ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਯਾਤਰਾ ਬੰਗਲਾ ਦੇਸ਼ ਦੀ-2

ਬੰਗਲਾ ਦੇਸ਼ ਲਈ ਰਵਾਨਗੀ

-ਹਰਬੀਰ ਸਿੰਘ ਭੰਵਰ-

 

ਦੋ ਸ਼ਬਦ

ਸ: ਹਰਬੀਰ ਸਿੰਘ ਭੰਵਰ 'ਪੰਜਾਬੀ ਸਾਹਿਤਕ ਜਗਤ' ਵਿਚ ਇਕ ਸਫਲ ਲੇਖਕ ਅਤੇ ਪੱਤਰਕਾਰ ਵਜੋਂ ਜਾਣਿਆ ਪਹਿਚਾਣਿਆ ਨਾਂ ਹੈ। 31 ਵਰ੍ਹਿਆਂ ਤੋਂ ਆਪ 'ਟ੍ਰਿਬੀਊਨ' ਅਖ਼ਬਾਰ ਸੰਮੂਹ ਲਈ 'ਸੀਨੀਅਰ ਪੱਤਰਕਾਰ' ਵਜੋਂ ਕੰਮ ਕਰਦੇ ਆ ਰਹੇ ਹਨ। ਆਪ ਦੇ ਬਹੁ-ਮੁਲੇ ਲੇਖ ਪੰਜਾਬੀ ਦੇ ਪ੍ਰਮੁੱਖ ਪਰਚਿਆਂ ਵਿਚ ਵੀ ਛੱਪਦੇ ਰਹਿੰਦੇ ਹਨ। ਆਪਦੀਆਂ: (1) ਸੋਭਾ ਸਿੰਘ-ਜੀਵਨ, ਸ਼ਖ਼ਸ਼ੀਅਤ ਤੇ ਕਲਾ, (2) ਕੀ ਖ਼ਾਲਿਸਤਾਨ ਬਣੇਗਾ?, (3) ਪੰਜਾਬੀ ਦਾ ਲੋਕ ਨਾਇਕ(ਸੰਤ ਹਰਚੰਦ ਸਿੰਘ ਲੌਂਗੋਵਾਲ), (4) ਨਾਰੀਅਲ ਦੀ ਧਰਤੀ ਅਤੇ (5) ਡਾਇਰੀ ਦੇ ਪੰਨੇ ਆਦਿ ਪੁਸਤਕਾਂ ਪਰਕਾਸਿ਼ਤ ਹੋਈਆਂ ਜਿਹਨਾਂ ਨੂੰ ਪਾਠਕਾਂ ਵਲੋਂ ਭਰਵਾਂ ਹੁੰਘਾਰਾ ਮਿਲਿਆ। 'ਡਾਇਰੀ ਦੇ ਪੰਨੇ' ਲਈ ਆਪ ਨੂੰ ਵੱਖ ਵੱਖ ਸੰਸਥਾਵਾਂ ਵਲੋਂ ਸਨਮਾਨਿਆ ਵੀ ਗਿਆ।
ਨਿਧੜਕ, ਨਿਰਪੱਖ, ਈਮਾਨਦਾਰ ਅਤੇ ਸ਼ਕਤੀਸ਼ਾਲੀ ਪੱਤਰਕਾਰ ਸ: ਭੰਵਰ ਦੀਆਂ ਹੁਣ ਤੱਕ 'ਲਿਖਾਰੀ' ਵਿੱਚ ਦੱਸ ਰਚਨਾਵਾਂ ਛਪੀਆਂ ਹਨ। ਉਹਨਾਂ ਵਲੋਂ 'ਬੰਗਲਾ ਦੇਸ਼ ਦੀ ਯਾਤਰਾ' ਸਬੰਧੀ ਲਿਖੇ ਲੇਖਾਂ ਦੀ ਲੜੀ ਵਿੱਚੋਂ ਪਹਿਲਾਂ ਲੇਖ: 'ਬੰਗਲਾ ਦੇਸ਼ ਜਾਣ ਲਈ ਅਚਾਨਕ ਤਿਆਰੀ' ਲਿਖਾਰੀ ਦੇ ਪਾਠਕਾਂ ਦੇ ਰੂ-ਬ-ਰੂ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।-----ਲਿਖਾਰੀ

