ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

 

ਪੂਰਵੀ ਤੇ ਪੱਛਮੀ ਪੰਜਾਬੀ ਮਾਨਸਿਕਤਾ ਦੀ ਥਾਹ ਲੈਂਦਾ
ਕਹਾਣੀ ਸੰਗ੍ਰਹਿ : ਡਾਇਮੰਡ ਰਿੰਗ

-ਡਾ. ਰਜਨੀ ਰਾਣੀ, (ਕੁਰੁਕਸ਼ੇਤਰ, ਹਰਿਆਣਾ)
 

ਚਾਰ ਕਹਾਣੀਆਂ ਉੱਤੇ ਆਧਾਰਿਤ ਆਪਣੇ ਤੀਜੇ ਕਹਾਣੀ ਸੰਗ੍ਰਹਿ ਨਾਲ ਲਗਭਗ 10 ਸਾਲ ਬਾਦ ਅਮਨਪਾਲ ਸਾਰਾ ਮੁੜ ਵਾਪਸੀ ਕਰਦਾ ਹੈ। ਅਮਨਪਾਲ ਸਾਰਾ ਦੇ ਇਸ ਕਹਾਣੀ ਸੰਗ੍ਰਹਿ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੀਆਂ ਕਹਾਣੀਆਂ ਵਿਚ ਪਰਵਾਸੀ ਪੰਜਾਬੀਆਂ ਦੇ ਜੀਵਨ ਯਥਾਰਥ ਨੂੰ ਪੇਸ਼ ਕਰਨ ਦੇ ਨਾਲ ਨਾਲ ਕੈਨੇਡੀਅਨ ਸਮਾਜ ਦੀ ਜੀਵਨ ਜਾਚ ਦੀ ਵੀ ਪੇਸ਼ਕਾਰੀ ਕਰਦਾ ਹੈ। ਉਹ ਦੋਹਾਂ ਸਭਿੱਆਚਾਰਾਂ ਨੂੰ ਪੇਸ਼ ਕਰਦਾ ਹੋਇਆ ਬੜੀ ਸਤੁੰਲਿਤ ਦ੍ਰਿਸ਼ਟੀ ਅਪਣਾਉਂਦਾ ਹੈ। ਸਾਰਾ ਦੀਆਂ ਰਚਨਾਵਾਂ ਵਿਚ ਪੂਰਬੀ ਤੇ ਪੱਛਮੀ ਚੇਤਨਾ ਦੇ ਤਣਾਉ ਦਾ ਜੋ ਵਿਵੇਕ ਹਾਸਿਲ ਹੁੰਦਾ ਹੈ, ਉਹ ਉਸ ਨੂੰ ਜੀਵਨ ਅਨੁਭਵ ਵਿਚੋਂ ਹੀ ਗ੍ਰਹਿਣ ਹੋਇਆ ਹੈ ।

ਮਾਨਵੀ ਵਿਹਾਰ ਦੀਆਂ ਗੁੰਝਲਦਾਰ ਪਰਤਾਂ ਰਿਸ਼ਤਿਆਂ ਦੇ ਬਦਲਦੇ ਹੋਏ ਸਮੀਕਰਣ, ਪੀੜ੍ਹੀ ਪਾੜੇ ਦੇ ਅੰਤਰਗਤ ਨਵੀਂ ਪੀੜ੍ਹੀ ਦਾ ਪੁਰਾਣੀ ਪੀੜ੍ਹੀ ਪ੍ਰਤੀ ਖਤਮ ਹੋ ਰਿਹਾ ਪਿਆਰ, ਵਿਆਹ ਦੇ ਰੂਪ ਵਿਚ ਅਨਜੋੜ ਰਿਸ਼ਤਿਆਂ ਦੀ ਵੱਡੀ ਪੱਧਰ ਦਾ ਸਾਹਮਣੇ ਆਉਣਾ, ਇਹ ਸਭ ਮਸਲੇ ਆਪਣੇ ਵਸਤੂ ਵਿਵੇਕ ਤੇ ਸਾਰ ਸਹਿਤ ਪਰਵਾਸੀ ਕਹਾਣੀ ਵਿਚ ਸਥਾਨ ਪਾ ਰਹੇ ਹਨ। ਪੱਛਮੀ ਸਭਿਆਚਾਰ ਵਿਚ ਪੈਦਾ ਹੋ ਰਹੇ ਦੁੱਖ ਤਕਲੀਫ਼ ਸਾਡੇ ਪੰਜਾਬੀ ਸਭਿਆਚਾਰ ਨਾਲੋਂ ਵੱਖਰੇ ਨਹੀਂ ਹਨ। ਸਾਰਾ ਆਪਣੀਆਂ ਕਹਾਣੀਆਂ ਵਿਚ ਮਨੁੱਖੀ ਰਿਸ਼ਤਿਆਂ ਦਾ ਸੰਦਰਭ ਸਰਮਾਏਦਾਰੀ ਢਾਂਚੇ ਦੇ ਅੰਤਰਗਤ ਹੋਏ ਸਨਅਤੀ ਵਿਕਾਸ ਅਤੇ ਇਸ ਦੇ ਫਲਸਰੂਪ ਪੈਦਾ ਹੋਏ ਮਸ਼ੀਨੀਕਰਨ ਦੇ ਰੁਝਾਨ ਵਿਚੋਂ ਆਪਣਾ ਅਰਥ-ਵਿਵੇਕ ਭਾਲਦਾ ਹੈ। ਅਮਨਪਾਲ ਸਾਰਾ ਆਪਣੀਆਂ ਕਹਾਣੀਆਂ ਵਿਚ ਨਵੇਂ ਪਾਸਾਰ ਉਭਾਰਨ ਦੀ ਤਲਾਸ਼ ਵਿਚ ਹੈ। ਇਹੋ ਤਲਾਸ਼ ਕਲਾਤਮਕ ਪੱਖੋਂ ਵੱਖਰੀਆਂ ਜੁਗਤਾਂ ਸਿਰਜਦੀ ਹੈ।

ਸਾਰਾ ਆਪਣੇ ਪਿਛਲੇ ਦੋਹਾਂ ਕਹਾਣੀਆਂ ਸੰਗ੍ਰਿਹਾਂ ਵਿਚ ਪੱਛਮੀ ਅਤੇ ਪੂਰਬੀ ਦੋਹਾਂ ਸਭਿਆਚਾਰਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈ । ਡਾਇਮੰਡ ਰਿੰਗ ਕਹਾਣੀ ਸੰਗ੍ਰਹਿ ਵਿਚ ਪਰਵਾਸੀ ਲੋਕਾਂ ਦੇ ਜੀਵਨ ਨੂੰ ਹੀ ਆਧਾਰ ਬਣਾਇਆ ਗਿਆ ਹੈ। ਕਹਾਣੀ ਸੰਗ੍ਰਹਿ ਵਿਚ ਪੇਸ਼ ਪਹਿਲੀ ਕਹਾਣੀ ‘ਗੁੱਡ ਡੀਅਲ’ ਵਰਤਮਾਨ ਪੈਸੇ ਦੀ ਦੁਨੀਆਂ ਵਿਚ ਪੈਸਾ ਸਿਰਫ਼ ਪੈਸਾ ਕਮਾਉਣ ਤੇ ਉਸ ਨੂੰ ਹੋਰ ਵਧਾਉਣ ਦੀ ਦੌੜ ਹੀ ਨਜ਼ਰ ਆਉਂਦੀ ਹੈ। ਪੈਸੇ ਦੇ ਲਾਲਚ ਵਿਚ ਮਨੁੱਖ ਹਰ ਸੌਦੇ ਵਿਚ ਮੁਨਾਫ਼ਾ ਹੀ ਭਾਲਦਾ ਹੈ। ਉਸ ਦੀ ਇਹੋ ਪ੍ਰਵਿਰਤੀ ਉਸ ਨੂੰ ਖੁਦਗਰਜ਼ ਮਨੁੱਖ ਬਣਾ ਦਿੰਦੀ ਹੈ। ਉਸ ਦੀ ਜਿ਼ੰਦਗੀ ਦਾ ਮੁੱਖ ਮਕਸਦ ਮੁਨਾਫ਼ਾ ਹੀ ਰਹਿ ਜਾਂਦਾ ਹੈ, ਬਾਕੀ ਸਭ ਰਿਸ਼ਤੇ ਅਰਥਹੀਣ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਮੁਨਾਫ਼ਾ ਗੁੱਡ ਡੀਅਲ ਦਾ ਰੂਪ ਧਾਰਨ ਕਰ ਲੈਂਦਾ ਹੈ। ਕਹਾਣੀ ‘ਗੁੱਡ ਡੀਅਲ’ ਵਿਚ ਮੌਤ ਦੀਆਂ ਰਸਮਾਂ ਨੂੰ ਵੀ ਇਕ ਡੀਲਿੰਗ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਹੋ ਜਿਹੀ ਸਥਿਤੀ ਸਮਾਜ ਉੱਤੇ ਇਕ ਵਿਅੰਗ ਹੈ। ਜਦ ਕਿ ਮਰਨ ਤੇ ਮਾਤਮ ਰਸਮ ਪ੍ਰਤੀਕਾਤਮਿਕ ਹੈ। ਕਹਾਣੀ ਦੇ ਮਾਲਕ ਗੇਜੂ ਨੇ ਕਦੇ ਘਾਟੇ ਦਾ ਸੌਦਾ ਨਹੀਂ ਸੀ ਕੀਤਾ। ਇਸੇ ਲਈ ਉਹ ਆਪਣੇ ਬਜ਼ੁਰਗ ਬਾਪ ਸਾਧੂ ਸਿੰਘ ਦੀ ਮੌਤ ਦੀਆਂ ਰਸਮਾਂ ਨੂੰ ਜਲਦੀ ਖਤਮ ਕਰਨ ਲਈ ਵੀਕ ਡੇਅਜ਼ ਵਿਚ ਹੀ ਭੋਗ ਪੁਆੳਣ ਲਈ ਨਵਾਂ ਫਿਊੂਨਰਲ ਹੋਮ ਅੱਧ ਤੋਂ ਵੀ ਘੱਟ ਪੈਸਿਆਂ ਤੇ ਬੁੱਕ ਕਰਵਾ ਲੈਂਦਾ ਹੈ। ਇਸ ਨੂੰ ਵੀ ਉਹ ਗੁੱਡ ਡੀਲ ਵਿਚ ਗਿਣਦਾ ਹੈ। ਇਸ ਤਰ੍ਹਾਂ ਇਹ ਕਹਾਣੀ ਇਹ ਸਿੱਧ ਕਰਦੀ ਹੈ ਕਿ ਜਿੱਥੇ ਮਨੁੱਖ ਪਦਾਰਥਕ ਤੌਰ ਤੇ ਬਹੁਤ ਕੁਝ ਪ੍ਰਾਪਤ ਕਰ ਲੈਂਦਾ ਹੈ, ਮਾਨਵੀ ਤੌਰ ’ਤੇ ਉਹ ਉਨਾਂ ਹੀ ਥੱਲੇ ਡਿੱਗ ਜਾਂਦਾ ਹੈ। ਇਸ ਤਰ੍ਹਾਂ ਇਹ ਕਹਾਣੀ ਮਨੁੱਖ ਦੇ ਮਾਨਵੀ ਮੁੱਲਾਂ ਤੋਂ ਬਿਲਕੁਲ ਕੋਰੇ ਹੋਣ ਦੀ ਬਾਤ ਪਾਉਂਦੀ ਹੈ। ਭਾਵੇਂ ਕਹਾਣੀ ਦੇ ਮੁੱਖ ਨਾਇਕ ਗੇਜੂ ਉੱਪਰ ਉਸ ਦੇ ਪਿਉ ਦੇ ਪਏ ਅਸਰ ਕਾਰਨ ਪੈਸੇ ਬਚਾਉਣ ਦੀ ਸਿਖਿਆਂ ਸੀ ਜੋ ਬਚਪਨ ਵਿਚ ਹੀ ਉਸ ਦੇ ਮਨ ਵਿਚ ਅਜਿਹੇ ਹਾਲਾਤ ਅਸਰ ਕਰ ਗਏ ਸਨ ਕਿ ਉਹ ਵਿਦੇਸ਼ ਵਿਚ ਪੈਸੇ ਕਮਾ ਕੇ ਵੀ ਉਸੇ ਲੀਹ ਤੇ ਚਲਦਾ ਰਿਹਾ। ਬਾਦ ਵਿਚ ਗੁਡ ਡੀਅਲ ਨਾਲ ਇਸ ਨੇ ਨਵੇਂ ਅਰਥ ਗ੍ਰਹਿਣ ਕਰ ਲਏ। ਸਾਧੂ ਸਿੰਘ ਆਪਣੇ ਪਿੰਡ ਵਿਚ ਬਸ ਤਕ ਦੇ ਪੈਸੇ ਬਚਾਉਣ ਦੀ ਸੋਚਦਾ ਸੀ ਭਾਵੇਂ ਉਸ ਨੂੰ ਲੰਬਾ ਰਸਤਾ ਪੈਦਲ ਚਲ ਕੇ ਆਉਣਾ ਪੈਦਾ ਸੀ। ਪੁੱਤਰ ਗੇਜੂ ਨੇ ਵੀ ਇਸ ਵਿਧੀ ਨੂੰ ਵੱਖਰੇ ਮੌਕੇ ਤੇ ਵਰਤ ਲਿਆ ।

