ਦੋ ਸ਼ਬਦ
ਸ: ਹਰਬੀਰ ਸਿੰਘ
ਭੰਵਰ 'ਪੰਜਾਬੀ ਸਾਹਿਤਕ ਜਗਤ' ਵਿਚ ਇਕ ਸਫਲ ਲੇਖਕ ਅਤੇ ਪੱਤਰਕਾਰ ਵਜੋਂ ਜਾਣਿਆ
ਪਹਿਚਾਣਿਆ ਨਾਂ ਹੈ। 31 ਵਰ੍ਹਿਆਂ ਤੋਂ ਆਪ 'ਟ੍ਰਿਬੀਊਨ' ਅਖ਼ਬਾਰ ਸੰਮੂਹ ਲਈ
'ਸੀਨੀਅਰ ਪੱਤਰਕਾਰ' ਵਜੋਂ ਕੰਮ ਕਰਦੇ ਆ ਰਹੇ ਹਨ। ਆਪ ਦੇ ਬਹੁ-ਮੁਲੇ ਲੇਖ
ਪੰਜਾਬੀ ਦੇ ਪ੍ਰਮੁੱਖ ਪਰਚਿਆਂ ਵਿਚ ਵੀ ਛੱਪਦੇ ਰਹਿੰਦੇ ਹਨ। ਆਪਦੀਆਂ: (1)
ਸੋਭਾ ਸਿੰਘ-ਜੀਵਨ, ਸ਼ਖ਼ਸ਼ੀਅਤ ਤੇ ਕਲਾ, (2) ਕੀ ਖ਼ਾਲਿਸਤਾਨ ਬਣੇਗਾ?, (3)
ਪੰਜਾਬੀ ਦਾ ਲੋਕ ਨਾਇਕ(ਸੰਤ ਹਰਚੰਦ ਸਿੰਘ ਲੌਂਗੋਵਾਲ), (4) ਨਾਰੀਅਲ ਦੀ ਧਰਤੀ
ਅਤੇ (5) ਡਾਇਰੀ ਦੇ ਪੰਨੇ ਆਦਿ ਪੁਸਤਕਾਂ ਪਰਕਾਸਿ਼ਤ ਹੋਈਆਂ ਜਿਹਨਾਂ ਨੂੰ
ਪਾਠਕਾਂ ਵਲੋਂ ਭਰਵਾਂ ਹੁੰਘਾਰਾ ਮਿਲਿਆ। 'ਡਾਇਰੀ ਦੇ ਪੰਨੇ' ਲਈ ਆਪ ਨੂੰ ਵੱਖ
ਵੱਖ ਸੰਸਥਾਵਾਂ ਵਲੋਂ ਸਨਮਾਨਿਆ ਵੀ ਗਿਆ।
ਨਿਧੜਕ, ਨਿਰਪੱਖ, ਈਮਾਨਦਾਰ ਅਤੇ ਸ਼ਕਤੀਸ਼ਾਲੀ ਪੱਤਰਕਾਰ ਸ: ਭੰਵਰ ਦੀਆਂ ਹੁਣ
ਤੱਕ 'ਲਿਖਾਰੀ' ਵਿੱਚ ਦੱਸ ਰਚਨਾਵਾਂ ਛਪੀਆਂ ਹਨ। ਉਹਨਾਂ ਵਲੋਂ 'ਬੰਗਲਾ ਦੇਸ਼
ਦੀ ਯਾਤਰਾ' ਸਬੰਧੀ ਲਿਖੇ ਲੇਖਾਂ ਦੀ ਲੜੀ ਵਿੱਚੋਂ
ਛੇਵਾਂ ਲੇਖ ਲਿਖਾਰੀ ਦੇ ਪਾਠਕਾਂ ਦੇ ਰੂ-ਬ-ਰੂ
ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।-----ਲਿਖਾਰੀ
******
ਮੇਰੀ ਯਾਤਰਾ ਬੰਗਲਾ ਦੇਸ਼ ਦੀ-6
ਬੰਗਲਾ ਦੇਸ਼ ਤੋਂ
ਵਾਪਸੀ
ਹਰਬੀਰ ਸਿੰਘ ਭੰਵਰ
ਬੰਗਲਾ
ਦੇਸ਼ ਸਥਿਤ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਕੇ ਅਤੇ ਲੋੜੀਂਦਾ ਸਰਵੇਖਣ ਕਰ ਲਿਆ
ਸੀ। ਮੈਮਨ ਸਿੰਘ ਤੋਂ ਵਾਪਸ ਆ ਕੇ ਅਗਲੇ ਦਿਨ ਸਵੇਰੇ ਇਕ ਵਾਰੀ ਫਿਰ ਬੰਗਲਾ
ਬਾਜ਼ਾਰ ਸਥਿਤ ਗੁ: ਸੰਗਤ ਟੋਲਾ ਦੇ ਦਰਸ਼ਨ ਕਰਨ ਗਏ, ਉਸ ਦਿਨ ਸੰਗਰਾਂਦ ਸੀ ਅਰਦਾਸ
ਕਰ ਕੇ ਹੁਕਮਨਾਮਾ ਲਿਆ।ਉਥੇ ਇਕ ਕਿਰਾਏਦਾਰ ਕੇ.ਪੀ. ਦੱਤਾ ਉਰਫ਼ ਕਾਲੀ ਪੱਦੋ ਨੂੰ
