ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਏਸ਼ੀਆਈ ਖੇਡਾਂ ਦੌਰਾਨ ਸਿੱਖਾਂ ਦੀ ਹਰਿਆਣਾ ਵਿੱਚ ਬੇਪਤੀ ਲਈ ਜ਼ੁੰਮੇਵਾਰ ਇੱਕ ਪੱਤਰਕਾਰ

ਹਰਬੀਰ ਸਿੰਘ ਭੰਵਰ, ਲੁਧਿਆਣਾ


ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਨਿਡਰਤਾ ਨਾਲ ਕੰਮ ਕੀਤਾ ਜਾਵੇ ਤਾਂ ਪੱਤਰਕਾਰੀ ਇੱਕ ਬੜਾ ਹੀ ਪਵਿੱਤਰ ਪੇਸ਼ਾ ਹੈ, ਜਿਸ ਵਿੱਚ ਮਾਣ ਸਤਿਕਾਰ ਮਿਲਣ ਤੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਨਾਲ ਨਾਲ ਕੋਈ ਵਿਅਕਤੀ ਆਪਣੇ ਦੇਸ਼ ਅਤੇ ਕੌਮ ਦੀ ਵੀ ਬੜੀ ਸੇਵਾ ਕਰ ਸਕਦਾ ਹੈ। ਪੱਤਰਕਾਰ ਨੇ ਆਪਣੇ ਅਖ਼ਬਾਰ, ਖ਼ਬਰ ਏਜੰਸੀ, ਰੇਡੀਓ ਜਾਂ ਟੀ.ਵੀ. ਚੈਨਲ ਰਾਹੀਂ ਆਮ ਲੋਕਾਂ ਨੂੰ ਆਪਣੇ ਆਸੇ ਪਾਸੇ ਵਾਪਰ ਰਹੀਆਂ ਘਟਨਾਵਾਂ, ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਸਰਗਰਮੀਆਂ ਬਾਰੇ ਤੱਥਾਂ ਨੂੰ ਤੋੜੇ ਮਰੋੜੇ ਬਿਨਾਂ ਸਹੀ ਸਹੀ ਜਾਣਕਾਰੀ ਦੇਣੀ ਹੁੰਦੀ ਹੈ। ਤੱਥ ਬਹੁਤ ਹੀ ਪਵਿੱਤਰ ਹੁੰਦੇ ਹਨ। ਤੱਥਾਂ ਨੂੰ ਜ਼ਰਾ ਕੁ ਤੋੜਿਆ ਮਰੋੜਿਆ ਜਾਏ ਤਾਂ ਖ਼ਬਰ ਦਾ ਹੁਲੀਆ ਵਿਗੜ ਜਾਂਦਾ ਹੈ, ਇਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਇੱਕ ਪੱਤਰਕਾਰ ਵਲੋਂ ਮੁਕਾਬਲੇਬਾਜ਼ੀ ਵਿੱਚ ਕਾਹਲੀ ਨਾਲ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਭੇਜੀ ਗਈ ਇੱਕ ਖ਼ਬਰ ਕਾਰਨ ਦਿੱਲੀ ਵਿਖੇ ਸਾਲ 1982 ਦੌਰਾਨ ਹੋਈਆਂ ਏਸ਼ੀਅਨ ਖੇਡਾਂ ਦੌਰਾਨ ਦਿੱਲੀ ਜਾਣ ਲਈ ਹਰਿਆਣਾ ਵਿੱਚੋਂ ਲੰਘਣ ਵਾਲੇ ਸਾਰੇ ਸਿੱਖਾਂ, ਭਾਵੇਂ ਉਹ ਫੌਜ ਜਾਂ ਸਿਵਲ ਸਰਵਿਸ ਵਿੱਚ ਕਿੰਨੇ ਵੀ ਉੱਚੇ ਅਹੁਦੇ ਤੇ ਤੈਨਾਤ ਸਨ, ਪੁਲਿਸ ਵਲੋਂ ਬੜੀ ਹੀ ਬੇਪਤੀ ਕੀਤੀ ਗਈ।

