀ ਵਿਅਕਤੀ ਦੇ ਜੀਵਣ ਬਾਰੇ ਗੱਲਾਂ ਕਢਾਉਣਾ ਇਕ ਕਲਾ ਹੈ, ਇਸ ਲਈ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਇੰਟਰਵਿਊਕਾਰ ਆਪਣੇ ਮਨ ਤੋਂ ਉਸ ਵਿਅਕਤੀ ਨਾਲ ਸੰਬੰਧਿਤ ਸਾਰੇ ਦੂਈ ਦਵੇਸ਼ਾਂ ਨੂੰ ਕੱਢ ਕੇ ਸਾਫ਼ ਸਲੇਟ ਲੈਕੇ ਉਸ ਦੇ ਕੋਲ ਜਾਵੇ ਤਦ ਹੀ ਸੱਚ ਸਰੂਪ ਉਸ ੳੁੱਤੇ ਅੰਕਿਤ ਹੋ ਸਕੇਗਾ। ਦੂਸਰਾ ਉਹ ਉਸ ਟੀਚਾ ਮਿੱਥੇ ਵਿਅਕਤੀ ਦਾ ਵਿਸ਼ਵਾਸ਼ ਪਾਤਰ ਬਣ ਜਾਵੇ। ਬਿਨਾਂ ਉਸ ਦਾ ਵਿਸ਼ਵਾਸ਼ ਪਾਤਰ ਬਣੇ ਉਹ ਸਾਰੀਆਂ ਗੱਲਾਂ ਲੇਖਕ ਤੋਂ ਨਹੀਂ ਕਹਿਲਵਾ ਸਕੇਗਾ। ਤੀਜਾ ਇੰਟਰਵਿਊ ਦੋਸਤ-ਦੁਸ਼ਮਣ ਦੀ ਭਾਵਨਾ ਨਾਲ ਨਾ ਲਿਆ ਜਾਵੇ। ਜਿਸ ਪ੍ਰਕਾਰ ਇੰਟਰਵਿਊ ਲੈਣਾ ਇਕ ਕਲਾ ਹੈ ਉਸੇ ਤਰ੍ਹਾਂ ਦੇਣਾ ਵੀ ਇਕ ਕਲਾ ਹੈ। ਹਰ ਵਿਅਕਤੀ ਅੱਛਾ ਇੰਟਰਵਿਊ ਦੇਣ ਵਾਲ਼ਾ ਨਹੀਂ ਹੋ ਸਕਦਾ। ਇਹ ਇਕ ਮਹੱਤਵਪੂਰਣ ਤੇ ਉਪਯੋਗੀ ਵਿਧਾ ਹੈ। ਇਸ ਵਿਚ ਜੇ ਨਵੀਨ ਤੇ ਮਹੱਤਵਪੂਰਣ ਸਮੱਗਰੀ ਨਹੀਂ ਆਵੇਗੀ ਤਾਂ ਉਹ ਕੋਈ ਚੰਗੀ ਇੰਟਰਵਿਊ ਨਹੀੰਂ ਹੋਵੇਗੀ। ਇਸ ਤੱਥ ਦਾ ਪ੍ਰਮਾਣ ਵੀ ਇੰਟਰਵਿਊਕਾਰ ਦੇ ਇਸ ਤੱਥ ਤੋਂ ਸਪੱਸ਼ਟ ਹੁੰਦਾ ਹੈ:-
“ਪੰਜਾਬੀ ਵਿੱਚ ਗੁਰਦਿਆਲ ਸਿੰਘ ਤੇ ਸੁਰਜੀਤ ਪਾਤਰ ਦੋਵੇਂ ਹੀ ਸਿਖਰਲੇ ਲੇਖਕ ਹਨ। ਉਨ੍ਹਾਂ ਬਾਰੇ ਪਹਿਲਾਂ ਵੀ ਬੜਾ ਕੁਝ ਹੋ ਚੁੱਕਿਆ ਸੀ। ਇਸੇ ਲਈ ਗੱਲਾਂ ਕਰਨ ਜਾਣ ਵੇਲੇ ਮੇਰੇ ਮਨ ਵਿਚ ਆਇਆ ਕਿ ਰਿੜਕੀ ਹੋਈ ਲੱਸੀ ਵਿਚੋਂ ਹੁਣ ਹੋਰ ਕੁਝ ਨਹੀਂ ਲੱਭਣਾ ਪਰ ਮੇਰੇ ਉਤਸ਼ਾਹ ਨੇ ਮੇਰਾ ਸਾਥ ਨਾ ਛੱਡਿਆ ਤੇ ਨਤੀਜਾ ਇਹ ਨਿਕਲਿਆਂ ਕਿ ਵੱਡੇ ਲੇਖਕ ਵੀ ਸ਼ਾਇਦ ਕਿਸੇ ਹੋਰ ਕੋਲ ਆਪਣੇ ਮਨ ਦੀਆਂ ਤੈਹਾਂ ਇਸ ਢੰਗ ਨਾਲ ਨਾ ਫਰੋ਼ਲਣ ਪਰ ਇਨ੍ਹਾਂ ਨੇ ਮੇਰੀ ਕਿਸੇ ਪੁੱਛੀ ਹੋਈ ਗੱਲ ਨੂੰ ਨਿਗੂਣਾਂ ਸਮਝਕੇ ਨਜ਼ਰ ਅੰਦਾਜ਼ ਨਹੀਂ ਕੀਤਾ।”

ਇੰਟਰਵਿਊ ਨਾਇਕ ਵਿਚ ਕੁਝ ਹੋਰ ਵਿਸ਼ੇਸ਼ਤਾਵਾਂ ਵੀ ਹੋਣੀਆਂ ਚਾਹੀਦੀਆਂ ਹਨ। ਜੇਕਰ ਉਸ ਵਿਚ ਹੰਕਾਰ ਹੋਵੇਗਾ, ਜੇ ਉਹ ਇੰਟਰਵਿਊਕਰਤਾ ਦਾ ਸਹਿਯੋਗ ਨਹੀਂ ਦੇਵੇਗਾ ਤਾਂ ਇੰਟਰਵਿਊ ਨਵੀਨ, ਉਪਯੋਗੀ ਅਤੇ ਚੰਗੀ ਨਹੀਂ ਬਣ ਸਕੇਗੀ। ਸੰਸਮਰਣ, ਡਾਇਰੀ, ਆਤਮਕਥਾ ਆਦਿ ਸਾਹਿਤਕਾਰ ਆਪਣੀ ਸੁਵਿਧਾ ਅਤੇ ਮਨੋ ਸਥਿਤੀ ਦੇ ਅਨੁਸਾਰ ਲਿਖਦੇ ਹਨ ਲੇਕਿਨ ਮਨੋ ਸਥਿਤੀ ਨਾ ਰਹਿਣ ਉੱਤੇ ਵੀ ਜੇ ਭੇਂਟਕਰਤਾ ਐਸੀ ਮਨੋ ਸਥਿਤੀ ਲਿਆ ਦੇਵੇ ਅਤੇ ਸੰਬੰਧਿਤ ਵਿਅਕਤੀ ਆਪਣੇ ਮਨ ਦੀਆਂ ਪਰਤਾਂ ਨੂੰ ਉਘਾੜਨ ਲਈ ਤਿਆਰ ਹੋ ਜਾਵੇ ਤਾਂ ਇਹ ਕੋਈ ਸਾਧਾਰਣ ਗੱਲ ਨਹੀਂ। ਇਸ ਲਈ ਕੋਈ ਵਿਰਲੇ ਅਵਤਾਰ ਜੰਡਿਆਲਵੀ ਜਿਹੇ ਭੇਂਟਕਰਤਾ ਨੂੰ ਹੀ ਸਫ਼ਲ ਮੰਨਿਆਂ ਜਾ ਸਕਦਾ ਹੈ। ਭੇਂਟ ਕਰਤਾ ਲਿਖਦਾ ਹੈ, “ਮੈਂ ਉਨ੍ਹਾਂ ਨੂੰ ਗੱਲਾਂ ਕਰਨ ਲਈ ਉਕਸਾਇਆ ਜ਼ਰੂਰ ਤੇ ਇਹ ਵੀ ਕਿਹਾ ਕਿ ਉਹ ਕੀ ਗੱਲਾਂ ਕਰਨ। ਇਹਦੀ ਲੋੜ ਵੀ ਤਾਂ ਪਈ ਕਿ ਇਹ ਗੱਲਾਂ ਆਮ ਗੱਲਾਂ ਤੋਂ ਉੱਪਰ ਉੱਠ ਕੇ ਸੁਹਜਮਈ ਸਾਹਿਤਕ ਵਾਰਤਾਲਾਪ ਦਾ ਰੂਪ ਧਾਰਣ ਕਰ ਸਕਣ।” ਇਸ ਪ੍ਰਕਾਰ ਭੇਂਟਕਰਤਾ ਆਪਣੇ ਇਸ ਕੰਮ ਵਿਚ ਸਫਲ ਵੀ ਹੋਇਆ ਹੈ। ਜੀਵਨੀ, ਆਤਮਕਥਾ, ਸੰਸਮਰਣ ਆਦਿ ਸਾਰੇ ਸਾਹਿਤਕ ਰੂਪਾਂ ਦੀਆਂ ਵਿਸ਼ੇਸਤਾਵਾਂ ਨੂੰ ਲੈ ਕੇ ਹੀ ਇਹ ਮੁਲਾਕਾਤ ਵਿਕਸਿਤ ਹੋਈ ਹੈ।

