|
|
ਘਟ ਰਹੀ ਹੈ ਪੰਜਾਬੀਆਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ? ਹਰਬੀਰ ਸਿੰਘ ਭੰਵਰ, ਲੁਧਿਆਣਾ |
ਪੰਜਾਬ ਦੇਸ਼ ਦੀ ਖੜਗ ਭੁਜਾ ਹੈ, ਦੇਸ਼ ਦਾ ਅੰਨਦਾਤਾ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅਤੇ ਪਿੱਛੋਂ ਇਸਦੇ ਸਰਬ-ਪੱਖੀ ਵਿਕਾਸ ਵਿੱਚ ਮਹਾਨ ਯੋਗਦਾਨ ਪਾਇਆ ਹੈ। ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਸਮਝਿਆ ਜਾਂਦਾ ਹੈ। ਪੰਜਾਬੀ ਵਧੀਆ ਖਾਂਦੇ ਪਹਿਨਦੇ ਹਨ। ਰਹਿਣ-ਸਹਿਣ ਸਭ ਤੋਂ ਉੱਚੇ ਪੱਧਰ ਦਾ ਹੈ ਅਤੇ ਚੰਗੇ ਮਹਿਮਾਨ-ਨਿਵਾਜ਼ ਹਨ। ਪੰਜਾਬੀ ਬੜੇ ਹੀ ਬਹਾਦਰ, ਅਗਾਂਹਵਧੂ, ਦਰਿਆ ਦਿਲ ਹਨ, ਜ਼ਿੰਦਾ ਦਿਲ, ਅਤੇ ਜਾਂ-ਬਾਜ਼ ਹਨ। ਮੌਤ ਨੂੰ ਮਖੌਲਾਂ ਕਰਨ ਵਾਲੇ ਹਨ। ਇਹ ਬੜੇ ਮਿਹਨਤੀ, ਵਧੀਆ ਖਿਲਾੜੀ, ਇੰਜਨੀਅਰ, ਡਾਕਟਰ, ਵਕੀਲ, ਜੱਜ, ਪੱਤਰਕਾਰ, ਕਲਾਕਾਰ ਅਤੇ ਗਾਇਕ ਹਨ। ਇਨ੍ਹਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਆਪਣੇ ਲਈ ਵਿਸ਼ੇਸ਼ ਥਾਂ ਬਣਾਈ ਹੈ। ਇਨ੍ਹਾਂ ਦੇ ਘਰ ਰੰਗੀਨ ਟੀ.ਵੀ., ਫਰਿੱਜ, ਟੈਲੀਫੋਨ, ਮੋਬਾਈਲ, ਕਾਰ, ਸਕੂਟਰ, ਸੋਫਾ ਸੈੱਟ ਤੇ ਹੋਰ ਆਧੁਨਿਕ ਸਹੂਲਤਾਂ ਨਾਲ ਭਰੇ ਪਏ ਹਨ। ਪਰ ਜਿਸ ਚੀਜ਼ ਲਈ ਉਨ੍ਹਾਂ ਦੇ ਘਰ ਵਿੱਚ ਕੋਈ ਥਾਂ ਨਹੀਂ ਉਹ ਹੈ, ਉਹ ਹੈ ਵਿਚਾਰੀ ਕਿਤਾਬ। ਇਹ ਸਾਹਿਤ ਪੜ੍ਹਨ ਵਿੱਚ ਬਹੁਤ ਪਛੜੇ ਹੋਏ ਹਨ। ਜੇ ਕਹੀਏ ਕਿ ਲੇਖਕਾਂ ਤੋਂ ਬਿਨਾਂ ਕਿਸੇ ਨੂੰ ਸਾਹਿਤ ਪੜ੍ਹਨ ਵਿੱਚ ਦਿਲਚਸਪੀ ਹੀ ਨਹੀਂ ਤਾਂ ਅਤਿ-ਕਥਨੀ ਨਹੀਂ ਹੋਵੇਗੀ।
1950-ਵਿਆਂ ਦੇ ਆਖਰੀ ਸਾਲਾਂ ਅਤੇ 1960-ਵਿਆਂ ਵਿੱਚ ਸਾਹਿਤ ਪੜ੍ਹਨ ਦੀ ਇੱਕ ਲਹਿਰ ਚੱਲ ਰਹੀ ਸੀ। ਪੜ੍ਹੇ ਲਿਖੇ ਲੋਕ ਨਾਨਕ ਸਿੰਘ ਨਾਵਲਿਸਟ, ਗੁਰਬਖਸ਼ ਸਿੰਘ ਪ੍ਰੀਤ ਲੜੀ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ ਅਤੇ ਗੁਰਦਿਆਲ ਸਿੰਘ ਵਰਗੇ ਲੇਖਕਾਂ ਦੀਆਂ ਨਵੀਆਂ ਛਪੀਆਂ ਰਚਨਾਵਾਂ ਦੀ ਬੜੀ ਹੀ ਉਤਸੁਕਤਾ ਨਾਲ ਉਡੀਕ ਕਰਦੇ ਤੇ ਦਿਲਚਸਪੀ ਨਾਲ ਪੜ੍ਹਦੇ ਸਨ। ਨਾਨਕ ਸਿੰਘ ਦੇ ਨਾਵਲ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਪੜ੍ਹੇ ਜਾਂਦੇ ਸਨ। ਉਨ੍ਹਾਂ ਦਿਨਾਂ ਵਿੱਚ ਸਾਹਿਤ ਸਭਾਵਾਂ ਵੀ ਬਹੁਤ ਸਰਗਰਮ ਸਨ। ਮੋਗਾ, ਬਰਨਾਲਾ ਅਤੇ ਰਾਮਪੁਰ ਦੀਆਂ ਸਾਹਿਤ ਸਭਾਵਾਂ ਨੇ ਅਨੇਕਾਂ ਹੀ ਚੰਗੇ ਲੇਖਕ ਪੈਦਾ ਕਰਨ ਅਤੇ ਸਥਾਪਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਸ ਸਮੇਂ ਸਾਹਿਤ ਰਚਣ ਵਾਲੇ ਵਧੇਰੇ ਕਰਕੇ ਅਧਿਆਪਕ ਤੇ ਕਾਲਜਾਂ ਦੇ ਵਿਦਿਆਰਥੀ ਹੁੰਦੇ ਸਨ। ਉਹ ਇਨ੍ਹਾਂ ਸਾਹਿਤ ਸਭਾਵਾਂ ਦੀਆਂ ਮਾਸਿਕ ਇਕੱਤ੍ਰਤਾਵਾਂ ਵਿੱਚ ਸ਼ਾਮਿਲ ਹੁੰਦੇ ਸਨ। ਅਣਵੰਡੀ ਪੰਜਾਬੀ ਲੇਖਕ ਸਭਾ ਦੇ ਵਾਰਸ਼ਿਕ ਸਮਾਗਮ ਲਗਭਗ ਹਰ ਸਾਲ ਹੁੰਦੇ ਰਹਿੰਦੇ ਸਨ।