ਵੀ ਮਿਲੇ। ਉਹ ਕਹਿਣ ਲੱਗਾ ਕਿ ਇਹ ਸਾਰੀ ਜਾਇਦਾਦ ਗੁਰਦੁਆਰੇ ਦੀ ਹੈ ਅਤੇ ਉਹ
ਆਪਣਾ ਕਮਰਾ ਖਾਲੀ ਕਰਨ ਲਈ ਤਿਆਰ ਹੈ। ਉਸ ਨੇ ਸ਼੍ਰੋਮਣੀ ਕਮੇਟੀ ਨੂੰ ਨਿਯੁਕਤ
ਕੀਤੇ ਜਾਣ ਵਾਲੇ ਸਟਾਫ਼ ਅਤੇ ਗੁਰਦੁਆਰੇ ਦੀ ਕਾਰ ਸੇਵਾ ਲਈ ਹਰ ਸੰਭਵ ਸਹਿਯੋਗ
ਦੇਣ ਦਾ ਵਿਸ਼ਵਾਸ਼ ਦਿੱਤਾ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਗੁਰਧਾਮਾਂ ਦੀ
ਸੇਵਾ ਸੰਭਾਲ ਆਪਣੇ ਜ਼ਿੰਮੇ ਲੈਣ ਦੀ ਸ਼ਲਾਘਾ ਕੀਤੀ।
ਵਾਪਸ ਆ ਕੇ ਅਸੀਂ ਗੁਰਦੁਆਰਾ
ਨਾਨਕਸ਼ਾਹੀ ਵਿਖੇ ਹੱਥ-ਲਿਖਤ ਬੀੜ ਦੇ ਦਰਸ਼ਨ ਕੀਤੇ। ਇਹ ਬੀੜ ੳੇੁਤੇ ਕੋਈ ਤਾਰੀਖ
ਨਹੀਂ ਲਿਖੀ ਗਈ। ਪਹਿਲੇ ਤੇ ਅਖੀਰਲੇ ਪੰਨੇ ਗਾਇਬ ਹਨ। ਇਸ ਵਿਚ ਸਾਰੰਗ ਰਾਗ ਵਿਚ
ਭਗਤ ਸੂਰਦਾਸ ਦਾ ਇਕ ਮੁਕੰਮਲ ਸ਼ਬਦ ਦਰਜ਼ ਹੈ। ਇਸੇ ਤਰ੍ਹਾਂ ਮਾਰੂ ਰਾਗ ਦੇ ਅੰਤ
ਉਤੇ ਮੀਰਾਂ ਬਾਈ ਦਾ ਇਕ ਸ਼ਬਦ ਵੀ ਸ਼ਾਮਲ ਕੀਤਾ ਗਿਆ ਹੈ। ਇਹ ਖਾਰੀ ਬੀੜ ਨਾਲ
ਮਿਲਦੀ ਹੈ। ਇਸ ਬੀੜ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਨਹੀਂ ਰੱਖਿਆ ਗਿਆ ਤੇ ਕਾਗਜ਼
ਖਸਤਾ ਹੋ ਚੁੱਕਿਆ ਹੈ। ਕਈ ਪੰਨੇ ਗੂੰਦ ਨਾਲ ਚੇਪੀ ਲਗਾ ਕੇ ਜੋੜੇ ਗਏ ਹਨ।
ਪਹਿਲੀਆਂ ਰੀਪੋਰਟਾਂ ਅਨੁਸਾਰ ਇਸ ਗੁਰਦੁਆਰੇ ਵਿਚ ਇਕ ਹੋਰ ਹੱਥ-ਲਿਖਤ ਬੀੜ ਸੀ,
ਜਿਸ ਉਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਹਸਤਾਖਰ ਦੱਸੇ ਜਾਂਦੇ ਹਨ। ਉਹ ਬੀੜ
ਇਸ ਸਮੇਂ ਗੁਰਦੁਆਰੇ ਵਿਚ ਨਹੀਂ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ
ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਕ-ਇਕ ਪੁਰਾਣੇ ਚਿੱਤਰ ਵੀ ਗਾਇਬ ਹਨ।
ਗੁਰਦੁਆਰੇ ਵਿਚ ਖੜਾਵਾਂ ਦਾ ਜੋੜਾ ਮੌਜੂਦ ਹਨ। ਇਕ ਖੜਾਂਵ ਦਾ ਅੰਗੂਠਾ ਗਾਇਬ
ਹੈ। ਕਿਹਾ ਜਾਂਦਾ ਹੈ ਕਿ ਇਹ ਖੜਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ
