|
|
ਵਿਗਿਆਨਕ ਦ੍ਰਿਸ਼ਟੀ ਨਾਲ਼ ਲੈਸ |
ਡਾ. ਰਜਨੀ ਰਾਣੀ |
ਪੰਜਾਬੀ ਬਾਲ ਸਾਹਿਤ ਅਜੇ ਵੀ ਆਪਣੇ ਬਾਲਪਨ ਦੀ ਅਵਸਥਾ ਵਿਚ ਹੈ । ਵੱਡੇ ਵੱਡੇ ਸਾਹਿਤਕਾਰ ਇਸ ਪਾਸੇ ਵੱਲ ਵਧੇਰੇ ਧਿਆਨ ਨਹੀਂ ਦੇ ਰਹੇ ਤੇ ਜੋ ਦੇ ਰਹੇ ਹਨ ਉਹ ਬਾਲ ਮਨੋਵਿਗਿਆਨ ਨੂੰ ਬਹੁਤ ਬਾਰੀਕੀ ਨਾਲ ਸਮਝ ਨਹੀੰਂ ਸਕਦੇ। ਬਾਲ ਸਾਹਿਤਕਾਰ ਦਾ ਸਭ ਤੋਂ ਪਹਿਲਾ ਬਾਲ ਮਨੋਵਿਗਿਆਨੀ ਹੋਣਾ ਬਹੁਤ ਜ਼ਰੂਰੀ ਹੈ। ਇਸ ਦ੍ਰਿਸਟੀ ਤੋਂ ਜਦੋਂ ਅਸੀਂ ਰਵਿੰਦਰ ਨਾਥ ਟੈਗੋਰ ਦੀਆਂ ਕਹਾਣੀਆਂ ਪੜ੍ਹਦੇ ਹਾਂ ਤਾਂ ਸਾਨੂੰ ਆਪਣੀ ਅਸਲੀਅਤ ਦਾ ਅਹਿਸਾਸ ਹੋ ਜਾਂਦਾ ਹੈ। ਅਸੀਂ ਬੱਚਿਆਂ ਨੂੰ ਕਈ ਵਾਰ ਬਜੁਰਗਾਂ ਵਾਂਗ ਸਿੱਖਿਆਂ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਨਿਆਣੀ ਮੱਤ ਦੇ ਮਾਲਿਕ ਹੀ ਸਮਝਦੇ ਹਾਂ ਜਦ ਕਿ ਦੋਵੇ ਗੱਲਾਂ ਸੱਚ ਦੇ ਨੇੜੇ ਨਹੀਂ। ਬਚਪਨ ਕਲਪਨਾਸੀਲ ਹੁੰਦਾ ਹੈ। ਉਹ ਬਹੁਤੀ ਵਾਰ ਸਿੱਧੀ ਸਿੱਖਿਆਂ ਨੂੰ ਪ੍ਰਵਾਣ ਨਹੀਂ ਕਰਦਾ ਉਹ ਕਿਸੇ ਮਾਡਲ ਨੂੰ ਸਾਹਮਣੇ ਰੱਖ ਜੀਵਨ ਸਫ਼ਰ ਵਿਚ ਅਗਾਂਹ ਤੁਰਦਾ ਹੈ। ਬਾਲਪਨ ਨੂੰ ਜੇ ਮਾਹੌਲ ਦਿੱਤਾ ਜਾਵੇ ਤਾਂ ੳੇੁਹ ਹਰ ਗੱਲ ੳੁੱਤੇ ਕਿੰਤੂ ਕਰਦਾ ਹੈ ਤੇ ਹਰ ਗੱਲ ਦਾ ਜਵਾਬ ਲੱਭਣਾ ਚਾਹੁੰਦਾ ਹੈ। ਜੇਕਰ ਅਸੀ਼ ਇੰਨ੍ਹਾਂ ਤੱਥਾਂ ਨੂੰ ਆਧਾਰ ਬਣਾ ਕੇ ਬਾਲਪਨ ਨੂੰ ਸਮਝਣ ਦਾ ਯਤਨ ਕਰਾਂਗੇ ਤਾਂ ਇੰਨਾਂ ਲਈ ਸਾਹਿਤ ਵੀ ਵੱਖਰੀ ਕਿਸਮ ਦਾ ਹੋਵੇਗਾ। ਡਾ:ਫਕੀਰ ਚੰਦ ਸ਼ੁਕਲਾ ਵਰਗੇ ਲੇਖਕ ਯਤਨਸ਼ੀਲ ਹਨ ਕਿ ਬਾਲਪਨ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ। ਇਸ ਲਈ ਉਸ ਦੇ ਯਤਨਾਂ ਨੂੰ ਜੀ ਆਇਆ ਕਹਿਣਾ ਬਣਦਾ ਹੈ।
