|
ਅਜੋਕਿਆਂ ਸਮਿਆਂ ਵਿਚ ਗੁਰਮਤਿ ਦੀ ਪ੍ਰਸੰਗਿਕਤਾ
-ਡਾ. ਕਰਮਜੀਤ ਸਿੰਘ- (ਪ੍ਰੋਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ,ਕੁਰੂਕਸ਼ੇਤਰ (ਹਰਿਆਣਾ) |
ਲੋਕ ਧਾਰਾ ਦੇ ਵਿਸ਼ੇਸ਼ਗ ਅਤੇ ਪੰਦਰਾਂ ਪੁਸਤਕਾ ਦੇ ਲੇਖਕ/ਚਿੰਤਕ/ਆਲੋਚਕ ਡਾ: ਕਰਮਜੀਤ ਸਿੰਘ, ਪੰਜਾਬੀ ਸਾਹਿਤਕ ਖੇਤਰ ਵਿੱਚ ਕਿਸੇ ਵੀ ਰਸਮੀ ਜਾਣ-ਪਹਿਚਾਣ ਦੇ ਮੁਥਾਜ ਨਹੀਂ। ਅੱਜਕਲ ਆਪ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ) ਵਿਖੇ ਪੰਜਾਬੀ ਵਿਭਾਗ ਵਿੱਚ ਪਰੋਫੈਸਰ ਹਨ। 'ਲਿਖਾਰੀ' ਵਿੱਚ ਆਪ ਦੀਆਂ ਉੱਚ-ਕੋਟੀ ਦੀਆਂ ਰਚਨਾਵਾਂ ਸਮੇਂ ਸਮੇਂ ਸਿਰ ਸੁ-ਸ਼ੋਭਿਤ ਹੁੰਦੀਆਂ ਰਹਿੰਦੀਆਂ ਹਨ। ਆਪ ਦੀ ਇਕ ਹੋਰ ਰਚਨਾ:
'ਅਜੋਕਿਆਂ ਸਮਿਆਂ ਵਿਚ ਗੁਰਮਤਿ ਦੀ ਪ੍ਰਸੰਗਿਕਤਾ' ਪਾਠਕਾਂ ਦੇ ਰੂ-ਬ-ਰੂ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ। ਇਹ ਪੇਪਰ 5 ਮਈ 2007 ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਕਾਰਲ ਮਾਰਕਸ ਦੇ ਜਨਮ ਦਿਵਸ ਤੇ ਜਲੰਧਰ ਪੜ੍ਹਿਆ ਗਿਆ।--'ਲਿਖਾਰੀ'ਆਪਣੀ ਗੱਲ ਆਰੰਭ ਕਰਨ ਤੋਂ ਪਹਿਲਾ ਮੈਂ ਕੁਝ ਤੱਥਾਂ ਵੱਲ ਧਿਆਨ ਦੇਣਾ ਜ਼ਰੂਰੀ ਸਮਝਦਾ ਹਾਂ। ਪੰਜਾਬੀ ਵਿਚ ਪ੍ਰਗਤੀਵਾਦੀ ਲਹਿਰ ਦੇ ਚੜ੍ਹਾਅ ਦੇ ਦੌਰਾਨ ਵੀਹਵੀਂ ਸਦੀ ਦੇ ਸੱਠਵਿਆਂ ਤੇ ਸੱਤਰਵਿਆਂ ਵਿਚ ਸਿੱਖ ਲਹਿਰ ਤੇ ਗੁਰਬਾਣੀ ਬਾਰੇ ਭਖਵੀਂ ਚਰਚਾ ਹੁੰਦੀ ਰਹੀ। ਭਖਵੀਂ ਚਰਚਾ ਦਾ ਕਾਰਣ ਮਾਰਕਸਵਾਦੀ ਬੁੱਧੀਜੀਵੀਆਂ ਦਾ ਦੋ ਖੇਮਿਆਂ ਵਿਚ ਵੱਟ ਜਾਣਾ ਸੀ। ਇਕ ਖੇਮੇ ਦੀ ਅਗਵਾਈ ਸੰਤ ਸਿੰਘ ਸੇਖੋਂ ਕਰ ਰਿਹਾ ਸੀ ਤਾਂ ਦੂਜੀ ਧਿਰ ਕਿਸ਼ਨ ਸਿੰਘ ਦੀ ਅਗਵਾਈ ਵਿਚ ਉੱਗਰ ਰੂਪ ਧਾਰਣ ਕਰ ਰਹੀ ਸੀ। ਦੋਨੇ ਧਿਰਾਂ ਇਕੋ ਪਲੇਟਫਾਰਮ ਤੇ ਜੂਤ ਪਤਾਣ ਵੀ ਹੁੰਦੀਆਂ ਰਹੀਆਂ। ਅਜਿਹਾ ਤਾਂ ਨਹੀਂ ਕਿ ਸੇਖੋਂ ਕਿਸ਼ਨ ਸਿੰਘ ਤੋਂ ਬਾਦ ਇਹ ਚਰਚਾ ਸਮਾਪਤ ਹੋ ਜਾਂਦੀ ਹੈ। ਸਗੋਂ ਰਵਿੰਦਰ ਰਵੀ ‘ਸੇਧ’ ਨੂੰ ਚਲਾਉਣ ਦਾ ਵੀ ਯਤਨ ਕਰਦਾ ਹੈ। ਕੇਸਰ ਸਿੰਘ ਕੇਸਰ ਤੇ ਦੀਦਾਰ ਸਿੰਘ, ਸੇਖੋਂ ਦੇ ਵਿਚਾਰਾਂ ਨੂੰ ਮੌਖਿਕ ਰੂਪ ਵਿਚ ਅੱਗੇ ਤੋਰਦੇ ਹਨ। ਹੁਣੇ ਜਿਹੇ ਗੁਰਮੀਤ ਸਿੰਘ ਟਿਵਾਣਾ ਦੀ ਪੁਸਤਕ ਧਰਮ ਬਨਾਮ ਮਾਰਕਸਵਾਦ (2004) ਕਿਸ਼ਨ ਸਿੰਘ ਦੀ ਵਿਚਾਰਧਾਰਾ ਨੂੰ ਅਗਾਂਹ ਤੋਰਦੀ ਹੈ। ਮੈਂ ਆਪ ਇਸ ਸਾਰੀ ਬਹਿਸ ਦਾ ਸ਼ਰੋਤਾ ਰਿਹਾ ਹਾਂ ਇਸ ਲਈ ਅੱਜ ਕੋਸਿ਼ਸ਼ ਕਰਾਂਗਾ ਕਿ ਬਾਹਰਮੁਖੀ ਹੋ ਕਿ ਦੋਨਾਂ ਦਾ ਵਿਸ਼ਲੇਸ਼ਣ ਕਰਕੇ ਕਿਸੇ ਨਤੀਜੇ ਉੱਪਰ ਪਹੁੰਚਿਆ ਜਾ ਸਕੇ। ਇਹ ਵੀ ਤੱਥ ਹੈ ਕਿ ਜਿੱਥੇ ਭਾਰਤੀ ਇਤਿਹਾਸ ਨੂੰ ਮਾਰਕਸਵਾਦੀ ਦ੍ਰਿਸ਼ਟੀ ਤੋਂ ਘੋਖਣ ਵਾਲੇ ਵਿਦਵਾਨ ਸਾਹਮਣੇ ਆਏ ਅਤੇ ਉਨ੍ਹਾਂ ਨੇ ਸੰਪਰਦਾਇਕ ਲੋਕਾਂ ਦਾ ਗੁੱਸਾ ਵੀ ਝੱਲਿਆਂ ਜੋ ਅੱਜ ਵੀ ਝੱਲ ਰਹੇ ਹਨ, ਉੱਥੇ ਪੰਜਾਬ ਦੇ ਇਤਿਹਾਸ ਨੂੰ ਇਸ ਦ੍ਰਿਸ਼ਟੀ ਤੋਂ ਵਾਚਣ ਵਾਲਾ ਇਕ ਵੀ ਇਤਿਹਾਸਕਾਰ ਮੌਜੂਦ ਨਹੀਂ। ਲਾ ਪਾ ਕੇ ਅਕਾਦਮਿਕ ਖੇਤਰ ਉੱਪਰ ਹੀ ਨਿਰਭਰ ਹੋਣਾ ਪੈਂਦਾ ਹੈ। ਇਸ ਪਾਸੇ ਇਕੋ ਇਕ ਲੇਖ ‘ਗੁਰੂ ਨਾਨਕ ਤੇ ਉਨ੍ਹਾਂ ਦਾ ਸਮਾਂ’ ( ਕ.ਜ਼.ਅਸ਼ਰਾਫਿਆਨ) ਮਹੱਤਵਪੂਰਣ ਹੈ।
ਕਿਸ਼ਨ ਸਿੰਘ ਇਸ ਗੱਲੋਂ ਸਪੱਸ਼ਟ ਹੋ ਕਿ “ਮਜ਼੍ਹਬ ਹਮੇਸ਼ਾ ਜਮਾਤੀ ਹਿੱਤ ਪ੍ਰਗਟ ਕਰਦਾ ਹੈ, ਉਸ ਦਾ ਹੀ ਰੈਸ਼ਨੇਲ ਹੁੰਦਾ ਹੈ। ਜਦੋਂ ਪ੍ਰਚਲਿਤ ਕੀਮਤਾਂ ਦੇ ਖਿਲਾਫ਼ ਨਵਾਂ ਮਜ਼੍ਹਬ ਉੱਠਦਾ ਹੈ ਉਹ ਕਾਇਮ ਜਮਾਤ ਦੇ ਖਿਲਾਫ਼ ਕਿਸੇ ਉੱਠਦੀ ਜਮਾਤ ਦਾ ਹਿੱਤ, ਉਸਦਾ ਰੈਸ਼ਨੇਲ ਹੁੰਦਾ ਹੈ ਅਤੇ ਉਸਦੇ ਪਿੱਛੇ ਉਸਦੀ ਉੱਠਦੀ ਜਮਾਤ ਹੁੰਦੀ ਹੈ।”(1) ਕਿਸ਼ਨ ਸਿੰਘ ਸਪੱਸ਼ਟ ਹੈ ਕਿ ਉੱਠਦੀ ਧਾਰਮਿਕ ਲਹਿਰ ਪ੍ਰਾਗਰੈਸਿਵ ਹੁੰਦੀ ਹੈ। ਕਿਸੇ ਜਮਾਤ ਦੀ ਪ੍ਰਤੀਨਿਧਤਾ ਕਰਦੀ ਹੈ ਤੇ ਉਹ ਕਿਸੇ ਪਹਿਲੀ ਜਮਾਤ ਦੀ ਵਿਰੋਧੀ ਵੀ ਹੁੰਦੀ ਹੈ। ਸਿੱਖ ਧਰਮ ਦਾ ਸਮਾਂ ਜਗੀਰਦਾਰੀ ਦਾ ਸਮਾਂ ਹੈ ਇਸ ਵਿਚੋਂ ਬੁਰਜੁਆਜ਼ੀ ਨੇ ਪੈਦਾ ਹੋ ਕੇ ਜਗੀਰਦਾਰੀ ਨੂੰ ਢਹਿ ਢੇਰੀ ਕਰਨਾ ਹੈ। ਪਰੰਤੂ ਵਪਾਰੀ ਜਮਾਤ ਨੂੰ ਸਮੁੱਚੇ ਤੌਰ ਤੇ ਅੱਖੋਂ ਉਹਲੇ ਕਰਨਾ ਕਿਸ਼ਨ ਸਿੰਘ ਦੀ ਜਾਣੇ ਜਾਂ ਅਣਜਾਣੇ ਸਭ ਤੋਂ ਵੱਡੀ ਕੁਤਾਹੀ ਹੈ। ਇਸੇ ਲਈ ਉਹ ਸਿੱਧਾ ਜਗੀਰਦਾਰਾਂ ਵਿਰੁੱਧ, ਕਿਸਾਨਾਂ, ਕਾਰੀਗਰਾਂ ਦੀ ਜਮਾਤ ਤੱਕ ਪਹੁੰਚ ਜਾਂਦਾ ਹੈ। ਉਹ ਕਹਿੰਦਾ ਹੈ “ ਸਿੱਖ ਲਹਿਰ ਕਿਸਾਨਾਂ, ਕਾਰੀਗਰਾਂ ਅਤੇ ਕਾਮਿਆਂ ਦੀ ਫਿਊਂਡਲ ਦੇ ਵਿਰੁੱਧ ਆਪਣੀ ਆਜ਼ਾਦੀ ਵਾਸਤੇ ਇਨਕਲਾਬੀ ਜੱਦੋ ਜਹਿਦ ਸੀ ਅਤੇ ਗੁਰਬਾਣੀ ਉਸ ਲਹਿਰ ਦੀ ਵਿਚਾਰਧਾਰਾ, ਮਜ਼ਹਬੀ ਰੂਪ ਵਿਚ ਮਨੁੱਖ ਦੀ ਸਰਬੱਤ ਦੀ ਆਜ਼ਾਦੀ ਦਾ ਸੱਚ।”(2)
