ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

 

ਪਰਵਾਸੀ ਜੀਵਨ ਦਾ ਸੱਚ-ਸੰਘੇੜਾ ਦਾ ਕਹਾਣੀ ਸੰਗ੍ਰਿਹ

-ਡਾ. ਰਜਨੀ ਰਾਣੀ, (ਕੁਰੁਕਸ਼ੇਤਰ, ਹਰਿਆਣਾ)
 

ਬਲਵੀਰ ਕੌਰ ਸੰਘੇੜਾ ਪਰਵਾਸੀ ਸਾਹਿਤ ਵਿਚ ਇੱਕ ਵੱਖਰਾ ਨਾਮ ਸਥਾਪਿਤ ਕਰ ਚੁੱਕੀ ਹੈ। ਖੰਭੇ ਉਸ ਦੁਆਰਾ ਰਚਿਤ ਇੱਕ ਮਹੱਤਵਪੂਰਨ ਕਹਾਣੀ ਸੰਗ੍ਰਹਿ ਹੈ। ਇਸ ਤੋਂ ਇਲਾਵਾ ਆਪਣੇ ਹੀ ਓਹਲੇ, ਠੰਡੀ ਹਵਾ ਕਹਾਣੀ ਸੰਗ੍ਰਹਿ ਪਹਿਲਾਂ ਪ੍ਰਕਾਸਿ਼ਤ ਹੋ ਚੁੱਕੇ ਹਨ। ਖੰਭੇ ਕਹਾਣੀ ਸੰਗ੍ਰਹਿ ਵਿਚ ਕੁਲ 16 ਕਹਾਣੀਆਂ ਹਨ। ਇਸ ਕਹਾਣੀ ਸੰਗ੍ਰਹਿ ਨੂੰ ਪੜ੍ਹ ਕੇ ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾਂ ਸਕਦਾ ਹੈ ਕਿ ਉਹ ਨਾਰੀ ਚੇਤਨਾ ਦੀ ਧਾਰਨੀ ਹੈ। ਉਸ ਦੀਆਂ ਸਾਰੀਆਂ ਕਹਾਣੀਆਂ ਦਾ ਕੇਂਦਰ ਮੁੱਖ ਤੌਰ ’ਤੇ ਔਰਤ ਹੈ। ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਜੰਗ’ ਵਿਚ ਕੈਨੇਡੀਅਨ ਪੰਜਾਬੀ ਸਮੁਦਾਇ ਦੀਆਂ ਵਿਭਿੰਨ ਸਥਿਤੀਆਂ ਨੂੰ ਪੇਸ਼ ਕੀਤਾ ਗਿਆ ਹੈ। ਪਰਵਾਸੀ ਲੋਕ ਆਪਣੀ ਗ਼ੁਲਾਮ ਮਾਨਸਿਕਤਾ ਅਧੀਨ ਕਾਲ਼ੇ ਲੋਕਾਂ ਨੂੰ ਆਪਣੇ ਤੋਂ ਘਟੀਆਂ ਸਮਝਦੇ ਹਨ। ਜਿਵੇਂ ਇਕ ਪਾਸੇ ਪੰਜਾਬੀਆਂ ਨੂੰ ਗੋਰਿਆਂ ਦੀ ਨਸਲੀ ਨਫ਼ਰਤ ਦਾ ਸਿ਼ਕਾਰ ਹੋਣਾ ਪੈਦਾ ਹੈ, ਉਥੇ ਦੂਸਰੇ ਪਾਸੇ ਕਹਾਣੀ ਦੀ ਨਾਇਕਾ ਨਿੱਕੀ ਦੀ ਮਾਂ ਮਿੰਦਰ ਵੀ ਕਾਲਿਆਂ ਨਾਲ ਨਫ਼ਰਤ ਕਰਕੇ ਕਿਸੇ ਵੀ ਤਰੀਕੇ ਨਾਲ਼ ਨਸਲੀ ਵਿਤਕਰੇ ਦਾ ਘੱਟ ਪ੍ਰਦਰਸ਼ਨ ਨਹੀਂ ਕਰਦੀ। ਪਰ ਪਰਵਾਸ ਦੀ ਪੜ੍ਹੀ ਲਿਖੀ ਲਈ ਅਜਿਹੇ ਵਿਤਕਰੇ ਕੋਈ ਮਾਇਨੇ ਨਹੀਂ ਰੱਖਦੇ ਤਦ ਹੀ ਜਮੀਕਨ ਲੜਕੀ ਕੈਰਨ ਪੰਜਾਬੀ ਲੜਕੀ ਨਿੱਕੀ ਦੀ ਪੱਕੀ ਦੋਸਤ ਹੈ। ਜਦ ਕਿ ਆਪਣੇ ਹੀ ਲੋਕ ਆਪਣਿਆਂ ਦਾ ਸ਼ੋਸ਼ਣ ਕਰਦੇ ਹਨ। ਜਿਵੇਂ ਕਹਾਣੀ ਵਿਚ ਪੰਜਾਬੀ ਲੜਕਾ ਰਵੀ ਨਿੱਕੀ ਦਾ ਸ਼ੋਸ਼ਣ ਕਰਦਾ ਹੈ। ਪਰ ਬਲਤਕਾਰ ਦੀ ਸਿ਼ਕਾਰ ਹੋਈ ਨਿੱਕੀ ਦੀ ਮਦਦ ਉਸ ਦੀ ਸਹੇਲੀ ਕੈਰਨ ਹੀ ਕਰਦੀ ਹੈ। ਕੈਨੇਡਾ ਜਿਹੇ ਦੇਸ਼ ਵਿਚ ਵੀ ਪੰਜਾਬੀ ਪਰਵਾਸੀ ਇਨਸਾਫ਼ ਨੂੰ ਪੈਸਿਆਂ ਨਾਲ ਖਰੀਦਣ ਵਿਚ ਸਫ਼ਲ ਰਹਿੰਦੇ ਹਨ। ਜਿਵੇਂ ਕਹਾਣੀ ਦਾ ਨਾਇਕ ਰਵੀ ਨਿੱਕੀ ਦਾ ਬਲਾਤਕਾਰ ਕਰਨ ਪਿਛੋਂ ਵੀ ਬਰੀ ਹੋ ਜਾਂਦਾ ਹੈ। ਇਨ੍ਹਾਂ ਸਾਰੀਆਂ ਸੰਕਟਮਈ ਸਥਿਤੀਆਂ ਵਿਚੋਂ ਗੁਜ਼ਰਦੇ ਹੋਏ ਨਿੱਕੀ ਦਾ ਸ਼ੈਰਨ ਨਾਲ ਮਿਲ਼ ਕੇ ਔਰਤਾਂ ਦੇ ਹੱਕ ਵਿਚ ਦੁਨੀਆਂ ਨਾਲ ਜੰਗ ਕਰਨ ਲਈ ਤਿਆਰ ਹੋ ਜਾਣਾ ਨਾਰੀ ਚੇਤਨਾ ਦੀ ਭਾਵਨਾ ਨੂੰ ਹੀ ਉਜਾਗਰ ਕਰਦਾ ਹੈ। ਸ਼ੈਰਨ ਅਨੁਸਾਰ, “ਹਾਂ ਨਿੱਕੀ ਮੈਂ ਉਹ ਹਾਂ ਕੁੜੀ। ਇਹ ਇਕ ਜੰਗ ਹੈ, ਦੁਨੀਆਂ ਦੇ ਹਰ ਕੋਨੇ ਵਿਚ ਹਰ ਔਰਤ ਨੂੰ ਲੜਣੀ ਪੈਂਦੀ ਹੈ। ਮੰੇਰੇ ਨਾਲ ਤਾਂ ਮੇਰੀ ਮਾਂ ਸੀ ਤੇਰੇ ਨਾਲ ਮੈਂ ਹਾਂ ਤੇ ਕੱਲ ਨੂੰ ਤੂੰ ਵੀ ਕਿਸੇ ਹੋਰ ਨਾਲ ਹੋਵੇਂਗੀ। ਉਸ ਵੇਲੇ ਤਕ ਜਦ ਤਕ ਇਨਸਾਨ ਇਹ ਨਹੀਂ ਸਮਝਦਾ ਕਿ ਔਰਤ ਦੀ ਨਾਂਹ ਦਾ ਮਤਲਬ ਨਾਂਹ ਹੈ।” ਸ਼ੈਰਨ ਖੁਦ ਵੀ ਅਜਿਹੀ ਸਥਿਤੀ ਵਿਚੋਂ ਗੁਜ਼ਰੀ ਹੈ। ਇਸੇ ਲਈ ਉਹ ਨਿੱਕੀ ਨੂੰ ਵੀ ਇਹ ਜੰਗ ਲੜਨ ਲਈ ਤਿਆਰ ਕਰ ਰਹੀ ਹੈ। ਇਸ ਪ੍ਰਕਾਰ ਨਾਰੀ ਪ੍ਰਰੇਨਾ ਲਈ ਰਚੀ ਗਈ ਇਹ ਕਹਾਣੀ ਹਰ ਸਮਾਜ ਵਿਚ ਨਿੱਕੀ ਵਰਗੀਆਂ ਹੋਰ ਕਈ ਕੁੜੀਆਂ ਲਈ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ।

‘ਖੰਭੇ’ ਕਹਾਣੀ ਵਿਚ ਇਰਾਕ ਤੇ ਵੱਡੀਆਂ ਤਾਕਤਾਂ ਦੇ ਹਮਲੇ ਕਾਰਣ ਪੈਦਾ ਹੋਈ ਸਥਿਤੀ ਦਾ ਵਰਣਨ ਕਰਦੇ ਹੋਏ ਇਕ ਬਜ਼ੁਰਗ ਔਰਤ ਦੀ ਆਪਣੀ ਮਾਨਸਿਕਤਾ ਰਾਹੀਂ ਭਾਰਤੀ ਔਰਤ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਗਿਆ ਹੈ। ਪੂੰਜੀਵਾਦ ਸਮਾਜ ਵਿਚ ਇੱਕਲਤਾ, ਉਦਾਸੀ ਦੀਆਂ ਸਥਿਤੀਆਂ ਨੂੰ ਇਹ ਔਰਤ ਭੋਗਦੀ ਹੈ ਤੇ ਇਸ ਸਮਾਜ ਵਿਚ ਪਲੀ ਵੱਡੀ ਹੋਈ ਉਸ ਦੀ ਔਲਾਦ ਜਿੰ਼ਦਗੀ ਦੀਆਂ ਪੁਲਾਂਘਾਂ ਪੁੱਟਦੀ ਹੋਈ ਆਪਣੇ ਰਾਹਾਂ ਤੇ ਤੁਰ ਪਈ ਸੀ ਪਰ ਇਹ ਪਰਵਾਸੀ ਭਾਰਤੀ ਔਰਤ ਆਪਣੇ ਆਪ ਨੂੰ ਬੱਚਿਆਂ ਦੀ ਜਿੰ਼ਦਗੀ ਨਾਲ ਜੋੜ ਕੇ ਹੀ ਦੇਖਦੀ ਹੈ। ਬੱਚਿਆਂ ਅਨੁਸਾਰ ਭਾਰਤੀ ਮਾਪੇ ਆਪਣੀ ਜਿੰ਼ਦਗੀ ਖੁਦ ਨਹੀਂ ਜਿਉਂਦੇ ਸਗੋਂ ਆਪਣੀ ਜਿੰ਼ਦਗੀ ਬੱਚਿਆਂ ਰਾਹੀਂ ਜਿਉਣ ਦੀ ਕੋਸਿ਼ਸ਼ ਕਰਦੇ ਹਨ। ਪਰ ਜਦੋਂ ਇਥੋ ਦੀ ਜੰਮੀ ਪਲ਼ੀ ਪੀੜ੍ਹੀ ਮਾਪਿਆਂ ਦੇ ਦੇਸ਼ ਨੂੰ ਸਵੀਕਾਰ ਨਹੀਂ ਕਰਦੀ ਤਾਂ ਉਹ ਟੁੱਟ ਜਾਂਦੇ ਹਨ। ਇਸ ਦੇ ਨਾਲ ਹੀ ਪਰਵਾਸੀ ਪੰਜਾਬੀ ਸਮਾਜ ਵਿਚ ਬਜ਼ੁਰਗਾਂ ਦੀ ਅਣਗੋਲੀ ਸਥਿਤੀ ਦਾ ਸੰਕੇਤ ਬੇਬੇ ਰਤਨੀ ਦੇ ਦੁਆਰਾ ਕੀਤਾ ਗਿਆ ਹੈ। ਬੇਬੇ ਰਤਨੀ ਦੇ ਕੈਨੇਡਾ ਵਿਚ ਆਉਣ ਦੇ ਇਕ ਮਹੀਨੇ ਬਾਦ ਹੀ ਇਕ ਝੋਲਾ ਉਸ ਦੇ ਗਲ਼ ਵਿਚ ਪਾਕੇ ਕੇ ਕੰਮ ਤੇ ਤੋਰ ਦਿੱਤਾ ਗਿਆ, ਇਹ ਕਹਿ ਕੇ ਕਿ, ‘ਇੱਥੇ ਸਾਰੇ ਹੀ ਕੰਮ ਕਰਦੇ ਹਨ’।

ਇਸ ਤਰ੍ਹਾਂ ਇਹ ਕਹਾਣੀ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜੋ ਬੱਚਿਆਂ ਲਈ ਆਪਣੀ ਪੂਰੀ ਜਿ਼ੰਦਗੀ ਲੱਗਾ ਦਿੰਦੇ ਹਨ ਪਰ ਜਿੰ਼ਦਗੀ ਦੇ ਆਖਰੀ ਪੜਾਅ ਤੇ ਜਾ ਕੇ ਉਹ ਆਪਣੇ ਆਪ ਨੂੰ ਇੱਕਲੇ ਬੇਸਹਾਰਾ ਮਹਿਸੂਸ ਕਰਦੇ ਹਨ। ਸੜਕ ਤੇ ਲੱਗੇ ਉਨ੍ਹਾਂ ਖੰਭਿਆਂ ਵਾਂਗ ਜਿਹੜੇ ਲੋੜ ਵੇਲੇ ਰੌਸ਼ਨੀ ਦੇਣ ਤੋਂ ਬਾਦ ਐਵਂੇ ਵਾਧੂ ਚੀਜ਼ ਵਾਂਗ ਖੜੋਤੇ ਹਨ, ਅਣਗੌਲੇ ਜਿਹੇ। ਇਹ ਕਹਾਣੀ ਪਰਵਾਸੀ ਮਾਨਸਿਕਤਾ ਨਾਲ ਜੁੜੀ ਹੋਈ ਹੈ। ਕਹਾਣੀ ‘ਗਲ਼ਤ ਦਰਵਾਜ਼ਾ’ ਔਰਤ ਮਰਦ ਦੇ ਆਪਸੀ ਰਿਸ਼ਤੇ ਨੂੰ ਪੇਸ਼ ਕਰਦੀ ਹੈ। ਇਸ ਕਹਾਣੀ ਦੀ ਨਾਇਕਾ ਗੁਰਜੋਤ ਦੂਸਰੀ ਔਰਤ ਹੋਣ ਦਾ ਸੰਤਾਪ ਭੋਗਦੀ ਹੈ। ਜਦ ਕਿ ਮਰਦ ਜਸਦੀਪ ਇਸ ਵਿਚ ਬਰਾਬਰ ਦਾ ਸ਼ਰੀਕ ਹੋਣ ਤੇ ਵੀ ਸੰਤਾਪ ਦਾ ਭਾਗੀ ਨਹੀਂ ਬਣਦਾ। ਇਥੇ ਹੀ ਬਸ ਨਹੀਂ ਗੁਰਜੋਤ ਦਾ ਆਪਣਾ ਪਤੀ ਜਾਗੀਰਦਾਰੀ ਮਾਨਸਿਕਤਾ ਦਾ ਧਾਰਣੀ ਹੋਣ ਕਾਰਣ ਉਸ ਦੀ ਸੋਚ ਦਾ ਹਾਣੀ ਨਹੀਂ ਬਣ ਸਕਦਾ। ਇਨ੍ਹਾਂ ਹੀ ਸਥਿਤੀਆਂ ਵਿਚੋਂ ਨਿਕਲ਼ਦੀ ਹੋਈ ਉਹ ਪਤੀ ਦਾ ਘਰ ਤਿਆਗ ਦਿੰਦੀ ਹੈ। ਉਸ ਦੇ ਅਜਿਹੇ ਕਾਰਜ ਵਿਚੋਂ ਹੀ ਉਸਦੀ ਚੇਤਨਾ ਜਾਗ੍ਰਿਤ ਹੁੰਦੀ ਹੈ। ਘਰ ਦਾ ਤਿਆਗ ਕਰਕੇ ਅਤੇ ਪ੍ਰੇਮੀ ਤੋਂ ਤ੍ਰਿਸਕਾਰੀ ਜਾਣ ਤੋਂ ਬਾਦ ਉਹ ਕੰਮ ਕਰਦੀ ਆਪਣਾ ਜੀਵਨ ਜਿਉਂਦੀ ਹੈ ਤੇ ਫਿਰ ਇਸੇ ਸਥਿਤੀ ਵਿਚ ਪ੍ਰੇਮੀ ਅਤੇ ਉਸ ਦੀ ਪਤਨੀ ਦੇ ਮਿਲਣ ਤੇ ਵੀ ਉਹ ਆਪਣੇ ਇਰਾਦੇ ਦੀ ਪੱਕੀ ਰਹਿੰਦੀ ਹੈ। ਜਸਦੀਪ ਨੂੰ ਦਰਵਾਜ਼ੇ ਉੱਤੇ ਖੜ੍ਹੇ ਦੇਖ ਕੇ ਉਹ ਆਖਦੀ ਹੈ, “ਜੀ ਨਹੀਂ.....ਤੁਹਾਨੂੰ ਭੁਲੇਖਾ ਲੱਗ ਗਿਆ ਹੋਣੈ......ਕੋਈ ਗਲਤ ਦਰਵਾਜ਼ਾ ਖੜਕਾ ਦਿੱਤਾ ਤੁਸੀ।”......ਆਖ ਕੇ ਜੋਤੀ ਨੇ ਦਰਵਾਜ਼ਾ ਜ਼ੋਰ ਦੇਣੀ ਠਾਹ ਕਰਦਾ ਮਾਰਿਆ।

‘ਮੁਕਤੀ’ ਕਹਾਣੀ ਅਜਿਹੀ ਹੀ ਔਰਤ ਨੂੰ ਪੇਸ਼ ਕਰਦੀ ਹੈ ਜੋ ਔਲਾਦ ਦੀ ਖਾਤਿਰ ਜਿ਼ੰਦਗੀ ਜਿਉਂਦੀ ਹੈ ਪਰੰਤੂ ਔਲਾਦ ਜਦੋਂ ਆਪਣੇ ਰਸਤੇ ਆਪ ਭਾਲ ਲੈਂਦੀ ਹੈ ਤਾਂ ਉਹ ਇੱਕਲਤਾ ਦਾ ਅਹਿਸਾਸ ਹੰਢਾਉਂਦੀ ਹੈ। ਉਸ ਦਾ ਪੁੱਤਰ ਜਿਥੇ ਪਤਨੀ ਨਾਲ ਵੱਖ ਹੋ ਕੇ ਰਹਿਣ ਲੱਗਦਾ ਹੈ ਉਥੇ ਧੀ ਵੀ ਖੁੱਲ੍ਹ ਦੀ ਜਿੰ਼ਦਗੀ ਨੂੰ ਮਾਨਣਾ ਚਾਹੁੰਦੀ ਹੈ। ਕਹਾਣੀਕਾਰ ਇੱਥੇ ਧੀਆਂ ਪੁੱਤਰਾਂ ਵੱਲੋਂ ਕੀਤੀ ਜਾ ਰਹੀ ਮਨਮਾਨੀ ਬਾਰੇ ਇਸ ਤਰ੍ਹਾਂ ਵੀ ਸੰਕੇਤ ਕਰਦੀ ਹੈ ਕਿ ਮਾਂ ਬਾਪ ਦੋਸਤ ਦੀ ਤਰ੍ਹਾਂ ਹੋ ਸਕਦੇ ਹਨ ਪਰ ਬੱਚਿਆਂ ਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਮਾਂ ਤੇ ਬਾਪ ਪਹਿਲਾਂ ਮਾਂ-ਬਾਪ ਹਨ ਤੇ ਪਿੱਛੋ ਦੋਸਤ। ਇਹ ਵਿਚਾਰ ਪੰਜਾਬੀ/ਭਾਰਤੀ ਮਾਨਸਿਕਤਾ ਦੇ ਅਨੁਭਵ ਦੀ ਦੇਣ ਹਨ। ਇਹ ਇਕ ਲਕੀਰ ਹੈ ਜਿੱਥੇ ਅਤੇ ਜਦੋਂ, ਬੱਚੇ ਅਤੇ ਮਾਂ-ਬਾਪ ਦੇ ਵਿਚਕਾਰ ਦਾ ਫਾਸਲਾ ਇਕਮਿਕ ਹੋ ਜਾਂਦਾ ਹੈ ਤਾਂ ਬੱਚੇ ਮਾਂ-ਬਾਪ ਦੀ ਕਦਰ ਕਰਨਾ ਭੁੱਲ ਜਾਂਦੇ ਹਨ ਅਤੇ ਦੋਸਤ ਸਮਝ ਕੇ ਉਨ੍ਹਾਂ ਨੂੰ ਆਪਣੇ ਬਰਾਬਰ ਲੈ ਆਉਂਦੇ ਹਨ ਤੇ ਫੇਰ ਜਦੋਂ ਮਾਂ-ਬਾਪ ਨੂੰ ਆਪਣੀ ਥਾਂ ਦੀ ਸੁਰਤ ਆਉਂਦੀ ਹੈ ਤਾਂ ਉਸ ਵੇਲੇ ਬਹੁਤ ਨੁਕਸਾਨ ਹੋ ਚੁੱਕਾ ਹੁੰਦਾ ਹੈ। ਕਹਾਣੀ ਦੀ ਪਾਤਰ ਸੁਰਜੀਤ ਆਪਣੇ ਮਾਪਿਆਂ ਦੇ ਘਰ ਹੀਣ ਭਾਵਨਾ ਦੀ ਸਿ਼ਕਾਰ ਰਹੀ ਸੀ ਇਸੇ ਕਰਕੇ ਉਸ ਨੇ ਆਪਣੇ ਬੱਚਿਆਂ ਨੂੰ ਖੁੱਲ੍ਹ ਦਿੱਤੀ ਹੈ ਤੇ ਇਸੇ ਕਰਕੇ ਉਹ ਅੱਜ ਇੱਕਲਤਾ ਦਾ ਸਿ਼ਕਾਰ ਹੁੰਦੀ ਹੈ। ਇਕੱਲਤਾ ਦਾ ਅਹਿਸਾਸ ਹੋਣ ਤੇ ਉਹ ਜਿੰ਼ਦਗੀ ਦੇ ਅਰਥ ਲੱਭਣ ਦੀ ਕੋਸਿ਼ਸ਼ ਕਰਦੀ ਸੋਚਦੀ ਹੈ, “ਉਹ ਆਪਣੇ ਲਈ ਤਾਂ ਜੀਵੀ ਹੀ ਨਹੀਂ ਸੀ ਅਤੇ ਨਾ ਹੀ ਉਹ ਆਪਣੇ ਸਤਬੀਰ ਲਈ ਜੀਵੀ ਸੀ। ਉਹ ਜੀਵੀ ਸੀ ਤਾਂ ਘਰ ਲਈ, ਬੱਚਿਆਂ ਲਈ, ਸਮਾਜ ਲਈ, ਮਾਂ-ਬਾਪ ਲਈ। ਉਸ ਦਾ ਆਪਣਾ ਵਜੂਦ ਤਾਂ ਰਿਹਾ ਹੀ ਨਹੀਂ ਸੀ।” ਦੂਜੇ ਹੀ ਪਲ ਆਪਣੀ ਹੋਂਦ ਦਾ ਅਹਿਸਾਸ ਹੁੰਦਾ ਹੈ ਤੇ ਉਹ ਸੋਚਦੀ ਹੈ, “ਕਿਉਂ ਨਾ ਉਸ ਨੇ ਰਿਸ਼ਤਿਆਂ ਦੀ ਤੰਦ ਨੂੰ ਸਮਝਿਆ ਸੀ? ਕਿਉਂ ਉਹ ਸੁੱਖ ਦੁਨੀਆਂ ਦੇ ਹਰ ਦੂਜੇ ਇਨਸਾਨ ਤੋਂ ਭਾਲਦੀ ਰਹੀ ਸੀ? ਤੇ ਆਪਣੇ ਆਪ ਲਈ ਜੀਣਾ ਕਿਉਂ ਨਹੀੰ ਸੀ ਸਿੱਖੀ ਉਹ? ਇਵੇਂ ਕਹਾਣੀ ਦਾ ਇਕ ਦਮ ਇਸ ਪਾਸੇ ਵੱਲ ਮੁੜਨਾ ਇਹ ਦਰਸਾਉਂਦਾ ਹੈ ਕਿ ਬਲਬੀਰ ਕੌਰ ਸੰਘੇੜਾ ਨਾਰੀ ਚੇਤਨਾ ਦੇ ਸਿਧਾਤਾਂ ਦੀ ਧਾਰਨੀ ਹੈ। ਇਸੇ ਚੇਤਨਾ ਦੇ ਅਧੀਨ ਹਰ ਔਰਤ ਆਪਣੇ ਵਜੂਦ ਨੂੰ ਪਛਾਣਨ ਦਾ ਯਤਨ ਕਰ ਰਹੀ ਹੈ ਕਿਉਂਕਿ ਸਦੀਆਂ ਤੋਂ ਭਾਰਤੀ ਮਾਨਸਿਕਤਾ ਵਿਚ ਔਰਤਾਂ ਨੂੰ ਕੇਵਲ ਘਰਾਂ ਦੇ ਕੰਮ ਅਤੇ ਬੱਚਿਆਂ ਦੀਆਂ ਜਿੰ਼ਮੇਵਾਰੀਆਂ ਨਾਲ ਲੱਦ ਦਿੱਤਾ ਜਾਂਦਾ ਹੈ। ਉਸ ਨੂੰ ਆਪਣੇ ਆਪ ਬਾਰੇ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਉਹ ਆਪਣੀ ਕੋਈ ਪਹਿਚਾਣ ਬਣਾ ਸਕਣ ਯੋਗ ਹੁੰਦੀ ਹੈ। ਪਰ ਅੰਤ ਵਿਚ ਨਾਇਕਾ ਸਾਰੇ ਫਰਜ਼ਾਂ ਦੇ ਭਾਰ ਤੋਂ ਮੁਕਤ ਹੋ ਜਾਂਦੀ ਹੈ। ਕਹਾਣੀ ਦਾ ਨਾਂ ‘ਮੁਕਤੀ’ ਇਸੇ ਆਧਾਰ ਤੇ ਰੱਖਿਆ ਗਿਆ ਹੈ। ਇਵੇਂ ਕਹਾਣੀਕਾਰਾ ਨੇ ਔਰਤ ਦੇ ਅਸਤਿਤਵੀ ਸੰਕਟ ਨੂੰ ਬਹੁ ਕੋਣਾਂ ਤੋਂ ਫੋਕਸ ਕਰਕੇ ਆਪਣੀ ਸਮਰੱਥਾ ਦਾ ਅਹਿਸਾਸ ਬੜੀ ਸਿ਼ੱਦਤ ਨਾਲ ਕਰਾਇਆ ਹੈ।