ਹਨ। ਗੁਰੂ ਸਾਹਿਬਾਨ ਦੇ ਹੁਕਮਨਾਮੇ ਜਿਨ੍ਹਾਂ ਬਾਰੇ ਜ਼ਿਕਰ ਆਉਂਦਾ ਰਿਹਾ ਹੈ, ਵੀ
ਨਹੀਂ ਹਨ। ਇਕ ਹੱਥ ਲਿਖਤ ਪੋਥੀ ਪੰਜ ਗੰ੍ਰਥੀ ਜੋ ਇਤਿਹਾਸ ਵਿਚ ਆਉਂਦਾ ਹੈ ਕਿ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਢਾਕੇ ਦੀਆਂ ਸੰਗਤਾਂ ਨੂੰ ਬਖ਼ਸ਼ਿਸ਼ ਕੀਤੀ ਸੀ, ਵੀ
ਹੁਣ ਗਾਇਬ ਹੈ।
ਗੁਰਦੁਆਰਾ ਸਾਹਿਬ ਅੰਦਰ ਇਕ ਚੌਂਕੀ ’ਤੇ ਰੱਖੀਆਂ ਹੋਈਆਂ ਸ੍ਰੀ ਗੁਰੂ ਤੇਗ
ਬਹਾਦਰ ਜੀ ਦੀਆਂ ਦੋ ਖੜਾਵਾਂ ਹਨ, ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਅਸਾਮ ਲਈ
ਰਵਾਨਾ ਹੋਣ ਲਗਿਆਂ ਆਪਣੇ ਅਨਿੰਨ ਸੇਵਕ ਭਾਈ ਬਲਾਕੀ ਰਾਮ ਨੂੰ ਬਖਸ਼ੀਆਂ ਸਨ।
ਇਨ੍ਹਾਂ ਦਾ ਵੀ ਇਕ ਅੰਗੂਠਾ ਗਾਇਬ ਹੋ ਚੁੱਕਾ ਹੈ।
ਨੌਂਵੀ ਪਾਤਸ਼ਾਹੀ ਸ੍ਰੀ ਗੁਰੂ
ਤੇਗ ਬਹਾਦਰ ਜੀ ਦਾ ਇਕ ਚਿੱਤਰ ਵੀ ਇਥੋਂ ਗਾਇਬ ਹੈ, ਜਿਸ ਬਾਰੇ ਦਸਿਆ ਜਾਂਦਾ ਹੈ
ਕਿ ਬੰਗਾਲ ਦੇ ਤਤਕਾਲੀ ਸੂਬੇਦਾਰ ਸਾਇਸ਼ਤਾ ਖਾਨ ਦੇ ਇਕ ਦਰਬਾਰੀ ਚਿਤਰਕਾਰ ਨੇ
ਬਣਾਇਆ ਸੀ।ਉਸ ਦੀ ਇਕ ਨਕਲ ਹੁਣ ਇਥੇ ਸੰਭਾਲ ਕੇ ਰੱਖੀ ਗਈ ਹੈ।
ਦਿਨ ਵੇਲੇ ਅਸੀਂ ਢਾਕਾ
ਯੂਨੀਵਰਸਿਟੀ ਦੇ ਬਿਲਕੁਲ ਲਾਗੇ ਬੰਗਲਾ ਦੇਸ਼ ਦਾ ਕੌਮੀ ਅਜਾਇਬ ਘਰ ਦੇਖਣ ਗਏ।ਇਸ
ਦੀ ਟਿਕਟ ਸਭਨਾਂ ਲਈ ਨਾਂ-ਮਾਤਰ ਦਸ ਟੱਕੇ ਹੈ।ਪਾਕਿਸਤਾਨ ਵਿਚ ਅਸੀ ਟੈਕਸਲਾਂ
ਅਜਾਇਬ-ਘਰ ਜਾਂ ਸ਼ਾਹੀ ਕਿਲ੍ਹਾਂ ਲਾਹੌਰ ਦੇਖਣਾ ਹੋਵੇ ਤਾ 200 ਰੁਪੈ ਦੇਣੇ
ਪੈਂਦੇ ਹਨ ਜਦੋਂ ਕਿ ਪਾਕਿਸਤਾਨੀਆਂ ਲਈ ਕੇਵਲ 10 ਰੁਪੈ ਦੀ ਟਿਕਟ ਹੈ। ਇਸ
ਅਜਾਇਬ ਘਰ ਵਿਚ ਉਨ੍ਹਾਂ ਨੇ ਬੰਗਲਾ ਦੇਸ਼ ਦੇ ਜਨ-ਜੀਵਨ, ਸਭਿਆਚਾਰ, ਖੇਤੀਬਾੜੀ,
ਦਸਤਕਾਰੀ, ਜੰਗਲੀ ਜੀਵ ਜੰਤੂ, ਪੰਛੀ ਆਦਿ ਬਾਰੇ ਚਿੱਤਰ ਤੇ ਮਾਡਲ ਬਹੁਤ ਸੁਹਣੇ
ਢੰਗ ਨਾਲ ਪੇਸ਼ ਕੀਤੇ ਗਏ ਹਨ।
ਦੁਪਹਿਰ ਦਾ ਖਾਣਾ ਖਾ ਕੇ ਭਾਈ
ਕੁਲਵੰਤ ਸਿੰਘ ਨਾਲ ਲਾਗੇ ਹੀ ਬੰਗਲਾ ਦੇਸ਼ ਦੀ ਲੜਾਈ ਤੇ ਅਜ਼ਾਦੀ ਦੀ ਪ੍ਰਾਪਤੀ