ਡਾ:ਫਕੀਰ ਚੰਦ ਸ਼਼ੁਕਲਾ ਨੂੰ ਬਾਲ ਸਾਹਿਤ ਲਿਖਣ ਵਿਚ ਮੁਹਾਰਤ ਹਾਸਲ ਹੈ। ਇਸ ਸਾਹਿਤਕਾਰ ਦਾ ਰੁਝਾਨ ਸ਼ੁਰੂ ਤੋਂ ਹੀ ਬਾਲ ਸਾਹਿਤ ਲਿਖਣ ਵਿਚ ਰਿਹਾ ਹੈ। ਇਸ ਸਮੇਂ ਦੇ ਦੌਰਾਨ ਉਸ ਨੇ ਬੱਚਿਆਂ ਦੀ ਮਾਨਸਿਕਤਾ ਦਾ ਪੂਰਾ-ਪੂਰਾ ਅਧਿਐਨ ਕੀਤਾ ਹੈ। ਫਕੀਰ ਚੰਦ ਸੁਕਲਾ ਦੁਆਰਾ ਰਚਿਆ ਬਾਲ ਸਾਹਿਤ ਬੱਚਿਆਂ ਦੇ ਮਨਾਂ ਤੇ ਚਿਰ ਸਥਾਈ ਪ੍ਰਭਾਵ ਛੱਡਣ ਵਾਲਾ ਹੈ। ਇਸੇ ਕਾਰਣ ਇਨ੍ਹਾਂ ਦੇ ਨਾਟਕ ਤੇ ਕਹਾਣੀਆਂ ਬੱਚਿਆਂ ਦੇ ਵਿਵੇਕ ਅਤੇ ਚੇਤਨਾ ਦਾ ਨਿਰਮਾਣ ਕਰਨ ਵਿਚ ਸਹਾਇਕ ਸਿੱਧ ਹੋਣਗੇ। ਨਵੀਂ-ਨਵੀਂ ਜਾਣਕਾਰੀ, ਮੰਨੋਰੰਜਨ, ਪ੍ਰੇਰਣਾ, ਸਿੱਖਿਆਂ, ਸਰਲ ਸਪੱਸ਼ਟ ਅਤੇ ਸਾਦੀ ਮੁਹਾਵਰੇਦਾਰ ਵਾਕ ਬਣਤਰ ਆਦਿ ਗੁਣਾਂ ਦਾ ਹੋਣਾ ਬਾਲ ਸਾਹਿਤ ਲਈ ਜਰੂਰੀ ਹੈ। ਡਾ:ਫਕੀਰ ਚਂੰਦ ਸੁਕਲਾ ਦੀ ਪੁਸਤਕ “:ਡਾ:ਬੀਜੀ ਅਤੇ ਹੋਰ ਬਾਲ ਨਾਟਕ” ਉਪਰੋਕਤ ਕਸਵੱਟੀ ਤੇ ਪੂਰੀ ਉੱਤਰਦੀ ਹੈ।
ਫਕੀਰ ਚੰਦ ਸ਼ੁਕਲਾ ਦੀ ਪੁਸਤਕ “ਡਾ:ਬੀਜੀ ਅਤੇ ਹੋਰ ਵਿਗਿਆਨਕ ਬਾਲ ਨਾਟਕ” ਵਿਚ ਚਾਰ ਨਾਟਕ ਸੰਕਲਿਤ ਹਨ। ਨਾਟਕ ਡਾ: ਬੀਜੀ ਅਤੇ ਗਰਮਾਂ ਗਰਮ ਪਕੌੜੇ ਲਗਭਗ ਮਿਲਦੇ ਜੁਲਦੇ ਹਨ। ਇਸ ਵਿਚ ਨਾਟਕਕਾਰ ਬੱਚਿਆਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਾਨੂੰ ਚਟਪਟੀਆਂ ਤੇ ਮਸਾਲੇਦਾਰ, ਤਲੀਆਂ ਚੀਜ਼ਾਂ ਤੋੰਂ ਪਰਹੇਜ਼ ਰੱਖਣਾ ਚਾਹੀਦਾ ਹੈ ਅਤੇ ੰ ਜਿੰਨੀ ਜਰੂਰਤ ਹੋਵੇ ਕੇਵਲ ਉਨ੍ਹਾਂ ਹੀ ਖਾਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦੀ ਸਿਹਤ ਠੀਕ ਰਹੇਗੀ, ਨਹੀਂ ਤਾਂ ਮਗਨ ਤੇ ਬਨੀ ਦੀ ਤਰ੍ਹਾਂ ਤੰਗ ਹੋਣਾ ਪਵੇਗਾ । ਨਾਟਕ ਗਰਮਾ –ਗਰਮ ਪਕੌੜੇ ਵਿਚ ਵੀ ਇਹੋ ਜਿਹੀ ਸਿੱਖਿਆ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਆਪਣੇ ਮਾਂ-ਬਾਪ ਦਾ ਆਖਾ ਮੰਨਣਾ ਚਾਹੀਦਾ ਹੈ ਆਪਣੀ ਮਨਮਾਨੀ ਕਰਕੇ ਖੇਡਣਾ ਜਾ ਖਾਣਾ ਕਿਸੇ ਵੀ ਹਾਲ ਚੰਗਾ ਨਹੀਂ ਹੈ। ਇਸ ਦੇ ਨਾਲ ਹੀ ਨਾਟਕਕਾਰ ਜੋ ਖੁਦ ਵਿਗਿਆਨੀ ਹੈ ਉਸ ਨੇ ਦੱਸਿਆ ਹੈ ਕਿ ਅਜੇ ਵੀ ਲੋਕਾਂ ਨੂੰ ਘਰ ਦੇ ਘਰੇਲੂ ਨੁਸਖਿਆਂ ਨਾਲ ਬਣੀਆਂ ਦਵਾਈਆਂ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਹੈ। ਇਕਦਮ ਅੰਗ੍ਰਜ਼ੀ ਡਾਕਟਰਾਂ ਕੋਲ ਮਿੰਟਾਂ ਵਿਚ ਭੱਜੇ ਨਹੀਂ ਜਾਣਾ ਚਾਹੀਦਾ। ਉਬਲ਼ੇ ਪਾਣੀ, ਖੰਡ ਤੇ ਨਮਕ ਦਾ ਘੋਲ, ਪਿਆਜ਼, ਜਵੈਣ, ਨਿੰਮ ਦੇ ਪੱਤੇ, ਹਲਦੀ, ਘਿਉ, ਦੇ ਪੱਤਿਆਂ ਆਦਿ ਦਾ ਮਹੱਤਵ ਵੀ ਸਮਝਾਇਆ ਗਿਆ ਹੈ। ਇਸ ਦੇ ਨਾਲ-ਨਾਲ ਸੁਕਲਾ ਨੇ ਘਰ ਵਿਚ ਬੜੇ ਬਜੁਰਗਾਂ ਦੀ ਅਹਿਮੀਅਤ ਨੂੰ ਵੀ ਦਰਸਾਇਆ ਹੈ। ਨਾਟਕ ਵਿਚ ਬਾਰ-ਬਾਰ ਬੱਚਿਆਂ ਦੇ ਬੀਮਾਰ ਹੋਣ ਤੇ ਬੀਜੀ ਨੂੰ ਬੁਲਾਉਣਾ ਇਸੇ ਗੱਲ ਦਾ ਸੰਕੇਤ ਮਿਲਦਾ ਹੈ ।