‘ਰਿਸ਼ਤੇ’ ਕਹਾਣੀ ਵਿਚਲੀ ਸਥਿਤੀ ਔਰਤ ਨਾਲ ਹੀ ਨਹੀਂ ਬਲਕਿ ਮਰਦ ਨਾਲ ਸੰਬੰਧਿਤ ਹੈ। ਪਾਤਰ ਗੁਰਮੇਲ ਦੀ ਪਤਨੀ ਆਪਣੇ ਆਪ ਨੂੰ ਆਧੁਨਿਕ ਔਰਤ ਕਹਾਉਂਦੀ ਹੈ। ਉਹ ਪਤੀ ਗੁਰਮੇਲ ਦੀ ਸਾਰੀ ਸੰਪੱਤੀ ਉੱਤੇ ਕਬਜ਼ਾ ਕਰ ਕੇ ਬੈਠ ਜਾਂਦੀ ਹੈ। ਗੁਰਮੇਲ ਸਿੰਘ ਚਾਹੁੰਦਿਆਂ ਹੋਇਆਂ ਵੀ ਆਪਣੀ ਹੋਂਦ ਦਾ ਅਹਿਸਾਸ ਆਪਣੀ ਪਤਨੀ ਨੂੰ ਨਹੀਂ ਕਰਵਾ ਸਕਦਾ। ਗੁਰਮੀਤ ਕੌਰ ਨੇ ਵੀ ਕਦੇ ਉਸਦੇ ਅੰਦਰਲੇ ਮਨੁੱਖ ਨੂੰ ਜਾਣਿਆ ਨਹੀਂ। ਉਸ ਦੀਆਂ ਰੀਝਾਂ ਬਾਰੇ ਕਦੇ ਧਿਆਨ ਹੀ ਨਹੀਂ ਦਿੱਤਾ। ਘੱਟ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਉਹ ਗੋਰਿਆਂ ਦੀ ਕਾਰਬਨ ਕਾਪੀ ਬਣ ਗਈ ਸੀ। ਇੰਡੀਆ ਤੋਂ ਅਮਰੀਕਾ ਤੇ ਅਮਰੀਕਾ ਤੋਂ ਕੈਨੇਡਾ ਪਹੁੰਚਦਿਆਂ ਤੱਕ ਗੁਰਮੇਲ ਸਿੰਘ ਬਿਲਕੁਲ ਕੰਗਾਲ ਹੋ ਜਾਂਦਾ ਹੈ ਕਿਉਂਕਿ ਉਸ ਦੇ ਪੈਸਿਆਂ ਨਾਲ ਗੁਰਮੀਤ ਕੌਰ ਇਕ ਵੱਡਾ ਮਕਾਨ ਖਰੀਦ ਚੁੱਕੀ ਸੀ। ਇਥੇ ਹੀ ਗੁਰਮੇਲ ਸਿੰਘ ਆਪਣੀ ਜਿ਼ੰਦਗੀ ਜਿਉਣ ਲਈ ਤੇ ਹੱਕਾਂ ਦੀ ਪ੍ਰਾਪਤੀ ਲਈ ਸੁਚੇਤ ਹੁੰਦਾ ਹੈ। ਪਰ ਇਸ ਦੇ ਨਾਲ ਹੀ ਉਹ ਆਪਣੀ ਭਾਰਤੀ ਮਾਨਸਿਕਤਾ ਨੂੰ ਤਿਆਗਦਾ ਨਹੀਂ। ਪਤਨੀ ਦੇ ਬੀਮਾਰ ਹੋਣ ਤੋਂ ਠੀਕ ਹੋਣ ਤੱਕ ਪੂਰੀ ਸੇਵਾ ਕਰਦਾ ਹੈ। ਗੁਰਮੀਤ ਕੌਰ ਦੇ ਠੀਕ ਹੋਣ ਤੋਂ ਬਾਦ ਉਹ ਮੁੜ ਉਸ ਘਰ ਨੂੰ ਤਿਆਗ ਦਿੰਦਾ ਹੈ। ਇਵੇਂ ਕਹਾਣੀ ਵਿਚਲੀਆਂ ਦੋਵੇਂ ਔਰਤਾਂ ਗੁਰਮੀਤ ਕੌਰ ਤੇ ਗੁਰਮੇਲ ਸਿੰਘ ਦੀ ਮਾਂ ਦੋਵੇਂ ਹੀ ਉਸ ਦਾ ਸ਼ੋਸ਼ਣ ਕਰਦੀਆਂ ਹਨ। ਗੁਰਮੇਲ ਸਿੰਘ ਦੀ ਮਾਂ ਬੁਢਾਪੇ ਵਿੱਚ ਸੇਵਾ ਲਈ ਚੁੱਪ ਵੱਟ ਜਾਂਦੀ ਹੈ ਤੇ ਹਮੇਸ਼ਾ ਆਪਣੀ ਨੂੰਹ ਦਾ ਪੱਖ ਪੂਰਦੀ ਹੈ। ਉਹ ਭੁੱਲ ਜਾਂਦੀ ਹੈ ਕਿ ਪੁੱਤ ਦੇ ਘਰ ਰਹਿ ਕੇ ਪੁੱਤਾਂ ਦੀ ਕਮਾਈ ਬਿਨਾ ਸੇਵਾ ਨਹੀਂ ਹੁੰਦੀ। ਇਥੇ ਮਸਲਾ ਪਰਵਾਸੀ ਹੋਣ ਦਾ ਨਹੀਂ ਬਲਕਿ ਅਮੀਰ ਧਿਰ ਦਾ ਹੈ। ਗੁਰਮੀਤ ਕੌਰ ਭਾਰਤ ਵਿਚ ਰਹਿੰਦਿਆਂ ਵੀ ਇਕ ਵੱਡੇ ਘਰ ਦੀ ਕੁੜੀ ਸੀ। ਦੂਜਾ ਗੁਰਮੇਲ ਸਿੰਘ ਦੀ ਮਾਂ ਨੇ ਉਸ ਨੂੰ ਸਿੱਧੜ ਸਿੱਧੜ ਆਖ ਕੇ ਹੀ ਦਬਾ ਦਿੱਤਾ। ਇਸ ਲਈ ਗੁਰਮੀਤ ਕੌਰ ਨੂੰ ਉਹ ਇਕ ਵਾਧੂ ਕਾਮੇ ਵਾਂਗ ਹੀ ਜਾਪਣਾ ਸੀ ਤੇ ਫਿਰ ਕੈਨੇਡਾ ਜਿਹੇ ਦੇਸ਼ ਵਿਚ ਆ ਕੇ ਉਹ ਇਕ ਖਾਨਾ ਬਦੋਸ਼ ਜਿਹੇ ਬੰਦੇ ਵਾਂਗ ਹੋ ਗਈ ਸੀ। ਇਸ ਤਰ੍ਹਾਂ ਕਹਾਣੀ ਵਿਚਲੀਆਂ ਦੋਹੇ ਔਰਤਾਂ ਵਿਚੋਂ ਮਾਂ ਆਪਣੀ ਸੇਵਾ ਲਈ ਪੁੱਤ ਨੂੰ ਲਾਂਭੇ ਕਰ ਦਿੰਦੀ ਹੈ ਤੇ ਪਤਨੀ ਪੈਸੇ ਲਈ ਪਤੀ ਨੂ।ੰ ਇਵੇਂ ਦੋਵਂੇ ਹੀ ਔਰਤਾਂ ਸੌਦੇਬਾਜ਼ ਹਨ। ਅਸਲ ਵਿਚ ਇਹੋ ਜਿਹਾ ਸੁਆਰਥ ਹੀ ਰਿਸ਼ਤਿਆਂ ਵਿਚ ਤਰੇੜ ਦਾ ਮੁੱਖ ਕਾਰਨ ਹੈ।