ਬਾਰੇ ਇਕ ਪਾਰਕ ਦੇਖਣ ਗਏ, ਜਿਥੇ ਇਕ ਦੀਵਾਰ ਉਤੇ ਜਨਰਲ ਜਗਜੀਤ ਸਿੰਘ ਅਰੋੜਾ
ਅੱਗੇ ਪਾਕਿਸਤਾਨੀ ਫੌਜ਼ ਦੇ ਜਨਰਲ ਨਿਆ ਜੀ ਆਤਮ ਸਮਰਪਣ ਕਰ ਰਹੇ ਹਨ, ਇਸ ਉਪਰ ਜੋ
ਬੁਤ ਲਗੇ ਹਨ, ਉਤੇ ਬੰਗਲਾ ਭਾਸ਼ਾ ਵਿਚ ਲਿਖਿਆ ਹੈ, “ਅਸੀਂ ਆਪਣੀ ਅਜ਼ਾਦੀ ਆਪ
ਸੰਘਰਸ਼ ਕਰ ਕੇ ਪ੍ਰਾਪਤ ਕੀਤੀ ਹੈ।” ਨੇੜੇ ਹੀ ਵਿਦਿਆਰਥੀਆਂ ਦੇ ਸੰਘਰਸ਼ ਸਮੇਂ
ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦਗਾਰ ਹੈ, ਜੋ ਪ੍ਰਭਾਵਸ਼ਾਲੀ ਹੈ। ਬੰਗਲਾ ਦੇਸ਼ ਇਕ
ਇਸਲਾਮੀ ਦੇਸ਼ ਹੈ। ਮੁਸਲਮਾਨ ਬੁੱਤ-ਪੂਜਾ ਦੇ ਖਿਲਾਫ਼ ਹਨ। ਪਾਕਿਸਤਾਨ ਵਿਚ ਇਸ
ਲੇਖਕ ਨੂੰ 7-8 ਵਾਰੀ ਜਾਣ ਦਾ ਮੌਕਾ ਮਿਲਿਆ ਹੈ, ਕਿਤੇ ਵੀ ਇਕ ਬੁੱਤ ਵੀ ਨਜ਼ਰ
ਨਹੀਂ ਆਇਆ। ਇਥੇ ਬੰਗਲਾ ਦੇਸ਼ ਦੇ ਸੰਘਰਸ਼ ਬਾਰੇ ਬੁੱਤ ਲਗਾਏ ਗਏ ਹਨ, ਭਾਵੇਂ ਉਹ
ਬੁੱਤ-ਪੂਜਾ ਨਹੀਂ ਕਰਦੇ, ਪਰ ਇਨ੍ਹਾਂ ਨੂੰ ਸਤਿਕਾਰ ਨਾਲ ਦੇਖਦੇ ਹਨ। ਅਸੀਂ
ਇਨ੍ਹਾਂ ਸਾਰੀਆਂ ਯਾਦਗਾਰਾਂ ਨਾਲ ਫੋਟੋਆਂ ਖਿਚਵਾਈਆਂ।
ਪੱਛਮੀ ਪਾਕਿਸਤਾਨ ਵਾਲੇ ਇਥੇ
ਉਰਦੂ ਤੇ ਇਸਲਾਮੀ ਕੱਟੜਵਾਦ ਲਾਗੂ ਕਰਨਾ ਚਾਹੁੰਦੇ ਹਨ, ਜਿਸ ਦਾ ਇਨ੍ਹਾਂ ਡੱਟ
ਕੇ ਵਿਰੋਧ ਕੀਤਾ ਅਤੇ ਸੰਘਰਸ਼ ਸ਼ੁਰੂ ਕੀਤਾ। ਬੰਗਾਲੀਆਂ ਨੂੰ ਆਪਣੀ ਭਾਸ਼ਾ ਤੇ
ਸਭਿਆਚਾਰ ਨਾਲ ਬੜਾ ਹੀ ਪਿਆਰ ਹੈ, ਉਹ ਆਪਣੀ ਭਾਸ਼ਾ ਤੇ ਸਭਿਆਚਾਰ ਨੂੰ ਆਪਣੀ
ਸਖ਼ਸ਼ੀਅਤ ਦਾ ਹਿੱਸਾ ਮੰਨਦੇ ਹਨ।ਢਾਕਾ ਵਿਖੇ ਇਨ੍ਹਾਂ ਸ਼ਹੀਦਾਂ ਦਾ ਇਕ ਸ਼ਾਨਦਾਰ
ਯਾਦਗਾਰ ਬਣੀ ਹੋਈ ਹੈ।ਕੁਝ ਸਮੇਂ ਲਈ ਉਹ ਅੰਦੋਲਨ ਦਬਾ ਦਿੱਤਾ ਗਿਆ, ਪਰ ਉਨ੍ਹਾਂ
ਨੂੰ ਹਮੇਸ਼ਾਂ ਨਾ ਦਬਾਇਆ ਜਾ ਸਕਿਆ। ਆਪਣੀ ਭਾਸ਼ਾ ਤੇ ਸਭਿਆਚਾਰ ਲਈ ਸੁਲਘਦੀ ਇਹ
ਚਿੰਗਾਰੀ 1971 ਵਿਚ ਆਜ਼ਾਦੀ ਦੀ ਲੜਾਈ ਦੇ ਰੂਪ ਵਿਚ ਭਾਂਬੜ ਬਣ ਕੇ ਉਠੀ ਅਤੇ
ਉਨ੍ਹਾਂ ਆਪਣੀ ਸੋਨਾਰ ਬੰਗਲਾ ਵਜੋਂ ਜਾਣੀ ਜਾਂਦੀ ਇਹ ਸਰਸਬਜ਼ ਧਰਤੀ ਪਾਕਿਸਤਾਨ
ਤੋਂ ਆਜ਼ਾਦ ਕਰਵਾ ਲਈ। ਹਿੰਦੁਸਤਾਨ ਨੇ ਆਜ਼ਾਦੀ ਦੀ ਇਸ ਲੜਾਈ ਵਿਚ ਡੱਟ ਕੇ
