ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

“ਬੀ ਜੀ ਮੁਸਕਰਾ ਪਏ” ਕਹਾਣੀ ਸੰਗ੍ਰਹਿ ਦੇ ਸਰੋਕਾਰ

ਡਾ. ਰਜਨੀ ਰਾਣੀ

ਡਾ. ਰਜਨੀ ਰਾਣੀ


ਪਰਵਾਸੀ ਪੰਜਾਬੀ ਸਾਹਿਤ ਆਮ ਪਾਠਕਾਂ ਦੇ ਮਨਾਂ ਅੰਦਰ ਇਹ ਸੱਚ ਭਰਨ ਵਿਚ ਸਫਲ ਰਿਹਾ ਹੈ ਕਿ ਪੰਜਾਬੀ ਸਾਹਿਤ ਦੀ ਆਪਣੀ ਇਕ ਵਿਸ਼ੇਸ ਹੋਂਦ ਹੈ। ਪਰਵਾਸੀ ਪੰਜਾਬੀ ਸਾਹਿਤ ਵਿਚ ਕਹਾਣੀ ਇਕ ਅਜਿਹਾ ਸਾਹਿਤ-ਰੂਪ ਹੈ ਜਿਸ ਵਿਚ ਕਹਾਣੀਕਾਰ ਸਮਾਜਿਕ ਯਥਾਰਥ ਨੂੰ ਪੇਸ਼ ਕਰਦਾ ਹੈ। ਹਰਪ੍ਰੀਤ ਸੇਖਾ ਵੀ ਪੰਜਾਬੀ ਪ੍ਰਵਾਸੀ ਸਾਹਿਤ ਦਾ ਅਜਿਹਾ ਹੀ ਕਹਾਣੀਕਾਰ ਹੈ ਜੋ ਆਪਣੇ ਕਹਾਣੀ ਸੰਗ੍ਰਹਿ ਵਿਚ ਅਲਗ ਅਲਗ ਵਿਸਿ਼ਆਂ ਨੂੰ ਛੁੰਹਦਾ ਹੈ। ਉਸ ਦੇ ਕਹਾਣੀ ਸੰਗ੍ਰਹਿ ਵਿਚ ਰਿਸ਼ਤੇਦਾਰਾਂ ਨੂੰ ਬਾਹਰ ਮੰਗਵਾਉਣ,ਰਿਸ਼ਤਿਆਂ ਵਿਚਲੀ ਟੁੱਟ-ਭੱਜ; ਸਭਿਆਚਾਰਕ ਤਣਾਉ, ਮਾਨਸਿਕ ਤਣਾਉ, ਔਰਤ ਦੀ ਸਥਿਤੀ,ਬਜ਼ੁਰਗਾਂ ਦੀਆਂ ਸਮੱਸਿਆਵਾਂ,ਬੇਗਾਨਗੀ,ਤਲਾਕ ਅਜਿਹੀਆਂ ਸੱਮਸਿਆਵਾਂ ਹਨ; ਪਰ ਇਹ ਸਮੱਸਿਆਵਾਂ ਇੰਨੀਆਂ ਗੰਭੀਰ ਨਹੀ ਹਨ ਕਿ ਇਨ੍ਹਾਂ ਨੂੰ ਸੁਲਝਾਇਆਂ ਨਾ ਜਾ ਸਕੇ। ਹਰਪ੍ਰੀਤ ਸੇਖਾ ਨੇ ਇੰਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਇੰਨੇ ਸੋਹਣੇ ਢੰਗ ਨਾਲ ਸੁਲਝਾਉਣ ਦਾ ਯਤਨ ਕੀਤਾ ਹੈ ਕਿ ਪਾਠਕ ਇਹ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਸੇਖਾ ਜਰਨੈਲ ਸਿੰਘ ਵਰਗੇ ਕਹਾਣੀਕਾਰਾਂ ਦੀ ਪੱਧਰ ਵਲ ਵਧ ਰਿਹਾ ਹੈ।

ਪੰਜਾਬੀ ਦੀ ਪਰੰਪਰਕ ਮਾਨਸਿਕ ਬਣਤਰ ਪੱਛਮੀ ਦੇਸ਼ਾਂ ਵਿਚ ਪੂੰਜੀਵਾਦੀ ਰਹਿਣੀ-ਬਹਿਣੀ ਦੇ ਪਸਾਰਾਂ ਨਾਲ ਲਗਾਉ ਰੱਖਦੀ ਰਹੀ ਹੈ ਪਰ ਮੂਲ਼ ਰੂਪ ਵਿਚ ਉਹ ਜਾਗੀਰਦਾਰੀ ਮਾਨਸਿਕਤਾ ਦਾ ਤਿਆਗ ਵੀ ਨਹੀਂ ਕਰਦੀ। ਪੰਜਾਬੀ ਮਨੁੱਖ ਜਿੱਥੇ ਜੀਵਨ ਦੀ ਬਿਹਤਰੀ ਲਈ ਵਿਕਸਿਤ ਪੂੰਜੀਵਾਦ ਦੀਆਂ ਸੁੱਖ–ਸਹੂਲਤਾਂ ਨੂੰ ਮਾਣਦਾ ਭੋਗਦਾ ਹੈ ਉੱਥੇ ਉਸ ਦੀਆਂ ਨੈਤਿਕ ਕਦਰਾਂ-ਕੀਮਤਾਂ ਵੀ ਟੁੱਟਦੀਆਂ ਭੱਜਦੀਆਂ ਹਨ । ਇਸ ਪ੍ਰਕਾਰ ਪੰਂਜਾਬੀ ਮਨੁੱਖ ਨੇ ਪਰਿਵਾਰਕ ਬਿਹਤਰੀ ਲਈ ਸਖਤ ਮਿਹਨਤ ਕੀਤੀ ਅਤੇ ਹੋਂਦ ਲਈ ਇਕ ਜੰਗ ਵੀ ਲੜੀ ਹੈ । ਪਰਦੇਸਾਂ ਵਿਚ ਵਸਦੇ ਪੰਜਾਬੀਆਂ ਦੇ ਸਮਾਜਿਕ, ਸਭਿਆਚਾਰਕ ਯਥਾਰਥ ਨੂੰ ਮੁੱਖ ਵਸਤੂ ਵਜੋਂ ਪੇਸ਼ ਕਰਦੀਆਂ ਇਹ ਕਹਾਣੀਆਂ ਉਨ੍ਹਾਂ ਦੀ ਕਸ਼ਮਕਸ਼ ਤੇ ਦੁਫਾੜ ਮਾਨਸਿਕਤਾ ਦੀ ਗੱਲ ਕਰਦੀਆਂ ਹਨ ਜਿਸ ਵਿਚੋ ਪਰਵਾਸੀ ਪੰਜਾਬੀ ਮਾਨਸਿਕਤਾ ਗੁਜ਼ਰਦੀ ਹੈ । ਜਗੀਰੂ ਕਦਰਾਂ-ਕੀਮਤਾਂ ਨਾਲ ਮੋਹ,ਅਮੀਰ ਦੇਸ਼ਾਂ ਦੀ ਧਰਤੀ ਉੱਤੇ ਪਹੁੰਚਣ ਨੂੰ ਹੀ ਮੁੱਖ ਨਿਸ਼ਾਨਾ ਮਿੱਥ ਕੇ ਕੀਤੇ ਗਏ ਵਿਆਹ, ਇਨ੍ਹਾਂ ਦੇ ਨਤੀਜੇ ਵਜੋਂ ਪੇਸ਼ ਆਈਆਂ ਸਮਾਜਿਕ ਤਰੇੜਾਂ, ਪਰਵਾਸ ਧਾਰਨ ਕਰਨ ਦੇ ਰਾਹ ਵਿਚ ਆਈਆਂ ਮੁਸ਼ਕਲਾਂ ਤੇ ਸੰਤਾਪ, ਜਿਨ੍ਹਾਂ ਵਿਚੋਂ ਨਵੇਂ ਪਰਵਾਸੀਆਂ ਨੂੰ ਲੰਘਣਾ ਪੈਂਦਾ ਹੈ- ਅਜਿਹੇ ਕਈ ਵਿਸ਼ੇ ਪਹਿਲਾ ਵੀ ਕਈ ਵਾਰ ਅਪਣਾਏ ਗਏ ਹਨ ਪਰੰਤੂ ਹਰਪ੍ਰੀਤ ਸੇਖਾ ਨੇ ਇਨ੍ਹਾਂ ਵਿਸਿ਼ਆਂ ਨੂੰ ਪੰਜਾਬੀਆਂ ਦੀ ਸਥਿਤੀ ਦੇ ਚਿੱਤਰਨ ਤੋਂ ਅਗਾਂਹ ਵਿਕਸਤ ਪੰਂੂਜੀਵਾਦੀ ਸਮਾਜ ਦੇ ਅਜੋਕੇ ਯਥਾਰਥ ਦੇ ਵਿਭਿੰਨ ਪਾਸਾਰਾਂ ਵਲ ਚਿੰਤਨ ਕਰਕੇ ਇਨ੍ਹਾਂ ਕਹਾਣੀਆਂ ਨੂੰ ਇਕ ਵੱਖਰਾ ਅਤੇ ਨਵਾ ਮੋੜ ਦਿੱਤਾ ਹੈ। ਉਸ ਦੀ ਅਜਿਹੀ ਵਿਲੱਖਣਤਾ ਹੀ ਉਸ ਨੂੰ ਹੋਰ ਪ੍ਰਸਿਧ ਪਰਵਾਸੀ ਸਾਹਿਤਕਾਰਾਂ ਦੀ ਕਤਾਰ ਵਿਚ ਲਿਆ ਖੜ੍ਹਾ ਕਰਦੀ ਹੈ।