******

ਯਾਤਰਾ ਬੰਗਲਾ ਦੇਸ਼ ਦੀ-2
ਬੰਗਲਾ ਦੇਸ਼ ਲਈ ਰਵਾਨਗੀ
-ਹਰਬੀਰ ਸਿੰਘ ਭੰਵਰ


ਬੰਗਲਾ ਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਸਾਬਕਾ ਉਪ-ਪ੍ਰਧਾਨ ਸ: ਮੁਖਤਿਆਰ ਸਿੰਘ, ਜੋ ਪਿਛਲੇ ਦਿਨ ਤੋਂ ਕੋਲਕਾਤਾ ਵਿਖੇ ਸਾਡੀ ਆਓ ਭਗਤ ਅਤੇ ਦੇਖਭਾਲ ਵਿੱਚ ਲੱਗੇ ਹੋਏ ਸਨ, ਸਾਨੂੰ ਸਵੇਰੇ ਅੱਠ ਕੁ ਵਜੇ ਕੋਲਕਾਤਾ ਹਵਾਈ ਅੱਡੇ ‘ਤੇ ਛੱਡ ਗਏ। ਇਹ ਹਵਾਈ ਅੱਡਾ ਅੰਮ੍ਰਿਤਸਰ ਅਤੇ ਦਿੱਲੀ ਦੇ ਹਵਾਈ ਅੱਡਿਆਂ ਨਾਲੋਂ ਚੰਗਾ ਲੱਗਾ। ਢਾਕਾ ਲਈ ਉਡਾਣ 10:40 ਵਜੇ ਸੀ। ਇੰਮੀਗ੍ਰੇਸ਼ਨ, ਕਸਟਮ ਅਤੇ ਸਕਿਉਰਿਟੀ ਚੈੱਕ ਉਪਰੰਤ ਅਸੀਂ ਬੋਰਡਿੰਗ ਪਾਸ ਲੈ ਕੇ ਅੰਦਰ ਆਪਣੀ ਉਡਾਣ ਲਈ ਬੋਰਡਿੰਗ ਕਾਲ ਲਈ ਇੰਤਜ਼ਾਰ ਕਰਨ ਲੱਗੇ। ਉਸ ਸਮੇਂ ਇੱਕ ਉਡਾਣ ਬੈਂਕਾਕ ਅਤੇ ਇੱਕ ਸਿੰਘਾਪੁਰ ਲਈ ਤਿਆਰ ਸੀ। ਉਨ੍ਹਾਂ ਦੇ ਮੁਸਾਫਿ਼ਰ ਵੀ ਉਡੀਕ ਘਰ ਵਿੱਚ ਬੈਠੇ ਸਨ। ਥਾਈਲੈਂਡ ਦੇ 10-12 ਜਵਾਨ ਮੁੰਡੇ ਕੁੜੀਆਂ ਆਪਸ ਵਿੱਚ ਗੱਪਾਂ ਮਾਰਦੇ ਹੋਏ ਹੱਸ ਖੇਡ ਰਹੇ ਸਨ ਤੇ ਕਈ ਵਾਰੀ ਉੱਚੀ ਉੱਚੀ ਹੱਸਦੇ। ਸ: ਵਰਿਆਮ ਸਿੰਘ ਕਹਿਣ ਲੱਗੇ, “ਕਿਸੇ ਦੀ ਮਾਤ ਭਾਸ਼ਾ ਕੋਈ ਵੀ ਹੋਵੇ, ਮਨੁੱਖ ਦੇ ਹੱਸਣ ਅਤੇ ਰੋਣ ਦੀ ਭਾਸ਼ਾ ਇੱਕੋ ਹੀ ਹੈ।”