ਸਹਿਯੋਗ ਦਿੱਤਾ ਤੇ ਪਾਕਿਸਾਤਨੀਆਂ ਤੋਂ ਨਿਜਾਤ ਦਿਲਵਾਉਣ ਤੇ ਮਹੱਤਵਪੂਰਨ ਰੋਲ
ਅਦਾ ਕੀਤਾ। ਲਗਪਗ ਇਕ ਲੱਖ ਪਾਕਿਸਤਨੀ ਫ਼ੌਜੀਆਂ ਨੇ ਜਨਰਲ ਜਗਜੀਤ ਸਿੰਘ ਅਰੋੜਾ
ਅੱਗੇ ਆਤਮ ਸਮਰਪਣ ਕੀਤਾ।
ਯੂਨੈਸਕੋ ਵਲੋਂ ਦਿਤੇ
ਪ੍ਰੋਗਰਾਮ ਅਨੁਸਾਰ ਵਿਸ਼ਵ ਭਰ ਦੇ ਸਾਰੇ ਦੇਸ਼ਾਂ ਵਿਚ ਹਰ ਸਾਲ 21 ਫਰਵਰੀ ਨੂੰ “
ਮਾਂ-ਬੋਲੀ” ਦਿਵਸ ਮਨਾਇਆ ਜਾਂਦਾ ਹੈ।ਇਸ ਸਬੰਧੀ ਮਤਾ ਬੰਗਲਾ ਦੇਸ਼ ਨੇ 28 ਹੋਰ
ਦੇਸ਼ਾਂ ਦੀ ਹਿਮਾਇਤ ਨਾਲ ਪੇਸ਼ ਕੀਤਾ ਸੀ,ਜੋ ਯੂਨੈਸਕੋ ਦੀ ਜਨਰਲ ਕੌਂਸਲ ਨੇ ਆਪਣੀ
17 ਨਵੰਬਰ 1999 ਵਿਚ ਸਰਬ-ਸੰਮਤੀ ਨਾਲ ਪਾਸ ਕਰ ਦਿਤਾ।
ਅਸੀਂ ਇਥੇ ਅਠ ਦਿਨ ਰਹੇ ਅਤੇ
ਆਪਣੇ ਕਾਰਜ ਨੂੰ ਸਮੇਂ ਸਿਰ ਨਿਪਟਾਉਣ ਦੇ ਉਦੇਸ਼ ਨਾਲ ਹਰ ਰੋਜ਼ ਕਾਫੀ ਘੁੰਮਦੇ
ਰਹੇ। ਬੰਗਲਾ ਦੇਸ਼ ਭਾਵੇਂ ਕਾਫੀ ਗਰੀਬ ਤੇ ਪਛੜਿਆ ਹੋਇਆ ਦੇਸ਼ ਹੈ, ਪਰ ਕਈ
ਕੁਦਰਤੀ ਸੋਮਿਆਂ ਨਾਲ ਭਰਪੂਰ ਹੈ। ਇਸ ਦੇਸ਼ ਵਿਚ ਹਰ ਇਲਾਕੇ ਵਿਚ ਅਨੇਕਾ ਹੀ
ਨਦੀਆਂ, ਨਾਲੇ, ਝੀਲਾਂ, ਤਾਲਾਬ ਆਦਿ ਹਨ, ਜਿਸ ਕਾਰਨ ਬਹੁਤ ਲੋਕਾਂ ਦੀ ਉਪਜੀਪਕਾ
ਕਿਸ਼ਤੀਆਂ, ਸਟੀਮਰਾਂ ਚਲਾਉਣ ਤੇ ਮੱਛੀਆਂ ਫੜਨ ਉਤੇ ਨਿਰਭਰ ਹੈ, ਆਵਾਜਾਈ ਲਈ ਵੀ
ਸੜਕ ਤੋਂ ਦੂਜੇ ਨੰਬਰ ਤੇ ਪਾਣੀ ਵਾਲੇ ਜਹਾਜ਼, ਸਟੀਮਰ, ਫੈਰੀਆਂ, ਕਿਸ਼ਤੀਆਂ ਆਦਿ
ਦੀ ਵਰਤੋਂ ਹੁੰਦੀ ਹੈ।
ਬੰਗਲਾ ਦੇਸ਼ ਵਿਚ ਕੁਦਰਤੀ ਗੈਸ
ਬਹੁਤ ਹੈ, ਜਿਸ ਕਾਰਨ 80 ਤੋਂ 90 ਫੀਸਦੀ ਗੱਡੀਆਂ, ਕਾਰ, ਮੋਟਰ ਸਾਈਕਲ ਆਦਿ
ਸੀ.ਐਨ.ਜੀ. ਤੇ ਚਲਦੇ ਹਨ, ਜਿਸ ਕਾਰਨ ਪ੍ਰਦੂਸ਼ਣ ਘੱਟ ਹੈ। ਵੈਸੇ ਵੀ ਬੰਗਲਾ ਦੇਸ਼
ਵਿਚ ਹਰਿਆਵਲ ਬਹੁਤ ਹੈ ਤੇ ਧਰਤੀ ਦਾ 18 ਫੀਸਦੀ ਹਿੱਸਾ ਸੰਘਣਾ ਜੰਗਲਾਂ ਨਾਲ
ਭਰਿਆ ਹੈ।ਬਾਰਿਸ਼ਾਂ ਬਹੁਤੀਆਂ ਹੋਣ ਕਰਕੇ ਦਰਖਤ ਧੋਤੇ-ਧੋਤੇ, ਨਿਖਰੇ- ਨਿਖਰੇ ਤੇ
ਦਿਲ ਖਿਚਵੇਂ ਲਗਦੇ ਹਨ। ਸਾਰੀ ਧਰਤੀ ਬਨਾਸਪਤੀ ਨਾਲ ਸਰਸਬਜ ਹੈ।
ਜਿਹੜੀ