‘ਮੈ ਵਿਕਾਊ ਨਹੀਂ ਹਾਂ’ ਕਹਾਣੀ ਵਿਚ ਕਹਾਣੀਕਾਰਾ ਨੇ ਕੈਨੇਡੀਅਨ ਜੀਵਨ ਵਿਚ ਹੁੰਦੀ ਔਰਤ ਦੀ ਖਰੀਦ ਵੇਚ ਦੀ ਸਮੱਸਿਆ ਨੂੰ ਆਧਾਰ ਬਣਾਇਆ ਹੈ। ਰੀਟਾ ਨੂੰ ਆਪਣੇ ਪਤੀ ਦੇ ਘਰ ਵਿਚ ਆਪਣਾ ਆਪ ਰੇਗਿਸਤਾਨ ਦੇ ਬਰੇਤੇ ਵਰਗਾ ਲੱਗਦਾ ਸੀ। ਪਰ ਸਟੀਵ ਜਦੋਂ ਉਸ ਨੂੰ ਮਿਲਿਆ ਸੀ ਤਾਂ ਉਸਨੇ ਹੀ ਉਸ ਨੂੰ ਜਿੰ਼ਦਗੀ ਦਾ ਅਹਿਸਾਸ ਕਰਵਾਇਆ। ਆਪਣੇ ਪਤੀ ਲਈ ਉਹ ਸਿਰਫ਼ ਬੀਵੀ ਸੀ। ਜੋ ਕੰਮ ਕਰਦੀ, ਬੱਚੇ ਸਾਂਭਦੀ ਤੇ ਲੋੜ ਪੈਣ ਤੇ ਪਤੀ ਨਾਲ ਜਿਸਮੀ ਸਾਂਝ ਹੰਢਾਉਂਦੀ। ਪਰ ਸਟੀਵ ਨਾਂ ਦਾ ਪਾਤਰ ਉਸ ਨੂੰ ਝੂਠੇ ਸ਼ਬਜ਼ਬਾਗ ਦਿਖਾ ਕੇ ਉਸ ਨੂੰ ਅਗਾਂਹ ਵੇਚਣ ਦੀ ਸੋਚਦਾ ਹੈ ਤਾਂ ਰੀਟਾ ਅੰਦਰਲੀ ਔਰਤ ਜਾਗਦੀ ਹੈ। ਉਸ ਨੂੰ ਆਪਣਾ ਘਰ ਗੁਆ ਲੈਣ ਤੋਂ ਬਾਦ ਅਨੁਭਵ ਹੁੰਦਾ ਹੈ ਘਰ ਕੀ ਚੀਜ਼ ਹੈ? ਹੌਲੀ ਹੋਲੀ ਸਟੀਵ ਦਾ ਅਸਲੀ ਚਿਹਰਾ ਉਸ ਦੇ ਸਾਹਮਣੇ ਆਉਂਦਾ ਹੈ। ਜਦੋਂ ਰੀਟਾ ਸਟੀਵ ਦੀ ਅਸਲੀਅਤ ਜਾਣਦੀ ਹੈ ਤਾਂ ਉਹ ਉਸ ਦੀ ਕੈਦ ਤੋਂ ਮੁਕਤ ਹੋਣਾ ਚਾਹੁੰਦੀ ਹੈ। ਜਦੋਂ ਉਹ ਕਮਰੇ ਤੋਂ ਬਾਹਰ ਨਿਕਲਣ ਲੱਗਦੀ ਹੈ ਤਾਂ ਸਟੀਵ ਉਸ ਨੂੰ ਆਖਦਾ ਹੈ, “ਡਾਰਲਿੰਗ! ਜੇਬ ਖਰਚ ਤਾਂ ਲੈ ਜਾ। ਤੇਰੇ ਕੋਲ ਤਾਂ ਕੁਝ ਵੀ ਨਹੀਂ।”....... ਪਰੰਤੂ ਪੈਸੇ ਲੈਣ ਦੀ ਥਾਂ ਉਹ ਗਰਜਦੀ ਹੈ, “ਸਟੀਵ! ਇਹੋ ਚੰਦ ਸਿੱਕਿਆਂ ਦੀ ਤੇਰੀ ਬਿਜ਼ਨੈਸ ਹੈ? ਮੈਂ ਥੁੱਕਦੀ ਨਹੀਂ ਇਹਨਾਂ ‘ਤੇ...। ਪੈਰੋਂ ਉੱਖੜੀ ਹਾਂ, ਕੋਈ ਨਹੀੰ ਸੰਭਲ ਜਾਵਾਂਗੀ...ਪਰ ਮੈਂ ਵਿਕਾਊ ਨਹੀਂ ਹਾਂ।”... ਜਦੋਂ ਉਹ ਬਾਹਰ ਆਉਂਦੀ ਹੈ ਤਾਂ ਰਾਬਰਟ ਉਸ ਨੂੰ ਘਰ ਲੈ ਕੇ ਜਾਣ ਲਈ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਕਹਾਣੀਕਾਰ ਕਹਾਣੀ ਦਾ ਅੰਤ ਇਸ ਤਰ੍ਹਾਂ ਦਰਸਾ ਕੇ ਇਹ ਪੇਸ਼ ਕਰਨਾ ਚਾਹੁੰਦੀ ਹੈ ਕਿ ਜਦੋਂ ਭਲੇ ਘਰਾਂ ਦੀਆਂ ਕੁੜੀਆਂ ਭਟਕ ਜਾਂਦੀਆਂ ਹਨ ਤਾਂ ਉਹ ਸਟੀਵ ਜਿਹੇ ਲੋਕਾਂ ਦੇ ਹੱਥੀਂ ਚੜ੍ਹ ਜਾਂਦੀਆਂ ਹਨ । ਇਸ ਰਾਹ ਤੇ ਆ ਕੇ ਜਾਂ ਤਾਂ ਉਹ ਗਲਤ ਰਸਤਾ ਅਖਤਿਆਰ ਕਰ ਲੈਂਦੀਆਂ ਹਨ ਜਾਂ ਫਿਰ ਸੰਭਲ ਜਾਂਦੀਆਂ ਹਨ। ਅਗਰ ਸਮਾਜ ਵਿਚ ਹਰ ਮਨੁੱਖ ਆਪਣੇ ਰਿਸ਼ਤੇ ਨੂੰ ਅਹਿਮੀਅਤ ਦੇਵੇ ਤਾਂ ਅਜਿਹੀਆਂ ਘਟਨਾਵਾਂ ਵਾਪਰਨੀਆਂ ਬੰਦ ਨਹੀਂ ਹੁੰਦੀਆਂ ਤਾਂ ਘੱਟੋਂ-ਘੱਟ ਘਟ ਜ਼ਰੂਰ ਜਾਣਗੀਆਂ ਕਿਉਂ ਕਿ ਬਾਹਰੀ ਮਨੁੱਖ ਦੀ ਪ੍ਰਵਿਰਤੀ ਕਦੋਂ ਪਸ਼ੂ ਜਿਹੀ ਹੋ ਜਾਵੇ ਇਸ ਦਾ ਅਨੁਮਾਨ ਲਗਾਉਣਾ ਮੁਸਕਿਲ ਹੈ।

‘ਅੱਗ’ ਕਹਾਣੀ ਵੀ ਅਜਿਹੀ ਹੀ ਕਹਾਣੀ ਹੈ ਜਿਸ ਦਾ ਨਾਇਕ ਡਰੱਗ ਸਪਲਾਈ ਦਾ ਅਤੇ ਬੱਚਿਆਂ ਨੂੰ ਵਰਗਲਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਸੀ। ਪਰ ਇਹ ਨਾਇਕ ਨਾ ਕੇਵਲ ਦੂਸਰੇ ਮੁਲਕ ਵਿਚ ਜਾ ਕੇ ਉਥੇ ਦੀਆਂ ਕੁੜੀਆਂ ਨਾਲ ਅਜਿਹਾ ਕਰਦਾ ਹੈ ਬਲਕਿ ਆਪਣੀ ਸਕੀ ਧੀ ਨਾਲ ਵੀ ਇਹੋ ਕੁਝ ਕਰਦਾ ਹੈ। ਇਸ ਪਾਤਰ ਦੀਆਂ ਅਜਿਹੀਆਂ ਹਰਕਤਾਂ ਸਮਾਜ ਲਈ ਚਿੰਤਾ ਜਨਕ ਹਨ। ਛੋਟੀ ਬੱਚੀ ਬਾਪ ਤੇ ਰੱਬ ਜਿਹਾ ਭਰੋਸਾ ਕਰਦੀ ਹੈ। ਇੰਨੇ ਵੱਡੇ ਵਿਸ਼ਵਾਸਘਾਤ ਤੋਂ ਬਾਦ ਉਸਦਾ ਕਿਸੇ ਤੇ ਵੀ ਹੁਣ ਭਰੋਸਾ ਨਹੀਂ ਰਿਹਾ। ਸੱਚ ਵਿਚ ਅਜਿਹੀਆਂ ਘਟਨਾਵਾਂ ਦੇ ਵਾਪਰਨ ਤੋਂ ਬਾਦ ਕਿਸੇ ਤੇ ਵੀ ਵਿਸ਼ਵਾਸ ਕਰ ਸਕਣਾ ਵਰਤਮਾਨ ਸਥਿਤੀ ਵਿਚ ਅਸੰਭਵ ਹੀ ਪ੍ਰਤੀਤ ਹੁੰਦਾ ਹੈ। ਦੂਜਾ ਭਾਰਤੀ ਅਨਪੜ੍ਹ ਲੋਕ ਬਿਨਾਂ ਸੋਚੇ ਸਮਝੇ ਰਿਸ਼ਤੇ ਤੈਅ ਕਰਨ, ਇਹ ਤਾਂ ਸਮਝ ਆਉਂਦਾ ਹੈ ਪਰ ਪੜ੍ਹ ਲਿਖ ਕੇ ਰਿਸ਼ਤਿਆਂ ਦੇ ਅੰਦਰ ਸੌਦੇਬਾਜ਼ੀ ਕਰਕੇ ਆਪਣੀ ਔਲਾਦ ਦੀ ਕੁਰਬਾਨੀ ਬਿਨਾਂ ਪੁੱਛ-ਪੜਤਾਲ ਕੀਤੇ ਦੇ ਦੇਣ ਤੇ ਕਿਸੇ ਅਣਜਾਣ ਨਾਲ ਉਸਦਾ ਰਿਸ਼ਤਾ ਤੈਅ ਕਰ ਦੇਣ ਵੱਖਰੀ ਸਥਿਤੀ ਪੈਦਾ ਕਰਦਾ ਹੈ।