ਮਾਰਕਸਵਾਦੀਆਂ ਵਾਸਤੇ ਬਾਹਰਮੁਖੀ ਵਿਸ਼ਲੇਸ਼ਣ ਦਾ ਬਹੁਤ ਵੱਡਾ ਮਹੱਤਵ ਹੈ। ਪੂਰਵ ਨਿਸ਼ਚਿਤ ਧਾਰਣਾਵਾਂ, ਦ੍ਰਿਸ਼ਟੀਕੋਣ ਨੂੰ ਵਿਗਾੜਕੇ ਵੀ ਰੱਖ ਸਕਦੀਆਂ ਹਨ। ਕਿਸ਼ਨ ਸਿੰਘ ਨਾਲ ਵੀ ਅਜਿਹਾ ਹੀ ਹੋਇਆ ਹੈ। ਉਸ ਨੇ ਤੈਅ ਕੀਤਾ ਕਿ ਮਾਰਕਸਵਾਦੀ ਨਜ਼ਰੀਏ ਤੋਂ ਗੁਰਬਾਣੀ ਦੀ ਵਿਆਖਿਆ ਕੀਤੀ ਜਾਵੇ। ਪਰ ਅਜਿਹਾ ਕਰਦਿਆ ਉਹ ਸਿੱਖ ਬਣ ਗਿਆ, ਜਿਸ ਨੂੰ ਗੁਰਬਾਣੀ ਮਾਰਕਸਵਾਦੀ ਵਿਚਾਰਧਾਰਾ ਦੇ ਬਰਾਬਰ ਤੋਂ ਵੀ ਅਗਾਂਹ ਦਿੱਸਣ ਲੱਗ ਪਈ। ਮਾਇਆ ਨੂੰ ਉਸ ਨੇ ਪੂੰਜੀ ਬਣਾ ਦਿੱਤਾ ਤੇ ਅਜਿਹੀਆਂ ਕਈ ਹੋਰ ਫਾਰਮੂਲੇਸ਼ਨਾਂ ਬਣਾ ਧਰੀਆਂ। ਇੱਥੇ ਇਕ ਦੇਖੀ ਜਾ ਸਕਦੀ ਜੋ ਸਪੱਸ਼ਟ ਹੋਣ ਦੀ ਬਜਾਇ ਘਚੋਲਾ ਪੈਦਾ ਕਰਦੀ ਹੈ। ਉਸ ਅਨੁਸਾਰ, “ ਗੁਰਬਾਣੀ ਅਨੁਸਾਰ ਬਦੀ ਮਾਇਆ ਹੈ। ਮਾਇਆ ਸਮੁੰਦਰ ਦੀ ਧੀ ਲੱਛਮੀ ਹੈ, ਪੈਸਾ ਹੈ ਜਾਂ ਉਹ ਨਿਜ਼ਾਮ ਹੈ ਜਿਸ ਵਿਚ ਸਮਾਜਿਕ ਮਨੁੱਖੀ ਜਿ਼ੰਦਗੀ ਦਾ ਮਨੋਰਥ ਜਾਤੀ ਜਾਇਦਾਦ ਬਣਾਉਣਾ ਹੈ ਅਤੇ ਜਿਸ ਵਿਚ ਮਨੁੱਖ ਉਸ ਜਾਤੀ ਜਾਇਦਾਦ ਬਣਾਉਣ ਦਾ ਵਸੀਲਾ ਹੀ ਹੁੰਦਾ ਹੈ। ਜ਼ਾਹਿਰ ਹੈ ਕਿ ਗੁਰਬਾਣੀ ਅਨੁਸਾਰ ਬਦੀ ਜਾਂ ਮਾਇਆ ਕੋਈ ਨਾ ਸਮਝੀ ਜਾਣ ਵਾਲੀ ਜਾਂ ਕਾਬੂ ਵਿਚ ਨਾ ਆਉਣ ਵਾਲੀ ਚੀਜ਼ ਨਹੀਂ। ਮਾਇਆ (ਬਦੀ) ਸਮਾਜਿਕ ਪੈਦਾਵਾਰ ਹੈ। ਸਮਾਜ ਵਿਚ ਉਹ ਰੱਬ ਦੇ ਹੁਕਮ ( ਇਤਿਹਾਸਕ ਉਸਾਰੀ ਦੇ ਕਾਨੂੰਨ) ਦੇ ਅਧੀਨ ਪੈਦਾ ਹੋਈ ਹੈ ਅਤੇ ਉਸੇ ਕਾਨੂੰਨ ਦੇ ਅਧੀਨ ਹੀ (ਰੱਬ ਦੇ ਹੁਕਮ ਅਧੀਨ ਹੀ) ਖ਼ਤਮ ਹੋ ਜਾਵੇਗੀ। ਇਹ ਇਕ ਸਮਾਜਿਕ ਪੈਦਾਵਾਰ ਹੈ ਇਕ ਕਿਸਮ ਦਾ ਸਮਾਜਿਕ ਨਿਜ਼ਾਮ ਹੈ। ਸਮਾਜ ਦੀ ਇਤਿਹਾਸਕ ਉਸਾਰੀ ਦੀ ਕਿਸੇ ਸਟੇਜ ਉੱਤੇ ਖ਼ਾਸ ਹਾਲਾਤ ਦੇ ਪ੍ਰਸੰਗ ਵਿਚ ਮਨੁੱਖ ਦੀ ਹੀ ਕਰਨੀ ਰਾਹੀਂ, ਮਨੁੱਖ ਦੇ ਹੱਥੋ ਹੀ ਇਸ ਦੀ ਸਫ਼ ਵਲੇਟੀ ਜਾਵੇਗੀ।” (3) ਅਜਿਹੀਆਂ ਸਥਾਪਨਾਵਾਂ ਕਾਰਣ ਕਿਸ਼ਨ ਸਿੰਘ ਗੁਰਮਤਿ ਪ੍ਰਕਾਸ਼ ਵਿਚ ਛਪਦਾ ਰਿਹਾ ਤੇ ਧਾਰਮਿਕ ਵਿਆਕਤੀਆਂ ਨੇ ਇਹ ਧਾਰਣਾ ਬਣਾ ਲਈ ਕਿ ਜੇ ਗੁਰਬਾਣੀ ਮਾਰਕਸਵਾਦੀ ਸੱਚ ਦਾ ਪ੍ਰਗਟਾਵਾ ਹੈ ਤਾਂ ਫਿਰ ਮਾਰਕਸਵਾਦੀ ਹੋਣ ਦੀ ਕੀ ਲੋੜ ਹੈ। ਸਭ ਕੁਝ ਆਦਿ ਗ੍ਰੰਥ ਵਿਚ ਹੀ ਹੈ। ਇਉਂ ਅਦਾਨ ਪ੍ਰਦਾਨ ਦੇ ਸਾਰੇ ਰਸਤੇ ਖ਼ਤਮ ਹੋ ਜਾਂਦੇ ਹਨ। ਆਪਣੀਆਂ ਲਿਖਤਾਂ ਵਿਚ ਕਿਸ਼ਨ ਸਿੰਘ ਬਾਰ ਬਾਰ ਇੰਨ੍ਹਾਂ ਧਾਰਨਾਵਾਂ ਨੂੰ ਦਹਰਾਉਂਦਾ ਹੋਇਆ ਹਿੰਦੂ-ਮੁਸਲਿਮ ਫਿਊਡਲ ਇਨ੍ਹਾਂ ਦੇ ਵਿਚਾਰਧਾਰਕਾਂ ਬ੍ਰਾਹਮਣ ਦੇ ਕਾਜ਼ੀ ਦਾ ਜਿ਼ਕਰ ਕਰਦਾ ਹੈ। ਇਨ੍ਹਾਂ ਦੇ ਵਿਰੁੱਧ ਲੋਕ ਹਿਤ ਦੇ ਪੈਂਤੜੇ ਦੇ ਵਿਚਾਰਧਾਰਕਾਂ ਦਾ ਪੈਦਾ ਹੋਣਾ ਸੱਚ ਹੈ, ਪਰ ਇੰਨ੍ਹਾਂ ਵਿਚਾਰਧਾਰਕਾਂ ਦੀ ਜਮਾਤ ਬਾਰੇ ਚੁੱਪ ਸਾਧਣਾ ਸਰਾਸਰ ਗਲਤ ਸੀ।
ਕਿਸ਼ਨ ਸਿੰਘ ਦਾ ਪੈਰੋਕਾਰ ਗੁਰਮੀਤ ਸਿੰਘ ਟਿਵਾਣਾ ਤਾਂ ਮਾਰਕਸਵਾਦ ਦੀਆਂ ਰਾਜਨੀਤਕ ਤੇ ਸਿੱਖ ਧਰਮ ਦੀਆਂ ਰਹੱਸਵਾਦੀ ਹੱਦਾਂ ਹੀ ਤੋੜ ਦਿੰਦਾ ਹੈ ਅਤੇ ਇੰਨ੍ਹਾਂ ਦੀਆਂ ਰੂਹਾਂ ਨੂੰ ਇਕ ਸੁਰ ਕਰ ਦਿੰਦਾ ਹੈ। ਉਹ ਐਲਾਨ ਕਰਦਾ ਹੈ, “ਜੇ ਸਹੀ ਅਰਥਾਂ ਵਿਚ ਦੇਖਿਆ ਜਾਵੇ ਤਾਂ ਧਰਮ ਤੇ ਮਾਰਕਸਵਾਦ ਦੀ ਰੂਹ ਇਕੋ ਹੈ- ਜੇ ਰੂਹ ਦਾ ਅਰਥ ਅਧਿਭੌਤਿਕ ਗਿਆਨ ਦੇ ਅੰਗ ਵਜੋਂ ਨਹੀਂ ਲਏ ਜਾਂਦੇ। ਦੋਨੋਂ ਕਿਸੇ ਵੀ ਪ੍ਰਕਾਰ ਦੇ ਸ਼ੋਸ਼ਣ ਦੇ ਮੁੱਢੋਂ ਵੈਰੀ ਹਨ। ਦੋਨੋਂ ਹੀ ਮਨੁੱਖ ਨੂੰ ਇਸ ਧਰਤੀ ਤੇ ਕੁਦਰਤ ਦੀ ਸਭ ਤੋਂ ਵੱਡੀ ਕਿਰਤ ਸਮਝਦੇ ਹਨ, ਇਸ ਨੂੰ ਸਵੈਮਾਨ ਦਵਾਉਣ ਦੀ ਪ੍ਰਤਿੱਗਿਆ ਕਰਦੇ ਹਨ। ਦੋਵੇਂ ਹੀ ਪਰਉਪਕਾਰਤਾ, ਭਰਾਤਰੀਅਤਾ ਅਤੇ ਸਾਂਝੀਵਾਲਤਾ ਲਈ ਵਚਨਬੱਧ ਹਨ।”(5) ਮਾਰਕਸਵਾਦ ਦੀ ਨੀਂਹ ਦਵੰਵਵਾਦੀ ਭੌਤਿਕਵਾਦ ਹੈ। ਪਰ ਗੁਰਬਾਣੀ ਅਦਵੈਤਾਦਵੈਤਵਾਦੀ ਦਰਸ਼ਨ ਦੇ ਨੇੜੇ ਹੈ। ਨੀਂਹ ਵੱਖਰੀ ਹੋਣ ਤੇ ਉਸਾਰੀ ਵੀ ਵੱਖਰੀ ਹੀ ਹੋਣੀ ਹੈ। ਮਾਰਕਸਵਾਦੀ ਦਰਸ਼ਨ ਅਤੇ ਗੁਰਬਾਣੀ ਦੋ ਵੱਖਰੀਆਂ ਵੱਖਰੀਆਂ ਵਿਸ਼ਵ ਦ੍ਰਿਸ਼ਟੀਆਂ ਰਾਹੀਂ ਸਮੁੱਚੇ ਵਰਤਾਰੇ ਨੂੰ ਦੇਖਦੇ ਹਨ। ਪਹੁੰਚਾਂ ਵੱਖ ਹਨ। ਪਰ ਗੁਰਮੀਤ ਸਿੰਘ ਟਿਵਾਣਾ ਨੂੰ ਸਮਾਜਵਾਦੀ ਲਹਿਰ ਇਕ ਸਦੀ ਪਿੱਛੇ ਪੈ ਗਈ ਜਾਪਦੀ ਹੈ। ਤਾਂ ਵੀ “ਧਰਮਾਂ ਦੀ ਅਸਲੀ ਆਤਮਾ ਨੂੰ ਪਛਾਣਦਿਆਂ ਮਨੁੱਖ ਮਾਤਰ ਦੇ ਰਾਜਸੀ ਤੇ ਸਿਧਾਂਤਕ ਤੌਰ ਤੇ ਸੁਚੇਤ ਕੀਤੇ ਜਾਣ ਅਤੇ ਲੋਕਾਈ ਦੇ ਇਸ ਹੜ੍ਹ ਅੰਦਰ ਆਪਣੇ ਬੁਨਿਆਦੀ ਹੱਕਾਂ ਖਾਤਰ ਜੂਝਣ ਲਈ ਲਾਮਬੰਦ ਹੋ ਸਕਣ ਦੀਆਂ ਸੰਭਾਵਨਾਵਾਂ ਮੌਜੂਦ ਹਨ।” (6) ਟਿਵਾਣਾ ਨੂੰ ਲੱਗਦਾ ਹੈ ਕਿ ਸਿੱਖ ਧਰਮ ਆਪਣੀ ਪੁਨਰ ਸੁਰਜੀਤੀ ਲਈ ਤਾਂਘ ਰਿਹਾ ਹੈ। (7) ਮਾਰਕਸਵਾਦੀ ਨਾਮ ਲੇਵਾ ਕਿਵੇਂ ਸਿੱਖੀ ਵਿਚ ਰੰਗ ਜਾਂਦੇ ਹਨ ਕਿ ਉਨ੍ਹਾਂ ਨੂੰ ਇਹ ਵੀ ਭੁੱਲ ਜਾਂਦਾ ਹੈ ਕਿ ਇਹ ਗੱਲਾਂ ਦੂਜੇ ਧਰਮਾਂ ਵਾਲੇ ਵੀ ਖੂਬ ਕਰ ਰਹੇ ਹਨ। ਉਨ੍ਹਾਂ ਵਿਚੋਂ ਅਤਿਵਾਦੀ ਪ੍ਰਵਿਰਤਆਂਿ ਵੀ ਪੈਦਾ ਹੁੰਦੀਆਂ ਹਨ। ਉਨ੍ਹਾਂ ਵਿਚ ਤੇ ਤੁਹਾਡੇ ਕੀ ਅੰਤਰ ਰਹਿ ਜਾਂਦਾ ਹੈ।
ਮਜ਼ੇ ਦੀ ਗੱਲ ਇਹ ਹੈ ਕਿ ਇੰਨ੍ਹਾਂ ਸੋ ਕਾਲਡ ਮਾਰਕਸਵਾਦੀਆਂ ਨਾਲੋਂ ਸਿੱਖ ਧਰਮ ਨਾਲ ਜੁੜੇ ਬੁੱਧੀਜੀਵੀ ਵਧੇਰੇ ਸਪੱਸ਼ਟ ਹਨ। ਉਹ ਸਿੱਖ ਧਰਮ ਨੂੰ ਵਡਿਆਉਂਦੇ ਹਨ ਜੋ ਉਨ੍ਹਾਂ ਨੇ ਵਡਿਆਉਣਾ ਹੀ ਹੈ ਪਰ ਉਹ ਮਾਰਕਸਵਾਦ ਨਾਲੋਂ ਭਿੰਨਤਾ ਜ਼ਰੂਰ ਥਾਪਦੇ ਹਨ। ਇੱਥੇ ਮੈਂ ਉਦਾਹਰਣ ਦੇਣਾ ਚਹਾਂਗਾ ਡਾ. ਸੁਰਿੰਦਰ ਸਿੰਘ ਕੋਹਲੀ ਦੀ। ਉਹ ਮਾਰਕਸਵਾਦੀ ਮਾਨਵਵਾਦ ਅਤੇ ਗੂਰੂ ਨਾਨਕ ਦੇਵ ਦੇ ਮਾਨਵਵਾਦ ਨੂੰ ਵੱਖ ਕਰਕੇ ਦੇਖਦਾ ਹੈ। ਉਸ ਅਨੁਸਾਰ, “ ਜਿੱਥੇ ਗੂਰੂ ਨਾਨਕ ਦੇਵ ਪਦਾਰਥਕ, ਨੈਤਿਕ ਅਤੇ ਆਤਮਿਕ ਪੱਧਰ ਤੇ ਸਮੁੱਚੀ ਮਾਨਵਤਾ ਦਾ ਭਲਾ ਚਿਤਵਦੇ ਹਨ ਉੱਥੇ ਮਾਰਕਸਵਾਦੀ, ਪਦਾਰਥਕ ਅਤੇ ਨੈਤਿਕ ਪੱਧਰ ਤੇ ਸਾਰੇ ਕਮਿਊਨਿਸਟ ਭਾਈਚਾਰੇ ਦਾ ਹਿੱਤ ਲੋਚਦਾ ਹੈ।”