ਕਹਾਣੀ ਸੰਗ੍ਰਹਿ ਵਿਚਲੀ ਕਹਾਣੀ ‘ਘੁੰਮਣਘੇਰੀ’ ਇਕ ਅਜਿਹੀ ਕਹਾਣੀ ਹੈ ਜੋ ਪੰਜਾਬੀ ਕਹਾਣੀ ਸੰਸਾਰ ਵਿਚ ਇਕ ਵੱਖਰਾ ਪਾਸਾਰ ਉਲੀਕਦੀ ਹੈ ਇਹ ਵੱਖਰਾ ਪਾਸਾਰ ਲੈਜ਼ਬੀਅਨ ਸੰਬੰਧਾਂ ਦੀ ਸਮੱਸਿਆ ਨਾਲ ਜੁੜਿਆਂ ਹੋਇਆ ਹੈ। ਇੰਨ੍ਹਾਂ ਸਮੱਸਿਆਵਾਂ ਦੀਆਂ ਜੜ੍ਹਾਂ ਭਾਰਤੀ ਸਾਹਿਤ ਦਾ ਵੀ ਹਿੱਸਾ ਬਣ ਸਕਦੀਆਂ ਹਨ ਕਿਉਂੁਕਿ ਇਹ ਕਾਮ ਸੰਬੰਧਾਂ ਦੀਆਂ ਜੜ੍ਹਾਂ ਵਿਚੋਂ ਪੈਦਾ ਹੋਈ ਮਾਨਸਿਕ ਸਥਿਤੀ ਹੈ। ਇਹ ਸੰਬੰਧ ਸਾਨੂੰ ਚੁਣੌਤੀ ਵੀ ਦਿੰਦੇ ਹਨ ਕਿ ਅਗਰ ਪਰਿਵਾਰਕ ਰਿਸ਼ਤਿਆਂ ਵਿਚਲੀ ਸਵਾਰਥ ਬਿਰਤੀ ਇਵੇਂ ਹੀ ਚਲਦੀ ਰਹੀ ਤਾਂ ਸਮਾਜ ਵਿਚੋਂ ਹਰ ਰਿਸ਼ਤੇ ਦੀ ਪਹਿਚਾਣ ਖਤਮ ਹੋ ਸਕਦੀ ਹੈ। ਇਹੋ ਸਵਾਰਥ ਬਿਰਤੀ ਕਹਾਣੀ ਵਿਚ ਪੇਸ਼ ਕੀਤੀ ਗਈ ਹੈ। ਕਹਾਣੀ ਦੀ ਨਾਇਕਾ ਡਿੰਪਲ ਜੋ ਵਿਦੇਸ਼ ਵਿਚ ਆਪਣੇ ਮਾਸੀ-ਮਾਸੜ ਦੇ ਕੋਲ ਰਹਿੰਦੀ ਹੈ ਇਕ ਦਿਨ ਮੌਕਾ ਪਾ ਕੇ ਮਾਸੜ ਉਸ ਨਾਲ ਜਬਰਦਸਤੀ ਕਰਦਾ ਹੈ ਤਾਂ ਮੌਕਾ ਪਾ ਕੇ ਮੁੱਖ ਪਾਤਰ ਘਰੋਂ ਭੱਜ ਜਾਂਦੀ ਹੈ ਤੇ ਆਪਣੇ ਮਾ-ਬਾਪ ਨੂੰ ਫੋਨ ਤੇ ਇਸ ਸਥਿਤੀ ਬਾਰੇ ਦੱਸਦੀ ਹੈ ਤਾਂ ਉਸ ਦੇ ਮਾਪਿਆਂ ਦਾ ਜਵਾਬ ਸੀ ਕਿ “ਵਾਪਸ ਮੁੜਨ ਬਾਰੇ ਸੋਚਣਾ ਵੀ ਨਹੀਂ। ਇਹ ਲੜਾਈ ਹੈ, ਜਿਹੜੀ ਤੈਨੂੰ ਘਰ ਦੇ ਬਾਕੀ ਜੀਆਂ ਖਾਤਰ ਹੌਸਲੇ ਨਾਲ ਲੜਨੀ ਪੈਣੀ ਹੈ---।” ਮਾਪੇ ਆਪਣੀ ਧੀ ਨੂੰ ਇਹ ਗੱਲ ਇਕ ਹਾਦਸਾ ਤੇ ਬੁਰਾ ਸੁਪਨਾ ਸਮਝ ਕੇ ਭੁੱਲਣ ਲਈ ਵੀ ਆਖਦੇ ਹਨ ਤਾਂ ਕਿ ਉਨ੍ਹਾਂ ਦੀ ਧੀ ਉਨ੍ਹਾਂ ਨੂੰ ਕਨੇਡਾ ਸੱਦ ਲਵੇ ।

ਦੂਜੇ ਪਾਸੇ ਡਿੰਪਲ ਦੇ ਨਾਲ਼ ਰਹਿੰਦੀ ਕੁੜੀ ਪੈਂਟੀ ਜਿਸ ਦੀ ਭੈਣ ਨੂੰ ਉਸ ਦਾ ਮਤਰਿਆ ਬਾਪ ਲੋੜਾਂ ਪੂਰੀਆਂ ਕਰਨ ਦੇ ਬਦਲੇ ਉਸ ਦੇ ਜਵਾਨ ਸਰੀਰ ਨੂੰ ਭੋਗਦਾ ਹੈ, ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਹ ਹੋਰ ਮਰਦਾਂ ਨਾਲ ਵੀ ਇਸੇ ਤਰ੍ਹਾਂ ਕਰਨ ਲੱਗ ਪੈੰਦੀ ਹੈ ਤੇ ਘਰੋਂ ਭੱਜ ਜਾਦੀ ਹੈ। ਘਰੋਂ ਜਾਣ ਤੋਂ ਬਾਦ ਪੈਟੀ ਦਾ ਬਾਪ ਉਸ ਦਾ ਬਲਤਕਾਰ ਕਰ ਦਿੰਦਾ ਹੈ । ਜਿਸ ਕਾਰਨ ਹੁਣ ਉਹ ਵੀ ਇਕਲੀ ਰਹਿੰਦੀ ਹੈ। ਉਹ ਡਿੰਪਲ ਨੂੰ ਆਸਰਾ ਦਿੰਦੀ ਹੈ ਤੇ ਆਪਣੇ ਨਾਲ ਰਖ ਲੈਂਦੀ ਹੈ । ਡਿੰਪਲ ਦੀ ਸਮੱਸਿਆ ਇਹ ਸੀ ਕਿ ਉਸ ਨੂੰ ਇਸ ਪੂੰਜੀਵਾਦੀ ਸਮਾਜ ਵਿਚ ਪੱਕਾ ਹੋਣ ਲਈ ਵਿਆਹ ਕਰਨ ਦੀ ਜਰੂਰਤ ਸੀ; ਇਸੇ ਲੋੜ ਨੂੰ ਮੁੱਖ ਰੱਖ ਕੇ ਉਸ ਨੂੰ ਪੈਂਟੀ ਦਾ ਸਾਥ ਚੰਗਾ ਲਗਣ ਲੱਗ ਪੈਂਦਾ ਹੈ ਤੇ ਉਹ ਉਸ ਨੂੰ ਜੀਵਨ ਸਾਥਣ ਦੇ ਰੂਪ ਵਿਚ ਸਵੀਕਾਰ ਕਰਨ ਲਈ ਸੋਚਦੀ ਹੈ। ਉਹ ਸੋਚਦੀ ਹੈ ਕਿ ਅਗਰ ਉਹ ਆਪਣੇ ਛੋਟੇ ਭੈਣ ਭਰਾਵਾਂ ਦੀ ਖਾਤਿਰ ਅਜਿਹਾ ਕਰ ਵੀ ਲਵੇ ਤਾਂ ਉਸਦਾ ਕੀ ਜਾਂਦਾ ਹੈ। ਜਦ ਮੰਮੀ ਡੈਡੀ ਆ ਗਏ ਤਾਂ ਉਹ ਤੋੜ ਵਿਛੋੜਾ ਕਰ ਲਊ। ਪਰੰਤੂ ਸਰੀਰਕ ਸੰਬੰਧਾਂ ਵਾਲੇ ਰਿਸ਼ਤੇ ਲਈ ਕੋਈ ਨਾਂ ਦੇਣ ਦੀ ਲੋੜ ‘ਤੇ ਆਪਣੇ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਦਾ ਵਚਨ ਉਸ ਨੂੰ ਯਾਦ ਆਉਂਦਾ ਹੈ। ਸਮਲਿੰਗੀ ਸੰਬੰਧਾਂ ਦੀਆਂ ਕਹਾਣੀਆਂ ਭਾਵੇਂ ਕਿਸੇ ਪ੍ਰੇਰਨਾ ਅਧੀਨ ਰਚੀਆਂ ਗਈਆਂ ਹੋਣ ਪਰ ਉਨ੍ਹਾਂ ਦਾ ਸਮਾਜਕ ਮਹੱਤਵ ਕੀ ਹੈ? ਇਸ ਉਪਰ ਬਹਿਸ ਹੋ ਸਕਦੀ ਹੈ। ਅਸਲ ਵਿਚ ਸਮਾਜਿਕ ਮਹੱਤਵ ਆਪਣੇ ਆਪ ਵਿਚ ਇਕ ਸੱਚਾਈ ਹੈ। ਸਮਾਜ ਕਿਸੇ ਇਕ ਤਰਫ਼ ਦੇ ਦ੍ਰਿਸ਼ਟੀਕੋਣ ਤੋ ਨਹੀਂ ਵਾਚਿਆਂ ਜਾ ਸਕਦਾ। ਅਜਿਹੀਆਂ ਕਹਾਣੀਆਂ ਵਿਚਲਾ ਮਨੁੱਖ ਭਾਵੇਂ ਉਹ ਮਰਦ ਹੋਵੇ ਤੇ ਭਾਵੇਂ ਤੀਵੀਂ ਜਾਨਵਰ ਜਿਹਾ ਵੀ ਨਹੀਂ ਜਾਪਦਾ ਕਿਉਂਕਿ ਜਾਨਵਰਾਂ ਵਿਚ ਅਜਿਹੇ ਰਿਸ਼ਤਿਆਂ ਲਈ ਕੋਈ ਥਾਂ ਨਹੀਂ। ਅਜਿਹੀਆਂ ਸਮਲਿੰਗੀ ਸਮੱਸਿਆਵਾਂ ਸਾਡੇ ਭਾਰਤੀ ਸਮਾਜ ਨੂੰ ਪਰਵਾਨ ਨਹੀਂ ਹੋ ਸਕਦੀਆਂ ਇੰਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਹੋਣਾ ਜਰੂਰੀ ਹੈ।

‘ਲੋਕਾਚਾਰੀ’ ਕਹਾਣੀ ਵੀ ਇਕ ਅਜਿਹੀ ਕਹਾਣੀ ਹੈ ਜਿਸ ਵਿਚ ਵਿਦੇਸ਼ ਦੀ ਧਰਤੀ ਉੱਤੇ ਜਾਣ ਦਾ ਨਿਸਚਾ ਕਰਕੇ ਕੀਤੀ ਗਈ ਸ਼ਾਦੀ ਤੇ ਇਸ ਕਾਰਣ ਉਭਰਦੀ ਪਰਿਵਾਰਕ ਸਮਾਜਿਕ ਤਰੇੜ ਨੂੰ ਪੇਸ਼ ਕੀਤਾ ਗਿਆ ਹੈ । ਕਹਾਣੀਕਾਰ ਨੇ ਇਸ ਕਹਾਣੀ ਵਿਚ ਬਦਲਦੇ ਸਮਾਜਿਕ ਪਰਿਪੇਖ ਵਿਚ ‘ਮੈਂ’ ਪਾਤਰ ਦੀ ਸਭਿਆਚਾਰਕ ਵਿਰਸੇ ਤੋਂ ਮੁਕਤ ਹੋਣ ਦੀ ਗੱਲ ਕੀਤੀ ਹੈ। ਉਸ ਨੂੰ ਮੁਕਤ ਹੁੰਦੇ ਦਿਖਾਉਣ ਦਾ ਯਤਨ ਵੀ ਕੀਤਾ ਹੈ। ਪਾਤਰ ਨਿੰਦਰ ਨਾਲ ਤਲਾਕ ਹੋਣ ਤੋਂ ਬਾਦ ਸੋਚਦੀ ਹੈ।

