![]() |
ਕਰਨੈਲ ਸਿੰਘ
ਗਿਆਨੀ ਦਾ ਕਹਾਣੀ ਸੰਗ੍ਰਹਿ : ਇੱਕ ਹੋਰ ਸੱਸੀ
-ਡਾ. ਰਜਨੀ ਰਾਣੀ,
(ਕੁਰੁਕਸ਼ੇਤਰ, ਹਰਿਆਣਾ) |
‘ਇਕ ਹੋਰ ਸੱਸੀ’ ਕਰਨੈਲ ਸਿੰਘ ਗਿਆਨੀ ਦੀ ਤੀਜੀ ਪੁਸਤਕ ਹੈ। ਇਸ ਤੋਂ ਪਹਿਲਾਂ 'ਵਸਲੋਂ ਉਰ੍ਹੇ' ਅਤੇ 'ਕਿਰਾਏ ਦੀ ਕੁੱਖ' ਕਹਾਣੀ ਸੰਗ੍ਰਹਿ ਪ੍ਰਕਾਸਿ਼ਤ ਹੋ ਚੁੱਕੇ ਹਨ। ਕਰਨੈਲ ਸਿੰਘ ਦੇ ਇਸ ਕਹਾਣੀ ਸੰਗ੍ਰਹਿ ਵਿਚ ਕੁਲ 13 ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਵੱਖ ਵੱਖ ਸਥਾਨਾਂ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਕਹਾਣੀਆਂ ਦੇ ਹਵਾਲਿਆਂ ਵਿਚ ਕਈ ਘਟਨਾਵਾਂ ਦਾ ਵੀ ਜ਼ਿੱਕਰ ਕੀਤਾ ਗਿਆ ਹੈ, ਇਨ੍ਹਾਂ ਘਟਨਾਵਾਂ ਵਿੱਚੋਂ ਹੀ ਇਸ ਕਹਾਣੀ ਦੇ ਪਾਤਰ ਸਿਰਜੇ ਗਏ ਹਨ। ਇਸ ਕਹਾਣੀ ਸੰਗ੍ਰਹਿ ਦੀ ਪਹਿਲੀਆਂ ਦੋ ਕਹਾਣੀਆਂ ‘ਇਕ ਹੋਰ ਸੱਸੀ’ ਅਤੇ ਤਪੱਸਿਆਂ’ ਦੋਹਾਂ ਵਿਚ ਇਕ ਨਿਰੰਤਰਤਾ ਹੈ। ਪਹਿਲੀ ਕਹਾਣੀ ਜਿਥੇ ਖਤਮ ਹੁੰਦੀ ਹੈ ਦੂਜੀ ਕਹਾਣੀ ਉਨ੍ਹਾਂ ਹੀ ਪਾਤਰਾਂ, ਦ੍ਰਿਸ਼ਾਂ ਅਤੇ ਪਿਛੋਕੜ ਨਾਲ ਆਰੰਭ ਹੁੰਦੀ ਹੈ। ਮਾਪਿਆਂ ਵੱਲੋਂ ਆਪਣੇ ਅਸਫ਼ਲ ਪਿਆਰ ਨੂੰ ਆਪਣੇ ਬੱਚਿਆਂ ਰਾਹੀਂ ਸਫ਼ਲ ਹੁੰਦੇ ਵਿਖਾਇਆ ਗਿਆ ਹੈ। ਇਸ ਕਹਾਣੀ ਨੂੰ ਪੜ੍ਹਦਿਆਂ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਕਹਾਣੀ, ਕਹਾਣੀਕਾਰ ਨੇ ਨਾਟਕੀ ਵਿਧਾ ਦੁਆਰਾ ਰਚੀ ਹੈ ਤੇ ਜਿਸ ਨੂੰ ਲੇਖਕ ਵਲੋਂ ਟੀ.