ਨਾਟਕ “ਹੈਪੀ ਬਰਡੇ” ਵਿਚ ਨਾਟਕਕਾਰ ਬੱਚਿਆਂ ਨੂੰ ਤੇ ਵੱਡਿਆਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਾਨੂੰ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸੁੱਧ ਕਰਨ ਲਈ ਕੁਝ ਨਵਾਂ ਕਰਨਾ ਚਾਹੀਦਾ ਹੈ ਜਿਸ ਨਾਲ ਸਾਨੂੰ ਸਭ ਨੂੰ ਫਾਈਦਾ ਹੋਵੇ ਜਿਵੇਂ ਨਾਟਕ ਦਾ ਮਿਕੀ ਆਪਣੇ ਜਨਮ ਦਿਨ ਦੇ ਮੌਕੇ ਤੇ ਇਕ ਨਵਾ ਪੌਦਾ ਲਗਾਉ਼ਦਾ ਹੈ ਤੇ ਆਪਣੇ ਮਿਤਰ ਤੋਂ ਵੀ ਇਕ ਪੌਦਾ ਲਗਵਾਉਂਦਾ ਹੈ, ਪਰ ਨਾਲ ਹੀ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਹੋ ਜਿਹੇ ਕੰਮ ਕੇਵਲ ਵਾਹ-ਵਾਹ ਕਰਵਾਉਣ ਜਾ ਅਖਬਾਰਾਂ ਵਿਚ ਫੋਟੋਆਂ ਲਗਵਾਉਣ ਖਾਤਰ ਨਹੀਂ ਕਰਨੇ ਚਾਹੀਦੇ ਬਲਕਿ ਪੌਦਿਆਂ ਨੂੰ ਸਮੇਂ-ਸਮੇਂ ਤੇ ਪਾਣੀ ਦੇਣਾ ਅਤੇ ਖਾਦ ਪਾਉਣਾ ਨਹੀਂ ਭੁੱਲਣਾ ਚਾਹੀਦਾ ਇਸ ਦੇ ਵੱਧਣ-ਫੁਲਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ । ਮਨੁੱਖ ਅਤੇ ਰੁੱਖਾਂ ਦਾ ਸੰਬੰਧ ਸਦੀਆਂ ਤੋਂ ਹੀ ਰਿਹਾ ਹੈ, ਇਸ ਲਈ ਇਸ ਨੂੰਂ ਖੁਰਾਕ ਤੇ ਪਾਣੀ ਦੇਣਾ ਵੀ ਸਾਡਾ ਕਰਤੱਵ ਬਣ ਜਾਂਦਾ ਹੈ। ਭਾਵੇਂ ਪੌਦੇ ਆਪਣਾ ਭੋਜਨ ਆਪ ਬਣਾ ਲੈਂਦੇ ਹਨ ਪਰ ਸਮੇਂ ਤੇ ਦੇਖ ਰੇਖ ਨਾ ਹੋਣ ਤੇ ਇਹ ਕੁਮਲਾ ਜਾਂਦੇ ਹਨ। ਇਸ ਨਾਟਕ ਵਿਚ ਸੁ਼ਕਲਾ ਜੀ ਨੇ ਖਾਦ ਬਣਾਉਣ ਦੀ ਵਿਧੀ ਦੱਸੀ ਹੈ। ਉਹ ਪਿੰਡ ਦੇ ਬਜੁਰਗਾਂ ਨੂੰ ਸਿਖਾਉਣਾ ਤਾਂ ਸ਼ਾਇਦ ਸਹੀ ਹੈ ਪਰ ਬੱਚਿਆਂ ਲਈ ਇਸ ਦਾ ਬਹੁਤਾ ਅਰਥ ਨਹੀਂ ਹੈ। ਬੱਚਿਆਂ ਨੂੰ ਤਾਂ ਖੇਡ-ਖੇਡ ਵਿਚ ਸਿੱਖਣ ਦੀ ਆਦਤ ਹੁੰਦੀ ਹੈ ਜਿਸ ਦੇ ਆਧਾਰ ਤੇ ਉਹ ਕੁਝ ਗ੍ਰਹਿਣ ਕਰਦੇ ਹਨ।
