ਦੋ ਸ਼ਬਦ
ਸ: ਹਰਬੀਰ ਸਿੰਘ
ਭੰਵਰ 'ਪੰਜਾਬੀ ਸਾਹਿਤਕ ਜਗਤ' ਵਿਚ ਇਕ ਸਫਲ ਲੇਖਕ ਅਤੇ ਪੱਤਰਕਾਰ ਵਜੋਂ ਜਾਣਿਆ
ਪਹਿਚਾਣਿਆ ਨਾਂ ਹੈ। 31 ਵਰ੍ਹਿਆਂ ਤੋਂ ਆਪ 'ਟ੍ਰਿਬੀਊਨ' ਅਖ਼ਬਾਰ ਸੰਮੂਹ ਲਈ
'ਸੀਨੀਅਰ ਪੱਤਰਕਾਰ' ਵਜੋਂ ਕੰਮ ਕਰਦੇ ਆ ਰਹੇ ਹਨ। ਆਪ ਦੇ ਬਹੁ-ਮੁਲੇ ਲੇਖ
ਪੰਜਾਬੀ ਦੇ ਪ੍ਰਮੁੱਖ ਪਰਚਿਆਂ ਵਿਚ ਵੀ ਛੱਪਦੇ ਰਹਿੰਦੇ ਹਨ। ਆਪਦੀਆਂ: (1)
ਸੋਭਾ ਸਿੰਘ-ਜੀਵਨ, ਸ਼ਖ਼ਸ਼ੀਅਤ ਤੇ ਕਲਾ, (2) ਕੀ ਖ਼ਾਲਿਸਤਾਨ ਬਣੇਗਾ?, (3)
ਪੰਜਾਬੀ ਦਾ ਲੋਕ ਨਾਇਕ(ਸੰਤ ਹਰਚੰਦ ਸਿੰਘ ਲੌਂਗੋਵਾਲ), (4) ਨਾਰੀਅਲ ਦੀ ਧਰਤੀ
ਅਤੇ (5) ਡਾਇਰੀ ਦੇ ਪੰਨੇ ਆਦਿ ਪੁਸਤਕਾਂ ਪਰਕਾਸਿ਼ਤ ਹੋਈਆਂ ਜਿਹਨਾਂ ਨੂੰ
ਪਾਠਕਾਂ ਵਲੋਂ ਭਰਵਾਂ ਹੁੰਘਾਰਾ ਮਿਲਿਆ। 'ਡਾਇਰੀ ਦੇ ਪੰਨੇ' ਲਈ ਆਪ ਨੂੰ ਵੱਖ
ਵੱਖ ਸੰਸਥਾਵਾਂ ਵਲੋਂ ਸਨਮਾਨਿਆ ਵੀ ਗਿਆ।
ਨਿਧੜਕ, ਨਿਰਪੱਖ, ਈਮਾਨਦਾਰ ਅਤੇ ਸ਼ਕਤੀਸ਼ਾਲੀ ਪੱਤਰਕਾਰ ਸ: ਭੰਵਰ ਦੀਆਂ ਹੁਣ
ਤੱਕ 'ਲਿਖਾਰੀ' ਵਿੱਚ ਦੱਸ ਰਚਨਾਵਾਂ ਛਪੀਆਂ ਹਨ। ਉਹਨਾਂ ਵਲੋਂ 'ਬੰਗਲਾ ਦੇਸ਼
ਦੀ ਯਾਤਰਾ' ਸਬੰਧੀ ਲਿਖੇ ਲੇਖਾਂ ਦੀ ਲੜੀ ਵਿੱਚੋਂ ਤੀਜਾ ਲੇਖ ਲਿਖਾਰੀ ਦੇ
ਪਾਠਕਾਂ ਦੇ ਰੂ-ਬ-ਰੂ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ
ਹਾਂ।-----ਲਿਖਾਰੀ
******
ਯਾਤਰਾ ਬੰਗਲਾ ਦੇਸ਼
ਦੀ-੩
ਬਹੁਤ ਪੁਰਾਣਾ ਸ਼ਹਿਰ ਹੈ ਢਾਕਾ
-ਹਰਬੀਰ ਸਿੰਘ ਭੰਵਰ-
ਬੰਗਲਾ
ਦੇਸ਼ ਦੀ ਰਾਜਧਾਨੀ ਢਾਕਾ ਬਹੁਤ ਹੀ ਪੁਰਾਣਾ ਸ਼ਹਿਰ ਹੈ ਅਤੇ ਆਪਣੇ ਵਿੱਚ ਇੱਕ