ਪੰਜਾਬ ਅਤੇ ਸਿੱਖਾਂ ਦੀਆਂ ਕੁੱਝ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 4 ਅਗੱਸਤ 1982 ਨੂੰ ਧਰਮ ਯੁੱਧ ਮੋਰਚਾ ਲਾਇਆ। ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਗੋਂਵਾਲ ਮੋਰਚਾ ਡਿਕਟੇਟਰ ਸਨ। ਇਸ ਮੋਰਚੇ ਨੂੰ ਸਮੂਹ ਪੰਜਾਬੀਆਂ ਦਾ ਭਰਵਾਂ ਹੁੰਗਾਰਾ ਮਿਲਿਆ। ਹਰ ਸ਼ਾਮ ਡੇਢ ਦੋ ਹਜ਼ਾਰ ਜਾਂ ਕਈ ਸੈਂਕੜੇ ਅਕਾਲੀ ਵਰਕਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਗ੍ਰਿਫਤਾਰੀ ਦਿੰਦੇ। ਇਸ ਤੋਂ ਪਹਿਲਾਂ ਮੰਜੀ ਸਾਹਿਬ ਵਿਖੇ ਮੋਚਰਾ ਡਿਕਟੇਟਰ ਸੰਤ ਲੌਂਗੋਵਾਲ, ਖਾੜਕੂ ਨੇਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਅਕਾਲੀ ਲੀਡਰ ਇੱਕ ਸਮਾਗਮ ਨੂੰ ਸੰਬੋਧਨ ਕਰਦੇ। ਸੂਬੇ ਦੀਆਂ ਸਾਰੀਆਂ ਜੇਲ੍ਹਾਂ ਭਰ ਗਈਆਂ। ਸ੍ਰੀਮਤੀ ਇੰਦਰਾ ਗਾਂਧੀ ਦੀ ਕੇਂਦਰ ਸਰਕਾਰ ਵਲੋਂ ਅਕਾਲੀਆਂ ਨਾਲ ਗੱਲਬਾਤ ਕਰਨ ਲਈ ਸਾਬਕਾ ਵਿਦੇਸ਼ ਮੰਤਰੀ ਸ. ਸਵਰਨ ਸਿੰਘ ਨੂੰ ਅੰਮਿਤਸਰ ਭੇਜਿਆ ਗਿਆ, ਪਰ ਗੱਲ ਸਿਰੇ ਨਾ ਚੜ੍ਹ ਸਕੀ। ਅਕਾਲੀ ਦਲ ਦੀ ਹਾਈ ਕਮਾਂਡ ਨੇ ਮੀਟਿੰਗ ਕਰ ਕੇ ਅਗਲੇ ਪਗ੍ਰੋਰਾਮ ਦਾ ਐਲਾਨ ਕਰਨਾ ਸੀ।