ਗੁਰਦਿਆਲ ਸਿੰਘ ਦੀ ਅਸਲੀ ਦਿਲਚਸਪੀ ਆਪਣੇ ਨਾਵਲਾਂ ਵਿਚ ਜਾਂ ਜ਼ਿੰਦਗੀ ਦੀ ਵਾਸਤਵਿਕਤਾ ਦਾ ਗਲਪਨਿਕ ਬਿੰਬ ਸਿਰਜਣ ਵਿੱਚ ਹੈ। ਇਹ ਬਿੰਬ ਕਦੀ ਉਸਦੇ ਦ੍ਰਿਸ਼ਟੀਬਿੰਦੂ ਤੋਂ ਤੇ ਕਿਤੇ ਬਿਆਨ ਰਾਹੀਂ ਸਾਹਮਣੇ ਆਉਂਦਾ ਹੈ। ਇਸੇ ਕਾਰਨ ਭੇਂਟ ਕਰਤਾ ਦੇ ਸੱਗੀ ਫੁੱਲ ਬਾਰੇ ਕੀਤੇ ਗਏ ਪ੍ਰਸ਼ਨ ਦਾ ਉੱਤਰ ਉਹ ਜਵਾਨੀ ਵਿਚ ਪਤਨੀ ਦੀਆਂ ਭਾਵੁਕ ਲੋੜਾਂ ਦੇ ਅਤ੍ਰਿਪਤ ਰਹਿ ਜਾਣ ਕਾਰਨ ਹੀ ਇਸ ਨੂੰ ਕਬੀਲਦਾਰੀ ਦੀਆਂ ਸਮੱਸਿਆਵਾਂ ਦੱਸਦਾ ਹੈ ਜੋ ਵਾਸਤਵ ਵਿੱਚ ਸੱਚ ਵੀ ਜਾਪਦਾ ਹੈ ਕਿ ਇਕ ਉਮਰ ਨਿਕਲ ਜਾਣ ਬਾਦ ਇਨ੍ਹਾਂ ਸਭ ਚੀਜ਼ਾਂ ਦੀ ਸੋਝੀ ਕਿਸ ਨੂੰ ਰਹਿੰਦੀ ਹੈ? ਮਹਾਂ ਬਿਰਤਾਂਤ ਦੇ ਲਿਖਣ ਦੇ ਜਵਾਬ ਵਿਚ ਸਾਹਿਤਕਾਰ ਦਾ ਮੰਨਣਾ ਹੈ ਕਿ ਉਸ ਲਈ ਅਸੀਮ ਗਿਆਨ, ਵਿਦਵਤਾ, ਅਨੁਭਵ, ਸਮਾਂ, ਇਕਾਗਰਤਾ ਤੇ ਮਾਹੌਲ ਚਾਹੀਦਾ ਹੈ। ਇੰਨੀ ਜ਼ਿੰਦਗੀ ਤੰਗੀਆਂ ਤੁਰਸ਼ੀਆਂ ਨਾਲ ਕੱਟੀ ਜਾਣ ਤੋਂ ਬਾਦ ਇਹ ਸਭ ਕੁਝ ਸੰਭਵ ਵੀ ਨਹੀਂ ਜਾਪਦਾ। ਸਾਹਿਤਕਾਰ ਨੇ ਆਪਣੀਆਂ ਇਨ੍ਹਾਂ ਹਾਲਤਾਂ ਦੇ ਬਾਵਜੂਦ ਪੰਜਾਬੀ ਸਾਹਿਤ ਨੂੰ ਬੜਾ ਅਮੀਰ ਬਣਾਇਆ ਹੈ। ਅੱਜ ਦੀ ਪੀੜ੍ਹੀ ਤੋਂ ਤਾਂ ਇਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਆਪਣੇ ਬਾਪ (ਚਾਚਾ) ਨਾਲ ਸਾਰੀ ਉਮਰ ਮੀਚਾ ਨਾ ਮਿਲਣ ਦਾ ਕਾਰਣ ਸਾਹਿਤਕਾਰ ਦੱਸਦਾ ਹੈ ਕਿ ਉਹ ਉਸ ਦਾ ਵਿਰੋਧ ਇਸ ਲਈ ਕਰਦਾ ਹੈ ਕਿਉਂਕਿ ਅਲ੍ਹੜ ਉਮਰ ਦੇ ਪੁੱਤਰ ਉੱਤੇ ਇਸ ਗੱਲ ਦਾ ਬੜਾ ਪ੍ਰਭਾਵ ਪੈਂਦਾ ਹੈ ਕਿ ਉਸ ਦਾ ਬਾਪ ਉਸ ਦੀ ਬਦਖੋਈ ਤੀਜੇ ਕਿਸੇ ਵਿਅਕਤੀ ਕੋਲ ਕਰੇ। ਸਾਹਿਤਕਾਰ ਦਾ ਇਹ ਜਵਾਬ ਅਸਲ ਵਿੱਚ ਉਸ ਦੇ ਅਣਖੀ ਤੇ ਸਵੈਮਾਨੀ ਹੋਣ ਵਲ ਹੀ ਇਸ਼ਾਰਾ ਕਰਦਾ ਹੈ। ਦੂਜਾ ਮਸਲਾ ਪੁਰਾਣੇ ਤੇ ਨਵੇਂ ਵਿਚਾਰਾਂ ਦਾ ਵੀ ਸੀ। ਜੋ ਅੱਜ ਦੀ ਪੀੜ੍ਹੀ ਉੱਤੇ ਵੀ ਸਹੀ ਉੱਤਰਦਾ ਹੈ ਜਿੰਨੀ ਹਮਦਰਦੀ, ਤਿਆਗ ਦੀ ਭਾਵਨਾ ਪੁਰਾਣਿਆਂ ਵਿਚ ਹੈ ਅੱਜ ਨਹੀਂ ਹੈ। ਇਹ ਤਾਂ ਸਮੇਂ ਦੇ ਨਾਲ ਨਾਲ ਚਲਦਾ ਹੀ ਰਹਿੰਦਾ ਹੈ।

ਆਪਣੀਆਂ ਰਚਨਾਵਾਂ ਵਿਚ ਇਸਤਰੀ ਪਾਤਰ ਨਾ ਉਘਾੜਨ ਬਾਰੇ ਗੁਰਦਿਆਲ ਸਿੰਘ ਆਖਦਾ ਹੈ ਕਿ ਭਾਰਤੀ ਸਮਾਜ ਵਿਚ ਇਸਤਰੀ ਦੇ ਜੀਵਨ ਯਥਾਰਥ ਦੀ ਉਸ ਨੂੰ ਜਾਣਕਾਰੀ ਹੈ। ਭਾਰਤੀ ਸਮਾਜ ਅੱਜ ਵੀ ਪੁਰਾਣੀਆਂ ਪਰੰਪਰਾਵਾਂ ਤੋਂ ਮੁਕਤ ਨਹੀਂ ਹੋਇਆ। ਇਸ ਸੱਚ ਦੀ ਗਵਾਹੀ ਭਰੂਣ ਹੱਤਿਆਂ, ਬਲਤਕਾਰ ਜਿਹੀਆਂ ਘਟਨਾਵਾਂ ਨਾਲ ਸਹਿਜੇ ਹੀ ਯਥਾਰਥ ਸਾਹਮਣੇ ਆ ਜਾਂਦਾ ਹੈ ਭਰਮ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ। ਉੱਚ ਤਬਕਿਆਂ ਨੂੰ ਤਾਂ ਛੱਡੋ ਮੱਧ ਵਰਗ ਦੀਆਂ ਔਰਤਾਂ ਅੱਜ ਵੀ ਪਰੰਪਰਾਗਤ ਲੀਹਾਂ ਤੇ ਹੀ ਚਲ ਰਹੀਆਂ ਹਨ। ਸਿਰੜੀਪੁਣੇ ਦਾ ਕਾਰਨ ਪੁੱਛਣ ਤੇ ਸਾਹਿਤਕਾਰ ਦਾ ਮੰਨਣਾ ਹੈ ਕਿ ਹਰ ਚੀਜ਼ ਸਮੇਂ ਦੇ ਪ੍ਰਭਾਵ ਨਾਲ ਖ਼ਤਮ ਹੋ ਜਾਂਦੀ ਹੈ। ਇਹ ਸਿਰੜ ਦਿਮਾਗੀ ਤੇ ਸਰੀਰਕ ਸਮੱਰਥਾ ਕਾਰਣ ਹੀ ਕਾਇਮ ਰਹਿੰਦਾ ਹੈ। ਜ਼ਿੰਦਗੀ ਦੇ ਸੰਘਰਸ਼ ਨਾਲ ਲੜਦਿਆਂ -2 ਸਭ ਕੁਝ ਸਮਾਪਤ ਹੋ ਜਾਂਦਾ ਹੈ ਜਾਂ ਫਿਰ ਮਜਬੂਰੀ ਵੱਸ ਇਸ ਨੂੰ ਦਬਾਉਣਾ ਪੈਂਦਾ ਹੈ ਜਿੱਥੋਂ ਇਹ ਮੁੜ ਉੱਭਰ ਕੇ ਨਾ ਆ ਸਕੇ। ਭੇਂਟਕਰਤਾ ਦੇ ਇਸ ਪ੍ਰਸ਼ਨ ਬਾਰੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਉਹ ਸਾਹਿਤਕਾਰ ਦੇ ਕਿੰਨਾ ਨਜ਼ਦੀਕੀ ਰਹਿਆ ਹੋਵੇਗਾ ਕਿ ਉਹ ਉਸ ਦੇ ਤਾਏ ਬਾਰੇ ਦਿਲਚਸਪ ਘਟਨਾ ਦਾ ਮੁੜ ਆਨੰਦ ਲੈਣਾ ਚਾਹੁੰਦਾ ਹੈ। ਸਾਹਿਤਕਾਰ ਵੀ ਬੜੀ ਖੁਸ਼ੀ ਨਾਲ ਇਸ ਘਟਨਾ ਦੇ ਜਿ਼ਕਰ ਨਾਲ਼ ਮੁੜ ਬਚਪਨ ਨੂੰ ਯਾਦ ਕਰਦਾ ਹੈ। ਇਨ੍ਹਾਂ ਦਿਲਚਸਪ ਘਟਨਾਵਾਂ ਕਾਰਣ ਹੀ ਬੰਦਾ ਕਈ ਵਾਰ ਯਾਦ ਕਰਕੇ ਆਪਣੇ ਦੁੱਖ ਤਕਲੀਫਾਂ ਤੋਂ ਕੁਝ ਪਲ ਲਈ ਛੁਟਕਾਰਾਂ ਪਾ ਲੈਂਦਾ ਹੈ। ਫਿਰ ਜੇ ਕਿਸੇ ਘਟਨਾ ਨੂੰ ਲਿਪੀਬੱਧ ਕੀਤਾ ਹੋਵੇ ਤਾਂ ਪਾਠਕ ਵੀ ਪੜ੍ਹਨ ਵਿਚ ਦਿਲਚਸਪੀ ਲੈਂਦਾ ਹੈ। ਮਾਰਨ ਕੁੱਟਣ ਵਾਲਾ ਸਵਾਲ ਵੀ ਇਸੇ ਅਧੀਨ ਵਾਚਿਆ ਜਾ ਸਕਦਾ ਹੈ। ਕਰੜੀ ਮਿਹਨਤ ਤੇ ਸਿ਼ਲਪਕਾਰੀ ਦਾ ਅਸਰ ਸਾਹਿਤਕਾਰ ਦੀ ਵਿਧਾ ਉਪਰ ਪਿਆ ਵੇਖਿਆ ਜਾ ਸਕਦਾ ਹੈ। ਪਲੈਟੋ ਦੇ ਵਿਚਾਰਾਂ ਤੋਂ ਵੀ ਸਾਹਿਤਕਾਰ ਪ੍ਰਭਾਵਿਤ ਲੱਗਦਾ ਹੈ, ਇਸੇ ਲਈ ਆਪਣੀ ਹਰ ਸਾਹਿਤਕ ਵਿਧਾ ਦੇ ਅੱਖਰਾਂ ਦੀ ਘੜਤ ਉਹ ਚਿੱਤਰਕਾਰ ਵਾਂਗ ਹੀ ਕਰਦਾ ਹੈ। ਰੂਸੀ ਸਾਹਿਤ ਨੇ ਵੀ ਸਾਹਿਤਕਾਰ ਨੂੰ ਬਹੁਤ ਪ੍ਰਭਾਵਿਤ ਕੀਤਾ।