ਬਹੁਤ ਲੰਬਾ ਇਤਿਹਾਸ ਸਮੋਈ ਬੈਠਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਾਹਦਰ ਜੀ ਨੇ ਇਸ ਸ਼ਹਿਰ ਨੂੰ
ਆਪਣੇ ਪਵਿੱਤਰ ਚਰਨਾਂ ਨਾਲ ਭਾਗ ਲਾਏ ਹਨ।
ਪ੍ਰਸਿੱਧ ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਅਨੁਸਾਰ
“ਬੰਗਾਲ
ਵਿੱਚ ਇੱਕ ਪਰਗਨਾ ਅਤੇ ਬਹੁਤ ਪੁਰਾਣਾ ਸ਼ਹਿਰ ਹੈ ਢਾਕਾ,
ਜੋ ਕਲਕੱਤੇ ਤੋਂ 254
ਮੀਲ ਈਸ਼ਾਨ ਵਲ ਹੈ।
ਇਹ ਵਾਦੀ ਗੰਗਾ ਕਿਨਾਰੇ ਹੈ।
ਢਾਕੇ ਵਿੱਚ ਢਾਕੇਸ਼ਵਰੀ ਦੁਰਗਾ ਦਾ ਮੰਦਰ ਹੈ।
ਪੁਰਾਣੇ ਜ਼ਮਾਨੇ ਵਿੱਚ ਮਲਮਲ ਅਤੇ ਹੋਰ ਕਈ ਬਾਰੀਕ ਬਸਤਰ ਭਾਰਤ ਵਿੱਚ ਬਹੁਤ
ਪ੍ਰਸਿੱਧ ਸਨ।
ਇੱਥੇ ਸੰਮਤ 1564
ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ
1723
ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਧਾਰੇ ਸਨ।
ਆਪਣੇ ਪਵਿੱਤਰ ਗੁਰਦੁਆਰੇ ਸੋਭਾ ਦੇ ਰਹੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ
“ਚਰਨ
ਪਾਦੁਕਾ”
ਕਰ ਕੇ ਪ੍ਰਸਿੱਧ ਹੈ।”
ਨਾਮਵਰ ਬੰਗਾਲੀ ਵਿਦਵਾਨ ਸਈਅਦ ਹੁਸੈਨ ਅਨੁਸਾਰ ਢਾਕਾ ਦੇ ਇਤਿਹਾਸ ਬਾਰੇ ਕਿਹਾ
ਜਾਂਦਾ ਹੈ ਕਿ ਸ਼ਹਿਰ “ਢੱਕ”
ਨਾਂਅ ਦੇ ਦਰਖਤ ਅਤੇ ਦੁਰਗਾ ਦੇ ਮੰਦਰ ਢਕੇਸ਼ਵਰੀ ਦੇ ਨਾਂ ਉੱਤੇ ਪਿਆ ਹੈ।
ਰਮਨ ਅਲੀ ਨੇ ਆਪਣੀ ਫਾਰਸੀ ਦੀ ਪੁਸਤਕ
“ਤਾਰੀਖ-ਏ-ਢਾਕਾ”
ਵਿੱਚ ਲਿਖਿਆ ਹੈ ਕਿ ਉਸ ਸਮੇਂ ਦਾ ਮੁਗਲ ਸੂਬੇਦਾਰ ਸ਼ੇਖ ਅਲਾਉਦੀਨ ਇਸਲਾਮ ਖਾਨ
1608
ਵਿੱਚ ਆਪਣੀ ਰਾਜਧਾਨੀ ਬਣਾਉਣ ਲਈ ਥਾਂ ਦੀ ਤਲਾਸ਼ ਵਿੱਚ ਇੱਥੇ ਜੰਗੀ ਬੇੜੇ ਅਤੇ