ਅੱਜ ਪੜ੍ਹੇ ਲਿਖੇ ਪੰਜਾਬੀਆਂ ਦੀ ਗਿਣਤੀ 1950-ਵਿਆਂ ਤੇ 60-ਵਿਆਂ ਨਾਲੋਂ ਕਿਤੇ ਵੱਧ ਹੈ। ਅੱਗੇ ਦਸਵੀਂ ਤੱਕ ਦੀ ਪੜ੍ਹਾਈ ਲਈ ਵੀ ਦੂਰ ਦੂਰ ਤੱਕ ਜਾਣਾ ਪੈਂਦਾ ਸੀ; ਹੁਣ ਪਿੰਡ ਪਿੰਡ ਹਾਈ ਜਾਂ ਹਾਇਰ ਸੈਕੰਡਰੀ ਸਕੂਲ ਖੁੱਲ੍ਹ ਗਏ ਹਨ। ਪੇਂਡੂ ਖੇਤਰਾਂ ਵਿੱਚ ਵੀ ਕਾਲਜ ਤੇ ਪਬਲਿਕ ਸਕੂਲ ਖੁੱਲ੍ਹ ਗਏ ਹਨ। ਸ਼ਹਿਰਾਂ ਵਿੱਚ ਤਾਂ ਕਾਲਜਾਂ ਤੇ ਪਬਲਿਕ ਸਕੂਲਾਂ ਦੀ ਭਰਮਾਰ ਹੈ। ਲਗਭਗ ਸਾਰੇ ਪਬਲਿਕ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਮਾਂ-ਬੋਲੀ ਪੰਜਾਬੀ ਦੀ ਥਾਂ ਅੰਗਰੇਜ਼ੀ ਹੈ। ਪੰਜਾਬ ਵਿੱਚ ਖਾੜਕੂ ਲਹਿਰ ਨੇ ਵਿੱਦਿਆ ਅਤੇ ਸਾਹਿਤ ਪੜ੍ਹਨ ਦੀ ਰੁਚੀ ਨੂੰ ਬਹੁਤ ਢਾਹ ਲਾਈ, ਪਰ ਲੋਕ ਆਸੇ ਪਾਸੇ ਵਾਪਰ ਰਹੀਆਂ ਘਟਨਾਵਾਂ ਨੂੰ ਜਾਣਨ ਵਾਸਤੇ ਅਖ਼ਬਾਰਾਂ ਪੜ੍ਹਨ ਲੱਗ ਗਏ ਹਨ, ਜਿਸਦਾ ਸਬੂਤ ਹੈ ਕਿ ਅੱਜ ਪੰਜਾਬੀ ਵਿੱਚ ਛਪਣ ਵਾਲਾ ਰੋਜ਼ਾਨਾ ਅਜੀਤ ਤੇ ਜਗਬਾਣੀ ਸਾਢੇ ਤਿੰਨ ਤਿੰਨ ਲੱਖ ਦੀ ਗਿਣਤੀ ਤੋਂ ਵੀ ਵੱਧ ਛਪਦੇ ਹਨ। ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ ਅਤੇ ਦੇਸ਼ ਸੇਵਕ ਦੇ ਪਾਠਕਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਪੰਜਾਬ ਸਮੱਸਿਆ ਬਾਰੇ ਛਪੀਆਂ ਪੁਸਤਕਾਂ ਵਿਕ ਜਾਂਦੀਆਂ ਹਨ। ਅੱਗੇ ਪੰਜਾਬੀ ਵਿੱਚ ਹਰ ਨਵੀਂ ਕਿਤਾਬ ਦੇ ਛਪਣ ਦੀ ਗਿਣਤੀ ਘੱਟ ਤੋਂ ਘੱਟ 1100 ਕਾਪੀਆਂ ਹੁੰਦੀ ਸੀ; ਪਰ ਹੁਣ ਇਹ ਪਹਿਲਾਂ ਨਾਲੋਂ ਘਟ ਕੇ 500 ਹੋ ਗਈ ਹੈ। ਕਈ ਪੁਸਤਕਾਂ ਦੀ ਛਪਣ ਗਿਣਤੀ 250-300 ਤੱਕ ਸੀਮਤ ਹੋ ਗਈ ਹੈ; ਵਿਸ਼ੇਸ਼ ਕਰਕੇ ਲੇਖਕਾਂ ਵਲੋਂ ਪੈਸੇ ਦੇ ਕੇ ਛਪਵਾਈਆਂ ਜਾਣ ਵਾਲੀਆਂ ਪੁਸਤਕਾਂ ਦੀ। ਵੱਖ ਵੱਖ ਪਬਲਿਸ਼ਰਾਂ ਨਾਲ ਕੀਤੀ ਗੱਲਬਾਤ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਆਪਣੇ ਕੋਲੋਂ ਪੈਸੇ ਦੇ ਕੇ ਕਿਤਾਬਾਂ ਛਪਵਾਉਣ ਦੀ ਪਿਰਤ ਵਿਦੇਸ਼ਾਂ ਵਿੱਚ ਰਹਿੰਦੇ ਪਰਵਾਸੀ ਲੇਖਕਾਂ ਨੇ ਪਾਈ ਹੈ। ਇੱਕ ਪ੍ਰਕਾਸ਼ਿਕ ਦਾ ਕਹਿਣਾ ਹੈ ਕਿ ਪੈਸੇ ਲੈ ਕੇ 300 ਕਿਤਾਬ ਛਾਪਣ ਦਾ “ਰਿਸਕ” ਵੀ ਕੋਈ ਪਬਲਿਸ਼ਰ ਨਹੀਂ ਲੈਂਦਾ। ਲੇਖਕ ਨੇ ਤਾਂ ਕਿਤਾਬ ਵੰਡਣੀ ਹੀ ਹੁੰਦੀ ਹੈ; ਬਾਕੀ ਕਿਤਾਬਾਂ ਦੁਕਾਨਾਂ ’ਤੇ ਪਈਆਂ ਰਹਿੰਦੀਆਂ ਹਨ। ਉਸਦਾ ਇਹ ਵੀ ਕਹਿਣਾ ਹੈ ਕਿ ‘ਮੁਫਤ’ ਵਿੱਚ ਮਿਲੀ ਕਿਸੇ ਵੀ ਚੀਜ਼ ਦੀ ਕੋਈ ਕਦਰ ਨਹੀਂ ਹੁੰਦੀ। ਮੁਫ਼ਤ ਵਿੱਚ ਮਿਲੀ ਕਿਤਾਬ ਬਹੁਤ ਘੱਟ ਲੋਕ ਪੜ੍ਹਦੇ ਹਨ।
ਅੱਜ ਭਾਵੇਂ ਪੰਜਾਬੀ ਲੇਖਕਾਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵੱਧ ਹੈ, ਪੰਜਾਬੀ ਪੁਸਤਕਾਂ ਛਾਪਣ ਵਾਲੇ ਪਬਲਿਸ਼ਰ ਵੀ ਪਹਿਲਾਂ ਨਾਲੋਂ ਕਿਤੇ ਵੱਧ ਹਨ ਅਤੇ ਪੰਜਾਬੀ ਦੀਆਂ ਨਵੀਆਂ ਪੁਸਤਕਾਂ ਵੀ ਵੱਧ ਛਪ ਰਹੀਆਂ ਹਨ। ਪੁਸਤਕਾਂ ਦੀ ਛਪਾਈ, ਗੈਟ-ਅੱਪ ਅਤੇ ਦਿੱਖ ਪਹਿਲਾਂ ਨਾਲੋਂ ਕਿਤੇ ਉੱਚ ਪੱਧਰ ਦੀ ਹੈ, ਹੁਣ ਪਹਿਲਾਂ ਵਾਲੀ ਗੱਲ ਨਹੀਂ। ਸਥਾਪਤ ਲੇਖਕਾਂ ਦੀਆਂ ਛਪੀਆਂ ਪੁਸਤਕਾਂ ਵੀ ਪ੍ਰਕਾਸ਼ਕਾਂ ਪਾਸ ਕਈ ਕਈ ਵਰ੍ਹੇ ਪਈਆਂ ਰਹਿੰਦੀਆਂ ਹਨ। ਦੇਸ਼ ਵਿਦੇਸ਼ ਵਿੱਚ ਰਹਿੰਦੇ ਨਵੇਂ ਲੇਖਕ ਤਾਂ ਕੀ, ਬਹੁਤੇ ਸਥਾਪਤ ਲੇਖਕ ਵੀ ਪ੍ਰਕਾਸ਼ਕਾਂ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਪੁਸਤਕਾਂ ਛਪਵਾਉਂਦੇ ਹਨ ਅਤੇ ਆਪਣੇ ਸਾਥੀ ਲੇਖਕਾਂ ਤੇ ਪ੍ਰਸ਼ੰਸਕਾਂ ਨੂੰ ਵੰਡਦੇ ਹਨ। ਇਹ ਮੁਫਤ ਵਿੱਚ ਮਿਲੀਆਂ ਪੁਸਤਕਾਂ ਚੰਗੀ ਤਰ੍ਹਾਂ ਪੜ੍ਹੀਆਂ ਨਹੀਂ ਜਾਂਦੀਆਂ। ਪੰਜਾਬੀ ਸ਼ਾਮ ਨੂੰ ਸ਼ਰਾਬ ਦੀ ਬੋਤਲ ਅਤੇ ਖਾਣ ਪੀਣ ਉੱਤੇ ਤਾਂ 400-500 ਰੁਪਏ ਖਰਚ ਦੇਣਗੇ, ਪਰ ਚੰਗੀ ਪੁਸਤਕ ਖਰੀਦਣ ਵਲ ਕਦੀ ਧਿਆਨ ਨਹੀਂ ਦਿੰਦੇ। ਪੁਸਤਕਾਂ ਦੀ ਗੱਲ ਰਹੀ ਇੱਕ ਪਾਸੇ, ਉਹ ਤਾਂ ਅਕਸਰ ਦੋ ਰੁਪਏ ਵਾਲਾ ਅਖ਼ਬਾਰ ਵੀ ਮੰਗ ਕੇ ਪੜ੍ਹਦੇ ਹਨ। ਬੱਸ ਵਿੱਚ ਇੱਕ ਵਿਅਕਤੀ ਵਲੋਂ ਖਰੀਦਿਆ ਗਿਆ ਅਖ਼ਬਾਰ ਸਾਰੀਆਂ ਸਵਾਰੀਆਂ ਵਾਰੀ ਵਾਰੀ ਮੰਗ ਕੇ ਪੜ੍ਹ ਲੈਂਦੀਆਂ ਹਨ।
ਨਵੀਂ ਪੀੜ੍ਹੀ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਨਾਂ-ਮਾਤਰ ਹੀ ਹੈ। ਇਸਦਾ ਕਾਰਨ ਟੀ.ਵੀ. ਚੈਨਲਾਂ ਦੀ ਭਰਮਾਰ ਕਾਰਨ 24 ਘੰਟੇ ਚੱਲਣ ਵਾਲੇ ਕਾਰਟੂਨਾਂ ਸਮੇਤ ਅਨੇਕਾਂ ਕਿਸਮ ਦੇ ਪ੍ਰੋਗਰਾਮ ਜੋ ਬੱਚਿਆਂ ਨੂੰ ਬਹੁਤ ਪਸੰਦ ਹਨ, ਕੰਪਿਊਟਰ ਗੇਮਾਂ ਤੇ ਇੰਟਰਨੈਟ ਦਾ ਦੌਰ ਅਤੇ ਸਕੂਲਾਂ ਵਿੱਚ ਪੜ੍ਹਾਏ ਜਾਣ ਵਾਲੇ ਮਜ਼ਮੂਨਾਂ ਦਾ ਵਾਧਾ ਅਤੇ ਪੜ੍ਹਾਈ ਦਾ ਬਹੁਤ ਸਾਰਾ ਬੋਝ। ਸਕੂਲਾਂ ਵਿੱਚ ਅਧਿਆਪਕਾਂ ਵਲੋਂ ਇੰਨਾ ‘ਹੋਮ-ਵਰਕ’ ਮਿਲ ਜਾਂਦਾ ਹੈ ਕਿ ਘਰ ਆ ਕੇ ਵੀ ਬੱਚੇ ਉਹ ਕਰਨ ਵਿੱਚ ਲੱਗੇ ਰਹਿੰਦੇ ਹਨ। ਮਾਪਿਆਂ ਅਤੇ ਅਧਿਆਪਕਾਂ ਵਲੋਂ ਵੀ ਬੱਚਿਆਂ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨ ਦਾ ਯਤਨ ਨਹੀਂ ਕੀਤਾ ਜਾਂਦਾ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਪਤੀ ਪਤਨੀ ਦੋਨੋਂ ਨੌਕਰੀਆਂ ਕਰਦੇ ਹਨ। ਬੱਚਿਆਂ ਵਲ ਬਹੁਤਾ ਧਿਆਨ ਹੀ ਨਹੀਂ ਦਿੱਤਾ ਜਾਂਦਾ। ਮੈਨੂੰ ਯਾਦ ਹੈ ਕਿ ਮੈਂ ਆਪਣੇ ਇੱਕਲੌਤੇ ਬੱਚੇ ਹਿਰਦੇਪਾਲ ਸਿੰਘ, ਜੋ ਅੰਦਰੇਟਾ, ਜ਼ਿਲਾ ਕਾਂਗੜਾ ਵਿਖੇ ਜੰਮਿਆ ਪਲਿਆ ਤੇ ਜਵਾਨ ਹੋਇਆ, ਨੂੰ ਜਦੋਂ ਉਹ ਹਾਲੇ ਪਰਾਇਮਰੀ ਸਕੂਲ ਵਿੱਚ ਹੀ ਪੜ੍ਹਦਾ ਸੀ, ਬੱਚਿਆਂ ਦੇ ਪੜ੍ਹਨ ਵਾਲੀਆਂ ਪੁਸਤਕਾਂ ਤੇ ਉਸ ਸਮੇਂ ਦੇ ਹਿੰਦੀ ਦੇ ਸਾਰੇ ਹੀ ਮਾਸਿਕ ਤੇ ਸਪਤਾਹਿਕ ਪਰਚੇ ਲਿਆ ਕੇ ਦਿੰਦਾ ਹੁੰਦਾ ਸੀ। ਮੇਰੀ ਪਤਨੀ ਆਖਦੀ ਹੁੰਦੀ ਸੀ ਕਿ ਐਵੇਂ ਪੈਸੇ ਬਰਬਾਦ ਕਰ ਰਹੇ ਹੋ। ਇਹ ਪੜ੍ਹਦਾ ਨਹੀਂ, ਪਾੜ ਦਿੰਦਾ ਹੈ। ਮੇਰਾ ਜਵਾਬ ਹੁੰਦਾ ਸੀ ਕਿ ਜੇ ਇਹ ਅੱਜ ਕਿਤਾਬਾਂ ਰਿਸਾਲੇ ਪਾੜਦਾ ਹੈ ਤਾਂ ਕੱਲ੍ਹ ਨੂੰ ਪੜ੍ਹੇਗਾ ਵੀ। ਤੇ ਉਹੋ ਗੱਲ ਹੋਈ, ਫਿਰ ਉਹ ਪੜ੍ਹਨ ਹੀ ਨਹੀਂ ਸਗੋਂ ਹਰ ਪਰਚੇ ਦੀ ਫਾਈਲ ਬਣਾ ਕੇ ਸੰਭਾਲਣ ਵੀ ਲੱਗ ਪਿਆ। ਉਸਦੀ ਸਿੱਖਿਆ ਦਾ ਮਾਧਿਅਮ ਹਿੰਦੀ ਸੀ। ਮੇਰੇ ਨਾਂ ਪ੍ਰੀਤ ਨਗਰ ਤੋਂ ਛਪਣ ਵਾਲਾ ਮਾਸਿਕ ਪਰਚਾ ਬਾਲ ਸੰਦੇਸ਼ ਆਉਂਦਾ ਸੀ, ਉਸ ਨੇ ਆਪੇ ਹੀ ਪੰਜਾਬੀ ਪੜ੍ਹਨੀ ਸਿੱਖ ਲਈ ਤੇ ਬਾਲ ਸੰਦੇਸ਼ ਵੀ ਪੜ੍ਹਨ ਲੱਗ ਪਿਆ। ਹੁਣ ਹਿੰਦੀ ਵਿੱਚ ਕਵਿਤਾਵਾਂ ਦੀਆਂ ਤਿੰਨ ਪੁਸਤਕਾਂ ਦੇ ਚੁੱਕਾ ਹੈ। ਉਹ ਤਿੰਨ ਐਮ.