ਬੰਗਲਾ ਦੇਸ਼ ਏਅਰਲਾਈਨਜ਼ “ਬਿਮਾਨ” ਦਾ ਜਹਾਜ਼ ਸਮੇਂ ਸਿਰ ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ਲਈ ਰਵਾਨਾ ਹੋ ਗਿਆ। ਏਅਰ-ਹੋਸਟੈਸ ਨੇ ਪਹਿਲਾਂ ਬੰਗਾਲੀ ਭਾਸ਼ਾ ਤੇ ਫਿਰ ਅੰਗਰੇਜ਼ੀ ਵਿੱਚ “ਸ਼ਲਾਮਾਲੇਕਮ” ਆਖ ਕੇ ਸਾਰੇ ਮਸਾਫਿ਼ਰਾਂ ਨੂੰ “ਜੀ ਆਇਆਂ ਨੂੰ” ਆਖਿਆ ਤੇ ਸੁਖ ਆਨੰਦ ਨਾਲ ਸਫ਼ਰ ਮੁਕੰਮਲ ਹੋਣ ਲਈ ਕਾਮਨਾ ਕੀਤੀ।

ਜਹਾਜ਼ ਵਿੱਚ ਸਾਨੂੰ ਕੋਕਾ ਕੋਲਾ ਅਤੇ ਸਨੈਕਸ ਦਿੱਤੇ ਗਏ। ਕੇਵਲ 40 ਮਿੰਟਾਂ ਵਿੱਚ ਜਹਾਜ਼ ਸਮੇਂ ਸਿਰ ਢਾਕਾ ਪਹੁੰਚ ਗਿਆ। ਇੰਮੀਗ੍ਰੇਸ਼ਨ ਅਤੇ ਕਸਟਮ ਦੀਆਂ ਕਾਰਵਾਈਆਂ ਕਰਨ ਉਪਰੰਤ ਅਸੀਂ ਟੈਕਸੀ ਲੈ ਕੇ ਰਮਨਾ ਖੇਤਰ ਵਿੱਚ ਨੀਲਖੇਤ ਰੋਡ ਸਥਿਤ ਗੁਰਦੁਆਰਾ ਨਾਨਕਸ਼ਾਹੀ ਪਹੁੰਚ ਗਏ। ਏਅਰਪੋਰਟ ਤੋਂ ਸ਼ਹਿਰ ਤੱਕ ਦਾ ਸਾਰਾ ਰਸਤਾ ਬਹੁਤ ਸੁਹਣਾ ਹੈ। ਚੌੜੀਆਂ ਸੜਕਾਂ, ਜਿਨ੍ਹਾਂ ਦੇ ਦੋਵੇਂ ਪਾਸੇ ਫੁੱਲਦਾਰ ਅਤੇ ਸੁੰਦਰ ਦਰੱਖਤ ਲੱਗੇ ਹੋਏ ਹਨ। ਸ: ਮੁਖਤਿਆਰ ਸਿੰਘ ਨੇ ਸਾਨੂੰ ਦੱਸਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਤਿੰਨ ਪਾਸੇ ਅਤੇ ਸਾਹਮਣੇ ਵਾਲੀ ਸੜਕ ਤੇ ਢਾਕਾ ਯੂਨੀਵਰਸਿਟੀ ਦਾ ਕੈਂਪਸ ਫੈਲਿਆ ਹੋਇਆ ਹੈ। ਕੁੜੀਆਂ ਦੇ ਹੋਸਟਲ “ਰੁਕੀਆ ਹਾਲ” ਦੇ ਸਾਹਮਣੇ ਇਹ ਗੁਰਦੁਆਰਾ ਸਥਿਤ ਹੈ। ਸੋ ਸਾਨੂੰ ਇੱਥੇ ਪਹੁੰਚਣ ਵਿੱਚ ਕੋਈ ਮੁਸ਼ਕਿਲ ਨਾ ਆਈ।