(8) ਕੋਹਲੀ ਇੱਥੇ ‘ਦੁਨੀਆਂ ਭਰ ਦੇ ਮਜ਼ਦੂਰੋ ਇਕ ਹੋ ਜਾਉ’ ਦੇ ਨਾਹਰੇ ਨੂੰ ਆਪਣੇ ਸੌੜੇ ਅਰਥ ਦੇ ਲੈਂਦਾ ਹੈ ਪਰ ਉਹ ਮੰਨਦਾ ਹੈ ਕਿ ਮਾਰਕਸਵਾਦੀ ਮਾਨਵਵਾਦ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ਵਿਚ ਰੱਖਦਾ ਅਤੇ ਸੰਘਰਸ਼ ਰਾਹੀਂ ਤਜਰਬੇ ਹਾਸਲ ਕਰਦਾ ਹੈ। ਮਾਰਕਸਵਾਦ ਵਾਂਗ ਗੂਰੂ ਨਾਨਕ ਦਾ ਮਾਨਵਵਾਦ, ਲੋਕਾਂ ਦੀਆਂ ਪਦਾਰਥਕ ਲੋੜਾਂ ਦਾ ਧਿਆਨ ਰੱਖਦਾ ਹੈ ਅਤੇ ਚਾਹੁੰਦਾ ਹੈ ਕਿ ਸਮਾਜ ਨੂੰ ਕੁੱ਼ਲੀ, ਗੁੱਲੀ ਦੇਣ ਦੀ ਜਿ਼ੰਮੇਵਾਰੀ ਰਾਜ ਦੀ ਹੈ। ਗੁਰੂ ਨਾਨਕ ਨੈਤਿਕ ਅਨੁਸ਼ਾਸ਼ਨ ਰਾਹੀਂ ਸਾਨੂੰ ਆਤਮਿਕ ਪੱਧਰ ਤੱਕ ਲੈ ਜਾਂਦੇ ਹਨ ਜਿਸ ਨੂੰ ਮਾਰਕਸਵਾਦ ਪੂਰੀ ਤਰਾਂ ਅੱਖੋਂ ਉਹਲੇ ਕਰਦਾ ਹੈ। ਸਮਾਜਿਕ ਅਸਮਾਨਤਾ ਦਾ ਗੁਰੂ ਨਾਨਕ ਅਤੇ ਮਾਰਕਸ ਦੋਨਾਂ ਨੇ ਵਿਰੋਧ ਕੀਤਾ ਹੈ। ਡਾ. ਸੂਰਿੰਦਰ ਸਿੰਘ ਕੋਹਲੀ ਇਸ ਨਤੀਜੇ ਤੇ ਪਹੁੰਚਦਾ ਹੈ ਕਿ, “ਮਾਰਕਸਵਾਦ ਦੇ ਮਾਨਵਵਾਦ ਨੂੰ ਪਦਾਰਥਵਾਦੀ ਮਾਨਵਵਾਦ ਕਿਹਾ ਜਾ ਸਕਦਾ ਹੈ, ਪਰ ਗੁਰੂ ਨਾਨਕ ਦਾ ਮਾਨਵਵਾਦ ਧਰਮ ਕੇਂਦਰਿਤ ਹੈ। ਉਹ ਇਕੋ ਮਹਾਨ ਸੋਮੇਂ ਦੀ ਗੱਲ ਕਰਦਾ ਹੈ ਜਿੱਥੋਂ ਅਸੀਂ ਆਏ ਹਾਂ ਤੇ ਜਿੱਥੇ ਅਸੀਂ ਜਾਣਾ ਹੈ। ਮਾਰਕਸ ਸਿਰਫ਼ ਬਾਹਰਮੁਖੀ ਰਹਿੰਦਾ ਹੈ, ਪਰ ਗੁਰੂ ਨਾਨਕ ਬਾਹਰ ਤੇ ਅੰਦਰ ਦੋਨਾਂ ਪਾਸੇ ਦੇਖਦੇ ਹਨ। ਉਹ ਪਦਾਰਥਕ ਅਤੇ ਆਤਮਕ ਲੋੜਾ ਵੱਲ ਧਿਆਨ ਦਿੰਦੇ ਹਨ।”(9) ਕੋਹਲੀ ਧਾਰਮਿਕ ਵਿਆਕਤੀ ਦੇ ਨਾਤੇ ਕਿਸ਼ਨ ਸਿੰਘ ਅਤੇ ਗੁਰਮੀਤ ਸਿੰਘ ਟਿਵਾਣਾ ਤੋਂ ਵਧੇਰੇ ਸਪੱਸ਼ਟ ਹੈ ਜਦ ਕਿ ਮਾਰਕਸਵਾਦੀ ਦ੍ਰਿਸ਼ਟੀ ਅਪਣਾਉਣ ਵਾਲਿ਼ਆਂ ਤੋਂ ਵਧੇਰੇ ਸਪੱਸ਼ਟ ਹੋਣ ਦੀ ਤਵੱਕੋ ਕੀਤੀ ਜਾਂਦੀ ਸੀ। ਕੋਹਲੀ ਸਪੱਸ਼ਟ ਹੈ ਕਿ ਦੋਨੇਂ ਵਿਚਾਰਧਾਰਾਵਾਂ ਵੱਖ ਹਨ ਪਰੰਤੂ ਟਿਵਾਣਾ ਧਾਰਮਿਕ ਸੰਕਲਪਾਂ ਨੂੰ ਅਪਣਾ ਕੇ ਸਮਾਜਵਾਦੀ ਇਨਕਲਾਬ ਤਕ ਨੇੜੇ ਭਵਿੱਖ ਵਿਚ ਹੀ ਪਹੁਮਚਣ ਦਾ ਦਾਅਵਾ ਕਰਦਾ ਹੈ। ਉਹ ਸਰਬੱਗ ਵਾਂਗ ਆਖਦਾ ਹੈ, “ਅੱਜ ਲੋੜ ਹੈ ਕਿ ਨਾਮ, ਰਜ਼ਾ, ਹੁਕਮ, ਹਉਮੈ, ਭਾਣਾ ਆਦਿ ਧਾਰਮਿਕ ਸੰਕਲਪਾਂ ਦੀ ਅਜੋਕੇ ਪ੍ਰਸੰਗ ਵਿਚ ਵਿਆਖਿਆ ਕੀਤੀ ਜਾਵੇ ਅਤੇ ਗੁਰਬਾਣੀ ਦੁਆਰਾ ਜਿਸ ਆਦਰਸ਼ ਮਨੁੱਖ ਗੁਰਮੁੱਖ ਦੀ ਸਿਰਜਣਾ ਕਤਿੀ ਗਈ ਹੈ, ਲੋਕਾਈ ਨੂੰ ਉਨ੍ਹਾਂ ਗੁਣਾ ਨੂੰ ਗ੍ਰਹਿਣ ਕਰਨ ਵੱਲ ਪ੍ਰੇਰਿਤ ਕੀਤਾ ਜਾਵੇ ਫਿਰ ਸਮਾਜਵਾਦੀ ਇਨਕਲਾਬ ਕੋਈ ਦੂਰ ਦੀ ਗੱਲ ਨਹੀਂ ਰਹਿ ਜਾਵੇਗੀ।”(10) ਵੈਸੇ ਰਜ਼ਾ, ਹੁਕਮ ਅਤੇ ਭਾਣਾ ਮੰਨਣ ਤੋਂ ਬਾਦ ਸਮਾਜਵਾਦੀ ਲੜਾਈ ਕੌਣ ਲਵੇਗਾ? ਇਹ ਤਾਂ ਟਿਵਾਣਾ ਹੀ ਦੱਸ ਸਕਦਾ ਹੈ।
ਹੁਣ ਅਸੀਂ ਆਉਂਦੇ ਹਾਂ ਸੰਤ ਸਿੰਘ ਸੇਖੋਂ ਵੱਲ। ਕਿਸ਼ਨ ਸਿੰਘ ਦੀ ਥੋਕ ਵਿਚ ਲਿਖਣ ਅਤੇ ਦੁਹਰਾ ਦੀ ਆਦਤ, ਸੇਧ ਦੇ ਪਰਚੇ ਰਾਹੀਂ ਲਗਾਤਾਰ ਪ੍ਰਚਾਰ ਅਤੇ ਮਾਰਕਸਵਾਦੀਆਂ ਦੀ ਸਿੱਖ ਮਾਨਸਿਕਤਾ ਨੇ ਇਸ ਪਾਸੇ ਆਪਣਾ ਕਾਫੀ ਪ੍ਰਭਾਵ ਜਮਾਇਆ ਹੈ। ਸੇਖੋਂ ਨੇ ਥੋੜ੍ਹਾ ਲਿਖਿਆ ਹੈ ਪਰ ਜੋ ਲਿਖਿਆ ਹੈ ਉਸ ਨੂੰ ਇਕ ਪਾਸੇ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਹ ਸਿੱਖ ਧਰਮ ਅਤੇ ਗੁਰਬਾਣੀ ਨੂੰ ਇਕ ਆਬਜੈਕਟ ਮੰਨਦਾ ਹੈ ਅਤੇ ਮਾਰਕਸਵਾਦੀ ਦ੍ਰਿਸ਼ਟੀ ਤੋਂ ਬਾਹਰਮੁਖੀ ਹੋ ਕੇ ਉਸ ਦਾ ਅਧਿਐਨ ਕਰਦਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਉਹ ਵਰਗ ਦ੍ਰਿਸ਼ਟੀ ਦਾ ਤਿਆਗ ਨਹੀਂ ਕਰਦਾ। ਇੰਨ੍ਹਾਂ ਕਾਰਣਾਂ ਕਰਕੇ ਸ਼ਾਇਦ ਮੈਂ ਉਸ ਦੇ ਵਿਚਾਰਾਂ ਨਾਲ ਜਿ਼ਆਦਾ ਸਹਿਮਤੀ ਰੱਖਦਾ ਦਿਖਾਈ ਦੇਵਾਂ। ਸੰਤ ਸਿੰਘ ਸੇਖੋਂ ਗੁਰਬਾਣੀ ਦੇ ਰਹੱਸਵਾਦੀ ਦ੍ਰਿਸ਼ਟੀਕੋਣ ਦੀਆਂ ਸੀਮਾਵਾਂ ਨੂੰ ਵੀ ਵੇਖਦਾ ਹੈ ਅਤੇ ਗੁਰੂ ਨਾਨਕ ਦੇ ਸਮਾਜਿਕ ਇਤਿਹਾਸਕ ਅਨੁਭਵ ਦੀ ਵਿਸ਼ੇਸਤਾ ਨੂੰ ਵੀ ਦਰਸਾਉਂਦਾ ਹੈ। ਉਹ ਲਿਖਦਾ ਹੈ ਕਿ, “ਗੁਰੁੂ ਨਾਨਕ ਦਾ ਇਤਿਹਾਸਕ ਤੇ ਸਮਾਜਿਕ ਅਨੁਭਵ, ਇਸ ਵਿਚਲੀ ਪੀੜ ਤੇ ਵੰਗਾਰ, ਗੁਰੂ ਨਾਨਕ ਦਾ ਬੌਧਿਕ ਸਾਹਸ, ਉਨ੍ਹਾਂ ਦਾ ਤਰਕਵਾਦੀ ਸੰ਼ਕਾਵਾਦ ਅਸਾਡੇ ਅਜੋਕੇ ਅਨੁਭਵ ਦਾ ਲੱਛਣ ਹੀ ਨਹੀਂ ਲੱਖ ਵੀ ਹੋ ਸਕਦੀ ਹੈ।”(11) ਗੁਰੂ ਨਾਨਕ ਦੀ ਸਮਾਜਿਕ ਤੇ ਰਾਜਨੀਤਕ ਚੇਤੰਨਤਾ ਉਪਰੋਕਤ ਗੁਣਾਂ ਕਾਰਣ ਅੱਜ ਵੀ ਸਾਰਥਕ ਤੌਰ ਤੇ ਵਿਚਾਰੀ ਜਾਣੀ ਚਾਹੀਦੀ ਹੈ।
ਸੰਤ ਸਿੰਘ ਸੇਖੋਂ ਕਿਸ਼ਨ ਸਿੰਘ ਵਾਂਗ ਵਪਾਰੀ ਵਰਗ ਨੂੰ ਅੱਖੋਂ ਓਹਲੇ ਨਹੀਂ ਕਰਦਾ, ਜਿਸ ਦਾ ਕਿਸ਼ਨ ਸਿੰਘ ਕਿਤੇ ਨਾਮ ਤਕ ਨਹੀਂ ਲੈਂਦਾ। ਸੰਤ ਸਿੰਘ ਸੇਖੋਂ ਵਧੇਰੇ ਬਾਹਰਮੁਖੀ ਹੈ। ਉਸ ਅਨੁਸਾਰ, “ਗੁਰੂ ਨਾਨਕ ਨੇ ਵੀ ਪਰਮ ਸੱਤ ਦੇ ਚਾਰ ਪੱਖ ਉਚਾਰਣ ਕੀਤੇ ਹਨ, ਰਾਜਾ, ਦਾਤਾ, ਸ਼ਾਹੂਕਾਰ ਤੇ ਕੰਤ। ਇਹ ਚਾਰੇ ਪੱਖ ਭੂਪਵਾਦੀ ਸਥਿਤੀ ਦੇ ਅਨੁਕੂਲ ਹਨ।”(12) ਅਗਾਂਹ ਜਾ ਕੇ ਸ਼ਾਹੂਕਾਰਾ ਸੰਬੰਧਾਂ ਬਾਰੇ ਉਹ ਲਿਖਦਾ ਹੈ, “ਇਹ ਸੰਬੰਧ ਭੂਪਵਾਦੀ ਯੁੱਗ ਦੀ ਪੂੰਜੀਵਾਦੀ ਯੁੱਗ ਵੱਲ ਸੰਕ੍ਰਾਂਤੀ ਦੇ ਸੂਚਕ ਹਨ।.....ਨਾਨਕ ਬਾਣੀ ਵਿਚ ਵਣਜ, ਵਪਾਰ, ਲਾਹੇ, ਟੋਟੇ ਦੇ ਸੰਕਲਪਾਂ ਵਿਚ ਪ੍ਰਗਟ ਹੁੰਦਾ ਹੈ।”(13) ਇੰਨ੍ਹਾਂ ਸੰਬੰਧਾਂ ਕਾਰਣ ਹੀ ਸੇਖੋਂ ਗੁਰਬਾਣੀ ਦੇ ਸਮਾਜਿਕ ਅੰਸ਼ਾਂ ਦੀ ਅਜੋਕੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ। “ਇਸ ਬਾਣੀ ਵਿਚ ਅਧਿਆਤਮਕ ਤੋਂ ਉਪਰੰਤ ਜਿਹੜੇ ਸ੍ਰਿਸ਼ਟਾਚਾਰਕ ਅਤੇ ਸਮਾਜਿਕ ਅੰਸ਼ ਹਨ ਉਹ ਤਾਂ ਬਹੁਤ ਹੀ ਕੰਮ ਆਉਣ ਵਾਲੇ ਹਨ ਕਿਉਂਕਿ ਇਹ ਬਾਣੀ ਆਧੁਨਿਕ ਸਮੇਂ ਦੇ ਮੁੱਢ ਦੀ ਹੈ। (ਵਪਾਰੀ-ਪੁੰਜੀਵਾਦ ਦੇ ਦੌਰ ਦੀ) ਜਦੋਂ ਜਨਤਾ ਦੀਆਂ ਹੇਠਲੀਆਂ ਸ਼੍ਰੇਣੀਆਂ ਜਿੰਨ੍ਹਾਂ ਨੂੰ ਭਾਰਤੀ ਪਰਿਭਾਸ਼ਾ ਵਿਚ ਵੈਸ਼ ਕਿਹਾ ਗਿਆ ਹੈ ਅਰਥਾਤ ਮੱਧ ਸੇ਼ਣੀ ਦੇ ਵਪਾਰੀ ਤੇ ਕਿਰਸਾਨ, ਰਜਵਾੜਾ ਸ਼੍ਰੇਣੀ ਦੇ ਵਿਰੁੱਧ ਵਿਦਰੋਹ ਲਈ ਤਤਪੱਰ ਹੋ ਰਹੇ ਸਨ ਅਤੇ ਇਸ ਦੇ ਕਈ ਪ੍ਰਕਰਨ ਇਸ ਦੇ ਅਜੋਕੇ ਪ੍ਰਕਰਨਾਂ ਨਾਲ ਮਿਲਦੇ ਜੁਲਦੇ ਹਨ।”