ਏ. ਪਾਸ ਹੈ; ਅੰਗਰੇਜ਼ੀ, ਹਿੰਦੀ ਅਤੇ ਜਰਨਲਿਜ਼ਮ ਐਂਡ ਮਾਸ ਕਮਿਉਨੀਕੇਸ਼ਨ। ਇਸ ਸਮੇਂ ਹਿਮਾਚਲ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ ਵਿਖੇ ਐਡੀਟਰ (ਸੰਪਾਦਕ) ਦੀ ਪੋਸਟ ਤੇ ਕੰਮ ਕਰ ਰਿਹਾ ਹੈ। ਅੱਜ ਕਲ ਪੀ.ਐਚ.ਡੀ. ਕਰ ਰਿਹਾ ਹੈ। ਆਪਣੇ ਥੀਸਿਸ ਦੀ ਭੂਮਿਕਾ ਵਿੱਚ ਉਸ ਨੇ ਪਹਿਲੀ ਹੀ ਲਾਈਨ ਲਿਖੀ ਹੈ, “ਮੇਰੇ ਡੈਡੀ ਬਚਪਨ ਵਿੱਚ ਮੈਨੂੰ ਖਿਡੌਣਿਆਂ ਨਾਲੋਂ ਵੱਧ ਕਿਤਾਬਾਂ ਤੇ ਰਿਸਾਲੇ ਲਿਆ ਕੇ ਦਿੰਦੇ ਰਹੇ; ਜਿਸ ਨਾਲ ਮੇਰੀ ਸਾਹਿਤ ਪੜ੍ਹਨ ਵਿੱਚ ਦਿਲਚਸਪੀ ਪੈਦਾ ਹੋਈ।”
ਪਿਛਲੇ 35-40 ਸਾਲਾਂ ਤੋਂ ਪੰਜਾਬੀ ਪੁਸਤਕਾਂ ਛਾਪਣ ਵਾਲੇ ਮੋਹਨ ਸਿੰਘ ਰਾਹੀ (ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) ਸਾਹਿਤ ਪੜ੍ਹਨ ਦੀ ਦਿਲਚਸਪੀ ਘਟਣ ਦਾ ਕਾਰਨ ਵਿੱਦਿਆ ਵਿੱਚ ਆਏ ਨਿਘਾਰ ਨੂੰ ਸਮਝਦੇ ਹਨ। ਅਧਿਆਪਕ ਪਹਿਲਾਂ ਵਾਂਗ ਪੂਰੀ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਨਹੀਂ ਪੜ੍ਹਾਉਂਦੇ। ਉਹ ਕਹਿੰਦੇ ਹਨ ਕਿ 1950-ਵਿਆਂ ਤੇ 1960-ਵਿਆਂ ਵਿੱਚ ਪ੍ਰਗਤੀਵਾਦੀ ਲਹਿਰ ਚੱਲ ਰਹੀ ਸੀ, ਜੋ ਖੱਬੇ ਪੱਖੀਆਂ ਵਲੋਂ ਚਲਾਈ ਗਈ ਸੀ। ਕਮਿਊਨਿਸਟ ਆਪਣੇ ਵਰਕਰਾਂ ਨੂੰ ਪੜ੍ਹਨ ਦਾ ਸ਼ੌਕ ਪਾਉਂਦੇ ਸਨ। ਪੰਜਾਬ ਵਿੱਚ ਪੈਦਾ ਹੋਏ ਅਤਿਵਾਦ ਨੇ ਵਿੱਦਿਆ ਸਮੇਤ ਸਭ ਕੁੱਝ ਖਤਮ ਕਰ ਦਿੱਤਾ। ਹੁਣ ਤਾਂ ਬੱਚੇ ਟੈਕਸਟ ਬੁੱਕ ਵੀ ਘੱਟ ਪੜ੍ਹਦੇ ਹਨ। ਨਕਲਾਂ ਮਾਰ ਕੇ ਪਾਸ ਹੁੰਦੇ ਹਨ। ਜਿਸਦਾ ਨਤੀਜਾ ਸਾਹਿਤ ਵਿੱਚ ਰੁਚੀ ਦਾ ਘਟਣਾ ਹੈ। ਵਿੱਦਿਆ ਤੇ ਸਾਹਿਤ ਵਿੱਚ ‘ਅਨਾਰਕੀ’ ਫੈਲੀ ਹੋਈ ਹੈ। ਹੁਣ ਸਾਹਿਤਕ ਪੁਸਤਕਾਂ ਬਹੁਤ ਘੱਟ ਵਿਕਦੀਆਂ ਹਨ, ਪਰ 1984 ਦੀਆਂ ਹਿਰਦੇਵੇਦਕ ਘਟਣਾਵਾਂ ਪਿੱਛੋਂ ਸਿੱਖ ਧਰਮ ਬਾਰੇ ਪੁਸਤਕਾਂ ਵੱਧ ਪੜ੍ਹੀਆਂ ਜਾਂਦੀਆਂ ਹਨ। ਵਿਸ਼ੇਸ ਕਰਕੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਲੋਂ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਲਾਇਬਰੇਰੀ ਦੇ ਆਨਰੇਰੀ ਡਾਇਰੈਕਟਰ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਦੇ ਵਿਚਾਰ ਅਨੁਸਾਰ ਸਾਹਿਤ ਪੜ੍ਹਨ ਵਿੱਚ ਰੁਚੀ ਘੱਟ ਹੋਣ ਦਾ ਕਾਰਨ ਟੀ.ਵੀ., ਕੰਪਿਊਟਰ ਤੇ ਮੋਬਾਈਲ ਹਨ, ਜੋ ਸਾਰੇ ਜੇਬਾਂ ਵਿੱਚ ਪਾਈ ਫਿਰਦੇ ਹਨ। ਪੜ੍ਹਾਈ ਦਾ ਵੀ ਇੰਨਾ ਬੋਝ ਹੈ ਕਿ ਬੱਚਿਆਂ ਵਿੱਚ ਖੇਡਣ ਦੀ ਰੁਚੀ ਵੀ ਘਟਦੀ ਜਾਂਦੀ ਹੈ।