ਮੈਂ ਉਹਨਾਂ ਦਿਨਾਂ ਵਿੱਚ ਸਮਾਚਾਰ ਏਜੰਸੀ ਯੂ.ਐਨ.ਆਈ. ਲਈ ਅੰਮਿਤਸਰ ਵਿਖੇ ਕੰਮ ਕਰ ਰਿਹਾ ਸੀ। ਜਦੋਂ ਕੋਈ ਵੱਡਾ ਸਮਾਗਮ ਹੋਵੇ ਜਾਂ ਇਸ ਤਰ੍ਹਾਂ ਦੇ ਕਿਸੇ ਮਹੱਤਵਪੂਰਨ ਪ੍ਰੋਗਰਾਮ ਦਾ ਐਲਾਨ ਹੋਣਾ ਹੋਵੇ ਤਾਂ ਚੰਡੀਗੜ੍ਹ ਤੋਂ ਅਖ਼ਬਾਰਾਂ ਅਤੇ ਸਮਾਚਾਰ ਏਜੰਸੀਆਂ ਦੇ ਸੀਨੀਅਰ ਰਿਪੋਰਟਰ ਕਵਰ ਕਰਨ ਲਈ ਭੇਜੇ ਜਾਂਦੇ ਸਨ। ਇਸ ਸਮੇਂ ਵੀ ਦੋਨੋਂ ਸਮਾਚਾਰ ਏਜੰਸੀਆਂ ਤੇ ਅੰਗਰੇਜ਼ੀ ਅਖ਼ਬਾਰਾਂ ਦੇ ਸੀਨੀਅਰ ਰਿਪੋਰਟਰ ਅਕਾਲੀ ਦਲ ਦੇ ਨਵੇਂ ਪ੍ਰੋਗਰਾਮ ਬਾਰੇ ਖ਼ਬਰਾਂ ਭੇਜਣ ਲਈ ਅੰਮ੍ਰਿਤਸਰ ਆਏ ਹੋਏ ਸਨ। ਯੂ.ਐਨ.ਆਈ ਵਲੋਂ ਜੋ ਸੀਨੀਅਰ ਪੱਤਰਕਾਰ ਆਇਆ, ਉਸ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਅਦ ਸਿਗਰੇਟ ਪੀਣ ਦੀ ਤਲਬ ਹੁੰਦੀ ਸੀ। ਉਹ ਸਮਾਗਮ ਕਵਰ ਕਰਨ ਲਈ ਇੱਕ ਚੱਕਰ ਕੱਢ ਕੇ ਇਸੇ ਏਜੰਸੀ ਦੇ ਦਫਤਰ, ਜੋ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਪੂਰਬ ਵਲ ਇੱਕ ਬਾਹਰੀ ਕੋਨੇ ਵਿੱਚ ਅਕਾਲ ਰੈਸਟ ਹਾਊਸ ਹੇਠਾਂ ਮਾਸਟਰ ਤਾਰਾ ਸਿੰਘ ਮਾਰਕਿਟ (ਜਿੱਥੇ ਹੁਣ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਹੈ) ਵਿਖੇ ਆ ਬੈਠਾ। ਸਮਾਗਮ ਦੇ ਅੰਤ ਤੇ ਸੰਤ ਲੌਗੋਂਵਾਲ ਨੇ ਐਲਾਨ ਕੀਤਾ ਕਿ ਆਪਣੀਆਂ ਮੰਗਾਂ ਦੇ ਹੱਕ ਵਿੱਚ ਲੋਕਾਂ ਦਾ ਧਿਆਨ ਖਿੱਚਣ ਲਈ ਅਕਾਲੀ ਦਲ ਏਸ਼ੀਆਈ ਖੇਡਾਂ ਦੌਰਾਨ ਦਿੱਲੀ ਵਿਖੇ ਹਰ ਰੋਜ਼ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰੇ ਕਰਿਆ ਕਰੇਗਾ। ਸਮਾਗਮ ਤੋਂ ਮੇਰੇ ਵਾਪਸ ਮੁੜਨ ਤੋਂ ਪਹਿਲਾਂ ਹੀ ਇਸ ਸਮਾਚਾਰ ਏਜੰਸੀ ਦੇ ਇਸ ਸੀਨੀਅਰ ਪੱਤਰਕਾਰ ਨੇ ਦਫਤਰ ਬੈਠਿਆਂ ਹੀ ਬਿਨਾਂ ਪ੍ਰੋੜ੍ਹਤਾ ਕੀਤੇ ਖਬਰ ਭੇਜ ਦਿੱਤੀ ਕਿ ਅਕਾਲੀ ਦਲ ਏਸ਼ੀਆਈ ਖੇਡਾਂ ਨਹੀਂ ਹੋਣ ਦੇਵੇਗਾ। ਖਬਰ ਸਭ ਤੋਂ ਪਹਿਲਾਂ ਗਈ, ਏਜੰਸੀ ਵਲੋਂ ਸਭ ਤੋਂ ਪਹਿਲਾਂ ਰਿਲੀਜ਼ ਵੀ ਕਰ ਦਿੱਤੀ ਗਈ ਅਤੇ ਅਗਲੇ ਦਿਨ ਪੰਜਾਬ ਤੇ ਦਿੱਲੀ ਦੇ ਸਾਰੇ ਅਖ਼ਬਾਰਾਂ ਵਿੱਚ ਪਹਿਲੇ ਪੰਨੇ ’ਤੇ ਮੁੱਖ ਖਬਰ ਵਜੋਂ ਛਪ ਗਈ।