“ਤਲਾਕ ਤੋਂ ਮਹੀਨੇ ਬਾਦ ਹੀ ਨਿੰਦਰ ਇੰਡੀਆ ਚਲਾ ਗਿਆ ਮੈਂ ਸੁਣਿਆ ਸੀ, ਮੈਂ ਬਿਲਕੁਲ ਟੁੱਟ ਗਈ । ਜਿ਼ੰਦਗੀ ਜਿਉਣ ਦੀ ਖਾਹਿਸ਼ ਮੁੱਕ ਗਈ। ਡਿਪਰੈਸ਼ਨ ‘ਚ ਮੈਨੂੰ ਆਪਣੀ ਕੋਈ ਸੁੱਧ-ਬੁੱਧ ਨਹੀਂ ਸੀ। ਮਨੀ ਦਾ ਖਿਆਲ ਨਹੀਂ ਸੀ ਰਹਿੰਦਾ ।” ਇਥੇ ਨਾਇਕਾ ਭਾਰਤੀ ਭਾਵਨਾਵਾਂ ਨਾਲ ਗ੍ਰਸਤ ਜਾਪਦੀ ਹੈ। ਭਾਵੇਂ ਉਹ ਆਪਣੇ ਪਤੀ ਨਿੰਦਰ ਦੀ ਮੌਤ ਉਤੇ ਲੋਕਾਚਾਰੀ ਆਈ ਹੈ ਪਰ ਉਹ ਆਪਣੇ ਆਪ ਉਤੇ ਕਾਬੂ ਨਹੀਂ ਰੱਖ ਸਕਦੀ । ਦੂਜੇ ਪਾਸੇ ਕਹਾਣੀਕਾਰ ਇਹ ਵੀ ਪੇਸ਼ ਕਰਦਾ ਹੈ ਕੁੜੀਆਂ ਦੇ ਸੌਦੇ ਕਰਕੇ ਕੈਨੇਡਾ ਪਹੁੰਚ ਜਾਣ ਦੇ ਸਵਾਰਥ ਪਰਿਵਾਰ ਵਿਚ ਤਰੇੜ ਦਾ ਕਾਰਨ ਬਣਦੇ ਹਨ। ਮੈਂ ਪਾਤਰ ਦੀ ਮਾਨਸਿਕਤਾ ਵਿਚ ਬੈਠਿਆ ਇਹ ਸੰਕਲਪ ਵੀ ਉਜਾਗਰ ਕਰਦਾ ਹੈ ਕਿ ਆਦਮੀ ਬਿਨਾਂ ਔਰਤ ਦੀ ਜੂਨ ਅਧੂਰੀ ਹੈ। ਜਿਵੇ, “ਲੈ ਮੈਂ ਕਿਉ ਰੋਊਂ, ਮੇਰਾ ਉਹਦੇ ਨਾਲ ਹੁਣ ਕੀ ਰਿਸ਼ਤੈ? ਆਖਣ ਨੂੰ ਤਾਂ ਮੈਂ ਆਖ ਗਈ ਪਰ ਅੰਦਰੋਂ ਕੁਝ ਭੁਰ ਜਿਹਾ ਗਿਆ ।” ਇਸ ਤਰ੍ਹਾਂ ਇਹ ਕਹਾਣੀ ਲੋਕਾਚਾਰੀ ਨਾ ਹੋ ਕੇ ਸਦਾਚਾਰਕ ਬਣਦੀ ਨਜ਼ਰ ਆਉਂਦੀ ਹੈ।

ਗਿਫਟ ਕਹਾਣੀ ਵੀ ਇਸੇ ਗੱਲ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ ਜਿਸ ਕਾਰਨ ਵਿਦੇਸ਼ੀ ਧਰਤੀ ਉਤੇ ਸਪਾਂਸਰ ਕਰਕੇ ਮੰਗਾਏ ਜਾਣ ਦੀ ਘਟਨਾ ਜਿ਼ੰਦਗੀ ਵਿਚ ਇਕ ‘ਮਿਹਣਾ’ ਬਣ ਜਾਂਦੀ ਹੈ ਤੇ ਫਿਰ ਇਹੋ ਮਿਹਣਾ ਪਰਿਵਾਰਕ ਤਰੇੜ ਦਾ ਕਾਰਨ ਬਣਦਾ ਹੈ। ਕਹਾਣੀ ਦਾ ਪਾਤਰ ਸ਼ਾਨ ਜਦੋਂ ਆਪਣੇ ਬਾਪ ਗੁਰਵੀਰ ਨੂੰ ਆਪਣੀ ਮੰਮੀ ਨਾਲੋਂ ਵਿਛੜਣ ਦਾ ਕਾਰਨ ਪੁੱਛਦਾ ਹੈ ਤਾਂ ਉਹ ਦੱਸਦਾ ਹੈ, “ਤੇਰੀ ਨਾਨੀ ਗਲ-ਗਲ ਨਾਲ ਕੈਨੇਡਾ ਮੰਗਵਾਉਣ ਦਾ ਤਾਅਨਾ ਮਾਰਦੀ ਸੀ। ਤੈਨੂੰ ਪਤੈ ਇੱਥੇ ਆਪਣੇ ਲੋਕ ਇਕ ਦੂਜੇ ਨੂੰ ਸਪੌਂਸਰ ਕਰਕੇ ਹੀ ਆਏ ਆ, ਉਹ ਦੋ ਸਾਲ ਪਹਿਲਾਂ ਆ ਗਏ । ਜੇ ਉਨ੍ਹਾਂ ਮੈਨੂੰ ਸਪੌਂਸਰ ਕੀਤਾ ਸੀ, ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈ ਆਪਣੀ ਜਿ਼ੰਦਗੀ ਉਨ੍ਹਾਂ ਅਨੁਸਾਰ ਜੀਂਦਾ। ਘਰ ’ਚ ਉਹਦੀ ਲੋੜ ਤੋਂ ਜਿ਼ਆਦਾ ਦਖ਼ਲ ਅੰਦਾਜੀ਼। ਤੇਰੀ ਮਾਂ ਉਸ ਨੂੰ ਪੁੱਛੇ ਬਿਨ੍ਹਾਂ ਕੁਝ ਕਰਦੀ ਨਹੀਂ ਸੀ, ਤੇਰੇ ਦਾਦਾ ਦਾਦੀ ਦੀ ਬਿਲਕੁਲ ਹੀ ਪ੍ਰਵਾਹ ਨਹੀਂ ਸੀ ਕਰਦੀ ।”

ਗੁਰਵੀਰ ਨੇ ਰਾਜਿੰਦਰ ਨਾਲ ਕੇਵਲ ਆਪਣੇ ਮਾਂ-ਬਾਪ ਦੇ ਕਹਿਣ ਤੇ ਵਿਆਹ ਕਰਵਾਇਆ ਸੀ ਜਿਸ ਦੀ ਸਜ਼ਾ ਅਚਨਚੇਤ ਸ਼ਾਨ ਨੂੰ ਮਿਲੀ। ਬੱਚੇ ਉਸ ਨੂੰ ‘ਅਲੋਨਰ” ਨਾਂ ਨਾਲ ਸੱਦਦੇ ਹਨ। ਲੋਕ ਸਿਰਫ਼ ਪ੍ਰੀਵਾਰ ਦਾ ਨਾਂ ਅੱਗੇ ਤੋਰਨ ਖਾਤਰ ਹੀ ਬੱਚੇ ਕਿਵੇਂ ਪੈਦਾ ਕਰ ਲੈਂਦੇ ਹਨ? ਜਦ ਕਿ ਬੱਚੇ ਸੰਭਾਲਣ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ । ਪਰ ਰਾਜਿੰਦਰ ਬਾਰ-ਬਾਰ ਸ਼ਾਨ ਨੂੰ ਵਿਆਹ ਕਰਵਾਉਣ ਬਾਰੇ ਆਖਦੀ ਹੋਈ ਉਸ ਦੇ ਚਿਹਰੇ ਵਿਚੋਂ ਗੁਰਵੀਰ ਦਾ ਚਿਹਰਾ ਲੱਭਦੀ ਹੈ। ਸ਼ਾਨ ਨੂੰ ਵਿਆਹ ਨਾਮ ਨਾਲ ਹੀ ਨਫ਼ਰਤ ਹੈ ਜਿਸ ਦਾ ਮੰਨਣਾ ਹੈ ਕਿ ਵਿਆਹ ਵਾਸਤੇ ਕੁਮਿਟਮੈਂਟ, ਟਰੱਸਟ,ਪਿਆਰ ਤੇ ਹੋਰ ਬਹੁਤ ਕੁਝ ਹੋਣਾ ਜ਼ਰੂਰੀ ਹੈ । ਸਿਰਫ਼ ਬੱਚੇ ਪੈਦਾ ਕਰਨ ਖਾਤਿਰ ਵਿਆਹ ਕੋਈ ਵਿਆਹ ਨਹੀਂ । ਅੱਖਾਂ ਮੀਚ ਕੇ ਬਿਨ੍ਹਾਂ ਪਿਆਰ ਦੇ ਕੀਤੇ ਵਿਆਹ, ਤੇ ਫਿਰ ਪੈਦਾ ਹੋਏ ਅਜਿਹੇ ਬੱਚੇ ਜਿਨ੍ਹਾਂ ਦੀ ਜਿ਼ੰਦਗੀ ਡੱਲ ਹੋਵੇਗੀ । ਇਹ ਕੇਵਲ ਖ਼ੁਦਗਰਜ਼ੀ ਹੈ; ਖੁਦਗਰਜ਼ ਬੰਦਾ ਕਦੇ ਵਧੀਆ ਮਾਂ ਜਾਂ ਪਿਉ ਨਹੀਂ ਬਣ ਸਕਦਾ । ਦੂਜੇ ਪਾਸੇ ਸ਼ਾਨ ਇਹ ਸੋਚਦਾ ਹੈ ਕਿ ਮਾਂ ਮਰ ਜਾਵੇ, ਕਿਉਂਕਿ ਉਹ ਉਸ ਨੂੰ ਮੁੜ ਮੁੜ ਵਿਆਹ ਲਈ ਆਖਦੀ ਹੈ। ਬਾਦ ਵਿਚ ਕੋਈ ਤੰਗ ਨਹੀਂ ਕਰੇਗਾ। ਫਿਰ ਉਹ ਆਪਣੀ ਇਸ ਸੋਚ ਨੂੰ ਨਕਾਰਦਾ ਹੈ ਤੇ ਆਪਣੇ ਆਪ ਨੂੰ ਵੀ ਖੁਦਗਰਜ਼ ਹੋਣ ਕਰਕੇ ਕੋਸਦਾ ਹੈ। ਸ਼ਾਨ ਨੂੰ ਖੁਦਗਰਜ਼ੀ ਪੱਖੋ ਅਪਣਾਇਆ ਗਿਆ ਕੋਈ ਵੀ ਰਿਸ਼ਤਾ ਕਬੂਲ ਨਹੀਂ ਜਿਸ ਵਿਚ ਪਿਆਰ ਤੇ ਭਰੋਸਾ ਨਾ ਹੋਵੇ। ਇਸੇ ਪਿਆਰ ਤੇ ਭਰੋਸੇ ਸਦਕਾ ਉਹ ਆਪਣੀ ਮਾਂ ਦੇ ਜਨਮ ਦਿਨ ਉੱਤੇ ਉਸ ਨੂੰ ਕਤੂਰਾ ਲਿਆ ਕੇ ਦਿੰਦਾ ਹੈ। ਇਸ ਤਰ੍ਹਾਂ ਇਹ ਕਹਾਣੀ ਇਸ ਤੱਤ ਨੂੰ ਬੜੀ ਸਿ਼ੱਦਤ ਨਾਲ ਉਜਾਗਰ ਕਰਦੀ ਹੈ ਕਿ ਇਨਸਾਨ ਨਾਲੋ਼ਂ ਜਾਨਵਰ ਵਧੇਰੇ ਵਫ਼ਾਦਾਰ ਹੈ। ਦੂਜੇ ਪਾਸੇ ਇਹ ਵੀ ਸਪੱਸ਼ਟ ਹੈ ਕਿ ਪਰਵਾਸੀਆਂ ਦੀ ਉੱਧਰ ਪੈਦਾ ਹੋਈ ਪੀੜ੍ਹੀ ਵੀ ਪਿਆਰ ਦੀਆਂਾ ਨੀਹਾਂ ਨੂੰ ਤਲਾਸ਼ਦੀ ਹ।ੈ ਖੁਦਗਰਜ਼ੀ ਪੱਖੋ ਅਪਣਾਏ ਰਿਸ਼ਤੇ ਉਨ੍ਹਾਂ ਨੂੰ ਮਨਜੂਰ ਨਹੀਂ ਹਨ।