ਇਸ ਸੰਗ੍ਰਹਿ ਦੀ ਦੂਜੀ ਕਹਾਣੀ ‘ਵਹਿੰਗੀ’ ਵਿਚ ਲੇਖਕ ਭਾਰਤੀ ਪਰਿਵਾਰ ਅੰਦਰ ਮੁੰਡੇ ਪ੍ਰਾਪਤ ਕਰਨ ਦੀ ਬੇਇੰਤਹਾ ਖਾਹਸ਼ ਨੂੰ ਪੇਸ਼ ਕਰਦਾ ਹੈ। ਮੁੰਡੇ ਨੂੰ ਤਰਜੀਹ ਦੇਣਾ ਭਾਰਤੀ ਸੰਸਕ੍ਰਿਤੀ ਵਿਚ ਇਕ ਅਜਿਹਾ ਮੁੱਲ ਤੇ ਕਦਰ ਸਥਾਪਿਤ ਹੋ ਚੁਕਾ ਹੈ ਕਿ ਸਾਰਾ ਸਮਾਜ ਹੀ ਇਸ ਵਿਚ ਸੰਮਿਲਤ ਹੋਇਆ ਨਜ਼ਰ ਆਉਂਦਾ ਹੈ। ਲੇਖਕ ਨੇ ਇਸ ਕਹਾਣੀ ਵਿਚ ਪੁੱਤਰ ਨਾਲੋਂ ਧੀਆਂ ਨੂੰ ਵਧੇਰੇ ਤਰਜੀਹ ਦਿੱਤੀ ਹੈ। ਸਰਵਣ ਪੁੱਤਰ ਦਾ ਵਹਿੰਗੀ ਵਿਚ ਆਪਣੇ ਮਾਂ-ਬਾਪ ਨੂੰ ਯਾਤਰਾ ਕਰਵਾਉਣਾ ਤੇ ਈਸੋ ਜਿਹੇ ਹੋਰ ਲੋਕਾਂ ਦੀ ਮਾਨਸਿਕਤਾ ਵਿੱਚੋਂ ਇਹ ਖਿਆਲ ਕੱਢਣ ਦਾ ਯਤਨ ਕੀਤਾ ਗਿਆ ਹੈ ਕਿ ਸਰਵਣ ਜਿਹੇ ਕੇਵਲ ਪੁੱਤਰ ਹੀ ਹੋ ਸਕਦੇ ਹਨ ਧੀਆਂ ਨਹੀਂ । ਇਹ ਸੋਚ ਵੀ ਹੁਣ ਵੇਲਾ ਵਿਹ ਚੁੱਕੀ ਹੈ। ਨਾਇਕ ਦੀ ਮਾਂ ਵੀ ਬਚਪਨ ਵਿਚ ਉਸ ਨੂੰ ਸਰਵਣ ਦੀ ਕਹਾਣੀ ਸੁਣਾਉਂਦੀ ਆਖਦੀ ਹੈ, ਇਹ ਤਾਂ ਪੁੱਤ ਸਾਰਾ ਸੇਵਾ ਦਾ ਫਲ ਆ, ਲੋਕ ਐਮੀ ਤਾਂ ਨਹੀਂ ਪੁੱਤ ਮੰਗਦੇ ਰੱਬ ਤੋਂ...।”

ਸਾਡੇ ਦੇਸ਼ ਦੀ ਖਸਤਾ ਆਰਥਿਕ ਸਥਿਤੀ, ਸਭਿਆਾਰਕ ਪਛੜੇਵਾਂ ਅਤੇ ਰੁਜ਼ਗਾਰ ਦੇ ਸੀਮਤ ਵਸੀਲੇ ਹੋਣ ਕਰਕੇ ਸਾਰੇ ਲੋਕਾਂ ਨੂੰ ਵਿਦੇਸ਼ ਖਿੱਚ ਪਾਉਂਦਾ ਹੈ।ਪੰਜਾਬੀ ਹਰ ਪਰਵਾਸੀ ਨੂੰ ਇਕ ਖੁਸ਼ ਕਿਸਮਤ ਜੀਵ ਸਮਝਦੇ ਹਨ ਅਤੇ ਉਹ ਇਸ ਖੁਸ਼ ਕਿਸਮਤੀ ਨੂੰ ਵਿਹਾਜਣ ਲਈ ਤਰਲੋ-ਮੱਛੀ ਹੁੰਦੇ ਰਹਿੰਦੇ ਹਨ। ਪੰਜਾਬ ਦਾ ਹਰੇਕ ਪਰਿਵਾਰ ਆਪਣੇ ਬੱਚੇ, ਪੂਰੇ ਪਰਿਵਾਰ ਦਾ ਕਲਿਆਣ ਕਰਨ ਲਈ ਵਿਦੇਸ਼ਾਂ ਵਿਚ ਭੇਜਦਾ ਹੈ। ਇਸ ਲਈ ਉਹ ਹਰ ਇਕ ਰਾਹ ਅਪਣਾ ਲੈਂਦਾ ਹੈ। ਜਿਵੇਂ ਕਹਾਣੀ ਦਾ ਨਾਇਕ ਜਿਸ ਦਾ ਪੁਰਾਣਾ ਨਾ ਸਰਵਣ ਸੀ ਪਰ ਕਾਗਜਾਂ ਵਿਚ ਸਵਰਣ ਬਣ ਗਿਆ ਤੇ ਫਿਰ ਪੂਰੀ ਜਿ਼ੰਦਗੀ ਇਸੇ ਨਾਂ ਨਾਲ ਹੀ ਜਾਣਿਆ ਗਿਆ। ਸਵਰਣ ਸਿੰਘ ਆਪਣੀ ਸਭ ਤੋਂ ਵੱਡੀ ਧੀ ਨੂੰ ਇਕ ਅਜਿਹੇ ਵਿਅਕਤੀ ਅਮਰੀਕ ਨਾਲ ਵਿਆਹੁੰਦਾ ਹੈ ਜਿਸ ਦਾ ਪਿੱਛੋਕੜ ਚੋਰਾਂ ਦਾ ਹੈ ਤੇ ਉਹ ਆਪ ਵੀ ਉਹ ਘਟਨਾ ਵਿਚ ਦੋਵੇਂ ਪੈਰ ਗੁਆ ਚੁੱਕਾ ਹੈ। ਧੀ ਜੀਤੀ ਵਿਆਹ ਤੋਂ ਬਾਦ ਵਿਦੇਸ਼ ਜਾ ਕੇ ਕੁਝ ਸਮੇਂ ਤਾਂ ਸਹੁਰਿਆਂ ਵੱਲੋਂ ਬੇਇਜ਼ਤੀ ਸਹਿੰਦੀ ਹੈ ਪਰ ਜਲਦੀ ਹੀ ਵੱਖਰੀ ਹੋ ਕੇ ਆਪਣੇ ਪੂਰੇ ਪੇਕੇ ਪਰਿਵਾਰ ਨੂੰ ਆਪਣੇ ਕੋਲ ਸੱਦ ਲੈਂਦੀ ਹੈ। ਇਸੇ ਤਰ੍ਹਾਂ ਬਖਸ਼ ਸਿੰਘ ਦੇ ਮਰਨ ਤੋਂ ਬਾਦ ਸਵਰਣਾ ਆਪਣੇ ਪਰਿਵਾਰ ਨਾਲ ਵਿਦੇਸ਼ ਆ ਜਾਂਦਾ ਹੈ ਤੇ ਪਿੱਛੇ ਛੋਟੇ ਭਰਾ ਦੇ ਕੋਲ ਮਾਂ ਨੂੰ ਸੌਂਪ ਆਉਂਦਾ ਹੈ ਪਰ ਜਲਦੀ ਹੀ ਛੋਟਾ ਭਰਾ ਗੁਰਦਿੱਤਾ ਤੇ ਉਸਦੀ ਪਤਨੀ ਮਿੰਦੋ ਵੀ ਵਿਦੇਸ਼ ਆ ਜਾਂਦੇ ਹਨ। ਬੇਬੇ ਈਸੋ ਨੂੰ ਆਪਣੀ ਭੈਣ ਬਚਨੀ ਦੇ ਕੋਲ ਛੱਡ ਕ ਚਲਾ ਜਾਂਦਾ ਹੈ। ਇਹੇ ਉਹੀ ਬਚਨੀ ਹੈ ਜਿਸ ਨੂੰ ਈਸੋ ਸਰਵਣ ਤੇ ਗੁਰਦਿੱਤ ਨਾਲੋ ਘੱਟ ਪਿਆਰ ਕਰਦੀ ਸੀ ਤੇ ਹਰ ਸਮੇਂ ਨਾਲੇ ਘਰ ਦਾ ਕੰਮ ਕਰਵਾਉਂਦੀ ਤੇ ਨਾਲੇ ‘ਫਾਹੇ ਦੇਣ ਜੋਗੀਏ’ ‘ਥੇਹ ਖਾਣੀਏ’ ‘ਖਸਮਾਂ ਖਾਣੀਏ’ ਜਿਹੇ ਨਾਂਵਾ ਨਾਲ ਸੰਬੋਧਨ ਕਰਦੀ ਸੀ। ਉਹੋ ਧੀ ਪੁੱਤਰਾਂ ਦੇ ਵਿਦੇਸ਼ ਜਾਣ ਤੋਂ ਬਾਦ ਆਪਣੀ ਮਾਂ ਨੂੰ ਸੰਭਾਲਦੀ ਹੈ। ਦੂਜੇ ਪਾਸੇ ਜੀਤੋ ਪੂਰੇ ਪਰਿਵਾਰ ਦੀ ਖਾਤਿਰ ਆਪਣੀ ਸਾਰੀ ਉਮਰ ਅਮਰੀਕ ਜਿਹੇ ਆਦਮੀ ਨਾਲ ਲੰਘਾ ਦਿੰਦੀ ਹੈ। ਅਮਰੀਕ ਜੀਤੋ ਦਾ ਪੂਰਾ ਸਾਥ ਦਿੰਦਾ ਹੈ, ਇਥੋਂ ਤਕ ਕਿ ਘਰ ਵਾਲੇ ਉਸ ਨੂੰ ਜੋਰੂ ਦਾ ਗੁਲਾਮ ਵੀ ਆਖਦੇ ਹਨ।