ਵੀ. ਤੇ ਪੇਸ਼ ਕਰਨ ਦਾ ਇਰਾਦਾ ਹੈ। ਇਸ ਕਹਾਣੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕਹਾਣੀਕਾਰ ਨੇ ਜੋ ਨਿਰੰਤਰਤਾ ਅਪਣਾਈ ਹੈ ਉਹ ਪੂਰੀ ਤਰ੍ਹਾਂ ਨਿਭੀ ਹੈ।
ਕਹਾਣੀ ਸੰਗ੍ਰਹਿ ਦੀ ਤੀਜੀ ਕਹਾਣੀ ‘ਸੰਗੀਨ ਜੁਰਮ’ ਇਕ ਅਜਿਹੀ ਕਹਾਣੀ ਹੈ ਜਿਸ ਵਿਚ ਸਾਡੇ ਸਮਾਜ ਦੇ ਕੌਝੇ ਸਿਸਟਮ ਤੇ ਅਦੂਰ-ਦ੍ਰਿਸ਼ਟੀ ਕਾਰਣ ਮਾਸੂਮਾਂ ਨੂੰ ਸਜ਼ਾ ਦੇਣ ਦੀ ਨੀਤੀ ਨੂੰ ਆਧਾਰ ਬਣਾਇਆ ਗਿਆ ਹੈ। ਇਸ ਕਹਾਣੀ ਦਾ ਨਾਇਕ ਦਲਜੀਤ ਉਜਾੜਿਆਂ ਦੀਆਂ ਘਟਨਾਵਾਂ ਸਹਿ ਚੁੱਕਾ ਹੈ। ਜਿਵੇਂ ਪਹਿਲਾਂ ਜਲ੍ਹਿਆਂ ਵਾਲੇ ਬਾਗ ਦਾ ਕਾਂਡ, ਸੰਤਾਲੀ ਦੀ ਵੰਡ ,ਅਪ੍ਰੇਸ਼ਨ ਬਲਿਊ ਸਟਾਰ, ਭੁਚਾਲ ਦੇ ਝਟਕੇ ਤੇ ਫਿਰ ਗੁਜਰਾਤ ਦੇ ਸੰਪਰਦਾਇਕ ਦੰਗੇ। ਦੰਗਿਆਂ ਵਿਚ ਉਸ ਦੀ ਪਤਨੀ ਤੇ ਮਾਸੂਮ ਬੱਚਾ ਵੀ ਮਾਰੇ ਗਏ। ਪਰ ਸਾਡੇ ਸਮਾਜ ਦੇ ਅੰਨ੍ਹੇ ਕਾਨੂੰਨ ਦੁਆਰਾ ਇਸ ਦਾ ਦੋਸ਼ੀ ਨਾਇਕ ਨੂੰ ਠਹਿਰਾਇਆ ਗਿਆ। ਇਹੋ ਜਿਹਾ ਕਥਾ ਸਾਰ ਲੈ ਕੇ ਪਹਿਲਾਂ ਵੀ ਕਈ ਵਾਰ ਕਹਾਣੀਆਂ ਸਿਰਜੀਆਂ ਜਾ ਚੁਕੀਆਂ ਹਨ।