‘ਬੀਜੀ ਮੁਸਕਰਾ ਪਏ” ਕਹਾਣੀ ਸੰਗ੍ਰਹਿ ਵਿਚਲੀਆਂ ਸਾਰੀਆਂ ਕਹਾਣੀਆਂ ਤੋਂ ਮਹੱਤਵਪੂਰਨ ਕਹਾਣੀ ਹੈ । ਇਥੇ ਵੀ ਵਿਆਹ ਇਸੇ ਮਕਸਦ ਕਾਰਣ ਕਰਵਾਇਆ ਗਿਆ ਹੈ। ਮਾਪੇ ਆਪਣੀ ਧੀ ਸੁੱਖੀ ਦੇ ਸਹਾਰੇ ਕੈਨੇਡਾ ਪਹੁੰਚ ਜਾਣਗੇ। ਪਰੰਤੂ ਜਦੋਂ ਸੁੱਖੀ ਦੇਖਦੀ ਹੈ ਕਿ ਗੁਰਮੀਤ ਜੋ ਉਥੋਂ ਦਾ ਹੀ ਜੰਮ ਪਲ ਹੈ ਉਹ ਉਸ ਦਾ ਕਿੰਨਾ ਧਿਆਨ ਰੱਖਦਾ ਹੈ ਅਤੇ ਉਸ ਨੂੰ ਕਿੰਨਾ ਪਿਆਰ ਕਰਦਾ ਹੈ ਤਾਂ ਉਸ ਦਾ ਖੁਦਗਰਜ਼ੀ ਪੱਖੋ ਕਰਵਾਇਆ ਗਿਆ ਵਿਆਹ ਸੰਪੂਰਣ ਤੇ ਆਦਰਸ਼ਵਾਦੀ ਵਿਆਹ ਬਣ ਜਾਂਦਾ ਹੈ। ਇਹ ਕਹਾਣੀ ਪਰਵਾਸ ਦੀ ਜੰਮੀ-ਪਲੀ ਪੀੜ੍ਹੀ ਦੇ ਆਦਰਸ਼ਵਾਦੀ ਵਿਚਾਰਾਂ ਨੂੰ ਵੀ ਪੇਸ਼ ਕਰਦੀ ਹੈ। ਸੁੱਖੀ ਜਦੋਂ ਗੁਰਮੀਤ ਵੱਲੋਂ ਲਿਖੀ ਗਈ ਡਾਇਰੀ ਪੜ੍ਹਦੀ ਹੈ ਤਾਂ ਉਸ ਦੀ ਸੋਚ ਗੁਰਮੀਤ ਪ੍ਰਤਿ ਬਦਲ ਜਾਂਦੀ ਹੈ ਤੇ ਉਹ ਵਿਆਹ ਵਾਲਾ ਸੂਟ ਪਾਉਂਦੀ ਹੈ ਜੋ ਗੁਰਮੀਤ ਨੇ ਉਸ ਨੂੰ ਬਹੁਤ ਦੇਰ ਪਹਿਲਾਂ ਲਿਆ ਕੇ ਦਿੱਤਾ ਸੀ। ਪਰ ਸੂਟ ਤੇ ਗੁਰਮੀਤ ਦੋਵੇ ਉਸਨੂੰ ਪਸੰਦ ਨਾ ਹੋਣ ਕਾਰਣ ਉਸ ਨੇ ਮੁੜ ਸੂਟ ਵਲ ਕਦੇ ਨਹੀਂ ਸੀ ਦੇਖਿਆ। ਪਰ ਗੁਰਮੀਤ ਦੀ ਡਾਇਰੀ ਵਿਚਲੇ ਬਿਰਤਾਂਤ ਨੇ ਉਸ ਨੂੰ ਅੱਜ ਇਹ ਸੂਟ ਪਵਾ ਹੀ ਦਿੱਤਾ। ਉਸ ਨੂੰ ਇਵੇਂ ਜਾਪਿਆ ਜਿਵੇਂ ਬੀਜੀ ਮੁਸਕਰਾ ਰਹੇ ਹੋਣ ਕਿੳਂੁਕਿ ਭਾਰਤ ਵਿਚ ਕੇਵਲ ਇਕ ਬੀਜੀ ਹੀ ਸਨ ਜਿਨ੍ਹਾਂ ਨੇ ਗੁਰਮੀਤ ਬਾਰੇ ਉਸ ਨੂੰ ਆਖਿਆ ਸੀ, “ਕੁੜੀਆਂ ਨੇ ਇਕ ਦਿਨ ਆਪਣੇ ਘਰ ਜਾਣਾ ਈ ਹੁੰਦੈ। ਸਿਆਣੀ ਬਣੀਂ। ਸੋਚ ਸਮਝ ਕੇ ਫੈਸਲਾ ਕਰੀਂ। ਗੁਰਮੀਤ ਹੀਰਾ ਐ।” ਬੀਜੀ ਦੀ ਇਹੋ ਗੱਲ ਉਸ ਨੂੰ “ਪੀਟਰ ਦੀ ਸਟੈਗ ਪਾਰਟੀ” ਵਾਲੇ ਡਾਇਰੀ ਦੇ ਸਿਰਲੇਖ ਹੇਠਾਂ ਸੱਚੀ ਜਾਪਦੀ ਹੈ ਕਿ ਗੁਰਮੀਤ ਪਰਵਾਸੀ ਜੰਮਪਲ ਹੋਣ ਦੇ ਬਾਵਜੂਦ ਸੱਚੇ ਦਿਲੋਂ ਉਸ ਨੂੰ ਪਿਆਰ ਕਰਦਾ ਹੈ। ਇਸ ਤਰ੍ਹਾਂ ਇਹ ਕਹਾਣੀ ਬਾਹਰ ਜਾਣ ਨੂੰ ਮੰਤਵ ਬਣਾ ਕੇ ਕੀਤੀ ਗਈ ਸ਼ਾਦੀ ਤੋਂ ਉਪਜ਼ੇ ਦੁੱਖ ਦੀ ਥਾਂ ਸੁਖਾਂਤਮਈ ਕਹਾਣੀ ਬਣ ਗਈ ਜਾਪਦੀ ਹੈ ।

“ਰਾਮ ਗਊ” ਕਹਾਣੀ ਇਕ ਅਜਿਹੇ ਬਜ਼ੁਰਗ ਮਨੁੱਖ ਦੀ ਕਹਾਣੀ ਹੈ ਜੋ ਵਿਦੇਸ਼ ਵਿਚ ਕੇਵਲ ਵਿਹਲੇ ਰਹਿਣ ਤੋਂ ਉਕਤਾ ਜਾਂਦਾ ਹੈ। ਉਹ ਆਪਣੇ ਦੇਸ਼ ਵਿਚ ਹੈਡਮਾਸਟਰ ਸੀ ਪਰੰਤੂ ਉਹ ਦੇਖਦਾ ਹੈ ਕਿ ਵਿਦੇਸ਼ਾਂ ਵਿਚ ਬੁੱਢੇ ਕੇਵਲ ਵਗਾਰਾਂ ਕਰਕੇ ਹੀ ਖੁਸ਼ ਰਹਿੰਦੇ ਹਨ। ਪਰ ਇਹ ਸਭ ਇਸ ਪਾਤਰ ਨੂੰ ਮਨਜੂਰ ਨਹੀਂ ਤੇ ਵਿਹਲ ਹੀ ਉਸ ਦੀ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ। ਇਸ ਤਰ੍ਹਾਂ ਇੰਡੀਆ ਤੋਂ ਪਰਦੇਸ ਆ ਕੇ ਉੱਥੇ ਦੇ ਹਾਲਾਤ ਦੇ ਬਦਲਣ ਨਾਲ ਅਤੇ ਕੋਈ ਰੁਝੇਵਾ ਵਗੈਰਾ ਨਾ ਹੋਣ ਕਾਰਨ ਮਨੁੱਖ ਨੂੰ ਆਪਣਾ ਕੌਨਫੀਡੈਂਸ ਖਤਮ ਹੋ ਗਿਆ ਜਾਪਦਾ ਹੈ ਤੇ ਉਹ ਡਿਪਰੈਸ਼ਨ ਦਾ ਸਿ਼ਕਾਰ ਹੋ ਜਾਂਦਾ ਹੈ। ਇਸ ਕਹਾਣੀ ਵਿਚ ਇਹ ਸਾਫ਼ ਨਜ਼ਰ ਆਉੰਦਾ ਹੈ ਕਿ ਹੋਰ ਕਹਾਣੀਕਾਰਾਂ ਦੀਆਂ ਕਹਾਣੀਆਂ ਵਿਚ ਅਜਿਹੇ ਬੁੱਢਿਆਂ ਦੀ ਮਾਨਸਿਕ ਬੀਮਾਰੀ ਦਾ ਕਾਰਨ ਉਨ੍ਹਾਂ ਦਾ ਘਰ ਵਿਚ ਇਕੱਲਾਪਨ ਮਹਿਸੂਸ ਕਰਨਾ ਉਨ੍ਹਾਂ ਨਾਲ ਹੁੰਦਾ ਬੁਰਾ ਵਿਹਾਰ ਹੁੰਦਾ ਹੈ ਪਰ ਇਸ ਕਹਾਣੀ ਵਿਚ ਅਜਿਹਾ ਕੁਝ ਨਹੀਂ। ਪੁੱਤਰ ਰਾਜੂ ਤੇ ਨੂੰਹ ਰੁਪਿੰਦਰ ਬੜੇ ਚੰਗੇ ਸੁਭਾਅ ਦੇ ਹਨ। ਕੇਵਲ ਕਹਾਣੀ ਦੇ ਬਜੁਰਗ ਪਾਤਰ ਨੂੰ ਹੀ ਜਾਪਦਾ ਹੈ ਕਿ ਜਿਵੇਂ ੳੇੁਹ ਵੀ ਇਕ ਗਊ ਹੋਵੇ ਜੋ ਹੋਰ ਗਊਆਂ ਦੇ ਵੱਗ ਨਾਲ਼ ਜਾ ਰਲਿ਼ਆ ਹੋਵੇ। ਇਹ ੳੇੁਸਦੀ ਸੋਚ ਹੀ ਸੀ ਜੋ ਉਸ ਨੂੰ ਸੁਪਨੇ ਵਿਚ ਡਰਾਉਂਦੀ ਹੈ ।