‘ਬੰਦ ਕਮਰਾ’ ਅਜਿਹੇ ਨਾਇਕ ਗੁਰਦਿਆਲ ਸਿੰਘ ਦੀ ਕਹਾਣੀ ਹੈ ਜੋ ਅੱਧਖੜ ਉਮਰ ਵਿਚ ਪਹੁੰਚ ਕੇ ਸੋਚਦਾ ਹੈ ਕਿ ਜਿੰ਼ਦਗੀ ਖਾਣ-ਪੀਣ, ਬੈਠਣ-ਉੱਠਣ ਜਾਂ ਕੰਮ ਕਰਨ ਤੋਂ ਬਿਨਾਂ....ਅਹਿਸਾਸ ਵਿਚ ਪੀਚੇ ਜਾਣ ਦਾ ਨਾਂ ਵੀ ਹੈ। ਉਹ ਤਾਂ ਹਮੇਸ਼ਾ ਹੀ ਇਹ ਸੋਚਦਾ ਰਿਹਾ ਕਿ ਕੰਮ ਕਰਨਾ ਆਦਮੀ ਦਾ ਧਰਮ ਹੈ ਤੇ ਮਰਦ ਨੂੰ ਖੁਸ਼ ਰੱਖਣਾ ਔਰਤ ਦਾ ਧਰਮ ਹੈ। ਅਹਿਸਾਸ ਵਿਚ ਪੀਚੇ ਜਾਣਾ ਕੀ ਚੀਜ਼ ਹੁੰਦੀ ਏ? ਉਹ ਜਾਣਦਾ ਹੀ ਨਹੀਂ ਸੀ। ਪਰ ਅੱਜ ਜਦੋਂ ਵਕਤ ਭੁਰ-ਭੁਰ ਕਿਰ ਕਿਰ ਗਿਆ ਤਦ ਉਸ ਨੂੰ ਅਹਿਸਾਸ ਹੋਇਆ। ਦੂਜੇ ਪਾਸੇ ਜੀਤ ਜਿਸ ਦਾ ਸੁਪਨਾ ਕੇਵਲ ਉਸਦਾ ਘਰ, ਉਸ ਦੇ ਬੱਚੇ ਤੇ ਉਸ ਦਾ ਪਤੀ.....ਤੇ ਬਸ ਦੁਨੀਆਂ ਦੀ ਹਰ ਸੈ਼ਅ ਇਨ੍ਹਾਂ ਨਾਵਾਂ ਵਿਚ ਆਕੇ ਲਿਪਟੀ ਪਈ ਸੀ ਪਰ ਕੈਨੇਡਾ ਜਿਹੇ ਮੁਲਕ ਵਿਚ ਆਕੇ ਉਸ ਨੁੂੰ ਪਤਾ ਲੱਗਾ ਕਿ ਜਿ਼ੰਦਗੀ, ਜਿਉਣ ਲਈ ਹੁੰਦੀ ਏ। ਹਰ ਇਨਸਾਨ ਦਾ ਹੱਕ ਹੈ ਉਹ ਜਿ਼ੰਦਗੀ ਨੂੰ ਮਾਣ ਸਕੇ। ਪਰ ਹੁਣ ਉਹ ਮਸ਼ੀਨ ਵਾਂਗ ਕੰਮ ਕਰਨਾ ਤੇ ਸੰਗ ਮਾਨਣਾ ਨਹੀਂ ਸੀ ਚਾਹੁੰਦੀ। ਹੁਣ ਪਤੀ ਪਤਨੀ ਵਿਚ ਦੂਰੀ ਇੰਨੀ ਵੱਧ ਗਈ ਸੀ ਕਿ ਗੁਰਦਿਆਲ ਹੁਣ ਜਦੋਂ ਜੀਤੀ ਵੱਲ ਮੁੜਨਾ ਚਾਹੁੰਦਾ ਸੀ ਪਰ ਜੀਤੀ ਦਾ ਦਿਲ ਗੁਰਦਿਆਲ ਤੋਂ ਦੂਰ ਹੋ ਚੁੱਕਾ ਸੀ। ਦਿਲ ਬੜੀ ਨਾਜ਼ੁਕ ਸ਼ੈਅ ਹੁੰਦੀ ਹੈ। ਇਸ ਨੂੰ ਇੰਨਾ ਨਾ ਤੋੜੋ ਕਿ ਕਦੀ ਜੁੜ ਹੀ ਨਾ ਸਕੇ। ਇਹ ਇਕ ਐਸੀ ਖਤਰਨਾਕ ਸ਼ੈਅ ਵੀ ਏ, ਮਹੁੱਬਤ ਕਰੇਗਾ ਤਾਂ ਜੱਗੋਂ ਬਾਹਰੀ ਪਰ ਜੇ ਕਰ ਕਦੀ ਧੋਖਾ ਖਾ ਜਾਵੇ ਤਾਂ ਨਫ਼ਰਤ ਕਰੇਗਾ ਤਾਂ ਦੁਨੀਆਂ ਦੀ ਕੋਈ ਤਾਕਤ ਇਸਨੂੰ ਪਿਘਲਾ ਨਹੀਂ ਸਕਦੀ। ਕਹਾਣੀਕਾਰ ਦਾ ਇਹ ਕਥਨ ਭਾਵੇਂ ਕਿਸੇ ਕਵਿਤਾ ਵਾਂਗ ਜਾਪਦਾ ਹੈ ਪਰ ਇਸ ਵਿਚ ਬਹੁਤ ਵੱਡੇ ਅਰਥ ਛੁਪੇ ਹਨ। ਕਹਾਣੀਕਾਰ ਦਾ ਇਹੋ ਬਿਆਨੀਆਂ ਢੰਗ ਹੋਰ ਵੀ ਕਈ ਕਹਾਣੀਆਂ ਵਿਚ ਵੇਖਣ ਨੂੰ ਮਿਲਦਾ ਹੈ। ਜੋ ਪਾਠਕਾਂ ਦੇ ਮਨ ਨੂੰ ਟੁੰਬਦਾ ਹੈ। ਇਸ ਤਰ੍ਹਾਂ ਅਗਰ ਪਤਨੀ ਨੂੰ ਉਸ ਦਾ ਦਰਜਾ ਨਾ ਦਿੱਤਾ ਜਾਵੇ ਤਾਂ ਉਸ ਦਾ ਅਹਿਸਾਸ ਮਰ ਜਾਂਦਾ ਹੈ ਕਿਉਂਕਿ ਪੂਰੀ ਉਮਰ ਨਿਕਲ ਜਾਣ ਤੋਂ ਬਾਦ ਸੁਪਨੇ ਨਹੀਂ ਜਾਗਦੇ। ਜੇ ਸੁਪਨੇ ਜਗ ਵੀ ਪੈਣ ਤਾਂ ਅਤੀਤ ਦੇ ਪਰਛਾਂਵਿਆਂ ਓਹਲੇ ਦਮ ਘੁੱਟ ਕੇ ਮਰ ਜਾਂਦੇ ਹਨ। ਉਨ੍ਹਾਂ ਨੂੰ ਜਗਾਉਣ ਲਈ ਇਕ ਜਿ਼ੰਦਗੀ ਨਹੀਂ.....ਕਈ ਜਿੰ਼ਦਗੀਆਂ ਜਿਉਣ ਦੀ ਲੋੜ ਪੈਂਦੀ ਹੈ।” ਕਹਾਣੀਕਾਰ ਦੀਆਂ ਇਹ ਸਤਰਾਂ ਪਤੀ ਪਤਨੀ ਦੇ ਰਿਸ਼ਤੇ ਵਿਚ ਬਹੁਤ ਅਹਿਮੀਅਤ ਰੱਖਦੀਆਂ ਹਨ। ਇਹ ਹਰ ਪੀੜ੍ਹੀ ਲਈ ਸਮਝਣ ਦੀ ਜ਼ਰੂਰਤ ਹੈ। ਫਿਰ ਜਦੋਂ ਇਸ ਦੇ ਅਰਥ ਸਮਝ ਆ ਗਏ ਤਾਂ ਕਿਸੇ ਨੂੰ ਵੀ ਬੰਦ ਕਮਰੇ ਵਿਚ ਕੈਦ ਰਹਿਣਾ ਨਹੀਂ ਪਵੇਗਾ।
‘ਤੂਂੰ ਮੇਰੀ ਸਜਾ ....ਮੈਂ ਤੇਰੀ ਸਜਾ’ ਕਹਾਣੀ ਵਿਚ ਮਾਂ ਧੀ ਦੇ ਅੰਤਰ ਦਵੰਦਾਂ ਨੂੰ ਪੇਸ਼ ਕੀਤਾ ਗਿਆ ਹੈ। ਇਹ ਕਹਾਣੀ ਇਕ ਬਾਲ ਮਨੋਵਿਗਿਆਨਕ ਕਹਾਣੀ ਹੈ। ਰੇਸ਼ਮਾ ਆਪਣੀ ਮਾਂ ਦੀ ਤੀਜੀ ਧੀ ਸੀ ਜਿਹੜੀ ਨਾ ਬੋਲ ਸਕਦੀ ਸੀ ਤੇ ਨਾ ਹੀ ਸੁਣ ਸਕਦੀ ਸੀ। ਮਾਂ ਤੇ ਬਾਪ ਨੂੰ ਉਸ ਨਾਲ ਨਫ਼ਰਤ ਸੀ। ਉਹ ਦੋਨੋਂ ਹੀ ਉਸ ਨੂੰ ਕਿਸੇ ਜਨਮ ਦਾ ਮਿਲਿਆ ਸ਼ਰਾਪ ਸਮਝਦੇ ਸਨ । ਪਰ ਇਹ ਯਥਾਰਥ ਨਹੀਂ ਹੈ ਕਿਉਂਕਿ ਕੋਈ ਵੀ ਮਾਂ ਲਈ ਉਸ ਦੀ ਕੁੱਖੋਂ ਪੈਦਾ ਹੋਇਆ ਬੱਚਾ ਬੁਰਾ ਨਹੀਂ ਲੱਗਦਾ। ਅਸਲ ਵਿਚ ਇਸ ਸਮਾਜ ਵਿਚ ਜਦ ਸਹੀ ਤੇ ਪੜ੍ਹੀਆਂ ਲਿਖੀਆਂ ਕੁੜੀਆਂ ਦੀ ਹੀ ਕੋਈ ਕੀਮਤ ਨਹੀੰਂ ਤਦ ਅਜਿਹੇ ਬੱਚੇ ਦਾ ਅੱਗੇ ਭਵਿੱਖ ਕੀ ਹੋਵੇਗਾ? ਇਸੇ ਲਈ ਉਹ ਪਹਿਲਾਂ ਰੱਬ ਅੱਗੇ ਦੁਆ ਕਰਦੀ ਹੈ ਕਿ ਇਸ ਧੀ ਨੂੰ ਰੱਬ ਚੁੱਕ ਲਵੇ ਤਾਂ ਚੰਗਾ ਹੈ। ਕੌਣ ਵਰੇਗਾ ਇਸ ਨੂੰ? ਕਿਸ ਦੀਆਂ ਮਿਨਤਾਂ ਤਰਲੇ ਕਰਾਂਗੇ ਅਸੀ? ਰੇਸ਼ਮਾ ਵੱਲੋਂ ਲਿਖੀਆਂ ਗਈਆਂ ਇਹ ਸਤਰਾਂ, “ਮੈਂ ਤੇ ਮੇਰੀ ‘ਉਹ’ ਬੰਦ ਹਾਂ ਸੋਚ ਦੇ ਦਾਇਰੇ ਅੰਦਰ ‘ਉਹ’ ਮੇਰੀ ਸਜ਼ਾ ਏ ਤੇ ਮੈਂ ਉਸਦੀ ਸਜ਼ਾ ਹਾਂ।’ ਇਹ ਤੱਥ ਉਜਾਗਰ ਕਰਦੀਆਂ ਹਨ ਕਿ ਰੇਸ਼ਮਾ ਜੋ ਨਾ ਸੁਣ ਸਕਦੀ ਹੈ ਤੇ ਨਾ ਬੋਲ ਸਕਦੀ ਹੈ। ਕਵਿਤਾ ਰਾਹੀਂ ਇਹ ਬਿਆਨ ਕਰਦੀ ਹੈ ਕਿ ਅਗਰ ਉਹ ਆਪਣੀ ਮਾਂ ਲਈ ਇਕ ਸਜ਼ਾ ਹੈ ਤਾਂ ਉਸ ਦੀ ਮਾਂ ਵੱਲੋਂ ਦੁਖੀ ਹੋਕੇ ਕੀਤੇ ਗਏ ਸਲੂਕ ਉਸ ਲਈ ਸਜ਼ਾ ਹਨ। ਇਸ ਤੱਥ ਦਾ ਪਰਮਾਣ ਕਹਾਣੀ ਦੇ ਸ਼ੁਰੂ ਵਿਚ ਸੁਰਜੀਤ ਦੇ ਰੋਣ ਤੋਂ ਲੱਗਦਾ ਹੈ ਜਦੋਂ ਉਹ ਆਪਣੀ ਧੀ ਨੂੰ ਡੀਟੈਨਸ਼ਨ ਸੈਂਟਰ ਭੇਜ ਰਹੀ ਹੁੰਦੀ ਹੈ। ਧੀ ਨੂੰ ਵੀ ਮਾਂ ਦਾ ਰੋਣਾ ਅਜੀਬ ਲੱਗਦਾ ਹੈ ਕਿ ਮਾਂ ਉਸ ਨਾਲ ਅਜਿਹਾ ਵਰਤਾਉ ਕਰਦੀ ਹੈ ਤਾਂ ਕਿਉਂ? ਹੁਣ ਰੋ ਰਹੀ ਹੈ ਤਾਂ ਕਿਉਂ? ਇਸ ਪ੍ਰਕਾਰ ਇਸ ਕਹਾਣੀ ਨਾਲ ਬਾਲ ਮਨ ਅਤੇ ਇਕ ਮਾਂ ਦੇ ਮਨ ਦੀਆਂ ਗੁੰਝਲਾਂ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ।