ਬਚਪਨ ਵਿੱਚ ਕੀਤੀਆਂ ਚੋਰੀਆਂ ਦੀ ਗੱਲ ਵੀ ਇਸ ਮੁਲਾਕਾਤ ਨੂੰ ਦਿਲਚਸਪ ਬਣਾਉਣ ਲਈ ਕੀਤੀ ਗਈ ਹੈ। ਇਸ ਮੁਲਾਕਾਤ ਵਿਚ ਸਾਹਿਤਕਾਰ ਦੇ ਛੋਟੀ ਉਮਰੇ ਹੋਏ ਵਿਆਹ ਬਾਰੇ ਜਿ਼ਕਰ ਕੀਤਾ ਗਿਆ ਹੈ ਜੋ ਵਾਧੂ ਜਿਹਾ ਵਿਸਥਾਰ ਜਾਪਦਾ ਹੈ ਪਰ ਦਿਲਚਸਪ ਹੈ। ਪੁਰਾਣੇ ਸਮੇਂ ਹਰ ਬੰਦੇ ਦਾ ਵਿਆਹ ਛੋਟੀ ਉਮਰੇ ਹੀ ਕਰ ਦਿੱਤਾ ਜਾਂਦਾ ਸੀ, ਉਸ ਨੂੰ ਜਲਦੀ ਹੀ ਕਬੀਲਦਾਰੀ ਦਾ ਅਹਿਸਾਸ ਕਰਵਾਉਣ ਲਈ ਜਾਂ ਕਿੇ ਹੋਰ ਕਾਰਨ ਕਰਕੇ। ਸਾਹਿਤਕਾਰ ਦਾ ਕਹਿਣਾ ਹੈ ਕਿ ਜਿੰ਼ਦਗੀ ਦੇ ਕੌੜੇ ਅਨੁਭਵ ਹੀ ਲੇਖਕ ਦੀਆਂ ਰਚਨਾਵਾਂ ਦਾ ਆਧਾਰ ਬਣਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਦਾ ਦ੍ਰਿਸਟੀਕੋਣ ਵਿਕਸਿਤ ਹੁੰਦਾ ਹੈ। ਇਹੋ ਕੌੜੇ ਅਨੁਭਵ ਹੀ ਯਥਾਰਥ ਤੱਕ ਪਹੁੰਚਣ ਦਾ ਰਾਹ ਬਣਦੇ ਹਨ ਹਰ ਕਾਮਯਾਬ ਸਾਹਿਤਕਾਰ ਲਈ, ਜਿਨ੍ਹਾਂ ਨੂੰ ਫਿਰ ਉਹ ਆਪਣੀਆਂ ਰਚਨਾਵਾਂ ਰਾਹੀਂ ਬਿਆਨ ਕਰਦਾ ਹੈ। ਇਨ੍ਹਾਂ ਕੌੜੇ ਅਨੁਭਵਾਂ ਵਿਚੋ ਗੁਜਰਦੇ ਹੋਏ ਜਿੰਨੇ ਵੀ ਲੋਕ ਰਾਹ ਵਿਚ ਆਉਂਦੇ ਹਨ ਉਹ ਸਭ ਰਚਨਾਕਾਰ ਦੇ ਪ੍ਰੇਰਨਾ ਸਰੋਤ ਬਣ ਜਾਂਦੇ ਹਨ ।ਉਨ੍ਹਾਂ ਵਿਚ ਚੰਗੇ ਮਾੜੇ ਸਭ ਸ਼ਾਮਿਲ ਹੁੰਦੇ ਹਨ। ਫਿਰ ਪਤਾ ਨਹੀਂ ਕਦੋਂ ਇਹ ਲੋਕ ਲਿਪੀਬੱਧ ਹੋ ਜਾਂਦੇ ਹਨ ਤੇ ਨਾਵਲ, ਨਾਟਕ ਦਾ ਰੂਪ ਧਾਰਨ ਕਰ ਜਾਂਦੇ ਹਨ। ਇਸ ਤਰ੍ਹਾਂ ਸਾਧਾਰਣ ਮਨੁੱਖ ਵੀ ਕਈ ਵਾਰ ਇੱਕ ਚੰਗਾ ਸਾਹਿਤਕਾਰ ਬਣ ਜਾਂਦਾ ਹੈ। ਸਾਹਿਤਕਾਰ ਮੰਨਦਾ ਹੈ ਕਿ ਮਨੁੱਖ ਨੂੰ ਦੁੱਖਾਂ ਤੋਂ ਕਦੇ ਘਬਰਾਉਣਾ ਨਹੀਂ ਚਾਹੀਦਾ। ਦੁੱਖ, ਮੁਸੀਬਤਾਂ ਝੱਲ ਕੇ ਮਨੁੱਖ ਪੱਕ ਜਾਂਦਾ ਹੈ ਤੇ ਆਖਿਰ ਦੁੱਖ ਹੀ ਮਨੁੱਖ ਤੋਂ ਹਾਰ ਜਾਂਦਾ ਹੈ। ਸਾਹਿਤਕਾਰ ਦੀ ਧਾਰਣਾ ਹੈ ਕਿ ਜਿਹੜੇ ਮਨੁੱਖ ਅਗਿਆਨੀ, ਸਿੱਧੜ ਤੇ ਸੰਵੇਦਨਸੀਲ ਨਹੀਂ ਹੁੰਦੇ, ਮੋਟੀ ਚਮੜੀ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਗਰੀਬੀ ਤੇ ਮੁਸੀਬਤਾਂ ਦਾ ਵੀ ਦੁੱਖ ਨਹੀਹੁੰਦਾ। ਉਹ ਦੁੱਖ ਨੂੰ ਪਿਛਲੇ ਕਰਮਾਂ ਦਾ ਫਲ਼ ਸਮਝ ਕੇ ਜੀਉਂਈਂ ਜਾਂਦੇ ਹਨ। ਪਰ ਸੰਵੇਦਨਸ਼ੀਲ ਵਿਅਕਤੀ ਦੀ ਜ਼ਿੰਦਗੀ ਦੁੱਖਾਂ ਦੇ ਅਹਿਸਾਸ ‘ਚ ਹੀ ਬੀਤੇਗੀ। ਇਥੇ ਸਾਹਿਤਕਾਰ ਆਸ਼ਾਵਾਦੀ ਜਾਪਦਾ ਹੈ। ਉਹ ਕਹਿੰਦਾ ਹੈ ਕਿ ਮਨੁੱਖ ਜ਼ਿੰਦਗੀ ਦੇ ਦੁੱਖਾਂ ਨੂੰ ਜਾਂ ਤਾਂ ਪਿਛਲੇ ਜਨਮਾਂ ਦਾ ਤਾਣਾ ਬਾਣਾ ਸਮਝ ਕੇ ਜਿਉਂਦੇ ਹਨ ਜਾਂ ਫਿਰ ਦੁੱਖਾਂ ਦੇ ਅਹਿਸਾਸ ਨਾਲ। ਉਹ ਕਦੇ ਵੀ ਸਮਾਜ ਨੂੰ ਬਦਲਣ ਦੀ ਨਹੀਂ ਸੋਚਦੇ। ਮਨੁੱਖਾਂ ਦੀ ਅਜਿਹੀ ਸੋਚ ਤਾਂ ਪਸ਼ੂਆਂ ਨਾਲੋਂ ਵੀ ਭੈੜੀ ਹੈ। ਇਥੇ ਸਾਹਿਤਕਾਰ ਨੂੰ ਕੇਵਲ ਸਮਾਜ ਪ੍ਰਤੀ ਹੀ ਵਿਰੋਧ ਨਹੀਂ ਬਲਕਿ ਆਪਣੇ ਆਪ ਪ੍ਰਤੀ ਵੀ ਵਿਰੋਧ ਜਾਪਦਾ ਹੈ।