ਪਰਦੁਮਨ ਸਿੰਘ ਬੇਦੀ (ਜਸਵੰਤ ਪ੍ਰਿੰਟਰਜ਼, ਲੁਧਿਆਣਾ) ਦਾ ਕਹਿਣਾ ਹੈ ਕਿ ਸਾਹਿਤ ਗਿਆਨ ਤੇ ਮਨੋਰੰਜਨ ਲਈ ਪੜ੍ਹਿਆ ਜਾਂਦਾ ਸੀ। ਹੁਣ ਇਹ ਦੋਨੋਂ ਚੀਜ਼ਾਂ ਹੋਰ ‘ਸੋਰਸਾਂ’ ਤੋਂ ਮਿਲ ਜਾਂਦੀਆਂ ਹਨ। ਨੌਜਵਾਨਾਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਘੱਟ ਹੋਣ ਨੂੰ ਉਹ ਨੌਜਵਾਨਾਂ ਦੇ ਨਸ਼ਿਆਂ ਵਿੱਚ ਗਲਤਾਨ ਹੋਣ ਨੂੰ ਵੀ ਸਮਝਦੇ ਹਨ। ਲੁਧਿਆਣਾ ਦੇ ਸਭ ਤੋਂ ਪੁਰਾਣੇ ਪ੍ਰਕਾਸ਼ਿਕ, ਲਾਹੌਰ ਬੁੱਕ ਸ਼ਾਪ ਦੇ ਤੇਜਿੰਦਰਬੀਰ ਸਿੰਘ ਦੇ ਵਿਚਾਰ ਵੀ ਇਸ ਤਰ੍ਹਾਂ ਦੇ ਹੀ ਹਨ। ਉਹ ਵੀ ਨਵੀਂ ਪੀੜ੍ਹੀ ਦੇ ਟੀ.ਵੀ., ਕੰਪਿਊਟਰ ਤੇ ਇੰਟਰਨੈੱਟ ਵਲ ਵਧਦੇ ਰੁਝਾਨ ਤੇ ਨਸ਼ਿਆਂ ਦੀ ਲਾਹਨਤ ਨੂੰ ਕਾਰਨ ਸਮਝਦੇ ਹਨ। ਤੇਜਿੰਦਰਬੀਰ ਸਿੰਘ ਅਨੁਸਾਰ ਪਿੰਡਾਂ ਵਿੱਚ ਹਾਲੇ ਵੀ ਪੰਜਾਬੀ ਸਾਹਿਤ ਦੇ ਪਾਠਕ ਹਨ। ਉਹ ਅਤੇ ਪ੍ਰਵਾਸੀ ਪੰਜਾਬੀ ਹੀ ਵਧੇਰੇ ਪੁਸਤਕਾਂ ਖਰੀਦਦੇ ਹਨ। ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਨਾਮਵਰ ਸਾਹਿਤਕਾਰ ਪ੍ਰੋ. ਨਿਰੰਜਨ ਸਿੰਘ ਤਸਨੀਮ ਦਾ ਕਹਿਣਾ ਹੈ ਕਿ ਸਕੂਲ ਤੇ ਕਾਲਜ ਜਾਣ ਵਾਲੇ ਬੱਚਿਆਂ ਦੇ ਰੁਝੇਵੇਂ ਇੰਨੇ ਵਧ ਗਏ ਹਨ ਕਿ ਸਾਹਿਤ ਪੜ੍ਹਨ ਵੱਲ ਧਿਆਨ ਨਹੀਂ ਦੇ ਸਕਦੇ। ਨਵੀਂ ਪੀੜ੍ਹੀ ਬਹੁਤ ਜਾਗਰੂਕ ਹੈ। ਉਹ ਕਿਤਾਬੀ ਗਿਆਨ ਨਾਲੋਂ ਵੱਧ ਗਿਆਨ ਸੂਚਨਾ ਤਕਨਾਲੋਜੀ, ਵਿਸ਼ੇਸ਼ ਕਰਕੇ ਇੰਟਰਨੈੱਟ, ਟੀ.ਵੀ. ਆਦਿ ਤੋਂ ਹਾਸਲ ਕਰ ਲੈਂਦੇ ਹਨ। ਉਹ ਕਿਤਾਬਾਂ ਦੀ ਅਹਿਮੀਅਤ ਨੂੰ ਸਮਝਦੇ ਹਨ, ਪਰ ਸਾਹਿਤ ਨੂੰ ਹਾਲੇ ‘ਸਾਈਡ ਇਸ਼ੂ’ ਸਮਝਦੇ ਹਨ। ਨਵੀਂ ਪੀੜ੍ਹੀ ਦਾ ਜ਼ਿੰਦਗੀ ਬਾਰੇ ਨਜ਼ਰੀਆ ਵੱਖਰਾ ਹੈ। ਪ੍ਰੋ. ਤਸਨੀਮ ਪੰਜਾਬੀ ਸਾਹਿਤ ਦਾ ਭਵਿੱਖ ਚੰਗੇਰਾ ਦੇਖ ਰਹੇ ਹਨ ਤੇ ਕਹਿੰਦੇ ਹਨ ਕਿ ਇਹ ਨੌਜਵਾਨ ਕੱਲ੍ਹ ਨੂੰ ਨਾਨਕ ਸਿੰਘ ਦੇ ਨਾਵਲ, ਪ੍ਰੋ. ਮੋਹਨ ਸਿੰਘ ਤੇ ਹੋਰ ਲੇਖਕਾਂ ਨੂੰ ਜ਼ਰੂਰ ਪੜ੍ਹਨਗੇ। ਸਾਹਿਤਕ ਪੁਸਤਕਾਂ ਦੀ ਅਹਿਮੀਅਤ ਹਮੇਸ਼ਾ ਰਹਿਣੀ ਹੈ।
ਪਿਛਲੇ 13-14 ਵਰ੍ਹਿਆਂ ਤੋਂ ਕੈਨੇਡਾ ਰਹਿ ਰਹੇ ਪੰਜਾਬੀ ਲੇਖਕ ਜਰਨੈਲ ਸਿੰਘ ਸੇਖਾ ਦਾ ਵਿਚਾਰ ਹੈ ਕਿ ਪੰਜਾਬੀਆਂ ਵਿੱਚ ਹਮੇਸ਼ਾ ਤੋਂ ਹੀ ਸਾਹਿਤ ਪੜ੍ਹਨ ਦੀ ਰੁਚੀ ਘੱਟ ਰਹੀ ਹੈ। ਇੱਥੇ ਪੱਛਮ ਵਲੋਂ ਹਮਲਾਵਾਰ ਤੇ ਧਾੜਵੀ ਆਉਂਦੇ ਰਹੇ ਹਨ, ਜਿਸ ਕਰਕੇ ਲੋਕ ਸਾਹਿਤ ਵਲ ਧਿਆਨ ਹੀਂ ਨਹੀਂ ਦੇ ਸਕੇ ਅਤੇ ਲੇਖਕ ਵੀ ਬਹੁਤ ਘੱਟ ਹੋਏ ਹਨ। ਪੰਜਾਬੀ ਪੜ੍ਹਨ ਨਾਲੋਂ ਸੁਣਨਾ ਵਧੇਰੇ ਪਸੰਦ ਕਰਦੇ ਹਨ। ਸ਼ਬਦ ਕੀਰਤਨ, ਭਜਨ, ਕਥਾ ਆਦਿ ਸਰਵਣ ਕਰਦੇ ਰਹੇ ਹਨ। ਅੱਗੇ ਕੋਈ ਇੱਕ ਵਿਅਕਤੀ ਕਿੱਸਾ ਪੜ੍ਹਦਾ ਸੀ ਤੇ ਲੋਕ ਸੁਣਦੇ ਸਨ। ਇਹ ਪੰਜਾਬੀਆਂ ਦੀ ਮਾਨਸਿਕਤਾ ਬਣ ਗਈ ਹੈ। ਅੱਜ ਵੀ ਕਿਤਾਬਾਂ ਨਾਲੋਂ ਕੈਸਟਾਂ ਵੱਧ ਵਿਕਦੀਆਂ ਹਨ। ਪਰ ਉਹ ਕਹਿੰਦੇ ਹਨ ਕਿ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਸਾਹਿਤ ਪੜ੍ਹਨ ਦੀ ਪ੍ਰਬਲ ਰੁਚੀ ਹੈ। ਰੇਡੀਓ, ਟੀ.