ਗੱਲ ਸਾਨੂੰ ਸੱਭ ਤੋਂ ਵਧੀਆ ਲੱਗੀ, ਉਹ ਹੈ ਉਨ੍ਹਾਂ ਨੂੰ ਆਪਣੀ ਭਾਸ਼ਾ ਤੇ
ਸਭਿਆਚਾਰ ਨਾਲ ਪਿਆਰ, ਜਿਸ ਨੂੰ ਉਹ ਧਰਮ ਨਾਲੋਂ ਵਧੇਰੇ ਮਹੱਤਤਾ ਦਿੰਦੇ ਹਨ।
ਆਪਣੇ 8 ਦਿਨਾਂ ਦੇ ਕਿਆਮ ਦੌਰਾਨ ਅਸੀਂ ਮਸਜਿਦਾਂ ਤੋਂ ਬਿਨਾਂ ਕਿਤੇ ਵੀ ਉਰਦੂ
ਦਾ ਇਕ ਲਫਜ਼ ਲਿਖਿਆ ਨਹੀਂ ਦੇਖਿਆ। ਸਾਰੇ ਬੋਰਡ, ਬੈਨਰ, ਆਦਿ ਬੰਗਲਾ ਵਿਚ ਹੀ
ਹਨ। ਆਮ ਦੁਕਾਨਾਂ ਬੰਗਲਾ ਦੇ ਸਾਹਿਤ ਨਾਲ ਭਰੀਆਂ ਹਨ। ਵਧੇਰੇ ਅਖ਼ਬਾਰ ਤੇ
ਮੈਗਜ਼ੀਨ ਬੰਗਲਾ ਵਿਚ ਹੀ ਛਪਦੇ ਹਨ। ਆਮ ਲੋਕ ਬੰਗਲਾ ਵਿਚ ਹੀ ਗੱਲਬਾਤ ਕਰਦੇ ਹਨ,
ਜਿਸ ਕਾਰਨ ਸਾਨੂੰ ਕੁਝ ਪਰੇਸ਼ਾਨੀ ਵੀ ਆਈ। ਅਕਸਰ ਅਸੀਂ ਗੁਰਦੁਆਰੇ ਤੋਂ ਕਿਸੇ
“ਸਿੰਘ” ਜੋ ਬੰਗਲਾ ਬੋਲ ਲੈਂਦੇ ਹਨ ਸਮਝ ਲੈਂਦੇ ਹਨ, ਨੂੰ ਆਪਣੀ ਸਹਾਇਤਾ ਲਈ ਲੈ
ਜਾਂਦੇ ਸੀ। ਅਸੀਂ ਅਕਸਰ ਸੋਚਦੇ, ਕਾਸ਼! ਸਾਡੇ ਪੰਜਾਬੀਆਂ ਨੂੰ ਵੀ ਆਪਣੀ ਮਾਂ
ਬੋਲੀ, ਪੰਜਾਬੀ ਤੇ ਅਮੀਰ ਸਭਿਆਚਾਰ ਨਾਲ ਕਿਸੇ ਤਰ੍ਹਾਂ ਦਾ ਪਿਆਰ ਹੋਵੇ।
ਇਸ ਦਾ ਇਹ ਮਤਲਬ ਨਹੀਂ ਕਿ
ਉਥੇ ਕਟੜਵਾਦੀ ਨਹੀਂ ਹਨ। ਮੁਲਾ ਮੁਲਾਣਿਆ ਦਾ ਹਾਲ ਸਾਡੇ ਤੇ ਪਾਕਿਸਾਨ ਦੇ
ਮੁਲਾਣਿਆ ਵਰਗਾ ਹੀ ਹੈ। ਬੰਗਲਾ ਦੇਸ਼ ਆਜ਼ਾਦ ਹੋਣ ਪਿੱਛੋਂ ਇਸ ਦੇ ਪਿਤਾਮਾ ਤੇ
ਪਹਿਲੇ ਰਾਸ਼ਟਰਪਤੀ-ਸ਼ੇਖ ਮਜੀਬ-ਉਰ-ਰਹਿਮਾਨ ਨੇ ਇਸ ਨੂੰ ਇਕ ਧਰਮ ਨਿਰਪੱਖ ਜਮਹੂਰੀ
ਦੇਸ਼ ਬਣਾਇਆ ਸੀ, ਪਰ ਕੁਝ ਕੱਟੜ ਪੰਥੀਆਂ ਨੇ ਪਾਕਿਸਤਾਨ ਦੇ ਹੱਥਾਂ ਵਿਚ ਖੇਡਣ
ਵਾਲਿਆਂ ਨੇ ਉਨ੍ਹਾਂ ਦੇ ਪਰਿਵਾਰ ਸਮੇਤ ਸ਼ਹੀਦ ਕਰ ਦਿੱਤਾ ਸੀ (ਸਿਰਫ ਇਕ ਬੇਟੀ
ਹਸੀਨਾ, ਜੋ ਲੰਡਨ ਵਿਚ ਸੀ, ਬਚ ਲਈ ਸੀ) ਤੇ ਇਸ ਦੇਸ਼ ਨੂੰ ਇਸਲਾਮੀ ਦੇਸ਼ ਐਲਾਨ
ਦਿੱਤਾ ਸੀ
ਬੰਗਲਾ ਦੇਸ਼ ਵਧੇਰੇ ਕਰਕੇ ਜੂਟ
(ਸਣ) ਮੱਛੀ ਤੇ ਗਾਰਮੈਂਟਸ ਦੀ ਐਕਸਪੋਰਟ ਕਰਦਾ ਹੈ। ਉਥੇ ਫੈਸਨ ਨਹੀਂ ਹੈ।
ਪਾਕਿਸਤਾਨ ਦਾ ਕੌਮੀ ਲਿਬਾਸ ਕਮੀਜ਼ ਸਲਵਾਰ ਹੈ, ਮੁਸਲਿਮ ਬਹੁਤ-ਵਸੋਂ ਵਾਲਾ ਇਹ
ਦੇਸ਼ ਦਸਬੰਰ 1971 ਤੱਕ ਪਾਕਿਸਤਾਨ ਦਾ ਹਿੱਸਾ ਰਿਹਾ, ਅਸੀਂ ਉਥੇ ਇਕ ਵੀ ਬੰਦੇ
