ਦੋ ਸ਼ਬਦ
ਸ: ਹਰਬੀਰ ਸਿੰਘ
ਭੰਵਰ 'ਪੰਜਾਬੀ ਸਾਹਿਤਕ ਜਗਤ' ਵਿਚ ਇਕ ਸਫਲ ਲੇਖਕ ਅਤੇ ਪੱਤਰਕਾਰ ਵਜੋਂ ਜਾਣਿਆ
ਪਹਿਚਾਣਿਆ ਨਾਂ ਹੈ। 31 ਵਰ੍ਹਿਆਂ ਤੋਂ ਆਪ 'ਟ੍ਰਿਬੀਊਨ' ਅਖ਼ਬਾਰ ਸੰਮੂਹ ਲਈ
'ਸੀਨੀਅਰ ਪੱਤਰਕਾਰ' ਵਜੋਂ ਕੰਮ ਕਰਦੇ ਆ ਰਹੇ ਹਨ। ਆਪ ਦੇ ਬਹੁ-ਮੁਲੇ ਲੇਖ
ਪੰਜਾਬੀ ਦੇ ਪ੍ਰਮੁੱਖ ਪਰਚਿਆਂ ਵਿਚ ਵੀ ਛੱਪਦੇ ਰਹਿੰਦੇ ਹਨ। ਆਪਦੀਆਂ: (1)
ਸੋਭਾ ਸਿੰਘ-ਜੀਵਨ, ਸ਼ਖ਼ਸ਼ੀਅਤ ਤੇ ਕਲਾ, (2) ਕੀ ਖ਼ਾਲਿਸਤਾਨ ਬਣੇਗਾ?, (3)
ਪੰਜਾਬੀ ਦਾ ਲੋਕ ਨਾਇਕ(ਸੰਤ ਹਰਚੰਦ ਸਿੰਘ ਲੌਂਗੋਵਾਲ), (4) ਨਾਰੀਅਲ ਦੀ ਧਰਤੀ
ਅਤੇ (5) ਡਾਇਰੀ ਦੇ ਪੰਨੇ ਆਦਿ ਪੁਸਤਕਾਂ ਪਰਕਾਸਿ਼ਤ ਹੋਈਆਂ ਜਿਹਨਾਂ ਨੂੰ
ਪਾਠਕਾਂ ਵਲੋਂ ਭਰਵਾਂ ਹੁੰਘਾਰਾ ਮਿਲਿਆ। 'ਡਾਇਰੀ ਦੇ ਪੰਨੇ' ਲਈ ਆਪ ਨੂੰ ਵੱਖ
ਵੱਖ ਸੰਸਥਾਵਾਂ ਵਲੋਂ ਸਨਮਾਨਿਆ ਵੀ ਗਿਆ।
ਨਿਧੜਕ, ਨਿਰਪੱਖ, ਈਮਾਨਦਾਰ ਅਤੇ ਸ਼ਕਤੀਸ਼ਾਲੀ ਪੱਤਰਕਾਰ ਸ: ਭੰਵਰ ਦੀਆਂ ਹੁਣ
ਤੱਕ 'ਲਿਖਾਰੀ' ਵਿੱਚ ਦੱਸ ਰਚਨਾਵਾਂ ਛਪੀਆਂ ਹਨ। ਉਹਨਾਂ ਵਲੋਂ 'ਬੰਗਲਾ ਦੇਸ਼
ਦੀ ਯਾਤਰਾ' ਸਬੰਧੀ ਲਿਖੇ ਲੇਖਾਂ ਦੀ ਲੜੀ ਵਿੱਚੋਂ
ਪੰਜਵਾਂ ਲੇਖ ਲਿਖਾਰੀ ਦੇ
ਪਾਠਕਾਂ ਦੇ ਰੂ-ਬ-ਰੂ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ
ਹਾਂ।-----ਲਿਖਾਰੀ
******
ਯਾਤਰਾ ਬੰਗਲਾ ਦੇਸ਼
ਦੀ-5
ਮੈਮਨ ਸਿੰਘ ਦੀ ਇੱਕ ਫੇਰੀ
ਹਰਬੀਰ ਸਿੰਘ ਭੰਵਰ
ਦਸੰਬਰ