(14) ਸਪੱਸ਼ਟ ਤੌਰ ਤੇ ਸਿੱਖ ਲਹਿਰ ਮੱਧ ਵਪਾਰੀ (ਵੈਸ਼) ਅਤੇ ਸ਼ੂਦਰਾਂ (ਹੱਥੀਂ ਕੰਮ ਕਰਨ ਵਾਲੇ ਸਾਰੇ ਲੋਕਾਂ) ਦੀ ਲਹਿਰ ਸੀ ਜਿਸ ਦੀ ਅਗਵਾਈ ਵਪਾਰੀ ਜਮਾਤ ਦੇ ਪ੍ਰਤਿਨਿਧ ਗੁਰੂ ਕਰ ਰਹੇ ਸਨ। ਕ. ਜ਼. ਅਸ਼ਰਾਫਿ਼ਆਨ ਇਸ ਤੱਥ ਵੱਲ ਸਾਡਾ ਧਿਆਨ ਦੁਆਉਂਦਾ ਹੈ ਕਿ “ਭਾਰਤ ਵਿਚ ਸੋਲਵੀਂ ਸਦੀ ਤੋਂ ਪਿੱਛੋਂ ਭਗਤੀ ਲਹਿਰ ਦੀ ਵਪਾਰੀ, ਦਸਤਕਾਰ ਸਾਂਝੇ ਵਿਰੋਧ ਵਜੋਂ ਹੋਂਦ ਨਾ ਰਹੀ, ਪਰ ਸਿੱਖ ਧਰਮ ਸਾਮੰਤ ਵਿਰੋਧੀ ਕਿਸਾਨ ਘੋਲ ਵੱਲ ਅਗਾਂਹ ਵਧਿਆ।”(15) ਪੰਜਾਬ ਵਿਚ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਵਾਪਰਿਆ ਕਹਿਣਾ ਇਹ ਚਾਹੀਦਾ ਹੈ ਕਿ ਵਪਾਰੀ ਲੀਡਰਸਿ਼ਪ ਨਾ ਰਹਿਣ ਕਾਰਣ ਬੰਦਾ ਬਹਾਦਰ ਦੀ ਅਗਵਾਈ ਵਿਚ ਬਦਲਾ ਲਊ ਮੁਹਿੰਮਾਂ ਤੋਂ ਬਾਅਦ ਮੁਗਲ ਸਾਮਰਾਜ ਦੇ ਪਤਨ ਨਾਲ਼ ਕਿਸਾਨੀ ਭਾਰੂ ਹੁੰਦੀ ਹੈ ਅਤੇ ਇਹ ਮਿਸਲਾਂ ਤੋਂ ਬਾਅਦ ਜਾਗੀਰਦਾਰੀ ਵਿਚ ਸਥਾਪਤੀ ਕਰਦੀ ਹੈ। ਰਣਜੀਤ ਸਿੰਘ ਦੇ ਰਾਜ ਵਿਚ। ਪੰਜਾਹ ਸਾਲ ਦੇ ਰਣਜੀਤ ਸਿੰਘ ਦੇ ਕਾਲ ਤੋਂ ਬਾਦ ਅੰਗਰੇਜ਼ੀ ਸਾਮਰਾਜਵਾਦ ਦੇ ਆੳਂੁਣ ਨਾਲ ਫਿਰ ਇਹ ਲਹਿਰ ਅੰਗਰੇਜ਼ੀ ਸਾਮਰਾਜ ਵਿਰੋਧੀ ਲਹਿਰ ਬਣਦੀ ਹੈ। ਹੁਣ ਤਾਂ ਅਸੀਂ ਉੱਤਰਆਧੁਨਿਕ ਸਥਿਤੀ ਵਿਚ ਵਿਚਰ ਰਹੇ ਹਾਂ ਜੇਮਸਨ ਦੇ ਵਿਚਾਰਾਂ ਵੱਲ ਆਉਂਣ ਤੋਂ ਪਹਿਲਾਂ ਸੰਤ ਸਿੰਘ ਸੇਖੋਂ ਦੇ ਹੋਰ ਮਹੱਤਵਪੂਰਣ ਵਿਚਾਰਾਂ ਨੂੰ ਜਾਨਣਾ ਜ਼ਰੂਰੀ ਹੈ।
ਬਾਬਾ ਫ਼ਰੀਦ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਸੰਬੰਧੀ ਸੰਤ ਸਿੰਘ ਸੇਖਂੋ ਦੀ ਇਕ ਮੁੱਲਵਾਨ ਟਿੱਪਣੀ ਹੈ ਕਿ, “ਇਕ ਤਰ੍ਹਾਂ ਨਾਲ ਗੁਰਮਤਿ ਉਸ ਸਮੇਂ ਦਾ ਸਾਂਝਾ ਫਰੰਟ ਹੈ, ਜਿਸ ਵਿਚ ਇਸਲਾਮ ਦੀਆਂ ਸੰਪਰਦਾਇਕ ਵਧੀਕੀਆਂ ਅਤੇ ਇਸਲਾਮੀ ਕੱਟੜਵਾਦ ਦੇ ਵਿਰੁੱਧ ਸੇਖ਼ ਫ਼ਰੀਦ ਜਿਹੇ ਫ਼ਕੀਰਾਂ ਦੀ ਸਹਾਇਤਾ ਪ੍ਰਾਪਤ ਕੀਤੀ ਗਈ।”(16) ਇਸ ਨੂੰ ਹੋਰ ਅਗਾਂਹ ਵਿਸਤਾਰ ਕੇ ਕਿਹਾ ਜਾ ਸਕਦਾ ਹੈ ਕਿ ਵਪਾਰੀ ਜਮਾਤ ਨੇ ਭਾਰਤੀ ਪਰੰਪਰਾ ਵਿਚੋਂ ਦਲਿਤ ਚਿੰਤਨ ਨਾਲ ਜੁੜੇ ਆਗੂਆਂ ਦੀ ਬਾਣੀ ਲੈ ਕੇ ਇਕ ਪਾਸੇ ਬ੍ਰਹਮਣਵਾਦੀ ਜਾਗੀਦਾਰੀ ਸਿਸਟਮ ਦੇ ਖਿਲਾਫ਼ ਮੋਰਚਾ ਮਜ਼ਬੂਤ ਕੀਤਾ ਅਤੇ ਫ਼ਰੀਦ ਨਾਲ ਮੋਰਚਾ ਬਣਾ ਕੇ ਮੁਗਲ ਸਾਮਰਾਜਵਾਦ/ਜਮੀਰਦਾਰੀ ਵਿਰੁੱਧ ਵਿਚਾਰਧਾਰਕ ਲੜਾਈ ਆਰੰਭੀ। ਇਸ ਦੇ ਸਿੱਟੇ ਵਜੋਂ ਸਿੱਖ ਸਫ਼ਾਂ ਵਿਚ ਹਿੰਦੂ ਮੁਸਲਮਾਨ ਦੋਨੋਂ ਸ਼ਾਮਿਲ ਹੁੰਦੇ ਹਨ। ਸੰਤ ਸਿੰਘ ਸੇਖੋਂ ਜਦੋਂ ਜਮਾਤੀ ਦ੍ਰਿਸ਼ਟੀ ਤੋਂ ਗੁਰਬਾਣੀ ਦਾ ਅਧਿਐਨ ਕਰਦਾ ਹੈ ਤਾਂ ਉਸਨੂੰ ਇਸਤ੍ਰੀ ਦਾ ਸਰੂਪ ਵੀ ਜਮਾਤੀ ਵਿਖਾਈ ਦਿੰਦਾ ਹੈ। ਇਸ ਸਰੂਪ ਦੀ ਪੈੜ ਉਹ ਗੁਰਬਾਣੀ ਦੇ ਬਿੰਬਾਂ/ਅਲੰਕਾਰਾਂ ਤਕ ਜਾ ਲੱਭਦਾ ਹੈ। ਉਹ ਲਿਖਦਾ ਹੈ ਕਿ, “ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਗੁਰੂ ਸਾਹਿਬਾਨ ਦੇ ਅਲੰਕਾਰਾਂ ਦੀ ਨੀਂਹ ਵਿਚ ਮੱਧ ਮਹਾਜਨੀ ਘਰਾਂ ਦੀ ਪਤੀ ਭਗਤਣੀ ਇਸਤ੍ਰੀ ਹੈ ਜਿਸ ਤੋਂ ਮਜ਼ਦੂਰੀ ਨਾਲੋਂ ਵਧੇਰੇ ਭਗਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਸ਼ਾਹ ਹੁਸੈਨ ਤੇ ਹਦਾਇਤੁਲਾ ਦੇ ਅਲੰਕਾਰਾਂ ਦੀ ਨੀਂਹ ਵਿਚ ਮਜ਼ਦੂਰ ਕਿਸਾਨ ਘਰਾਣਿਆਂ ਦੀ ਇਸਤ੍ਰੀ ਹੈ ਜਿਸ ਤੋਂ ਭਗਤੀ ਨਾਲੋਂ ਵਧੇਰੇ ਕੰਮ ਦੀ ਮੰਗ ਕੀਤੀ ਜਾਂਦੀ ਹੈ।”(17)
ਪ੍ਰੇਮੀ-ਪ੍ਰੇਮਿਕਾ ਦੇ ਸੰਬੰਧ ਵੀ ਸੇਖੋਂ ਨੂੰ ਜਾਗੀਰਦਾਰੀ ਵਾਲੇ ਲੱਗਦੇ ਹਨ। “ਪ੍ਰੇਮ ਕਰਨ ਜਾਂ ਦੇਣ ਵਾਲਾ ਪੱਖ ਇਸ੍ਰਤੀ ਦਾ ਰਹਿਆ ਹੈ। ਅਰਥਾਤ ਇਸਤ੍ਰੀ ਪ੍ਰੇਮਕਾ ਤੇ ਮਨੁੱਖ ਪ੍ਰੀਤਮ ਰਹਿਆ ਹੈ। ਕੁਝ ਹੋਰ ਅਗੇਰੇ ਦੀ ਵਿਚਾਰ ਕਰਨ ਨਾਲ ਸਿੱਧ ਹੋ ਜਾਂਦਾ ਹੈ ਕਿ ਪ੍ਰੇਮ ਦਾ ਇਹ ਰੂਪ ਜਾਗੀਰਦਾਰੀ ਸਮਾਜ ਦਾ ਇਕ ਲੱਛਣ ਹੈ।”(18) ਇਸੇ ਅਸਮਾਨਤਾ ਦੇ ਸੰਬੰਧਾਂ ਕਾਰਣ ਗੁਰਮਤਿ ਵਿਚ ਔਰਤ ਮਰਦ ਦੀ ਬਰਾਬਰੀ ਦੇ ਸੰਕਲਪ ਤੋਂ ਸੇਖੋਂ ਬਹੁਤਾ ਸੰਤੁਸ਼ਟ ਨਹੀੰਂ ਕਿਉਂਕਿ ਉਸ ਅਨੁਸਾਰ, “ਇਹ ਗੱਲ ਸਪੱਸ਼ਟ ਹੈ ਕਿ ਗੁਰਬਾਣੀ ਇਸਤ੍ਰੀ ਪੁਰਖ ਦੀ ਸਮਾਨਤਾ ਦਾ ਸੰਕਲਪ ਪੇਸ਼ ਕਰਦੀ ਹੈ ਪਰ ਇਸ ਸਮਾਨਤਾ ਨੂੰ ਸਥਾਪਿਤ ਤੇ ਨਿਸਚਿਤ ਕਰਨ ਲਈ ਕਿਹੜੇ ਸਮਾਜਿਕ ਸਮਾਚਾਰ ਦੀ ਆਵਸ਼ਕਤਾ ਹੈ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ। ਕਹਿਆ ਜਾ ਸਕਦਾ ਹੈ ਕਿ ਗੁਰਬਾਣੀ ਇਸ ਸਮਾਚਾਰ ਦੇ ਸਥਾਪਿਤ ਜਾਂ ਨਿਸ਼ਚਿਤ ਕਰਨ ਦਾ ਸਵਾਲ ਸਮਾਜ ਦੀਆਂ ਹੋਰ ਸ਼ਕਤੀਆਂ ਜੋਗਾ ਛੱਡ ਦਿੰਦੀ ਹੈ।”(19) ਇਹ ਗੱਲ ਦਲਿਤ ਬਰਾਬਰੀ ਬਾਰੇ ਵੀ ਕਹੀ ਜਾ ਸਕਦੀ ਹੈ। ਕ. ਜ਼. ਅਸ਼ਰਾਫਿਆਨ ਅਜਿਹੇ ਚਿੰਤਨ ਪਿੱਛੇ ‘ਸਾਮੰਤੀ ਸ਼ਕਤੀਮਾਨਤਾ’ ਅਤੇ ‘ਪੂਰਵ ਨਿਸਚਿਤ ਰਜ਼ਾ ਦੇ ਸੰਕਲਪ ਨੂੰ ਵੇਖਦਾ ਹੈ। ਉਹ ਲਿਖਦਾ ਹੈ’ “ਮੱਧ ਕਾਲੀਨ ਮਨੁੱਖ ਦੇ ਸੰਸਾਰ ਦ੍ਰਿਸ਼ਟੀਕੋਣ ਦਾ ਤੰਗ ਤੇ ਬੱਝਿਆ ਹੋਣਾ ਭਗਤਾਂ ਨੂੰ ਜਿਨ੍ਹਾਂ ਵਿਚ ਸਿੱਖ ਵੀ ਸ਼ਾਮਿਲ ਸਨ, ਇਸ ਗੱਲ ਦੀ ਆਗਿਆ ਨਹੀਂ ਸੀ ਦਿੰਦਾ ਕਿ ਉਹ ਹਰ ਥਾਂ ਫੈਲੀ ਸਮਾਜਿਕ ਨਾਂ ਬਰਾਬਰੀ ਦੇ ਅਸਲੀ ਕਾਰਣਾਂ ਨੂੰ ਸਮਝਣ ਦੀ ਹੱਦ ਤਕ ਊਚਾ ਉੱਠ ਸਕਣ। ਸਾਮੰਤਾਂ ਦੀ ਸਰਬ-ਸ਼ਕਤੀਮਾਨਤਾ ਅਤੇ ਲੋਕਾਂ ਦੀ ਅਧਿਕਾਰਹੀਣਤਾ ਵਿਚ ਅਮੀਰ ਲਹੂ ਪੀਣਿਆਂ ਤੇ ਭੁੱਖੇ ਮਿਹਨਤਕਸ਼ਾਂ ਵਿਚ, ਲੋਕਾਂ ਦੀ ਵੰਡ ਵਿਚ ਗੁਰੂ ਨਾਨਕ ਰੱਬ ਦੀ ਪੂਰਵ-ਨਿਸ਼ਚਿਤ ਰਜ਼ਾ ਵੇਖਦੇ ਹਨ।”(20)