ਦੇ ਸਲਵਾਰ ਪਹਿਣੀ ਹੋਈ ਨਹੀਂ ਦੇਖੀ। ਸਾਦਾ ਲਿਬਾਸ-ਕਮੀਜ਼ ਅਤੇ ਧੋਤੀ, ਪਹਿਣੇ
ਹੋਏ ਦੇਖੇ। ਕਿਹਾ ਜਾਂਦਾ ਹੈ-ਬੰਗਾਲੀ ਨੂੰ ਤਿੰਨ ਚੀਜਾਂ ਚਾਹੀਦੀਆਂ ਹਨ, ਮੱਛੀ,
ਚਾਵਲ, ਲੁੰਗੀ (ਧੋਤੀ) ਆਮ ਲੋਕਾਂ ਨੇ ਕਮੀਜ਼ ਤੇ ਧੋਤੀ ਪਹਿਣੀ ਹੋਈ ਹੁੰਦੀ ਹੈ,
ਜਾਂ ਪੜ੍ਹੇ ਲਿਖੇ ਸ਼ਰਟ ਤੇ ਪੈਂਟ ਪਹਿਣਦੇ ਹਨ। ਕੁੜੀਆਂ ਵਧੇਰੇ ਕਰਕੇ ਪੰਜਾਬੀ
ਪਹਿਰਾਵਾ-ਕਮੀਜ ਸਲਵਾਰ ਅਤੇ ਵੱਡੀ ਉਮਰ ਦੀਆਂ ਤੀਵੀਆਂ ਸਾੜ੍ਹੀ ਬਲਾਊਜ਼ ਪਹਿਦੀਆਂ
ਹਨ। ਅਸੀਂ ਇਕ ਵੀ ਕੁੜੀ ਦੇ ਪੈਂਟ ਜਾਂ ਸਕੱਰਟ ਪਹਿਣੇ ਹੋਏ ਜਾਂ ਸਿਰ ਦੇ ਵਾਲ
ਕਟਾਏ ਹੋਏ ਨਹੀਂ ਦੇਖੇ। ਗੁ: ਨਾਨਕਸ਼ਾਹੀ ਦੇ ਤਿੰਨ ਪਾਸੇ ਵੱਲ ਤੇ ਸੜਕ ਦੇ
ਸਾਹਮਣੇ ਵੀ ਢਾਕਾ ਯੂਨੀਵਰਸਿਟੀ ਕੈਪਸ ਦਾ ਹੀ ਹਿੱਸਾ ਹੈ। ਗੁਰਦੁਆਰੇ ਦੇ
ਸਾਹਮਣੇ “ਰੁਕੀਆ ਹਾਲ” ਕੁੜੀਆਂ ਦਾ ਹੋਸਟਲ ਹੈ। ਯੂਨੀਵਰਸਿਟੀ ਵਿਚ ਬਹੁਤ ਹੀ
ਵੱਡੀ ਗਿਣਤੀ ਵਿਚ ਮੁੰਡੇ ਅਤੇ ਕੁੜੀਆਂ ਪੜਦੇ ਹਨ।ਕੋਈ ਫੈਸ਼ਨ ਨਹੀਂ। ਸਗੋ ਇਉਂ
ਲਗਦਾ ਜਿਵੇਂ ਇਹ ਕਿਸੇ ਸਕੂਲ ਦੇ ਵਿਦਿਆਰਥੀ ਹੋਣ।
ਦੇਸ਼ ਬਹੁਤ ਪਛੜਿਆ ਹੋਇਆ, ਪਰ
ਭ੍ਰਿਸ਼ਟਾਚਾਰ ਤੇ ਰਿਸ਼ਵਤ ਖੋਰੀ ਵਿਚ ਭਾਰਤ ਤੇ ਪਾਕਿਸਤਾਨ ਨਾਲੋਂ ਵੀ ਅੱਗੇ ਹੈ।
ਯੂ.ਐਨ. ਇਕਨਾਮਿਕ ਕਮਿਸ਼ਨ ਵੱਲੋਂ ਇਸ ਵਰ੍ਹੇ ਕਰਵਾਏ ਗਏ ਇਕ ਸਰਵੇਖਣ ਅਨੁਸਾਰ
ਬੰਗਲਾ ਦੇਸ਼ ਵਿਚ ਕਰਪਸ਼ਨ ਸੱਭ ਤੋਂ ਜ਼ਿਆਦਾ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ
ਪਾਕਿਸਤਾਨ ਪੰਦਰਵੇਂ ਅਤੇ ਭਾਰਤ 71ਵੇਂ ਸਥਾਨ ਤੇ ਆਉਂਦਾ ਹੈ। ਬੰਗਲਾ ਦੇਸ਼ ਵਿਚ
ਅਮੀਰ ਬਹੁਤ ਹੀ ਅਮੀਰ ਅਤੇ ਗਰੀਬ ਬਹੁਤ ਹੀ ਗਰੀਬ ਹੈ। ਮੱਧ ਵਰਗ ਦੇ ਲੋਕ ਬਹੁਤ
ਹੀ ਘੱਟ ਹਨ।
ਅਠਵੇਂ ਦਿਨ ਸ਼ਾਮ ਨੂੰ ਅਸੀਂ
ਹਵਾਈ ਜਹਾਜ਼ ਰਾਹੀਂ ਕਲਕੱਤਾ ਆ ਗਏ।। ਉਥੇ ਸ. ਸਰਨਾ ਤੇ ਉਨ੍ਹਾਂ ਦੇ ਸਾਥੀਆਂ ਨੇ