1971 ਵਿੱਚ ਜਦੋਂ ਬੰਗਲਾਦੇਸ਼ ਹੋਂਦ ਵਿੱਚ ਆਇਆ ਸੀ ਤਾਂ ਇੱਥੇ ਨੌਂ ਗੁਰਦੁਆਰੇ
ਸਨ, ਜੋ ਹੁਣ ਕੇਵਲ ਪੰਜ ਰਹਿ ਗਏ ਹਨ। ਢਾਕਾ ਅਤੇ ਚਿਟਾਗਾਂਗ ਵਿਖੇ ਦੋ-ਦੋ ਅਤੇ
ਇੱਕ ਮੈਮਨ ਸਿੰਘ ਵਿਖੇ। ਮੈਮਨ ਸਿੰਘ ਢਾਕੇ ਤੋਂ ਲਗਭਗ 180 ਕਿਲੋਮੀਟਰ ਉੱਤਰ ਵਲ
ਹੈ। ਤਿੰਨ ਕੁ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਜੋ ਟੀਮ ਭੇਜੀ ਗਈ ਸੀ, ਉਹ
ਢਾਕਾ ਅਤੇ ਚਿਟਾਗਾਂਗ ਜਾ ਕੇ ਵਾਪਸ ਮੁੜ ਗਈ ਸੀ। ਅਸੀਂ ਮੈਮਨ ਸਿੰਘ ਦਾ
ਪ੍ਰੋਗਰਾਮ ਬਣਾਇਆ। ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰੇਸ਼ ਕੁਮਾਰ ਨੇ
ਸਾਨੂੰ ਕਿਹਾ ਕਿ ਮੈਮਨ ਸਿੰਘ ਇੱਥੋਂ ਬੜੀ ਦੂਰ ਹੈ, ਕਿੱਥੇ ਬੱਸਾਂ ਵਿੱਚ ਔਖੇ
ਹੋਵੋਗੇ। ਅਸੀਂ ਉੱਤਰ ਦਿੱਤਾ ਕਿ ਟੈਕਸੀ ਲੈ ਕੇ ਜਾਵਾਂਗੇ ਅਤੇ ਸ਼ਾਮ ਨੂੰ ਵਾਪਸ
ਆ ਜਾਵਾਂਗੇ।
ਜਿਸ ਦਿਨ ਅਸੀਂ ਮੈਮਨ ਸਿੰਘ ਜਾਣਾ ਸੀ, ਸੁਰੇਸ਼ ਕੁਮਾਰ ਨੇ ਆਪਣੀ ਕਾਰ ਭੇਜ
ਦਿੱਤੀ ਤੇ ਕਿਹਾ ਕਿ ਮੈਂ ਵੀ ਚੱਲਾਂਗਾ। ਰਸਤਾ ਮੇਰੇ ਘਰ ਅੱਗੋਂ ਦੀ ਹੈ। ਜਾਂਦੇ
ਹੋਏ ਮੈਨੂੰ ਵੀ ਨਾਲ ਲੈ ਜਾਣਾ। ਉਹ ਹਾਲੇ ਤੱਕ ਉੱਥੇ ਨਹੀਂ ਗਿਆ ਸੀ। ਸਾਡੇ ਨਾਲ
ਜਾਣ ਲਈ ਗੁ. ਨਾਨਕਸ਼ਾਹੀ ਦੇ ਗ੍ਰੰਥੀ ਭਾਈ ਪਿਆਰਾ ਸਿੰਘ ਤਿਆਰ ਹੋ ਗਏ। ਉਹ
ਪਹਿਲਾਂ ਇੱਕ ਦੋ ਵਾਰੀਂ ਉੱਥੇ ਜਾ ਆਏ ਸਨ। ਉਨ੍ਹਾਂ ਸਵੇਰੇ-ਸਵੇਰੇ ਹੀ ਨਾਲ
ਲਿਜਾਣ ਲਈ ਪ੍ਰਸ਼ਾਦਿ ਤਿਆਰ ਕਰਵਾ ਲਿਆ। ਸਵੇਰੇ ਸਾਢ ਕੁ ਸੱਤ ਵਜੇ ਅਸੀਂ ਗੁ.