ਕਹਾਣੀ ਸੰਗ੍ਰਹਿ ਦੀ ਅਗਲੀ ਕਹਾਣੀ ‘ਰੌਸ਼ਨਆਰਾ’ ਇਕ ਵੱਖਰੇ ਸੰਦਰਭ ਨਾਲ ਪੇਸ਼ ਕੀਤੀ ਗਈ ਹੈ। ਇਸ ਕਹਾਣੀ ਵਿਚ ਰੂਸ ਦੀ ਬੰਬਾਰੀ ਵਿਚ ਢਹਿ ਢੇਰੀ ਹੋਏ ਸ਼ਹਿਰ ਗਜਨੀ ਦਾ ਇਕ ਪਰਿਵਾਰ ਫੋਕਸ ਵਿਚ ਰੱਖਿਆ ਗਿਆ ਹੈ। ਰਿਫਿਊਜ਼ੀ ਕੈਂਪ ਦਾ ਇੰਨਚਾਰਜ ਕਰਨਲ ਪਾਚਾ ਇਸ ਪਰਿਵਾਰ ਦੀ ਧੀ ਰੌਸ਼ਨਆਰਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ ਤੇ ਅਮਰੀਕਾ ਵਿਚ ਸਥਾਈ ਤੌਰ ਤੇ ਉਨ੍ਹਾਂ ਨੂੰ ਵਸਾਉਣ ਦਾ ਲਾਰਾ ਲਾ ਕੇ ਸਾਰੇ ਟੱਬਰ ਨੂੰ ਅਮਰੀਕਾ ਲੈ ਆਂਉਂਦਾ ਹੈ। ਉੱਥੇ ਆ ਕੇ ਉਹ ਗੈਰ ਕਾਨੂੰਨੀ ਧੰਦੇ ਕਰਦਾ ਹੈ ਤੇ ਗੱਲ ਗੱਲ ਤੇ ਪਰਿਵਾਰ ਨੂੰ ਬਲੈਕ ਮੇਲ ਕਰਦਾ ਹੈ। ਇਥੇ ਵੀ ਨਾਇਕਾ ਰੌਸ਼ਨਆਰਾ ਦਾ ਸਹਾਰਾ ਇਕ ਸਿੱਖ ਨੌਜਵਾਨ ਬਣਦਾ ਹੈ ਜੋ ਉਸ ਨੂੰ ਕਰਨਲ ਦੇ ਹੱਥੋਂ ਛੁਟਕਾਰਾ ਦਿਵਾਉਂਦਾ ਹੈ। ਨਾਇਕਾ ਰੌਸ਼ਨ ਆਰਾ ਉਸ ਵਿੱਚੋਂ ਆਪਣੇ ਪਿੰਡ ਵਿਚ ਦੰਗਿਆਂ ਦਾ ਸ਼ਿਕਾਰ ਹੋਏ ਸਿੱਖ ਹਾਣੀ ਚਾਨਣ ਦਾ ਝਲਕਾਰਾ ਦੇਖਦੀ ਹੈ। ਰੌਸ਼ਨਆਰਾ ਦੇ ਇਹ ਸ਼ਬਦ, “ਚਾਨਣ ਤੇਰੇ ਅੱਬਾ ਤਾਂ ਵਿਦੇਸ਼ੀ ਕਰੰਸੀ ਦੇ ਵਿਉਪਾਰ ਲਈ ਅਕਸਰ ਵਲੈਤਾਂ ਵਿਚ ਜਾਂਦੇ ਰਹਿੰਦੇ ਨੇ। ਤੂੰ ਮੈਨੂੰ ਕਿਸੇ ਦੂਸਰੇ ਮੁਲਕ ਨਸਾ ਕੇ ਕਿਉ ਨਹੀਂ ਲੈ ਜਾਂਦਾ। ਮੈਂ ਸੱਚ ਮੁੱਚ ਇਕ ਸਿੱਖਣੀ ਬਣ ਕੇ ਤੇਰੇ ਲੜ ਲੱਗਣਾ ਚਾਹੁੰਦੀ ਹਾਂ।’