ਦੂਜੀ ਧੀ ਪਾਸ਼ੀ ਜਿਸ ਦੀ ਖਾਤਰ ਰਵਿੰਦਰ ਨਾਂ ਦਾ ਲੜਕਾ ਇੰਡੀਆਂ ਤੋਂ ਮੰਗਵਾਇਆ ਹੈ, ਵਿਆਹ ਤੋਂ ਬਾਦ ਉਹ ਖ਼ੁਦ ਤਾਂ ਕੋਈ ਕੰਮ ਕਰਦਾ ਨਹੀਂ ਬਲਕਿ ਪਾਸ਼ੀ ਦੀ ਪੂਰੀ ਕਮਾਈ ਤੇ ਆਪਣਾ ਅਧਿਕਾਰ ਸਮਝਦਾ ਹੈ। ਇਸੇ ਲਈ ਉਹ ਪਾਸ਼ੀ ਤੇ ਕਈ ਵਾਰ ਹੱਥ ਵੀ ਚੁੱਕਦਾ ਹੈ ਪਰ ਇਕ ਵਾਰ ਪੁਲਿਸ ਦੇ ਆਉਣ ਤੇ ਉਸ ਨੁੰ ਸਜ਼ਾ ਹੋ ਜਾਂਦੀ ਹੈ। ਬੜੀ ਮੁਸ਼ਕਿਲ ਨਾਲ ਪਾਸ਼ੀ ਆਪਣੀ ਸਿ਼ਕਾਇਤ ਵਾਪਸ ਲੈੰਦੀ ਹੈ। ਹੁਣ ਉਹ ਦੂਰ ਜਾ ਕੇ ਕਿਸੇ ਵੱਖਰੇ ਮਕਾਨ ਵਿਚ ਰਹਿਣ ਲੱਗ ਪੈਂਦੇ ਹਨ। ਪਾਸ਼ੀ ਉਸ ਤੋਂ ਚੋਰੀ ਆਪਣੇ ਮਾਪਿਆਂ ਦੀ ਸੁੱਖ-ਸਾਰ ਪੁੱਛਦੀ ਹੈ। ਇਸ ਪ੍ਰਕਾਰ ਲੇਖਕ ਅਮਰੀਕ ਤੇ ਰਵਿੰਦਰ ਦੋਹਾਂ ਦੇ ਵੱਖੋ ਵੱਖਰੇ ਕਿਰਦਾਰ ਨੂੰ ਵੱਖ ਵੱਖ ਦ੍ਰਿਸ਼ਟੀ ਨਾਲ ਬਿਆਨ ਕਰਦਾ ਹੈ।

ਕਹਾਣੀਕਾਰ ਪੂਰੀ ਕਹਾਣੀ ਵਿਚ ਪਿਛਲਝਾਤ ਦੀ ਜੁਗਤ ਨੂੰ ਅਪਣਾਉਂਦਾ ਹੈ । ਸਵਰਨ ਸਿੰਘ ਜੋ ਆਪਣੀ ਪਤਨੀ ਰਤਨ ਕੌਰ ਨਾਲ ਇਕ ਬੇਸਮੈਂਟ ਵਿਚ ਰਹਿੰਦਾ ਹੈ। ਉਸ ਦੀ ਲੱਤ ਟੁੱਟੀ ਹੋਈ ਹੈ ਤੇ ਉਸਤੇ ਪਲਸਤਰ ਚੜ੍ਹਿਆ ਹੋਇਆ ਹੈ। ਦੂਜੇ ਪਾਸੇ ਰਤਨ ਕੌਰ ਨੂੰ ਗੋਡਿਆਂ ਦੇ ਦਰਦ ਨੇ ਕਿਸੇ ਕੰਮਕਾਰ ਜੋਗਾ ਨਹੀਂ ਛੱਡਿਆ। ਸਰਵਨ ਨੂੰ ਆਪਣੇ ਪਿੱਛੇ ਦਾ ਵੀ ਹੇਰਵਾ ਹੈ ਤੇ ਬੇਬੇ ਈਸੋ ਦਾ ਵੀ ਖਿਆਲ ਹੈ। ਉਹ ਵਿਦੇਸ਼ ਵਿਚ ਆਪਣੇ ਕੰਮ ਕਾਰ ਮੁਕਾ ਕੇ ਮੁੜ ਆਪਣੇ ਪਿੰਡ ਜਾਣ ਦੀ ਆਸ ਕਰਦਾ ਹੈ ਪਰ ਨਿੱਤ ਦੇ ਨਵੇਂ ਝਮੇਲੇ ਉਸ ਨੂੰ ਫਸਾ ਰੱਖਦੇ ਹਨ। ਫੋਨ ਉੱਤੇ ਉਸ ਨੂੰ ਨਰਾਇਣੇ ਦੇ ਮੁੰਡੇ ਦੇ ਵਿਆਹ ਜਾਣ ਦਾ ਵੀ ਨਿਉਤਾ ਆਉਂਦਾ ਹੈ ਤੇ ਰਤਨ ਕੌਰ ਨੇ ਵੀ ਉਸੇ ਦਿਨ ਧੀ ਨੂੰ ਨਾਲ ਲੈਕੇ ਡਾਕਟਰ ਕੋਲ ਆਪਣੇ ਗੋਡੇ ਦਿਖਾਉਣ ਜਾਣਾ ਹੈ । ਸਾਰੀ ਕਹਾਣੀ ਹੀ ਇਸੇ ਘਟਨਾ ਦੇ ਆਰ ਪਾਰ ਫੈਲੀ ਹੋਈ ਹੈ।

ਸਵਰਨ ਸਿੰਘ ਦੀਆਂ ਧੀਆਂ ਪਾਸ਼ੀ ਤੇ ਜੀਤੋ ਰਲ ਕੇ ਆਪਣੇ ਮਾਪਿਆਂ ਤੋਂ ਚੋਰੀ ਕੁਝ ਪੈਸੇ ਆਪਣੀ ਭੂਆ ਬਚਨੋ ਦੇ ਨਾ ਤੇ ਦਾਦੀ ਨੂੰ ਵੀ ਭੇਜ ਦਿੰਦੀਆਂ ਹਨ। ਲੇਖਕ ਇਸ ਕਹਾਣੀ ਵਿਚ ਇਹ ਵੀ ਸਪੱਸ਼ਟ ਕਰਦਾ ਹੈ ਕਿ ਵਿਦੇਸ਼ਾਂ ਵਿਚ ਫਾਰਮਾਂ ਦਾ ਤਜਰਬਾ ਨਾ ਹੋਣ ਕਰਕੇ ਭੱਤਾ ਵੀ ਘੱਟ ਮਿਲਦਾ ਹੈ। ਵਿਦੇਸ਼ਾਂ ਵਿਚ ਵੀ ਪਰਵਾਸੀ ਪੰਜਾਬੀ ਲਗਾਤਾਰ ਕਰਜਿ਼ਆਂ ਦੀ ਮਾਰ ਥੱਲੇ ਦਬਿਆ ਰਹਿੰਦਾ ਹੈ। ਪਿੰਡ ਵਿਚ ਭਾਰਤੀ ਫੇਰੀ ਤੇ ਗਈ ਜੀਤੋ ਜਦੋਂ ਆਪਣੀ ਦਾਦੀ ਨੂੰ ਮਿਲਣ ਲਈ ਜਾਂਦੀ ਹੈ ਤਾਂ ਉਹ ਦੇਖਦੀ ਹੈ ਕਿ ਉਸ ਦੀ ਦਾਦੀ ਅਜੇ ਵੀ ਸੁਪਨੇ ਵਿਚ ਆਪਣੇ ਦੋਹਾਂ ਪੁੱਤਾਂ ਦਾ ਹੌਕਾ ਲੈਂਦੀ ਹੈ ਭਾਵੇਂ ਹੁਣ ਉਸ ਨੂੰ ਉਸ ਦੀ ਬਚਨੀ ਨੇ ਸਾਂਭਿਆਂ ਹੋਇਆ ਹੈ। ਪੁੱਤਰਾਂ ਦੇ ਵਿਯੋਗ ਵਿਚ ਹੀ ਉਹ ਚਲ ਵਸਦੀ ਹੈ।