ਗੁਰਦਿਆਲ ਸਿੰਘ ਆਪਣੇ ਆਪ ਨੂੰ ਕਹਾਣੀਕਾਰ ਦੁੱਗਲ ਤੋਂ ਵੀ ਪ੍ਰਭਾਵਿਤ ਦਸਦਾ ਹੈ। ਇਸੇ ਕਰਕੇ ਉਹ ਉਸ ਦੀਆਂ ਕਹਾਣੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਣ ਦੀ ਵੀ ਗੱਲ ਕਰਦਾ ਹੈ। ਭੇਂਟ ਕਰਤਾ ਦੇ ਨਵਤੇਜ ਅਤੇ ਗੁਰਬਖਸ਼ ਸਿੰਘ ਬਾਰੇ ਪੁੱਛਣ ਤੇ ਇੰਟਰਵਿਊ ਨਾਇਕ ਦਾ ਮੰਨਣਾ ਹੈ ਕਿ ਸ. ਗੁਰਬਖਸ਼ ਸਿੰਘ ਤੇ ਨਾਨਕ ਸਿੰਘ ਹਮੇਸ਼ਾ ਉਸ ਦੇ ਮਨਪਸੰਦ ਲੇਖਕ ਰਹੇ ਹਨ। ਨਾਇਕ ਦਾ ਖੱਬੇ ਪੱਖੀ ਵਿਚਾਰਾਂ ਦਾ ਰੁਝਾਨ ਉਨ੍ਹਾਂ ਦੇ ਲੇਖਾਂ ਨਾਲ ਹੀ ਬਣਿਆ ਸੀ। ਕਰਨੀ ਤੇ ਕਥਨੀ ਵਿਚ ਫਰਕ ਹੋਣ ਤੇ ਉਹ ਲੇਖਕਾਂ ਅਤੇ ਪਾਠਕਾਂ ਦਾ ਨੁਕਸਾਨ ਮੰਨਦਾ ਹੈ। ਸਾਹਿਤਕਾਰ ਸੁਪਨਮਈ ਜੀਵਨ ਨੂੰ ਦਖਾਂਤ ਮੰਨਦਾ ਹੈ, ਜ਼ਿਆਦਾਤਰ ਮੱਧਵਰਗ ਦੇ ਲੋਕਾਂ ਲਈ ਕਿਉਂਕਿ ਉਨ੍ਹਾਂ ਦਾ ਵਾਸਤਾ ਤਾਂ ਜੰਮਦਿਆਂ ਹੀ ਕੌੜੇ ਤੇ ਖਰ੍ਹਵੇ ਸੱਚ ਨਾਲ ਹੁੰਦਾ ਹੈ। ਭਾਵੇਂ ਇਸ ਉੱਤਰ ਤੇ ਲੇਖਕ ਨਿਰਾਸ਼ਾਵਾਦੀ ਜਾਪਦਾ ਹੈ, ਪਰ ਉਸ ਨੇ ਮੱਧ ਵਰਗੀ ਜੀਵਨ ਦੇ ਯਥਾਰਥ ਨੂੰ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ। ਪ੍ਰਸ਼ਨ, ਨਾਵਲ ਦਾ ਪਲਾਟ ਮਨ ਵਿੱਚ ਕਿਵੇਂ ਉਗਮਦਾ ਹੈ ਦੇ ਜਵਾਬ ਵਿਚ ਸਾਹਿਤਕਾਰ ਦਾ ਇਹ ਜਵਾਬ ਕਿ ਮੈਂਨੂੰ ਹਮੇਸ਼ਾ ਅਜਿਹੇ ਵਿਅਕਤੀਆਂ ਨੇ ਪ੍ਰਭਾਵਿਤ ਕੀਤਾ ਹੈ ਜਿਹੜੇ ਆਮ ਲੋਕਾਂ ਵਾਂਗ ਜਿਉਂਦੇ ਵੀ, ਉਨ੍ਹਾਂ ਤੋਂ ਵੱਖਰੇ ਹੁੰਦੇ ਹਨ। ਫਿਰ ਪਲਾਟ ਬਣਨ ਵਿਚ ਅਜਿਹੇ ਲੋਕ ਹੀ ਉਸ ਦੇ ਨਾਵਲਾਂ ਦਾ ਮਾਡਲ ਹੁੰਦੇ ਹਨ ਅਤੇ ਉਸਦੇ ਦ੍ਰਿਸ਼ਟੀਕੋਣ ਅਨੁਸਾਰ ਹੀ ਉਹ ਢਲ ਜਾਂਦੇ ਹਨ। ਪਰ ਸਾਹਿਤਕਾਰ ਇਹ ਵੀ ਮੰਨਦਾ ਹੈ ਕੀ ਉਸ ਦੇ ਨਾਵਲਾਂ ਦੇ ਪਾਤਰ ਉਸ ਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਦੇ ਉਹ ਵਿਲੱਖਣ ਹੀ ਬੰਦੇ ਹੁੰਦੇ ਹਨ ਜਿਨਾਂ ਅੱਗੇ ਰਚਨਾਕਾਰ ਦੀ ਸ਼ਕਤੀ ਹਾਰ ਜਾਂਦੀ ਹੈ। ਇਸ ਤਰ੍ਹਾਂ ਜੀਵਨ ਯਥਾਰਥ ਹੀ ਉਸਦੇ ਨਾਵਲਾਂ ਦੀ ਅੰਤਿਮ ਸ਼ਕਤੀ ਹੁੰਦੀ ਹੈ।

ਇੰਟਰਵਿਊ ਨਾਇਕ ਦਾ ਮੰਨਣਾ ਹੈ ਕਿ ਕਿਸੇ ਰਚਨਾ ਦਾ ਸਾਹਿਤਕ ਮੁੱਲ ਪਵਾਉਣ ਲਈ ਕਈ ਸਾਲ ਵੀ ਲੱਗ ਜਾਂਦੇ ਹਨ। ਕਿਸੇ ਰਚਨਾ ਨੂੰ ਲਿਖਦਿਆਂ ਹੋਇਆ ਕੋਈ ਵਿਸ਼ੇਸ ਮਾਹੌਲ ਹੋਵੇ ਇਹ ਜਰੂਰੀ ਨਹੀਂ। ਗੁਰੂ ਮਦਨ ਮੋਹਨ ਸ਼ਰਮਾ ਦੀ ਦਿੱਤੀ ਮਤ ਕਿ ਜਿਹੋ ਜਿਹੇ ਵੀ ਤੁਹਾਡੇ ਮੰਦੇ ਚੰਗੇ ਹਾਲਾਤ ਹੋਣ ਉਹਨਾਂ ਅਨੁਸਾਰ ਹੀ ਆਪਣੇ ਆਪ ਨੂੰ ਢਾਲ ਲਵੋ, ਫਿਰ ਹੀ ਕੋਈ ਕੰਮ ਤੁਸੀਂ ਕਰ ਸਕੋਗੇ ਨੂੰ ਲੇਖਕ ਗੰਢ ਬੰਨ੍ਹ ਕੇ ਤੁਰਦਾ ਹੈ। ਭਾਵ ਨਾਇਕ ਦਾ ਅਨੁਭਵ ਹੈ ਕਿ ਕੰਮ ਵਿਚ ਲੀਨ ਹੋਏ ਬੰਦੇ ਦਾ ਧਿਆਨ ਹੀ ਹੋਰ ਕਿਸੇ ਪਾਸੇ ਨਹੀਂ ਜਾਂਦਾ। ਜੇ ਤੁਸੀਂ ਹਾਲਾਤ ਸੁਧਰਨ ਦਾ ਇੰਤਜ਼ਾਰ ਕਰੋਗੇ ਤਾਂ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ। ਇਥੇ ਅਸਲ ਵਿਚ ਸਮੇਂ ਦੀ ਮਹੱਤਤਾ ਦਾ ਹੀ ਗੁਣਗਾਣ ਕੀਤਾ ਗਿਆ ਹੈ। ਮਨੁੱਖ ਨੂੰ ਆਪਣੀ ਲਿਖਤ ਦੀ ਤਸੱਲੀ ਦੇ ਜਵਾਬ ਵਿਚ ਉਹ ਫੈਸਲਾ ਸਮੇਂ ਤੇ ਛੱਡਦਾ ਹੈ। ਸਾਹਿਤਕਾਰ ਨੂੰ ਦੁੱਖ ਹੈ ਕਿ ਉਹ ਮਾਰਕਸ ਦੇ ਦੋ ਸ਼ਬਦ ;ਡਾਊਟ ਐਵਰੀ ਥਿੰਗ’ ਉਪਰ ਅਮਲ ਨਹੀਂ ਕਰ ਸਕਿਆ। ਇਸ ਦਾ ਕਾਰਨ ਉਹ ਮੰਨਦਾ ਹੈ ਕਿ ਉਸ ਨੂੰ ਸੰਸਾਰਿਕ ਸਿਆਣਪ ਦੀ ਸੋਝੀ ਹੀ ਨਹੀਂ। ‘ਤਰਸ ਦਾ ਪਾਤਰ’ ਬਣਨ ਜਾਂ ਉਸਦੇ ਦੰਭੀ ਹੋਣ ਵਾਲੇ ਪ੍ਰਸ਼ਨ ਦੇ ਜਵਾਬ ਵਿੱਚ ਲੇਖਕ ਦਾ ਜਵਾਬ ਬੜਾ ਸਪੱਸ਼ਟ ਹੈ ਕਿ ਮਾਰਦੇ ਦਾ ਹੱਥ ਫੜ ਸਕਦੇ ਹਾਂ, ਬੋਲਦੇ ਦੀ ਜੁਬਾਨ ਕੌਣ ਫੜ ਸਕਦਾ ਹੈ। ਅਜਿਹਾ ਬੋਲਣ ਵਾਲੇ ਦੀ ਇਹ ਸੁਭਾਅ ਦੀ ਮਜਬੂਰੀ ਵੀ ਹੋ ਸਕਦੀ ਹੈ। ਲੇਖਕ ਇਥੇ ਬੜਾ ਦਰਿਆ ਦਿਲ ਅਤੇ ਬਖਸ਼ਣਹਾਰ ਜਾਪਦਾ ਹੈ। ਇਨਾਂ ਉੱਚ ਕੋਟੀ ਦਾ ਲੇਖਕ ਹੋ ਕੇ ਵੀ ਉਹ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇਣਾ ਚਾਹੁੰਦਾ, ਇਹ ਉਸ ਦੀ ਮਹਾਨਤਾ ਦੇ ਗੁਣ ਵਿਚ ਹੀ ਸ਼ਾਮਿਲ ਹੈ।

ਉਸਨੂੰ ਪੰਜਾਬੀ ਸਾਹਿਤ ਦੇ ਚੰਗੇ ਭਵਿੱਖ ਦੀ ਵੀ ਉਸ ਨੂੰ ਆਸ ਹੈ। ਸਾਹਿਤਕਾਰ ਸਾਹਿਤ ਨੂੰ ਵਧੇਰੇ ਪੜ੍ਹਨ ਨੂੰ ਤਰਜੀਹ ਦਿੰਦਾ ਹੈ। ਸਾਹਿਤ ਪੜ੍ਹਨ ਨਾਲ ਹੀ ਪਤਾ ਲੱਗਦਾ ਹੈ ਕਿ ਸਾਹਿਤ ਤੇ ਮੌਲਕਤਾ ਕੀ ਹੁੰਦੀ ਹੈ। ਕਲਪਿਤ ਪਾਤਰਾਂ ਪ੍ਰਤੀ ਉਸ ਦਾ ਜਵਾਬ ਬੜਾ ਵਜ਼ਨਦਾਰ ਹੈ ਕਿ ਪਾਤਰ ਕਲਪਿਤ ਨਹੀਂ ਹੁੰਦੇ, ਪਾਤਰਾਂ ਦੀ ਸਿਰਜਣਾ ਸਮੇਂ ਕੋਈ ਨਾ ਕੋਈ ਜਾਣਿਆਂ ਪਛਾਣਿਆਂ ਬੰਦਾ ਸਾਹਮਣੇ ਜ਼ਰੂਰ ਹੁੰਦਾ ਹੈ। ਇਸ ਤਰ੍ਹਾਂ ਕਲਪਨਾ ਤੇ ਅਨੁਭਵ ਮਿਲ ਕੇ ਪਾਤਰ ਸਿਰਜਦੇ ਹਨ ਤੇ ਫਿਰ ਇਹ ਸੰਸਾਰਕ ਯਥਾਰਥ ਤੇ ਅਧਾਰਿਤ ਹੁੰਦੇ ਹਨ। ਲੇਖਕ ਨੂੰ ਚਿੱਤਰਕਾਰੀ ਦਾ ਵੀ ਸ਼ੌਕ ਸੀ ਪਰ ਨਾਵਲ ‘ਲਸਟ ਫਾਰ ਲਾਈਫ’ ਪੜ੍ਹ ਕੇ ਰੁਝਾਨ ਪੜ੍ਹਨ ਲਿਖਣ ਵਲ ਹੋ ਗਿਆ। ਭਾਵ ਲੇਖਕ ਨੇ ਆਪਣੇ ਅੰਦਰ ਦੀ ਲਿਖਣ ਕਲਾ ਨੂੰ ਲੱਭ ਲਿਆ। ਨਾਟਕ ਲਿਖੇ ਤੇ ਖੇਡੇ ਜਾਣ ਦੇ ਜਵਾਬ ਵਿੱਚ ਲੇਖਕ ਦਾ ਉੱਤਰ ਹੈ ਕਿ ਭਾਵੇਂ ਉਸ ਨੇ ਨਾਟਕ ਲਿਖੇ ਤੇ ਖੇਡੇ ਵੀ ਹਨ, ਉਹ ਆਮ ਦਰਸ਼ਕਾਂ ਨੂੰ ਪਸੰਦ ਵੀ ਆਏ ਹਨ ਪਰ ਉੱਚ ਕੋਟੀ ਦੇ ਨਾਟਕਕਾਰ ਔਲਖ ਤੇ ਗੁਰਸ਼ਰਨ ਸਿੰਘ ਨੂੰ ਇਹ ਜਿ਼ਆਦਾ ਪ੍ਰਭਾਵਿਤ ਨਹੀਂ ਕਰ ਸਕੇ। ਫਿਰ ਨਾਵਲਕਾਰ ਗੁਰਦਿਆਲ ਸਿੰਘ ਨੂੰ ਵੀ ਸਮਝ ਆ ਗਈ ਕਿ ਨਾਵਲ ਤੇ ਕਹਾਣੀਆਂ ਤੇ ਲਿਖੇ ਨਾਟਕ ਕਦੇ ਵੀ ਸਫ਼ਲ ਨਾਟਕ ਨਹੀੰਂ ਹੋ ਸਕਦੇ। ਇਸ ਗੱਲ ਦੀ ਸੋਝੀ ਜੇ ਹਰ ਕੋਈ ਕਰ ਲਵੇ ਤਾਂ ਸਾਹਿਤ ਵਿਚ ਹੋਰ ਵੀ ਵਧੀਆਂ ਕਿਸਮ ਦਾ ਸਾਹਿਤ ਰਚਿਆ ਜਾ ਸਕਦਾ ਹੈ। ਪਰ ਅੱਜ ਲੇਖਕ ਆਪਣੇ ਆਪ ਨੂੰ ਹੀ ਸਭ ਤੋਂ ਵੱਧ ਮਾਨਤਾ ਦਿੰਦੇ ਹਨ।