ਨਾਨਕਸ਼ਾਹੀ ਤੋਂ ਰਵਾਨਾ ਹੋਏ। ਸੁਰੇਸ਼ ਕੁਮਾਰ ਆਪਣੇ ਘਰ ਸਾਨੂੰ ਉਡੀਕ ਰਿਹਾ
ਸੀ। ਸ਼ਹਿਰ ਵਿੱਚੋਂ ਨਿਕਲਦਿਆਂ ਹੀ ਅੱਧਾ ਪੌਣਾ ਘੰਟਾ ਲੱਗ ਗਿਆ। ਇਸ ਰੂਟ ਤੇ
ਬਹੁਤੀ ਟ੍ਰੈਫਿਕ ਨਹੀਂ ਸੀ। ਮੈਮਨ ਸਿੰਘ ਬਹੁਤ ਵੱਡਾ ਜ਼ਿਲ੍ਹਾ ਸੀ। ਹੁਣ ਇਸਦੇ
ਚਾਰ ਜ਼ਿਲ੍ਹੇ ਬਣ ਗਏ ਹਨ। ਇਸਦਾ ਨਾਂ ਮੈਮਨ ਸਿੰਘ ਕਿਉਂ ਪਿਆ, ਇਸ ਬਾਰੇ ਕਿਸੇ
ਨੂੰ ਪਤਾ ਨਹੀਂ। ਲਗਭਗ ਤਿੰਨ ਘੰਟੇ ਦੇ ਸਫਰ ਪਿੱਛੋਂ ਅਸੀਂ ਮੈਮਨ ਸਿੰਘ ਸ਼ਹਿਰ
ਪਹੁੰਚ ਗਏ। ਇੱਥੇ ਇਸ ਸਮੇਂ ਵੀ ਹਿੰਦੂਆਂ ਦੀ ਬਹੁਤ ਵਸੋਂ ਹੈ। ਅਗਸਤ 1947
ਵਿੱਚ ਦੇਸ਼ ਵੰਡ ਸਮੇਂ ਤਾਂ ਵੱਧ ਹੀ ਹੋਵੇਗੀ। ਉਸ ਸਮੇਂ ਤਾ ਥੋੜ੍ਹੀ ਜਿਹੀ
ਸਿੱਖ ਵਸੋਂ ਵੀ ਸੀ। ਸੰਘਣੀ ਵਸੋਂ ਵਾਲੇ ਪੁਰਾਣੇ ਸ਼ਹਿਰ ਦੇ ਅੰਦਰ ਜਾ ਕੇ ਇੱਕ
ਤੰਗ ਜਿਹੀ ਗਲੀ ਵਿੱਚ ਇਹ ਗੁਰਦੁਆਰਾ ਹੈ। ਕਾਰ ਦੂਰ ਖੜ੍ਹੀ ਕਰ ਕੇ ਪੈਦਲ ਹੀ ਗਏ।
ਅੱਗੇ ਇੱਕ ਨਿੱਕੀ ਜਿਹੀ ਗਲੀ ਵਿੱਚ ਦਾਖਲ ਹੋਏ। ਇਹ ਸਾਰੀ ਗਲੀ ਗੁਰਦੁਆਰੇ ਦੀ
ਜਾਇਦਾਦ ਹੈ, ਜਿੱਥੇ ਕਈ ਹਿੰਦੂ ਪਰਿਵਾਰ ਰਹਿ ਰਹੇ ਹਨ। ਸਾਰੇ ਬੜੇ ਗਰੀਬ ਹਨ।
ਇੱਕ ਨਿੱਕੇ ਜਿਹੇ ਕਮਰੇ ਵਿੱਚ ਗੁਰਦੁਆਰਾ ਹੈ। ਇਨ੍ਹਾਂ ਹਿੰਦੂ ਪਰਿਵਾਰਾਂ ਨੂੰ
ਭਾਈ ਪਿਆਰਾ ਸਿੰਘ ਨੇ ਪਹਿਲਾਂ ਫ਼ੋਨ ਕਰ ਦਿੱਤਾ ਸੀ। ਉਨ੍ਹਾਂ ਗੁਰਦੁਆਰੇ ਦੀ