ਪ੍ਰਬੰਧਕੀ ਬਲਾਕ ਵੱਲ ਗਏ ਤਾਂ ਸਾਨੂੰ ਪ੍ਰਬੰਧਕਾਂ ਤੋਂ ਪਹਿਲਾਂ ਚਾਰ ਪੰਜ ਨੌਜਵਾਨਾਂ, ਜਿਨ੍ਹਾਂ ਵਿੱਚ ਕੇਵਲ ਇੱਕ ਕੇਸਾਧਾਰੀ ਸੀ, ਨੇ ਫਤਹਿ ਬੁਲਾਈ। ਗੁਰਦੁਆਰੇ ਦੇ ਗ੍ਰੰਥੀ ਭਾਈ ਪਿਆਰਾ ਸਿੰਘ ਵੀ ਬਾਹਰ ਆ ਗਏ।

ਬੰਗਲਾ ਦੇਸ਼ ਵਿੱਚ ਐਤਵਾਰ ਦੀ ਥਾਂ ਹਰ ਜੁਮੇ (ਸ਼ੁੱਕਰਵਾਰ) ਨੂੰ ਛੁੱਟੀ ਹੁੰਦੀ ਹੈ। ਤੇ ਇਸ ਦਿਨ ਹੀ ਬਹੁਤੀਆਂ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀਆਂ ਹੁੰਦੀਆਂ ਹਨ। ਬੰਗਲਾ ਦੇਸ਼ ਵਿੱਚ ਸਿੱਖ ਵਸੋਂ ਨਹੀਂ ਹੈ। ਮਲਟੀ-ਨੈਸ਼ਨਲ ਕੰਪਣੀਆਂ ਵਿੱਚ ਨੌਕਰੀ ਕਰ ਰਹੇ ਸਿੱਖ ਅਤੇ ਬੰਗਲਾ ਦੇਸ਼ ਦੇ ਹਿੰਦੂ ਹਰ ਸ਼ੁੱਕਰਵਾਰ ਗੁਰਦੁਆਰੇ ਦੀਵਾਨ ਵਿੱਚ ਹਾਜ਼ਰੀਆਂ ਭਰਦੇ ਹਨ। ਅਸੀਂ ਸਮਝਿਆ ਕਿ ਇਹ ਨੌਜਵਾਨ ਕੱਲ੍ਹ ਦੇ ਦੀਵਾਨ ਅਤੇ ਲੰਗਰ ਆਦਿ ਦੇ ਪ੍ਰਬੰਧ ਲਈ ਬੁਲਾਏ ਗਏ ਹੋਣਗੇ। ਦੁਪਹਿਰ ਦਾ ਖਾਣਾ ਖਾ ਕੇ ਅਸੀਂ ਇੱਕ ਰਿਹਾਇਸ਼ੀ ਕਮਰੇ ਵਿੱਚ ਚਲੇ ਗਏ। ਸ਼ਾਮ ਨੂੰ ਚਾਹ ਵੇਲੇ ਜਦੋਂ ਗੱਲਬਾਤ ਹੋਈ ਤਾਂ ਗੱਲਾਂ ਸੁਣ ਕੇ ਅਸੀਂ ਹੈਰਾਨ ਹੀ ਰਹਿ ਗਏ। ਇਹ ਨੌਜਵਾਨ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਸਨ ਪਰ ਪਹੁੰਚ ਗਏ ਢਾਕੇ ਦੀ ਜੇਲ੍ਹ ਵਿੱਚ; ਜਿੱਥੇ ਇੱਕ ਸਾਲ ਬੰਦ ਰਹਿ ਕੇ ਦੋ ਕੁ ਮਹੀਨੇ ਪਹਿਲਾਂ ਹੀ ਰਿਹਾਅ ਹੋ ਕੇ ਗੁਰਦੁਆਰੇ ਵਿੱਚ ਸ਼ਰਨ ਲੈ ਕੇ ਬੈਠੇ ਹੋਏ ਸਨ।