ਇਉਂ ਜਾਪਦਾ ਹੈ ਕਿ ਰੋਸ਼ਨਆਰਾ ਦੇ ਦੁਆਰਾ ਕਹਾਣੀਕਾਰ ਸਿੱਖ ਧਰਮ ਦੀ ਉਸਤਤ ਕਰ ਰਿਹਾ ਹੈ। ਇਹ ਗੱਲ ਇਸੇ ਕਹਾਣੀ ਵਿਚ ਹੀ ਨਹੀਂ ਸਗੋਂ ਲੇਖਕ ਦੀਆਂ ਹੋਰ ਕਹਾਣੀਆਂ ਵਿਚ ਵੀ ਸਹਿਜੇ ਹੀ ਨਜ਼ਰ ਆ ਜਾਂਦੀ ਹੈ। ਜੋ ਗੱਲ ਕਹਾਣੀਕਾਰ ਦੀ ਪਰੇਸ਼ਾਨ ਕਰਦੀ ਹੈ ਉਹ ਇਹ ਹੈ ਕਿ ਕਹਾਣੀ ਵਿਚਲੀ ਹਰ ਨਾਇਕਾ ਪਹਿਲਾਂ ਨਾਇਕ ਨੂੰ ਆਪਣੇ ਜੀਵਨ ਸਾਥੀ ਦੇ ਰੂਪ ਵਿਚ ਚਿਤਵਦੀ ਹੈ ਤੇ ਫਿਰ ਉਸੇ ਨੂੰ ਵੀਰ ਜੀ ਨਾਂ ਨਾਲ ਸੰਬੋਧਨ ਕਰਦੀ ਹੈ। ਇਸ ਪਿੱਛੇ ਵੀ ਕਹਾਣੀਕਾਰ ਦੀ ਮਨਸ਼ਾ ਇਹੋ ਜਾਪਦੀ ਹੈ ਕਿ ਉਸ ਦੇ ਨਾਇਕ ਸਿੱਖ ਧਰਮ ਨਾਲ ਸੰਬੰਧਿਤ ਹਨ ਤੇ ਉਨ੍ਹਾਂ ਦੇ ਦਿਲੋ ਦਿਮਾਗ ਵਿਚ ਇਸ ਧਰਮ ਦੇ ਨੈਤਕਤਾਵਾਦੀ ਸਿਧਾਂਤ ਪੂਰੀ ਤਰ੍ਹਾਂ ਸਮਾਏ ਹੋਏ ਹਨ। ਕਹਾਣੀ ਵਿਚ ਕਈ ਗੁਰਬਾਣੀ ਦੀਆਂ ਤੁਕਾਂ ਦੀ ਵਰਤੋਂ ਵੀ ਇਹੋ ਸਿੱਧ ਕਰਦੀਆਂ ਹਨ। ਇਸੇ ਕਹਾਣੀ ਦੇ ਨਾਲ ਮਿਲਦੀ ਜੁਲਦੀ ਕਹਾਣੀ ‘ਸੁੱਚੇ ਰਿਸ਼ਤੇ’, ਸੰਯੋਗ ਵਿਯੋਗ, ਫਸਟ ਲਵ ਹਨ। ਇਕ ਕਮੀ ਹੋਰ ਜਿਹੜੀ ਕਹਾਣੀ ਵਿਚ ਅਖਰਦੀ ਹੈ ਉਹ ਇਹ ਹੈ ਕਿ ਕਹਾਣੀ ਵਿਚ ਨਾਇਕਾ ਦੀ ਉਮਰ ਵੱਡੀ ਤੇ ਨਾਇਕ ਦੀ ਉਮਰ ਛੋਟੀ ਦਾ ਵਾਕ ਵੀ ਕਈ ਵਾਰ ਵਰਤਿਆ ਗਿਆ ਹੈ। ਕਹਾਣੀ ਸੰਗ੍ਰਹਿ ਵਿਚਲੀਆਂ ਸਾਰੀਆਂ ਕਹਾਣੀਆਂ ਵਿਚ ਮੌਤ ਹੋਣ ਦੀ ਜੁਗਤ ਵੀ ਹਰ ਕਹਾਣੀ ਵਿਚ ਦਰਸਾਈ ਗਈ ਹੈ। ਇਹ ਜਾਂ ਤਾਂ ਪਾਠਕ ਦੇ ਮਨ ਵਿਚ ਕਹਾਣੀ ਪ੍ਰਤੀ ਭਾਵੁਕਤਾ ਤੇ ਹਮਦਰਦੀ ਭਰਨ ਲਈ ਹੈ ਤੇ ਜਾਂ ਫਿਰ ਕਹਾਣੀਕਾਰ ਕੋਲ ਹੋਰ ਕੋਈ ਜੁਗਤ ਹੈ ਨਹੀਂ।