ਸਫਾਈ ਕਰ ਕੇ ਅਤੇ ਫਰਸ਼ ਪਾਣੀ ਨਾਲ ਧੋ ਕੇ ਅੰਦਰ ਇੱਕ ਛੋਟੀ ਜਿਹੀ ਦਰੀ ਵਿਛਾ
ਦਿੱਤੀ ਸੀ। ਸਾਡੇ ਜਾਣ `ਤੇ 5-7 ਬੰਦੇ ਆ ਗਏ।
ਭਾਈ ਪਿਆਰਾ ਸਿੰਘ ਅਤੇ ਸ. ਵਰਿਆਮ ਸਿੰਘ ਨੇ ਜਾਂਦਿਆਂ ਹੀ ਅਲਮਾਰੀ ਵਿੱਚੋਂ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬੜੇ ਸਤਿਕਾਰ ਨਾਲ ਕੱਢ ਕੇ
ਪ੍ਰਕਾਸ਼ ਕੀਤਾ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰੋਮਣੀ ਕਮੇਟੀ ਵਲੋਂ
ਪ੍ਰਕਾਸ਼ਿਤ ਹਿੰਦੀ ਵਿੱਚ ਇੱਕ ਸਰੂਪ ਸੀ ਅਤੇ ਇੱਕ ਪੁਰਾਤਨ ਹੱਥ ਲਿਖਤ ਸਰੂਪ,
ਜਿਸਦਾ ਸਾਈਜ਼ ਆਮ ਬੀੜਾਂ ਨਾਲੋਂ ਛੋਟਾ ਹੈ। ਭਾਈ ਪਿਆਰਾ ਸਿੰਘ ਨੇ ਪ੍ਰਕਾਸ਼ ਕਰ
ਕੇ ਹੁਕਮਨਾਮਾ ਲਿਆ। ਗੁਰਦੁਆਰਾ ਸਾਹਿਬ ਦੇ “ਆਬਾਦ” ਹੋਣ ਲਈ ਅਰਦਾਸ ਕੀਤੀ ਅਤੇ
ਪ੍ਰਸ਼ਾਦਿ ਵਰਤਾਇਆ।
ਅਸੀਂ ਸਾਰੀ ਥਾਂ ਦਾ ਜਾਇਜ਼ਾ ਲਿਆ। ਗੁਰਦੁਆਰੇ ਦੀ ਇਮਾਰਤ ਵੀ ਖਸਤਾ ਹਾਲਤ ਵਿੱਚ
ਸੀ। ਨਿਸ਼ਾਨ ਸਾਹਿਬ ਵੀ ਨਹੀਂ ਸੀ ਲੱਗਾ ਹੋਇਆ। ਬਾਹਰ ਅੰਗਰੇਜ਼ੀ ਅਤੇ ਬੰਗਾਲੀ
ਭਾਸ਼ਾ ਵਿੱਚ ਲਿਖਿਆ ਇੱਕ ਛੋਟਾ ਜਿਹਾ ਬੋਰਡ ਲੱਗਾ ਹੋਇਆ ਸੀ ਜਿਸ `ਤੇ ਲਿਖਿਆ
ਸੀ, “ਮੰਦਰ ਗੁਰੂ ਨਾਨਕ” ਅਸੀਂ ਭਾਈ ਪਿਆਰਾ ਸਿੰਘ ਨੂੰ ਕਿਹਾ ਕਿ ਇਹ ਬੋਰਡ
ਬਦਲਾਉ ਤੇ ਮੰਦਰ ਦੀ ਥਾਂ ਗੁਰਦੁਆਰਾ ਲਿਖਵਾਉ।
ਗੁਰਦੁਆਰੇ ਦੀ ਥਾਂ ਉੱਤੇ ਚਾਰੇ ਪਾਸੇ ਇੱਕ ਦਰਜਨ ਦੇ ਕਰੀਬ ਹਿੰਦੂ ਪਰਿਵਾਰ