“ਪੰਜ ਡਾਲਰ ਦਾ ਨੋਟ” ਕਹਾਣੀ ਵੀ ਇਕ ਅਜਿਹੇ ਬਜੁਰਗ ਪਾਤਰ ਨੂੰ ਪੇਸ਼ ਕਰਦੀ ਹੈ ਜੋ ਵਿਦੇਸ਼ ਵਿਚ ਬੈਠਾ ਹੈ ਤੇ ਉਸ ਨੂੰ ਚਿੰਤਾ ਇਹ ਹੈ ਕਿ ਉਹ ਅੱਜ, ਮਿਲ ਕੇ ਵਾਪਸ ਜਾਣ ਲੱਗੀ ਆਪਣੀ ਧੀ ਨੂੰ ਕੀ ਦੇਵੇਗਾ? ਉਸ ਦੀ ਪਤਨੀ ਦੇ ਹੁੰਦਿਆਂ ਉਸ ਨੂੰ ਕੋਈ ਚਿੰਤਾ ਨਹੀੰ ਸੀ ਪਰ ਹੁਣ ਉਸ ਨੂੰ ਚਿੰਤਾ ਸੀ ਕਿ ਜੇ ਮੁਲਕ ਹੋਰ ਹੋ ਗਿਆ ਤਾਂ ਰੀਤਾਂ ਤਾਂ ਨਹੀੰ ਬਦਲ ਜਾਂਦੀਆਂ। ਭੈਣ ਦੇ ਮਿਲਣ ਆਉਣ ਤੇ ਜਦੋਂ ਭਰਾ ਗੁਰਮੇਲ ਆਪਣੇ ਹੀ ਕੰਮ ਵਿਚ ਰੁਝਿਆ ਰਹਿੰਦਾ ਹੈ ਤਦ ਵੀ ਬਾਬੇ ਨੂੰ ਚਿੰਤਾ ਹੁੰਦੀ ਹੈ ਤੇ ਉਹ ਸੋਚਦਾ ਹੈ ਕਿ, “ਕੈਸਾ ਪਾਣੀ ਐ ਏਸ ਮੁਲਕ ਦਾ। ਬੰਦੇ ਨੂੰ ਜਵਾਂ ਹੀ ਬਦਲ ਧਰਦੈ। ਪੈਸਾ ਇੰਨਾ ਪਿਆਰਾ ਵੀ ਕਿ ਆਖ।” ਅਸਲ ਵਿਚ ਪਰਵਾਸ ਵਿਚ ਵਸੇ ਪੰਜਾਬੀ ਆਪਣੇ ਰਿਸ਼ਤੇਦਾਰਾਂ ਜਿੰਨੀ ਉਚਾਈ ਤੱਕ ਪਹੁੰਚਣ ਲਈ ਲਗਾਤਾਰ ਪੈਸੇ ਕਮਾ ਰਹੇ ਹਨ। ਉਨ੍ਹਾਂ ਨੂੰ ਰਿਸ਼ਤਿਆਂ ਨਾਲ ਇੰਨਾਂ ਮੋਹ ਨਹੀਂ। ਪਰ ਸ਼ਾਇਦ ਅਸੀਂ ਭੁੱਲਦੇ ਹਾਂ ਕਿ ਰਿਸ਼ਤਿਆਂ ਪ੍ਰਤਿ ਮੋਹ ਤਾਂ ਹੁਣ ਸ਼ਾਇਦ ਸਾਡੇ ਇੱਥੇ ਪੰਜਾਬ ਵਿਚ ਵੀ ਖਤਮ ਹੋ ਰਿਹਾ ਹੈ। ਕੇਵਲ ਵਿਦੇਸ਼ ਦੀ ਧਰਤੀ ਨੂੰ ਹੀ ਇਸ ਦਾ ਇਲਜ਼ਾਮ ਦੇਣਾ ਠੀਕ ਨਹੀਂ ਹੋਵੇਗਾ। ਜਦੋਂ ਪਾਤਰ ਜੈਮਲ ਦੀ ਦੋਹਤਰੀ ਉਸ ਤੋਂ ਆਈਸ ਕਰੀਮ ਲਈ ਪੈਸੇ ਮੰਗਦੀ ਹੈ ਤਾਂ ਅਚਾਨਕ ਉਸ ਦੇ ਮੁੂੰਹੋ਼ ਨਿਕਲ ਗਿਆ, “ਬਾਪੂ ਨੂੰ ਪਿਲਸਨ ਲਗੀ ਐ?” ਜੈਮਲ ਸਿੰਘ ਦੇ ਇਸ ਸਵਾਲ ਤੋਂ ਬਾਦ ਪੰਜ ਡਾਲਰ ਦਾ ਨੋਟ ਕੱਢ ਕੇ ਬੱਚੀ ਨੂੰ ਦੇ ਦੇਣਾ ਤੇ ਬੰਤੀ ਦਾ ਆਖਣਾ ਕਿ, “ਗੁਰਮੇਲ ਦੇ ਬਾਪੂ ਤੈਂਨੂੰ ਵੀ ਕਨੇਡਾ ਦਾ ਪਾਣੀ ਲੱਗ ਗਿਆ ਲੱਗਦੈ।” ਅਸਲ ਵਿਚ ਇਹ ਸਭ ਕੁਝ ਇਹ ਸਾਬਿਤ ਕਰਦਾ ਹੈ ਕਿ ਜਿ਼ੰਮੇਵਾਰੀਆਂ ਦੀ ਭੱਜ-ਦੌੜ ਕੁਝ ਵੀ ਸੋਚਣ ਨਹੀਂ ਦਿੰਦੀ ਕਿ ਕਿਸ ਨੂੰ ਕੀ ਦੇਣਾ ਹੈ ਜਾਂ ਕਿਸ ਨਾਲ਼ ਕਿਹੜਾ ਰਿਸ਼ਤਾ ਕਾਇਮ ਰੱਖਣਾ ਹੈ। ਵਿਦੇਸ਼ਾ ਵਿਚ ਵਿਖਾਵਾ ਕੋਈ ਮਾਹਿਨੇ ਨਹੀਂ ਰੱਖਦਾ। ਉਹ ਚਾਹੇ ਭੈਣ-ਭਰਾ ਦੇ ਰਿਸ਼ਤੇ ਵਿਚ ਹੋਵੇ ਤੇ ਚਾਹੇ ਬਾਪ-ਧੀ ਦੇ ਰਿਸ਼ਤੇ ਵਿਚ।