‘ਗਿਆਨਪੀਠ ਤੱਕ’ ਦੇ ਸਿਰਲੇਖ ਅਧੀਨ ਕੀਤੇ ਗਏ ਪ੍ਰਸਂਨ ਅਤੇ ਦਿੱਤੇ ਗਏ ਜਵਾਬ ਬੜੀ ਵਿਵੇਕਸ਼ੀਲਤਾ ਦੀ ਮੰਗ ਕਰਦੇ ਸਨ ਇਸ ਲਈ ਇਨ੍ਹਾਂ ਪ੍ਰਸ਼ਨਾ ਤੇ ਉੱਤਰਾਂ ਵਿੱਚ ਦੋਵੇ ਹੀ ਧਿਰਾਂ ਨੇ ਬੜੀ ਸਹਿਜਤਾ ਨਾਲ ਗੋਸ਼ਟੀ ਰਚਾਈ ਹੈ ਅਤੇ ਪਾਠਕਾਂ ਦੇ ਸਾਹਮਣੇ ਸੱਚ ਲਿਆਂਦਾ ਹੈ। ਲੇਖਕ ਅਨੁਸਾਰ ਸੰਸਾਰ ਦੇ ਕਿਸੇ ਵੀ ਉਸ ਸਮਾਜ ਦਾ ਸੰਘਰਸ਼ ਕਿਤੇ ਨਹੀਂ ਰੁਕ ਸਕਦਾ ਜਿਸ ਅੰਦਰ ਇਕ ਬੰਦਾ ਦੂਜੇ ਅੱਗੇ ਸਿਰ ਝੁਕਾਉਂਦਾ ਦਿੱਸੇ। ਪਦਮ ਸ਼੍ਰ਼ੀ ਅਵਾਰਡ ਦਾ ਮਿਲਣਾ ਲੇਖਕ ‘ਕਰਮਾਂ’ ਦਾ ਫਲ਼ ਮੰਨਦਾ ਹੈ ਤੇ ਆਪਣੀ ਸਿਰੜੀ ਆਦਤ ਅਨੁਸਾਰ ਕੀਤੇ ਕੰਮ ਦਾ ਨਤੀਜਾ। ਸਾਹਿਤਕਾਰ ਕਹਿੰਦਾ ਹੈ ਕਿ ਪ੍ਰਕਾਸ਼ਕ ਵਪਾਰੀ ਹੁੰਦੇ ਹਨ ਉਨ੍ਹਾਂ ਦਾ ਇਕੋ ਮਕਸਦ ਹੁੰਦਾ ਹੈ ਮੁਨਾਫ਼ਾ ਕਮਾਉਣਾ। ਪੰਜਾਬੀ ਨਾਵਲ ਬਾਰੇ ਲੇਖਕ ਦਾ ਮੰਨਣਾ ਹੈ ਕਿ ਸਾਹਿਤ ਵੀ ਮੰਡੀ ਦਾ ਮਾਲ ਬਣਦਾ ਜਾ ਰਿਹਾ ਹੈ। ਪੰਜਾਬੀ ਦੇ ਯਥਾਰਥਕ ਜੀਵਨ ਨੂੰ ਪੇਸ਼ ਕਰਨ ਵਾਲੇ ਨਾਵਲਾਂ ਵਿਚ ਵਿਦੇਸ਼ੀ ਲੋਕਾਂ ਨੂੰ ਕੋਈ ਰੁਚੀ ਨਹੀੰ। ਯੂਰਪ ਦੇ ਨਾਵਲ ਦੀ ਉੱਤਪਤੀ ਤੇ ਪੰਜਾਬੀ ਨਾਵਲ ਦੀ ਉੱਤਪਤੀ ਦੇ ਕਾਰਣ ਸਮਾਨ ਨਹੀਂ ਹਨ। ਪੰਜਾਬ ਦੇ ਜੀਵਨ ਯਥਾਰਥ ਦੀ ਜਟਿਲ ਸਥਿਤੀ ਤੇ ਜੀਵਨ ਦੇ ਵਰਤਾਰੇ ਦੀ ਗਹਿਰਾਈ ਹੀ, ਕਲਾਤਮਿਕ ਢੰਗ ਨਾਲ ਪੇਸ਼ ਨਹੀਂ ਹੋਈ। ਪੰਜਾਬੀ ਨਾਵਲ ਦੇ ਵਿਕਾਸ ਨੂੰ ਖਤਰਾ ਤਾਂ ਜ਼ਰੂਰ ਹੈ ਪਰ ਉਸ ਦੇ ਮਰਨ ਦੀ ਗੱਲ ਨੂੰ ਨਾਵਲਕਾਰ ਗਲਤ ਮੰਨਦਾ ਹੈ। ਭੇਂਟ ਨਾਇਕ ਦਾ ‘ਗੁਰਮੁਖ ਲਿਖਾਰੀ’ ਵਾਲੇ ਸਿਰਲੇਖ ਹੇਠ ਦਿੱਤਾ ਗਿਆ ਉੱਤਰ ਪਾਠਕਾਂ ਲਈ ਬੜਾ ਮਹੱਤਵਪੂਰਣ ਸਿੱਧ ਹੁੰਦਾ ਹੈ ਕਿ ਰਚਨਾ ਵਿਚ ਅੰਦਰਲੇ ਭਾਵ ਪੜ੍ਹਨ ਦਾ ਯਤਨ ਕੀਤੇ ਬਿਨਾਂ, ਕਲਾਤਮਿਕ ਰਚਨਾਵਾਂ ਦੀਆਂ ਡੂੰਘੀਆਂ ਪਰਤਾਂ ਦੀ ਸਮਝ ਨਹੀਂ ਆਉਂਦੀ। ਪਾਠਕਾਂ ਨੂੰ ਉਹਨਾਂ ਪਰਤਾਂ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਸਤਹੀ ਅਰਥਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਭੇਂਟ ਨਾਇਕ ਦੱਸਦਾ ਹੈ ਕਿ ਉਸ ਨੂੰ ਕਦੇ ਇਨਾਮਾਂ-ਸਨਮਾਨਾਂ ਦੀ ਭੁੱਖ ਨਹੀਂ ਰਹੀ। ਇਥੇ ਨਾਇਕ ਭਾਰਤੀਆਂ ਦੀ ਗੁਲਾਮ ਜ਼ਹਿਨੀਅਤ ਦਾ ਕਾਰਣ ਵੀ ਦੱਸਦਾ ਹੈ ਕਿ ਵਰਤਮਾਨ ਭਾਰਤੀ ਸਮਾਜ ਦੂਜੇ ਬੰਦੇ ਦੇ ਦੋ ਕਦਮ ਅਗਾਂਹ ਲੰਘਣ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਇਹ ਨਿਘਾਰ ਹਰ ਭਾਰਤੀ ਪੰਜਾਬੀ ਦੇ ਹੱਡੀਂ ਰਚਿਆ ਹੋਇਆ ਹੈ ਜੇ ਸਾਡੇ ਅੰਦਰ ਅਜਿਹੀ ਭਾਵਨਾ ਹੈ ਤਦ ਹੀ ਅਸੀਂ ਲੰਮਾਂ ਸਮਾਂ ਗੁਲਾਮੀ ਭੋਗੀ ਹੈ।