ਕਿਸ਼ਤੀਆਂ ਦੇ ਕਾਫਲੇ ਨਾਲ ਆਇਆ।
ਜਦੋਂ ਉਸਦੀਆਂ ਬੇੜੀਆਂ ਦਾ ਪੂਰ ਅੱਜ ਵਾਲੇ ਸ਼ਹਿਰ ਦੀ ਥਾਂ ਸਾਹਮਣੇ ਆਇਆ ਤਾਂ ਉਸ
ਨੂੰ ਸੁਰੱਖਿਆ ਦੇ ਮਾਮਲੇ ‘ਤੇ
ਇਹ ਥਾਂ ਬਹੁਤ ਚੰਗੀ ਲੱਗੀ।
ਉਸ ਨੇ ਇੱਥੇ ਆਪਣੀ ਰਾਜਧਾਨੀ ਸਥਾਪਤ ਕਰਨ ਦਾ ਫੈਸਲਾ ਕਰ ਲਿਆ।
ਬੇੜੀਆਂ ਨੂੰ ਦਰਿਆ ਕਿਨਾਰੇ ਲਿਆ ਕੇ ਲੰਗਰ ਲਗਾਇਆ।
ਉਸਦੇ ਰਸਤੇ ਵਿੱਚ ਹਿੰਦੂ ਧਰਮ ਦੇ ਲੋਕ ਸੰਗੀਤ ਤੇ ਢੱਕ (ਢੋਲ) ਵਜਾ ਕੇ ਪੂਜਾ
ਕਰ ਰਹੇ ਸਨ।
ਉਸ ਨੂੰ ਇੱਕ ਵਿਚਾਰ ਸੁੱਝਿਆ।
ਉਸ ਨੇ ਸਾਰੇ ਢੋਲ ਵਜਾਉਣ ਵਾਲਿਆਂ ਨੂੰ ਇਕੱਠੇ ਕਰ ਕੇ ਇੱਕੋ ਥਾਂ ਖੜੋ ਕੇ
ਜ਼ੋਰ-ਜ਼ੋਰ ਨਾਲ ਢੋਲ ਵਜਾਉਣ ਲਈ ਕਿਹਾ।
ਇਸਦੇ ਨਾਲ ਹੀ ਉਸ ਨੇ ਆਪਣੇ ਤਿੰਨ ਦਰਬਾਰੀਆਂ ਨੂੰ ਉੱਥੇ ਤੱਕ ਜਾ ਕੇ ਝੰਡਾ
ਗੱਢਣ ਲਈ ਕਿਹਾ,
ਜਿੱਥੋਂ ਤੱਕ ਢੋਲਾਂ ਦੀ ਅਵਾਜ਼ ਜਾਂਦੀ ਸੀ ਅਤੇ ਆਸਾਨੀ ਨਾਲ ਸੁਣੀ ਜਾ
ਸਕਦੀ ਸੀ।
ਇਸ ਕਰਕੇ “ਢੱਕ”
(ਢੋਲ)
ਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਢਾਕਾ ਪਿਆ।
ਉਪਰੋਕਤ
ਕਹਾਣੀ ਦੇ ਬਾਵਜੂਦ ਜਾਪਦਾ ਹੈ ਕਿ ਢਾਕਾ ਸ਼ਹਿਰ ਬਹੁਤ ਪੁਰਾਣਾ ਹੈ।
ਇਹ ਕਦੋਂ ਅਤੇ ਕਿਵੇਂ ਵੱਸਿਆ,
ਬਾਰੇ ਪੁਰਾਣਾ ਇਤਿਹਾਸ ਨਹੀਂ ਮਿਲਦਾ।
ਕਦੀ ਇਸਦਾ ਨਾਂ ਸੋਨਾਰ ਗਾਓਂ ਤੇ ਜਹਾਂਗੀਰਾਬਾਦ ਵੀ ਰਿਹਾ।
ਕਿਹਾ ਜਾਂਦਾ ਹੈ ਕਿ ਇਸਦੇ 52
ਬਜ਼ਾਰ ਅਤੇ 53
ਗਲੀਆਂ ਸਨ।
ਭਾਰਤੀ ਉੱਪ-ਮਹਾਂਦੀਪ ਵਿੱਚ ਸ਼ਾਇਦ ਢਾਕਾ ਹੀ ਇੱਕ ਅਜਿਹਾ ਸ਼ਹਿਰ ਹੈ ਜਿਸਦੇ