ਕਲਕੱਤਾ ਸਥਿਤ ਸਾਰੇ ਗੁਰਦੁਆਰਿਆਂ ਦੇ ਪ੍ਰਧਾਨਾ ਅਤੇ ਜਨਰਲ ਸਕੱਤਰਾਂ ਉਤੇ
ਅਧਾਰਤ ਕੇਂਦਰੀ ਗੁਰਦੁਆਰਾ ਕਮੇਟੀ ਪੱਛਮੀ ਬੰਗਾਲ ਨੇ ਸਰਬ-ਸੰਮਤੀ ਨਾਲ ਇਕ ਮਤਾ
ਪਾਸ ਕਰਕੇ ਕਲਕੱਤਾ ਵਿਖੇ ਸਿੱਖ ਮਿਸ਼ਨ ਸਥਾਪਤ ਕਰਨ ਅਤੇ ਬੰਗਲਾ ਦੇਸ਼ ਦੇ
ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਸ਼੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦਾ
ਭਰੋਸਾ ਦਿੱਤਾ।ਰਾਤ ਨੂੰ ਮਾਸਿਕ “ਸਿੱਖ ਰਿਵੀਊ” ਦੇ ਸੰਪਾਦਕ ਸ. ਸਰਨ ਸਿੰਘ,ਜੋ
ਬਿਹਾਰ ਦੇ ਮੁਖ ਸਕੱਤਰ ਵਜੋਂ ਰੀਟਾਇਰ ਹੋਏ ਸਨ,ਨੂੰ ਮਿਲੇ।ਉਹ ਵੀ ਬੰਗਲਾ ਦੇਸ਼
ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਕਸਰ ਜਾਾਂਦੇ ਰਹੇ ਹਨ,ਉਨ੍ਹਾਂ ਦੇ ਬੰਗਲਾ ਦੇਸ਼
ਦੇ ਗੁਰਦੁਆਰਿਆ ਬਾਰੇ ਇਕ ਪੁਸਤਕ ਵੀ ਲਿਖੀ ਹੈ।ਉਹ ਬਹੁਤ ਹੀ ਤਪਾਕ ਨਾਲ ਮਿਲੇ
ਅਤੇ ਇਨ੍ਹਾਂ ਪਾਵਨ ਗੁਰਧਾਮਾਂ ਦੀ ਸੇਵਾ ਸੰਭਾਲ ਬਾਰੇ ਕਈ ਸੁਝਾਅ ਦਿਤੇ।ਬੀਬੀ
ਜਗੀਰ ਕੌਰ ਦੇ ਪ੍ਰਧਾਨ ਹੋਣ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਮੈਂ ਆਪਣੇ
ਬੰਗਾਲੀ ਦੋਸਤਾਂ ਨੂੰ ਬੜੇ ਮਾਣ ਨਾਲ ਦਸਦਾ ਕਿ ਸਾਡੀ ਪ੍ਰਧਾਨ ਇਕ ਬੀਬੀ ਹੈ।
ਅਗਲੇ ਦਿਨ ਅਸੀਂ ਆ ਗਏ ।
ਅਗਲੇ ਦੋ ਦਿਨਾਂ ਅੰਦਰ ਅਸੀਂ ਆਪਣੀ ਰੀਪੋਰਟ ਬੀਬੀ ਜਗੀਰ ਕੌਰ ਨੂੰ ਸੌਂਪ
ਦਿੱਤੀ।ਉਨ੍ਹਾਂ ਦੀ ਸਿਫਾਰਿਸ਼ ਤੇ ਅੰਤ੍ਰਿੰਗ ਕਮੇਟੀ ਨੇ ਆਪਣੀ ਅਗਲੀ ਇਕੱਤ੍ਰਤਾ
ਵਿਚ ਇਹ ਰੀਪੋਰਟ ਪਰਵਾਨ ਕਰ ਲਈ ਅਤੇ ਸਾਡੀ ਸਿਫਾਰਿਸ ਉਤੇ ਉਧਰਲੇ ਗੁਰਦੁਆਰਿਆਂ
ਦੀ ਸੇਵਾ ਸੰਭਾਲ ਲਈ ਕੁਝ ਨਿਯੁਕਤੀਆਂ ਕਰ ਦਿਤੀਆਂ।(ਸਮਾਪਤ)
*****
(10
ਫਰਵਰੀ 2007)
ਯੂਨੀਕੋਡ
#241 ਸੈਂਟਰਲ ਟਾਊਨ ਦਾਦ, ਪਖੌਵਾਲ ਰੋਡ,
ਲੁਧਿਆਣਾ-142022
ਫੋਨ: 91-161-3200361
ਮੋਬਾਈਲ:91-98146-39649
ਹਰਬੀਰ ਸਿੰਘ ਭੰਵਰ
ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