ਨਾਵਲ ‘ਮੜ੍ਹੀ ਦਾ ਦੀਵਾ’ ਤੇ ਬਣੀ ਫਿਲਮ ਪੰਜਾਬੀ ਦੀ ਉਹ ਕਲਾਤਮਕ ਫਿਲਮ ਹੈ, ਜਿਸ ਦਾ ਮੁਕਾਬਲਾ ਪੰਦਰਾਂ ਸਾਲ ਬਾਦ ਵੀ ਕਿਸੇ ਫਿਲਮ ਨਾਲ ਨਹੀਂ ਕੀਤਾ ਜਾ ਸਕਦਾ। ਇਸੇ ਕਾਰਨ ਬਰਲਿਨ ਨੇ ਹੋਰ ਕਈ ਵਿਦੇਸ਼ੀ ਫਿਲਮ ਮੇਲਿਆਂ ਵਿਚ ਇਸ ਨੂੰ ਸ਼ਾਮਿਲ ਕੀਤਾ ਸੀ ਤੇ ਇਸ ਫਿਲਮ ਨੂੰ ਰਿਜ਼ਨਲ ਫਿਲਮ ਵਜੋਂ ਪਰਸਕਾਰ ਵੀ ਮਿਲਿਆ ਸੀ। ਆਪਣੀ ਇਸ ਮੁਲਾਕਾਤ ਵਿੱਚ ਸਾਹਿਤਕਾਰ ‘ਪੰਜਾਬੀ ਸਾਹਿਤ ਅਕਾਦਮੀ’ ਵੱਲੋਂ ਆਪਣੀ ਕਹਾਣੀ ‘ਸਾਂਝੀ ਖੇਤੀ’ ਨੂੰ ਮਿਲੇ ਪੁਰਸਕਾਰ ਦੀ ਗੱਲ ਵੀ ਕਰਦਾ ਹੈ। ਸਾਹਿਤਕਾਰ ਆਪਣੇ ਨਾਲ ਬੀਤੀ ਇੱਕ ਪੁਰਾਣੀ ਘਟਨਾ ਨੂੰ ਚਾਲੀ ਸਾਲ ਬਾਦ ਯਾਦ ਕਰਕੇ ਵੀ ਸੋਚਦਾ ਹੈ ਕਿ ਜੋ ਅਧਿਆਪਕ ਇਹ ਸੋਚਦਾ ਹੈ ਕਿ ਸਾਹਿਤ ਦੀ ਹਰ ਵਿਧਾ ਨਕਲ ਮਾਰ ਕੇ ਲਿਖੀ ਜਾ ਸਕਦੀ ਹੈ ਉਹੋ ਜਿਹੇ ਅਧਿਆਪਕ ਵਿਦਿਆਰਥੀਆਂ ਨੂੰ ਕੀ ਸਿੱਖਿਆ ਦੇ ਸਕਦੇ ਹਨ? ਕਦੇ ਕਦੇ ਇਹ ਗੱਲ ਸੱਚ ਵੀ ਜਾਪਦੀ ਹੈ। ਇਸ ਬਾਰੇ ਹਰ ਸਾਹਿਤਕਾਰ ਤੇ ਹਰ ਪਾਠਕ ਤੇ ਅਧਿਆਪਕ ਨੂੰ ਸੋਚਣਾ ਚਾਹੀਦਾ ਹੈ। ਇਹ ਵਿਸ਼ਾ ਸੱਚਮੁਚ ਚਿੰਤਨ ਕਰਨ ਵਾਲਾ ਹੈ। ਸਾਹਿਤਕਾਰ ਵੱਲੋਂ ਲਿਖੀ ਗਈ ਕਿਤਾਬ ‘ਜੀਵਨ ਤੇ ਸਾਹਿਤ’ ਪਾਠਕਾਂ ਨੂੰ ਇਸ ਹੱਦ ਤੱਕ ਲੈ ਕੇ ਜਾਣ ਵਾਲੀ ਹੈ ਜਿੱਥੇ ਜਾ ਕੇ ਉਹ ਸਮਝ ਲੈਣ ਕਿ ਕਿਸੇ ਸਾਹਿਤਕ ਕਿਰਤ ਦਾ ਮੂਲ ਆਧਾਰ ਕੀ ਹੁੰਦਾ ਹੈ। ਇਸ ਤਰ੍ਹਾਂ ਇਹ ਪੁਸਤਕ ਪਾਠਕਾਂ ਦੇ ਲਈ ਲਾਹੇਵੰਦ ਵੀ ਸਾਬਿਤ ਹੋ ਸਕਦੀ ਹੈ। ਹੋਰ ਲੇਖਕਾਂ ਵਾਂਗ ਗੁਰਦਿਆਲ ਸਿੰਘ ਨੇ ਵੀ ਆਪਣਾ ਸਾਹਿਤਕ ਸਫ਼ਰ ਕਵਿਤਾ ਤੋਂ ਹੀ ਸ਼਼ੁਰੂ ਕੀਤਾ ਹੈ। ਪਰ ਫਿਰ ਨਾਵਲ ਨੂੰ ਹੀ ਪ੍ਰਮੁੱਖਤਾ ਦਿੱਤੀ। ਇਸ ਸਫਲ ਮੁਲਾਕਾਤ ਤੋਂ ਇਹ ਗੱਲ ਸਹਿਜੇ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਸਾਹਿਤਕਾਰ ਦਾ ਨਿੱਜੀ ਜੀਵਨ ਉਹਦੀਆਂ ਲਿਖਤਾਂ ਤੋਂ ਅਲਗ ਨਹੀਂ ਹੁੰਦਾ। ਅੰਤ ਵਿਚ ਅਸੀਂ ਇਸ ਮੁਲਾਕਾਤ ਬਾਰੇ ਇਹ ਕਹਿ ਸਕਦੇ ਹਾਂ ਕਿ ਅਵਤਾਰ ਜੰਡਿਆਲਵੀ ਕੋਲ ਜਗਿਆਸਾ ਅੰਤਾਂ ਦੀ ਹੈ ਅਤੇ ਸਾਹਿਤਕਾਰ ਗਰਦਿਆਲ ਸਿੰਘ ਕੋਲ ਧੀਰਜ ਦੀ ਵੀ ਕਮੀ ਨਹੀਂ। ਦੋਨਾਂ ਦੇ ਇੰਟਰਵਿਊ ਸਫ਼ਲ ਹੋ ਸਕੀ ਹੈ। ਸਾਹਿਤਕਾਰ ਦੇ ਸਮੁੱਚੇ ਜੀਵਨ ਦਰਸ਼ਨ ਨੂੰ ਸਮੇਟ ਲੈਣ ਵਾਲੀ ਇਹ ਮੁਲਾਕਾਤ ਗੁਰਦਿਆਲ ਦਿੰਘ ਦੀ ਵਿਸ਼ਲੇਲਸ਼ਣੀ ਪ੍ਰਤਿਭਾ ਦਾ ਹੀ ਕਮਾਲ ਨਹੀਂ ਬਲਕਿ ਭੇਂਟਵਾਰਤਾਕਾਰ ਅਵਤਾਰ ਜੰਡਿਆਲਵੀ ਦੀ ਪੈਨੀ ਦ੍ਰਿਸ਼ਟੀ ਅਤੇ ਡੂੰਘੀ ਸੂਝ ਦਾ ਵੀ ਪ੍ਰਗਟਾਵਾ ਹੈ।

ਸੁਰਜੀਤ ਪਾਤਰ ਨਾਲ਼ ਮੁਲਾਕਾਤ

ਸੁਖ਼ਨ ਸੁਹੇਲੇ’ ਪੁਸਤਕ ਦੀ ਦੂਜੀ ਮੁਲਾਕਾਤ ਪੰਜਾਬੀ ਸਾਹਿਤ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦੇ ਨਾਲ ਰਚਾਇਆ ਗਿਆ ਸੰਵਾਦ ਹੈ। ਭੇਂਟਕਰਤਾ ਇਸ ਪੁਸਤਕ ਵਿਚ ਇਕ ਨਾਵਲਕਾਰ ਤੋਂ ਬਾਦ ਗ਼ਜ਼ਲਕਾਰ ਵੱਲ ਮੁੜਦਾ ਹੈ। ਕਿੱਥੇ ਨਾਵਲ ਅਤੇ ਕਿੱਥੇ ਸ਼ਾਇਰੀ ਨਾਲ ਜੁੜੇ ਪ੍ਰਸ਼ਨ, ਪਰ ਇਥੇ ਵੀ ਭੇਂਟਕਰਤਾ ਅਵਤਾਰ ਜੰਡਿਆਲਵੀ ਆਪਣੀ ਮੁਲਾਕਾਤ ਵਿਚ ਸਫ਼ਲ ਹੋਇਆ ਹੈ।

ਸੁਰਜੀਤ ਪਾਤਰ ਦੀ ਸਾਰੀ ਕਵਿਤਾ ਰੂਹ ਦੇ ਰੰਗ ਵਿਚ ਰੰਗੀ ਹੋਈ ਹੈ। ਉਹ ਕਵਿਤਾ ਲਿਖ ਕੇ ਚੁਪ ਨਹੀਂ ਕਰਦਾ ਬਲਕਿ ਮਹਿਫਲਾਂ ਮੁਸਾ਼ਇਰਿਆਂ ਵਿਚ ਪੂਰੇ ਵੇਗ ਨਾਲ ਗਾਉਂਦਾ ਹੈ। ਇਹ ਭੇਂਟਨਾਇਕ ਲੋਕਾਂ ਦਾ ਇਨਾਂ ਹਰਮਨ ਪਿਆਰਾ ਸ਼ਾਇਰ ਹੈ ਕਿ ਉਸ ਦੀ ਕਵਿਤਾ ਦੇ ਕਿੰਨੇ ਸ਼ੇਅਰ ਸੰਸਾਰ ਭਰ ਵਿਚ ਪੰਜਾਬੀਆਂ ਦੇ ਬੁਲ੍ਹਾਂ ਉੱਤੇ ਚੜ੍ਹੇ ਹੋਏ ਹਨ। ‘ਪੱਤੜ ਕਲਾਂ’ ਨਾਂ ਦੇ ਪਿੰਡ ਵਿਚ ਤਰਖਾਣਾਂ ਦੇ ਘਰ ਪੈਦਾ ਹੋਇਆ ਇਹ ਸ਼ਾਇਰ ਕਿਵੇਂ ਪਾਤੜ ਤੋਂ ਪਾਤਰ ਬਣ ਗਿਆ। ਇਸ ਦਿਲਚਸਪ ਘਟਨਾ ਨੂੰ ਵੀ ਇਸ ਮੁਲਾਕਾਤ ਵਿਚ ਉਭਾਰਿਆ ਗਿਆ ਹੈ। ਅੱਜ ਉਹ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਸ਼ਾਇਰ ਹੈ। ਭੇਂਟਕਰਤਾ ਦਾ ਪ੍ਰਸ਼ਨ ‘ਤੈਨੂੰ ਸ਼ਬਦਾਂ ਦੀ ਛਾਂ’ ਵਾਲੇ ਰੁੱ ਹੋਣ ਦਾ ਅਹਿਸਾਸ ਕਿਸ ਉਮਰ ਵਿਚ ਹੋਇਆ ਦੇ ਜਵਾਬ ਵਿਚ ਦੱਸਦਾ ਹੈ ਕਿ ਜਦੋਂ ਤੋਂ ਉਸਨੇ ਸੁਰਤ ਸੰਭਾਲੀ ਹੈ ਉਦੋਂ ਤੋਂ ਹੀ ਉਸਨੇ ਆਪਣੇ ਆਪ ਨੂੰ ਸਾਜ਼ਾਂ ਦੇ ਮਗਰ ਭੱਜਦਾ ਦੇਖਿਆ ਹੈ। ਫਿਰ ਅਧਿਆਪਕ ਸੁਰਜੀਤ ਸਿੰਘ ਸੇਠੀ ਦੇ ਪਿਆਰ ਅਤੇ ਉਤਸਾਹ ਨੇ ਉਸਨੂੰ ਇਕ ਕਵੀ ਬਣਨ ਲਈ ਪ੍ਰੇਰਿਆ। ਗ਼ਜ਼ਲ ਉਸਨੇ ਸਭ ਤੋਂ ਪਹਿਲਾਂ ਆਪਣੀ ਜਮਾਤ ਵਿਚ ਪੜ੍ਹਦੀ ਕੁੜੀ ‘ਗਾਇਕਾ’ ਦੇ ਲਈ ਲਿਖੀ। ਸੱਚ ਹੈ ਗ਼ਜ਼ਲ ਦਾ ਅਰਥ ਹੀ ਹੈ ਔਰਤਾਂ ਨਾਲ ਗੱਲਾਂ ਕਰਨਾ। ਸ਼ਾਇਰ ਸਹੀ ਅਰਥਾਂ ਵਿਚ ਗ਼ਜ਼ਲਕਾਰ ਉਦੋਂ ਹੀ ਬਣਿਆ।