ਬਾਜ਼ਾਰ ਬਹੁਤ ਖੁੱਲ੍ਹੇ ਅਤੇ ਸੜਕਾਂ ਬਹੁਤ ਚੌੜੀਆਂ ਹਨ;
ਇੱਥੋਂ ਤੱਕ ਕਿ ਪੁਰਾਣੇ ਸ਼ਹਿਰ ਦੀਆਂ ਵੀ।
ਵੈਸੇ ਵੀ ਸ਼ਹਿਰ ਵਿੱਚ ਹਰਿਆਵਲ ਬਹੁਤ ਹੈ ਅਤੇ ਸ਼ਹਿਰ ਸੁਹਣਾ ਹੈ।
ਸ਼ਹਿਰ ਦੀਆਂ ਨਵੀਆਂ ਆਬਾਦੀਆਂ ਤਾਂ ਬਹੁਤ ਹੀ ਖੂਬਸੂਰਤ ਅਤੇ ਪੱਛਮੀ ਸ਼ਹਿਰਾਂ
ਦੇ ਤਰਜ਼ ‘ਤੇ
ਬਣੀਆਂ ਹੋਈਆਂ ਹਨ।
ਸ੍ਰੀ
ਗੁਰੂ ਨਾਨਕ ਦੇਵ ਜੀ ਦੇ ਢਾਕੇ ਜਾਣ ਬਾਰੇ ਭਾਈ ਬਾਲੇ ਵਾਲੀ ਜਨਮ-ਸਾਖੀ ਵਿੱਚ
ਜ਼ਿਕਰ ਆਉਂਦਾ ਹੈ,
ਪਰ ਇਹ ਬਹੁਤ ਵਿਸਥਾਰ ਪੂਰਬਕ ਨਹੀਂ ਹੈ।
ਉਸ ਸਾਖੀ ਅਨੁਸਾਰ ਗੁਰੂ ਜੀ,
ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਢਾਕੇ ਗਏ।
ਗੁਰੂ ਜੀ ਨੇ ਭਾਈ ਮਰਦਾਨੇ ਨੂੰ ਵਾਧੂ ਖਖੜੀਆਂ ਰੱਖਣ ਤੋਂ ਵਰਜਿਆ ਸੀ।
ਇਸ ਦੀ ਉਲੰਘਣਾ ਕਰ ਕੇ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਢਾਕੇ
ਵਿਖੇ ਹਿੰਦੂਆਂ ਅਤੇ ਸਿੱਖਾਂ ਦੇ ਕਈ ਧਾਰਮਿਕ ਅਸਥਾਨ ਸਨ,
ਪਰ ਸਮੇਂ ਦੇ ਨਾਲ ਅਲੋਪ ਹੋ ਗਏ।
ਅੰਗਰੇਜ਼ ਵਿਦਵਾਨ ਜੇਮਜ਼ ਟੇਲਰ ਅਨੁਸਾਰ
52
ਅਖਾੜੇ ਅਤੇ 14
ਸੰਗਤ ਸਨ।
ਇੱਕ ਮੁਸਲਮਾਨ ਵਿਦਵਾਨ ਸਈਅਦ ਔਲਾਦ ਕਾਸਮ ਨੇ
1904
ਵਿੱਚ ਹੇਠ ਲਿਖੇ ਦੋ ਅਸਥਾਨਾਂ ਦੇ ਬਾਰੇ ਜ਼ਿਕਰ ਕੀਤਾ ਹੈ।
ਗੁਰੂ
ਨਾਨਕ ਦਾ ਖੂਹ:- ਦਾਰਾ ਬੇਗਮ ਦੇ ਮਕਬਰੇ ਤੋਂ ਤਕਰੀਬਨ ਤਿੰਨ ਸੌ ਗਜ਼ ਦੀ ਦੂਰੀ
ਉੱਤੇ ਇੱਕ ਬਹੁਤ ਵੱਡਾ ਅਤੇ ਡੂੰਘਾ ਪੱਕੀ ਚਿਣਾਈ ਨਾਲ ਬਣਿਆ ਖੂਹ ਹੈ,
ਜਿਸ ਨੂੰ ਗੁਰੂ ਨਾਨਕ ਦਾ ਖੂਹ ਕਿਹਾ ਜਾਂਦਾ ਹੈ,
ਜੋ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ
’ਤੇ
ਹੈ।
ਕਿਹਾ ਜਾਂਦਾ ਹੈ ਕਿ ਆਪਣੀ ਢਾਕਾ ਫੇਰੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਇੱਕ
ਵਾਰੀ ਇਸ ਖੂਹ ਦਾ ਪਾਣੀ ਪੀਤਾ ਸੀ।
ਉਸ ਸਮੇਂ ਤੋਂ ਇਸ ਖੂਹ ਦਾ ਪਾਣੀ ਕਈ ਬੀਮਾਰੀਆਂ ਤੋਂ ਰਾਜ਼ੀ ਕਰ ਰਿਹਾ ਹੈ।
ਪਰ ਇਸ ਗੁਰਦੁਆਰੇ ਦੇ ਮਹੰਤ ਨੇ ਇਸ ਲੇਖਕ ਨੂੰ ਦੱਸਿਆ ਕਿ ਗੁਰੂ ਨਾਨਕ ਨਹੀਂ,
ਸਗੋਂ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਰਾਜਕਾਲ ਦੌਰਾਨ ਢਾਕਾ ਫੇਰੀ
ਦੌਰਾਨ ਇਸ ਖੂਹ ਦਾ ਪਾਣੀ ਪੀਤਾ ਸੀ।
ਇੱਥੇ ਲਾਗੇ ਹੀ ਸਿੱਖਾਂ ਦਾ ਇੱਕ ਕੇਂਦਰ ਹੁੰਦਾ ਸੀ,
ਜਿਸਦੀ ਇਸ ਸਮੇਂ ਸਿਰਫ ਇੱਕ ਮਹਿਰਾਬ ਬਾਕੀ ਰਹਿ ਗਈ ਹੈ।
ਗੁ:
ਸੰਗਤ ਟੋਲਾ: ਜਿਨ੍ਹਾਂ ਕੁਆਰਟਰਾਂ ਵਿੱਚ ਸਿੱਖ ਸੰਗਤ ਗੁਰਦੁਆਰਾ ਹੈ,
ਉਸ ਨੂੰ ਸੰਗਤ ਟੋਲਾ ਕਿਹਾ ਜਾਂਦਾ ਹੈ।
ਵਰਤਮਾਨ ਇਮਾਰਤ ਆਧੁਨਿਕ ਹੈ ਅਤੇ ਲਗਭਗ
40
ਵਰ੍ਹੇ ਪਹਿਲਾਂ ਔਰੰਗਜ਼ੇਬ ਦੇ ਰਾਜਕਾਲ ਦੌਰਾਨ ਬਣੀ ਪੁਰਾਣੀ ਇਮਾਰਤ ਦੇ ਢਹਿ
ਢੇਰੀ ਹੋਣ ਪਿੱਛੋਂ ਬਣਾਈ ਗਈ ਹੈ।
ਪੁਰਾਣੀ ਇਮਾਰਤ ਬਹੁਤ ਖੂਬਸੂਰਤ ਅਤੇ ਵਿਸ਼ਾਲ ਸੀ।
ਹੁਣ ਵਾਲੀ ਇਮਾਰਤ ਦੋ-ਮੰਜ਼ਲਾ ਹੈ।
ਉੱਪਰਲੀ ਮੰਜ਼ਲ ’ਤੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਸ੍ਰੀ ਗੁਰੂ
ਨਾਨਕ ਦੇਵ ਜੀ,
ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਸੁਸ਼ੋਭਿਤ
ਹਨ।
ਹੇਠਲੀ ਮੰਜ਼ਲ ‘ਤੇ
ਗ੍ਰੰਥੀ ਰਹਿੰਦੇ ਹਨ।
ਉਪਰੋਕਤ
ਰੀਪੋਰਟ 1904
ਦੀ ਹੈ।
ਇਸ ਸਮੇਂ “ਗੁਰੂ