ਵਿਦੇਸ਼ਾਂ ਵਿਚ ਇੰਨੀ ਮਜ਼ਦੂਰੀ ਕਰਨ ਦੇ ਬਾਵਜੂਦ ਵੀ ਭੱਤਾ ਸਮੇਂ ਸਿਰ ਨਹੀਂ ਮਿਲਦਾ। ਕਾਮੇ ਵੀ ਠੇਕੇਦਾਰਾ ਨਾਲ ਖਹਿਬੜਨ ਤੋਂ ਡਰਦੇ ਹਨ ਕਿਉਂਕਿ ਠੇਕੇਦਾਰਾਂ ਨੇ ਅਗਲੇ ਸਾਲ ਕੰਮ ਤੇ ਲਿਜਾਣ ਤੋਂ ਨਾਂਹ ਕਰ ਦੇਣੀ ਹੈ। ਲੇਖਕ ਰਿਸ਼ਤਿਆਂ ਦੀ ਮਹੱਤਤਾ ਨੂੰ ਵੀ ਦਰਸਾਉੰਦਾ ਹੈ। ਭਰਾ ਗੁਰਦਿੱਤ ਦੇ ਬੀਮਾਰ ਹੋਣ ਤੇ ਸਰਵਨ ਤੇ ਰਤਨ ਕੌਰ ਆਪਣੀ ਸਾਰੀ ਪੂੰਜੀ ਲਗਾ ਦਿੰਦੇ ਹਨ। ਪਰ ਡਾਕਟਰ ਦੇ ਮਨ੍ਹਾ ਕਰਨ ਤੇ ਵੀ ਗੁਰਦਿੱਤ ਸ਼ਰਾਬ ਨਹੀਂ ਛੱਡਦਾ ਇਸ ਲਈ ਉਸ ਦੀ ਮੌਤ ਹੋ ਜਾਂਦੀ ਹੈ। ਗੁਰਦਿੱਤ ਨੂੰ ਵੀ ਇਹੋ ਝੋਰਾ ਲੈ ਡੁੱਬਦਾ ਹੈ ਕਿ ਉਸ ਦੇ ਕੋਈ ਲੜਕਾ ਪੈਦਾ ਨਹੀਂ ਹੋਇਆ। ਉਸ ਦੀ ਮੌਤ ਦੀ ਰਸਮ ਤੇ ਵੀ ਭਤੀਜੀਆਂ ਪਾਸ਼ੀ ਤੇ ਜੀਤੋ ਅਤੇ ਗੁਰਦਿੱਤ ਦੀ ਧੀ ਜਿੰਦਰ ਵੀ ਸਵਰਨ ਦੇ ਬਰਾਬਰ ਆ ਖੜੀਆਂ ਹੁੰਦੀਆਂ ਹਨ ਪਰ ਇਥੇ ਭਾਬੀ ਮਿੰਦੋ ਦਾ ਇਹ ਹੌਕਾ ਕਿ, “ਵੇ ਤੂੰ ਤਾਂ ਕੈਂਹਦਾ ਸੀ ਮੈਂ ਪੁੱਤ ਦੇਖਣੇ ਅਜੇ ਹਾਇ...ਅਖੀਰ ਵੇਲੇ ਪੁੱਤ ਵੀ ਹੈ ਨੀ, ਹਾਇ...ਵੇ ਤੇਰੀ ਕਿੱਦਾਂ ਗਤੀ ਹੋੳ...ਹਾਇ ਵੇ ਗੁਰਦਿਆਲ....।”

ਅਖੀਰ ਵਿਚ ਮਿੰਦੋ ਦੇ ਮੂੰਹੋਂ ਨਿਕਲਿਆ ਸ਼ਬਦ ਗੁਰਦਿਆਲ ਇਹ ਵੀ ਭੁਲੇਖਾ ਪਾਉਂਦਾ ਹੈ ਕਿ ਸ਼ਾਇਦ ਸਵਰਨ ਸਿੰਘ ਦਾ ਪੁੱਤਰ ਗੁਰਦਿਆਲ ਗੁਰਦਿੱਤ ਤੇ ਰਤਨ ਕੌਰ ਦਾ ਪੁੱਤਰ ਨਾ ਹੋਵੇ ਪਰ ਕਹਾਣੀ ਦੇ ਹੋਰ ਕਿਸੇ ਵੀ ਪੱਖੋਂ ਇਹ ਗੱਲ ਸਹਿਜੇ ਉਜਾਗਰ ਨਹੀਂ ਹੁੰਦੀ। ਸਵਰਨ ਸਿੰਘ ਸੋਚਦਾ ਹੈ ਕਿ ਉਸ ਨੂੰ ਗੁਰਦਿਆਲ ਨੂੰ ਨਾਲ ਲੈ ਕੇ ਆਉਣਾਂ ਚਾਹੀਦਾ ਸੀ। ਪੁੱਤ ਦੀ ਥਾਂ ਭਤੀਜਾ ਹੀ ਅਗਾਂਹ ਹੋਕੇ ਅੰਤਮ ਕਿਰਿਆ ਦੀ ਰਸਮ ਨਿਭਾਉਂਦਾ ਪਰ ਗੁਰਦਿਆਲ ਆਪਣੇ ਇਮਤਿਹਾਨ ਨਹੀਂ ਸੀ ਛੱਡਣੇ ਚਾਹੁੰਦਾ। ਇਹੋ ਉਸ ਨੇ ਸਵੇਰੇ ਗੁਰਦਿਆਲ ਨੂੰ ਇਕ ਫੋਨ ਉੱਤੇ ਕਹਿੰਦੇ ਸੁਣਿਆ ਸੀ। ਲੇਖਕ ਇਹ ਤੱਥ ਵੀ ਉਜਾਗਰ ਕਰਦਾ ਹੈ ਪਰਵਾਸੀ ਪੰਜਾਬੀ ਵਿਦੇਸ਼ ਵਿਚ ਹੱਡ-ਭੰਨਵੀਂ ਮਿਹਨਤ ਕਰਕੇ ਵੀ ਆਪਣੀ ਫੋਕੀ ਸ਼ਾਨੋ ਸ਼ੌਕਤ ਵੀ ਕਾਇਮ ਰੱਖਦੇ ਹਨ। ਇਸੇ ਲਈ ਜਦੋਂ ਕੋਈ ਸਵਰਨ ਸਿੰਘ ਨੂੰ ‘ਠੇਕੇਦਾਰ ਸਾਹਬ’ ਕਹਿ ਕੇ ਸੰਬੋਧਨ ਕਰਦਾ ਹੈ ਤਾਂ ਉਸ ਦਾ ਖੂਨ ਦੁੱਗਣਾ ਹੋ ਜਾਂਦਾ। ਉਸ ਨੂੰ ਕੁਝ ਚਿਰ ਆਪਣੇ ਸਾਰੇ ਦੁੱਖ ਭੁੱਲ ਜਾਂਦੇ। ਇਸ ਪ੍ਰਕਾਰ ਪਰਵਾਸੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਸਮਝੌਤਾ ਕਰਦੇ ਹਨ।

ਪਰ ਇਕ ਦੁੱਖ ਹੋਰ ਵੀ ਪਰਵਾਸੀਆਂ ਨੂੰ ਹੈ ਅੰਗਰੇਜ਼ੀ ਦਾ ਗਿਆਨ ਨਾ ਹੋਣ ਦਾ। ਇਸ ਕਾਰਣ ਉਨ੍ਹਾਂ ਨੂੰ ਦੂਸਰਿਆਂ ਤੇ ਨਿਰਭਰ ਰਹਿਣਾ ਪੈਂਦਾ ਹੈ। ਇਸੇ ਨਿਰਭਰਤਾ ਕਾਰਣ ਉਨ੍ਹਾਂ ਨੂੰ ਦੁੱਖ ਉਠਾਉਣਾ ਪੈਂਦਾ ਹੈ। ਕਹਾਣੀ ਵਿਚ ਵੀ ਮੁਖਤਿਆਰ ਸਿੰਘ ਇਸੇ ਗੱਲ ਦਾ ਲਾਭ ਲੈਂਦਾ ਹੈ। ਉਹ ਹਰ ਗੈਰ ਕਾਨੂੰਨੀ ਕੰਮ ਤੇ ਸਵਰਨ ਸਿੰਘ ਦੇ ਦਸਤਖ਼ਤ ਕਰਵਾਉਂਦਾ ਹੈ। ਉਹ ਦੋ ਅਜਿਹੇ ਬੰਦਿਆਂ ਨੂੰ ਵੀ ਕੰਮ ਵਿਚ ਸ਼ਾਮਿਲ ਕਰ ਲੈਂਦਾ ਹੈ ਜੋ ਛੁਪ ਕੇ ਕੈਨੇਡਾ ਵਿਚ ਰਹਿ ਰਹੇ ਹਨ ਪਰ ਇਕ ਦਿਨ ਇੰਨ੍ਹਾਂ ਸਭ ਗੱਲਾਂ ਦਾ ਪਰਦਾ ਫਾਸ਼ ਹੋ ਜਾਂਦਾ ਹੈ। ਇਸ ਲਈ ਸਵਰਨ ਸਿੰਘ ਦਾ ਪੁੱਤਰ ਗੁਰਦਿਆਲ ਜੋ ਡੇਲ ਨਾਂ ਨਾਲ ਜਾਣਿਆ ਜਾਂਦਾ ਹੈ ਉਸ ਨੂੰ ਕਈ ਵਾਰੀ ਚਿਤਾਵਨੀ ਦਿੰਦਾ ਆਖਦਾ ਹੈ, “ਜੇਕਰ ਗੈਰ ਕਾਨੂੰਨੀ ਕੰਮ ਕਰਨੇ ਬੰਦ ਨਹੀਂ ਕਰਨੇ ਤਾਂ ਉਸ ਨੇ ਕਿਧਰੇ ਅਲਹਿਦਾ ਰਹਿਣ ਲੱਗ ਪੈਣਾ ਹੈ।”