‘ਜੁਰਮ’ ਕਹਾਣੀ ਇਕ ਅਜਿਹੀ ਔਰਤ ਦੇ ਦੁੱਖ ਨੂੰ ਬਿਆਨ ਕਰਦੀ ਹੈ ਜਿਸ ਦੇ ਲਈ ਮੁਹੱਬਤ ਜੁਰਮ ਬਣ ਗਈ ਸੀ। ਭਾਵੇਂ ਉਸ ਨੇ ਇਸ ਮੁਹੱਬਤ ਨਾਲ ਇਨਸਾਫ਼ ਕਰਦਿਆਂ ਆਪਣੀ ਪੂਰੀ ਜਿ਼ੰਦਗੀ ਗਾਲ ਲਈ ਸੀ ਪਰ ਫਿਰ ਵੀ ਨਾਇਕਾ ਆਪਣੇ ਆਪ ਨੂੰ ਕਸੂਰਵਾਰ ਮੰਨਦੀ ਹੈ ਕਿਉਂਕਿ ਉਸ ਨੇ ਕਿਸੇ ਹੋਰ ਦੇ ਹੱਕ ਤੇ ਹਮਲਾ ਕਰ ਲਿਆ ਸੀ। ਇਸ ਲਈ ਇਸ ਤੋਂ ਵੱਡਾ ਹੋਰ ਕੀ ਜੁਰਮ ਹੋ ਸਕਦਾ ਸੀ। ਸੁਖਦੇਵ ਜਿਸ ਲਈ ਉਸ ਨੇ ਦੁਨੀਆਂ ਦੀ ਹਰ ਚੀਜ਼ ਕੁਰਬਾਨ ਕਰ ਦਿੱਤੀ ਸੀ, ਉਹ ਸੁਖਦੇਵ ਜੋ ਪਹਿਲਾ ਤੋਂ ਹੀ ਵਿਆਹਾ ਹੋਇਆ ਸੀ । ਉਹ ਆਖਦਾ, “ਮੇਰਾ ਕੋਈ ਵਿਆਹ ਥੋੜ੍ਹੈ, ਜਦੋਂ ਰੂਹ ਦਾ ਹਾਣ ਹੀ ਨਹੀਂ। ਓੂਂ ਵੀ ਅਪਾਹਜ ਹੈ ਉਹ, ਚਾਰ ਦਿਨ ਵਿਆਹ ਤੋਂ ਬਾਦ ਮੰਜੇ ‘ਤੇ ਪੈ ਗਈ ਸੀ। ਰੂਹ ਦਾ ਮੇਲ ਹੋਵੇ ਤਾਂ ਗੱਲ ਐ.....ਤੇ ਹੁਣ ਮੇਰੀ ਜ਼ਮੀਰ ਨਹੀਂ ਮੰਨਦੀ ਉਸਦੇ ਸਾਥ ਲਈ। ਮੈਨੂੰ ਤਾਂ ਰੱਖਣਾ ਪੈ ਰਿਹਾ ਹੈ, ਹੋਰ ਸਾਰੇ ਹੀ ਲੋਕਾਂ ਦਾ ਖਿਆਲ। ਮੇਰੇ ਮਾਂ-ਬਾਪ ਵੀ ਤਾਂ ਹਨ। ਬੱਚੇ ਵੀ ਤਾਂ ਹਨ। ਕੀ ਕਰਾਂ? ਦੋ ਪਲ ਤੇਰੇ ਸਾਥ ਦੇ ਹੀ ਤਾਂ ਜੀਵਨ ਹੈ।” ਪਰ ਨਾਇਕਾ ਦਾ ਬਾਪ ਹਮੇਸ਼ਾ ਸਮਝਾਉਂਦਾ, “ਬੇਟੇ, ਜੀਵਨ ਨੂੰ ਮਾਣ ਨਾਲ ਮਾਣ ਕੇ ਹੀ ਧਰਮ ਹੈ। ਇਸ ਤਰ੍ਹਾਂ ਦੇ ਸਾਥ ਅਧੂਰੇ ਸਾਥ ਹੋਇਆ ਕਰਦੇ ਹਨ। ਬੱਚੀਏ! ਇਹ ਮਹੁੱਬਤ ਨਹੀਂ ਹੈ ਸਮਾਜ ਦੀਆਂ ਨਜ਼ਰਾਂ ਵਿਚ ਇਹ ਇਕ ਗੁਨਾਹ ਹੈ ਅਤੇ ਗੁਨਾਹ ਵਿਚ ਜੀਣਾ ਸੌਖਾ ਨਹੀਂ ਹੁੰਦਾ।” ਪਰ ਅੱਜ ਦੇ ਸੁਖਦੇਵ ਦੇ ਐਕਸੀਡੈਂਟ ਤੋਂ ਬਾਦ ਉਸ ਦੇ ਮਰਨ ਦੀ ਖਬਰ ਉਸ ਦੇ ਕੋਲ ਨਹੀਂ ਬਲਕਿ ਉਸ ਦੀ ਅਪਾਹਜ ਪਤਨੀ ਕੋਲ ਪਹੁੰਚੀ । ਦੂਜੇ ਪਾਸੇ ਨਾਇਕਾ ਦੀ ਸਹੇਲੀ ਟੈਰੀ ਜੋ ਉਸ ਨੂੰ ਜਿ਼ੰਦਗੀ ਵੱਲ ਪ੍ਰੇਰਦੀ ਹੈ, “ਤੁਸੀਂ ਇੰਡੀਅਨ ਲੋਕੀਂ ਮੂਰਖ ਹੋ....ਸਾਂਝ ਪਾਈ....ਅਤੇ ਅਖੀਰ ਦੇ ਸਾਹਾਂ ਤਕ ਰੋਂਦੇ ਰਹੇ.....। ਮੇਰੇ ਵਲ ਵੇਖ ...ਹਰ ਦਿਨ ਜਿਵੇਂ ਲਿਬਾਸ ਬਦਲਦੀ ਹਾਂ, ਬਸ ਉਸੇ ਤਰ੍ਹਾਂ ਪਿਆਰ।” ਪਰ ਨਾਇਕਾ ਨੂੰ ਟੈਰੀ ਦੀਆਂ ਗੱਲਾਂ ਬੁਰੀਆਂ ਲੱਗਦੀਆਂ ਸੱਚ ਹੈ ਦੁਨੀਆਂ ‘ਚ ਸਾਧਨਾਂ ਦੀ ਕਦੀ ਕੋਈ ਕੀਮਤ ਪਈ ਏ? ਜਦੋਂ ਇਨਸਾਨ ਤਪੱਸਿਆ ਦੀ ਹੱਦ ਟੱਪ....ਨੰਗੇ ਸੱਚ ਬੋਲਣ ਤੇ ਉੱਤਰ ਆਉਂਦਾ ਹੈ ਤਾਂ ਲੋਕ ਉਸ ਤੋਂ ਅਕਸਰ ਦੂਰ ਰਹਿਣ ਲੱਗ ਪੈਂਦੇ ਹਨ। ਉਹ ਸੱਚ ਬੋਲ ਸਕਣ ਦੀ ਹੀ ਤਾਂ ਹਿੰਮਤ ਨਹੀਂ ਸੀ ਰੱਖਦੀ। ਪਰ ਅਸਲ ਵਿਚ ਸੱਚ ਤਾਂ ਇਹ ਹੀ ਸੀ ਕਿ ਸੁਖਦੇਵ ਹਮੇਸ਼ਾਂ ਉਸ ਨੂੰ ਭਰਮਾਉਂਦਾ ਰਹਿੰਦਾ ਤੇ ਉਹ ਅੱਖਾਂ ਬੰਦ ਕਰਕੇ ਉਸ ਤੇ ਵਿਸ਼ਵਾਸ ਕਰਦੀ । ਪਰ ਅੱਜ ਉਸ ਨੂੰ ਪਾਦਰੀ ਦੀ ਤੇ ਆਪਣੇ ਬਾਪ ਦੀ ਆਖੀ ਗੱਲ ਸੱਚੀ ਲੱਗਦੀ “ਜਿ਼ੰਦਗੀ ਸੱਚ ਦੀ ਆੜ ‘ਚ ਜੀਣਾ ਸਿੱਖੋ ਪੁੱਤਰ।” ਇਸ ਤਰ੍ਹਾਂ ਇਹ ਕਹਾਣੀ ਮਾਨਵੀ ਜੀਵਨ ਦੀਆਂ ਗੁੰਝਲਾਂ ਨੂੰ ਪੇਸ਼ ਕਰਦੀ ਹੋਈ ਆਸ਼ਾਵਾਦ ਨਾਲ ਜਾ ਜੁੜਦੀ ਹੈ।

‘ਸ਼ਮੀਮ’ ਕਹਾਣੀ ਇਕ ਅਜਿਹੀ ਔਰਤ ਦੀ ਦਾਸਤਾਂ ਨੂੰ ਪੇਸ਼ ਕਰਦੀ ਹੈ ਜਿਸ ਨੂੰ ਪਰਵਾਸੀ ਜਸਵੰਤ ਵਿਆਹ ਕੇ ਇਕ ਪਲ ਵਿਚ ਹੀ ਅਮਰੀਕਨ ਬਣਾ ਦਿੰਦਾ ਹੈ। ਕੇਵਲ ਆਪਣੇ ਮਾਂ-ਬਾਪ ਨੂੰ ਖੁਸ਼ ਕਰਨ ਵਾਸਤੇ। ਤੇ ਦੂਜੇ ਹੀ ਪਲ ਵਿਚ ਇਹ ਨਾਇਕਾ ਸ਼ਾਨੋ ਫਕੀਰਨ ਬਣ ਜਾਂਦੀ ਹੈ ਤੇ ਜਸਵੰਤ ਮੁੜ ਆਪਣੀ ਦੋਸਤ ਗੋਰੀ ਜੈਨਟ ਕੋਲ ਚਲਾ ਜਾਂਦਾ ਹੈ। ਹੁਣ ਸ਼ਾਨੋ ਘਰ ਵਿਚ ਇਕ ਵਾਧੂ ਜੀਅ ਜਿਹਾ ਬਣ ਕੇ ਰਹਿ ਜਾਂਦੀ ਹੈ ਜਿਸ ਤੇ ਘਰ ਦੇ ਹਰ ਮਰਦ ਦੀ ਨਿਗਾਹ ਟਿਕੀ ਹੁੰਦੀ ਹੈ। ਘੱਟ ਪੜ੍ਹੇ ਹੋਣ ਕਰਕੇ ਉਸ ਨੂੰ ਘਰ ਦੇ ਹੋਰ ਮੈਬਰਾਂ ਤੇ ਨਿਰਭਰ ਰਹਿਣਾ ਪੈਦਾ ਹੈ। ਕੁਝ ਸਮਾਂ ਬੀਤ ਜਾਣ ਬਾਦ ਉਸਦੇ ਜਿਸਮ ਦੇ ਧੁਰ ਅੰਦਰ ਚੀਰਦੀਆਂ ਲੰਘਦੀਆਂ ਨਜ਼ਰਾਂ ਵਾਲਿਆਂ ਨੇ ਸੱਚ ਹੀ ਉਸ ਤੇ ਕਹਿਰ ਵਰਤਾਇਆ। ਹੁਣ ਉਸ ਨੁੰ ਸਮਝ ਨਹੀਂ ਸੀ ਆ ਰਹੀ ਕਿ ਕਿਸ ਦੀ ਉਹ ਬੀਵੀ ਸੀ?.....ਅਤੇ ਕਿਸਦੇ ਵਰਤੇ ਜਾਣ ਵਾਲੀ ਵਸਤੂ ਸੀ? ਡਾਕਟਰ ਹਫੀਜ਼ ਨੂੰ ਮਿਲਣ ਤੋਂ ਬਾਦ ਉਸ ਦੇ ਜੀਵਨ ਵਿਚ ਤਬਦੀਲੀ ਵਾਪਰਦੀ ਹੈ। ਇਹੋ ਤਬਦੀਲੀ ਉਸ ਨੂੰ ਸੁਘੜ ਕੁੜੀ ਤੋਂ ਇਕ ਹਠ ਵਾਲੀ ਔਰਤ ਬਣਾ ਦਿੰਦੀ ਹੈ। ਉਹ ਔਰਤ ਜੋ ਅੱਗ ਵਿਚੋਂ ਜਨਮੀ ਸੀ, ਜੋ ਆਪਣੇ ਲਈ ਜੀਣਾ ਚਾਹੁੰਦੀ ਸੀ ਅਤੇ ਆਪਣੇ ਲਈ ਮਰਨਾ ਚਾਹੰਦੀ ਸੀ। ਇਸ ਪ੍ਰਕਾਰ ਉਹ ਸ਼ਾਨੋ ਤੋਂ ਸ਼ਮੀਮ ਬਣ ਗਈ ਤੇ ਚੁੰਨੀ ਦੀ ਬੁਕਲ ਵੀ ਪੁੱਠੀ ਮਾਰਦੀ ਹੈ। ਪਰ ਉਸ ਨੂੰ ਆਪਣੇ ਪੁਰਾਣੇ ਨਾਮ ਪ੍ਰਤੀ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਇਹ ਡਰ ਕੇਵਲ ਉਸ ਦੇ ਮਨ ਦਾ ਡਰ ਸੀ। ਆਪਣੇ ਪਿੰਡ ਅਤੇ ਆਪਣੀ ਬੋਲੀ ਦੇ ਪਹਿਚਾਣੇ ਜਾਣ ਦਾ ਡਰ, ਜਿਸ ਨੂੰ ਉਹ ਆਪਣੇ ਪਹਿਰਾਵੇ ਵਾਂਗ ਨਹੀਂ ਸੀ ਬਦਲ ਸਕੀ।

‘ਗਿਰਝਾ’ ਕਹਾਣੀ ਮੁਸਲਿਮ ਪਰਿਵਾਰਾਂ ਵਿਚ ਸਦੀਆਂ ਤੋਂ ਔਰਤ ਨਾਲ ਵਾਪਰ ਰਹੇ ਦੁੱਖ ਦੀ ਕਹਾਣੀ ਹੈ । ਇਹ ਉਹ ਦੁੱਖ ਹੈ ਜਿਥੇ ਔਰਤ ਨੂੰ ਇਕ ਸਰਾਪ ਮੰਨਿਆ ਗਿਆ ਹੈ। ਕਹਾਣੀ ਦਾ ਨਾਇਕ ਅਸਲਮ ਜਦੋਂ ਨਰਗਿਸ ਤੋਂ ਬਾਦ ਸਲਮਾ ਨਾਲ ਦੂਸਰਾ ਨਿਕਾਹ ਕਰਾਉਂਦਾ ਹੈ ਤਾਂ ਸਲਮਾ ਨੂੰ ਆਪਣੀ ਸਥਿਤੀ ਆਪਣੀ ਵੱਡੀ ਅੰਮਾ ਵਰਗੀ ਜਾਪਦੀ ਹੈ, ਇਕ ਫਾਲਤੂ ਔਰਤ। ਮੁਸਲਿਮ ਪਰਿਵਾਰਾਂ ਵਿਚ ਚਲ ਰਹੀ ਬਹੁ ਵਿਆਹ ਦੀ ਪ੍ਰਥਾ ਦਾ ਜਿ਼ਕਰ ਕਹਾਣੀਕਾਰਾ ਨੇ ਇਸ ਕਹਾਣੀ ਵਿਚ ਕੀਤਾ ਹੈ।

