|
|
ਭਾਰਤ ਵਿੱਚ ਹੀ ਹੁੰਦੇ ਹਨ ਬਹੁਤੇ ‘ਝੂਠੇ’ ਪੁਲਿਸ ਮੁਕਾਬਲੇ ਹਰਬੀਰ ਸਿੰਘ ਭੰਵਰ, ਲੁਧਿਆਣਾ |
ਅਤਿਵਾਦ ਜਾਂ ਦਹਿਸ਼ਤਗਰਦੀ ਅੱਜ ਸਾਰੇ ਵਿਸ਼ਵ ਦੀ ਇੱਕ ਸਮੱਸਿਆ ਬਣ ਗਈ ਹੈ। ਕਿਸੇ ਦੇਸ਼ ਵਿੱਚ ਇਹ ਦਹਿਸ਼ਤਗਰਦੀ ਧਾਰਮਿਕ ਕੱਟੜਤਾ ਕਾਰਨ ਪੈਦਾ ਹੋਈ, ਕਿਸੇ ਵਿੱਚ ਸਿਆਸੀ, ਆਰਥਿਕ ਜਾਂ ਨਸਲੀ ਵਿਤੱਕਰੇ ਕਾਰਨ ਅਤੇ ਕਿਸੇ ਵਿੱਚ ਸਰਕਾਰ ਵਲੋਂ ਕਿਸੇ ਧਾਰਮਿਕ,ਭਾਸ਼ਾਈ ਘੱਟ ਗਿਣਤੀ ਨਾਲ ਵਿਤੱਕਰੇ ਕਾਰਨ। ਕਈ ਵਾਰੀ ਗੁਆਂਢੀ ਮੁਲਕਾਂ ਵਲੋਂ ਅਤਿਵਾਦ ਨੂੰ ਬੜ੍ਹਾਵਾ ਦਿੱਤਾ ਜਾਂਦਾ ਹੈ। ਦੂਸਰੇ ਦੇਸ਼ ਅਕਸਰ ਅਤਿਵਾਦ ਨੂੰ ਨਜਿੱਠਣ ਲਈ ਕਾਰਨਾਂ ਦੀ ਘੋਖ ਪੜਤਾਲ ਕਰ ਕੇ ਸਿਆਸੀ ਹੱਲ ਲੱਭ ਕੇ ਲੋੜੀਂਦੇ ਕਦਮ ਚੁੱਕਦੇ ਹਨ। ਭਾਰਤ ਵੀ ਦਹਿਸ਼ਤਗਰਦੀ ਦਾ ਬੁਰੀ ਤਰ੍ਹਾਂ ਸ਼ਿਕਾਰ ਰਿਹਾ ਹੈ। ਪਿਛਲੇ ਕਈ ਵਰ੍ਹਿਆਂ ਤੋਂ ਉੱਤਰ-ਪੂਰਬੀ ਰਾਜਾਂ ਵਿੱਚ ਗੜਬੜ ਹੈ। ਪੰਜਾਬ ਵਿੱਚ ਲਗਭਗ ਇੱਕ ਦਹਾਕਾ ਅਤਿਵਾਦ, ਜਿਸ ਨੂੰ ਖਾੜਕੂ ਲਹਿਰ ਵੀ ਕਿਹਾ ਜਾਂਦਾ ਹੈ, ਦਾ ਜ਼ੋਰ ਰਿਹਾ।
ਜੰਮੂ ਕਸ਼ਮੀਰ ਵਿੱਚ ਵੀ ਪਿਛਲੇ 16-17 ਸਾਲਾਂ ਤੋਂ ਦਹਿਸ਼ਤਗਰਦੀ, ਜਿਸ ਉੱਤੇ ਫੌਜ ਵੀ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਸਕੀ, ਨੇ ਕੇਂਦਰੀ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ। ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਦਹਿਸ਼ਤਗਰਦ ਕੋਈ ਅਜਿਹੀ ਵਾਰਦਾਤ ਕਰਦੇ ਹਨ ਕਿ ਸਾਰਾ ਦੇਸ਼ ਸੁੰਨ ਹੋ ਜਾਂਦਾ ਹੈ। ਦੇਸ਼ ਦੇ ਵੱਖ ਵੱਖ ਖੇਤਰ੍ਹਾਂ ਵਿੱਚ ਦਹਿਸ਼ਤਗਰਦੀ ਦੇ ਵੱਖ ਵੱਖ ਕਾਰਨ ਹਨ, ਜੋ ਵਧੇਰੇ ਕਰ ਕੇ ਰਾਜਸੀ ਤੌਰ ’ਤੇ ਹੱਲ ਕੀਤੇ ਜਾ ਸਕਦੇ ਹਨ। ਇਸਦੀ ਬਜਾਏ ਸਬੰਧਤ ਸੂਬੇ ਦੀ ਸਰਕਾਰ ਤੇ ਕੇਂਦਰ ਵਲੋਂ ਸੁਰੱਖਿਆ ਫੋਰਸਾਂ ਦੀ ਮਦਦ ਨਾਲ ਕੁਚਲਣ ਜਾਂ ਦਬਾਉਣ ਦਾ ਯਤਨ ਹੀ ਕੀਤਾ ਜਾਂਦਾ ਹੈ। ਸ਼ੱਕੀ ਅਤਿਵਾਦੀਆਂ ਨੂੰ ਮੁਕਾਬਲਿਆਂ ਵਿੱਚ ਮਾਰ ਮੁਕਾਉਣ ਦਾ ਯਤਨ ਕੀਤਾ ਜਾਂਦਾ ਹੈ।
ਪਿਛਲੇ ਕੁੱਝ ਹਫਤਿਆਂ ਤੋਂ ਗੁਜਰਾਤ ਵਿੱਚ ਹੋਏ ਇੱਕ ਫਰਜ਼ੀ ਮੁਕਾਬਲੇ ਵਿੱਚ ਇੱਕ ਨਿਰਦੋਸ਼ ਵਿਅਕਤੀ ਨੂੰ ਹਲਾਕ ਕਰਨ ਦੀ ਖਬਰ ਅਖ਼ਬਾਰਾਂ ਅਤੇ ਟੀ.ਵੀ. ਸਮਾਚਾਰ ਬੁਲਿਟਨਾਂ ਦੀ ਸੁਰਖੀ ਬਣੀ ਹੋਈ ਹੈ, ਜਿਸ ਬਾਰੇ ਪਾਰਲੀਮੈਂਟ ਦੇ ਦੋਨਾਂ ਸਦਨਾਂ ਵਿੱਚ ਸ਼ੋਰ ਸ਼ਰਾਬਾ ਹੋ ਚੁੱਕਾ ਹੈ। ਇਸ ਮੁਕਾਬਲੇ ਸਬੰਧੀ ਤਿੰਨ ਆਈ. ਪੀ. ਐੱਸ. ਅਫਸਰ ਗੁਜਰਾਤ ਦੇ ਡੀ.ਆਈ.ਜੀ. ਬਾਰਡਰ ਰੇਂਜ ਡੀ.ਜੀ. ਵਨਜਾਰਾ ਤੇ ਆਰ.ਕੇ.ਪਾਂਡੀਅਨ ਖੁਫ਼ੀਆ ਵਿਭਾਗ ਦੇ ਐਸ.ਪੀ. ਅਤੇ ਰਾਜਸਥਾਨ ਪੁਲਿਸ ਦੇ ਦਿਨੇਸ਼ ਕੁਮਾਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਖ਼ਬਰਾਂ ਅਨੁਸਾਰ ਡੇਢ ਕੁ ਸਾਲ ਪਹਿਲਾਂ ਗੁਜਰਾਤ ਦੇ ਐਂਟੀ-ਟੈਰਰਿਸਟ ਸਕੁਐੱਡ ਦੇ ਅਫਸਰਾਂ ਨੇ ਟੀ.ਵੀ. ਸਮਾਚਾਰ ਚੈਨਲਾਂ ਨੂੰ ਦੱਸਿਆ ਕਿ ਲਸ਼ਕਰ-ਏ-ਤੋਇਬਾ ਦਾ ਇੱਕ ਖਤਰਨਾਕ ਆਤੰਕਵਾਦੀ ਸੋਹਰਾਬੂਦੀਨ ਸ਼ੇਖ, ਜੋ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮਾਰਨਾ ਚਾਹੁੰਦਾ ਸੀ, ਪੁਲਿਸ ਨਾਲ ਹੋਏ ਇੱਕ ਗਹਿਗੱਚ ਮੁਕਾਬਲੇ ਵਿੱਚ ਉਸ ਵੇਲੇ ਮਾਰਿਆ ਗਿਆ ਜਦੋਂ ਉਹ ਅਹਿਮਦਾਬਾਅਦ ਸ਼ਹਿਰ ਵਿੱਚੋਂ ਇੱਕ ਮੋਟਰ-ਸਾਈਕਲ ਉੱਤੇ ਬਚ ਕੇ ਦੌੜ ਜਾਣ ਦਾ ਯਤਨ ਕਰ ਰਿਹਾ ਸੀ। ਪੁਲਿਸ ਨੇ ਪੱਤਰਕਾਰਾਂ ਨੂੰ ਹੋਏ ਕੀਥਤ ਮੁਕਾਬਲੇ ਵਾਲੀ ਥਾਂ ਅਤੇ ਮੋਟਰ-ਸਾਈਕਲ ਵੀ ਵਿਖਾਇਆ। ਪਰ ਇੱਕ ਸਾਲ ਬਾਅਦ ਜਦੋਂ ਪੁਲਿਸ ਵਲੋਂ ਦੱਸੀ ਗਈ ਕਹਾਣੀ ਤੋਂ ਉਲਟ ਤੱਥ ਬਾਹਰ ਆਉਣ ਲੱਗੇ ਤਾਂ ਇਸ ਤੋਂ ਪਰਦਾ ਉੱਠਣ ਲੱਗਾ। ਇੱਕ ਸਮਾਚਾਰ ਟੀ.ਵੀ. ਚੈਨਲ ਨੇ ਸਾਰੇ ਤੱਥਾਂ ਦੀ ਖੋਜ ਕੀਤੀ ਤਾਂ ਪਤਾ ਲੱਗਾ ਕਿ ਪੁਲਿਸ ਨੇ ਸ਼ੇਖ, ਉਸਦੀ ਪਤਨੀ ਕੌਸਰ ਬੀ ਅਤੇ ਉਨ੍ਹਾਂ ਦੇ ਇੱਕ ਦੋਸਤ ਨੂੰ ਇੱਕ ਬੱਸ ਰੋਕ ਕੇ ਜ਼ਬਰਦਸਤੀ ਉਤਾਰਿਆ ਸੀ। ਪਤੀ ਪਤਨੀ ਨੂੰ ਤਿੰਨ ਦਿਨ ਇੱਕ ਉਜਾੜ ਜਿਹੇ ਫਾਰਮ-ਹਾਊਸ ਉੱਤੇ ਰੱਖਿਆ ਗਿਆ। 26 ਨਵੰਬਰ 2005 ਨੂੰ ਇੱਕ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ। ਉਸਦੀ ਪਤਨੀ ਕੌਸਰ ਬੀ ਨੂੰ ਵੀ ਕੁੱਝ ਦਿਨਾਂ ਬਾਅਦ ਮਾਰ ਕੇ ਸਾੜ ਦਿੱਤਾ ਅਤੇ ਉਸਦੀਆਂ ਹੱਡੀਆਂ ਪੀਸ ਕੇ ਵਨਜਾਰਾ ਦੇ ਫਾਰਮ (ਖੇਤਾਂ) ਵਿੱਚ ਖਿਲਾਰ ਦਿੱਤੀਆਂ। ਖ਼ਬਰਾਂ ਅਨੁਸਾਰ ਮਾਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਵੀ ਕੀਤਾ ਗਿਆ।
ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਦੀ ਹਿਦਾਇਤ ’ਤੇ ਗੁਜਰਾਤ ਸਰਕਾਰ ਨੇ ਇਸ ਕਥਿਤ ਮੁਕਾਬਲੇ ਦੀ ਜਾਂਚ ਕਰ ਕੇ ਸ਼ੇਖ ਅਤੇ ਉਸਦੀ ਪਤਨੀ ਦੇ ਮਾਰੇ ਜਾਣ ਬਾਰੇ ਦੱਸਿਆ। ਇਸਦੀ ਰੌਸ਼ਨੀ ਵਿੱਚ ਤਿੰਨ ਪੁਲਿਸ ਅਫਸਰ ਗ੍ਰਿਫਤਾਰ ਕੀਤੇ ਗਏ ਹਨ। ਸੁਪਰੀਮ ਕੋਰਟ ਨੇ 15 ਮਈ ਨੂੰ ਇਹ ਫੈਸਲਾ ਕਰਨਾ ਹੈ ਕਿ ਇਸ ਮੁਕਾਬਲੇ ਦੀ ਜਾਂਚ ਸੀ.ਬੀ.ਆਈ. ਨੂੰ ਦਿੱਤੀ ਜਾਏ ਜਾਂ ਗੁਜਰਾਤ ਦੀ ਸੀ.ਆਈ.ਡੀ. ਵਲੋਂ ਕੀਤੀ ਗਈ ਜਾਂਚ ਸਹੀ ਦਿਸ਼ਾ ਵਲ ਜਾ ਰਹੀ ਹੈ।
ਪੰਜਾਬ ਵਿੱਚ ਖਾੜਕੂ ਲਹਿਰ ਦੌਰਾਨ ਇੱਕ ਨਹੀਂ, ਹਜ਼ਾਰਾਂ ਹੀ ਫਰਜ਼ੀ ਪੁਲਿਸ ਮੁਕਾਬਲੇ ਹੋਏ। ਜੇ ਇਹ ਕਿਹਾ ਜਾਏ ਕਿ ਬਹੁਤ ਹੀ ਘੱਟ ਮੁਕਾਬਲੇ ਸਹੀ ਸਨ ਅਤੇ ਬਾਕੀ ਸਾਰੇ ਝੂਠੇ ਸਨ; ਤਾਂ ਅਤਿਕਥਨੀ ਨਹੀਂ ਹੋਏਗੀ। ਬਤੌਰ ਪੱਤਰਕਾਰ, ਮੈਂ ਸਭ ਤੋਂ ਪਹਿਲੇ ਮੁਕਾਬਲੇ ਸਮੇਤ ਜ਼ਿਲਾ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਹੋਏ ਬਹੁਤ ਸਾਰੇ ਪੁਲਿਸ ਮੁਕਾਬਲਿਆਂ ਵਾਲੇ ਸਥਾਨ ’ਤੇ ਜਾ ਕੇ ਅੰਗਰੇਜ਼ੀ ਅਤੇ ਪੰਜਾਬੀ ਟ੍ਰਿਬਿਊਨ ਅਖ਼ਬਾਰਾਂ ਨੂੰ ਖਬਰਾਂ ਭੇਜੀਆਂ ਸਨ। ਕਈ ਪ੍ਰਮੁੱਖ ਮਕਾਬਲਿਆਂ ਦਾ ਚਸ਼ਮਦੀਦ ਗਵਾਹ ਵੀ ਹਾਂ। ਪਹਿਲਾ ਝੂਠਾ ਮੁਕਾਬਲਾ 10 ਜੂਨ 1982 ਨੂੰ ਹੋਇਆ, ਜਿਸ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਹਲਾਕ ਕੀਤਾ ਗਿਆ।
ਪੰਜਾਬ ਦੇ ਹਾਲਾਤ 13 ਅਪੈਲ 1978 ਨੂੰ ਵਿਸਾਖੀ ਵਾਲੇ ਦਿਨ ਤੋਂ ਵਿਗੜਨੇ ਸ਼ੁਰੂ ਹੋ ਗਏ ਸਨ, ਜਦੋਂ ਅੰਮ੍ਰਿਤਸਰ ਵਿਖੇ ਹਥਿਆਰਬੰਦ ਨਿਰੰਕਾਰੀਆਂ ਵਲੋਂ ਅਖੰਡ ਕੀਰਤਨੀ ਜੱਥੇ ਅਤੇ ਦਮਦਮੀ ਟਕਸਾਲ ਦੇ 13 ਸਿੰਘ ਮਾਰੇ ਗਏ। ਉਹ ਨਿਰੰਕਾਰੀਆਂ ਤੇ ਉਨ੍ਹਾਂ ਦੇ ਤਤਕਾਲੀ ਮੁਖੀ ਬਾਬਾ ਗੁਰਬਚਨ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਿੱਖ ਸੰਸਥਾਵਾਂ ਦੀ ਕਥਿਤ ਬੇਅਦਬੀ ਬਾਰੇ ਰੋਸ ਪ੍ਰਗਟ ਕਰਨ ਗਏ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 10 ਜੂਨ 1978 ਨੂੰ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ, ਜਿਸ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਉਨ੍ਹਾਂ ਨੂੰ ‘ਵੱਧਣ ਫੁੱਲਣ ਨਾ ਦਿੱਤਾ ਜਾਏ’ – ਦਾ ਆਦੇਸ਼ ਦਿੱਤਾ ਗਿਆ।
ਖਾੜਕੂ ਨੇਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਲੋਂ ਨਿਰੰਕਾਰੀਆਂ ਦੇ ਹਫ਼ਤਾਵਾਰੀ ਸਤਿਸੰਗ ਉੱਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਜਾਣ ਲੱਗੀ। ਭਾਜਪਾ ਦੇ ਕਈ ਲੀਡਰਾਂ ਅਤੇ ਕਈ ਹਿੰਦੂ ਜੱਥੇਬੰਦੀਆਂ ਵਲੋਂ ਸੰਤ ਦੀ ਮੰਗ ਦਾ ਵਿਰੋਧ ਹੋਣ ਲੱਗਾ। ਇਸੇ ਦੌਰਾਨ ਹਿੰਦ ਸਮਾਚਾਰ ਅਖ਼ਬਾਰ ਸੰਮੂਹ ਦੇ ਮੁੱਖ ਸੰਪਾਦਕ ਲਾਲਾ ਜਗਤ ਨਾਰਾਇਣ ਦੀ 9 ਸਤੰਬਰ 1981 ਨੂੰ ਲੁਧਿਆਣਾ ਲਾਗੇ ਹੱਤਿਆ ਕਰ ਦਿੱਤੀ ਗਈ। ਇਸ ਕੇਸ ਵਿੱਚ ਸੰਤ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ ਹੋ ਗਏ। ਉਨ੍ਹਾਂ 20 ਸਤੰਬਰ ਨੂੰ ਚੌਕ ਮਹਿਤਾ ਵਿਖੇ ਆਪਣੇ ਗੁਰਦੁਆਰੇ ਤੋਂ ਗ੍ਰਿਫਤਾਰੀ ਦਿੱਤੀ। ਇਸੇ ਦੌਰਾਨ ਜਾਲੰਧਰ ਅਤੇ ਪੱਟੀ ਸ਼ਹਿਰਾਂ ਵਿੱਚ ਕੁਝ ਮੋਟਰ-ਸਾਈਕਲ ਸਵਾਰਾਂ ਵਲੋਂ ਗੋਲੀ ਚਲਾਈ ਗਈ, ਜਿਸ ਵਿੱਚ ਕਈ ਵਿਅਕਤੀ ਮਾਰੇ ਗਏ।
ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਪੱਟੀ ਗੋਲੀਕਾਂਡ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਇੰਨਾ ਜ਼ੁਲਮ ਕੀਤਾ ਗਿਆ ਕਿ ਉਸਦੀ ਮੌਤ ਹੋ ਗਈ। ਪਰਦਾਪੋਸ਼ੀ ਲਈ ਪੁਲਿਸ ਨੇ ਅੰਮ੍ਰਿਤਸਰ ਤੋਂ ਮਹਿਤਾ ਰੋਡ ਉੱਤੇ ਪਿੰਡ ਵੱਲ੍ਹਾ ਲਾਗੇ ਇੱਕ ਪੁਲਿਸ ਮੁਕਾਬਲਾ ਦਿਖਾਇਆ। ਸਿੱਖ ਜੱਥੇਬੰਦੀਆਂ ਨੇ ਇਸ ਨੂੰ ‘ਝੂਠਾ’ ਮੁਕਾਬਲਾ ਕਰਾਰ ਦਿੱਤਾ। ਨਾਗੋਕੇ ਦੇ ਅੰਤਮ ਸਸਕਾਰ ਵੇਲੇ ਅਨੇਕ ਸਿੱਖ ਲੀਡਰ ਪਿੰਡ ਨਾਗੋਕੇ ਪਹੁੰਚੇ। ਅਰਥੀ ਨੂੰ ਮੋਢਾ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸੰਤ ਭਿੰਡਰਾਂਵਾਲੇ ਵੀ ਸ਼ਾਮਿਲ ਸਨ। ਇਹ ਮੁਕਾਬਲਾ ਕਰਨ ਵਾਲੇ ਪੁਲਿਸ ਅਫਸਰ ਗਿਆਨੀ ਬਚਨ ਸਿੰਘ ਨੂੰ ਅਤੇ ਇਨ੍ਹਾਂ ਦੇ ਸਾਰੇ ਪਰਿਵਾਰ ਨੂੰ ਖਾੜਕੂਆਂ ਨੇ ਪਿੱਛੋਂ ਖਤਮ ਕਰ ਦਿੱਤਾ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੇ ਸਿੱਖਾਂ ਦੀਆਂ ਕੁੱਝ ਮੰਗਾਂ ਨੰ ਲੈ ਕੇ ਚਾਰ ਅਗਸਤ 1982 ਨੂੰ ਸ੍ਰੀ ਦਰਬਾਰ ਸਾਹਿਬ ਸੰਮੂਹ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ। ਪਾਰਟੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਮੋਰਚਾ ਡਿਕਟੇਟਰ ਬਣੇ। ਅਕਾਲੀ ਦਲ ਨੇ ਸੰਤ ਭਿੰਡਰਾਂਵਾਲਿਆਂ ਵਲੋਂ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 19 ਜੁਲਾਈ ਨੂੰ ਲਗਾਏ ਮੋਰਚੇ ਨੂੰ ਵੀ ਅਪਣਾ ਲਿਆ। ਮੋਰਚੇ ਨੂੰ ਪੰਜਾਬੀਆਂ ਦਾ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਭਰ ਗਈਂ। ਸਰਕਾਰ ਨੂੰ ਸਕੂਲਾਂ ਅਤੇ ਕਈ ਹੋਰ ਸਰਕਾਰੀ ਇਮਾਰਤਾਂ ਵਿੱਚ ਕੈਂਪ ਜੇਲ੍ਹਾਂ ਬਣਾਉਣੀਆਂ ਪਈਆਂ।
ਸਰਕਾਰ ਨਾਲ ਅਕਾਲੀ ਮੰਗਾਂ ਬਾਰੇ ਕਈ ਵਾਰੀ ਗੱਲਬਾਤ ਹੋਈ, ਪਰ ਕੋਈ ਗੱਲ ਸਿਰੇ ਨਾ ਚੜ੍ਹੀ। ਮੋਰਚੇ ਨੂੰ ਕੁਚਲਣ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਵਿੱਚ ਅਣਮਿਥੇ ਸਮੇਂ ਦਾ ਕਰਫਿਊ ਲਗਾ ਕੇ ਉੱਤੇ ਅਨੇਕ ਪਾਬੰਦੀਆਂ ਲਾ ਕੇ ਸ੍ਰੀ ਦਰਬਾਰ ਸਾਹਿਬ ਸਮੂਹ ਉੱਤੇ ਫੌਜੀ ਹਮਲਾ ਕਰ ਦਿੱਤਾ, ਜਿਸ ਨਾਲ ਸਿੱਖ ਭਾਈਚਾਰੇ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਭਾਰੀ ਠੇਸ ਲੱਗੀ। ਇਸ ਪਿੱਛੋਂ ਪੰਜਾਬ ਵਿੱਚ ਖਾੜਕੂ ਲਹਿਰ ਸ਼ੁਰੂ ਹੋ ਗਈ, ਜੋ ਲਗਭਗ ਇੱਕ ਦਹਾਕਾ ਰਹੀ। ਪੁਲਿਸ ਮੁਕਾਬਲੇ ਆਮ ਹੋਣ ਲੱਗੇ। ਪੰਜਾਬ ਵਿੱਚ ਲੰਬਾ ਸਮਾਂ ਰਾਸ਼ਟਰਪਤੀ ਰਾਜ ਲਾਗੂ ਰਿਹਾ। ਡੇਢ ਕੁ ਸਾਲ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਰਹੀ, ਪਰ ਉਹ ਖਾੜਕੂਆਂ ਨੂੰ ਕਾਬੂ ਨਾ ਕਰ ਸਕੀ। ਇਸਦੇ ਉਲਟ ਜੇਲ੍ਹਾਂ ਵਿੱਚ ਬੰਦ ਖਾੜਕੂਆਂ ਨੂੰ ਰਿਹਾਅ ਕਰਨ ਦੇ ਦੋਸ਼ ਲੱਗੇ। ਕੇਂਦਰ ਨੇ ਖਾੜਕੂ ਲਹਿਰ ਨੂੰ ਕੁਚਲਣ ਲਈ ਟਾਡਾ ਸਮੇਤ ਅਨੇਕ ਕਰੜੇ ਕਾਨੂੰਨ ਬਣਾਏ ਗਏ, ਜਿਸ ਨੂੰ ਸਿੱਖ ਜੱਥੇਬੰਦੀਆਂ ‘ਕਾਲੇ ਕਾਨੂੰਨ’ ਕਰਾਰ ਦਿੰਦੀਆਂ ਰਹੀਆਂ। ਇਸਦੇ ਬਾਵਜੂਦ ਵੀ ਖਾੜਕੂ ਪੁਲਿਸ ਉੱਤੇ ਹਾਵੀ ਰਹੇ। ਬਰਨਾਲਾ ਸਰਕਾਰ ਦੇ ਸਮੇਂ ਹੀ ਜੇ.ਐਫ. ਰਿਬੇਰੋ ਪੰਜਾਬ ਪੁਲਿਸ ਦੇ ਮੁਖੀ ਬਣ ਕੇ ਆਏ, ਜਿਨ੍ਹਾਂ ਨੇ ‘ਬੁਲਿਟ ਫਾਰ ਬੁਲਿਟ’ (ਗੋਲੀ ਦਾ ਜਵਾਬ ਗੋਲੀ) ਦਾ ਨਾਅਰਾ ਪੰਜਾਬ ਪੁਲਿਸ ਨੂੰ ਦਿੱਤਾ ਅਤੇ ਪੁਲਿਸ ਮੁਕਾਬਲੇ ਹੋਣ ਲੱਗੇ।