ਇਸ ਪ੍ਰਕਾਰ ਬਹੁਤ ਸਾਰੀਆਂ ਸਥਿਤੀਆਂ ਵਿਚ ਪੁੱਤਰਾਂ ਦੇ ਗਿਆਨ ਦਾ ਭੰਡਾਰ ਅਤੇ ਉਸ ਦੀ ਸੰਵੇਦਨਸ਼ੀਲਤਾ ਬਜ਼ੁਰਗਾਂ ਦੀਆਂ ਮਾਨਸਿਕ ਅਤੇ ਦੂਸਰੀਆਂ ਸਥਿਤੀਆਂ ਨੂੰ ਸਮਝਣ ਵਿਚ ਅਸਫਲ ਰਹਿੰਦੀਆਂ ਹਨ। ਗੁਰਦਿਆਲ ਪੜ੍ਹ ਲਿਖ ਕੇ ਪੁਲਿਸ ਵਿਚ ਭਰਤੀ ਹੋਣਾ ਚਾਹੁੰਦਾ ਹੈ। ਇਸ ਲਈ ਉਸ ਨੂੰ ਆਪਣੇ ਪਿਉ ਦੁਆਰਾ ਕੀਤਾ ਅਜਿਹਾ ਕੋਈ ਕੰਮ ਮਨਜ਼ੂਰ ਨਹੀਂ ਜੋ ਉਸ ਦੀ ਨੌਕਰੀ ਦੇ ਰਸਤੇ ਵਿਚ ਆਏ। ਇਥੋਂ ਤੱਕ ਕਿ ਉਸ ਨੂੰ ਆਪਣੇ ਪਿਉ ਦਾ ਸ਼ਰਾਬ ਪੀਣਾ ਵੀ ਚੰਗਾ ਨਹੀਂ ਲੱਗਦਾ। ਇਸ ਕਹਾਣੀ ਵਿਚ ਲੇਖਕ ਪੰਜਾਬ ਵਿਚ ਫਿ਼ਰਕਾਪ੍ਰਸਤ ਹਨੇਰੀ ਦਾ ਜਿ਼ਕਰ ਵੀ ਕਰਦਾ ਹੈ। ਇਸੇ ਫਿਰਕਾਪ੍ਰਸਤੀ ਕਾਰਣ ਸਵਰਨ ਸਿੰਘ ਦੇ ਸਾਹਮਣੇ ਦੀਪੀ ਆਪਣੀ ਪਸੰਦ ਦੇ ਮੁੰਡੇ ਰਾਜੇ਼ਸ ਬਾਰੇ ਵੀ ਨਹੀਂ ਦਸ ਸਕਦੀ ਤੇ ਰਾਜੇਸ਼ ਵਿਚ ਚੰਗੇ ਇਨਸਾਨ ਵਾਲੇ ਸਾਰੇ ਗੁਣ ਹੋਣ ਕਾਰਣ ਉਸ ਨੂੰ ਛੱਡ ਵੀ ਨਹੀਂ ਸੀ ਸਕਦੀ। ਰਾਜੇਸ਼ ਨੇ ਹੀ ਸਵਰਨ ਨੂੰ ਮੁੱਕਦਮੇ ਵਿਚੋਂ ਬਰੀ ਕਰਵਾਇਆ ਸੀ, ਇਸੇ ਕਾਰਨ ਸਵਰਨ ਨੇ ਆਪਣੀ ਧੀ ਤੇ ਰਾਜੇਸ਼ ਦੇ ਰਿਸ਼ਤੇ ਦਾ ਡੱਟਵਾਂ ਵਿਰੋਧ ਵੀ ਨਹੀਂ ਕੀਤਾ ਭਾਵੇਂ ਅੰਦਰੋਂ ਦੁਖੀ ਬਥੇਰਾ ਹੋਇਆ ਸੀ।

ਸਵਰਨ ਸਿੰਘ ਮੰਜੇ ਤੇ ਪਿਆ ਆਪਣੇ ਪਿੰਡ ਤੇ ‘ਸਰਵਣ ਦੀ ਵਹਿੰਗੀ’ ਨੂੰ ਚੇਤੇ ਕਰਦਾ ਹੈ। ਆਪਣੇ ਪੁੱਤਰ ਡੇਲ ਤੇ ਵੀ ਹਰਖ ਕਰਦਾ ਹੈ ਜਿਸ ਨੇ ਉਸ ਦੀ ਇਜਾਜ਼ਤ ਤੋਂ ਬਿਨਾ ਫਲੋਰੈਂਸ ਨਾਲ ਵਿਆਹ ਕਰ ਲਿਆ। ਇਨ੍ਹਾਂ ਸਭ ਗੱਲਾਂ ਦੀ ਤੁਲਨਾ ਕਰਦਿਆਂ ਉਸ ਨੂੰ ਆਪਣੇ ਭਾਈਏ ਦੀ ਗੱਲ ਚੇਤੇ ਆਉਂਦੀ ਹੈ ਜਦੋਂ ਉਹ ਸਵਰਣ ਸਿੰਘ ਤੋਂ ਹਰਖਿਆ ਬੇਬੇ ਦੀ ਪਿਛਲੇ ਜਨਮਾਂ ਦੀ ਗੱਲ ਕੱਟਦਾ ਸੀ। ਬੇਬੇ ਦਾ ਮੰਨਣਾ ਸੀ ਕਿ ਸਰਵਣ ਤੇ ਉਸ ਦੇ ਮਾਤਾ ਪਿਤਾ ਦੀ ਵਹਿੰਗੀ ਵਾਲੀ ਕਥਾ, ਜਿਸ ਵਿਚ ਉਸ ਦੇ ਮਾ ਬਾਪ ਰਾਜਾ ਦਸਰਥ ਨੂੰ ਸਰਾਪ ਦਿੰਦੇ ਆਖਦੇ ਹਨ ਕਿ ਜਿਸ ਤਰ੍ਹਾਂ ਉਹ ਆਪਣੇ ਪੁੱਤਰ ਦੀ ਤੜਫ਼ ਨਾਲ ਮਰ ਰਹੇ ਹਨ ਉਸੇ ਤਰ੍ਹਾਂ ਉਹ ਵੀ ਆਪਣੀ ਔਲਾਦ ਦੇ ਗਮ ਵਿਚ ਮਰੇਗਾ-ਬਿਲਕੁਲ ਸੱਚੀ ਹੈ। ਭਾਈਏ ਦਾ ਮੰਨਣਾ ਹੈ ਕਿ ਮਨੁੱਖ ਏਸੇ ਜਨਮ ਵਿਚ ਸਾਰੇ ਸਾਬ੍ਹ-ਕਤਾਬ ਪੂਰੇ ਕਰ ਕੇ ਜਾਂਦਾ ਹੈ। ਸਤਿਆ ਹੋਇਆ ਉਹ ਸਵਰਣ ਸਿੰਘ ਨੂੰ ਆਖਦਾ ਕਿ ਗੁਰਦਿਆਲ ਨੂੰ ਆਪਣੇ ਜਿੱਡਾ ਹੋ ਲੈਣ ਦੇ ਫੇਰ ਪਤਾ ਲੱਗੂ ਕਿਸ ਭਾਅ ਬੀਤਦੀ ਆ...ਤੇ ਭਾਈਏ ਦੇ ਬੋਲ ਹੀ ਸੱਚੇ ਪ੍ਰਤੀਤ ਹੁੰਦੇ ਹਨ।

ਕਹਾਣੀ ਵਿਚ ਇਕੋ ਵੇਲੇ ਵਰਤਮਾਨ ਤੇ ਅਤੀਤ ਦਾ ਚਿੱਤਰਣ ਕਰਕੇ ਕਹਾਣੀਕਾਰ ਨੇ ਸਫਲਤਾ ਹਾਸਿਲ ਕਰ ਲਈ ਹੈ। ਕਹਾਣੀ ਦਾ ਪਾਤਰ ਸਵਰਣ ਸਿੰਘ ਦੋਹਰੀ ਮਾਨਸਿਕਤਾ ਦਾ ਸਿ਼ਕਾਰ ਹੈ । ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਦੇ ਉਹ ਭਾਰਤੀ ਸੋਚ-ਪੁੱਤ ਦੀ ਇੱਛਾ, ਤੇ ਕਦੇ ਧੀਆਂ ਵੱਲੋਂ ਹੋ ਰਹੀ ਆਪਣੀ ਦੇਖ ਰੇਖ ਨੂੰ ਸਮਝਣ ਦਾ ਯਤਨ ਕਰਦਾ ਹੈ। ਜਦ ਕਿ ਉਸ ਦਾ ਭਾਈਆ ਉਸ ਦੀਆਂ ਧੀਆਂ ਨੂੰ ਪੁੱਤਾਂ ਤੋਂ ਵੀ ਵੱਧ ਮਹੱਤਤਾ ਦਿੰਦਾ ਹੈ ਤੇ ਆਪਣੀ ਧੀ ਬਚਨੀ ਦੀ ਤਾਰੀਫ਼ ਕਰਦਾ ਹੈ ਜਦ ਕਿ ਦੋਵੇ ਪੁੱਤਰਾਂ ਨੂੰ ਹਮੇਸ਼ਾਂ ਧੀਆਂ ਤੋਂ ਘੱਟ ਮਾਨਤਾ ਦਿੰਦਦ ਹੈ।