“ਜਦੋ ਰੋਸ਼ਨੀ ਹੋਈ”ਨਾਟਕ ਵਿਚ ਡਾ: ਫਕੀਰ ਚੰਦ ਸ਼ੁਕਲਾ ਅੰਧ-ਵਿਸਵਾਸ਼ਾਂ ਨੂੰ ਤੋੜ ਕੇ ਮਿਹਨਤ ਉਪਰ ਵਧੇਰੇ ਜੋਰ ਦਿੰਦਾ ਹੈ। ਨਾਟਕ ਦੇ ਪਾਤਰ ਜੋ ਤਵੀਤ ਆਦਿ ਲੈ ਕੇ ਪੇਪਰ ਕਰਨ ਲਈ ਜਾਂਦੇ ਹਨ ਉਨ੍ਹਾਂ ਦਾ ਪੇਪਰ ਤਾਂ ਮਾੜਾ ਹੁੰਦਾ ਹੈ ਪ੍ਰੰਤੂ ਵਿਕਰਾਂਤ ਵਰਗੇ ਮਿਹਨਤੀ ਬੱਚਿਆਂ ਲਈ ਮਿਹਨਤ ਹੀ ਸਫਲਤਾ ਦੀ ਪੂੰਜੀ ਹੈ। ਵਿਕਰਾਤ ਤਾਂ ਉਦੋਂ ਵੀ ਬੱਚਿਆਂ ਨੂੰ ਖਰੀਆਂ-ਖਰੀਆਂ ਸੁਣਾ ਦਿੰਦਾ ਹੈ ਜਦੋਂ ਉਸ ਨੂੰ ਦੋ ਸੋ ਰੁਪਏ ਖਰਚ ਕੇ ਸਾਧੂ ਕੋਲੋਂ ਤਬੀਤ ਲਿਆਉਣ ਲਈ ਕਿਹਾ ਜਾਂਦਾ ਹੈ। ਉਹ ਕਹਿੰਦਾ ਹੈ:-
“ਮੈਂ ਨਹੀਂ ਮੰਨਦਾ ਇਹਨਾਂ ਅੰਧ-ਵਿਸ਼ਵਾਸ ਦੀਆਂ ਗੱਲਾਂ ਨੂੰ_____ਤੇ ਨਾਲੇ ਤੁਸੀਂ ਵੀ ਧਿਆਨ ਨਾਲ ਸੁਣ ਲਵੋ-ਸਫਲਤਾ ਮਿਹਨਤ ਕਰਨ ਨਾਲ ਮਿਲਦੀ ਏ--- ਧਾਗੇ ਤਵੀਤਾਂ ਨਾਲ ਨੀ---ਜਾਉ,ਤੁਸੀਂ ਵੀ ਜਾਕੇ ਪੜ੍ਹਾਈ ਕਰੋ-ਮੈਂ ਵੀ ਹਾਲੇ ਮੈਥ ਦਾ ਕੰਮ ਕਰਨਾ ਏ---।’
ਵਿਕਰਾਂਤ ਦਾ ਵਿਗਿਆਨਿਕ ਮਨ ਹਰ ਚੀਜ਼ ਪਿੱਛੇ ਕਾਰਣ ਲੱਭਦਾ ਹੈ। ਇਸੇ ਲਈ ਉਹ ਬਿਨਾ ਮਾਚਿਸ ਅੱਗ ਲਾਉਣ ਦੀ ਘਟਨਾ ਨੂੰ ਇਉਂ ਲੈਂਦਾ ਹੈ:-
“ਏਹਦੇ ‘ਚ ਛੱਡਣ ਆਲੀ ਕਿਹੜੀ ਗੱਲ ਆ--- ਕਾਗਜ਼ ਤੇ ਪੋਟਾਸ਼ੀਅਮ ਪਰਮੇਗਨੇਟ ਲੈ ਕੇ ਇਸ ਵਿਚ ਗਲੈਸਰੀਨ ਦੀਆਂ ਬੂੰਦਾਂ ਮਿਲਾਕੇ ਹਿਲਾ ਦੋ। ਬਸ ਕਾਗਜ਼ ਨੂੰ ਅੱਗ ਲੱਗ ਜਾਵੇਗੀ ।”