ਆਪਣੇ ਛੋਟੇ ਪੁੱਤਰ ਸ੍ਰੀ ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਸ਼੍ਰੀਮਤੀ ਗਾਂਧੀ ਨੇ ਆਪਣੇ ਵੱਡੇ ਪੁੱਤਰ ਸ੍ਰੀ ਰਾਜੀਵ ਗਾਂਧੀ ਨੂੰ ਬੜੀ ਮੁਸ਼ਕਲ ਨਾਲ ਸਿਆਸਤ ਵਿੱਚ ਲਿਆਂਦਾ ਸੀ ਅਤੇ ਉਸ ਨੂੰ ਇਨ੍ਹਾਂ ਏਸ਼ਿਆਈ ਖੇਡਾਂ ਦਾ ਇੰਚਾਰਜ ਬਣਾਇਆ ਸੀ। ਭਾਵੇਂ ਸ੍ਰੀਮਤੀ ਗਾਂਧੀ ਨੂੰ ਸੂਹੀਆਂ ਏਜੰਸੀਆਂ ਤੋਂ ਅਕਾਲੀ ਦਲ ਦੇ ਪ੍ਰੋਗਰਾਮ ਦੀ ਰੀਪੋਰਟ ਮਿਲ ਗਈ ਹੋਏਗੀ ਅਤੇ ਸਾਰੇ ਅਖ਼ਬਾਰਾਂ ਵਿੱਚ ਖੇਡਾਂ ਰੋਕਣ ਬਾਰੇ ਖ਼ਬਰ ਪੜ੍ਹ ਕੇ ਉਨ੍ਹਾਂ ਨੂੰ ਘਬਰਾਹਟ ਜ਼ਰੂਰ ਹੋਈ ਹੋਏਗੀ। ਸ੍ਰੀਮਤੀ ਗਾਂਧੀ ਨੂੰ ਖੁਸ਼ ਕਰਨ ਲਈ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਸ੍ਰੀ ਭਜਨ ਲਾਲ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਅਕਾਲੀ ਨੂੰ ਹਰਿਆਣਾ ਦੇ ਇਲਾਕੇ ਵਿੱਚੋਂ ਹੋ ਕੇ ਦਿੱਲੀ ਨਹੀਂ ਜਾਣ ਦੇਣਗੇ। ਉਹਨਾਂ ਦੀ ਹਿਦਾਇਤ ਉੱਤੇ ਹਰਿਆਣਾ ਪੁਲਿਸ ਨੇ ਬੱਸ ਜਾਂ ਕਾਰ ਵਿੱਚ ਦਿੱਲੀ ਜਾਣ ਵਾਲੇ ਹਰ ਸਿੱਖ, ਭਾਵੇਂ ਉਹ ਕਿੰਨੇ ਵੀ ਵੱਡੇ ਅਹੁਦੇ ਤੇ ਰਿਹਾ ਹੋਵੇ, ਦੀ ਪੁਛ ਪੜਤਾਲ ਕਰਨ ਦੇ ਬਹਾਨੇ ਬੜੀ ਹੀ ਬੇਇਜ਼ਤੀ ਕੀਤੀ ਅਤੇ ਦਿੱਲੀ ਜਾਣ ਤੋਂ ਰੋਕਿਆ। ਸਿੱਖਾਂ ਨਾਲ ਇਸ ਤਰ੍ਹਾਂ ਦੇ ਸਲੂਕ ਕਾਰਨ ਦੁਖੀ ਹੋ ਕੇ ਫੌਜ ਦੇ ਕਈ ਰੀਟਾਇਰਡ ਜਰਨੈਲ, ਬ੍ਰਿਗੇਡੀਅਰ, ਅਤੇ ਸਿਵਲ ਸਰਵਿਸਜ਼ ਦੇ ਰਿਟਾਇਰਡ ਅਫਸਰ ਅਕਾਲੀ ਦਲ ਤੇ ਮੋਰਚੇ ਦੇ ਸਮਰਥਕ ਬਣ ਗਏ।