ਉਪਰੋਕਤ ਚਰਚਾ ਇਹ ਸਪੱਸ਼ਟ ਕਰਦੀ ਹੈ ਕਿ ਜਦੋਂ ਅਸੀਂ ਗੁਰਬਾਣੀ ਦੀ ਸਮਕਾਲੀ ਪ੍ਰਸੰਗਿਕਤਾ ਬਾਰੇ ਵਿਚਾਰ ਕਰੀਏ ਤਾਂ ਪਹਿਲਾਂ ਉਸ ਦਾ ਇਤਿਹਾਸਕ, ਸਭਿਆਚਾਰਕ, ਦਾਰਸ਼ਨਿਕ, ਸਮਾਜਿਕ ਆਦਿ ਸੰਦਰਭਾਂ ਵਿਚ ਮੁਲਾਕਣ ਅਵੱਸ਼ ਕਰ ਲਈਏ। 12ਵੀਂ ਤੋਂ 17ਵੀਂ ਸਦੀ ਤਕ ਦੇ ਇਤਿਹਾਸ ਵਿਚ ਰਚੀ ਬਾਣੀ ਦਾ ਮੁਲਾਂਕਣ ਕਰਕੇ ਹੀ ਅਸੀਂ ਪ੍ਰਸੰਗਿਕਤਾ ਨੂੰ ਸਹੀ ਰੂਪ ਵਿਚ ਜਾਣ ਸਕਦੇ ਹਾਂ। ਵਿਸ਼ਵ ਪੱਧਰ ਤੇ ਅਸੀਂ ਪੂਰਵ ਬਾਜ਼ਾਰ ਪੂੰਜੀਵਾਦ ਤੋਂ ਚਲ ਕੇ ਅੱਜ ਉੱਤਰਆਧੁਨਿਕ ਪੜਾਅ ਤਕ ਪਹੁੰਚ ਗਏ ਹਾਂ। ਇਨ੍ਹਾਂ ਪੜਾਵਾਂ ਬਾਰੇ ਸੰਖੇਪ ਜਾਣਕਾਰੀ ਜੇਮਸਨ ਦੇ ਸ਼ਬਦਾਂ ਵਿਚ ਇਉਂ ਹੈ, “ਪਹਿਲਾ ਪੜਾਅ ਬਾਜ਼ਾਰ ਪੂੰਜੀਵਾਦ ਦਾ ਹੈ-18 ਵੀਂ ਸਦੀ ਤੋਂ ਲੈ ਕੇ 19 ਵੀਂ ਸਦੀ ਦੇ ਅਖੀਰ ਤਕ ਚਲਦਾ ਹੈ......ਦੂਜਾ ਪੜਾਅ 19ਵੀਂ ਸਦੀ ਦੇ ਅੱਧ ਤਕ ਆਉਂਦਾ ਹੈ। ਇਹ ਅਜਾਰੇਦਾਰੀ ਪੂੰਜੀਵਾਦੀ ਪੜਾਅ ਹੈ......ਤੀਜੇ ਪੜਾਅ ਉਪਰ ਅਸੀਂ ਹੁਣ ਹਾਂ ਇਹ ਪੜਾਅ ਮਲਟੀਨੈਸ਼ਨਲ ਪੂੰਜੀਵਾਦ ਦਾ ਹੈ ਜੋ ਵਸਤਾਂ ਵੇਚਣ ਅਤੇ ਵਸਤੂ ਉਪਭੋਗਤਾ ਉਪਰ ਜ਼ੋਰ ਦਿੰਦਾ ਹੈ, ਵਸਤਾਂ ਪੈਦਾ ਕਰਨ ਉਪਰ ਓਨਾ ਨਹੀਂ।”(21) ਇਸ ਸਭ ਕੁਝ ਦੀ ਚਰਚਾ ਕਰਨ ਦਾ ਮਕਸਦ ਕੇਵਲ ਇਹ ਦਰਸਾਉਣਾ ਹੈ ਕਿ ਪੂਰਵ ਆਧੁਨਿਕ ਕਾਲ ਤੋਂ ਲੈ ਕੇ ਹੁਣ ਤਕ ਕਈ ਸਦੀਆਂ ਦਾ ਸਫ਼ਰ ਤੈਅ ਹੋਇਆ ਹੈ । ਇਸ ਦੇ ਆਰੰਭ ਦੌਰਾਨ ਅਰਜਿਤ ਕੀਤੀਆਂ ਗਈਆਂ ਮਾਨਵੀ ਕਦਰਾਂ ਕੀਮਤਾਂ ਨੂੰ ਪਿਛਲਾ ਅਜੋਕਾ ਪੜਾਅ ਤਿਆਗਦਾ ਚਲਾ ਜਾਂਦਾ ਹੈ। ਅਰਾਜਕਤਾ ਤੇ ਮੁਨਾਫ਼ਾ ਅੱਜ ਦੀ ਇਕੋ ਇਕ ਕੀਮਤ ਰਹਿ ਗਈ ਹੈ। ਅਤਿ ਦੇ ਵਿਅਕਤੀਵਾਦ ਨੇ ਸਾਮੂਹਿਕਤਾ ਨੂੰ ਢਾਹ ਲਾਈ ਹੈ। ਜਿਸ ਰਾਹ ਤੇ ਅਸੀਂ ਤੁਰ ਰਹੇ ਹਾਂ ਰਹਿੰਦੀਆਂ ਮਾਨਵੀ ਕਦਰਾਂ ਕੀਮਤਾਂ ਵੀ ਖੁਰਨਗੀਆਂ ਹੀ ਖੁਰਨਗੀਆਂ। ਅਜਿਹੇ ਸਮੇਂ ਆਧੁਨਿਕ ਕਾਲ ਦੇ ਮੁਢਲਿਆਂ ਸਮਿਆਂ ਦੀਆਂ ਉਨ੍ਹਾਂ ਸਾਰੀਆਂ ਕਦਰਾਂ ਕੀਮਤਾਂ ਨੂੰ ਵਿਸ਼ਲੇਸ਼ਣ ਕਰਕੇ ਦੁਬਾਰਾ ਆਤਮਸਾਤ ਕਰਨਾ ਪਵੇਗਾ ਤਾਂ ਕਿ ਅਜੋਕੇ ਸਮਿਆਂ ਦੇ ਚੈਲੈਜ ਨੂੰ ਸਵੀਕਾਰ ਕੀਤਾ ਜਾ ਸਕੇ। ਇਥੇ ਅਸੀਂ ਸਿਰਫ਼ ਉਪਰਲੇ ਅਧਿਐਨ ਦੇ ਆਧਾਰ ਤੇ ਗੁਰਮਤਿ ਵਿਚ ਅਜੋਕੇ ਯੁੱਗ ਵਿਚ ਗ੍ਰਹਿਣ ਕਰਨ ਯੋਗ ਜਾਂ ਪ੍ਰਾਸੰਗਿਕ ਤੱਤਾਂ ਤਕ ਹੀ ਆਪਣੇ ਆਪ ਨੂੰ ਸੀਮਤ ਰੱਖਾਂਗੇ।
ਸਭ ਤੋਂ ਪਹਿਲਾਂ ਸਾਡੇ ਲਈ ਮਹੱਤਵਪੂਰਣ ਹੈ, ਪਦਾਰਥਕ ਤੇ ਨੈਤਿਕ ਪੱਖ ਜੋ ਇਹ ਲੌਕਿਕ ਜੀਵਨ ਨਾਲ ਜੁੜਿਆ ਹੋਇਆ ਹੈ। ਜਿਵੇਂ ਅਸੀਂ ਉਪਰ ਸੁਰਿੰਦਰ ਸਿੰਘ ਕੋਹਲੀ ਦੇ ਵਿਚਾਰ ਦੇਖ ਚੁੱਕੇ ਹਾਂ ਕਿ ਗੁਰੁ ਨਾਨਕ ਪਦਾਰਥਕ ਲੋੜਾਂ, ਕੁੱਲੀ, ਗੁੱਲੀ ਤੇ ਜੁੱਲੀ ਦੇ ਮਸਲਿਆਂ ਨੂੰ ਵੀ ਹੱਲ ਹੋਇਆ ਵੇਖਣਾ ਚਾਹੁੰਦੇ ਹਨ। ਇਥੇ ਸਾਡੇ ਲਈ ਭਗਤ ਕਬੀਰ, ਧੰਨਾ ਅਤੇ ਭਗਤ ਰਵਿਦਾਸ ਦੀ ਬਾਣੀ ਦਾ ਹੋਰ ਵੀ ਮਹੱਤਵ ਵਧੇਰੇ ਹੈ ਕਿਉਂਕਿ ਨਿਚਲੀਆਂ ਜਮਾਤਾਂ ਵਿਚੋਂ ਹੋਣ ਕਰਕੇ, ਉਹ ਰੱਬ ਕੋਲੋਂ ਆਮ ਲੋੜਾਂ ਪੂਰੀਆਂ ਕਰਨ ਦੀ ਮੰਗ ਕਰਦੇ ਹਨ। ਭਗਤ ਰਵਿਦਾਸ, ‘ਬੇਗਮਪੁਰਾ’ ਸ਼ਹਿਰ ਦੀ ਕਲਪਨਾ ਕਰਦੇ ਹਨ।
-ਗੋਪਾਲ ਤੇਰਾ ਆਰਤਾ।
ਜੋ ਜਨ ਤੁਮਰੀ ਸੇਵ ਕਰੰਤੇ, ਤਿਨ ਕੇ ਕਾਜ ਸਵਾਰਤਾ।। ਰਹਾਉ।।
ਦਾਲਿ ਸੀਧਾ ਮਾਗਉ ਘੀਉ। ਹਮਰਾ ਖੁਸ਼ੀ ਕਰੇ ਨਿਤ ਜੀਉ।
ਪਨੀਆਂ ਛਾਦਨ ਨੀਕਾ। ਅਨਾਜ ਮਾਂਗਉਂ ਸਤ ਸੀਕਾ
ਗਊ ਭੈਸ ਮਾਂਗਉਂ ਲਾਵੇਰੀ। ਇਕ ਤਾਜਨਿ ਤੁਰੀ ਚੰਗੇਰੀ।
ਘਰ ਕੀ ਗੀਹਨਿ ਚੰਗੀ। ਜਨ ਧੰਨਾ ਲੇਵੈ ਮੰਗੀ।-ਭੂਖੇ ਭਗਤਿ ਨਾ ਕੀਜੈ। ਯਹ ਮਾਲਾ ਅਪਨੀ ਲੀਜੈ।
ਹਉ ਮਾਂਗਉਂ ਸੰਤਨ ਰੇਨਾ। ਮੈਂ ਨਾਹੀ ਕਿਸੀ ਕਾ ਦੇਨਾ।
ਮਾਧਉ ਕੈਸੀ ਬਨੇ ਤੁਮ ਸੰਗੇ। ਆਪਿ ਨ ਦੇਹ ਤ ਲੇਵਉ ਮੰਗੇ।। ਰਹਾਉ।।
ਦੁਇ ਸੇਰ ਮਾਂਗਉਂ ਚੂਨਾ। ਪਾਉ ਘੀਉ ਸੰਗਿ ਲੂਨਾ।
ਅੱਧ ਸੇਰ ਮਾਂਗਉਂ ਦਾਲੇ। ਮੋਕਉ ਦੋਨਉਂ ਵਖਤ ਜਿਵਾਲੇ।
ਖਾਟੁ ਮਾਂਗਉਂ ਚਉਪਾਈ। ਿਸਰਹਾਨਾ ਅਵਰ ਤੁਲਾਈੰ।
ਊਪਰ ਕਉ ਮਾਂਗਉਂ ਖੀਂਧਾ। ਤੇਰੀ ਭਗਤਿ ਕਰੇ ਜਨੁ ਥੀਂਦਾ
ਮੈਂ ਨਾਹੀਂ ਕੀਤਾ ਲਬੋ। ਇਕ ਨਾਉ ਤੇਰਾ ਮੈ ਫਬੋ।
ਕਹਿ ਕਬੀਰ ਮਨੁ ਮਾਨਿਆ। ਮਨ ਮਾਨਿਆ ਤਉ ਹਰ ਜਾਨਿਆ।ਭਗਤਾਂ ਵਲੋਂ ਵਰਣਿਤ ਰਾਜ ਅਤੇ ਆਮ ਲੋੜਾਂ ਦੀ ਜਦੋਂ ਤਕ ਪੂਰਤੀ ਨਹੀਂ ਹੁੰਦੀ ਇਨ੍ਹਾਂ ਪਮਗਤੀਆਂ ਦੀ ਪ੍ਰਸੰਗਿਕਤਾ ਬਣੀ ਰਹੇਗੀ।
ਅੱਜ ਸਾਡੇ ਲਈ ਮਹੱਤਵਪੂਰਣ ਹੈ ਗੁਰਬਾਣੀ ਦਾ ਮਾਨਵਵਾਦੀ ਸੰਦੇਸ਼। ਇਸੇ ਵਿਚਾਰ ਨੂੰ ਅਸੀਂ ਸੰਪ੍ਰਦਾਇਕ ਏਕਤਾ ਦੇ ਪ੍ਰਸੰਗ ਤਕ ਵਧਾ ਸਕਦੇ ਹਾਂ ਕਿਉਂਕਿ ਗੁਰਮਤਿ ਜਾਤ ਧਰਮ ਦੇ ਆਧਾਰ ਤੇ ਫ਼ਰਕ ਕਰਨ ਵਿਚ ਯਕੀਨ ਨਹੀਂ ਕਰਦੀ।
-ਹਿੰਦੂ ਤੁਰਕ ਕੋਊ, ਰਾਫ਼ਜ਼ੀ ਇਮਾਮ ਸਾਫ਼ੀ।
ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।-ਏਕੈ ਨੈਨ, ਏਕੈ ਕਾਨ, ਏਕੈ ਦੇਹ ਏਕੈ ਬਾਨ,
ਖਾਕ ਬਾਦ ਆਤਿਸ਼ ਔ ਆਬ ਕੋ ਰਲਾਵ ਹੈ। (ਅਕਾਲ ਉਸਤਤਿ)-ਕੋਈ ਬੋਲੈ ਰਾਮ ਰਾਮ, ਕੋਈ ਖੁਦਾਇ।
ਕੋਈ ਸੇਵੇ ਗੁਸਈਆਂ, ਕੋਈ ਅਲਾਹਿ। (ਰਾਮਕਲੀ ਮਹਲਾ-5)
-ਅਲਹੁ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ।
ਹਿੰਦੂ ਮੂਰਤ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ। (ਪ੍ਰਭਾਤੀ ਕਬੀਰ)-ਅਵਲਿ ਅਲਹੁ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ।
ਏਕ ਨੂਰ ਤੇ ਸਭ ਜਗ ਉਪਜਿਆ, ਕਉਨ ਭਲੇ ਕੋ ਮੰਦੇ। (ਪ੍ਰਭਾਤੀ ਕਬੀਰ)ਗੁਰਮਤਿ ਉਪਰ ਵਿਚਾਰ ਕਰਦਿਆਂ ਸਾਨੂੰ ਇਸ ਤੱਥ ਦੀ ਵੀ ਸੋਝੀ ਹੁੰਦੀ ਹੈ ਕਿ, “ਗੁਰੂ ਨਾਨਕ ਦੇ ਸੰਕਲਪਾਂ ਦੀ ਮਾਨਨਵਾਦੀ ਵਸਤੂ, ਉਨ੍ਹਾਂ ਦਾ ਮਾਨਵਵਾਦ ਇਨ੍ਹਾਂ ਅਰਥਾਂ ਵਿਚ ਯਥਾਰਥਕ ਹੈ ਕਿ ਉਹਨਾਂ ਦੇ ਯੁੱਗ ਦੀਆਂ ਠੋਸ ਹਾਲਤਾਂ ਵਿਚ, ਜਿਨ੍ਹਾਂ ਨੇ ਗੁਰੁ ਨਾਨਕ ਦੇ ਵਿਚਾਰਾਂ ਨੂੰ ਨਿਸਚਿਤ ਕੀਤਾ, ਮਨੁੱ਼ਖ ਦੇ ਤੱਤ ਨੂੰ ਸਮਝਿਆ ਜਾ ਸਕਦਾ ਹੈ, ਭਾਵੇਂ ਉਨ੍ਹਾਂ ਦੇ ਮਾਨਵਵਾਦ ਉਪਰ ਧਾਰਮਿਕ ਲੀਹਾਂ ਦਾ ਬੋਝ ਹੈ, ਜਿਸਨੇ ਮਗਰਲੇ ਗੁਰੂਆਂ ਵਲੋਂ ਭਾਵਵਾਚੀ ਦਿਸ਼ਾ ਵਲ ਗੁਰੂੁ ਨਾਨਕ ਦੇ ਵਿਚਾਰਾਂ ਦਾ ਵਿਕਾਸ ਕਰਨਾ ਨਿਸਚਿਤ ਕੀਤਾ, ਇਹ ਰੁਝਾਨ ਅੱਜ ਵੀ ਜਿਉਂਦਾ ਜਾਗਦਾ ਹੈ।”(22)
ਸੰਤ ਸਿੰਘ ਸੇਖੋਂ ਵੱਲੋਂ ਕਹੀ ਗਈ ਇਹ ਗੱਲ ਮਹੱਤਵਪੂਰਣ ਹੈ ਕਿ ਗੁਰਬਾਣੀ ਦੇ ਇਤਿਹਾਸਕ ਤੇ ਸਮਾਜਿਕ ਅਨੁਭਵ, ਇਸ ਵਿਚਲੀ ਪੀੜ ਤੇ ਵੰਗਾਰ, ਗੁਰੂ ਨਾਨਕ ਦਾ ਬੌਧਿਕ ਸਾਹਸ ਅਤੇ ਉਨ੍ਹਾਂ ਦੇ ਤਰਕਵਾਦੀ ਸ਼ੰਕਾਵਾਦ ਨੂੰ ਅਜੋਕੇ ਅਨੁਭਵ ਦਾ ਅੰਗ ਬਣਾਉਣਾ ਪਵੇਗਾ। ਪਾਰਲੌਕਿਕਤਾ ਦੀ ਥਾਂ ਇਹ ਲੌਕਿਕਤਾ ਤੇ ਦਵੰਦਵਾਦੀ ਪਦਾਰਥਵਾਦੀ ਸੋਚ ਨਾਲ ਇਸ ਸਭ ਕੁਝ ਨੂੰ ਇਕਮਿਕ ਕਰਕੇ ਵਿਅਕਤੀਗਤ ਅਤੇ ਸਾਮੂਹਿਕ ਤੌਰ ਤੇ ਲੰਮੇ ਸੰਘਰਸ਼ਾਂ ਲਈ ਤਿਆਰ ਹੋਇਆ ਜਾ ਸਕਦਾ ਹੈ। ਗੁਰੂ ਸਾਹਿਬਾਨ ਨੇ ਆਪਣੇ ਵੇਲੇ ਦੇ ਸਮਾਜ ਦੇ ਲੋਕਾਂ ਨਾਲ ਅਤੇ ਉਸ ਵੇਲੇ ਦੇ ਸਾਮਰਾਜ ਨਾਲ ਸੰਗਠਿਤ ਰੂਪ ਵਿਚ ਲੜਾਈ ਲੜੀ। ਅੱਜ ਇਹ ਲੜਾਈ ਨਵ-ਸਾਮਰਾਜਵਾਦ ਵਿਰੁੱਧ ਅਤੇ ਲੋਕਾਂ ਦੇ ਹੱਕ ਵਿਚ ਲੜੀ ਜਾਣੀ ਹੈ।
ਅੱਜ ਦੀ ਵਿਚਾਰਧਾਰਕ ਲੜਾਈ ਵਿਚ ਗੁਰਮਤਿ ਦੇ ‘ਦਲਿਤ’ ਸੰਬੰਧੀ ਅਤੇ ਇਸਤ੍ਰੀ ਸੰਬੰਧੀ ਵਿਚਾਰਾਂ ਦੇ ਮਹੱਤਵ ਨੂੰ ਅਸੀਂ ਪਹਿਲਾਂ ਹੀ ਜਾਣਦੇ ਹਾਂ। ਅਜੋਕੇ ਸੰਦਰਭ ਵਿਚ ਇਨ੍ਹਾਂ ਵਿਚਾਰਾਂ ਨੂੰ ਅਸੀਂ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਵਾਚ ਕੇ ਅਤੇ ਅਮਲ ਉਪਰ ਪਰਖ ਕੇ ਲਾਗੂ ਕਰਾਂਗੇ। ਗੁਰੂ ਕਵੀ ਨੀਵਿਆਂ ਨਾਲ ਖੜ੍ਹਦੇ ਹਨ।
-ਜਿਥੇ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ। (ਸ੍ਰੀ ਰਾਗ ਮਹਲਾ-1)
-ਬ੍ਰਹਮਨ ਬੈਸ ਸੂਦ ਅਰੁ ਖਤ੍ਰੀ ਡੋਮ ਚੰਡਾਰ, ਮਲੇਛ ਮਨ ਸੋਇ।
ਹੋਇ ਪੁਨੀਤ ਭਗਵੰਤ ਭਜਨ ਤੇ, ਆਪਿ ਤਾਰਿ ਤਾਰੇ ਕੁਲ ਦੋਇ।(ਰਵਿਦਾਸ)-ਫਕੜੁ ਜਾਤੀ ਫਕੜੁ ਨਾਉ। ਸਭਨਾ ਜੀਆ ਇਕਾ ਛਾਉ।(ਮਹਲਾ-1)
-ਜਾਤੀ ਦੈ ਕਿਆ ਹਥਿ ਸਚੁ ਪਰਖੀਐ। (ਮਹਲਾ-1)
-ਵਡੇ ਵਡੇ ਜੋ ਦੁਨੀਆਦਾਰ।
ਕਾਹੂ ਕਾਜ ਨਾਹੀ ਗਾਵਾਰ।
ਹਰਿ ਕਾ ਦਾਸ ਨੀਚ ਕੁਲੁ ਸੁਣਹਿ।।
ਤਿਸ ਕੈ ਸੰਗ ਖਿਨ ਮਹਿ ਉਧਰਹਿ।।(ਗਉੜੀ ਮਹਲਾ-5)-ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨ ਵੇ।
ਜਿਨ ਕੀ ਲੇਖੈ ਪਤਿ ਪਵੈ। ਚੰਗੇ ਸੇਈ ਕੇਇ।(ਮਹਲਾ-1,ਵਾਰ ਆਸਾ)-ਜਾਤਿ ਜਨਮ ਨ ਪੂਛੀਐ, ਸਚ ਘਰ ਲੇਹੁ ਬਤਾਇ।।
ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ।।(ਪ੍ਰਭਾਤੀ ਮਹਲਾ-1)-ਜਉ ਤੂ ਬ੍ਰਾਹਮਣ ਬ੍ਰਾਹਮਣੀ ਜਾਇਆ।।
ਤੳ ੁਆਨ ਬਾਟ ਕਾਹੇ ਨਹੀਂ ਆਇਆ।
ਤੁਮ ਕਤ ਬ੍ਰਾਹਮਣ, ਹਮ ਕਤ ਸੂਦ?
ਹਮ ਕਤ ਲੋਹੂ, ਤੁਮ ਕਤ ਦੂਧ।। (ਗਉੜੀ ਕਬੀਰ))ਇਨ੍ਹਾਂ ਤੇ ਹੋਰ ਪੰਗਤੀਆਂ ਨੂੰ ਵਿਚਾਰਦਿਆਂ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਏਥੇ ਕਸਵੱਟੀ ‘ਬ੍ਰਹਮਵਿਚਾਰ’ ਦੀ ਹੈ। ਬ੍ਰਹਮ ਵਿਚਾਰ ਕਰਨ ਵਾਲਾ ਕਿਸੇ ਵੀ ਜਾਤਿ ਨਾਲ ਜੁੜਿਆ ਊਚਾ ਹੋ ਸਕਦਾ ਹੈ। ਮੱਧਕਾਲ ਵਿਚ ਰਹੱਸਵਾਦੀ ਚਿੰਤਨ ਵਿਚ ਅਜਿਹੇ ਵਿਚਾਰ ਆਉਣੇ ਵੀ ਬੇਹੱਦ ਮਹੱਤਵਪੂਰਣ ਹਨ। ਜਿਨ੍ਹਾਂ ਦੀ ਅਜੋਕੇ ਸਮੇਂ ਵਿਚ ਸਾਰਥਿਕਤਾ ਨੂੰ ਅਸੀਂ ਅੱਖੋਂ ਉਹਲੇ ਨਹੀਂ ਕਰ ਸਕਦੇ ਕਿਉਂਕਿ ਜਾਤ-ਪਾਤ ਦੀ ਸਮੱਸਿਆ ਅੱਜ ਵੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਖਾਸ ਕਰਕੇ ਇਸ ਨਾਲ਼ ਜੁੜੀ ਰਾਜਨੀਤੀ ਬੇਹੱਦ ਖਤਰਨਾਕ ਵੀ ਹੋ ਸਕਦੀ ਹੈ। ਇਥੇ ਹੀ ਅਸੀਂ ਇਸ ਗੱਲ ਵਲ ਧਿਆਨ ਵੀ ਦੁਆਉਣਾ ਚਾਹੁੰਦੇ ਹਾਂ ਕਿ ਗੁਰਮਤਿ ਸਿੱਖ ਧਰਮ ਦੀ ਵਿਚਾਰਧਾਰਾ ਹੈ। ਵਿਚਾਰਧਾਰਾ ਅਤੇ ਅਮਲ ਵਿਚ ਧਰਮ ਦੇ ਸ਼ੁਰੂਆਤੀ ਦੌਰ ਵਿਚ ਅੰਤਰ ਘੱਟ ਹੁੰਦਾ ਹੈ ਪਰੰਤੂ ਸਮੇਂ ਦੇ ਬੀਤਣ ਨਾਲ ਜੇ ਵਿਚਾਰਧਾਰਾ ਨਾਲੋ ਨਾਲੋ ਅਮਲ ਵਿਚੋਂ ਗ੍ਰਹਿਣ ਕੀਤੇ ਅਨੁਭਵ ਨੂੰ ਆਤਮਸਾਤ ਨਹੀਂ ਕਰਦੀ ਅਤੇ ਪਰਿਵਰਤਿਤ ਨਹੀਂ ਹੁੰਦੀ ਤਾਂ ਇਹ ਪਾੜਾ ਵਧ ਜਾਂਦਾ ਹੈ। ਏਥੋਂ ਤਕ ਕਿ ਵਿਚਾਰ ਦੁਹਰਾਉਣ ਮਾਤਰ ਲਈ ਰਹਿ ਜਾਂਦੇ ਹਨ, ਜਾਂ ਸਿਰਫ਼ ਪਰੰਪਰਾ ਨਿਭਾਉਣ ਲਈ। ਜਦੋਂ ਕਿਸੇ ਵਿਚਾਰਧਾਰਾ ਉਪਰ ਵਿਚਾਰ ਕਰਨੀ ਸਮਾਪਤ ਹੋ ਜਾਵੇ ਤਾਂ ਉਹ ਮੱਥਾ ਟੇਕਣ ਲਈ ਰਹਿ ਜਾਂਦੀ ਹੈ। ਅੱਜ ਦੀਆਂ ਧਾਰਮਿਕ ਵਿਚਾਰਧਾਰਾਵਾਂ ਨਾਲ ਇਹੀ ਕੁਝ ਹੋ ਰਿਹਾ ਹੈ। ਬਾਣੀ ਦਲਿਤਾਂ ਨੂੰ ਬਰਾਬਰੀ ਦਿੰਦੀ ਹੈ, ਪਰ ਪੰਜਾਬ ਵਿਚ ਦਲਿਤਾਂ ਉਪਰ ਅਤਿਆਚਾਰ ਵਧ ਰਹੇ ਹਨ। ਬਾਣੀ ਔਰਤ ਦੀ ਬਰਾਬਰੀ ਦੀ ਗੱਲ ਕਰਦੀ ਹੈ, ਪਰ ਮਾਦਾ ਭਰੂਣ ਹੱਤਿਆ ਸਭ ਤੋਂ ਵੱਧ ਪੰਜਾਬ ਵਿਚ ਹੋ ਰਹੀ ਹੈ। ਦਲਿਤ ਅਤੇ ਔਰਤ ਨਾਲ ਜੁੜੇ ਹੋਰ ਮੁੱਦਿਆਂ ਨੂੰ ਵੀ ਇਸੇ ਪ੍ਰਸੰਗ ਵਿਚ ਵਿਚਾਰਿਆ ਜਾਣਾ ਚਾਹੀਦਾ ਹੈ। ਹੋਰ ਤਾਂ ਹੋਰ ਔਰਤ ਨੂੰ ਸਵੇਰੇਂ ਦਰਬਾਰ ਸਾਹਿਬ ਵਿਚ ਪਾਲਕੀ ਨੂੰ ਹੱਥ ਲਾਉਣ ਦੀ ਵੀ ਮਨਾਹੀ ਹੈ, ਪੰਜ ਪਿਆਰਿਆਂ ਵਿਚ ਉਹ ਸ਼ਾਮਿਲ ਨਹੀਂ ਹੋ ਸਕਦੀ। ਕਮਾਲ ਦੀ ਗੱਲ ਤਾਂ ਇਹ ਹੈ ਕਿ ਸਾਰੇ ਧਰਮਾਂ ਦੇ ਨੁਮਾਇੰਦੇ ਕਿਸੇ ਨਾ ਕਿਸੇ ਚੀਜ਼ ਦਾ ਬਹਾਨਾ ਲੈ ਕੇ ਔਰਤ ਦੀ ਭਾਰਤੀ ਪਾਰਲੀਮੈਂਟ ਵਿਚ 33 ਪ੍ਰਤੀਸ਼ਤ ਰਿਜ਼ਰਵੇਸ਼ਨ ਦੇ ਅੱਜ ਤੱਕ ਖਿਲਾਫ਼ ਹਨ। ਜਦੋਂ ਅਸੀਂ ਧਾਰਮਿਕ ਵਿਚਾਰਧਾਰਾ ਨੂੰ ਅਪਣਾਉਂਦੇ ਹਾਂ ਤਾਂ ਇਸ ਅਮਲੀ ਪਾੜੇ ਨੂੰ ਜ਼ਰੂਰੀ ਧਿਆਨ ਵਿਚ ਰੱਖਣਾ ਬਣਦਾ ਹੈ। ਗੁਰਮਤਿ ਵਿਚ ਇਸਤਰੀ ਨੂੰ ਵਿਚਾਰਧਾਰਕ ਪੱਧਰ ਤੇ ਕਾਫ਼ੀ ਉਚੇਰਾ ਦਰਜਾ ਦਿੱਤਾ ਗਿਆ ਹੈ ਪਰ ਨਾਲ ‘ਕੰਤ’ ਦੀ ਸਰਦਾਰੀ ਵੀ ਨਹੀੰਂ ਟੁੱਟਣ ਦਿੱਤੀ ਗਈ। ਰੱਬ (ਮਰਦ), ਆਤਮਾ (ਔਰਤ) ਨੂੰ ਆਪਣੀ ਮਰਜ਼ੀ ਅਨੁਸਾਰ ਪਰਵਾਣ ਕਰੇ ਨਾ ਕਰੇ ਇਹ ਉਸ ਦੀ ਮਰਜ਼ੀ ਉੱਪਰ ਨਿਰਭਰ ਹੈ। ਪਰ ਬਰਾਬਰੀ ਦਾ ਸੰਕਲਪ ਵਿਚਾਰਧਾਰਕ ਪੱਧਰ ਤੇ ਵੀ ਕਈ ਪੱਖਾਂ ਤੋਂ ਸਾਡੇ ਲਈ ਲਾਹੇਵੰਦਾ ਹੈ। ਹੇਠ ਲਿਖੀਆਂ ਪੰਗਤੀਆਂ ਬਾਰ ਬਾਰ ਉਚਾਰੀਆਂ ਜਾਂਦੀਆਂ ਹਂਨ ਪੁਰ ਅਮਲ ਕਿੰਨਾ ਕੁ ਹੈ? ਸਾਨੂੰ ਪਤਾ ਹੀ ਹੈ।