ਫਰਵਰੀ 1992 ਦੌਰਾਨ ਪੰਜਾਬ ਚੋਣਾਂ, ਜਿਨ੍ਹਾਂ ਦਾ ਖਾੜਕੂਆਂ ਅਤੇ ਅਕਾਲੀ ਦਲ ਦੇ ਸਾਰੇ ਮੁੱਖ ਧੜਿਆਂ ਨੇ ਬਾਈਕਾਟ ਕੀਤਾ ਸੀ, ਤੋਂ ਪਹਿਲਾਂ ਹੀ ਫੌਜ ਨੇ ਅਤਿਵਾਦ ਉੱਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਸੀ, ਜਿਸ ਕਾਰਨ ਚੋਣਾਂ ਦੌਰਾਨ ਕਿਸੇ ਵੀ ਉਮੀਦਵਾਰ ਦੀ ਹੱਤਿਆ ਨਹੀਂ ਹੋਈ; ਜਿਵੇਂ ਕਿ ਜੂਨ 1991 ਦੀਆਂ ਹੋਣ ਵਾਲੀਆਂ ਚੋਣਾਂ ਸਮੇਂ ਹੋਈਆਂ ਸਨ, ਜਿਨ੍ਹਾਂ ਦਾ ਕਾਂਗਰਸ ਨੇ ਬਾਈਕਾਟ ਕੀਤਾ ਸੀ, ਜੋ ਰੱਦ ਕਰ ਦਿੱਤੀਆਂ ਗਈਆਂ ਸਨ। ਬਾਈਕਾਟ ਕਾਰਨ ਬਿਨਾਂ ਕਿਸੇ ਖਾਸ ਮੁਕਾਬਲੇ ਦੇ ਬੇਅੰਤ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ ਵਿੱਚ ਆ ਗਈ। ਇਸ ਸਰਕਾਰ ਨੇ ਪੁਲਿਸ ਨੂੰ ਅਤਿਵਾਦ ਖਤਮ ਕਰਨ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਸੀ। ਖਾੜਕੂਆਂ ਨੂੰ ‘ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ’ ਕਰਾਰ ਦੇ ਕੇ ਝੂਠੇ ਪੁਲਿਸ ਮੁਕਾਬਲੇ ਆਮ ਹੀ ਹੋਣ ਲੱਗ ਗਏ। ਪੁਲਿਸ ਵਲੋਂ ਮੁਕਾਬਲੇ ਦੀ ਕਹਾਣੀ ਅਕਸਰ ਇਸ ਤਰ੍ਹਾਂ ਹੁੰਦੀ ਸੀ – ‘ਪੁਲਿਸ ਨੇ ਫਲਾਂ ਪੁੱਲ ਉੱਤੇ ਨਾਕਾ ਲਾਇਆ ਹੋਇਆ ਸੀ ਕਿ ਸਾਹਮਣੇ ਵਾਲੇ ਪਾਸਿਓਂ ਇੱਕ ਸਕੂਟਰ ਜਾਂ ਮੋਟਰ-ਸਾਈਕਲ ਉੱਤੇ ਦੋ ਸ਼ੱਕੀ ਨੌਜਵਾਨ ਆਉਂਦੇ ਦਿਖਾਈ ਦਿੱਤੇ। ਨਾਕਾ ਪਾਰਟੀ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ਉੱਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਵੀ ਆਪਣੀ ਰੱਖਿਆ ਲਈ ਜਵਾਬੀ ਗੋਲੀ ਚਲਾਈ, ਜਿਸ ਵਿੱਚ ਦੋਨੋਂ ਨੌਜਵਾਨ ਮਾਰੇ ਗਏ; ਜਿਨ੍ਹਾਂ ਦੀ ਪਛਾਣ ਫਲਾਂ ਫਲਾਂ ਖਾੜਕੂਆਂ ਵਜੋਂ ਹੋਈ।’
ਪੁਲਿਸ ਵਲੋਂ ਕਥਿਤ ਖਾੜਕੂਆਂ ਦੇ ਸਿਰਾਂ ਉੱਤੇ ਰੱਖੇ ਗਏ ਇਨਾਮ ਅਤੇ ਤਰੱਕੀਆਂ ਲੈਣ ਲਈ ਪਹਿਲਾਂ ਤੋਂ ਹਿਰਾਸਤ ਵਿੱਚ ਲਏ ਗਏ ‘ਮੁੰਡਿਆਂ’ ਨੂੰ ਥਾਣਿਆਂ ਵਿੱਚੋਂ ਲਿਜਾ ਕੇ ਮੁਕਾਬਲਾ ਦਿਖਾ ਕੇ ਮਾਰਿਆ ਜਾ ਰਿਹਾ ਸੀ। ਅਕਾਲੀ ਲੀਡਰ ਤੇ ਮਨੁੱਖੀ ਅਧਿਕਾਰ ਸਭਾਵਾਂ ਵਲੋਂ ਇਨ੍ਹਾਂ ‘ਝੂਠੇ’ ਮੁਕਾਬਲਿਆਂ ਬਾਰੇ ਬਥੇਰਾ ਰੌਲਾ ਪਾਇਆ ਜਾਂਦਾ, ਪਰ ਨਗਾਰਖਾਨੇ ਵਿੱਚ ਤੂਤੀ ਦੀ ਆਵਾਜ਼ ਕੋਈ ਨਹੀਂ ਸੁਣਦਾ ਸੀ। ਇਨ੍ਹਾਂ ਝੂਠੇ ਮੁਕਾਬਲਿਆਂ ਦੀਆਂ ਕੁੱਝ ਮਿਸਾਲਾਂ ਇਸ ਤਰ੍ਹਾਂ ਹਨ:
ਇਹ 26 ਦਸੰਬਰ 1992 ਸਵੇਰ ਦੀ ਗੱਲ ਹੈ ਕਿ ਮੈਂ ਇੱਕ ਹੋਰ ਪੱਤਰਕਾਰ ਸਾਥੀ ਨਾਲ ਕਾਦੀਆਂ ਵਿਖੇ ਅਹਿਮਦੀਆ ਭਾਈਚਾਰੇ ਦੀ ਸਾਲਾਨਾ ਕਾਨਫਰੰਸ ਕਵਰ ਕਰਨ ਲਈ ਜਾ ਰਹੇ ਸੀ। ਅਸੀਂ ਬਟਾਲਾ ਤੋਂ ਕਾਦੀਆਂ ਵਾਲੀ ਸੜਕ ’ਤੇ ਥੋੜ੍ਹੀ ਦੂਰ ਹੀ ਗਏ ਸੀ ਕਿ ਸੜਕ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਪਿੰਡ ਬਾਹਮਣੀਆਂ ਦੁਆਲੇ ਪੁਲਿਸ ਅਤੇ ਨੀਮ-ਫੌਜੀ ਬਲਾਂ ਵਲੋਂ ਘੇਰਾ ਪਾਇਆ ਦੇਖਿਆ। ਕਦੀ ਕਦੀ ਗੋਲੀ ਚੱਲਣ ਦੀ ਆਵਾਜ਼ ਵੀ ਆਉਂਦੀ। ਅਸੀਂ ਇੱਕ ਦਮ ਸਮਝ ਗਏ ਕਿ ਖਾੜਕੂਆਂ ਅਤੇ ਪੁਲਿਸ ਵਿੱਚਕਾਰ ਕੋਈ ਮੁਕਾਬਲਾ ਹੋ ਰਿਹਾ ਹੈ। ਅਸੀਂ ਆਪਣੀ ਗੱਡੀ ਪਿੰਡ ਵਲ ਮੋੜ ਲਈ ਤੇ ਬਾਹਰ ਦੂਰ ਖੜ੍ਹੀ ਕਰ ਕੇ ਖੇਤਾਂ ਵਿੱਚੋਂ ਦੀ ਹੁੰਦੇ ਹੋਏ ਪਿੰਡ ਲਾਗੇ ਪਹੁੰਚ ਗਏ। ਪਿੰਡ ਦੇ ਬਾਹਰਲੇ ਪਾਸੇ ਟਿਊਬਵੈੱਲ ਦੇ ਇੱਕ ਕਮਰੇ ਦੀ ਛੱਤ ਉੱਤੇ ਬਟਾਲਾ ਪੁਲਿਸ ਜ਼ਿਲੇ ਦੇ ਤਤਕਾਲੀ ਪੁਲਿਸ ਮੁਖੀ ਸੀ.ਐਸ.ਆਰ. ਰੈਡੀ, ਜੋ ਆਂਧਰਾ ਪ੍ਰਦੇਸ ਦੇ ਰਹਿਣ ਵਾਲੇ ਹਨ, ਕਈ ਪੁਲਿਸ ਅਫਸਰਾਂ ਨਾਲ ਮੁਕਾਬਲੇ ਦੀ ਨਿਗਰਾਨੀ ਕਰ ਰਹੇ ਹਨ। ਅਸੀਂ ਦੋਨੋਂ ਪੱਤਰਕਾਰ ਵੀ ਛੱਤ ਉੱਤੇ ਜਾ ਚੜ੍ਹੇ। ਉਨ੍ਹਾਂ ਦੱਸਿਆ ਕਿ ਸਾਹਮਣੇ ਕਮਾਦ ਵਾਲੇ ਖੇਤ ਵਿੱਚ ਖਾੜਕੂ ਲੁਕੇ ਹੋਏ ਹਨ, ਸਾਨੂੰ ਅੱਜ ਸਵੇਰੇ ਹੀ ਭਰੋਸੇਯੋਗ ਵਸੀਲੇ ਤੋਂ ਸੂਚਨਾ ਮਿਲੀ ਤਾਂ ਅਸੀਂ ਇਸ ਕਮਾਦ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ। ਖਾੜਕੂਆਂ ਨੂੰ ਲਾਊਡ ਸਪੀਕਰ ਉੱਤੇ ਕਿਹਾ ਸੀ ਕਿ ਪੁਲਿਸ ਅੱਗੇ ਆਤਮ ਸਮਰਪਣ ਕਰ ਦਿਓ, ਪਰ ਕਿਸੇ ਨੇ ਅਜਿਹਾ ਨਹੀਂ ਕੀਤਾ।