‘ਰੂਹ ਦੇ ਮੇਲੇ’ ‘ਅੰਦਰਲੀ ਪੀੜ’ ਅਤੇ ‘ਚਾਂਦਨੀ’ ਇਸ ਕਹਾਣੀ ਸੰਗ੍ਰਹਿ ਦੀਆਂ ਮਹੱਤਵਪੂਰਨ ਕਹਾਣੀਆਂ ਹਨ। ਚਾਂਦਨੀ ਕਹਾਣੀ ਦੀ ਮੁੱਖ ਕੇਂਦਰ ਬਣੀ ਗਾਂ ਚਾਂਦਨੀ ਪ੍ਰਿਥੀਪਾਲ ਤੇ ਉਸਦੀ ਪਤਨੀ ਬਖਸ਼ੀਸ ਦਾ ਅਹਿਸਾਨ ਤਾਰਦੀ ਕਿਸੇ ਹੋਰ ਦੀ ਹੋਣਾ ਪ੍ਰਵਾਨ ਨਹੀਂ ਕਰਦੀ ਤੇ ਉਨ੍ਹਾਂ ਤੋਂ ਵਿਛੜਣ ਦੇ ਦੁੱਖ ਵਿਚ ਆਪਣੀ ਜਾਨ ਵੀ ਦੇ ਦਿੰਦੀ ਹੈ । ਸਚਮੁੱਚ ਬੇਜ਼ੁਬਾਨ ਜੀਵ, ਅਹਿਸਾਨ ਸ਼ਬਦ ਦਾ ਅਰਥ ਮਨੁੱਖ ਨਾਲੋਂ ਕਿਤੇ ਵਧੇਰੇ ਸਮਝਦੇ ਹਨ। ‘ਅੰਦਰਲੀ ਪੀੜ’ ਕਹਾਣੀ ਚਾਰ ਟੁਕੜਿਆਂ ਦੀ ਵਧੀਆ ਕਹਾਣੀ ਹੈ ਜੋ ਪਰਵਾਸੀ ਭਾਈਚਾਰੇ ਤੇ ਪਰਵਾਸ ਵਿਚ ਵਸਦੇ ਪਰਿਵਾਰਾਂ ਦੇ ਨਿਘਾਰ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਇਹ ਕਹਾਣੀ ਇਹ ਵੀ ਦਰਸਾਉਦੀ ਹੈ ਕਿ ਕਿਵੇਂ ਆਪਣੇ ਲੋਕ ਆਪਣੇ ਹੀ ਲੋਕਾਂ ਦਾ ਸ਼ੌਸ਼ਣ ਕਰਦੇ ਹਨ ਤੇ ਜਿਸ ਦੇਸ਼ ਵਿਚ ਰਹਿੰਦੇ ਹਨ ਉਸੇ ਦੇਸ਼ ਦੀ ਸਰਕਾਰ ਨੂੰ ਕਿਵੇਂ ਠੱਗਦੇ ਹਨ। ਝੂਠੇ ਕਲੇਮ ਕਰ ਕਰ ਕੇ ਇਸ ਤਰ੍ਹਾਂ ਇਹ ਪੁੱਠੇ ਸਿੱਧੇ ਕੰਮ ਕਰਕੇ ਆਪਣੀ ਕੌਮ ਨੂੰ ਬਦਨਾਮ ਕਰਦੇ ਹਨ। ‘ਰੂਹ ਦੇ ਮੇਲੇ’ ਕਹਾਣੀ ਵਿਚ ਅਬਿਨਾਸ਼ ਦੀ ਪਤਨੀ ਭਿੰਦਰ ਕਿਵੇਂ ਆਪਣੇ ਪਤੀ ਦੀ ਥਾਂ ਉਸ ਦੀ ਕਮਾਈ ਨੂੰ ਅਹਿਮੀਅਤ ਦਿੰਦੀ ਹੈ? ਪਦਾਰਥਕ ਸਹੂਲਤਾਂ ਮਨੁੱਖ ਨੂੰ ਇੰਨਾਂ ਸੁਆਰਥੀ ਬਣਾ ਦਿੰਦੀਆਂ ਹਨ ਕਿ ਉਸ ਲਈ ਸਭ ਕੁਝ ਪੈਸਾ ਹੀ ਹੋ ਨਿਬੜਦਾ ਹੈ। ਇਹੋ ਪੈਸਾ ਮਨੁੱਖ ਨੂੰ ਮੌਤ ਤੱਕ ਲੈ ਜਾਂਦਾ ਹੈ। ਕਹਾਣੀ ‘ਅੱਲਾ ਦੇ ਨਾਂਅ’ ਤੇ ਪੜ੍ਹ ਕੇ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਕੋਈ ਅਖਬਾਰੀ ਨਿਉਜ਼ ਹੋਵੇ। ਇਸ ਕਹਾਣੀ ਦੇ ਸਿਰਜੇ ਜਾਣ ਪਿਛੇ ਕਹਾਣੀਕਾਰ ਦਾ ਪੇਸ਼ਾ ਰੇਡੀਉ ਅਨਾਊਂਸਰ ਹੋਣਾ ਵੀ ਲੱਗਦਾ ਹੈ। ਕਹਾਣੀ ਸੰਗ੍ਰਹਿ ਵਿਚਲੀਆਂ ਸਾਰੀਆਂ ਕਹਾਣੀਆਂ ਵਿਚ ਕਹਾਣੀਕਾਰ ਨੇ ਚਿੱਠੀ ਦੀ ਜੁਗਤ ਦਾ ਵੀ ਸਹਾਰਾ ਲਿਆ ਹੈ।
ਅੰਤ ਅਸੀਂ ਕਹਿ ਸਕਦੇ ਹਾਂ ਕਿ ਗਿਆਨੀ ਕਰਨੈਲ ਸਿੰਘ ਨੂੰ ਕਹਾਣੀ ਦੀ ਵਿਧਾ ਦਾ ਤਾਂ ਪੂਰਾ ਗਿਆਨ ਹੈ ਪਰ ਕੁਝ ਇਕ ਕਮਜ਼ੋਰੀਆਂ ਕਾਰਣ ਕਹਾਣੀ ਜ਼ਿਆਦਾ ਡੂੰਘਾਈ ਵਿਚ ਨਹੀਂ ਜਾਂਦੀ। ਪਰਵਾਸੀ ਪੰਜਾਬੀ ਕਹਾਣੀ ਸਾਹਿਤ ਵਿਚ ਉਸ ਦਾ ਥਾਂ ਜਾਣਿਆਂ ਪਛਾਣਿਆ ਹੈ । ਇਸ ਕਹਾਣੀ ਸੰਗ੍ਰਹਿ ਨੇ ਪਰਵਾਸੀ ਸਾਹਿਤ ਵਿਚ ਇਕ ਹੋਰ ਕਹਾਣੀ ਸੰਗ੍ਰਹਿ ਦਾ ਵਾਧਾ ਕੀਤਾ ਹੈ।
******
(ਸੀ-122, ਯੁਨੀਵਰਸਿਟੀ ਕੈਂਪਸ, ਕੁਰੂਕਸ਼ੇਤਰ-136119, ਹਰਿਆਣਾ, ਇੰਡੀਆ)
(1 ਸਤੰਬਰ 2007) ਯੂਨੀਕੋਡਡਾ: ਰਜਨੀ ਰਾਣੀ ਦੀ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>
e-mail:
ਲਿਖਾਰੀ
© likhari: Punjabi Likhari Forum-2001-2007