ਕਹਾਣੀ ਦੇ ਆਖੀਰ ਵਿਚ ਜਦੋਂ ਦੋਵੇ ਧੀਆਂ ਦੀਪੀ ਤੇ ਜੀਤੋ ਉਨ੍ਹਾਂ ਦੋਹਾਂ ਜੀਆਂ ਸਵਰਨ ਸਿੰਘ ਤੇ ਰਤਨ ਕੌਰ ਨੂੰ ਗੱਡੀ ਵਿਚ ਲੈ ਕੇ ਜਾਂਦੀਆਂ ਹਨ ਤਾ ਸਵਵਨੇ ਨੂੰ ਜਾਪਦਾ ਹੈ ਜਿਵੇਂ ਉਸ ਦੀਆਂ ਧੀਆਂ ਮਾਂ-ਬਾਪ ਨੂੰ ਵਹਿੰਗੀਆਂ ਵਿਚ ਪਾਈ ਕਿਸੇ ਲੰਬੀ ਸੁਖਾਵੀਂ ਯਾਤਰਾ ਉਪਰ ਲੈ ਜਾ ਰਹੀਆਂ ਹੋਣ । ਇਸ ਪ੍ਰਕਾਰ ਕਹਾਣੀ ਦਾ ਪੂਰਾ ਤਾਣਾ-ਬਾਣਾ ਸਰਵਣ ਪੁੱਤਰਾਂ ਦੀ ਥਾਂ ‘ਸਰਵਣ ਧੀਆਂ ਤੇ ਵਹਿੰਗੀ’ ਦੇ ਦੁਆਲੇ ਬੁਣਿਆਂ ਗਿਆ ਹੈ । ਇਹ ਕਹਾਣੀ ਅਜੋਕੇ ਸਮਾਜ ਵਿਚ ਕੁੜੀਆਂ ਦੇ ਮਹੱਤਵ ਨੂੰ ਦਰਸਾਉਂਦੀ ਹੈ।

ਕਹਾਣੀ ਸੰਗ੍ਰਹਿ ਵਿਚਲੀ ਤੀਸਰੀ ਕਹਾਣੀ ‘ਤਕੂਰਾ’ ਇਸ ਸੰਗ੍ਰਹਿ ਤੋਂ ਪਹਿਲਾ ਵੀ ਕਹਾਣੀ ਪੰਜਾਬ ਵਿਸੇ਼ਸ ਅੰਕ 28-29 ਜੁਲਾਈ ਦਸੰਬਰ 2000 ਵਿ ‘ਚ ਛੱਪ ਚੁੱਕੀ ਹੈ। ਇਸ ਕਹਾਣੀ ਵਿਚ ਕਹਾਣੀਕਾਰ ਇਹ ਸਿੱਧ ਕਰਨਾ ਚਾਹੁੰਦਾ ਹੈ ਕਿ ਮਨੁੱਖੀ ਰਿਸ਼ਤੇ ਕਿਸੇ ਨਾ ਕਿਸੇ ਗਰਜ਼ ਵਿਚ ਬੱਝੇ ਹੋਏ ਹੁੰਦੇ ਹਨ। ਇਨ੍ਹਾਂ ਰਿਸ਼ਤਿਆਂ ਵਿਚ ਅਕਸਰ ਦੁਨਿਆਵੀ ਲੈਣ ਦੇਣ ਦੀ ਵਜ੍ਹਾ ਨਾਲ ਖਿੱਚੋ-ਤਾਣ ਜਾਂ ਤਰੇੜਾਂ ਆਉਂਦੀਆਂ ਰਹਿੰਦੀਆਂ ਹਨ । ਇਸ ਦੇ ਉਲਟ ਪਾਲਤੂ ਜਾਨਵਰ ਦਾ ਇਨਸਾਨ ਨਾਲ ਰਿਸ਼ਤਾ ਅਜਿਹਾ ਹੈ ਕਿ ਉਹ ਹਮੇਸ਼ਾ ਬੰਦੇ ਨੂੰ ਬੇਗਰਜ਼ ਪਿਆਰ ਤੇ ਸਾਥ ਦੇਣ ਲਈ ਤਤਪਰ ਰਹਿੰਦਾ ਹੈ। ਕਹਾਣੀ ਦਾ ਨਾਇਕ ਜੈਲਾ ਪਰੇਸ਼ਾਨ ਨਜ਼ਰ ਆਉਂਦਾ ਹੈ ਕਿਉਂ ਜੋ ਉਸ ਦਾ ਪੁੱਤਰ ਟੀ.ਵੀ. ਤੇ ਦਿਖਾਲੇ ਜਾ ਰਹੇ ਕੁੱਤੇ ਦੀ ਮੰਗ ਕਰ ਰਿਹਾ ਸੀ ਪਰ ਜੈਲੇ ਨੂੰ ਪਾਲਤੂ ਜਾਨਵਰਾਂ ਤੋਂ ਨਫ਼ਰਤ ਸੀ। ਉਸ ਦਾ ਮੰਨਣਾ ਹੈ ਕਿ ਇਹ ਜਾਨਵਰ ਘਰ ਵਿਚ ਗੰਦਗੀ ਫੈਲਾਂਦੇ ਹਨ। ਇਨ੍ਹਾਂ ਨੂੰ ਲਗਾਉਣ ਲਈ ਮਹਿੰਗੇ ਮਹਿੰਗੇ ਇੰਨਜੈਕਸ਼ਨ ਖਰੀਦਣੇ ਪੈਂਦੇ ਹਨ। ਇਸੇ ਕਰਕੇ ਉਹ ਆਪਣੀ ਕੰਪਨੀ ਦੇ ਅੰਗਰੇਜ਼ ਮੈਂਬਰਾਂ ਦਾ ਵੀ ਮਜਾ਼ਕ ਉਡਾਉਂਦਾ ਹੈ ਕਿ ਕਿਵੇਂ ਉਹ ਸਾਰਾ ਦਿਨ ਕੁੱਤਿਆਂ ਦੇ ਮੂੰਹ ਚੱਟਦੇ ਤੇ ਚਟਾਉਂਦੇ ਰਹਿੰਦੇ ਹਨ। ਜੈਲੇ ਦਾ ਇਹ ਵੀ ਮੰਨਣਾ ਸੀ ਕਿ ਵਿਦੇਸ਼ਾਂ ਵਿਚ ਰਹਿੰਦੇ ਨਿਆਣੇ ਜੋ ਕੁਝ ਦੇਖਦੇ ਸੁਣਦੇ ਆ ਉਸੇ ਤਰ੍ਹਾਂ ਦੇ ਹੀ ਹੋ ਜਾਂਦੇ ਹਨ। ਇਥੇ ਨਿਆਣਿਆਂ ਦੇ ਦਿਮਾਗ ਵਿਚ ਜਿਹੜਾ ਕੀੜਾ ਵੜ ਜਾਵੇ ਉਹ ਨਿਕਲਦਾ ਵੀ ਛੇਤੀ ਨਹੀਂ। ਇਥੇ ਜਾਨਵਰਾਂ ਨੇ ਲੋਕ ਸ਼਼ੁਦਾਈ ਕੀਤੇ ਹੋਏ ਹਨ।

ਵਿਦੇਸ਼ ਵਿਚ ਰਹਿੰਦਿਆਂ ਜੈਲੇ ਦੀ ਸੋਚ ਇਸ ਪ੍ਰਕਾਰ ਦੀ ਹੈ ਜਦ ਕਿ ਪੰਜਾਬ ਵਿਚੋਂ ਆਈ ਜੈਲੇ ਦੀ ਮਾਂ ਦਾ ਮੰਨਣਾ ਹੈ ਕਿ ਕੁੱਤੇ ਨੂੰ ਚੰਗੇ ਬੁਰੇ ਦੀ ਪਛਾਣ ਹੁੰਦੀ ਹੈ। ਇਹ ਖਤਰਾ ਪਛਾਣ ਲੈਂਦਾ ਹ।ੈ ਬੰਦਿਆਂ ਤੋਂ ਵੱਧ ਸੋਝੀ ਹੁੰਦੀ ਹੈ ਇਸ ਜੀਵ ਨੂੰ। ਦੂਜਾ ਕੋਈ ਪਿਛਲੇ ਜਰਮਾਂ ਦਾ ਸੰਬੰਧ ਹੁੰਦਾ ਹੈ ਬੰਦੇ ਤੇ ਜੀਅ ਜੰਤੂ ਦਾ। ਬੇਬੇ ਦੀ ਅਜਿਹੀ ਸੋਚ ਤੇ ਵੀ ਜੈਲਾ ਹੈਰਾਨ ਹੁਂੰਦਾ ਆਖਦਾ ਹੈ, “ ਲੈ ਦੱਸ ਬੀਬੀ ਹੁਣ ਇਹਦੇ ’ਚ ਪਿਛਲੇ ਜਨਮ ਕਿਥੋਂ ਆ ਗਏ?...ਔਖੇ ਹੋ ਕੇ ਘਰਾਂ ਦੀਆਂ ਕਿਸ਼ਤਾਂ ਤਾਰਦੇ ਆਂ, ਆਪਣੇ ਸੁੱਖ ਆਰਾਮ ਲਈ ਤੰਗ ਹੁੰਨੇ ਆਂ, ਜਾਨਵਰਾਂ ਦੇ ਰਹਿਣ ਨੂੰ ਥੋੜ੍ਹੋਂ”। ਕਹਾਣੀ ਦੇ ਅੰਤ ਤੇ ਬੇਬੇ ਸੇ਼ਰੂ ਕੁੱਤੇ ਦੀ ਗੱਲ ਸੁਣਾਉਂਦੀ ਹੈ। ਉਸ ਦੇ ਗ਼ਮ ਵਿਚ ਜੈਲੇ ਦਾ ਬਾਪ ਦੁਨੀਆਂ ਛੱਡ ਗਿਆ। ਇਥੇ ਕਹਾਣੀਕਾਰ ਇਹ ਸਿੱਧ ਕਰਨਾ ਚਾਹੁੰਦਾ ਹੈ ਕਿ ਅੱਜ ਸੰਸਾਰ ਵਿਚ ਹਰ ਇਨਸਾਨ ਇਕ ਦੂਜੇ ਦਾ ਦੁਸ਼ਮਣ ਹੈ, ਹਰ ਕੋਈ ਦੂਸਰੇ ਨੂੰ ਮਾਰ ਕੇ ਨਿੱਜੀ ਸਵਾਰਥਾਂ ਦੀ ਪੂਰਤੀ ਕਰਨੀ ਚਾਹੁੰਦਾ ਹੈ। ਇਨਸਾਨੀਅਤ ਨਾਂ ਦੀ ਚੀਜ਼ ਮਨੁੱਖ ਵਿੱਚੋਂ ਮੂਲੋਂ ਹੀ ਮੁੱਕ ਚੁੱਕੀ ਹੈ। ਮਨੁੱਖ ਨਾਲੋਂ ਜਾਨਵਰ ਵਧੇਰੇ ਵਫ਼ਾਦਾਰ ਸਿੱਧ ਹੁੰਦਾ ਹੈ। ਇਹ ਸਭ ਸੋਚ ਕੇ ਨਾਇਕ ਜੋ ਟੀ.ਵੀ. ਤੇ ਦਿਖਾਈ ਜਾਂ ਰਹੀ ਕਤੂਰੇ ਦੀ ਤਸਵੀਰ ਦੇਖਦਾ ਵੀ ਨਹੀਂ ਉਹ ਉਸ ਨੂੰ ਦੇਖਣ ਲਈ ਟੀ.ਵੀ. ਰਿਮੋਟ ਲੱਭਣ ਲੱਗ ਪੈਂਦਾ ਹੈ। ਇਉਂ ਇਕ ਸੰਕੇਤ ਨਾਲ਼ ਕਹਾਣੀ ਨਵਾਂ ਮੋੜ ਲੈ ਲੈਂਦੀ ਹੈ।

ਕਹਾਣੀ ‘ਡਾਇਮੰਡ ਰਿੰਗ’ ਇਸ ਸੰਗ੍ਰਹਿ ਦੀ ਸਭ ਤੋਂ ਮਹੱਤਵਪੂਰਣ ਕਹਾਣੀ ਹੈ। ਇਸ ਵਿਚ ਕਹਾਣੀਕਾਰ ਨੇ ਸਭਿਆਚਾਰ ਦੇ ਅੰਤਰ ਵਿਰੋਧਾਂ ਨੂੰ ਪੇਸ਼ ਕੀਤਾ ਹੈ। ਮਿਸਟਰ ਖੰਨਾ ਵਿਦੇਸ਼ ਵਿਚ ਰਹਿਣ ਕਾਰਣ ਪੱਛਮੀ ਲੋਕਾਂ ਦੇ ਸਾਥ ਨੂੰ ਲੋਚਦਾ ਹੈ ਪਰ ਅੰਦਰੋਂ ਪੂਰੀ ਤਰ੍ਹਾਂ ਭਾਰਤੀ ਪਿਛੋਕੜ ਨਾਲ਼ ਜੁੜਿਆ ਰਹਿੰਦਾ ਹੈ। ਮਿਸਿਜ਼ ਖੰਨਾ ਵਿਦੇਸ਼ ਵਿਚ ਰਹਿ ਕੇ ਭਾਰਤੀ ਨਾਰੀ ਦਾ ਜੀਵਨ ਬਤੀਤ ਕਰਦੀ ਹੈ। ਉਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਗ੍ਰਸਤ ਹੈ। ਘਰ ਦੇ ਕਿਸੇ ਵੀ ਜੀਅ ਦਾ ਧਿਆਨ ਉਸ ਵੱਲ ਨਹੀਂ। ਮਿਸਟਰ ਖੰਨਾ ਸਾਰਾ ਦਿਨ ਦਫ਼ਤਰੀ ਕੰਮਕਾਰ ਵਿਚ ਰੁਝਿਆ ਰਹਿੰਦਾ, ਬੱਚੇ ਰਾਜੀਵ ਤੇ ਅਜਯ ਦੋਵੇਂ ਆਪਣੇ ਆਪ ਵਿਚ ਮਸਤ। ਮਿਸਿਜ਼ ਖੰਨਾ ਨੂੰ ਆਪਣਾ ਵਜੂਦ ਘਰ ਵਿਚ ਪਈਆਂ ਭਾਂਡੇ ਧੋਣ ਵਾਲੀ ਅਤੇ ਕੱਪੜੇ ਧੌਣ ਵਾਲੀ ਮਸ਼ੀਨ ਵਾਂਗ ਜਾਪਦਾ ਹੈ।। ਡਾਕਟਰ ਨੇ ਮਿਸਿਜ਼ ਖੰਨਾ ਨੂੰ ਹਰ ਰੋਜ਼ ਦਵਾਈ ਦੇ ਨਾਲ ਨਾਲ ਐਕਰਸਾਈਜ਼ ਕਰਨ ਦੀ ਵੀ ਸਲਾਹ ਦਿੱਤੀ ਹੋਈ ਸੀ। ਇਹ ਐਕਰਸਾਈਜ਼ ਮਿਸਿਜ਼ ਖੰਨਾ ਨੂੰ ਕੁੱਤਾ ਮੋਤੀ ਕਰਵਾਉੰਦਾ ਸੀ। ਇਸ ਮੋਤੀ ਨੂੰ ਇਕ ਗੋਰੀ ਲੜਕੀ ਐਨਾ ਜੋ ਰਾਜੀਵ ਦੀ ਮੰਗੇਤਰ ਬਣ ਚੁੱਕੀ ਸੀ ਲੈ ਕੇ ਆਈ ਸੀ। ਮਿਸਿ਼ਜ ਖੰਨਾ ਨੂੰ ਉਸ ਕੁੱਤੇ ਨਾਲ ਮੋਹ ਵੀ ਹੋ ਗਿਆ ਸੀ ।

ਰਾਜੀਵ ਅਤੇ ਐਨਾ ਦੀ ਮੰਗਣੀ ਤੇ ਮਿਸਿ਼ਜ ਖੰਨਾ ਨੇ ਆਪਣੀ ਡਾਇਮੰਡ ਰਿੰਗ ਐਨਾ ਦੇ ਹੱਥ ਵਿਚ ਪਾ ਦਿੱਤੀ ਪਰ ਜਲਦੀ ਹੀ ਵਿਆਹ ਤੋਂ ਪਹਿਲਾਂ ਐਨਾ ਤੇ ਰਾਜੀਵ ਦੇ ਸੰਬੰਧ ਸੁਖਾਵੇਂ ਨਾ ਰਹੇ ਤੇ ਉਹ ਇਕ ਦੂਜੇ ਤੋਂ ਦੂਰ ਹੋ ਗਏ। ਮਿਸਿ਼ਜ ਖੰਨਾ ਤੋਂ ਵੀ ਵੱਧ ਗਮ ਮਿਸਟਰ ਖੰਨਾ ਨੂੰ ਡਾਇਮੰਡ ਰਿੰਗ ਦੇ ਜਾਣ ਦਾ ਸੀ। ਇਹੋ ਮਿਸਟਰ ਖੰਨਾ ਬੱਚਿਆਂ ਨੂੰ ਹਮੇਸ਼ਾ ਗੋਰਿਆਂ ਨਾਲ ਹੀ ਜਿ਼ਆਦਾ ‘ਮਿਕਸਅੱਪ’ ਹੋਣ ਤੇ ਭਾਰਤੀਆਂ ਚੀਨੀਆਂ ਤੇ ਕਾਲੇ ਲੋਕਾਂ ਤੋਂ ਬਚ ਕੇ ਰਹਿਣ ਲਈ ਹੀ ਪ੍ਰੇਰਦਾ ਸੀ। ਪਰੰਤੂ ਰਾਜੀਵ ਤੇ ਐਨਾ ਦੀ ਸੈਪਰੇਸ਼ਨ ਹੋਣ ਤੇ ਉਸ ਦੀ ਸੋਚ ਇਵੇਂ ਬਦਲਦੀ ਹੈ, “ਮੈਂ ਜਾਣਦਾਂ ਇਨ੍ਹਾਂ ਗੋਰਿਆਂ ਨੂੰ, ਇਨ੍ਹਾਂ ਦਾ ਮਤਲਬ ਅਗਲੇ ਦੀ ਜੇਬ ਤਾਈਂ ਹੁੰਦਾ। ਓਹਨੇ ਛੋਕਰੀ ਨੇ ਡੇਢ ਸਾਲ ਮੁਫ਼ਤ ਵਿਚ ਇਹਦੇ ਕੋਲ ਰਹਿ ਲਿਆ ਨਾਲੇ ਇਹਦੇ ਤੋਂ ਕਾਲਜ ਦੀਆਂ ਫੀਸਾਂ ਭਰਵਾ ਲਈਆਂ, ਹੁਣ ਪੜ੍ਹਾਈ ਮੁੱਕਣ ਤੇ ਆਈ ਤਾਂ ਚੱਲ ਮੇਰੇ ਭਾਈ।” ਉਹ ਮਿਸਿਜ਼ ਖੰਨਾ ਨੂੰ ਵੀ ਸਮਝਾਉਦਾ ਆਖਦਾ ਹੈ, “ਤੂੰ ਕਹਿੰਦੀ ਸੀ ਕੁੜੀ ਬੜੀ ਬੀਬੀ ਆ, ਬਾਕੀ ਗੋਰੀਆਂ ਵਰਗੀ ਨੀ, ਅਸੀਂ ਕਿਤੇ ਭੁੱਲੇ ਹੋਏ ਆ ਗੋਰੀਆਂ ਨੂੰ...ਚੁੱਕ ਕੇ ਆਪਣੀ ਐਡੀ ਮਹਿੰਗੀ ਰਿੰਗ ਪਾ ਦਿੱਤੀ ਉਹਨੂੰ, ਹੁਣ ਦਖਾਲ਼ੀਂ ਲੈ ਕੇ ਵਾਪਿਸ, ਨਾਲੇ ਦੇਊਗੀ ਤੈਨੂੰ ਉਹ...।”