ਨਾਨਕ ਦਾ ਖੂਹ”,
ਜੋ ਗੁਰਦੁਆਰਾ ਰਾਇਰ ਬਜ਼ਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ,
ਗਾਇਬ ਹੈ।
ਪਤਾ ਲੱਗਾ ਹੈ ਕਿ ਪੂਰਬੀ ਪਾਕਿਸਤਾਨ ਸਰਕਾਰ ਨੇ
1960-ਵਿਆਂ
ਦੇ ਸ਼ੁਰੂ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਢੁਆ ਕੇ ਅਤੇ ਖੂਹ ਨੂੰ ਪੁਰਵਾ ਕੇ,
ਇਸ ਨਾਲ ਸਬੰਧਤ ਜ਼ਮੀਨ ਉੱਤੇ ਕਬਜ਼ਾ ਕਰ ਕੇ ਪਲਾਟ ਬਣਾ ਕੇ ਵੇਚ ਦਿੱਤੇ,
ਜਿੱਥੇ ਹੁਣ ਇੱਕ ਪੌਸ਼ ਕਾਲੋਨੀ ਬਣੀ ਹੋਈ ਹੈ।
ਇਸ ਇਲਾਕੇ ਨੂੰ ਹੁਣ ਧਾਨ ਮੰਡੀ ਕਿਹਾ ਜਾਂਦਾ ਹੈ।
ਗੁਰਦੁਆਰਾ
ਸੰਗਤ ਟੋਲਾ ਦੀ ਇਮਾਰਤ ਵੀ ਬਹੁਤ ਖਸਤਾ ਹਾਲਤ ਵਿੱਚ ਹੈ ਅਤੇ ਨਵੀਂ ਬਣਾਉਣ ਵਾਲੀ
ਹੈ।
ਇਸ ਗੁਰਦੁਆਰਾ ਸਾਹਿਬ ਦੀ ਬਹੁਤ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕਰ ਕੇ ਝੁੱਗੀ ਨੁਮਾ
ਘਰਾਂ ਵਿੱਚ ਕਈ ਹਿੰਦੂ ਪਰਿਵਾਰ ਰਹਿ ਰਹੇ ਹਨ,
ਜੋ ਨਾ-ਮਾਤਰ ਕਿਰਾਇਆ ਵੀ ਨਹੀਂ ਦਿੰਦੇ।
ਗੁਰਦੁਆਰਾ
ਨਾਨਕਸ਼ਾਹੀ ਢਾਕਾ:
ਇਹ ਗੁਰਦੁਆਰਾ ਜੋ ਰਮਨਾ ਰੇਸ ਕੋਰਸ ਖੇਤਰ ਵਿੱਚ ਨੀਲਖੇਤ ਰੋਡ
‘ਤੇ
ਸਥਿਤ ਹੈ;
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ।
ਇਸ ਇਲਾਕੇ ਨੂੰ ਪਹਿਲੇ ਸਮਿਆਂ ਵਿੱਚ ਸ਼ੁਜਾਤਪੁਰ ਕਿਹਾ ਜਾਂਦਾ ਸੀ।
ਦੱਸਿਆ ਜਾਂਦਾ ਹੈ ਕਿ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ
ਸਮੇਂ ਇੱਕ ਸਿੱਖ ਮਿਸ਼ਨਰੀ ਅਲਮਸਤ ਨੂੰ ਢਾਕਾ ਭੇਜਿਆ ਗਿਆ,
ਜਿਸ ਨੇ ਇਹ ਧਾਰਮਿਕ ਅਸਥਾਨ ਸਥਾਪਤ ਕੀਤਾ।