ਨਿੱਕੇ-ਨਿੱਕੇ ਮਕਾਨ ਬਣਾ ਕੇ ਰਹਿ ਰਹੇ ਹਨ। ਸਾਰੀ ਜਾਇਦਾਦ ਵਿੱਚੋਂ ਵੀਹਵੇਂ
ਹਿੱਸੇ ਵਾਲੀ ਥਾਂ ਤੇ ਇੱਕ ਕਮਰੇ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ। ਇੱਕ ਬੰਗਾਲੀ
ਸਿੱਖ ਹਰੀ ਸਿੰਘ ਇਸ ਦੀ ਸੇਵਾ ਸੰਭਾਲ ਕਰ ਰਿਹਾ ਸੀ। 25-30 ਸਾਲ ਪਹਿਲਾਂ ਉਸਦੀ
ਮੌਤ ਤੋਂ ਬਾਅਦ ਇਹ ਬੰਦ ਪਿਆ ਹੈ। ਦਰਵਾਜ਼ੇ ਦੇ ਨਾਲ ਹੀ ਉਸਦੇ ਰਹਿਣ ਲਈ ਜੋ
ਕਮਰਾ ਸੀ, ਉਸ ਵਿੱਚ ਵੀ ਇਨ੍ਹਾਂ ਪਰਿਵਾਰਾਂ ਨੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ
ਰੱਖੀਆਂ ਹੋਈਆਂ ਸਨ, ਉਹ ਚੁਕਵਾ ਕੇ ਕਮਰਾ ਖਾਲੀ ਕਰਵਾਇਆ।
ਸ. ਵਰਿਆਮ ਸਿੰਘ, ਜਿਨ੍ਹਾਂ ਨੇ ਹੱਥ-ਲਿਖਤ ਬੀੜਾਂ ਦਾ ਕਾਫੀ ਅਧਿਐਨ ਕੀਤਾ ਹੋਇਆ
ਹੈ, ਨੇ ਇਸ ਬੀੜ ਦਾ ਅਧਿਐਨ ਕੀਤਾ। ਇਹ ਬੀੜ ਇੱਕੋ ਹੱਥ ਨਾਲ ਲਿਖੀ ਹੋਈ ਹੈ ਅਤੇ
ਮੁਕੰਮਲ ਹੋਣ ਦੀ ਮਿਤੀ ਇੱਕ ਫਗਣ 1801 ਬਿਕ੍ਰਮੀ ਸੰਮਤ ( 14 ਫਰਵਰੀ 1744)
ਲਿਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਬੀੜ ਵੀ ਖਾਰੀ ਬੀੜ ਹੈ। ਸਿੰਘ ਗ੍ਰੰਥੀ
ਨੂੰ ਸਲਾਹ ਦਿੱਤੀ ਸੀ ਕਿ ਕਿਉਂਕਿ ਇਹ ਗੁਰਦੁਆਰਾ ਬੰਦ ਰਹਿੰਦਾ ਹੈ ਅਤੇ ਹਵਾ
ਵਿੱਚ ਕਾਫੀ ਨਮੀ ਹੈ, ਇਸ ਲਈ ਹੱਥ-ਲਿਖਤ ਬੀੜ ਨੂੰ ਗੁਰਦੁਆਰਾ ਨਾਨਕਸ਼ਾਹੀ ਵਿਖੇ