ਥੋੜ੍ਹੀ ਦੇਰ ਬਾਅਦ ਗੋਲੀ ਬੰਦ ਹੋਈ ਤਾਂ ਪੁਲਿਸ ਨੇ ਬੁਲਟ-ਪਰੂਫ ਟ੍ਰੈਕਟਰ ਉੱਤੇ ਬੈਠ ਕੇ ਕਮਾਦ ਦੇ ਖੇਤ ਦੀ ਛਾਣਬੀਣ ਕੀਤੀ। ਦੇਖਿਆ, ਇੱਕ ਖਾੜਕੂ ਢੇਰ ਹੋਇਆ ਪਿਆ ਸੀ। ਲਾਗੇ ਹੀ ਏ.ਕੇ.-47 ਰਾਈਫਲ ਪਈ ਹੋਈ ਸੀ। ਪੁਲਿਸ ਨਾਲ ਅਸੀਂ ਵੀ ਖੇਤ ਵਿੱਚ ਗਏ ਤੇ ਦੇਖਿਆ ਕਿ ਮਾਰੇ ਗਏ ਖਾੜਕੂ ਦੇ ਮੱਥੇ ਅਤੇ ਸਰੀਰ ਦੇ ਦੋ ਤਿੰਨ ਹੋਰ ਭਾਗਾਂ ਤੋਂ ਤਾਜ਼ਾ ਲਹੂ ਨਿਕਲਿਆ ਹੋਇਆ ਸੀ, ਜੋ ਹਾਲੇ ਜੰਮਿਆ ਵੀ ਨਹੀਂ ਸੀ। ਪੁਲਿਸ ਨੇ ਖਾੜਕੂ ਦੀ ਪਛਾਣ ਲਈ ਪਿੰਡ ਦੇ ਕਈ ਮੁਹਤਬਰ ਬੰਦੇ ਬੁਲਾਏ। ਉਸਦੀ ਪਛਾਣ ਇੱਕ ਖਾੜਕੂ ਜੱਥੇਬੰਦੀ ਦੇ ਮੁਖੀ ਸ਼ਾਇਦ ਚੈਂਚਲ ਸਿੰਘ ਉਦੋਕੇ ਵਜੋਂ ਹੋਈ। ਪੁਲਿਸ ਅਫਸਰਾਂ ਨਾਲ ਗੱਲਬਾਤ ਕਰਦਾਂ ਅਸੀਂ ਕਿਹਾ ਕਿ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਹੈ; ਇਹ 100 ਫੀਸਦੀ ਅਸਲੀ ਮੁਕਾਬਲਾ ਹੈ। ਇੱਥੋਂ ਵਿਹਲੇ ਹੋ ਕੇ ਅਸੀਂ ਕਾਦੀਆਂ ਵਾਲਾ ਸਮਾਗਮ ਕਵਰ ਕਰ ਕੇ ਸ਼ਾਮ ਨੂੰ ਅੰਮ੍ਰਿਤਸਰ ਵਾਪਸ ਮੁੜ ਆਏ। ਆਪਣੇ ਆਪਣੇ ਅਖ਼ਬਾਰਾਂ ਨੂੰ ਖ਼ਬਰ ਭੇਜੀ ਕਿ ਇਹ ਅਸਲੀ ਮੁਲਾਬਲਾ ਸੀ, ਜਿਸਦੇ ਅਸੀਂ ਚਸ਼ਮਦੀਦ ਗਵਾਹ ਹਾਂ। ਅਗਲੇ ਦਿਨ ਇਸ ਮੁਕਾਬਲੇ ਦੀ ਖ਼ਬਰ ਸਾਡੇ ਅਖ਼ਬਾਰਾਂ ਵਿੱਚ ਛਪ ਗਈ।
ਬਾਰਡਰ ਪੁਲਿਸ ਜ਼ੋਨ ਵਲੋਂ 31 ਦਸੰਬਰ ਨੂੰ ਆਪਣੀਆਂ ਪ੍ਰਾਪਤੀਆਂ ਬਾਰੇ ਦੱਸਣ ਲਈ ਦੁਪਹਿਰ ਦੇ ਖਾਣੇ ਸਮੇਂ ਇੱਕ ਪ੍ਰੈੱਸ ਕਾਨਫਰੰਸ ਇਕ ਰੈਸਟ ਹਾਊਸ ਵਿੱਚ ਬੁਲਾਈ ਗਈ। ਪ੍ਰੈੱਸ ਕਾਨਫਰੰਸ ਖਤਮ ਹੋਣ ਤੋਂ ਬਾਅਦ ਖਾਣੇ ਵੇਲੇ ਮੈਂ ਬਾਰਡਰ ਜ਼ੋਨ ਦੇ ਤਤਕਾਲੀ ਇੰਸਪੈਕਟਰ ਜਨਰਲ ਡੀ.ਆਰ.ਭੱਟੀ ਨੂੰ ਕਿਹਾ ਕਿ ਤੁਹਾਡੇ ਸਾਰੇ ਮੁਕਾਬਲੇ ਝੂਠੇ ਹੁੰਦੇ ਹਨ, ਕੇਵਲ ਬਾਹਮਣੀਆਂ ਪਿੰਡ ਵਾਲਾ ਮੁਕਾਬਲਾ ਸਹੀ ਸੀ। ਉਹ ਹੱਸ ਕੇ ਕਹਿਣ ਲੱਗੇ, “ਜੇ ਉਹ ਮਕਾਬਲਾ ਸਹੀ ਮੁਕਾਬਲਾ ਹੈ, ਤਾਂ ਸਾਡੇ ਸਾਰੇ ਮੁਕਾਬਲੇ ਹੀ ਸੱਚੇ ਹਨ।”ਉਨ੍ਹਾਂ ਦੱਸਿਆ ਕਿ ਉਦੋਕੇ ਨੂੰ ਕਈ ਦਿਨ ਪਹਿਲਾਂ ਕਾਬੂ ਕਰ ਲਿਆ ਗਿਆ ਸੀ। ਉਸ ਦਿਨ ਏ.ਕੇ.-47 ਰਾਈਫਲ ਖਾਲੀ ਕਰ ਕੇ ਉਹਦੇ ਹੱਥ ਫੜਾ ਕੇ ਉਸ ਨੂੰ ਕਮਾਦ ਦੇ ਖੇਤ ਵਿੱਚ ਧੱਕ ਦਿੱਤਾ ਗਿਆ ਸੀ। ਮੈਂ ਹੈਰਾਨ ਹੋਇਆ ਕਿ ਆਪਣੇ ਆਪ ਨੂੰ ਬੜੇ ਹੁਸ਼ਿਆਰ ਸਮਝਣ ਵਾਲੇ ਅਸੀਂ ਪੱਤਰਕਾਰ ਵੀ ਬੇਵਕੂਫ ਬਣ ਗਏ ਸਾਂ।
ਇਹ 31 ਅਕਤੂਬਰ 1993 ਦੀ ਗੱਲ ਹੈ। ਪੱਟੀ ਪੁਲਿਸ ਦੋ ਕਥਿਤ ਖਾੜਕੂਆਂ ਨੂੰ ਇੱਕ ‘ਮੁਕਾਬਲੇ’ ਵਿੱਚ ਮਾਰ ਕੇ ਲਾਸ਼ਾਂ ਦਾ ਪੋਸਟ ਮਾਰਟਮ ਕਰਨ ਲਈ ਸਿਵਲ ਹਸਪਤਾਲ ਪੱਟੀ ਲੈ ਕੇ ਆਈ। ਡਾਕਟਰ ਜਦੋਂ ਪੋਸਟ ਮਾਰਟਮ ਕਰਨ ਲੱਗੇ ਤਾਂ ਉਨ੍ਹਾਂ ਦੇਖਿਆ ਕਿ ਦੋਨਾਂ ‘ਲਾਸ਼ਾਂ’ ਵਿੱਚੋਂ ਇੱਕ ਦੀ ਨਬਜ਼ ਹਾਲੇ ਚੱਲ ਰਹੀ ਸੀ। ਆਪਣੀ ਡਾਕਟਰੀ ਡਿਊਟੀ ਨਿਭਾਉਂਦਿਆਂ ਉਨ੍ਹਾਂ ਨੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਅਤੇ ਗੁਲੂਕੋਜ਼ ਚੜ੍ਹਾਇਆ। ਕੁੱਝ ਸਮੇਂ ਪਿਛੋਂ ਉਸ ਨੂੰ ਹੋਸ਼ ਆ ਗਈ। ਉਸ ਨੌਜਵਾਨ ਨੇ ਦੱਸਿਆ ਕਿ ਉਸਦਾ ਨਾਂ ਸੁਰਜੀਤ ਸਿੰਘ ਹੈ ਤੇ ਉਹ ਪਿੰਡ ਵਲਟੋਹਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਨੂੰ ਝੂਠੇ ਕੇਸ ਵਿੱਚ ਫਸਾ ਕੇ ਫਰਜ਼ੀ ਮੁਕਾਬਲਾ ਬਣਾਇਆ ਸੀ। ਉਸ ਨੇ ਦੱਸਿਆ, “ਵਲਟੋਹਾ ਤੋਂ ਇੱਕ ਬੀਬੀ ਬਲਜੀਤ ਕੌਰ ਇਸੇ ਹਸਪਤਾਲ ਵਿੱਚ ਸਟਾਫ ਨਰਸ ਲੱਗੀ ਹੋਈ ਹੈ, ਉਸ ਨੂੰ ਕਹਿ ਕੇ ਮੇਰੇ ਮਾਪਿਆਂ ਨੂੰ ਬੁਲਾ ਦਿਉ।”ਨਰਸ ਦੇ ਘਰ ਸੁਨੇਹਾ ਭੇਜਿਆ ਗਿਆ, ਉਸਦੇ ਪਤੀ ਕਾਮਰੇਡ ਮਹਾਂਬੀਰ ਸਿੰਘ, ਜੋ ਕਮਿਊਨਿਸਟ ਪਾਰਟੀ ਦੀ ਪੱਟੀ ਤਹਿਸੀਲ ਇਕਾਈ ਦੇ ਸਕੱਤਰ ਸਨ, ਆ ਗਏ। ਉਨ੍ਹਾਂ ਨੇ ਡਾਕਟਰਾਂ ਨੂੰ ਕਿਹਾ ਕਿ ਸੁਰਜੀਤ ਸਿੰਘ ਨੂੰ ਅੰਮ੍ਰਿਤਸਰ ਹਸਪਤਾਲ ਸ਼ਿਫਟ ਕਰ ਦਿਉ। ਉਨ੍ਹਾਂ ਨੇ ਸੁਰਜੀਤ ਦੇ ਘਰ ਵਲਟੋਹਾ ਸੁਨੇਹਾ ਵੀ ਭੇਜ ਦਿੱਤਾ।