ਇਸ ਤਰ੍ਹਾਂ ਨਾਟਕ ਵਿਚ ਰਹੱਸ ਬਣਿਆ ਰਹਿੰਦਾ ਹੈ ਕਿ ਕੀ ਬੱਚੇ ਧਾਗੇ ਤਵੀਤਾਂ ਨਾਲ ਆਪਣੇ ਪੇਪਰ ਵਧੀਆ ਕਰ ਲੈਣਗੇ? ਕ੍ਰਿਕਟ ੱਿਜਤਣ ਦੇ ਦ੍ਰਿਸ਼ ਤੋਂ ਇਉਂ ਲੱਗਦਾ ਹੈ ਕਿ ਬੱਚਿਆਂ ਨੇ ਧਾਗੇ ਤਵੀਤਾਂ ਨੂੰ ਪ੍ਰਵਾਨ ਕਰ ਲਿਆ ਹੈ ਪ੍ਰੰਤੂ ਪੇਪਰਾਂ ਦੇ ਠੀਕ ਨਾ ਹੋਣ ਤੇ ਬੱਚਿਆਂ ਦਾ ਇਹ ਭਰਮ ਦੂਰ ਹੋ ਜਾਂਦਾ ਹੈ ਤੇ ਵਿਕਰਾਂਤ ਦੀ ਕਹੀ ਗੱਲ ਸੱਚ ਵਿਚ ਬਦਲ ਜਾਂਦੀ ਹੈ ।
ਉਪਰੋਕਤ ਨਾਟਕਾਂ ਦੇ ਵਿਸ਼ਲੇਸ਼ਣ ਤੋਂ ਬਾਦ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਡਾ: ਫਕੀਰ ਚੰਦ ਸ਼਼ੁਕਲਾ ਬੱਚਿਆਂ ਦੇ ਮਨ ਨੂੰ ਸਮਝਣ ਲਈ ਯਤਨਸ਼ੀਲ ਤਾਂ ਹੈ ਪਰ ਕਈ ਵਾਰ ਉਹ ਬਾਲ ਮਨ ਤੇ ਪ੍ਰੋੜ ਮਨ ਨੂੰ ਰੱਲਗੱਡ ਕਰ ਦਿੰਦਾ ਹੈ। ਇਸ ਸਭ ਕੁਝ ਦੇ ਬਾਵਜੂਦ ਡਾ:ਸ਼ੁਕਲਾ ਦੀ ਮਿਹਨਤ ਦੀ ਦਾਦ ਦੇਣੀ ਬਣਦੀ ਹੈ ਜੋ ਲਗਾਤਾਰ ਬੱਚਿਆਂ ਲਈ ਨਾਟਕ ਤੇ ਹੋਰ ਸਾਹਿਤ ਰੂਪਾਂ ਦੀ ਰਚਨਾ ਕਰ ਰਿਹਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਉਸ ਦੇ ਤੇ ਉਸ ਵਰਗੇ ਹੋਰ ਸਾਹਿਤਕਾਰਾਂ ਦੇ ਯਤਨਾਂ ਸਦਕਾ ਪੰਜਾਬੀ ਵਿਚ ਚੰਗਾ ਬਾਲ ਸਾਹਿਤ ਸਾਹਮਣੇ ਆਉਂਦਾ ਰਹੇਗਾ।
(ਸੀ-122, ਯੁਨੀਵਰਸਿਟੀ ਕੈਂਪਸ, ਕੁਰੂਕਸ਼ੇਤਰ-136119)(3 ਫਰਵਰੀ 2007) ਯੂਨੀਕੋਡ
ਡਾ: ਰਜਨੀ ਰਾਣੀ ਦੀ 'ਲਿਖਾਰੀ' ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>
e-mail:
ਲਿਖਾਰੀ
© likhari: Punjabi Likhari Forum-2001-2007