ਆਪਣੀ ਕਹਾਣੀ ਉਨ੍ਹਾਂ ਇਸ ਤਰ੍ਹਾਂ ਸੁਣਾਈ। ਇੱਕ ਟ੍ਰੈਵਲ ਏਜੰਟ ਰਾਹੀਂ ਉਹ ਇੰਗਲੈਂਡ ਜਾਣਾ ਚਾਹੁੰਦੇ ਸਨ। ਇਸ ਲਈ ਉਸ ਨੂੰ 8-8 ਲੱਖ ਰੁਪਏ ਦੇਣੇ ਸਨ। ਚਾਰ ਚਾਰ ਲੱਖ ਐਡਵਾਂਸ ਦਿੱਤਾ ਅਤੇ ਬਾਕੀ 4-4 ਲੱਖ ਉਨ੍ਹਾਂ ਦੇ ਇੰਗਲੈਂਡ ਪਹੁੰਚ ਕੇ ਫੋਨ ਕਰਨ ਉੱਤੇ ਉਨ੍ਹਾਂ ਦੇ ਮਾਪਿਆਂ ਨੇ ਦੇਣੇ ਸਨ। ਉਹ ਵੀਜ਼ਾ ਲੈ ਕੇ ਹਾਂਗਕਾਂਗ ਗਏ ਅਤੇ ਉੱਥੋਂ ਬੰਗਲਾ ਦੇਸ਼ ਏਅਰਲਾਈਨ ਰਾਹੀਂ ਢਾਕੇ ਹੋ ਕੇ ਇੰਗਲੈਂਡ ਪਹੁੰਚਣਾ ਸੀ। ਇਹ ਸਾਰਾ ਪ੍ਰਬੰਧ ਏਜੰਟ ਨੇ ਕੀਤਾ ਹੋਇਆ ਸੀ। ਇਸ ਉਡਾਣ ਸਮੇਂ ਉਨ੍ਹਾਂ ਨੂੰ ਜਹਾਜ਼ ਵਿੱਚ ਇੱਕ ਥਾਂ ਛੁਪਾ ਕੇ ਬਿਠਾ ਦਿੱਤਾ ਗਿਆ। ਢਾਕੇ ਸਾਰੇ ਮੁਸਾਫਰ ਉੱਤਰ ਗਏ। ਕਿਸੇ ਕਾਰਨ ਇਹ ਜਹਾਜ਼ ਅੱਗੇ ਨਾ ਜਾ ਸਕਿਆ। ਉਹ ਉੱਥੇ ਛੁਪੇ ਰਹੇ। ਅਗਲੇ ਦਿਨ ਜਦੋਂ ਸਫ਼ਾਈ ਕਰਮਚਾਰੀ ਜਹਾਜ਼ ਦੀ ਸਫ਼ਾਈ ਕਰਨ ਆਏ ਤਾਂ ਇਨ੍ਹਾਂ ਦੀ ਘੁਸਰ ਮੁਸਰ ਸੁਣ ਕੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਸੁਰੱਖਿਆ ਫੋਰਸ ਨੇ ਜਹਾਜ਼ ਨੂੰ ਚਾਰੇ ਪਾਸੇ ਘੇਰਾ ਪਾ ਲਿਆ ਅਤੇ ਇਨ੍ਹਾਂ ਨੂੰ ਬਾਹਰ ਆ ਕੇ ਆਤਮ ਸਮਰਪਣ ਕਰਨ ਉੱਤੇ ਮਜਬੂਰ ਕਰ ਦਿੱਤਾ। ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੰਟੈਰੋਗੇਸ਼ਨ ਸ਼ੁਰੂ ਕਰ ਦਿੱਤੀ।