ਉੱਧਰ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਬੰਧਤ ਥਾਣੇਦਾਰ ਪੁਲਿਸ ਫੋਰਸ ਲੈ ਕੇ ਹਸਪਤਾਲ ਆ ਧਮਕਿਆ ਤੇ ਜ਼ਬਰਦਸਤੀ ਸੁਰਜੀਤ ਸਿੰਘ ਨੂੰ ਚੁੱਕ ਕੇ ਬਾਹਰ ਲੈ ਗਿਆ। ਲਗਭਗ ਦੋ ਘੰਟੇ ਪਿੱਛੋਂ ਉਸ ਨੂੰ ਫਿਰ ਗੋਲੀਆਂ ਨਾਲ ਵਿੰਨ੍ਹ ਕੇ ਲਾਸ਼ ਸੁੱਟ ਗਿਆ। ਪਿੱਛੋਂ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ‘ਲਾਵਾਰਸ’ ਕਰਾਰ ਦੇ ਕੇ ਪੱਟੀ ਵਿਖੇ ਹੀ ਸਸਕਾਰ ਕਰ ਦਿੱਤਾ। ਭਾਵੇਂ ਸੁਰਜੀਤ ਦੇ ਮਾਪੇ ਤੇ ਰਿਸ਼ਤੇਦਾਰ ਪੱਟੀ ਪੁੱਜ ਚੁੱਕੇ ਸਨ, ਉਨ੍ਹਾਂ ਨੂੰ ਨੇੜੇ ਵੀ ਨਹੀਂ ਜਾਣ ਦਿੱਤਾ ਗਿਆ। ਅਗਲੇ ਦਿਨ ਇਹ ਖਬਰ ਅੰਗਰੇਜ਼ੀ ਤੇ ਪੰਜਾਬੀ ਟ੍ਰਿਬਿਊਨ ਵਿੱਚ ਪਹਿਲੇ ਪੰਨੇ ’ਤੇ ਛਪੀ। ਜਸਟਿਸ ਕੁਲਦੀਪ ਸਿੰਘ ਤੇ ਜਸਟਿਸ ਐਸ.ਸੀ. ਅਗਰਵਾਲ ਉਨ੍ਹਾਂ ਦਿਨਾਂ ਵਿੱਚ ਸੁਪਰੀਮ ਕੋਰਟ ਦੇ ਜੱਜ ਸਨ। ਉਨ੍ਹਾਂ ਦੋਵਾਂ ’ਤੇ ਆਧਾਰਤ ਬੈਂਚ ਨੇ ਇਸ ਖਬਰ ਦਾ ਆਪਣੇ ਆਪ ਨੋਟਿਸ ਲੈਂਦਿਆਂ ਸੀ.ਬੀ.ਆਈ. ਨੂੰ ਇਸਦੀ ਜਾਂਚ ਦੇ ਆਦੇਸ਼ ਕਰ ਦਿੱਤੇ।
ਉੱਧਰ ਅਗਲੇ ਦਿਨ ਮੈਂ ਇਸ ਕਥਿਤ ਪੁਲਿਸ ਮੁਕਾਬਲੇ ਤੇ ਸੁਰਜੀਤ ਸਿੰਘ ਬਾਰੇ ਜਾਣਕਾਰੀ ਲੈਣ ਪੱਟੀ ਤਹਿਸੀਲ ਦੇ ਪਿੰਡ ਤੂਤ ਅਤੇ ਵਲਟੋਹਾ ਗਿਆ। ਸੁਰਜੀਤ ਸਿੰਘ ਦੇ ਮਾਪੇ ਤੇ ਉਨ੍ਹਾਂ ਪਾਸ ਅਫਸੋਸ ਪ੍ਰਗਟ ਕਰਨ ਆਏ ਰਿਸ਼ਤੇਦਾਰ ਨੇ ਮੈਨੂੰ ਸਾਰੀ ਕਹਾਣੀ ਦੱਸੀ। ਉਨ੍ਹਾਂ ਦੱਸਿਆ ਕਿ ਸਾਰੇ ਪਰਿਵਾਰ ਸਮੇਤ ਸੁਰਜੀਤ ਸਿੰਘ ਵਲਟੋਹਾ ਵਿਖੇ ਹੀ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੇ ਘਰ ਵਿਆਹ ਗਿਆ ਹੋਇਆ ਸੀ, ਜਿੱਥੋਂ ਪੁਲਿਸ ਜ਼ਬਰਦਸਤੀ ਚੁੱਕ ਕੇ ਲੈ ਗਈ। ਦੋ ਤਿੰਨ ਬਾਅਦ ਇਹ ਝੂਠਾ ਮੁਕਾਬਲਾ ਦਿਖਾ ਕੇ ਉਸਦੀ ਹਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸੁਰਜੀਤ ਖਾੜਕੂ ਵੀ ਨਹੀਂ ਸੀ। ਖਾੜਕੂ ਦੋ ਕੁ ਵਾਰੀ ਉਨ੍ਹਾਂ ਦੇ ਘਰ ਖਾਣਾ ਖਾਣ ਲਈ ਠਹਿਰੇ ਸਨ। ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਉਸ ਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਫੜਿਆ ਸੀ, ਪਰ ਹਰ ਵਾਰੀ ਪੁੱਛ ਗਿੱਛ ਕਰ ਕੇ ਕੁੱਝ ਦਿਨਾਂ ਬਾਅਦ ਉਸ ਨੂੰ ਛਡ ਦਿੱਤਾ ਜਾਂਦਾ ਸੀ। ਇਸ ਤੋਂ ਪਹਿਲਾਂ ਮੈਂ ਕਥਿਤ ਮੁਕਾਬਲੇ ਵਾਲੀ ਥਾਂ ਪਿੰਡ ਤੂਤ ਵੀ ਜਾ ਕੇ ਆਇਆ ਸੀ ਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੇ ਬਿਆਨ ਨੋਟ ਕਰ ਲਿਆਇਆ ਸੀ। ਅੰਮ੍ਰਿਤਸਰ ਵਾਪਸ ਆ ਕੇ ਮੈਂ ਇਸ ਬਾਰੇ ਵਿਸਥਾਰਪੂਰਵਕ ਰਿਪੋਰਟ ਭੇਜ ਦਿੱਤੀ; ਜੋ ਅਗਲੇ ਦਿਨ ਫਿਰ ਸਾਡੇ ਗਰੁੱਪ ਦੇ ਅਖਬਾਰਾਂ ਵਿੱਚ ਛਪ ਗਈ। ਸੀ.ਬੀ.ਆਈ. ਨੇ ਇਸ ਕੇਸ ਦੀ ਜਾਂਚ ਕੀਤੀ। ਇਸ ਸਬੰਧੀ ਮੇਰੀਆਂ ਭੇਜੀਆਂ ਸਾਰੀਆਂ ਖਬਰਾਂ ਸੱਚ ਸਾਬਤ ਹੋਈਆਂ। ਸਬੰਧਤ ਥਾਣੇਦਾਰ ਤੇ ਉਸਦੇ ਦੋ ਤਿੰਨ ਹੋਰ ਸਾਥੀ ਪੁਲਿਸ ਕਰਮਚਾਰੀ ਗ੍ਰਿਫਤਾਰ ਹੋ ਗਏ। ਮੁਕੱਦਮਾ ਚੱਲਿਆ ਅਤੇ ਥਾਣੇਦਾਰ ਸਮੇਤ ਦੂਜੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਸਜ਼ਾ ਹੋ ਗਈ। ਅੱਜ ਕਲ੍ਹ ਵੀ ਉਹ ਜੇਲ੍ਹ ਦੀ ਹਵਾ ਖਾ ਰਹੇ ਹਨ।
ਪੰਜਾਬ ਵਾਂਗ ਜੰਮੂ ਕਸ਼ਮੀਰ ਵਿੱਚ ਵੀ ਅਨੇਕ ਫਰਜ਼ੀ ਮੁਕਾਬਲੇ ਹੋ ਰਹੇ ਹਨ। ਕਈਆਂ ਦੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਅਮਰੀਕਾ ਦੇ ਤਤਕਾਲੀ ਰਾਸ਼ਟ੍ਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਤੋਂ ਪਹਿਲਾਂ ਛਤੀਸਿੰਘਪੁਰਾ ਵਿਖੇ ਲਗਭਗ 40 ਨਿਰਦੋਸ਼ ਸਿੱਖਾਂ ਨੂੰ ਮਾਰਿਆ ਗਿਆ। ਇਸਦਾ ਦੇਸ਼ ਵਿਦੇਸ਼ ਵਿੱਚ ਬਹੁਤ ਰੌਲਾ ਪਿਆ। ਉਸ ਸਮੇਂ ਵੀ ਸੁਰੱਖਿਆ ਫੋਰਸਾਂ ਨੇ ਚਾਰ ਪੰਜ ਨਿਰਦੋਸ਼ ਵਿਅਕਤੀਆਂ ਨੂੰ ਇਹ ਕਹਿ ਕੇ ਇੱਕ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਕਿ ਇਹ ਦਹਿਸ਼ਤਗਰਦ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹਨ। ਰੌਲਾ ਪੈਣ ’ਤੇ ਇਸ ਮੁਕਾਬਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ। ਜਾਂਚ ਉਪਰੰਤ ਇਹ ਮਾਰੇ ਗਏ ਵਿਅਕਤੀ ਨਿਰਦੋਸ਼ ਪਾਏ ਗਏ। ਆਮ ਸਿੱਖਾਂ ਅਤੇ ਕਸ਼ਮੀਰੀਆਂ ਦਾ ਖਿਆਲ ਹੈ ਕਿ ਕਸ਼ਮੀਰੀ ਖਾੜਕੂਆਂ ਨੂੰ ਕਲਿੰਟਨ ਸਾਹਮਣੇ ਬਦਨਾਮ ਕਰਨ ਲਈ ਇਹ ਕਤਲੇਆਮ ਸਰਕਾਰ ਦੀ ਹੀ ਕਿਸੇ ਏਜੰਸੀ ਨੇ ਕਰਵਾਇਆ। ਬਿਲ ਕਲਿੰਟਨ ਨੇ ਵੀ ਇਸ ਤਰ੍ਹਾਂ ਦੇ ਹੀ ਵਿਚਾਰ ਪ੍ਰਗਟ ਕੀਤੇ ਹਨ। ਕਾਂਗਰਸ ਦੀ ਮੌਜੂਦਾ ਕੇਂਦਰੀ ਸਰਕਾਰ ਨੂੰ ਸਿੱਖਾਂ ਦੇ ਇਸ ਕਤਲੇਆਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਐਤਵਾਰ 6 ਮਈ ਸ਼ਾਮ ਇੱਕ ਅੰਗਰੇਜ਼ੀ ਸਮਾਚਾਰ ਟੀ.