“ਢੋਲ” ਕਹਾਣੀ ਇਕ ਅਜਿਹੀ ਕਹਾਣੀ ਹੈ ਜਿਸ ਵਿਚ ਜੀਤ ਤੇ ਮਨਪ੍ਰੀਤ ਦਾ ਪੁੱਤਰ ਸੂਰਜ ਕੈਂਸਰ ਦੀ ਬੀਮਾਰੀ ਕਾਰਨ ਮਰ ਜਾਂਦਾ ਹੈ ਪਰ ਮਾਪੇ ਉਸ ਨੂੰ ਬੀਮਾਰੀ ਨਾਲ ਮਰਿਆ ਨਾ ਸਮਝ ਉਸ ਨੂੰ ਸ਼ਹੀਦ ਹੋਇਆ ਸਮਝਦੇ ਹਨ। ਸੂਰਜ ਦੀ ਯਾਦ ਵਿਚ ਉਨ੍ਹਾਂ ਨੇ “ਸੂਰਜ ਫਾਊਂਡੇਸ਼ਨ” ਨਾਂ ਦਾ ਬੈਨਰ ਲਟਕਾ ਕੇ ਉਸ ਵਿਚ ਉਦੈ ਹੋ ਰਹੇ ਸੂਰਜ ਦਾ ਚਿੱਤਰ ਬਣਾਇਆ ਹੋਇਆ ਸੀ। ਸਟੇਜ ਦੇ ਇਕ ਪਾਸੇ ਪੋਡੀਅਮ ਉਪਰ ‘ਫਸਟ ਐਨੂਅਲ ਸੂਰਜ ਮੈਮੋਰੀਅਲ ਫੰਡ ਰੇਜਿੰਗ ਡਿਨਰ ਐਂਡ ਡਾਂਸ ਲਿਖਿਆ ਹੋਇਆ ਸੀ। ਨਾਲ ਹੀ ਇਕ ਢੋਲ ਰੱਖਿਆ ਹੋਇਆ ਸੀ। ਸਟੇਜ ਉੱਤੇ ਖੜਾ ਸੈਕਟਰੀ ਦੱਸ ਰਿਹਾ ਸੀ ਕਿ ਇਹ ਅੱਜ ਦਾ ਇੱਕਠਾ ਹੋਇਆ ਸਾਰਾ ਫੰਡ ਸੂਰਜ ਫਾਊਡੇਸ਼ਨ ਵੱਲੋਂ ਇੰਡੀਆ ਵਿਚ ਬੇਸਹਾਰਾ ਬੱਚਿਆਂ ਦੇ ਰਹਿਣ-ਸਹਿਣ ਤੇ ਸਕੂਲ ਲਈ ਥਾਂ ਖਰੀਦਣ ਲਈ ਵਰਤਿਆ ਜਾਵੇਗਾ। ਸੂਰਜ ਸਤ ਸਾਲ ਦੀ ਉਮਰ ਵਿਚ ਹੀ ਢੋਲ ਵਜਾਉਣ ਲੱਗ ਪਿਆ ਸੀ । ਇਸ ਤਰ੍ਹਾਂ ਜੀਤ, ਮਨਪ੍ਰੀਤ ਅਤੇ ਸੂਰਜ ਤਿੰਨੋਂ ਇਕ ਭੰਗੜੇ ਦੀ ਟੀਮ ਤਿਆਰ ਕਰਦੇ ਸਨ। ਪਰ ਸੂਰਜ ਦੀ ਮੌਤ ਤੋਂ ਬਾਦ ਜੀਤ ਦਾ ਮੰਨਣਾ ਸੀ ਕਿ ਜਦੋਂ ਸੂਰਜ ਦੀ ਯਾਦ ਸਤਾਵੇ ਤਾਂ ਢੋਲ ਵਜਾਉਣ ਨਾਲ ਉਸਨੂੰ ਇਵੇਂ ਲੱਗਦਾ ਹੈ ਜਿਵੇਂ ਸੂਰਜ ਉਸ ਨਾਲ਼ ਗੱਲਾਂ ਕਰ ਰਿਹਾ ਹੋਵੇ । ਦੋ ਸਾਲ ਪਹਿਲਾਂ ਜਦੋਂ ਸੂਰਜ ਇੰਡੀਆ ਗਿਆ ਤਾਂ ਉਹ ਵਾਪਸ ਆ ਕੇ ਅਕਸਰ ਉਨ੍ਹਾਂ ਬੱਚਿਆਂ ਦੀਆਂ ਗੱਲਾਂ ਕਰਦਾ ਜਿਹੜੇ ਲੋਕਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਕਰਦੇ ਸਨ। ਉਹ ਉਨ੍ਹਾਂ ਲਈ ਕੁਝ ਕਰਨਾ ਚਾਹੁੰਦਾ ਸੀ । ਇਸੇ ਮਕਸਦ ਲਈ ਉਸ ਨੇ ਇਹ ਕੰਮ ਸ਼ੁਰੂ ਕੀਤਾ ਇਸੇ ਨੂੰ ਜਾਰੀ ਰੱਖਣਾ ਸੂਰਜ ਦੀ ਇੱਛਾ ਸੀ । ਸੂਰਜ ਦੀ ਇਸੇ ਇੱਛਾ ਨੂੰ ਮੁੱਖ ਰੱਖਦਿਆਂ ਮਨਪ੍ਰੀਤ ਤੇ ਜੀਤ ਦੋਵਾਂ ਨੇ ਆਪਣੇ ਪੁੱਤਰ ਦੀ ਮੌਤ ਤੋਂ ਬਾਦ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ। ਢੋਲ ਵਜਾਉਂਦੀ ਮਨਜੀਤ ਨੂੰ ਲੱਗਾ ਜਿਵੇਂ ਬੈਨਰ ਤੋਂ ਉਦੈ ਹੋ ਰਿਹਾ ਸੂਰਜ ਦਾ ਚਿੱਤਰ ਮਨਜੀਤ ਦੇ ਸਿਰ ਤੇ ਆ ਟਿਕਿਆ ਹੋਵੇ । ਵਾਸਤਵ ਵਿਚ ਇਹ ਕਹਾਣੀ ਇਹ ਪੇਸ਼ ਕਰਦੀ ਦਿਖਾਈ ਦਿੰਦੀ ਹੈ ਕਿ ਜਵਾਨ ਪੁੱਤਰ ਦੀ ਮੌਤ ਦਾ ਗ਼ਮ ਭੁਲਾ ਕੇ ਮਾਂ-ਬਾਪ ਕਿਵੇਂ ਉਸ ਦੀ ਇੱਛਾ ਨੂੰ ਪੂਰਾ ਕਰਨ ਵਿਚ ਖੁਸ਼ੀ ਮਹਿਸੂਸ ਕਰਦੇ ਹਨ ਤੇ ਉਸ ਨੂੰ ਇਕ ਸ਼ਹੀਦ ਪੁੱਤਰ ਵਜੋਂ ਸਨਮਾਨ ਦਿੰਦੇ ਹਨ ।

‘ਸਭਿਆਚਾਰ ਦੇ ਰਖਵਾਲੇ’ ਕਹਾਣੀ ਟੈਕਸੀ ਚਲਾਉਣ ਵਾਲੇ ਪਰਵਾਸੀਆਂ ਦੀ ਕਹਾਣੀ ਹੈ। ਅਜਿਹੇ ਪਰਵਾਸੀਆਂ ਦੀ ਕਹਾਣੀ ਜਿਹੜੇ ਆਖਦੇ ਹਨ ਕਿ ਘਰਵਾਲੀਆਂ ਨਾਲ ਉਸ ਤਰ੍ਹਾਂ ਦੀ ਐਸ਼ ਨਹੀਂ ਕਰਦੇ ਜਿਸ ਤਰ੍ਹਾਂ ਦੀ ਐਸ਼ ਉਹ ਗੋਰੀਆਂ ਔਰਤਾਂ ਨਾਲ਼ ਕਰਦੇ ਹਨ। ਘਰਵਾਲੀਆਂ ਤਾਂ ਜੁਆਕ ਸੰਭਾਲੀ ਜਾਣ ਬਹੁਤ ਐ। ਉਹ ਪੰਜਾਬੀ ਬੰਦਾ ਹੀ ਕਾਹਦਾ ਜੀਹਨੇ ਬਿਗਾਨੀ ਖੁਰਲੀ ਵਿਚ ਮੂੰਹ ਨਾ ਮਾਰਿਆ ਹੋਵੇ । ਪਰ ਜਦੋਂ ਉਨ੍ਹਾਂ ਦੇ ਰਾਹ ਵਿਚ ਪੰਜਾਬੀ ਕੁੜੀਆਂ ਆਉਂਦੀਆਂ ਹਨ ਤਾਂ ਉਹ ਪੰਜਾਬੀ ਕਲਚਰ ਦਾ ਹੋਕਾ ਦਿੰਦੇ ਫਿਰਦੇ ਹਨ। ਘੋਰੀਆਂ ਔਰਤਾਂ ਨਾਲ ਉਹ ਸਭ ਕੁਝ ਕਰਨਾ ਜ਼ਾਇਜ਼ ਸਮਝਦੇ ਹਨ ਪਰ ਆਪਣੇ ਦੇਸ਼ ਦੀਆਂ ਕੁੜੀਆਂ ਉਨ੍ਹਾਂ ਨੂੰ ਆਪਣੀਆਂ ਧੀਆਂ ਭੈਣਾਂ ਜਾਪਦੀਆਂ ਹਨ। ਉਹ ਵੀ ਤਾਂ ਜਦੋਂ ਉਨ੍ਹਾਂ ਦੀਆਂ ਆਪਣੀਆਂ ਧੀਆਂ ਜਵਾਨ ਹੁੰਦੀਆਂ ਨਜ਼ਰ ਆਉਦੀਆਂ ਹਨ। ਵਿਅੰਗ ਹੈ ਕਿ ਇਹ ਕਿਹੋ ਜਿਹੇ ਸਭਿਆਚਾਰ ਦੇ ਰਖਵਾਲੇ ਹਨ ਜੋ ਕੇਵਲ ਆਪਣੀ ਸਵਾਰਥੀ ਬਿਰਤੀ ਦੇ ਕਾਰਣ ਬਾਰ੍ਹਾਂ-ਤੇਰ੍ਹਾਂ ਸਾਲ ਦੀ ਗੋਰੀ ਕੁੜੀ ਨਾਲ਼ ਵੀ ਜਬਰਦਸਤੀ ਕਰਦੇ ਹਨ। ਇਹ ਲੋਕ ਮਾਨਵ ਨਾ ਹੋਕੇ ਅਮਾਨਵ ਹਨ। ਇਹ ਸਭਿਆਚਾਰ ਦੇ ਰਖਵਾਲੇ ਨਾ ਹੋ ਕੇ ਸਭਿਆਚਾਰ ਦਾ ਕਤਲ ਕਰਨ ਵਾਲੇ ਹਨ। ਜਿਸ ਦੇਸ਼ ਵਿਚ ਰਹਿੰਦੇ ਹਨ ਜਿਸ ਦੇਸ਼ ਨੇ ਉਨ੍ਹਾਂ ਨੂੰ ਭੁੱਖਿਆਂ ਮਰਦਿਆਂ ਨੂੰ ਸਹਾਰਾ ਦਿੱਤਾ ਉਹ ਉਸੇ ਦੇਸ਼ ਦੇ ਵਾਸੀਆਂ ਨੂੰ ਵਰਤ ਕੇ ਆਪਣੀ ਕਾਮ-ਤ੍ਰਿਪਤੀ ਪੂਰੀ ਕਰਦੇ ਹਨ ਤੇ ਆਪਣਿਆਂ ਦੇ ਬਰਬਾਦ ਹੋਣ ਦਾ ਦੋਸ਼ੀ ਗੋਰਿਆਂ ਨੂੰ ਠਹਿਰਾਉਂਦੇ ਹਨ। ਖੁਦ ਆਪਣੀ ਧੀ ਭੈਣ ਨੂੰ ਉਹ ਜਿਸ ਵੀ ਹਾਲਾਤ ਵਿਚ ਰੱਖਣ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ। ਦੇਸ਼ ਬਦਲਿਆ ਪਰ ਉਨ੍ਹਾਂ ਦੀ ਸੋਚ ਨਹੀਂ ਬਦਲੀ। ਇਹੋ ਜਿਹੇ ਸਭਿਆਚਾਰ ਦੇ ਰਖਵਾਲੇ ਹੋਣ ਤੋਂ ਤਾਂ ਦੇਸ਼ ਬੇਸਹਾਰਾ ਹੀ ਚੰਗਾ ਹੈ ।

‘ਕਿਤਾਬ ਵਿਚਲੇ ਫੁੱਲ’ ਕਹਾਣੀ ਵਿਚ ਕਹਾਣੀਕਾਰ ਇਹ ਦੱਸਣਾ ਚਾਹੁੰਦਾ ਹੈ ਕਿ ਮਨੁੱਖ ਕਿਵੇਂ ਔਰਤ ਅਤੇ ਮਰਦ ਦੇ ਪ੍ਰਕਿਰਤਕ ਰਿਸ਼ਤੇ ਨੂੰ ਧਾਰਮਿਕ ਪ੍ਰਭਾਵ ਨਾਲ ਸ਼ਾਂਤ ਕਰਨਾ ਚਾਹੁੰਦਾ ਹੈ। ਪਰ ਇਹ ਰਿਸ਼ਤੇ ਮਨੁੱਖ ਨੂੰ ਪ੍ਰੇਸ਼ਾਨ ਕਰਦੇ। ਜਿਵੇਂ ਕਹਾਣੀ ਵਿਚਲਾ ਨਾਇਕ ਤ੍ਰਿਲੋਕ ਨਵੇਂ ਵਿਆਹੇ ਜੋੜੇ ਨੂੰ ਵੇਖ ਕੇ ਅਕਸਰ ਕਿੰਨਾਂ ਕਿੰਨਾਂ ਸਮਾਂ ਪਰੇਸ਼ਾਨ ਰਹਿੰਦਾ ਹੈ। ਪਰ ਹੁਣ ਜਦੋਂ ਬੁਢਾਪੇ ਵਿਚ ਤੀਹ ਸਾਲ ਪੁਰਾਣੀਆਂ ਗੱਲਾਂ ਉਸ ਨੂੰ ਯਾਦ ਆਉਂਦੀਆਂ ਹਨ ਤਾਂ ਉਹ ਰੱਬ ਦੀ ਧੀ–ਭੇਣ ਇਕ ਕਰ ਦਿੰਦਾ ਹੈ ਤ ਨਾਲ਼ ਹੀ ਪਛਤਾਵੇ ਕਾਰਣ ਕੰਨਾਂ ਨੂੰ ਹੱਥ ਲਾ ਕੇ ਆਖਦਾ ਹੈ,“ਭੁਲਾਂ ਨਾ ਚਿਤਾਰੋ ਮੇਰੇ ਸਤਿਗੁਰੂ ,ਰਹਿਮ ਕਰੋ ,ਆਪਣੇ ਚਰਨਾਂ ਨਾਲ ਜੋੜੋ।”