-ਭੰਡੁ ਮੂਆ ਭੰਡੁ ਭਾਲੀਐ, ਭੰਡਿ ਹੋਵੈ ਬੰਧਾਨ।
ਸੋ ਕਿਉ਼ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ। (ਮਹਲਾ-1, ਵਾਰ ਆਸਾ)-ਕੰਨਯਾ ਦੇਵੈ ਸਿਖ ਕੋ ਲੇਵੈ ਨਹਿ ਕਛੁ ਦਾਮ।
ਸੋਈ ਮੇਰਾ ਸਿੱਖ ਹੈ ਪਹੁੰਚੈਗੋ ਮਮ ਧਾਮ। (ਸੂਰਜ ਪ੍ਰਕਾਸ਼)-ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ।
ਪਰ ਧਨੁ ਸੂਅਰ ਗਾਇ ਜਿਉ, ਮਕਰੂਹ ਹਿੰਦੂ ਮੁਸਲਮਾਣੈ। (ਭਾਈ ਗੁਰਦਾਸ)ਗੁਰਮਤਿ ਵਿਚ ਦਿੱਤੇ ਗਏ ਨੈਤਿਕ ਗੁਣ ਅੱਜ ਵੀ ਸਾਰਥਕ ਹਨ। ਇਥੇ ਨੈਤਿਕਤਾ ਵਿਚ ਪਰਿਵਰਤਨ ਅਤੇ ਸੰਕਲਪ ਉਪਰ ਵਿਚਾਰ ਕਰਨ ਦੀ ਥਾਂ ਨਹੀਂ ਬਸ ਇੰਨਾ ਹੀ ਕਹਿਣਾ ਕਾਫ਼ੀ ਹੈ ਕਿ ਇਨ੍ਹਾਂ ਦੀ ਪੁਣਛਾਣ ਕਰਕੇ ਸਮਕਾਲੀ ਸਥਿਤੀ ਵਿਚ ਇਨ੍ਹਾਂ ਨੂੰ ਅਮਲ ਵਿਚ ਲਿਆਉਣ ਨਾਲ ਹੀ ਇਨ੍ਹਾਂ ਦੀ ਸਾਰਥਿਕਤਾ ਬਣੇਗੀ। ਇਨ੍ਹਾਂ ਨੈਤਿਕ ਗੁਣਾਂ ਵਿਚ ਸ਼ਾਮਲ ਹਨ- ਜੂਆ ਨਾ ਖੇਡਣਾ, ਖਿਮਾ, ਦਇਆ, ਅਹਿੰਸਾ, ਚੰਗੀ ਸੰਗਤ ਕਰਨਾ, ਸੱਚ ਬੋਲਣਾ, ਦਗਾ ਨਾ ਦੇਣਾ, ਠੱਗੀ ਨਾ ਮਾਰਨਾ, ਕਿਸੇ ਦਾ ਦਿਲ ਨਾ ਦੁਖਾਉਣਾ, ਦੁਹਰਾ ਚਰਿਤ੍ਰ ਨਾ ਅਪਣਾਉਣਾ, ਨਿਰਭੈ-ਨਿਰਵੈਰ-ਨਿਰਮਾਣ ਹੋਣਾ, ਪਰਉਪਕਾਰ ਕਰਨਾ, ਕਿਰਤ ਕਮਾਈ ਕਰਕੇ ਖਾਣਾ, ਬਜ਼ੁਰਗਾਂ ਦਾ ਆਦਰ ਮਾਣ ਕਰਨਾ, ਸਮੇਂ ਦੀ ਕਦਰ ਕਰਨਾ, ਖਿਮਾ ਕਰਨਾ, ਸਹਿਜ ਤੇ ਸਹਿਨਸ਼ੀਲ ਹੋਣਾ, ਈਰਖਾ ਆਲਸ ਦਾ ਤਿਆਗ ਕਰਨਾ, ਆਸ਼ਾਵਾਨ ਰਹਿਣਾ, ਨਸਿ਼ਆਂ ਦਾ ਤਿਆਗ ਕਰਨਾ, ਹੰਕਾਰੀ ਨਾ ਹੋਣਾ ਆਦਿ। ਇਨ੍ਹਾਂ ਨੈਤਿਕ ਗੁਣਾਂ ਨੂੰ ਧਾਰਣ ਕਰਨਾ ਅੱਜ ਵੀ ਓਨਾ ਹੀ ਮੁੱਲਵਾਨ ਹੈ ਜਿੰਨਾਂ 15ਵੀਂ -17ਵੀਂ ਸਦੀ ਵਿਚ। ਇਥੇ ਕੁਝ ਇਕ ਉਦਾਹਰਣਾਂ ਹੀ ਦੇਖੀਆਂ ਜਾ ਸਕਦੀਆਂ ਹਨ।
-ਘਾਲਿ ਖਾਇ ਕਿਛੁ ਹਥਹੁ ਦੇਹਿ।
ਨਾਨਕ ਰਾਹੁ ਪਛਾਣਹਿ ਸੇਇ। (ਮਹਲਾ ਪਹਿਲਾ)-ਬਚਨੁ ਕਰੈ ਤੈ ਖਿਸਕਿ ਜਾਇ, ਬੋਲੇ ਸਭੁ ਕਚਾ।
ਅੰਦਰਹੁ ਥੋਥਾ ਕੂੜਿਆਰ ਕੂੜੀ ਸਭ ਖਚਾ।(ਮਹਲਾ ਦੂਜਾ)-ਵਿਚਿ ਦੁਨੀਆ ਸੇਵ ਕਮਾਈਐ।
ਤਾ ਦਰਗਹ ਬੈਸਣ ਪਾਈਐ। (ਸਿਰੀ ਰਾਗ, ਮਹਲਾ-1)-ਹਰਖ ਸੋਗ ਜਾ ਨੈ ਨਹੀਂ, ਬੈਰੀ ਮੀਤ ਸਮਾਨ।
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨ। (ਸਲੋਕ ਮਹਲਾ-9)-ਮੇਰੇ ਮਨ ਤਜਿ ਨਿੰਦਾ, ਹਊਮੈ, ਹੰਕਾਰ। (ਸਿਰੀ ਰਾਗ ਮਹਲਾ-3)
-ਮਾਇਆ ਤਜੀ ਕਿਆ ਭਇਆ, ਜਉ ਮਾਨੁ ਤਜਿਆ ਨਹੀਂ ਜਾਇ।
ਮਾਨ ਮੁਨੀ ਮੁਨਿਵਰ ਗਲੇ, ਮਾਨ ਸਭੈ ਕੋ ਖਾਏ।-ਕਥਨੈ ਕਹਿਣ ਨ ਛੂਟੀਐ ਨ ਪੜਿ ਪੁਸਤਕ ਭਾਰ। (ਮਹਲਾ-1, ਸਿਰੀ ਰਾਗ)
-ਮਾਨੁਖ ਕਥੈ ਕਥਿ ਲੋਕ ਸੁਨਾਵੈ, ਜੋ ਬੋਲੈ ਸੋ ਨਾ ਬੀਚਾਰੈ। (ਮਹਲਾ-5)
-ਕੂੜਿ ਕਪਟਿ ਕਿਨੈ ਨ ਪਾਇਉ, ਜੋ ਬੀਜੈ ਖਾਵੈ ਸੋਇ। (ਸਿਰੀ ਰਾਗ, ਮਹਲਾ-4)
-ਉਦਮੁ ਕਰੇਦਿਆ ਜੀਉ ਤੂ, ਕਮਾਵੰਦਿਆ ਸੁਖ ਭੁੰਚੁ। (ਮਹਲਾ-5)
-ਕਬੀਰ ਸਾਕਤ ਸੰਗ ਨ ਕੀਜੀਐ, ਦੂਰਹਿ ਜਾਈਐ ਭਾਗਿ।
ਬਾਸਨ ਕਾਰੋ ਪਰਸੀਐ ਤਉ ਕਿਛੁ ਲਾਗੈ ਦਾਗੁ। (ਸਲੋਕ ਕਬੀਰ)-ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।
ਫਿਕੋ ਫਿਕਾ ਸਦੀਐ, ਫਿਕੇ ਫਿਕੀ ਸੋਇ। (ਮਹਲਾ-1)-ਕਾਮੁ, ਕ੍ਰੋਧ, ਕਾਇਆ ਕਉ ਗਾਲੈ।
ਜਿਉ ਕੰਚਨ ਸੋਹਾਗਾ ਢਾਲੈ। (ਰਾਮਕਲੀ ਮਹਲਾ-1, ਦਖਣੀ ਓਅੰਕਾਰ) ਆਦਿਅਜੋਕੇ ਸਮੇਂ ਵਿਚ ਜਦੋਂ ਕਿ ਸੰਪ੍ਰਦਾਇਕ ਉਠਾਣ ਨੇ ਮੁੜ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕੀਤਾ ਹੈ ਅਤੇ ਕੱਟੜਵਾਦ ਨੇ ਹਰ ਉਸ ਮੁੱਦੇ ਨੂੰ ਭੰਨਾਉਣ ਦਾ ਤਹੱਈਆ ਕਰ ਲਿਆ ਹੈ ਜੋ ਅੰਧ ਵਿਸ਼ਵਾਸ਼ਾਂ ਨੂੰ ਪੱਕਾ ਕਰੇ। ਇਹ ਤਾਂਤ੍ਰਿਕਵਾਦ ਵੀ ਹੋ ਸਕਦਾ ਹੈ ਤੇ ਹੋਰ ਬਹੁਤ ਕੁਝ ਵੀ । ਇਹ ਹੋ ਰਿਹਾ ਭਾਰਤੀ ਸੰਸਕ੍ਰਿਤੀ ਦੇ ਨਾਮ ਤੇ। ਸੰਸਕ੍ਰਿਤੀ ਨੇ ਜੋ ਵਿਕਾਸ ਕੀਤਾ ਹੈ ਉਸ ਨੂੰ ਰੱਦ ਕਰਕੇ ਪੱਛਮੀ ਕਰਣ ਦਾ ਹਊਆ ਖੜਾ ਕਰਕੇ ਮਨੁੱਖਾਂ ਦੇ ਮੂਲਭੂਤ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ। ਉਥੇ ਗੁਰਮਤਿ ਦੀਆਂ ਹੇਠ ਲਿਖੀਆਂ ਟਿੱਪਣੀਆਂ ਨੂੰ ਮੁੜ ਗਹਿਨਤਾ ਵਿਚ ਵਿਚਾਰਨ ਦੀ ਲੋੜ ਹੈ। ਗੁਰਮਤਿ ਤੀਰਥਾਂ ਤੇ ਜਾਣ ਦੀ ਨਿਰਾਰਥਕਤਾ ਨੂੰ ਰੇਖਾਂਕਿਤ ਕਰਦੀ ਹੈ, ਦਿਸ਼ਾ, ਗ੍ਰਹਿ ਵਿਚਾਰ ਦਾ ਖੰਡਨ ਕਰਦੀ ਹੈ, ਅੰਗ ਫਰਕਣ ਦੇ ਵਿਚਾਰਾਂ ਦਾ ਬਦ-ਨਜ਼ਰ ਨੂੰ ਫ਼ਜ਼ੂਲ ਮੰਨਦੀ ਹੈ; ਅੰਨ ਤਿਆਗ, ਵਰਤ-ਪੂਜਾ, ਸੁਖਣਾ-ਮੰਨਤਾਂ ਦੇ ਵਹਿਮਾਂ ਤੋਂ ਉੱਪਰ ਉੱਠਦੀ ਹੈ, ਵਰ-ਸ਼ਰਾਪ, ਜਿੰਨ-ਭੁਤ-ਪ੍ਰੇਤ-ਬਤਾਲ ਦੀ ਹੋਂਦ ਤੋਂ ਇਨਕਾਰੀ ਹੈ; ਜੰਤਰਾਂ-ਮੰਤਰਾਂ-ਤੰਤਰਾਂ ਤੋਂ ਪਰਹੇਜ਼ ਕਰਦੀ ਹੈ, ਝਾੜ-ਫੂਕ, ਕਰਮ-ਕਾਂਡ, ਟੂਣੇ, ਤਵੀਜ਼, ਮਸਾਣ ਜਗਾਉਣ ਦੇ ਵਿਰੋਧ ਵਿਚ ਹੈ ਅਤੇ ਮੂਰਤੀ ਪੂਜਾ, ਮੜ੍ਹੀ ਮਸਾਣ ਮੰਨਣ ਨੂੰ ਕੁਰਾਹਾ ਮੰਨਦੀ ਹੈ। ਇਸ ਸਭ ਕੁਝ ਨੂੰ ਮਲਟੀਨੈਸ਼ਨਲ ਮੁੜ ਸੁਰਜੀਤ ਕਰਕੇ ਇਨ੍ਹਾਂ ਦੇ ਵਪਾਰੀਕਰਣ ਦੇ ਰਾਹ ਪਈ ਹੈ। ਇਸ ਲਈ ਇਨ੍ਹਾਂ ਵਿਚਾਰਾਂ ਨੂੰ ਆਤਮਸਾਤ ਕਰਕੇ ਅਗਾਂਹ ਵਧਣ ਦੀ ਲੋੜ ਹੈ। ਇਸ ਲਈ ਗੁਰਬਾਣੀ ਦੀਆਂ ਹੇਠ ਲਿਖੀਆਂ ਪੰਗਤੀਆਂ ਬਾਰ ਬਾਰ ਵਿਚਾਰੀਆਂ ਜਾਣੀਆਂ ਚਾਹੀਦੀਆਂ ਹਨ।