ਹਰ ਸਾਹਿਤਕਾਰ ਦੀ ਰਚਨਾ ਦੇ ਪਿੱਛੇ ਉਸ ਦੇ ਜੀਵਨ ਦੇ ਕੌੜੇ ਮਿੱਠੇ ਅਨੁਭਵ ਜ਼ਰੂਰ ਹੁੰਦੇ ਹਨ। ਉਨ੍ਹਾਂ ਅਨੁਭਵਾਂ ਨੂੰ ਉਹ ਰਚਨਾ ਵਿਚ ਕਿਸ ਤਰ੍ਹਾਂ ਢਾਲਦਾ ਹੈ ਇਹ ਉਸ ਦੀ ਰਚਨਾ ਦੀ ਦਿਲਚਸਪੀ ਤੇ ਹੀ ਨਿਰਭਰ ਕਰਦਾ ਹੈ। ਬਚਪਨ ਵਿੱਚ ਹੀ ਸ਼ਾਇਰ ਦਾ ਪਿਤਾ ਸਾਰੇ ਪਰਿਵਾਰ ਦੀ ਜਿ਼ੰਮੇਵਾਰੀ ਉਸਦੀ ਮਾਂ ਨੂੰ ਸੌਂਪ ਕੇ ਵਿਦੇਸ਼ ਚਲਾ ਗਿਆ। ਫਿਰ ਮਾਂ ਨੂੰ ਪਿਉਂ ਦਾ ਇੰਤਜ਼ਾਰ ਕਰਦਿਆਂ ਵੇਖਿਆ। ਇਸ ਪ੍ਰਕਾਰ ਸੁੰਨੇ ਬਚਪਨ ਦੀਆਂ ਕਈ ਯਾਦਾਂ ਨੇ ਮਿਲਕੇ ਉਸ ਨੂੰ ਇਕ ਸ਼ਾਇਰ ਬਣਾ ਦਿੱਤਾ। ਗ਼ਜਲ਼ਕਾਰ ਦੱਸਦਾ ਹੈ ਕਿ ਪਹਿਲਾਂ ਉਸ ਦੇ ਬਾਪ ਨੇ ਤੇ ਫਿਰ ਉਸ ਨੇ ਆਪਣੀ ਮਾਂ ਨੂੰ ਕਿੰਨਾ ਦੁੱਖ ਦਿੱਤਾ। ਇੰਤਜ਼ਾਰ ਕਰਨਾ ਹੀ ਉਸ ਔਰਤ ਦੀ ਜ਼ਿੰਦਗੀ ਰਿਹਾ। ਪਹਿਲਾਂ ਪਤੀ ਦਾ ਇੰਤਜਾਰ ਤੇ ਫਿਰ ਕਾਲਜ ਤੋਂ ਪੜ੍ਹ ਕੇ ਦੇਰ ਨਾਲ ਆਉਣ ਵਾਲੇ ਪੁੱਤ ਦਾ ਇੰਤਜ਼ਾਰ। ਫਿਰ ਭੇਂਟਨਾਇਕ ਪੱਤੜ ਤੋਂ ਪੱਤਣ ਅਤੇ ਪਾਤਰ ਬਣਨ ਦੀ ਘਟਨਾ ਨੂੰ ਵੀ ਬੜੀ ਰੌਚਕਤਾ ਨਾਲ ਪੇਸ਼ ਕਰਦਾ ਹੈ। ਪਰ ਇਕ ਗੱਲ ਸਪੱਸ਼ਟ ਹੈ ਕਿ ਪਾਤਰ ਨੂੰ ਇਹ ਨਾਂ ਅੰਗਰੇਜ਼ੀ ਤਰਜਮੇ ਕਰਦੇ ਹੋਇਆ ਪ੍ਰਾਪਤ ਹੋਇਆ ਹੈ।

‘ਖਾਲੀ ਤਰਕਸ਼’ ਵਾਲੇ ਸਿਰਲੇਖ ਵਿਚ ਪੁਛੇ ਗਏ ਪ੍ਰਸ਼ਨਾਂ ਅਤੇ ਉੱਤਰਾਂ ਤੋਂ ਲੱਗਦਾ ਹੈ ਕਿ ਦੋਵੇਂ ਹੀ ਧਿਰਾਂ ਇਕ ਦੂਜੇ ਦੇ ਕਾਫ਼ੀ ਨਜ਼ਦੀਕ ਰਹੀਆਂ ਹਨ। ਇਸੇ ਕਰਕੇ ਅਜਿਹੇ ਪ੍ਰਸ਼ਨਾਂ ਨੂੰ ਮੁਲਾਕਾਤ ਵਿਚ ਉਭਾਰਿਆ ਗਿਆ ਹੈ। ਇਸ ਤਰ੍ਹਾਂ ਇਸ ਮੁਲਾਕਾਤ ਵਿਚ ਅਜਾਇਬ ਕਮਲ, ਹਰਿਭਜ਼ਨ ਸਿੰਘ, ਮੀਸ਼ਾ ਤੇ ਅਜੀਤ ਸਿੰਘ ਦਾ ਨਾਂ ਵੀ ਸ਼ਾਮਿਲ ਕੀਤਾ ਗਿਆ ਹੈ। ਹੰਝੂ, ਜ਼ਖ਼ਮ, ਰੁੱਖ, ਬਿਰਖ, ਹਵਾ, ਸੂਰਜ, ਦਰਿਆ, ਨਦੀਆਂ, ਚੰਨ, ਤਾਰੇ, ਦੀਵਾ, ਸ਼ਾਜ, ਸ਼ੀਸ਼ਾ, ਸ਼ਹਿਰ, ਹਨੇਰਾ ਆਦਿ ਸ਼ਬਦ ਪਾਤਰ ਦੀ ਕਵਿਤਾ ਵਿਚ ਬਾਰ-ਬਾਰ ਵਰਤੇ ਗਏ ਬਿੰਬ ਹਨ। ਇਸ ਦਾ ਕਾਰਣ ਇਹ ਹੈ ਕਿ ਹਰ ਮਨੁੱਖ ਕਿਸੇ ਨਾ ਕਿਸੇ ਸੋਚ ਨਾਲ ਜੁੜਿਆ ਰਹਿੰਦਾ ਹੈ ਅਚੇਤ ਜਾਂ ਸੁਚੇਤ। ਹਰ ਮਨੁੱਖ ਦੀ ਮਾਨਸਿਕ ਧਰਾਤਲ ਦੀ ਗਹਿਰਾਈ ਵਿੱਚ ਇਹ ਸੋਚ ਸਹਿਜ ਰੂਪ ਵਿਚ ਜਾਰੀ ਰਹਿੰਦੀ ਹੈ। ਇਸੇ ਦੀ ਮਦਦ ਨਾਲ ਮਨੁੱਖ ਆਪਣੇ ਆਲੇ ਦੁਆਲੇ ਨੂੰ ਨਜਿੱਠਦਾ ਹੈ ਤੇ ਜੀਵਨ ਸੰਘਰਸ਼ ਵਿਚ ਵਰਤਣਯੋਗ ਬਣਾਉਂਦਾ ਹੈ। ਭਾਵ ਕਿ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਾਇਕ ਆਪਣੇ ਪੇਸ਼ੇ ਦੇ ਪ੍ਰਭਾਵ ਕਾਰਣ ਹੀ ਕਰਦਾ ਹੈ। ਇਥੇ ਕਵੀ ‘ਸ਼ਮਾਦਾਨ’ ਦੇ ਅਰਥ ਵੀ ਸਪੱਸ਼ਟ ਕਰਦਾ ਹੈ।

‘ਤੈਨੂੰ ਰੋਜ਼ ਉਡੀਕ ਖਤਾਂ ਦੀ ਸਿ਼ਖਰ ਦੁਪਹਿਰੇ ਰਹਿੰਦੀ ਏ’ ਇਹ ਕਵਿਤਾ ਭੇਂਟਨਾਇਕ ਦੇ ਬਚਪਨ ਨਾਲ ਜੁੜੀ ਵੀ ਕਹਿ ਸਕਦੇ ਹਾਂ। ਜਦੋਂ ਉਸ ਦਾ ਪਿਤਾ ਬਚਪਨ ਵਿਚ ਉਸ ਦੀਆਂ ਚਾਰ ਭੈਣਾਂ ਤੇ ਮਾਂ ਨੂੰ ਛੱਡ ਵਿਦੇਸ਼ਾਂ ਵੱਲ ਤੁਰਿਆ ਸੀ ਤੇ ਫਿਰ ਉਸ ਦੀ ਮਾਂ ਸਿਖਰ ਦੁਪਹਿਰੇ ਉਸ ਦੇ ਪਿਉ ਵੱਲੋਂ ਚਿੱਠੀ ਆਉਣ ਦਾ ਇੰਤਜ਼ਾਰ ਕਰਦੀ। ਭੇਂਟਕਰਤਾ ਇੱਥੇ ਸਿਖਰ ਦੁਪਹਿਰ ਦੇ ਅਰਥ ਜਾਨਣ ਦੀ ਵੀ ਕੋਸਿ਼ਸ ਕਰਦਾ ਹੈ। ‘ਕਵਿਤਾ ਦਾ ਰੇਟ’ ਨਾਂ ਦੇ ਸਿਰਲੇਖ ਹੇਠ ਕੀਤੀ ਗਈ ਵਾਰਤਾਲਾਪ ਤੋਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਭੇਂਟਕਰਤਾ ਅਤੇ ਭੇਂਟਨਾਇਕ ਇਕ ਦੂਜੇ ਦੇ ਕਿੰਨੇ ਕਰੀਬ ਅਤੇ ਕਿਵੇਂ ਇਕ ਦੂਜੇ ਦੇ ਵਿਸ਼ਵਾਸ਼ ਪਾਤਰ ਤੇ ਸਹਿਯੋਗੀ ਬਣ ਰਹੇ ਹਨ ਤਦ ਹੀ ਅਜਿਹਾ ਸੰਵਾਦ ਰਚਾਇਆ ਜਾ ਰਿਹਾ ਹੈ। ‘ਸਾਵੇ ਸ਼ਮਲੇ’ ਵਾਲੇ ਸਿਰਲੇਖ ਤੋਂ ਗ਼ਜ਼ਲਕਾਰ ਨੇ ਆਪਣੀਆਂ ਕਵਿਤਾਵਾਂ ਨੂੰ ਗਾਉਣ ਦਾ ਵਲ ਕਿਥੋਂ ਸਿਖਿਆ ਉਸਦਾ ਭਲੀਭਾਂਤ ਹੀ ਪਤਾ ਲੱਗ ਜਾਂਦਾ ਹੈ। ‘ਤੁਰਦਾ ਹਾਂ ਤਾਂ ਰਾਹ ਬਣਦੇ’ ਕਵਿਤਾ ਨੂੰ ਨਾਇਕ ਮਾਨਵਵਾਦੀ ਕਵਿਤਾ ਦੱਸਦਾ ਹੈ। ਉਸ ਦਾ ਮੰਨਣਾ ਹੈ ਕਿ ਮਾਨਵ ਤੋਂ ਪਹਿਲਾਂ ਰਾਹ ਨਹੀਂ ਸਨ। ਉਹ ਤੁਰਿਆਂ ਤਾਂ ਹੀ ਰਾਹ ਬਣੇ, ਆਦਮੀ ਬੋਲਿਆ ਤਾਂ ਹੀ ਭਾਸ਼ਾ ਬਣੀ। ਫਿਰ ਭਾਸ਼ਾ ਵਿਚੋਂ ਵਿਆਕਰਣ ਖੋਜੀ ਗਈ। ਇਸ ਤਰ੍ਹਾਂ ਆਪਣੇ ਆਪ ਨਾਲ ਸੰਵਾਦ ਕਰਦੀ ਗ਼ਜ਼ਲ ਬਣ ਗਈ। ਇਕ ਉਦਾਹਰਣ :-