ਤ੍ਰਿਲੋਕ ਪਰਿਵਾਰ ਦੀ ਮਜਬੂਰੀ ਵੱਸ ਕੈਨੇਡਾ ਵਿਚ ਵੱਸ ਰਹੀ ਔਰਤ ਸੁਰਜੀਤ ਨਾਲ ਵਿਆਹ ਕਰਵਾਉਂਦਾ ਹੈ ਜੋ ਪਹਿਲਾ ਹੀ ਦੋ ਧੀਆਂ ਦੀ ਮਾਂ ਹੈ। ਇਸ ਦੀ ਵੱਡੀ ਧੀ ਪਿੰਕੀ ਵਿਚੋਂ ਤ੍ਰਿਲੋਕ ਸਿੰਘ ਹਮੇਸ਼ਾ ਆਪਣੀ ਜਮਾਤਣ ਰਾਣੀ ਨੂੰ ਤਲਾਸ਼ਦਾ ਹੈ । ਸੁਰਜੀਤ ਇੰਡੀਆਂ ਉਸ ਦੇ ਘਰ ਡਾਲਰ ਭੇਜਦੀ। ਸੁਰਜੀਤ ਦੇ ਭੇਜੇ ਡਾਲਰਾਂ ਨਾਲ ਤ੍ਰਿਲੋਕ ਸਿੰਘ ਦਾ ਇੰਡੀਆ ਵਾਲਾ ਘਰ ਪੱਕਾ ਹੋ ਗਿਆ ਤੇ ਤ੍ਰਿਲੋਕ ਦੀਆਂ ਦੋਹਾਂ ਭੇਣਾਂ ਦਾ ਵਿਆਹ ਵੀ ਸੁਰਜੀਤ ਦੇ ਭੇਜੇ ਡਾਲਰਾਂ ਨਾਲ ਹੋਇਆ। ਤ੍ਰਿਲੋਕ ਪਿੰਕੀ ਵਿਚੋਂ ਆਪਣਾ ਸਾਥ ਲੱਭਣ ਦੀ ਕੋਸਿ਼ਸ਼ ਕਰਦਾ ਪਰ ਪਿੰਕੀ ਉਸ ਨੂੰ ਦੁਨੀਆਂ ਦਾ ਸਭ ਤੋਂ ਮਹਾਨ ਬਾਪ ਮੰਨਦੀ ਹੈ। ਤ੍ਰਿਲੋਕ ਆਪਣੇ ਆਪ ਤੇ ਲਾਹਨਤਾਂ ਪਾਉਂਦਾ ਹੋਇਆ ਪ੍ਰਮਾਤਮਾ ਨਾਲ਼ ਜੁੜਨ ਦੀ ਕੋਸਿ਼ਸ਼ ਕਰਦਾ ਹੈ। ਉਹ ਸਾਰਾ ਦਿਨ ਆਪਣਾ ਧਿਆਨ ਕੰਮ ਅਤੇ ਰੱਬ ਦੀ ਭਗਤੀ ਵਿਚ ਲਗਾਉਂੁਦਾ ਹੈ। ਅਜਿਹਾ ਕਰਦਾ ਉਹ ਇਕ ਮਸ਼ੀਨ ਬਣ ਗਿਆ ਸੀ । ਪਰ ਆਪਣੇ ਮਸੇਰੇ ਭਰਾ ਸੁੱਚੇ ਦੇ ਵਡੇਰੇ ਉਮਰ ਵਿਚ ਜਾ ਕੇ ਵਿਆਹ ਕਰਵਾਉਣਾ ਉਸ ਨੂੰ ਇਕ ਅਚੰਭਾ ਜਿਹਾ ਲਗ ਰਿਹਾ ਸੀ । ਉਹ ਸੁੱਚੇ ਨੂੰ ਕਹਿੰਦਾ ਹੈ ਕਿ ਇਕ ਉਮਰ ਹੁੰਦੀ ਹੈ ਖੇਡਣ ਦੀ ਪਰ ਅਸਲੀ ਮੁਕਤੀ ਪ੍ਰਮਾਤਮਾ ਦੇ ਲੜ ਲੱਗ ਹੁੰਦੀ ਹੈ। ਸੁੱਚੇ ਦਾ ਕਹਿਣਾ ਹੈ ਕਿ, “ਤੈਨੂੰ ਪਤਾ ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦੇ। ਰੂਹਾਂ ਹਾਣ ਲੱਭ ਲੈਂਦੀਆਂ।”

ਸੁੱਚੇ ਦੀ ਘਰਵਾਲੀ ਚਰਨਜੀਤ ਇੱਕਲੀ ਸੀ। ਉਸ ਦਾ ਤਲਾਕ ਹੋ ਚੁੱਕਾ ਸੀ। ਦੋਵੇਂ ਧੀਆਂ ਉਸ ਦੀਆਂ ਵਿਆਹੀਆਂ ਗਈਆਂ ਸਨ। ਹੁਣ ਉਹ ਇਕੱਲੀ ਸੀ ਸੁੱਚਾ ਵੀ ਇੱਕਲਾ। ਇਸ ਤਰ੍ਹਾਂ ਰੂਹ ਦੇ ਹਾਣੀ ਬਿਨ੍ਹਾਂ ਕਾਹਦਾ ਜਿਉਣ। ਸੁੱਚੇ ਦੀ ਇਹ ਗੱਲ ਸੁਣ ਤਰਲੋਕ ਸਿੰਘ ਅਤੀਤ ਵਿਚ ਗੁਆਚ ਜਾਂਦਾ ਹੈ ਜਦੋਂ ਸੁਰਜੀਤ ਕੌਰ ਦੇ ਰਿਸ਼ਤੇ ਤੇ ਉਸ ਨੇ ਕਿਹਾ ਸੀ ਕਿ ਮੇਰੀ ਰੂਹ ਨੀ ਮੰਨਦੀ ਤਾਂ ਜਵਾਬ ਵਿਚ ਤਰਲੋਕ ਦੀ ਮਾਂ ਨੇ ਕਿਹਾ,
“ਰੂਹਾਂ ਦਾ ਕੀ ਹੁੰਦੈ ਪੁੱਤ ਇਹ ਤਾਂ ਆਪੇ ਮੰਨ ਜਾਂਦੀਆਂ ਹੁੰਦੀਐਂ। ਚਿੱਤ ਨੂੰ ਸਮਝਾਉਣ ਦੀ ਗੱਲ ਹੁੰਦੀ ਹੈ।” ਤੇ ਇਹ ਕਹਿ ਘਰ ਦੇ ਝੰਝਟ ਉਸ ਦੇ ਸਾਹਮਣੇ ਰੱਖ ਦਿੱਤੇ । ਤਰਲੋਕ ਵੀ ਵਿਆਹ ਤੋਂ ਕੁਝ ਸਾਲ ਬਾਦ ਸੋਚਦਾ ਕਿ ਹੁਣ ਤਾਂ ਮਾਂ ਪਿਉ ਦੇ ਸਾਰੇ ਕੰਮ ਸਰ ਗਏ, ਹੁਣ ਤਾਂ ਕੋਈ ਰੂਹ ਦਾ ਹਾਣੀ ਲੱਭਾਂ ,ਪਰ ਫਿਰ ਉਸ ਨੂੰ ਆਪਣੀ ਇਸ ਸੋਚ ਤੇ ਪਛਤਾਵਾਂ ਹੁੰਦਾ। ਤਰਲੋਕ ਸੁਰਜੀਤ ਵਲ ਖਿੱਚਿਆ ਵੀ ਜਾਂਦਾ ਪਰ ਰਾਤ ਦੀ ਸਾਰੀ ਕਿਰਿਆ ਭੁਗਤਾ ਮੁੜ ਬੈਂਡ ਤੇ ਇੱਕਲਾ ਹੋ ਜਾਂਦਾ ਤੇ ਵਿਆਹ ਤੋਂ ਬਾਦ ਪਿੰਡ ਵਿਚ ਹੁੰਦੀਆਂ ਗੱਲਾਂ ਉਸ ਨੂੰ ਚੇਤੇ ਆਉਂਦੀਆਂ। “ਫੋਜੀ ਕਾ ਤੋਕੀ ਤਾਂ ਵਧੀਆ ਰਹਿ ਗਿਆ ਬਈ। ਗਰੀਬੀ ਕੱਟੀ ਜਾਊ। ਸਾਰਾ ਬਣਿਆ ਬਣਾਇਆ ਮਿਲ ਗਿਆ ।”