ਨੌਜਵਾਨਾਂ ਨੇ ਦੱਸਿਆ ਕਿ ਕੁਦਰਤੀ ਦੋ ਦਿਨ ਬਾਅਦ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਬੇਗਮ ਖਾਲਦਾ ਜ਼ੀਆ ਨੇ ਹਾਂਗਕਾਂਗ ਦੇ ਸਰਕਾਰੀ ਦੌਰੇ ‘ਤੇ ਜਾਣਾ ਸੀ। ਸੁਰੱਖਿਆ ਫੋਰਸਾਂ ਨੇ ਸਮਝਿਆ ਕਿ ਇਹ ਨੌਜਵਾਨ ਕਿਸੇ ਅਤਿਵਾਦੀ ਜੱਥੇਬੰਦੀ ਨਾਲ ਜੁੜੇ ਹੋਏ ਹਨ ਅਤੇ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਆਏ ਹਨ। ਉਨ੍ਹਾਂ ਵਲੋਂ ਅਸਲੀਅਤ ਦੱਸਣ ਦੇ ਬਾਵਜੂਦ ਉਨ੍ਹਾਂ ਉੱਤੇ ਦੇਸ਼ ਦੇ 1974 ਦੇ ਅਤਿਵਾਦ ਵਿਰੋਧੀ ਕਾਨੂੰਨ ਅਧੀਨ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਸਾਜਸ਼ ਕਰਨ, ਜਹਾਜ਼ ਨੂੰ ਅਗਵਾ ਕਰਨ, ਮਸਾਫਰਾਂ ਨੂੰ ਅਗਵਾ ਕਰਨ ਦੇ ਦੋਸ਼ ਲਗਾ ਕੇ ਮੁਕੱਦਮਾ ਚਲਾਇਆ ਗਿਆ। ਇੱਕ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬੰਦ ਰਹਿ ਕੇ ਹੁਣ ਉਹ ਜ਼ਮਾਨਤ ਉੱਤੇ ਬਾਹਰ ਆਏ ਸਨ ਤੇ ਇਸ ਗੁਰਦੁਆਰੇ ਸ਼ਰਨ ਲਈ ਸੀ।

ਉਨ੍ਹਾਂ ਦੱਸਿਆ ਕਿ 4-4 ਲੱਖ ਰੁਪਏ ਟਰੈਵਲ ਏਜੰਟ ਨੂੰ ਦਿੱਤੇ ਸਨ ਤੇ ਇਤਨੇ-ਇਤਨੇ ਪੈਸੇ ਵਕੀਲਾਂ ਦੀਆਂ ਫੀਸਾਂ ਆਦਿ ਉੱਤੇ ਖਰਚ ਆ ਗਏ ਹਨ।

ਮੈਂ ਕਿਹਾ ਕਿ ਪੰਜਾਬ ਦੇ ਸਾਰੇ ਅਖਬਾਰਾਂ ਤੇ ਟੀਵੀ ਚੈਨਲਾਂ ਤੇ ਟਰੈਵਲ ਏਜੰਟਾਂ ਦੇ ਹੱਥੋਂ ਗੁੰਮਰਾਹ ਹੋਏ ਨੌਜਵਾਨਾਂ ਦੇ ਪਾਕਿਸਤਾਨ ਤੇ ਕਈ ਹੋਰ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਨਰਕ ਭੋਗਣ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ, ਫਿਰ ਤੁਹਾਨੂੰ ਗਲਤ ਢੰਗ ਨਾਲ ਵਿਦੇਸ਼ ਜਾਣ ਦੀ ਕੀ ਸੁੱਝੀ? ਇਸ ਅੱਠ ਲੱਖ ਨਾਲ ਤੁਸੀਂ ਉੱਧਰ ਕੋਈ ਬਿਜਨੈਸ ਕਰ ਸਕਦੇ ਸੀ। ਉਹ ਲਾਜਵਾਬ ਸਨ, ਚੁੱਪ ਰਹੇ।