ਐਨਾ ਨੇ ਆਪਣੇ ਬਾਪ ਦੀ ਨਸਿ਼ਆਂ ਨਾਲ਼ ਵਿਗਾੜੀ ਹਾਲਤ ਅੱਖੀਂ ਦੇਖੀ ਹੋਈ ਸੀ ਇਸੇ ਕਰਕੇ ਉਹ ਨਸਿ਼ਆਂ ਨੂੰ ਨਫ਼ਰਤ ਕਰਦੀ ਸੀ। ਵੈਸੇ ਬਾਪ ਧੀ ਦਾ ਬਹੁਤ ਪਿਆਰ ਸੀ। ਇਸੇ ਨਸੇ਼ ਦੀ ਖਾਤਰ ਉਸ ਦਾ ਤੇ ਰਾਜੀਵ ਦਾ ਝਗੜਾ ਹੋਇਆ ਸੀ। ਰਾਜੀਵ ਨੂੰ ਭਾਰਤੀ ਆਕੜ ਦਾ ਨਸ਼ਾ ਸੀ, ਇਸੇ ਲਈ ਉਸ ਨੇ ਮੁੜ ਪਿਆਰ ਨਾਲ ਸੁਲਾਹ ਕਰਨ ਦੀ ਕੋਸਿ਼ਸ ਨਹੀਂ ਕੀਤੀ ਤੇ ਮਾਈਕਲ ਦੇ ਆਖੇ ਲਗ ਕੇ ਹੋਰ ਗੋਰੀਆਂ ਦੇ ਮਗਰ ਲੱਗ ਤੁਰਿਆ। ਮਿਸਿਜ਼ ਖੰਨਾ ਨੂੰ ਐਨਾ ਦੇ ਲਿਆਂਦੇ ਕੁੱਤੇ ਨਾਲ ਬੜਾ ਮੋਹ ਸੀ ਇਸੇ ਕਰਕੇ ਉਹ ਪਾਰਟੀ ਵਿਚ ਹਾਸੇ ਦਾ ਪਾਤਰ ਵੀ ਬਣਦੀ ਸੀ। ਹਰ ਕੋਈ ਉਸ ਦਾ ਮਜ਼ਾਕ ਉਡਾਉਂਦਾ ਉਸ ਨਾਲ ਗੱਲ ਕਰਨ ਤੋਂ ਪਹਿਲਾ ਮਸ਼ਕਰੀ ਕਰਦਾ ਕਿ ਉਹ ਸਾਰਾ ਦਿਨ ਕੁਤੇ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਹੈ। ਪਰ ਅੰਤ ਵਿਚ ਜਦੋਂ ਮਿਸਿਜ਼ ਖੰਨਾ ਤੇ ਮਿਸਟਰ ਖਂੰਨਾ ਇਕ ਪਾਰਟੀ ਤੋਂ ਵਾਪਸ ਆ ਕੇ ਦੇਖਦੇ ਹਨ ਕਿ ਨਾ ਘਰ ਮੋਤੀ ਹੈ ਤੇ ਨਾ ਹੀ ਉਸ ਦਾ ਕੰਬਲ ਤੇ ਖਾਣੇ ਦਾ ਭਾਂਡਾ। ਟੀਨ ਦੇ ਡੱਬੇ ਵਿਚੋਂ ਇਕ ਤਹਿ ਲਗਾ ਕੇ ਰੱਖਿਆ ਕਾਗਜ਼ ਮਿਲਦਾ ਹੈ ਜੋ ਐਨਾ ਦੁਆਰਾ ਲਿਖੀ ਚਿੱਠੀ ਹੈ ਤੇ ਨਾਲ ਹੀ ਉਹ ਕੀਮਤੀ ਰਿੰਗ ਜੋ ਮਿਸਿਜ਼ ਖੰਨਾ ਨੇ ਉਸ ਨੂੰ ਦਿੱਤੀ ਸੀ। ਰਿੰਗ ਦੇਖਦਿਆਂ ਮਿਸਟਰ ਖੰਨਾ ਬੋਲਦਾ ਹੈ, ‘ਲੈ ਤੇਰੀ ‘ਡਾਇਮੰਡ ਰਿੰਗ’ ਤਾਂ ਮਿਲ ਗਈ ਬਚਾਅ ਹੋ ਗਿਆ, ਮੈਂ ਤਾਂ ਸੋਚਿਆ ਸੀ ਕਿ ਹੁਣ ਨੀ ਮਿਲਣੀ।” “ਮੋਤੀ ਦੇ ਬਦਲੇ ਡਾਇਮੰਡ ਰਿੰਗ...।” ਕਹਿੰਦਿਆਂ ਮਿਸਿਜ਼ ਖੰਨਾ ਉਥੇ ਹੀ ਢੇਰੀ ਹੋ ਜਾਂਦੀ ਹੈ। ਮੋਤੀ ਦੇ ਕਾਰਣ ਉਸ ਦੀ ਸਿਹਤ ਵਿਚ ਇੰਮਪਰੂਵਮੈਟ ਆਈ ਸੀ। ਉਹ ਤਾਂ ਉਸ ਦੇ ਲਈ ਹਰ ਕੀਮਤੀ ਸਮਾਨ ਤੋਂ ਵੀ ਜਿ਼ਆਦਾ ਕੀਮਤੀ ਸੀ।

ਇਸ ਤਰ੍ਹਾਂ ਇਸ ਕਹਾਣੀ ਵਿਚ ਪਾਲਤੂ ਜਾਨਵਰ ਦੇ ਮਹੱਤਵ ਨੂੰ ਹੀ ਦਰਸਾਇਆ ਗਿਆ ਹੈ ਕਿ ਪਦਾਰਥਕ ਸਹੂਲਤਾਂ ਕਦੇ ਮਨੁੱਖੀ ਇੱਕਲਤਾ ਨੂੰ ਨਹੀਂ ਭਰ ਸਕਦੀਆਂ। ਇਸ ਦੇ ਉਲਟ ਘਰ ਵਿਚ ਰੱਖੇ ਪਾਲਤੂ ਜਾਨਵਰਾਂ ਨਾਲ ਮਨੁੱਖ ਆਪਣੇ ਖਾਲੀਪਣ ਨੂੰ ਭਰਣ ਦਾ ਭਰਮ ਤਾਂ ਰੱਖਦਾ ਹੀ ਹੈ। ਦੂਜਾ ਇਹ ਕਹਾਣੀ ਇਹ ਵੀ ਪੇਸ਼ ਕਰਦੀ ਹੈ ਕਿ ਸਾਡੀ ਸੋਚ ਕਈ ਵਾਰੀ ਗੋਰਿਆਂ ਦੇ ਪ੍ਰਤੀ ਕਿੰਨੀ ਬਤੁਕੀ ਹੁੰਦੀ ਹੈ। ਇਸ ਤਰ੍ਹਾਂ ਕਹਾਣੀਕਾਰ ਪੱਛਮੀ ਲੋਕਾਂ ਦੀ ਕਾਮੁਕਤਾ ਭਰਪੂਰ ਮਿੱਥ ਨੂੰ ਵੀ ਤੋੜਦਾ ਹੈ। ਉਹ ਕਹਾਣੀ ਵਿਚ ਗੋਰਿਆਂ ਪ੍ਰਤੀ ਨਫ਼ਰਤ ਪੈਦਾ ਨਹੀਂ ਕਰਦਾ ਸਗੋਂ ਭਾਰਤੀਆਂ ਦੀ ਗੋਰੀਆਂ ਪ੍ਰਤੀ ਮਿੱਥ ਨੂੰ ਵੀ ਤੋੜਦਾ ਹੈ। ਕਹਾਣੀਕਾਰ ਪੱਛਮ ਦੇ ਉਨ੍ਹਾਂ ਮਾਨਵੀ ਮੁੱਲਾਂ ਨੂੰ ਉਭਾਰਦਾ ਹੈ ਜਿਨ੍ਹਾਂ ਨੂੰ ਅਸੀਂ ਅੱਖੋਂ ਓਹਲੇ ਕਰ ਦਿੰਦੇ ਹਾਂ।

ਸਮੁੱਚੇ ਰੂਪ ਵਿਚ ਪਰਵਾਸੀ ਕਹਾਣੀ ਸਾਹਿਤ ਗਿਣਤੀ ਪੱਖੋਂ ਹੀ ਭਰਪੂਰ ਨਹੀਂ ਬਲਕਿ ਗੁਣ ਪੱਖੋਂ ਵੀ ਨਵੇਂ ਪ੍ਰਤੀਮਾਨ ਸਿਰਜਣ ਵਾਲਾ ਹੈ। ਸਾਰਾ ਦੀਆਂ ਕਹਾਣੀਆਂ ਦਾ ਬਿਰਤਾਂਤ ਇਕੋਂ ਸਮੇਂ ਅਤੀਤ ਅਤੇ ਵਰਤਮਾਨ ਦੋਹਾਂ ਦਿਸ਼ਾਵਾ ਵਿਚ ਫੈਲਦਾ ਹੈ। ਅੰਤ ਅਸੀਂ ਕਹਿ ਸਕਦੇ ਹਾਂ ਕਿ ਇਕ ਲੰਮਾ ਸਮਾਂ ਬੀਮਾਰੀ ਵਿਚ ਗ੍ਰਸਤ ਰਹਿਣ ਤੋਂ ਬਾਦ ਵੀ ਇਸ ਕਹਾਣੀਕਾਰ ਦਾ ਮਨੋਬਲ ਡਗਮਗਾਇਆ ਨਹੀਂ। ਉਹ ਹੁਣ ਵੀ ਪੰਜਾਬੀ ਸਾਹਿਤ ਵਿਚ ਪ੍ਰਤੀਬੱਧਤਾ ਤੇ ਸ਼ਿੱਦਤ ਨਾਲ ਕਾਰਜਸ਼ੀਲ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਪਾਠਕਾਂ ਨੂੰ ਕਹਾਣੀਕਾਰ ਤੋਂ ਹੋਰ ਵੀ ਵਧੇਰੇ ਆਸ ਹੈ।
 

******

(ਸੀ-122, ਯੁਨੀਵਰਸਿਟੀ ਕੈਂਪਸ, ਕੁਰੂਕਸ਼ੇਤਰ-136119, ਹਰਿਆਣਾ, ਇੰਡੀਆ)
(12 ਅਗਸਤ 2007) ਯੂਨੀਕੋਡ

ਡਾ: ਰਜਨੀ ਰਾਣੀ ਦੀ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

e-mail:
ਲਿਖਾਰੀ


© likhari: Punjabi Likhari Forum-2001-2007