ਸਤਿਕਾਰ ਨਾਲ ਲਿਜਾ ਕੇ ਸੰਭਾਲ ਕੀਤੀ ਜਾਏ। ਗੁਰਦੁਆਰੇ ਦਾ ਨਿਸ਼ਾਨ ਸਾਹਿਬ ਨਹੀਂ
ਹੈ। ਅਸੀਂ ਪਿਆਰਾ ਸਿੰਘ ਨੂੰ ਇੱਥੇ ਛੇਤੀ ਤੋਂ ਛੇਤੀ ਇੱਕ ਨਿਸ਼ਾਨ ਸਾਹਿਬ
ਸਥਾਪਤ ਕਰਨ ਲਈ ਵੀ ਆਖਿਆ।
ਆਸੇ-ਪਾਸੇ ਦੇ ਹਿੰਦੂ ਪਰਿਵਾਰ ਆ ਗਏ। ਉਹ ਸਾਨੂੰ ਲਾਗੇ ਬਣ ਰਿਹਾ ਇੱਕ ਬਹੁਤ
ਸ਼ਾਨਦਾਰ ਮੰਦਰ ਦਿਖਾਉਣ ਲੈ ਗਏ। ਇਹ ਸਾਰੇ ਪਰਿਵਾਰ ਰਵਿਦਾਸੀਆ ਭਾਈਚਾਰੇ ਨਾਲ
ਸਬੰਧ ਰੱਖਦੇ ਹਨ। ਢਾਕੇ ਵਾਪਸ ਆਏ ਤਾਂ ਸੁਰੇਸ਼ ਕੁਮਾਰ ਕਹਿਣ ਲੱਗੇ ਕਿ ਖਾਣਾ
ਖਾ ਕੇ ਜਾਇਓ। ਇਸ ਇਮਾਰਤ ਵਿੱਚ ਤੀਜੀ ਮੰਜ਼ਲ ਤੇ ਉਨ੍ਹਾਂ ਦਾ ਫਲੈਟ ਹੈ। ਉਨ੍ਹਾਂ
ਆਪਣੀ ਪ੍ਰਾਈਵੇਟ ਸਕੱਤਰ, ਜੋ ਇੱਕ ਮੁਸਲਮਾਨ ਕੁੜੀ ਹੈ, ਨਾਲ ਮਿਲਾਉਂਦਿਆਂ ਹੋਇਆਂ
ਦੱਸਿਆ, “ਇਹ ਮੇਰੇ ਕੰਮ ਕਾਜ ਤੋਂ ਬਿਨਾਂ ਮੇਰੇ ਘਰ ਦੀ ਦੇਖਭਾਲ ਵੀ ਕਰਦੀ ਹੈ।”
ਘਰ ਸੁਹਜ ਨਾਲ ਸ਼ਿੰਗਾਰਿਆ ਹੋਇਆ ਸੀ। ਅਸੀਂ ਕਿਹਾ ਕਿ ਸਾਨੂੰ ਹਾਈ ਕਮਿਸ਼ਨਰ ਤੋਂ
ਕੱਲ੍ਹ ਨੂੰ ਮਿਲਣ ਦਾ ਸਮਾਂ ਲੈ ਦਿਓ। ਉਸ ਨੇ ਫ਼ੋਨ ਕੀਤਾ ਤਾਂ ਪਤਾ ਲੱਗਾ ਕਿ
ਉਸ ਨੇ ਕੱਲ੍ਹ ਨਵੀਂ ਦਿੱਲੀ ਜਾਣਾ ਹੈ। ਉਸ ਨੇ ਕਿਹਾ ਕਿ ਹੁਣੇ ਆ ਜਾਓ। ਭਾਰਤੀ
ਹਾਈ ਕਮਿਸ਼ਨ ਉਸਦੇ ਘਰ ਤੋਂ ਮਸੀਂ ਡੇਢ-ਦੋ ਕਿਲੋਮੀਟਰ ਦੂਰ ਹੋਵੇਗਾ। ਅਸੀਂ
ਸਕਿਉਰਿਟੀ ਚੈੱਕ ਤੋਂ ਬਾਅਦ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਲ `ਤੇ ਹਾਈ