ਵੀ. ਉੱਤੇ ਪੇਸ਼ ਹੋਣ ਵਾਲੇ ਪ੍ਰੋਗਰਾਮਾਂ ਜਾਂ ਸਾਹਿਤਕ ਪ੍ਰੋਗਰਾਮਾਂ ਦੌਰਾਨ ਉਹ ਫੋਨ ਕਰ ਕੇ ਪੁਸਤਕਾਂ ਦੀ ਮੰਗ ਕਰਦੇ ਹਨ। ਪਰ ਇੱਧਰ ਪੰਜਾਬੀ ਪੁਸਤਕਾਂ ਦੀ ਕੋਈ ਦੁਕਾਨ ਹੀ ਨਹੀਂ ਹੈ। ਕੈਨੇਡਾ ਦੇ ਸਕੂਲਾਂ ਵਿੱਚ ਕੇ.ਜੀ. ਵਿੱਚ ਹੀ ਬੱਚਿਆਂ ਨੂੰ ਦਿਲਚਸਪੀ ਵਾਲੀਆਂ ਪੁਸਤਕਾਂ ਨਾਲ ਪੜ੍ਹਾਇਆ ਜਾਂਦਾ ਹੈ, ਜਿਸ ਨਾਲ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਹੁੰਦੀ ਹੈ। ਪੰਜਾਬ ਵਿੱਚ ਹੁਣ ਅਧਿਆਪਕ ਨਾ ਆਪ ਪੜ੍ਹਦੇ ਹਨ ਅਤੇ ਨਾ ਹੀ ਬੱਚਿਆਂ ਵਿੱਚ ਪੜ੍ਹਨ ਦੀ ਦਿਲਚਸਪੀ ਪੈਦਾ ਕਰਦੇ ਹਨ। ਲਾਇਬ੍ਰੇਰੀਆਂ ਵਿੱਚ ਕਿਤਾਬਾਂ ਬੰਦ ਪਈਆਂ ਰਹਿੰਦੀਆਂ ਹਨ।
ਸਿੱਖ ਧਰਮ ਤੇ ਇਤਿਹਾਸ ਬਾਰੇ ਵਧੇਰੇ ਪੁਸਤਕਾਂ ਛਾਪਣ ਅਤੇ ਵਿਦੇਸ਼ਾਂ ਵਿੱਚ ਭੇਜਣ ਵਾਲੇ ਸਿੰਘ ਬ੍ਰਦਰਜ਼, ਅੰਮ੍ਰਿਤਸਰ ਦੇ ਗੁਰਸਾਗਰ ਸਿੰਘ ਕਹਿੰਦੇ ਹਨ ਕਿ ਪੰਜਾਬ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਘਾਟ ਹੈ। ਕਿਸੇ ਅਖ਼ਬਾਰ ਦੀ ਇੱਕ ਕਲਿਪਿੰਗ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਪਹਿਲੀ ਜਮਾਤ ਤੋਂ +2 ਤੱਕ ਕੇਵਲ 8.4 ਫੀ ਸਦੀ ਬੱਚੇ ਹੀ ਪੁੱਜਦੇ ਹਨ। ਪੜ੍ਹਾਈ ਦਾ ਸਿਸਟਮ ਫਲਾਪ ਹੋ ਚੁੱਕਿਆ ਹੈ। ਸਰਕਾਰੀ ਸਕੂਲਾਂ ਵਿੱਚ ਤਾਂ ਪੜ੍ਹਾਈ ਰਹੀ ਹੀ ਨਹੀਂ। ਪੜ੍ਹਾਈ ਦੀ ਗੱਲ ਛੱਡੀਏ, ਉੱਥੇ ਇਨਫਰਾਸਟਰਕਚਰ ਹੀ ਨਹੀਂ। ਅੱਜ ਦਾ ਸਾਹਿਤ ਲੋਕਾਂ ਨਾਲੋਂ ਟੁੱਟਿਆ ਹੋਇਆ ਹੈ। ਸਾਹਿਤ ਵਿੱਚ ਲੋਕਾਂ ਦਾ ਦਰਦ ਹੋਵੇ ਤਾਂ ਉਹ ਕਿਓਂ ਨਾ ਪੜ੍ਹਨ? ਉਹ ਕਹਿੰਦੇ ਹਨ ਕਿ ਚੰਗੀਆਂ ਕਿਤਾਬਾਂ ਵਿਕ ਜਾਂਦੀਆਂ ਹਨ। ਬੱਚਿਆਂ ਦੀ ਦਿਲਚਸਪੀ ਦੀਆਂ ਪੁਸਤਕਾਂ ਦੀ ਵੀ ਘਾਟ ਹੈ। ਇੰਟਰਨੈਟ ’ਤੇ ਕੇਵਲ ਇੱਕ ‘ਕਲਿੱਕ’ ਕਰਨ ਉੱਤੇ ਹੀ ‘ਫਲੱਡ ਆਫ਼ ਇਨਫਰਮੇਸ਼ਨ’ ਉਪਲਬਧ ਹੈ। ਬੱਚਿਆਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਬਾਰੇ ਉਹ ਕਹਿੰਦੇ ਹਨ ਕਿ ਹਰ ਪੀੜ੍ਹੀ ਦੀ ‘ਸੈਂਸੇਬਿਲਿਟੀ’ ਅਲੱਗ ਹੁੰਦੀ ਹੈ। ਬੱਚਿਆਂ ਦੀ ਦਿਲਚਸਪੀ ਵਾਲੀਆਂ ਪੁਸਤਕਾਂ ਦੀ ਵੀ ਘਾਟ ਹੈ। ਪਰ ਪ੍ਰਿੰਸੀਪਲ ਬਜਾਜ ਕਹਿੰਦੇ ਹਨ ਕਿ ਬੱਚਿਆਂ ਦੇ ਪੜ੍ਹਨ ਲਈ ਬਹੁਤ ਚੰਗੀਆਂ ਕਿਤਾਬਾਂ ਆ ਰਹੀਆਂ ਹਨ। ਉਨ੍ਹਾਂ ਕਈ ਸਥਾਪਤ ਲੇਖਕਾਂ ਵਲੋਂ ਬਾਲ ਸਾਹਿਤ ਬਾਰੇ ਛਪੀਆਂ ਪੁਸਤਕਾਂ ਦੇ ਨਾਂ ਵੀ ਗਿਣਾਏ।
ਧਾਰਮਿਕ ਪੁਸਤਕਾਂ ਬਾਰੇ ਗੁਰਸਾਗਰ ਸਿੰਘ ਕਹਿੰਦੇ ਕਿ ਇਹ ਵੀ ਇੱਕ ਭਰਮ ਹੈ। ਇਹ ਕਿਤਾਬਾਂ ਵੀ ਵੱਡੀ ਗਿਣਤੀ ਵਿੱਚ ਨਹੀਂ ਵਿਕਦੀਆਂ। ਗੁਰਬਾਣੀ ਤਾਂ ਪੜ੍ਹੀ ਜਾਣੀ ਹੈ; ਇਹ ਤਾਂ ਕਲਾਸਿਕ ਤੋਂ ਵੀ ਉੱਪਰ ਹੈ, ਗੁਰਬਾਣੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਗੁਰਬਾਣੀ ਦੇ ਅਰਥਾਂ ਅਤੇ ਵਿਆਖਿਆ ਵਾਲੀਆਂ ਪੁਸਤਕਾਂ ਪੜ੍ਹੀਆਂ ਜਾਂਦੀਆਂ ਹਨ। ਪ੍ਰੋ. ਸਾਹਿਬ ਸਿੰਘ ਦੀਆਂ ਪੁਸਤਕਾਂ ਦੇ ਅਨੇਕਾਂ ਐਡੀਸ਼ਨ ਛਪ ਚੁੱਕੇ ਹਨ। ਸਿੱਖ ਫਲਸਫੇ ਦੀਆਂ ਪੁਸਤਕਾਂ ਵੀ ਵਿਕਦੀਆਂ ਹਨ। ਸਿੱਖੀ ਹੁਣ ਕੇਵਲ ਪੰਜਾਬ ਤੱਕ ਸੀਮਤ ਨਹੀਂ ਰਹੀ। ਸਿੱਖ ਅਨੇਕਾਂ ਦੇਸ਼ਾਂ ਵਿੱਚ ਜਾ ਵਸੇ ਹਨ। ੳਨ੍ਹਾਂ ਦੇਸ਼ਾਂ ਦੇ ਲੋਕ ਸਿੱਖ ਧਰਮ, ਇਸਦੇ ਫਲਸਫੇ ਬਾਰੇ ਜਾਣਨਾ ਚਾਹੁੰਦੇ ਹਨ। ਹੁਣ ਤਾਂ ਚੀਨ ਜਾਪਾਨ ਵਰਗੇ ਦੇਸ਼ਾਂ ਦੇ ਵੀ ਲੋਕ ਸਿੱਖ ਧਰਮ ਬਾਰੇ ਗਿਆਨ ਹਾਸਲ ਕਰਨਾ ਚਾਹੁੰਦੇ ਹਨ। ਜਦੋਂ ਪੁੱਛਿਆ ਗਿਆ ਕਿ ਉਹ ਤਾਂ ਸਿੱਖ ਧਰਮ ਬਾਰੇ ਅੰਗਰੇਜ਼ੀ ਵਿੱਚ ਪੁਸਤਕਾਂ ਪੜ੍ਹਦੇ ਹੋਣਗੇ ਤਾਂ ਉਨ੍ਹਾਂ ਦਾ ਉੱਤਰ ਸੀ ਕਿ ਉਹ ਲੋਕ ‘ਉਰਿਜਨਲ ਵਰਕ’ (ਮੂਲ ਪੁਸਤਕ) ਪੜ੍ਹਨਾ ਚਾਹੁੰਦੇ ਹਨ। ਸਿੱਖਾਂ ਦੇ ਜਨ ਜੀਵਨ, ਰਸਮੋ ਰਿਵਾਜ, ਮਾਨਸਕਿਤਾ ਆਦਿ ਬਾਰੇ ਜਾਣਨਾ ਚਾਹੁੰਦੇ ਹਨ। ਵਿਦੇਸ਼ਾਂ ਦੀਆਂ ਅਨੇਕਾਂ ਯੂਨੀਵਰਸਿਟੀਆਂ ਵਿੱਚ ਪੰਜਾਬੀ ਵਿਭਾਗ ਖੁੱਲ੍ਹ ਗਏ ਹਨ। ਸਾਡੇ ਪੰਜਾਬੀ ਤਾਂ ਵਿਦੇਸ਼ ਜਾ ਕੇ ਡਾਲਰ, ਪੌਂਡ ਕਮਾਉਣ ਵਿੱਚ ਲੱਗੇ ਹੋਏ ਹਨ। ਪੰਜਾਬੀ ਵਿੱਚ ਚੰਗੇ ਕੰਮ ਦੀ ਘਾਟ ਹੈ। ਅਸੀਂ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦੇ ਸਰਵੇ, ਜ਼ਾਤ ਪਾਤ, ਕਬੀਲਿਆਂ, ਆਦਿ ਬਾਰੇ ਅੰਗਰੇਜ਼ਾਂ ਵਲੋਂ ਕੀਤੇ ਕੰਮ ਉੱਤੇ ਹੀ ਨਿਰਭਰ ਕਰਦੇ ਹਾਂ। ਕਿੱਥੇ ਹੈ ਕੋਈ ਨਵਾਂ ਕੰਮ? ਚੰਗੀਆਂ ਕਿਤਾਬਾਂ ਛਪਣ। ਅੰਗਰੇਜ਼ੀ ਦਾ ਸਾਹਿਤ ਬਹੁਤ ਅਮੀਰ ਹੈ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੱਤੇ 1984 ਵਿੱਚ ਹਮਲੇ ਵਾਲੀ ਘਟਨ ਇੰਨੀ ਵੱਡੀ ਹੈ, ਇਸ ਬਾਰੇ ਵੀ ਕੋਈ ਵਿਸਥਾਰ ਪੂਰਵਕ ਪੁਸਤਕ ਪੰਜਾਬੀ ਵਿੱਚ ਨਹੀਂ ਆਈ। ਅਸੀਂ ਮਾਰਕ ਟੱਲੀ ਤੇ ਹੋਰਨਾਂ ਦੀਆਂ ਅੰਗਰੇਜ਼ੀ ਵਿੱਚ ਛਪੀਆਂ ਪੁਸਤਕਾਂ ਵਲ ਵੇਖਦੇ ਹਾਂ। ਜਰਨੈਲ ਸੇਖਾ ਵੀ ਇਹ ਗੱਲ ਨਹੀਂ ਮੰਨਦੇ ਕਿ ਵਿਦੇਸ਼ਾਂ ਵਿੱਚ ਧਾਰਮਿਕ ਪੁਸਤਕਾਂ ਵੱਧ ਪੜ੍ਹੀਆਂ ਜਾਂਦੀਆਂ ਹਨ। ਉਹ ਕਹਿੰਦੇ ਹਨ ਕਿ ਕੈਨੇਡਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਕਸਰ ਇੰਡੀਆ ਤੋਂ ਧਾਰਮਿਕ ਪੁਸਤਕਾਂ ਇਕੱਠੀਆਂ ਮੰਗਵਾ ਲੈਂਦੇ ਹਨ, ਜਿਸ ਤੋਂ ਜਾਪਦਾ ਹੈ ਕਿ ਵਿਦੇਸ਼ਾਂ ਵਿੱਚ ਸਿੱਖ ਧਰਮ ਬਾਰੇ ਵਧੇਰੇ ਪੁਸਤਕਾਂ ਪੜ੍ਹੀਆਂ ਜਾਂਦੀਆਂ ਹਨ। ਧਾਰਮਿਕ ਪੁਸਤਕਾਂ ਪੜ੍ਹਨ ਵਾਲਿਆਂ ਦਾ ਘੇਰਾ ਬਹੁਤ ਹੀ ਸੀਮਤ ਹੈ, ਜਦੋਂ ਕਿ ਸਾਹਿਤ ਪੜ੍ਹਨ ਵਾਲਿਆਂ ਦਾ ਘੇਰਾ ਬਹੁਤ ਵਿਸ਼ਾਲ ਹੈ।
ਆਮ ਲੇਖਕਾਂ ਵਲੋਂ ਪੈਸੇ ਦੇ ਕੇ ਆਪਣੀਆਂ ਕਿਤਾਬਾਂ ਛਪਵਾਉਣ ਬਾਰੇ ਪੁੱਛੇ ਜਾਣ ’ਤੇ ਗੁਰਸਾਗਰ ਸਿੰਘ ਨੇ ਕਿਹਾ, “ਅਸੀਂ ਪੈਸੇ ਲੈ ਕੇ ਪੁਸਤਕਾਂ ਨਹੀਂ ਛਾਪਦੇ। ਪੈਸੇ ਲੈ ਕੇ ਕੰਟੈਂਟ (ਵਿਸ਼ਾ ਵਸਤੂ) ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਸਾਡੇ ਪਾਸ ਬਾਕਾਇਦਾ ਲੋੜੀਂਦਾ ਸਟਾਫ ਅਤੇ ਐਡੀਟੋਰੀਅਲ ਬੋਰਡ ਹੈ। ਅਸੀਂ ਪੁਸਤਕਾਂ ਦੇ ਖਰੜਿਆਂ ਨੂੰ ਬੜੇ ਧਿਆਨ ਨਾਲ ਵਾਚਦੇ ਹਨ। ਸਾਡੇ ਪਾਸ ਪਰੂਫ਼ ਰੀਡਰ ਹਨ, ਆਪਣਾ ਪ੍ਰੈਸ ਹੈ।”