ਇਸ ਪ੍ਰਕਾਰ ਇਸ ਕਹਾਣੀ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਿਵੇਂ ਮਨੁੱਖ ਆਪਣੀਆਂ ਇੱਛਾਵਾਂ ਨੂੰ ਮਜਬੂਰੀ ਵੱਸ ਮਾਰਦਾ ਹੈ ਤੇ ਇਸ ਕੰਮ ਲਈ ਧਰਮ ਦੀ ਓਟ ਵੀ ਲੈਂਦਾ ਹੈ। ਪਰ ਹੈ ਤਾਂ ਮਨੁੱਖ ਹੀ, ਕਦੇ ਨਾ ਕਦੇ ਤਾਂ ਇਨਸਾਨ ਮੁੜ ਆਪਣੀਆਂ ਇਛਾਵਾਂ ਅਧੀਨ ਹੋ ਹੀ ਜਾਂਦਾ ਹੈ ਭਾਵੇਂ ਉਹ ਅਜਿਹੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਸਮਾਜ ਤੋਂ ਡਰਦਾ ਵੀ ਹੈ। ਅਜਿਹੀ ਸੋਚ ਦਾ ਮਾਲਕ ਕੋਈ ਨਿਵੇਕਲੀ ਹੀ ਪ੍ਰਵਿਰਤੀ ਵਾਲਾ ਹੁੰਦਾ ਜੋ ਕੇਵਲ ਆਪਣੇ ਬਾਰੇ ਹੀ ਸੋਚ ਕੇ ਦੂਸਰੇ ਦੇ ਕੀਤੇ ਅਹਿਸਾਨਾਂ ਦਾ ਮੁੱਲ ਅਦਾ ਕਰਨਾ ਚਾਹੁੰਦਾ ਹੈ। ਭਾਵੇਂ ਉਹ ਕਈ ਵਾਰ ਆਪਣੇ ਰਾਹ ਤੋਂ ਡਗਮਗਾਉਂਦਾ ਹੈ ਪਰ ਫਿਰ ਧਰਮ ਦੀ ਓਟ ਲੈ ਕੇ ਆਪਣੀ ਮਾਂ ਦੇ ਆਖੇ ਸ਼ਬਦਾਂ ਅਨੁਸਾਰ ਰੂਹ ਨੂੰ ਮਨਾਉਣ ਦਾ ਯਤਨ ਵੀ ਕਰਦਾ ਹੈ। ਪਰ ਹਾਣ ਦੇ ਸਾਥੀ ਦੀ ਲੋੜ ਉਸ ਨੂੰ ਬੇਚੈਨ ਕਰਦੀ ਹੈ ਉਸ ਨੂੰ ਲੱਗਦਾ ਹੈ ਜਿਵੇਂ ਰਾਣੀ ਇਕ ਕਿਤਾਬ ਵਿਚ ਫੁੱਲ ਰੱਖ ਕੇ ਉਸ ਨੂੰ ਫੜਾ ਰਹੀ ਹੋਵੇ। ਪਰ ਅਗਲੇ ਹੀ ਪਲ ਫੁੱਲਦਾ ਪੱਤੀ-ਪੱਤੀ ਹੋ ਕੇ ਬਿਖਰ ਜਾਣਾ ਤੇ ਤਰਲੋਕ ਸਿੰਘ ਦਾ ਪ੍ਰਮਾਤਮਾ ਦਾ ਨਾਮ ਸਿਮਰਨਾ ਉਸ ਨੂੰ ਅਜੀਬ ਜਿਹੀ ਸਤਿਤੀ ਵਿਚ ਘਿਰਿਆ ਪੇਸ਼ ਕਰਦਾ ਹੈ। ਹਰਪ੍ਰੀਤ ਸੇਖਾ ਦੀ ਇਹ ਕਹਾਣੀ ਇਹ ਗੱਲ ਸਪੱਸ਼ਟ ਕਰਦੀ ਹੈ ਕਿ ਮਨੁੱਖ ਕਈ ਜਿ਼ੰਮੇਵਾਰੀਆਂ ਨੂੰ ਮਜਬੂਰੀ ਵੱਸ ਨਿਭਾਉਂਦਾ ਹੈ ਤੇ ਇਸ ਵਿਚ ਸਾਹਸ ਤੇ ਧੀਰਜ ਰਖਣ ਲਈ ਪ੍ਰਮਾਤਮਾ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਨਾ ਚਾਹੁੰਦਾ ਹੈ ।

‘ਗੁਆਂਢ ਮੱਥਾ’ ਅਤੇ ‘ਅੰਦਰ ਬੈਠੇ ਡਰ’ ਦੋਵੇ ਅਜਿਹੀਆਂ ਕਹਾਣੀਆਂ ਹਨ ਜੋ ਪਰਵਾਸੀਆਂ ਦੀ ਸਥਿਤੀ ਚਿਤਰਣ ਤੋਂ ਅਗਾਂਹ ਵਿਕਸਤ ਪੂੰਜੀਵਾਦੀ ਸਮਾਜ ਦੇ ਅਜੋਕੇ ਯਥਾਰਯ ਦੇ ਵਿਭਿੰਨ ਪਾਸਾਰਾਂ ਨੂੰ ਪੇਸ਼ ਕਰਦੀਆਂ ਹਨ । ਕਹਾਣੀ ‘ਗੁਆਂਢ ਮੱਥਾ’ ਵਿਚ ਨਾਇਕ ਰਾਜਵੀਰ ਤੇ ਨਾਇਕਾ ਸਿੰਮੀ ਕੈਨੇਡਾ ਵਿਚ ਜਦੋ਼ ਆੳਂੁਦੇ ਹਨ ਤਾਂ ਉਨ੍ਹਾਂ ਦਾ ਮਨ ਬਿਲਕੁਲ ਨਹੀਂ ਲਗਦਾ ਖਾਸ ਤੌਰ ‘ਤੇ ਜਦ ਕਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਫਰਮ ਉਨ੍ਹਾਂ ਨੂੰ ਨੌਕਰੀ ਨਹੀਂ ਦਿੰਦੀ। ਪਰ ਹੁਣ ਉਨ੍ਹਾਂ ਨੇ ਲੇਬਰ ਕਰਨੀ ਤੇ ਕੈਨੇਡਾ ਵਿਚ ਵਿਚਰਨ ਦਾ ਢੰਗ ਸਿੱਖ ਲਿਆ ਸੀ। ਉਨ੍ਹਾਂ ਨੂੰ ਇਸ ਤੋ਼ਂ ਪਹਿਲਾ ਭਰਮ ਸੀ ਕਿ ਇਥੇ ਦੇ ਲੋਕ ਪਹਿਲਾਂ ਪਹਿਲ ਕਿਸੇ ਦੇ ਪੈਰ ਨਹੀਂ ਲੱਗਣ ਦਿੰਦੇ ਪਰੰਤੂ ਜਦੋ ਉਹ ਦੇਖਦੇ ਹਨ ਕਿ ਕੈਨੇਡੀਅਨ ਲੋਕ ਤਾਂ ਕੇਵਲ ਉਦੋਂ ਤਕ ਪਰਾਏ ਲੱਗਦੇ ਹਨ ਜਦੋਂ ਤਕ ਅਸੀ ਲੋਕ ਉਨ੍ਹਾਂ ਦੇ ਮਾਹੌਲ ਵਿਚ ਨਹੀਂ ਰੰਗੇ ਜਾਂਦੇ। ਕਹਾਣੀ ‘ਗੁਆਂਢ ਮੱਥੇ’ ਵਿਚ ਬੈਟੀ ਰਾਜਵੀਰ ਤੇ ਸਿੰਮੀ ਦੇ ਬੁਲਾਉਣ ਆਉਣ ਤੇ ਉਨ੍ਹਾਂ ਨਾਲ ਵਾਧੂ ਪਿਆਰ ਜਤਾਉਂਦੀ ਹੈ। ਉਹੀ ਬੈਟੀ ਜਿਹੜੀ ਇਕ ਵਾਰ ਰਾਜਵੀਰ ਹੋਰਾਂ ਦੇ ਘਰ ਮਹਿਮਾਨ ਦੇ ਆਉਣ ਤੇ ਸ਼ੋਰ ਘੱਟ ਕਰਨ ਲਈ ਕਹਿਣ ਆਉਂਦੀ ਹੈ। ਭਾਵੇਂ ਪਰਵਾਸ ਆਉਣ ਲਈ ਇਹ ਭਾਰਤੀ ਪੜ੍ਹਾਈ ਨੂੰ ਤਾਂ ਮਾਨਤਾ ਦਿੰਦੇ ਹਨ, ਪਰ ਕੰਮ ਲੱਭਣ ਲਈ ਆਖਦੇ ਹਨ। ਇਥੋਂ ਦੀ ਪੜ੍ਹਾਈ ਜ਼ਰੂਰੀ ਹੈ। ਪਰੰਤੂ ਫਿਰ ਵੀ ਪ੍ਰਵਾਸੀ ਹਾਰ ਨਹੀਂ ਮੰਨਦੇ ਉਹ ਉਥੇ ਦੇ ਅਸੂਲਾਂ ਅਨੁਸਾਰ ਸਖਤ ਮਿਹਨਤ ਦੁਆਰਾ ਉਸੇ ਢੰਗ ਨਾਲ ਆਪਣੇ ਆਪ ਨੂੰ ਢਾਲ ਲੈਂਦੇ ਹਨ। ਜਿਵੇਂ ਕਹਾਣੀ ਵਿਚ ਬਿਲ ਦਾ ਭੁਲੇਖਾ ਲੱਗਣ ਨਾਲ ਰਾਜਵੀਰ ਦੁਕਾਨਦਾਰ ਨੂੰ ਆਖਦਾ ਹੈ ਕਿ, “ਕੀਮਤ ਤਾਂ ਪੰਜ ਡਾਲਰ ਹੈ ਪਰ ਬਿਲ ਜਿ਼ਆਦਾ ਕਿਵੇਂ ਬਣ ਗਿਆ?” ਤਾਂ ਦੁਕਾਨਦਾਰ ਦਾ ਇਹ ਕਹਿਣਾ ਕਿ, “ਇਸ ਕੰਟਰੀ ਵਿਚ ਰਹਿਣੈ ਤਾਂ ਟੈਕਸ ਤਾਂ ਦੇਣਾ ਹੀ ਪਵੇਗਾ।” ਪਰ ਰਾਜਵੀਰ ਦੇ ਅੱਗੋਂ ਤੱਤੀਆਂ-ਤੱਤੀਆਂ ਸੁਣਾਉਣ ਤੇ ਉਹ ਡਰ ਵੀ ਗਿਆ ਸੀ। ਇਸ ਤਰ੍ਹਾਂ ਇਹ ਕਹਾਣੀ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਪਰਵਾਸੀ ਮਿਹਨਤ ਕਰਨ ਨੂੰ ਅਤੇ ਉਥੇ ਦੇ ਪੂੰਜੀਵਾਦੀ ਮਾਹੌਲ ਨੂੰ ਜਿਵੇਂ ਕਿਵੇਂ ਸਹਿ ਰਹੇ ਹਨ ਤੇ ਉੱਥੇ ਆਪਣੇ ਪੈਰ ਵੀ ਜਮਾ ਰਹੇ ਹਨ ।

ਅੰਤ ਉਪਰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਕਹਾਣੀ ਦਾ ਫੋਕਸ ਦੋਵਾਂ ਸੰਸਕ੍ਰਿਤੀਆਂ ਦੇ ਤਨਾਉ ਤੇ ਦਵੰਦ ਨੂੰ ਸਿਰਜਣ ਤੇ ਹੈ । ਭਾਵੇਂ ਇਸ ਕਹਾਣੀਕਾਰ ਦਾ ਪੰਧ ਅਜੇ ਲੰਮਾ ਹੈ ਪਰ ਉਸ ਦੇ ਨਿਗਰ ਕਦਮ ਇਸ ਦੀ ਮੰਜਿ਼ਲ ਪ੍ਰਾਪਤੀ ਦੀ ਆਸ ਬਨ੍ਹਾਉਂਦੇ ਹਨ।

(ਛ-122, ਯੁਨੀਵਰਸਿਟੀ ਕੈਂਪਸ, ਕੁਰੂਕਸ਼ੇਤਰ)

(8 ਜਨਵਰੀ 2007) ਯੂਨੀਕੋਡ

ਡਾ: ਰਜਨੀ ਰਾਣੀ ਦੀ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

e-mail:
ਲਿਖਾਰੀ


© likhari: Punjabi Likhari Forum-2001-2007