ਕਮਿਸ਼ਨਰ ਦੇ ਦਫਤਰ ਗਏ।
ਸ਼ਾਮ ਨੂੰ ਅਸੀਂ ਢਾਕਾ ਵਿਖੇ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਵੀਨਾ ਸੀਕਰੀ ਨਾਲ
ਮੁਲਾਕਾਤ ਕੀਤੀ ਅਤੇ ਆਪਣੀ ਬੰਗਲਾ ਦੇਸ਼ ਦੇ ਗੁਰਦੁਆਰਿਆਂ ਦੀ ਯਾਤਰਾ ਬਾਰੇ
ਦੱਸਿਆ ਅਤੇ ਕਿਹਾ ਕਿ ਗੁਰਮਤਿ ਮਰਯਾਦਾ ਲਾਗੂ ਕਰਨ ਲਈ ਸ਼੍ਰੋਮਣੀ ਕਮੇਟੀ ਇਨ੍ਹਾਂ
ਗੁਰਦੁਆਰਿਆਂ ਵਿੱਚ ਇੱਕ-ਇੱਕ ਗ੍ਰੰਥੀ, ਰਾਗੀ ਤੇ ਸੇਵਾਦਾਰ ਭੇਜਣਾ ਚਾਹੁੰਦੀ
ਹੈ। ਅਸੀਂ ਇਸ ਲਈ ਹਾਈ ਕਮਿਸ਼ਨਰ ਦੇ ਸਹਿਯੋਗ ਦੀ ਮੰਗ ਕੀਤੀ। ਹਾਈ ਕਮਿਸ਼ਨਰ ਨੇ
ਸੁਝਾ ਦਿੱਤਾ ਕਿ ਇਤਿਹਾਸਕ ਗੁਰਦੁਆਰਿਆਂ ਬਾਰੇ ਆਰਕਿਆਲੋਜੀ ਸਰਵੇ ਆਫ਼ ਇੰਡੀਆ
ਨੂੰ ਵੀ ਸੂਚਿਤ ਕੀਤਾ ਜਾਵੇ ਤਾਂ ਜੋ ਉਹ ਬੰਗਲਾ ਦੇਸ਼ ਦੇ ਇਸ ਵਿਭਾਗ ਨੂੰ ਆਖ
ਕੇ ਇਮਾਰਤਾਂ ਦੀ ਸਾਂਭ ਸੰਭਾਲ ਲਈ ਕੰਮ ਕਰੇ। ਸ੍ਰੀਮਤੀ ਸੀਕਰੀ ਨੇ ਕਿਹਾ ਕਿ
ਸਾਰਕ ਦੇਸ਼ਾਂ ਦੇ “ਕਲਚਰਲ ਐਕਸਚੇਂਜ” ਪ੍ਰੋਗਰਾਮ ਅਧੀਨ ਵੀ ਬੰਗਲਾ ਦੇਸ਼ ਦੇ
ਗੁਰਧਾਮਾਂ ਦੀ ਯਾਤਰਾ `ਤੇ ਆਇਆ ਜਾ ਸਕਦਾ ਹੈ।
(ਚਲਦਾ)
*****
(20
ਜਨਵਰੀ 2007)
ਯੂਨੀਕੋਡ
#241 ਸੈਂਟਰਲ ਟਾਊਨ ਦਾਦ, ਪਖੌਵਾਲ ਰੋਡ,
ਲੁਧਿਆਣਾ-142022
ਫੋਨ: 91-161-3200361
ਮੋਬਾਈਲ:91-98146-39649
ਹਰਬੀਰ ਸਿੰਘ ਭੰਵਰ
ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