ਅਕਾਲੀ ਦਲ ਨੇ ਅਗਲੇ ਦਿਨ ਸਪਸ਼ਟੀਕਰਨ ਭੇਜਿਆ ਕਿ ਪਾਰਟੀ ਵਲੋਂ ਏਸ਼ਿਆਈ ਖੇਡਾਂ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ, ਕੇਵਲ ਸ਼ਾਂਤਮਈ ਤੇ ਜਮਹੂਰੀ ਢੰਗ ਨਾਲ ਰੋਸ ਮੁਜ਼ਾਹਰਾ ਕੀਤਾ ਜਾਇਆ ਕਰੇਗਾ। ਪਰ ਜੋ ਨੁਕਸਾਨ ਹੋਣਾ ਸੀ, ਉਹ ਹੋ ਚੁਕਾ ਸੀ। ਪੀ.ਟੀ.ਆਈ ਦੇ ਸ੍ਰੀ ਸੂਸੀਲ ਬਾਲੀ, ਅੰਗਰੇਜ਼ੀ ਟ੍ਰਿਬਿਊਨ ਦੇ ਸ੍ਰੀ ਸੁਖਦੇਵ ਸਿੰਘ ਤੇ ਟਾਈਮਜ਼ ਆਫ ਇੰਡੀਆ ਦੇ ਸ੍ਰੀ ਕੇ. ਐਸ. ਖੋਸਲਾ ਉਕਤ ਸਮਾਗਮ ਕਵਰ ਕਰਨ ਅੰਮ੍ਰਿਤਸਰ ਆਏ ਸਨ, ਉਨ੍ਹਾਂ ਨੇ ਠੀਕ ਖ਼ਬਰ ਭੇਜੀ ਸੀ। ਯੂ.ਐਨ.ਆਈ. ਏਜੰਸੀ ਨੇ ਇਸਦਾ ਨੋਟਿਸ ਲਿਆ। ਹੋ ਸਕਦਾ ਹੈ ਕਿ ਅਕਾਲੀ ਦਲ ਨੇ ਸਿੱਧੇ ਵੀ ਏਜੰਸੀ ਨੂੰ ਪੱਤਰ ਲਿਖਿਆ ਹੋਵੇ। ਉਸ ਸਮੇਂ ਚੰਡੀਗੜ੍ਹ ਵਿਖੇ ਇਸ ਸਮਾਚਾਰ ਏਜੰਸੀ ਦੇ ਪੰਜਾਬ ਬਿਊਰੋ ਦੇ ਚੀਫ ਸ੍ਰੀ ਮਲਿਕ ਸਨ। ਉਨ੍ਹਾਂ ਦਾ ਮੈਨੂੰ ਫੋਨ ਆਇਆ ਕਿ ਸੰਤ ਲੌਗੋਵਾਲ ਦੇ ਉਸ ਭਾਸ਼ਨ ਦੀ ਟੇਪ ਲੈ ਕੇ ਮੈਂ ਸਾਰਾ ਟੈਕਸਟ ਲਿਖ ਕੇ ਭੇਜਾਂ। ਮੈਂ ਸੰਤ ਲੌਂਗੋਵਾਲ ਤੋਂ ਟੇਪ ਲਿਆਂਦੀ ਤੇ ਆਪਣੇ ਟੇਪ ਰਿਕਾਰਡਰ ਤੇ ਸੁਣ ਕੇ ਇਹ ਸਾਰਾ ਭਾਸ਼ਨ ਲਿਖ ਰਿਹਾ ਸਾਂ ਕਿ ਉਸੇ ਸੀਨੀਅਰ ਪੱਤਰਕਾਰ ਦਾ ਫੋਨ ਆ ਗਿਆ। ਸ਼ਾਇਦ ਉਸ ਨੂੰ ਚੰਡੀਗੜ੍ਹ ਤੋਂ ਆਪਣੇ ਵਿਰੁੱਧ ਚੱਲ ਰਹੀ ਕਾਰਵਾਈ ਬਾਰੇ ਪਤਾ ਲੱਗ ਗਿਆ ਹੋਵੇਗਾ। ਉਸ ਨੇ ਇੱਧਰ ਉੱਧਰ ਦੀਆਂ ਗੱਲਾਂ ਕਰ ਕੇ ਮੈਂਨੂੰ ਪੁੱਛਿਆ, “ਹਰਬੀਰ ਕੀ ਕਰ ਰਿਹਾਂ ਏਂ?”
ਮੈਂ ਦੱਸ ਬੈਠਾ ਕਿ ਕੈਸਟ ਤੋਂ ਸੁਣ ਕੇ ਸੰਤ ਲੌਗੋਂਵਾਲ ਦਾ ਭਾਸ਼ਨ ਲਿਖ ਰਿਹਾ ਹਾਂ।”ਉਹ ਕਹਿਣ ਲਗਾ, “ਛੱਡ ਯਾਰ, ਮੈਨੂੰ ਮਰਵਾ ਦੇਵੇਂਗਾ। ਇਹੋ ਜਿਹੀਆਂ ਗੱਲਾਂ ਯਾਦ ਨਹੀਂ ਰੱਖੀਦੀਆਂ। ਪੁੱਛਣ ਤੇ ਕੋਈ ਬਹਾਨਾ ਲਾ ਦੇਈਂ।”