‘ਮੌਤ ਤੋਂ ਪਹਿਲਾ’ ਅਜਿਹੀ ਕਹਾਣੀ ਹੈ ਜਿਸ ਦੀ ਨਾਇਕਾ ਉਪਰ ਆਪਣੇ ਪਿਉ ਦਾ ਅਸਰ ਸੀ। ਉਹ ਵੀ ਆਪਣੇ ਪਿਉ ਵਾਂਗ ਅਨੇਕਾਂ ਮਰਦਾਂ ਨਾਲ ਸੰਬੰਧ ਬਣਾਉਂਦੀ ਹੈ। ਪਰ ਦੂਜੇ ਪਾਸੇ ਉਸ ਦਾ ਪਤੀ ਰਮੂ ਜਿਸ ਦੀ ਜਿ਼ੰਦਗੀ ਵਿਚ ਸ਼ਾਮਲੀ ਤੋਂ ਬਿਨਾਂ ਕੋਈ ਔਰਤ ਆਈ ਹੀ ਨਹੀਂ ਸੀ। ਬੇਸ਼ੱਕ ਉਸ ਨੂੰ ਸ਼ਾਮਲੀ ਦੇ ਬਾਰੇ ਸਭ ਕੁਝ ਪਤਾ ਸੀ ਫਿਰ ਵੀ ਉਹ ਉਸ ਨੂੰ ਸਮਝਾਉਂਦਾ ਤੇ ਸ਼ਾਮਲੀ ਦੇ ਬੀਮਾਰ ਹੋਣ ਤੇ ਉਸ ਦੀ ਸੇਵਾ ਕਰਦਾ ਹੈ। ਪਰ ਜਿੰ਼ਦਗੀ ਦੇ ਆਖਿਰੀ ਦਿਨਾਂ ਵਿਚ ਸ਼ਾਮਲੀ ਹਸਪਤਾਲ ਵਿਚ ਮੌਤ ਨਾਲ ਲੜ ਰਹੀ ਹੈ ਤਦ ਉਹ ਚਾਹੁੰਦੀ ਹੈ ਕਿ ਰਮੂ ਦੂਸਰੇ ਮਰੀਜ ਨਾਲ ਬੈਠੀ ਜੀਤੀ ਵੱਲ ਨਜ਼ਰ ਉੱਠਾ ਕੇ ਵੀ ਨਾ ਦੇਖੇ। ਜਦੋਂ ਜੀਤੀ ਆਪਣੇ ਮਰੀਜ਼ ਨੂੰ ਲੈਕੇ ਇੰਟੈਂਸਿਵ ਕੇਅਰ ਰੂਮ ਵਿਚ ਚਲੀ ਜਾਂਦੀ ਹੈ। ਉਸ ਵਕਤ ਸ਼ਾਮਲੀ ਆਪਣੇ ਪ੍ਰਾਣ ਤਿਆਗਦੀ ਹੈ। ਇਸ ਤਰ੍ਹਾਂ ਇਸ ਕਹਾਣੀ ਵਿਚ ਕਹਾਣੀਕਾਰਾ ਇਹ ਦਰਸਾਉਂਦੀ ਹੈ ਕਿ ਜਿਸ ਤਰ੍ਹਾਂ ਹਰ ਮਰਦ ਔਰਤ ਤੇ ਆਪਣਾ ਅਧਿਕਾਰ ਰੱਖਣਾ ਚਾਹੁੰਦਾ ਹੈ ਉਧਰ ਦੂਜੇ ਪਾਸੇ ਕੁਝ ਔਰਤਾਂ ਵੀ ਅਜਿਹੀਆਂ ਹਨ ਜੋ ਮਰਦ ਤੇ ਆਪਣਾ ਅਧਿਕਾਰ ਜਮਾ ਕੇ ਰੱਖਣਾ ਚਾਹੁੰਦੀਆਂ ਹਨ। ਇਸ ਤਰ੍ਹਾਂ ਸੰਘੇੜਾ ਦੀ ਇਹ ਕਹਾਣੀ ਮਾਨਵੀ ਸੰਵੇਦਨਾ ਨਾਲ ਜੁੜੀ ਹੋਈ ਹੈ।

‘ਨਰਵਸ ਬਰੇਕ ਡਾਊਨ’ ਕਹਾਣੀ ਪਤੀ ਪਤਨੀ ਦੇ ਰਿਸ਼ਤੇ ਵਿਚ ਆਈ ਦਰਾਰ ਦੀ ਕਹਾਣੀ ਹੈ। ਕਹਾਣੀ ਦੀ ਨਾਇਕਾ ਦੀਪੀ ਪੱਛਮੀ ਦੇਸ਼ ਦੀ ਪੜ੍ਹੀ ਲਿਖੀ ਇੰਡੀਅਨ ਕੁੜੀ ਹੈ। ਜਿਸ ਦਾ ਵਿਆਹ ਉਸ ਦਾ ਪਿਓ ਇੰਡੀਆ ਤੋਂ ਬਲਜੀਤ ਨਾਂ ਦੇ ਮੁੰਡੇ ਨਾਲ ਕਰ ਦਿੰਦਾ ਹੈ। ਇੰਗਲੈਂਡ ਵਿਚ ਜੰਮ ਪਲ ਕੇ ਵੀ ਦੀਪੀ ਨੇ ਆਪਣੇ ਪਿਉ ਦੇ ਸਾਹਮਣੇ ਕੋਈ ਸਵਾਲ ਨਹੀਂ ਸੀ ਕੀਤਾ ਕਿ, ਮੇਰਾ ਵਰ ਕਿੱਥੋਂ ਅਤੇ ਕੌਣ ਏ? ਭਾਵੇਂ ਉਸ ਦੀਆਂ ਸਹੇਲੀਆਂ ਉਸ ਨੂੰ ਝੱਲੀ ਸਮਝਦੀਆਂ ਸਨ। ਪਰ ਬਲਜੀਤ ਨੇ ਵਿਆਹ ਤੋਂ ਕੁਝ ਦਿਨ ਬਾਦ ਹੀ ਆਪਣੇ ਰੰਗ ਵਿਖਾਉਣੇ ਸੁਰੂ ਕਰ ਦਿੱਤੇ। ਸ਼ੁਰੂ ਵਿਚ ਦੀਪੀ ਨੂੰ ਜਾਪਿਆ, ਵਿਆਹ, ਇਕ ਸਾਧਨਾ ਹੈ...ਘੋਰ ਤਪੱਸਿਆ ਹੈ...। ਇਹ ਸ਼ਾਇਦ ਕੋਈ ਮੇਰਾ ਇਮਤਿਹਾਨ ਹੀ ਹੋਵੇਗਾ। ਪਰ ਦੋ ਸਰੀਰਾਂ ਦੇ ਵਿਸ਼ਵਾਸ ਦੀ ਡੋਰ ਇੰਨੀ ਕੱਚੀ? ਉਹ ਨਹੀਂ ਸੀ ਜਾਣ ਸਕੀ। ਵਲੈਤ ਵਿਚ ਪਲ ਕੇ ਵੀ ਉਸਨੇ ਇਹ ਸਿਖਿਆ ਹੋਇਆ ਸੀ ਕਿ ਵਿਆਹੁਤਾ ਜੀਵਨ ਚਲਾਉਣ ਲਈ ਤੁਹਾਨੂੰ ਆਪ ਮਿਹਨਤ ਕਰਨੀ ਪੈਂਦੀ ਏ। ਇਹ ਗੱਲ ਉਸ ਨੇ ਮੈਰਿਜ ਕਾਉਂਸਲਰ ਨੂੰ ਟੀ.ਵੀ. ਤੇ ਕਹਿੰਦੇ ਸੁਣਿਆ ਸੀ। ਇਸੇ ਲਈ ਉਹ ਬਲਜੀਤ ਦੇ ਮਨ ਵਿਚ ਆਪਣੇ ਲਈ ਥਾਂ ਬਣਾਉਣ ਦਾ ਯਤਨ ਕਰ ਰਹੀ ਸੀ। ਬਲਜੀਤ ਦੀ ਦੋਸਤ ਉਰਮਿਲ ਨੂੰ ਉਸਦਾ ਪਤੀ ਉਸਦੀ ਮਾਂ ਦੇ ਦਰ ਤੇ ਲਿਆ ਕੇ ਬਿਠਾ ਦਿੰਦਾ ਹੈ ਕਿਉਂਕਿ ਉਰਮਿਲ ਦੀ ਸਾਰੀ ਰਾਤ ਕਲਬਾਂ ਵਿਚ ਵੀ ਗੁਜ਼ਰਦੀ ਸੀ। ਜਦੋਂ ਉਸ ਦਾ ਆਦਮੀ ਉਸ ਨੂੰ ਕੁਝ ਪੁੱਛਦਾ ਤਾਂ ਉਹ ਆਖਦੀ, “......ਅਫਰੀਕਾ ਚ ਜੰਮੀ ਪਲੀ ਹਾਂ। ਤੁਸੀਂ ਇੰਗਲੈਂਡ ਦੇ ਲੋਕ ਬੜੇ ਹੀ ਨੈਰੋਮਾਈਂਡਡ ਹੋ। ਇਸ ਵਿਚ ਬੁਰਾ ਹੀ ਕੀ ਏ...ਬਸ ਕੁਝ ਘੜੀਆਂ...ਕੁਝ ਪਲ, ਹਾਸੇ-ਖੇਲ੍ਹੇ ਚ ਗੁਜ਼ਰ ਜਾਂਦੇ ਹਨ.....ਤੇ ਤੁਸੀਂ ਲੋਕ ਨਿਰੀ ਬੋਰੀਅਤ ਤੋਂ ਸਿਵਾ ਹੋਰ ਚੀਜ਼ ਕੀ ਹੋ? ਉਸ ਦਾ ਪਤੀ ਨਿਤ ਇਹ ਸੁਣਨ ਦਾ ਆਦੀ ਨਹੀਂ ਸੀ ਤੇ ਨਾ ਹੀ ਉਮਰ ਭਰ ਬੋਰੀਅਤ ਦਾ ਚੋਲਾ ਪਾਉਣਾ ਚਾਹੁੰਦਾ ਸੀ। ਇਸੇ ਲਈ ਉਸ ਨੇ ਉਰਮਿਲ ਨੂੰ ਉਸ ਦੀ ਮਾਂ ਦੇ ਅੱਗੇ ਲਿਆ ਬਿਠਾਇਆ ਸੀ....। ਬਲਜੀਤ ਖੁਦ ਤਾਂ ਦੂਸਰੀ ਔਰਤ ਨਾਲ ਸੰਬੰਧ ਬਣਾ ਕੇ ਰਹਿੰਦਾ ਹੈ ਪਰ ਜਦੋਂ ਦੀਪੀ ਦੇ ਬੇਹੋਸ਼ ਹੋਣ ਤੇ ਇਕ ਗੋਰਾ ਗੁਆਂਢੀ ਉਸ ਨੂੰ ਚੁੱਕ ਕੇ ਅੰਦਰ ਲਿਆਉਂਦਾ ਹੈ ਤਾਂ ਦੀਪੀ ਨੂੰ ਗੋਰੇ ਨਾਲ ਵੇਖ ਕੇ ਉਹ ਉਸ ਤੇ ਇਲਜ਼ਾਮ ਲਗਾਉਂਦਾ ਹੈ ਕਿ ‘ਗੁਆਂਢੀ ਗੋਰੇ ਦੇ ਗਲ ਵਿਚ ਬਾਹਵਾਂ ਪਾ ਕੇ ਬੈਠੀ ਸੀ’ ਇਹੋ ਗੱਲ ਉਹ ਉਸ ਦੇ ਮਾਂ-ਬਾਪ ਨੂੰ ਦੱਸਦਾ ਹੈ ਤਾਂ ਉਹ ਵੀ ਉਸ ਦੀ ਗੱਲ ਤੇ ਵਿਸ਼ਵਾਸ ਕਰ ਲੈਂਦੇ ਹਨ। ਇਹ ਘਟਨਾ ਦੀਪੀ ਨੂੰ ਮਾਨਸਿਕ ਪ੍ਰੇਸ਼ਾਨ ਕਰ ਦਿੰਦੀ ਹੈ। ਜਿਸ ਕਾਰਣ ਉਹ ਨੀਂਦ ਦੀਆਂ ਗੋਲੀਆਂ ਖਾ ਲੈਂਦੀ ਹੈ। ਇਸ ਤਰ੍ਹਾਂ ਨਾਇਕਾ ਸਹੁਰੇ ਘਰ ਵਿਚ ਗਲਤ ਫਹਿਮੀ ਦਾ ਸਿ਼ਕਾਰ ਬਣਦੀ ਹੈ। ਇਸੇ ਲਈ ਜਦੋਂ ਹਸਪਤਾਲ ਦੇ ਡਾਕਟਰ ਨੇ ‘ਨਰਵਸ ਬਰੇਕ ਡਾਊਨ’ ਦਾ ਫਤਵਾ ਲਾ ਦਿੱਤਾ ਤਾਂ ਦੀਪੀ ਸੋਚ ਰਹੀ ਸੀ....ਨਰਵਸ ਬਰੇਕ ਡਾਊਨ ਜਾਂ ਮੈਰਿਜ ਬਰੇਕ ਡਾਊਨ.....।” ਇਸ ਤਰ੍ਹਾਂ ਇਹ ਕਹਾਣੀ ਸਹੁਰੇ ਘਰ ਵਿਚ ਸਤਾਈ ਗਈ ਔਰਤ ਦੀ ਕਹਾਣੀ ਪੇਸ਼ ਕਰਦੀ ਹੈ। ਨਰਵਸ ਬਰੇਕ ਡਾਊਨ ਦੇ ਮੈਰਿਜ ਬਰੇਕ ਡਾਊਨ ਵਿਚ ਪਰਿਵਰਤਨ ਨੂੰ ਇਹ ਕਹਾਣੀ ਬਾਰੀਕੀ ਨਾਲ਼ ਪੇਸ਼ ਕਰਦੀ ਹੈ।