-ਗੁਰਮੁਖ ਮਾਰਗ ਮੈ ਮਨਮੁਖ ਥਕਿਤ ਹੈ,
ਲਗਨ ਸਗਨ ਮਾਨੈ, ਕੈਸੇ ਮਨ ਮਾਨੀਐ?--ਤੀਰਥ ਧਰਮ ਦੇਵ ਜਾਤ੍ਰਾ ਕੋ ਪੰਡਿਤ ਪੂਛ,
ਕਰਤ ਗਵਨ, ਸੋ ਮਹੂਰਤ ਸੋਧਾਵਈ।
ਬਾਹਰਿ ਨਿਕਸ ਗਰਧਭ ਸ੍ਵਾਨ ਸਗਨ ਕੈ,
ਸ਼ੰਕਾ ਉਪਰਾਜਿਤ ਬਹੁਰ ਘਰ ਆਵਈ।-ਪੂਛਤ ਨ ਜੋਕਤ ਔ ਬੇਦ ਥਿਤ ਵਾਰ ਕਛੁ,
ਗ੍ਰਹ ਔ ਨਛੱਤ੍ਰ ਕੀ ਨਾ ਸ਼ੰਕਾ ਉਰਧਾਰੀ ਹੈ।
ਜਾਨਤ ਨ ਸ਼ਗਨ ਲਗਨ ਆਨ ਦੇਵ ਸੇਵ,
ਸ਼ਬਦ ਸੁਰਤਿ ਲਿਵ ਨੇਹ ਨਿਰੰਕਾਰੀ ਹੈ (ਕਬਿੱਤ, ਭਾਈ ਗੁਰਦਾਸ)-ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ।
ਹੋਛੀ ਮਤਿ ਭਇਆ ਮਨ ਹੋਛਾ ਗੁਣ ਸਾ ਮੱਖੀ ਖਾਇਆ। (ਵੰਡਹਸ ਮਹਲਾ-1)-ਕਬੀਰ ਹਰਿ ਕਾ ਸਿਮਰਨ ਛਾਡਿ ਕੈ ਰਾਤਿ ਜਗਾਵਨ ਜਾਇ।
ਸਰਪਨ ਹੋਇ ਕੈ ਅਉਤਰੈ ਜਾਏ ਅਪਨੇ ਖਾਇ। (ਕਬੀਰ)-ਨ ਜੰਤ੍ਰ ਮੇ ਨ ਤੰ੍ਰੁ ਮੇ ਨ ਮੰਤ੍ਰ ਬਸਿ ਆਵਈ।
ਪੁਰਾਨ ਔ ਕੁਰਾਨ ਨੇਤਿ ਨੇਤਿ ਕੈ ਬਤਾਵਈ।
ਨ ਕਰਮ ਮੇ ਨ ਧਰਮ ਮੇ ਨ ਭਰਮ ਮੇ ਬਤਾਈਐ।
ਅਗੰਜ ਆਦਿ ਦੇਵ ਹੈ, ਕਹੋ ਸੁ ਕੈਸ ਪਾਈਐ।(ਅਕਾਲ ਉਸਤਤਿ)-ਬਹੁ ਭੇਖ ਕੀਆ ਦੇਹੀ ਦੁਖ ਕੀਆ।
ਸਹੁ ਵੇ ਜੀਆ, ਆਪਣਾ ਕੀਆ।
ਅੰਨੁ ਨ ਖਾਇਆ, ਸਾਦੁ ਗਵਾਇਆ।
ਬਹੁ ਦੁਖ ਪਾਇਆ, ਦੂਜਾ ਭਾਇਆ।
ਬਸਤ੍ਰ ਨ ਪਹਿਰੈ, ਅਹਿਨਿਸ ਕਹਰੈ।
ਮੋਨਿ ਵਿਗੂਤਾ, ਕਿਉ ਜਾਗੈ ਗੁਰ ਬਿਨ ਸੂਤਾ?
ਪਗ ਉਪੇਤਾਣਾ। ਆਪਣਾ ਕੀਆ ਕਮਾਣਾ।....
ਰਹੇ ਬੇਬਾਣੀ, ਮੜੀ ਮਸਾਣੀ
ਅੰਧੁ ਨ ਜਾਣੈ ਫਿਰਿ ਪਛੁਤਾਣੀ। (ਵਾਰ ਆਸਾ ਮਹਲਾ-1)-ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ।
ਗਲੀ ਜਿਨਾ ਜਪਮਾਲੀਆ, ਲੋਟੇ ਹਥਿ ਨਿਬਗ।
ਓਇ ਹਰ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ। (ਕਬੀਰ)ਅਜਿਹੀਆਂ ਸੈਂਕੜੇ ਉਦਾਹਰਣਾਂ ਹੋਰ ਵਿਚਾਰੀਆਂ ਜਾਂ ਸਕਦੀਆਂ ਹਨ। ਉਪਰੋਕਤ ਵਿਚਾਰ ਤੋਂ ਬਾਦ ਸਾਡੇ ਕੁਝ ਸਿੱਟੇ ਨਿਕਲੇ ਹਨ। ਇਹ ਠੀਕ ਹੈ ਕਿ ਉੱਠਦਾ ਧਰਮ ਕਿਸੇ ਜਮਾਤ ਦਾ ਹਿੱਤ ਪੂਰਦਾ ਹੈ ਤੇ ਉਹ ਕਾਬਜ਼ ਜਮਾਤ ਦੇ ਖਿਲਾਫ਼ ਪ੍ਰਗਤੀਵਾਦੀ ਹੁੰਦਾ ਹੈ। ਕਿਸੇ ਵੀ ਵਿਸ਼ਵ ਦ੍ਰਿਸ਼ਟੀਕੋਣ ਤੋਂ ਧਰਮ ਦਾ ਅਧਿਐਨ ਕਰਨ ਸਮੇਂ ਦਵੰਦਵਾਦੀ ਭੌਤਿਕਵਾਦੀ ਨਜ਼ਰੀਆਂ ਰੱਖਣ ਵਾਲੇ ਨੂੰ ਜਮਾਤੀ ਦ੍ਰਿਸ਼ਟੀ ਦਾ ਤਿਆਗ ਨਹੀਂ ਕਰਨਾ ਚਾਹੀਦਾ। ਨਹੀਂ ਤਾਂ ਸਿੱਟੇ ਕਿਸ਼ਨ ਸਿੰਘ ਵਾਲੇ ਜਾਂ ਗੁਰਮੀਤ ਸਿੰਘ ਟਿਵਾਣਾ ਵਾਲੇ ਨਿਕਲਣਗੇ। ਇਨ੍ਹਾਂ ਨਾਲੋਂ ਤਾਂ ਸਿੱਖ ਰੈਸ਼ਨਲ ਬੁੱਧੀਜੀਵੀ ਵਧੇਰੇ ਯਥਾਰਥਕ ਹਨ, ਭਾਵੇਂ ਉਹ ਮਾਰਕਸਵਾਦ ਨਾਲੋਂ ਆਪਣੇ ਧਰਮ ਨੂੰ ਵਡਿਆਉਂਦੇ ਹਨ। ਸੰਤ ਸਿੰਘ ਸੇਖੋਂ ਵਧੇਰੇ ਬਾਹਰਮੁੱਖੀ ਹੈ। ਗੁਰਬਾਣੀ ਦੀ ਬੌਧਿਕਤਾ, ਇਤਿਹਾਸਕ, ਸਮਾਜਿਕ ਅਨੁਭਵ ਸਾਡੇ ਲਈ ਵਧੇਰੇ ਸਾਰਥਕ ਹਨ। ਸਿੱਖ ਧਰਮ ਛੋਟੇ ਵਪਾਰੀ ਵਰਗ ਦੀ ਅਗਵਾਈ ਵਿਚ ਦਲਿਤਾਂ ਦਾ ਅੰਦੋਲਨ ਸੀ। ਦੂਜੇ ਸ਼ਬਦਾਂ ਵਿਚ ਵੈਸ਼ ਤੇ ਸ਼ੂਦਰ ਇੱਕਠੇ ਜਾਗੀਰਦਾਰੀ (ਭਾਰਤੀ ਤੇ ਸਾਮਰਾਜੀ) ਦੇ ਵਿਰੁੱਧ ਵਿਚ ਉੱਠਦੇ ਹਨ। ਗੁਰੁ ਗੋਬਿੰਦ ਸਿੰਘ ਤੋਂ ਬਾਅਦ ਬਿਖਰਾਅ ਦੀ ਸਥਿਤੀ ਵਿਚੋਂ ਲੰਘਕੇ ਮੁੜ ਜਾਗੀਰਦਾਰੀ ਸਥਾਪਿਤ ਹੋ ਜਾਂਦੀ ਹੈ। ਅੰਗ੍ਰੇਜ਼ਾਂ ਦੇ ਆਉਣ ਨਾਲ ਆਧੁਨਿਕ ਯੁੱਗ ਸ਼ੁਰੂ ਹੁੰਦਾ ਹੈ ਤੇ ਹੁਣ ਅਸੀਂ 1960 ਤੋਂ ਬਾਦ ਉੱਤਰਆਧੁਨਿਕ ਸਥਿਤੀ ਵਿਚ ਵਿਚਰ ਰਹੇ ਹਾਂ। ਪੂਰਵ ਆਧੁਨਿਕ ਕਾਲ ਵਿਚ ਪੈਦਾ ਹੋਈਆਂ ਕਦਰਾਂ-ਕੀਮਤਾਂ ਬਾਅਦ ਵਿਚ ਉੱਤਰ-ਆਧੁਨਿਕਤਾਵਾਦ ਜਮ੍ਹਾਂ ਤਿਆਗ ਦਿੰਦਾ ਹੈ; ਸਿਵਾਏ ਅਰਾਜਕਤਾ ਤੇ ਅਤਿ ਦੇ ਵਿਅਕਤੀਵਾਦ ਦੇ। ਇਨ੍ਹਾਂ ਦੇ ਚਲਦੇ ਉਹ ਸਾਰੀਆਂ ਬਿਮਾਰੀਆਂ ਫਿਰ ਸਿਰ ਚੁੱਕਦੀਆਂ ਹਨ ਜਿਨ੍ਹਾਂ ਖਿਲਾਫ਼ ਪੂਰਵ ਆਧੁਨਿਕ ਅਤੇ ਆਧੁਨਿਕ ਕਾਲ ਵਿਚ ਲੜਿਆ ਗਿਆ ਸੀ। ਇਸੇ ਲਈ ਪੂਰਵਲੀਆਂ ਕਦਰਾਂ ਕੀਮਤਾਂ ਦੀ ਮੁੜ ਤੋਂ ਪੁਣ-ਛਾਣ ਕਰਕੇ ਨਵ ਸਾਮਰਾਜਵਾਦ ਵਿਰੁੱਧ ਵਰਤਣ ਤੇ ਏਕਾ ਬਣਾਉਣ ਦੀ ਲੋੜ ਹੈ। ਇਸ ਸਮੇਂ ਸਿੱਖ ਧਰਮ ਦੇ ਸਿਧਾਂਤ ਤੇ ਵਿਹਾਰ ਵਿਚੋਂ ਪਦਾਰਥਕ ਖੁਸ਼ਹਾਲੀ, ਔਰਤ ਤੇ ਦਲਿਤ ਦੀ ਬਰਾਬਰੀ, ਸੰਪ੍ਰਦਾਇਕ ਏਕਤਾ, ਲੋਕਰਾਜ ਸੰਬੰਧੀ ਵਿਚਾਰਾਂ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਅਤੇ ਅੰਧ ਵਿਸ਼ਵਾਸ਼ਾਂ ਦੇ ਅਨੇਕਾਂ ਪੱਖਾਂ ਵਿਰੁੱਧ ਮੁਹਿੰਮ ਵਿੱਢ ਕੇ ਨਵੀਂ ਲਹਿਰ ਦੀ ਉਸਾਰੀ ਵਿਚ ਹਿੱਸਾ ਪਾਇਆ ਜਾ ਸਕਦਾ ਹੈ । ਇਹੀ ਹੈ ਪ੍ਰਾਸੰਗਿਕਤਾ ਗੁਰਮਤਿ ਦੀ ਅਜੋਕੇ ਉੱਤਰ-ਆਧੁਨਿਕਤਾ ਦੇ ਦੌਰ ਵਿਚ।
ਹਵਾਲੇ ਤੇ ਟਿੱਪਣੀਆਂ
1. ਸਿੱਖ ਲਹਿਰ, ਪੰਨਾ-13.
2. ਉਹੀ, ਪੰਨਾ-148.
3. ਗੁਰਬਾਣੀ ਦਾ ਸੱਚ, ਪੰਨਾ-110.
4. ਸਿੱਖ ਇਨਕਲਾਬ ਦਾ ਮੋਢੀ ਗੁਰੂ ਨਾਨਕ, ਪੰਨਾ-10.
5. ਧਰਮ ਬਨਾਮ ਮਾਰਕਸਵਾਦ, ਪੰਨਾ-11.
6. ਉਹੀ, ਪੰਨਾ-17.
7. ਉਹੀ, ਪੰਨਾ-18.
8. Philosophy of Guru Nanak,p-167
9. ਉਹੀ, ਪੰਨਾ-168.
10. ਧਰਮ ਬਨਾਮ ਮਾਰਕਸਵਾਦ, ਪੰਨਾ-19
11. ਪੰਜਾਬੀ ਕਾਵਿ ਸ਼ਰੋਮਣੀ, ਪੰਨਾ-12.
12. ਉਹੀ, ਪੰਨਾ-90
13. -ਉਹੀ-
14. ਪੰਜਾਬੀ ਕਾਵਿ ਸ਼ਰੋਮਣੀ, ਪੰਨਾ-59.
15. ਗੁਰੂ ਨਾਨਕ, ਪੰਨਾ-42.
16. ਪੰਜਾਬੀ ਕਾਵਿ ਸ਼ਰੋਮਣੀ, ਪੰਨਾ-53.
17. ਪੰਜਾਬੀ ਕਾਵਿ ਸ਼ਰੋਮਣੀ, ਪੰਨਾ-40.
18. ਉਹੀ, ਪੰਨਾ-38.
19. ਉਹੀ, ਪੰਨਾ-160.
20. ਗੁਰੂ ਨਾਨਕ, ਪੰਨਾ-50.
21. ਇੰਨਟਰਨੈਟ ਤੋਂ
22.