ਭਾਵੇਂ ਮੈਂ ਟੇਪ ਸੁਣ ਕੇ ਸਾਰਾ ਭਾਸ਼ਨ ਲਿਖ ਲਿਆ ਸੀ, ਪਰ ਸ੍ਰੀ ਮਲਿਕ ਨੂੰ ਨਾ ਭੇਜਿਆ। ਸੋਚਿਆ ਜੇ ਪੁਛਿਆ ਤਾਂ ਆਖ ਦੇਵਾਂਗਾ ਕਿ ਭਾਸ਼ਨ ਵਾਲੀ ਕੈਸਟ ਨਹੀਂ ਮਿਲੀ। ਕੁਦਰਤੀ ਸ੍ਰੀ ਮਲਿਕ ਨੇ ਮੈਥੋਂ ਫਿਰ ਪੁਛਿਆ ਵੀ ਨਹੀਂ। ਉਹ ਸੀਨੀਅਰ ਪੱਤਰਕਾਰ ਦੀ ਸ਼ਾਇਦ ਕਿਤੇ ਬਦਲੀ ਹੋ ਗਈ ਜਾਂ ਉਹ ਸ਼ਾਇਦ ਆਪਣੇ ਆਪ ਇਹ ਸਮਾਚਾਰ ਏਜੰਸੀ ਛੱਡ ਕੇ ਕਿਸੇ ਹੋਰ ਅਦਾਰੇ ਵਿੱਚ ਕੰਮ ਕਰਨ ਲਗਾ। ਮੈਨੂੰ ਨਹੀਂ ਮਿਲਿਆ, ਨਾ ਹੀ ਕਦੀ ਫੋਨ ’ਤੇ ਗੱਲ ਹੋਈ। ਕੁਦਰਤੀ ਮੈਂ ਵੀ ਇਹ ਸਮਾਚਾਰ ਏਜੰਸੀ ਛੱਡ ਕੇ ਅੰਮ੍ਰਿਤਸਰ ਵਿਖੇ ਹੀ ਟ੍ਰਿਬਿਊਨ ਗਰੁਪ ਵਿੱਚ ਆ ਗਿਆ। ਜਦੋਂ ਸਿੱਖਾਂ ਦੀ ਹਰਿਆਣਾ ਵਿੱਚ ਬੇਇਜ਼ਤੀ ਹੋਣ ਦੀਆਂ ਖਬਰਾਂ ਆਉਣ ਲੱਗੀਆਂ, ਤਾਂ ਮੈਂ ਕਈ ਵਾਰੀ ਸੋਚਦਾ ਕਿ ਭਾਸ਼ਨ ਦੀ ਟੇਪ ਵਾਲੀ ਕਾਪੀ ਮੈਨੂੰ ਚੰਡੀਗੜ੍ਹ ਭੇਜ ਦੇਣੀ ਚਾਹੀਦੀ ਸੀ।

ਇਸ ਗੱਲ ਦਾ ਮੈਨੂੰ ਅੱਜ ਵੀ ਦੁੱਖ ਹੁੰਦਾ ਹੈ।
*****
# ਜੇ-29/100 ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ-141012

( 14 ਮਈ 2007) ਯੂਨੀਕੋਡ

ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:>>>>>>

e-mail:
ਲਿਖਾਰੀ


© likhari: Punjabi Likhari Forum-2001-2007