ਹਾਂ ਮੈਂ ਆਪੇ ਹੀ ਕਿਹਾ ਸੀ ਹੋਠ ਸੁੱਚੇ ਰੱਖਣੇ
ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ।......
ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ
ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫਾਸਲਾ।

ਸ਼ਾਇਰ ਬਾਬੇ ਨਾਨਕ ਦੀ ਬਾਣੀ ਤੇ ਆਧਾਰਿਤ ਰਚਨਾ ਵੀ ਕਰਦਾ ਹੈ। ਗੁਰਬਾਣੀ ਬਾਰੇ ਦੱਸਦਾ ਹੋਇਆ ਉਹ ਕਹਿੰਦਾ ਹੈ ਕਿ ਮੇਰੇ ਅੰਦਰ ਸੁਰ, ਸ਼ਬਦ, ਅਕਸ ਅਤੇ ਜਲ ਵਾਂਗ ਘੁਲ ਗਏ ਹਨ। ਭੇਂਟਨਾਇਕ ਬਾਬੇ ਨਾਨਕ ਤੋਂ ਪੂਰਾ ਪ੍ਰਭਾਵਿਤ ਹੈ। ਬਾਬੇ ਨਾਨਕ ਦਾ ਮਿੱਥ, ਰੀਤ ਜਾਂ ਅਨੁਸ਼ਠਾਨ ਪ੍ਰਤੀ ਖੰਡਨ ਜਾਂ ਕਿਤੇ ਦ੍ਰਿਸ਼ਟਾਂਤ ਵਾਲਾ ਰਵੱਈਆ ਵੀ ਹੈ ਪਰ ਇੱਕ ਗੱਲ ਜੋ ਦੁਨੀਆ ਵਿਚ ਹੋਰ ਕਿਤੇ ਨਹੀਂ ਮਿਲਦੀ, ਉਹ ਇਹ ਹੈ ਕਿ ਉਹ ਉਸਦਾ ਇਸ ਤਰ੍ਹਾਂ ਰੁਪਾਂਤਰਣ ਕਰਦੇ ਹਨ, ਇਕ ਕਰਾਮਾਤ ਵਾਂਗ ਕਿ ਉਹ ਰੀਤ ਜਾਂ ਮਿੱਥ ਕਿਸੇ ਮਹਾਨ ਸਰਬ ਵਿਆਪੀ ਕਦਰ ਕੀਮਤ ਵਿਚ ਤਬਦੀਲ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਸਾਰਾ ਦਾ ਸੰਵਾਦ ਹੀ ਬਾਣੀ ਤੇ ਆਧਾਰਿਤ ਹੈ। ਸਿ਼ਵ ਕੁਮਾਰ ਬਟਾਲਵੀ ਨੂੰ ਉਹ ਇਕ ਵਧੀਆ ਕਵੀ ਮੰਨਦਾ ਹੈ। ਇਕ ਲੱਖ ਦੇ ਮਿਲੇ ਇਨਾਮ ਨੂੰ ਪ੍ਰਵਾਨ ਨਾ ਕਰਨ ਦਾ ਕਾਰਣ ਵੀ ਉਹ ਬਿਆਨ ਕਰਦਾ ਹੈ। ‘ਐ ਗ਼ਜ਼ਲ ਵਸੇਂ ਤੂੰ ਸਾਹੀਂ’ ਦੇ ਸਿਰਲੇਖ ਹੇਠ ਉਹ ਦੱਸਦਾ ਹੈ ਕਿ ਕਾਵਿ ਰੂਪ ਕਿਸੇ ਨੇ ਕਵੀ ਉਪਰ ਠੋਸਿਆ ਨਹੀਂ ਹੁੰਦਾ। ਇਹ ਉਹਦੇ ਜੀਵਨ ਦਾ, ਸੋਚ ਦਾ ਅਤੇ ਮਾਨਸਿਕਤਾ ਦਾ ਹਿੱਸਾ ਹੁੰਦਾ ਹੈ। ਨਾਇਕ ਦਾ ਦੱਸਣਾ ਹੈ ਕਿ ਗ਼ਜ਼ਲ ਨਾਲ਼ ਉਸਦਾ ਪਿਆਰ ਤੇ ਨਫ਼ਰਤ ਦਾ ਰਿਸ਼ਤਾ ਹੈ। ਪਰ ਬਾਦ ਵਿਚ ਲੱਗਦਾ ਹੈ ਕਿ ਉਸਦੀ ਕਵਿਤਾ ਦਾ ਕਾਫੀ ਅਹਿਮ ਹਿੱਸਾ ਉਸਦੀਆਂ ਗ਼ਜ਼ਲਾਂ ਹਨ। ਪਾਸ਼ ਬਾਰੇ ਆਪਣੀ ਰਾਏ ਦੱਸਦਾ ਉਹ ਆਖਦਾ ਹੈ ਕਿ ਪਾਸ਼ ਵੱਡਾ ਕਵੀ ਸੀ। ਉਹਨੇ ਪੰਜਾਬੀ ਨੂੰ ਨਵਾਂ ਮੁਹਾਣ ਦਿੱਤਾ। ਉਹ ਚੀਜ਼ਾਂ, ਜਿਨ੍ਹਾਂ ਨੂੰ ਆਮ ਤੌਰ ਤੇ ਕਾਵਿਕ ਨਹੀਂ ਮੰਨਿਆ ਜਾਂਦਾ, ਉਨ੍ਹਾਂ ਵਿਚੋਂ ਕਵਿਤਾ ਪੈਦਾ ਕਰ ਦੇਣੀ, ਇਹ ਉਸਦਾ ਵੱਡਾ ਕਮਾਲ ਸੀ।

ਕਵਿਤਾ ਨੂੰ ਨਾਇਕ ਧੁਰੋਂ, ਧੁਰ-ਅੰਦਰੋਂ, ਸਿ਼ੱਦਤ, ਸਿ਼ਲਪ, ਸ਼ਊਰ ਸਭ ਕੁਝ ਦਾ ਘੁਲਿਆ ਮਿਲਿਆ ਰੂਪ ਕਹਿੰਦਾ ਹੈ। ‘ਪ੍ਰਬੰਧਰਸ’ ਸਿਰਲੇਖ ਅਧੀਨ ਰਚਾਈ ਵਾਰਤਾ ਵੀ ਕਾਫੀ ਨਜਦੀਕੀ ਜਾਣ-ਪਛਾਣ ਦਾ ਹੀ ਅਹਿਸਾਸ ਕਰਵਾਉਂਦੀ ਹੈ। ਰੂ-ਬਰੂ ਹੋਣ ਬਾਰੇ ਨਾਇਕ ਦੱਸਦਾ ਹੈ ਕਿ ਰੂਬਰੂ ਹੋਣਾ ਲੇਖਕਾਂ ਲਈ ਹੀ ਨਹੀਂ ਸੁਣਨ ਵਾਲਿਆਂ ਵਾਸਤੇ ਵੀ ਬਹੁਤ ਸਾਰਥਕਤਾ ਰੱਖਦਾ ਹੈ। ਕਵੀ ਦਰਬਾਰ ਨਾਲ਼ੋਂ ਇਹ ਬਹੁਤ ਬਿਹਤਰ ਹਨ। ਗੱਲਾਂਬਾਤਾਂ, ਸਵਾਲ-ਜਵਾਬ, ਪ੍ਰਤੀਕਰਮ, ਸਾਂਝ ਸਭ ਚੰਗੀਆਂ ਚੀਜ਼ਾਂ ਹਨ। ਸਾਰੀ ਪਰੰਪਰਾ ਨੂੰ ਹੀ ਨਾਇਕ ਆਪਣਾ ਗੁਰੂ ਮੰਨਦਾ ਹੈ। ਗੁਰਬਾਣੀ, ਸੂਫ਼ੀ ਕਲਾਮ, ਲੋਕਧਾਰਾ ਤੇ ਇਸ ਤੋਂ ਇਲਾਵਾ ਹੋਰ ਕਈ ਮਹਾਨ ਲੇਖਕਾਂ ਨਾਲ ਗੁਜ਼ਾਰੇ ਦਿਨ ਹੀ ਆਪਣੀ ਸ਼ਾਗਿਰਦੀ ਦੇ ਦਿਨ ਮੰਨਦਾ ਹੈ। ‘ਪਾਠਕ ਤੇ ਸਰੋਤੇ’ ਵਾਲੇ ਸਿਰਲੇਖ ਹੇਠਾਂ ਪੁੱਛਿਆ ਗਿਆ ਪ੍ਰਸ਼ਨ ਦਾ ਜਵਾਬ ਦਿੰਦਿਆਂ ਨਾਇਕ ਆਖਦਾ ਹੈ ਕਿ ਅਪਣਾ ਪਹਿਲਾ ਪਾਠਕ ਤੇ ਸਰੋਤਾ ਕਵੀ ਆਪ ਹੀ ਹੁੰਦਾ ਹੈ। ਜੇ ਕਵੀ ਚੰਗਾ ਸਰੋਤਾ ਹੋਵੇ, ਤਾਂ ਉਹ ਜਿਹੜੀ ਵੀ ਸਤਰ ਲਿਖੇਗਾ, ਉਹ ਸਰੋ&#