ਵੀ.ਚੈਨਲ ਵਲੋਂ ਫਰਜ਼ੀ ਮੁਕਾਬਲਿਆਂ ਬਾਰੇ ਇੱਕ ਬਹਿਸ ਕਰਵਾਈ ਗਈ ਜਿਸ ਵਿੱਚ ਸ੍ਰੀ ਰਿਬੇਰੋ, ਦੋ ਤਿੰਨ ਪ੍ਰਮੁੱਖ ਪੱਤਰਕਾਰ, ਵਕੀਲ, ਮਨੁੱਖੀ ਅਧਿਕਾਰ ਸਗੰਠਨਾਂ ਵਾਲੇ ਤੇ ਬੁੱਧੀਜੀਵੀ ਬੁਲਾਏ ਗਏ। ਪੁਲਿਸ ਦਾ ਪੱਖ ਪੂਰਨ ਵਾਲਿਆਂ ਦੀ ਦਲੀਲ ਸੀ ਕਿ ਅਦਾਲਤਾਂ ਵਿੱਚ ਅਤਿਵਾਦੀਆਂ ਨੂੰ ਸਜ਼ਾ ਨਹੀਂ ਮਿਲਦੀ, ਉਹ ਅਕਸਰ ਬਰੀ ਹੋ ਜਾਂਦੇ ਹਨ। ਸ੍ਰੀ ਰਿਬੇਰੋ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੋਏ ਅਪਰੇਸ਼ਨ ਬਲੈਕ ਥੰਡਰ-ਦੋ ਦੀ ਮਿਸਾਲ ਦਿੱਤੀ ਕਿ ਕੇ.ਪੀ.ਐਸ. ਗਿੱਲ ਨੇ ਟੀ.ਵੀ ਕੈਮਰਿਆਂ ਨੂੰ ਇਹ ਸਿੱਧਾ ਕਵਰ ਕਰਨ ਦੀ ਆਗਿਆ ਦੇ ਦਿੱਤੀ ਸੀ, ਸਭਨਾਂ ਨੇ ਦੇਖਿਆ ਕਿ ਖਾੜਕੂ ਬਾਹਰ ਆ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਨੂੰ ਵੀ ਟਾਡਾ ਕਾਨੂੰਨ ਅਧੀਨ ਸਜ਼ਾ ਨਹੀਂ ਹੋਈ। ਮਨੁੱਖੀ ਅਧਿਕਾਰਾਂ ਵਾਲੇ ਇੱਕ ਸੱਜਣ ਨੇ ਕਿਹਾ ਕਿ ਸਾਡੇ ਲੀਡਰ ਵੀ ਭ੍ਰਿਸ਼ਟਾਚਾਰ ਅਤੇ ਹੋਰ ਸੰਗੀਨ ਜੁਰਮ ਕਰਦੇ ਹਨ; ਉਨ੍ਹਾਂ ਨੂੰ ਵੀ ਅਦਾਲਤਾਂ ਵਿੱਚ ਸਜ਼ਾ ਨਹੀਂ ਮਿਲਦੀ, ਬਰੀ ਹੋ ਜਾਂਦੇ ਹਨ। ਕੀ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਣਾ ਚਾਹੀਦਾ ਹੈ? ਮਨੁੱਖੀ ਅਧਿਕਾਰਾਂ ਵਾਲੇ ਸੱਜਣਾਂ ਦਾ ਕਹਿਣਾ ਸੀ ਕਿ ਟਾਡਾ, ਪੋਟਾ ਵਰਗੇ ਤੇ ਗੜਬੜ ਵਾਲਾ ਇਲਾਕਾ ਕਰਾਰ ਦੇਣ ਵਾਲੇ ਕਾਲੇ ਕਾਨੂੰਨ ਖਤਮ ਹੋਣੇ ਚਾਹੀਦੇ ਹਨ। ਇਨ੍ਹਾਂ ਨਾਲ ਪੁਲਿਸ ਨੂੰ ਆਮ ਲੋਕਾਂ ਨੂੰ ਵੀ ਖਾੜਕੂ ਕਰਾਰ ਦੇ ਕੇ ਮਾਰਨ ਦਾ ਲਾਇਸੈਂਸ ਮਿਲ ਜਾਂਦਾ ਹੈ। ਸ੍ਰੀ ਰਿਬੇਰੋ ਨੇ ਇੱਕ ਗੱਲ ਮੰਨੀ ਕਿ ਦਹਿਸ਼ਤਗਰਦੀ ਨੂੰ ਇਸ ਤਰ੍ਹਾਂ ਝੂਠੇ ਮੁਕਾਬਲੇ ਕਰ ਕੇ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੁਲਿਸ ਨੇ ਨਹੀਂ, ਸਗੋਂ ਉੱਥੋਂ ਦੇ ਲੋਕਾਂ; ਵਿਸ਼ੇਸ਼ ਕਰ ਕੇ ਪਿੰਡਾਂ ਵਿੱਚ ਰਹਿ ਰਹੇ ਸਿੱਖਾਂ ਨੇ ਨੱਥ ਪਾਉਣ ਵਿੱਚ ਅਹਿੰਮ ਰੋਲ ਅਦਾ ਕੀਤਾ ਹੈ। ਉਨ੍ਹਾਂ ਫਰਜ਼ੀ ਮੁਕਾਬਲੇ ਕਰਨ ਵਾਲੇ ਪੁਲਿਸ ਅਫਸਰਾਂ ਨੂੰ ‘ਕਰਿਮੀਨਲ ਇਨ ਯੂਨੀਫਾਰਮ’ (ਵਰਦੀਧਾਰੀ ਅਪਰਾਧੀ) ਕਰਾਰ ਦਿੱਤਾ।
ਪੰਜਾਬ ਵਿੱਚ ਖਾੜਕੂ ਲਹਿਰ ਦੌਰਾਨ ਪ੍ਰੈੱਸ ਇੰਨਾ ਨਿੱਡਰ, ਨਿਰਪੱਖ ਅਤੇ ਸ਼ਕਤੀਸ਼ਾਲੀ ਨਹੀਂ ਸੀ। ਉਸ ਸਮੇਂ ਕੋਈ ਨਿੱਜੀ ਸਮਾਚਾਰ ਟੀ.ਵੀ. ਚੈੱਨਲ ਵੀ ਨਹੀਂ ਸੀ। ਕੇਵਲ ਦੂਰਦਰਸ਼ਨ ਹੀ ਸੀ, ਜੋ ਪੂਰੀ ਤਰ੍ਹਾਂ ਸਰਕਾਰ ਦਾ ਪੱਖ ਹੀ ਪੂਰਦਾ ਸੀ। ਜੇ ਉਸ ਸਮੇਂ ਅੱਜ ਵਾਂਗ ਸਮਾਚਾਰ ਟੀ.ਵੀ. ਚੈਨਲ ਹੁੰਦੇ ਤਾਂ ਪਤਾ ਨਹੀਂ ਕਿੰਨੇ ਕੁ ਜਾਅਲੀ ਮੁਕਾਬਲੇ ਗੁਜਰਾਤ ਦੇ ਮੁਕਾਬਲੇ ਵਾਂਗ ਲੋਕਾਂ ਸਾਹਮਣੇ ਆਉਂਦੇ। ਕਈ ਮਾਪਿਆਂ ਨੂੰ ਹਾਲੇ ਤੱਕ ਪਤਾ ਨਹੀਂ ਕਿ ਪੁਲਿਸ ਵਲੋਂ ਚੁੱਕਿਆ ਗਿਆ ਉਨ੍ਹਾਂ ਦਾ ਪੁੱਤਰ ਜਿਉਂਦਾ ਵੀ ਹੈ ਕਿ ਨਹੀਂ। ਕਈ ਮਾਪੇ ਹਾਲੇ ਵੀ ਆਪਣੇ ਜਿਗਰ ਦੇ ਟੁਕੜਿਆਂ ਦੇ ਪਰਤ ਆਉਣ ਦੀ ਆਸ ਲਾਈ ਬੈਠੇ ਹਨ।