“ਸਾਡੇ ਨੌਜਵਾਨਾਂ ਦੇ ਸਿਰ ‘ਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੈ।” ਸ: ਵਰਿਆਮ ਸਿੰਘ ਨੇ ਉਨ੍ਹਾਂ ਨੂੰ ਸੁਣਾ ਕੇ ਕਿਹਾ।

ਮੈਂ ਫਿਰ ਪੁੱਛਿਆ, “ਇਤਨੇ ਦੁੱਖੜੇ ਸਹਿ ਕੇ ਕੋਈ ਅਕਲ ਆਈ ?”

“ਜੀ ਹਾਂ, ਹੁਣ ਤਾਂ ਸਾਡੀਆਂ ਅੱਖਾਂ ਖੁੱਲ੍ਹ ਗਈਆਂ ਹਨ। ਅਸੀਂ ਤਾਂ ਸਭਨਾਂ ਨੂੰ ਇਹੋ ਕਹਾਂਗੇ ਕਿ ਜੇ ਵਿਦੇਸ਼ ਜਾਣਾ ਹੈ ਤਾਂ ਕਾਨੂੰਨੀ ਢੰਗ ਨਾਲ ਹੀ ਜਾਣਾ, ਦੋ ਨੰਬਰ ਵਿੱਚ ਨਹੀਂ।” ਕੰਨਾਂ ਨੂੰ ਹੱਥ ਲਾਉਂਦਿਆ ਉਨ੍ਹਾਂ ਕਿਹਾ।

“ਤੁਸੀਂ ਮੌਤ ਦੇ ਮੂੰਹ ਵਿੱਚੋਂ ਵਾਪਸ ਆਏ ਹੋ। ਤੁਹਾਡਾ ਨਵਾਂ ਜਨਮ ਹੋਇਆ ਹੈ। ਘਰ ਵਾਪਸ ਜਾ ਕੇ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ ਕਰਵਾਓ; ਕੋਈ ਨੌਕਰੀ ਕਰੋ ਜਾਂ ਆਪਣਾ ਬਿਜਨੈਸ। ਫਿਰ ਇਸ ਰਸਤੇ ਨਾ ਤੁਰਨਾ।” ਮੈਂ ਉਨ੍ਹਾਂ ਨੂੰ ਬਜ਼ੁਰਗਾਂ ਵਾਂਗ ਨਸੀਹਤ ਦਿੰਦੇ ਹੋਏ
ਆਖਿਆ।

ਸਾਡੇ ਢਾਕਾ ਰਹਿੰਦਿਆਂ ਹੀ ਉਨ੍ਹਾਂ ਨੂੰ ਪਾਸਪੋਰਟ ਵਾਪਸ ਦੇਣ ਅਤੇ ਭਾਰਤ ਵਾਪਸ ਜਾਣ ਦੇ ਹੁਕਮ ਮਿਲ ਗਏ। ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰ ਕੇ ਅਗਲੇ ਮਹੀਨੇ ਉਹ ਸਾਰੇ ਆਪਣੇ ਘਰ ਵਾਪਸ ਆ ਗਏ।
(ਚਲਦਾ )

(6 ਨਵੰਬਰ 2006) ਯੂਨੀਕੋਡ

#241 ਸੈਂਟਰਲ ਟਾਊਨ ਦਾਦ, ਪਖੌਵਾਲ ਰੋਡ, ਲੁਧਿਆਣਾ-142022 ਫੋਨ: 91-161-3200361

ਮੋਬਾਈਲ:91-98146-39649

ਹਰਬੀਰ ਸਿੰਘ ਭੰਵਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ

e-mail:
ਲਿਖਾਰੀ

Likhari


© likhari: Punjabi Likhari Forum-2001-2007