‘ਆਪਣੀ ਹੋਂਦ’ ਕਹਾਣੀ ਵਿਚ ਕਹਾਣੀਕਾਰਾ ਨੇ ਕਹਾਣੀ ਦੇ ਨਾਇਕਾ ਦੁਆਰਾ ਔਰਤ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ। ਕਹਾਣੀ ਦੀ ਨਾਇਕਾ ਦੀਪੀ ਆਪਣਿਆਂ ਮਾਪਿਆਂ ਦੀ ਪੰਜਵੀ ਧੀ ਸੀ। ਉਹ ਹਰ ਵਕਤ ਮਾਂ-ਬਾਪ ਦੀਆਂ ਝਿੜਕਾਂ ਸਹਿੰਦੀ ਸੀ ਕਿਉਂਕਿ ਉਸ ਦੇ ਮਾਂ ਬਾਪ ਪੁੱਤਰ ਦੀ ਆਸ ਲੈਕੇ ਦਰ-ਬ-ਦਰ ਭਟਕਦੇ ਰਹਿੰਦੇ ਸਨ। ਪ੍ਰੀਤੀ ਆਪਣੇ ਮਾਂ-ਬਾਪ ਲਈ ਇੰਨਾ ਮਹੱਤਵ ਨਹੀਂ ਸੀ ਰੱਖਦੀ ਜਿੰਨਾ ਉਸਦਾ ਅਣਜੰਮਿਆ ਵੀਰ ਰੱਖਦਾ ਸੀ। ਇਸੇ ਲਈ ਉਹ ਕਈ ਤਾਅਨੇ ਮਿਹਣੇ ਸੁਣਦੀ ਵੱਡੀ ਹੋਈ ਸੀ। ਪਰ ਜਦੋਂ ਦੀਪੀ ਦੀ ਆਪਣੀ ਕੁੱਖ ਨੇ ਪੁੱਤਰ ਜੰਮੇ ਤਾਂ ਉਸ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਉਨ੍ਹਾਂ ਦੇ ਲੇਖੇ ਲਾ ਦਿੱਤਾ ਇਹ ਸੋਚ ਕਿ ਉਸ ਦੀ ਮਾਂ ਇਸ ਤਰ੍ਹਾਂ ਦੇ ਪੁੱਤਰਾਂ ਲਈ ਤੜਫ਼ਦੀ ਬੁੱਢੀ ਹੋ ਗਈ ਸੀ...। ਅਤੇ ਉਸਨੂੰ ਤਾਂ ਉਹਨਾਂ ਦੀ ਐਨੀ ਕਦਰ ਕਰਨੀ ਚਾਹੀਦੀ ਹੈ ਜਿੰਨੀ ਉਸਦੇ ਆਪਣੇ ਕਰਮਾਂ ਵਿਚ ਕਦੀ ਨਹੀਂ ਸੀ ਹੋਣੀ। ਇਸ ਤਰ੍ਹਾਂ ਕਹਾਣੀ ਵਿਚ ਦੋ ਸਥਿਤੀਆਂ ਆਹਮੋ-ਸਾਹਮਣੇ ਹਨ। ਦੀਪੀ ਦਾ ਕੋਈ ਵੀ ਵਕਤ ਆਪਣੇ ਆਪ ਲਈ ਬਚਦਾ ਹੀ ਨਾ ਅਤੇ ਨਾ ਹੀ ਪਤੀ ਤੇ ਬੱਚਿਆਂ ਲਈ। ਉਹ ਦਿਨ ਰਾਤ ਕੰਮ ਕਰਕੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਦੀ ਰਹਿੰਦੀ। ਉਸ ਉੱਤੇ ਤਾਂ ਕੇਵਲ ਪੁੱਤਰਾਂ ਦਾ ਭੂਤ ਸਵਾਰ ਸੀ। ਉਹ ਉਨ੍ਹਾਂ ਦੀ ਹਰ ਇੱਛਾ ਪੂਰੀ ਕਰਨ ਦਾ ਯਤਨ ਕਰਦੀ ਰਹਿੰਦੀ। ਪਰ ਹੋਇਆ ਇਹ ਕਿ ਉਸ ਦੇ ਪੁੱਤਰ ਪੱਛਮ ਦੇ ਮੁਲਕ ਵਿਚ ਪੱਛਮ ਦੀ ਨਕਲ ਹੀ ਬਣ ਗਏ ਸਨ। ਉਸ ਦੇ ਪੁੱਤਰਾਂ ਨੂੰ ਆਪਣੀ ਜਿੰ਼ਦਗੀ ਤੋਂ ਬਿਨਾਂ ਕਿਸੇ ਦਾ ਮੋਹ ਨਹੀਂ ਸੀ। ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕਰਨਾ ਹਰ ਮਾਂ ਬਾਪ ਦਾ ਫਰਜ਼ ਹੈ। ਉਨ੍ਹਾਂ ਦੀ ਮਾਂ ਨੇ ਕੀ ਖਾਸ ਤੌਰ ਤੇ ਕਰ ਦਿੱਤਾ ਉਹ ਨਹੀਂ ਸੀ ਸਮਝ ਸਕਦੇ। ਫਿਰ ਇਕ ਦਿਨ ਵੱਡੇ ਪੁੱਤਰ ਨੇ ਆਖ ਹੀ ਦਿੱਤਾ, “ਮਾਮ, ਵੱਟ ਡੂ ਯੂ ਨੀਡ ਫਰੌਮ ਅੱਸ? ਵੀ ਡੌਂਟ ਅੰਡਰਸਟੈਂਡ। ਪਲੀਜ਼ ਡੌਂਟ ਪੁਟ ਐਨੀ ਗਿਲਟ ਔਨ ਅੱਸ। ਵੱਟ ਐਵਰ ਯੂ ਡਨ ਇਟ ਫਾਰ ਯੂਅਰ ਸੈਲਫ਼। ਜੋ ਕੁਝ ਵੀ ਕੀਤਾ ਹੈ, ਉਹ ਤੁਸੀਂ ਆਪਣੇ ਮਨ ਦੀ ਖੁਸ਼ੀ ਲਈ ਕੀਤਾ ਹੈ, ਸਾਡੇ ਲਈ ਨਹੀਂ।” ਹੁਣ ਦੀਪੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਉਂ ਉਸਦੀ ਮਾਂ ਪੁੱਤਰਾਂ ਲਈ ਜਿ਼ੰਦਗੀ ਭਰ ਰੋਂਦੀ ਰਹੀ। ਉਹ ਪੁੱਤਰ ਜਿਹੜੇ ਮਾਂ ਦੀ ਕੁੱਖ ਵਿਚ ਪਲ ਕੇ ਹੀ ਮਰਦ ਬਣ ਜਾਂਦੇ ਹਨ। ਹੁਣ ਦੀਪੀ ਦਾ ਦਿਲ ਆਪਣੀ ਕਿਸੀ ਅਣਜੰਮੀ ਧੀ ਲਈ ਤੜਪਿਆ ਸੀ। ਦੀਪੀ ਨੂੰ ਆਪਣੇ ਨਾਲ ਕੰਮ ਕਰਦੀ ਕਰਮ ਕੌਰ ਵੀ ਚੇਤੇ ਆਉਂਦੀ ਹੈ ਜੋ ਉਸ ਦੇ ਘਰ ਕੇਵਲ ਇਸ ਲਈ ਆਉਂਦੀ ਹੈ ਕਿ ਉਸਦਾ ਪੁੱਤਰ ਪ੍ਰੀਤੀ ਦੇ ਘਰ ਸਾਹਮਣੇ ਰਹਿੰਦਾ ਸੀ। ਪੁੱਤਰ ਦੇ ਘਰ ਪੈਰ ਪਾਉਣਾ ਮਾਂ ਲਈ ਮਨ੍ਹਾਂ ਸੀ। ਕਹਾਣੀ ਉਸ ਸਮੇਂ ਨਵੇਂ ਇਰਾਦੇ ਨਾਲ ਅਰਥ ਸਿਰਜਦੀ ਹੈ ਜਦੋਂ ਪ੍ਰੀਤੀ ਸੋਚਦੀ ਹੈ ਕਿ ਉਸਦੀ ਮਾਂ ਨੇ ਅਣਜੰਮੇ ਪੁੱਤਰ ਨੂੰ ਪਿਆਰ ਦੇ ਕੇ ਇਕ ਮਹਾਂ ਪਾਪ ਕੀਤਾ ਸੀ ਤੇ ਉਸ ਨੇ ਆਪਣੀ ਅਣਜੰਮੀ ਧੀ ਨੂੰ ਚਾਹ ਕੇ ਇਕ ਪੁੰਨ ਕੀਤਾ ਸੀ। ਇਸ ਪ੍ਰਕਾਰ ਕਹਾਣੀਕਾਰ ਔਰਤ ਦੀ ਹੋਂਦ ਨੂੰ ਸਮਾਜਿਕ ਸੰਦਰਭਾਂ ਵਿਚ ਰੱਖ ਕੇ ਵਿਚਾਰਦੀ ਹੈ।

ਇਨ੍ਹਾਂ ਸਾਰੀਆਂ ਕਹਾਣੀਆਂ ਦਾ ਅਧਿਐਨ ਕਰਨ ਤੋਂ ਬਾਦ ਅਸੀਂ ਕਹਿ ਸਕਦੇ ਹਾਂ ਕਿ ਬਲਬੀਰ ਕੌਰ ਸੰਘੇੜਾ ਦ੍ਰਿਸ਼ਟੀਕੌਣ ਪੱਖੋਂ ਇਕ ਸੁਜੱਗ ਕਹਾਣੀਕਾਰ ਹੈ। ਉਸ ਨੂੰ ਵਸਤੂ ਯਥਾਰਥ ਦੀ ਡੂੰਘੀ ਸਮਝ ਹੈ। ਸੰਘੇੜਾ ਨੇ ਇਸ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਿਆ ਹੈ। ਸਿ਼ਲਪ ਪੱਖੋਂ ਕਹਾਣੀ ਕਹਿਣ ਦੀ ਉਸਨੂੰ ਪੂਰੀ ਜਾਚ ਹੈ। ਉਹ ਕਹਾਣੀ ਨੂੰ ਇੰਜ ਬਿਆਨਦੀ ਹੈ ਕਿ ਰਹੱਸ ਨੂੰ ਜਾਣਨ ਲਈ ਪਾਠਕ ਉਤਾਵਲਾ ਹੋ ਜਾਂਦਾ ਹੈ। ਬਿਰਤਾਂਤ ਦੇ ਦੁਆਰਾ ਪਾਠਕਾਂ ਦੀ ਉਤਸੁਕਤਾ ਨੂੰ ਜਗਾਉਣਾ ਬਿਰਤਾਂਤਕਾਰ ਦੀ ਮੁੱਖ ਪ੍ਰਾਪਤੀ ਹੈ। ਇਸੇ ਕਲਾ ਵਿਚ ਬਲਬੀਰ ਕੌਰ ਸੰਘੇੜਾ ਨੂੰ ਮੁਹਾਰਤ ਹਾਸਲ ਹੈ। ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਪਰਵਾਸੀ ਕਹਾਣੀਕਾਰਾਂ ਵੱਲੋਂ ਸੀਮਿਤ ਦਾਇਰੇ ਉਲੰਘ ਕੇ ਪਰਵਾਸੀ ਜੀਵਨ ਦੇ ਹਰ ਖੇਤਰ ਤੇ ਹਰ ਪਹਿਲੂ ਨਾਲ ਸੰਬੰਧਿਤ ਵਿਸ਼ੇ ਅਪਣਾਏ ਅਤੇ ਵਿਸ਼ੇਸ ਕਲਾ ਕੌਸ਼ਲਤਾ ਨਾਲ ਪ੍ਰਗਟਾਏ ਜਾ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਤੋਂ ਹੋਰ ਉਚੇਰੀਆਂ ਪ੍ਰਾਪਤੀਆਂ ਦੀ ਸੰਭਾਵਨਾ ਬਣਦੀ ਹੈ।

******
(ਸੀ-122, ਯੁਨੀਵਰਸਿਟੀ ਕੈਂਪਸ, ਕੁਰੂਕਸ਼ੇਤਰ-136119, ਹਰਿਆਣਾ, ਇੰਡੀਆ)
(25 ਸਤੰਬਰ 2007) ਯੂਨੀਕੋਡ

ਡਾ: ਰਜਨੀ ਰਾਣੀ ਦੀ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

e-mail:
ਲਿਖਾਰੀ


© likhari: Punjabi Likhari Forum-2001-2007