ਇਸ ਗੁਰਦੁਆਰਾ ਸਾਹਿਬ ਦੇ ਨਾਲ ਬਹੁਤ ਜ਼ਮੀਨ ਸੀ,
ਜੋ ਪੂਰਬੀ ਪਾਕਿਸਤਾਨ ਸਰਕਾਰ ਨੇ ਜ਼ਬਰਦਸਤੀ ਇਕੁਆਇਰ ਕਰ ਕੇ ਢਾਕਾ ਯੂਨੀਵਰਸਿਟੀ
ਨੂੰ ਦੇ ਦਿੱਤੀ।
ਹੁਣ ਇਸ ਗੁਰਦੁਆਰਾ ਸਾਹਿਬ ਦੇ ਤਿੰਨੇ ਪਾਸੇ ਅਤੇ ਸਾਹਮਣੀ ਸੜਕ ਤੇ ਯੂਨੀਵਰਸਿਟੀ
ਦਾ ਵਿਸ਼ਾਲ ਕੈਂਪਸ ਬਣਿਆ ਹੋਇਆ ਹੈ।
ਮੌਜੂਦਾ ਗੁਰਦੁਆਰਾ ਕੰਪਲੈਕਸ ਲਗਭਗ ਪੌਣਾ ਏਕੜ ਜ਼ਮੀਨ ਉੱਤੇ ਸਥਿਤ ਹੈ।
ਗੁਰਦੁਆਰੇ ਦੀ ਇਮਾਰਤ ਸੁਹਣੀ ਅਤੇ ਮਜ਼ਬੂਤ ਹੈ।
ਪਿਛਲੇ ਪਾਸੇ ਲੰਗਰ ਹਾਲ ਅਤੇ ਸੱਜੇ ਖੱਬੇ ਪਾਸੇ ਰਿਹਾਇਸ਼ੀ ਕਮਰੇ ਬਣੇ ਹੋਏ ਹਨ।
ਸਾਹਮਣੇ ਵਿਸ਼ਾਲ ਵਿਹੜਾ ਹੈ,
ਜਿਸ ਵਿੱਚ ਘਾਹ ਲਗਾਇਆ ਗਿਆ ਹੈ।
ਇਸ ਗੁਰਦੁਆਰੇ ਦੇ ਲਾਗੇ ਵੀ ਇੱਕ ਖੂਹ ਅਤੇ ਇੱਕ ਸਰੋਵਰ ਹੁੰਦਾ ਸੀ,
ਜੋ ਯੂਨੀਵਰਸਿਟੀ ਵਲੋਂ ਸਥਾਪਤ ਲਾਗਲੀ ਪਾਰਕ ਵਿੱਚ ਚਲੇ ਗਏ ਸਨ ਤੇ ਫਿਰ ਪੂਰ
ਦਿੱਤੇ ਗਏ।
ਇਸ ਸਮੇਂ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਭਾਈ ਪਿਆਰਾ ਸਿੰਘ ਗ੍ਰੰਥੀ ਅਤੇ ਭਾਈ
ਕੁਲਵੰਤ ਸਿੰਘ ਬਟਾਲਵੀ ਕਰ ਰਹੇ ਹਨ।
ਇੱਥੇ ਹਰ ਸ਼ੁੱਕਰਵਾਰ ਨੂੰ ਦੀਵਾਨ ਸਜਦਾ ਹੈ,
ਜਿਸ ਵਿੱਚ ਢਾਕਾ ਵਿਖੇ ਨੌਕਰੀ ਕਰ ਰਹੇ ਸਿੱਖ ਅਤੇ ਸਥਾਨਕ ਹਿੰਦੂ ਸ਼ਰਧਾਲੂ
ਸ਼ਾਮਿਲ ਹੁੰਦੇ ਹਨ।
(ਚਲਦਾ)
(੧੫ ਨਵੰਬਰ 2006)
ਯੂਨੀਕੋਡ
#241 ਸੈਂਟਰਲ ਟਾਊਨ ਦਾਦ, ਪਖੌਵਾਲ ਰੋਡ,
ਲੁਧਿਆਣਾ-142022 ਫੋਨ:
91-161-3200361
ਮੋਬਾਈਲ:91-98146-39649
ਹਰਬੀਰ ਸਿੰਘ ਭੰਵਰ
ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