ਕੈਪਟਨ ਸਰਕਾਰ ਦੇ ਆਖਰੀ ਮਹੀਨਿਆਂ ਦੌਰਾਨ ਪ੍ਰੈੱਸ ਨੇ ਇੱਕ ਅਜਿਹੇ ਖਾੜਕੂ ਸੁਖਵਿੰਦਰ ਸਿੰਘ ਸੁੱਖੀ ਬਾਰੇ ਖ਼ਬਰ ਦਿੱਤੀ ਸੀ, ਜਿਸ ਨੂੰ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਦਿਖਾਇਆ ਗਿਆ ਸੀ, ਪਰ ਉਹ ਨਾਂ ਬਦਲ ਕੇ ਪੁਲਿਸ ਦੀ ਸਰਪ੍ਰਸਤੀ ਹੇਠ ਜਲੰਧਰ ਵਿਖੇ ਰਹਿ ਰਿਹਾ ਸੀ। ਅਕਾਲੀ ਦਲ ਅਤੇ ਹੋਰ ਕਈ ਪਾਰਟੀਆਂ ਦੇ ਲੀਡਰਾਂ ਨੇ ਸਰਕਾਰ ਤੋਂ ਇਹ ਪੁੱਛਿਆ ਸੀ ਕਿ ਇਸਦੀ ਥਾਂ ਤੇ ਜੋ ਵਿਅਕਤੀ ਮਾਰਿਆ ਗਿਆ ਸੀ, ਉਹ ਕੌਣ ਸੀ? ਉਸਦੇ ਸਿਰ ਉੱਤੇ ਰੱਖੇ ਗਏ ਇਨਾਮ ਕਿਸ ਕਿਸ ਪੁਲਿਸ ਅਧਿਕਾਰੀਆਂ ਨੇ ਲਏ? ਪੰਜਾਬ ਪੁਲਿਸ ਦੇ ਤਤਕਾਲੀ ਪੁਲਿਸ ਮੁਖੀ ਐੱਸ. ਐੱਸ. ਵਿਰਕ ਨੇ ਇਹ ਇੰਕਸ਼ਾਫ ਕੀਤਾ ਸੀ ਕਿ ਅਤਿਵਾਦ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੇ ਉਨ੍ਹਾਂ ਖਾੜਕੂਆਂ ਦੀ ਮਦਦ ਕੀਤੀ ਸੀ, ਜਿਨ੍ਹਾਂ ਨੇ ਮੁੱਖ ਧਾਰਾ ਵਿੱਚ ਸ਼ਾਮਿਲ ਹੋਣਾ ਮੰਨ ਲਿਆ ਸੀ। ਇਸ ਤਰ੍ਹਾਂ ਦੇ 300 ਜਾਂ 3000 ਹੋਰ ਖਾੜਕੂ ਵੀ ਹਨ, ਜਿਨ੍ਹਾਂ ਨੂੰ ‘ਮੁਖ ਧਾਰਾ’ ਵਿੱਚ ਲਿਆਉਣ ਲਈ ਮੁਕਾਬਲਿਆਂ ਵਿੱਚ ਮਰਿਆ ਦਿਖਾਇਆ ਗਿਆ ਸੀ ( ਜੋ ਅਸਲ ਵਿੱਚ ਉਹ ਪੁਲਿਸ ਦੇ ਕੈਟ ਬਣ ਗਏ ਸਨ)।
ਸਵਾਲ ਇਹ ਪੈਦਾ ਹੁੰਦਾ ਹੈ ਕਿ ਉਨ੍ਹਾਂ ਦੀ ਥਾਂ ਜੋ ਮੁਕਾਬਲੇ ਵਿੱਚ ਨਿਰਦੋਸ਼ ਨੌਜਵਾਨ ਮਾਰੇ ਗਏ, ਉਹ ਕੌਣ ਸਨ? ਪੁਲਿਸ ਨੇ ਉਨ੍ਹਾਂ ਦੇ ਸਿਰ ਉੱਤੇ ਰੱਖੇ ਗਏ ਇਨਾਮ ਲੈ ਕੇ ਬੇਈਮਾਨੀ ਕੀਤੀ ਹੈ। ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਇਨ੍ਹਾਂ ਫਰਜ਼ੀ ਮੁਕਾਬਲਿਆਂ ਦੀ ਜਾਂਚ ਲਈ ਆਦੇਸ਼ ਦਿੱਤੇ ਹਨ। ਜਾਂਚ ਕਮੇਟੀ ਦੀ ਅਗਵਾਈ ਵਧੀਕ ਡਾਇਰੈਕਟਰ ਜਨਰਲ ਜੇ.ਪੀ. ਵਿਰਦੀ ਨੂੰ ਸੌਂਪੀ ਗਈ ਹੈ। ਦਲ ਖਾਲਸਾ ਨੇ ਮੰਗ ਕੀਤੀ ਕਿ ਇਹ ਜਾਂਚ ਹਾਈ ਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਏ। ਹੁਣ ਵੀ ਪੰਜਾਬ ਵਿੱਚ ਕੰਮ ਕਰ ਰਹੇ ਪੱਤਰਕਾਰਾਂ, ਵਿਸ਼ੇਸ਼ ਕਰ ਕੇ ਟੀ.ਵੀ. ਚੈੱਨਲ ਵਾਲਿਆਂ ਨੂੰ ਪੰਜਾਬ ਵਿੱਚ ਹੋਏ ਮੁਕਾਬਿਲਆਂ ਬਾਰੇ ਖੋਜ ਕਰ ਕੇ ਸਾਹਮਣੇ ਲਿਆਉਣਾ ਚਾਹੀਦਾ ਹੈ, ਤਾਂ ਜੋ ਜਾਂਚ ਕਮੇਟੀ ਇਨ੍ਹਾਂ ਫਰਜ਼ੀ ਮੁਕਾਬਿਲਆਂ ਬਾਰੇ ਜਾਂਚ ਕਰ ਸਕੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।
-----
ਲਾਸ਼ ਦੇ ਵੀ ਕੁੱਝ ਮਨੁੱਖੀ ਅਧਿਕਾਰ ਹਨ
ਗੁਜਰਾਤ ਵਾਲੇ ਫਰਜ਼ੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸੋਹਰਾਬੂਦੀਨ ਸ਼ੇਖ ਦੀ ਲਾਸ਼ ਕਥਿਤ ਮੁਕਾਬਲੇ ਵਿੱਚ ਮਾਰੇ ਜਾਣ ਪਿੱਛੋਂ ਉਸਦੇ ਪਰਿਵਾਰ ਨੂੰ ਨਹੀਂ ਸੌਂਪੀ ਗਈ। ਉਸਦੀ ਪਤਨੀ ਕੌਸਰ ਬੀ ਦੀ ਲਾਸ਼ ਦਾ ਹਾਲੇ ਤੱਕ ਪਤਾ ਹੀ ਨਹੀਂ ਕਿ ਉਸ ਨੂੰ ਸਾੜ ਦਿੱਤਾ ਹੈ ਜਾਂ ਕਿਤੇ ਦਫਨਾ ਦਿੱਤਾ ਹੈ। ਪੰਜਾਬ ਵਿੱਚ ਵਿੱਚ ਝੂਠੇ ਮੁਕਾਬਲੇ ਵਿੱਚ ਮਾਰਨ ਪਿੱਛੋਂ ਮ੍ਰਿਤਕ ਨੂੰ ‘ਅਣਪਛਾਤਾ’ ਕਰਾਰ ਦੇ ਕੇ ਪੁਲਿਸ ਖੁਦ ਹੀ ਲਾਸ਼ ਨੂੰ ਸਾੜ ਦਿੰਦੀ ਰਹੀ। ਅਨੇਕ ਲਾਸ਼ਾਂ ਦਰਿਆਵਾਂ ਤੇ ਨਹਿਰਾਂ ਵਿੱਚ ਰੋੜ੍ਹ ਦਿੱਤੀਆਂ ਗਈਆਂ, ਜਿਨ੍ਹਾਂ ਦੇ ਹੱਥ ਪੈਰ ਬੰਨ੍ਹੇ ਹੋਏ ਹੁੰਦੇ ਸਨ। ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਸਵੰਤ ਸਿੰਘ ਖਾਲੜਾ ਇਨ੍ਹਾਂ ਅਣਪਛਾਤੀਆਂ ਲਾਸ਼ਾਂ ਬਾਰੇ ਛਾਣਬੀਣ ਕਰ ਰਹੇ ਸਨ ਕਿ ਪੁਲਿਸ ਨੇ ਘਰੋਂ ਚੁੱਕ ਕੇ ਉਸ ਨੂੰ ਵੀ ਗਾਇਬ ਕਰ ਦਿੱਤਾ। ਜਾਪਦਾ ਹੈ ਕਿ ਮਾਰ ਮੁਕਾ ਕੇ ਉਸਦੀ ਲਾਸ਼ ਨੂੰ ਵੀ ਖੁਰਦ ਬੁਰਦ ਕਰ ਦਿੱਤਾ।
ਜਿਉਂਦੇ ਮਨੁੱਖ ਦੇ ਹੀ ਨਹੀਂ, ਸਗੋਂ ਲਾਸ਼ ਦੇ ਵੀ ਕੁੱਝ ਮਨੁਖੀ ਅਧਿਕਾਰ ਹੁੰਦੇ ਹਨ। ਲਾਸ਼ ਨੂੰ ਉਸਦੇ ਪਰਿਵਾਰ ਪਾਸ ਸੌਂਪ ਦੇਣਾ ਚਾਹੀਦਾ ਹੈ ਤਾਂ ਜੋ ਸਾਰਾ ਪਰਿਵਾਰ ਆਦਰ ਨਾਲ ਉਸਦਾ ਆਖਰੀ ਵਾਰ ਮੂੰਹ ਵੇਖ ਸਕੇ ਅਤੇ ਉਸਦਾ ਉਸਦੇ ਧਰਮ ਨਾਲ ਸਬੰਧਤ ਰਸਮਾਂ ਰਿਵਾਜਾਂ ਅਨੁਸਾਰ ਅੰਤਮ ਸਸਕਾਰ ਹੋ ਸਕੇ। ਉਸਦੀ ਆਤਮਿਕ ਸ਼ਾਂਤੀ ਲਈ ਪਾਠ ਪੂਜਾ ਅਤੇ ਅੰਤਮ ਅਰਦਾਸ ਹੋ ਸਕੇ; ਉਹ ਇਹ ਭਾਣਾ ਮੰਨ ਸਕਣ।
*****
# ਜੇ-29/100 ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ-141012(28 ਮਈ 2007) ਯੂਨੀਕੋਡ
ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:>>>>>>
e-mail:
ਲਿਖਾਰੀ
© likhari: Punjabi Likhari Forum-2001-2007