1960-ਵਿਆਂ ਵਿੱਚ ਸਾਹਿਤਕ ਪੁਸਤਕਾਂ ਵੱਧ ਪੜ੍ਹੀਆਂ ਜਾਣ ਬਾਰੇ ਉਹ ਕਹਿੰਦੇ ਹਨ ਕਿ ਨਾਨਕ ਸਿੰਘ ਨਾਵਲਿਸਟ ਤੇ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ‘ਟਰੈਂਡ ਸੈਟਰ’ ਸਨ। ਉਨ੍ਹਾਂ ਦੀਆਂ ਪੁਸਤਕਾਂ ਧੜਾਧੜ ਵਿਕਦੀਆਂ ਸਨ। ਨਾਨਕ ਸਿੰਘ ਦਾ ਨਵਾਂ ਨਾਵਲ, ਜਿਸ ਦੀ ਛਪਣ ਗਿਣਤੀ ਅਕਸਰ 2200 ਕਾਪੀਆਂ ਹੁੰਦੀ ਸੀ, ਇੱਕ ਹਫ਼ਤੇ ਵਿੱਚ ਵਿਕ ਜਾਂਦਾ ਸੀ, ਪਰ ਹੁਣ ਗੁਰਦਿਆਲ ਸਿੰਘ ਦੇ ਨਾਵਲ ਵੀ ਇਸ ਤਰ੍ਹਾਂ ਨਹੀਂ ਵਿਕਦੇ। ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ ਦੇ ਮਾਲਕ ਤੇ ਨਾਨਕ ਸਿੰਘ ਦੇ ਸਪੁੱਤਰ ਕੁਲਬੀਰ ਸਿੰਘ ਸੂਰੀ ਵੀ ਇਹੋ ਕਹਿੰਦੇ ਹਨ ਕਿ ਬਾਊ ਜੀ ਦਾ ਨਵਾਂ ਨਾਵਲ ਛਪਣਾ ਹੁੰਦਾ ਸੀ ਤਾਂ ਕਿਤੇ ਛੋਟਾ ਜਿਹਾ ਇਸ਼ਤਿਹਾਰ ਦੇ ਦਿੰਦੇ, ਕਈ ਪਬਲਿਸ਼ਰ ਸਾਰੇ ਦਾ ਸਾਰਾ ਅਡੀਸ਼ਨ ਖਰੀਦਣ ਲਈ ਘਰ ਆ ਜਾਂਦੇ। ਮਨੀ ਆਰਡਰ ਰਾਹੀਂ 200-225 ਪਾਠਕਾਂ ਦੇ ਪੈਸੇ ਐਡਵਾਂਸ ਆ ਜਾਂਦੇ। ਹੁਣ ਅਜੀਤ ਵਰਗੇ ਅਖ਼ਬਾਰ ਵਿੱਚ ਇਸ਼ਤਿਹਾਰ ਦੇਣ ਨਾਲ ਵੀ ਮਸੀਂ 15-20 ਕਾਪੀਆਂ ਵਿਕਦੀਆਂ ਹਨ। ”
ਗੁਰਸਾਗਰ ਸਿੰਘ ਇਹ ਵੀ ਨਹੀਂ ਮੰਨਦੇ ਕਿ ਪੰਜਾਬੀ ਦੀਆਂ ਪੁਸਤਕਾਂ ਦੀ ਕੀਮਤ ਵੱਧ ਹੋਣ ਕਰਕੇ ਪੜ੍ਹਨ ਦਾ ਸ਼ੌਕ ਘਟ ਗਿਆ। ਉਹ ਕਹਿੰਦੇ ਹਨ ਕਿ ਸਿੱਖ ਧਰਮ, ਇਤਿਹਾਸ ਅਤੇ ਪੰਜਾਬ ਸਮੱਸਿਆ ਬਾਰੇ ਅੰਗਰੇਜ਼ੀ ਵਿੱਚ ਛਪੀਆਂ ਪੁਸਤਕਾਂ ਦੀ ਕੀਮਤ ਪੰਜਾਬੀ ਵਿੱਚ ਛਪੇ ਉਨ੍ਹਾਂ ਦੇ ਅਨੁਵਾਦਾਂ ਨਾਲੋਂ ਕਿਤੇ ਵੱਧ ਹੈ।
ਕੁਲਬੀਰ ਸਿੰਘ ਸੂਰੀ ਪੰਜਾਬੀ ਦੀਆਂ ਪੁਸਤਕਾਂ ਦੀ ਕੀਮਤ ਵੱਧ ਹੋਣ ਨੂੰ ਪੜ੍ਹਨ ਦੀ ਰੁਚੀ ਘਟਣ ਵਿੱਚ ਇੱਕ ‘ਫੈਕਟਰ’ ਮੰਨਦੇ ਹਨ। ਪਰ ਨਾਲ ਹੀ ਕਹਿੰਦੇ ਹਨ ਕਿ ਪੰਜਾਬੀਆਂ ਪਾਸ ਪੈਸੇ ਦੀ ਕੋਈ ਘਾਟ ਨਹੀਂ ਹੈ।
ਸਤੀਸ਼ ਗੁਲਾਟੀ (ਚੇਤਨਾ ਪ੍ਰਕਾਸ਼ਨ, ਲੁਧਿਆਣਾ), ਜੋ ਖੁਦ ਵੀ ਇੱਕ ਸਥਾਪਤ ਸਾਹਿਤਕਾਰ ਹਨ ਅਤੇ ਜੋ ਪ੍ਰਵਾਸੀ ਲੇਖਕਾਂ ਦੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਸਾਰੇ ਪਬਲਿਸ਼ਰਾਂ ਨਾਲੋਂ ਵੱਧ ਕਰ ਰਹੇ ਹਨ, ਇਹ ਮੰਨਣ ਲਈ ਉੱਕਾ ਹੀ ਤਿਆਰ ਨਹੀਂ ਕਿ ਨਵੀਂ ਪੀੜ੍ਹੀ ਵਿੱਚ ਸਾਹਿਤ ਪੜ੍ਹਨ ਦਾ ਰੁਝਾਣ ਘਟਿਆ ਹੈ ਜਾਂ ਪੰਜਾਬੀਆਂ ਦੀਆਂ ਪੁਸਤਕਾਂ ਘਟ ਵਿਕਦੀਆਂ ਹਨ। ਸਗੋਂ ਉਹ ਕਹਿੰਦੇ ਹਨ ਕਿ ਬਹਤ ਸਾਰੀਆਂ ਨਵੀਆਂ ਪੁਸਤਕਾਂ ਛਪ ਰਹੀਆਂ ਹਨ। ਇਹ ਅਖ਼ਬਾਰ ਵੀ ਤਾਂ ਸਾਹਿਤ ਦੀ ਪੂਰਤੀ ਕਰਦੇ ਹਨ। ਅੱਗੇ ਲੋਕ ਬੱਸਾਂ ’ਤੇ ਸਫਰ ਕਰਿਆ ਕਰਦੇ ਸਨ ਅਤੇ ਬੱਸ ਅੱਡਿਆਂ ਤੋਂ ਪੁਸਤਕਾਂ ਖਰੀਦ ਲੈਂਦੇ ਸਨ। ਹੁਣ ਕਾਰਾਂ, ਸਕੂਟਰ ਆਦਿ ਆ ਗਏ; ਜਿਸ ਕਾਰਨ ਕੇਵਲ ਬੱਸ ਅੱਡਿਆਂ ਉੱਤੇ ਕਿਤਾਬਾਂ ਦੀ ਵਿੱਕਰੀ ਘਟੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਕੂਲਾਂ ਕਾਲਜਾਂ ਵਿੱਚ ਆਪਣੀਆਂ ਛਾਪੀਆਂ ਪੁਸਤਕਾਂ ਦੀ ਨੁਮਾਇਸ਼ ਅਕਸਰ ਲਗਾਉਂਦੇ ਹਨ, ਜਿਨ੍ਹਾਂ ਦੀ ਚੰਗੀ ਸੇਲ ਹੋ ਜਾਂਦੀ ਹੈ। ਬੀ.ਏ. ਜਾਂ ਐਮ.ਏ. ਵਿੱਚ ਪੜ੍ਹਦੇ ਬੱਚੇ ਕਿਤਾਬਾਂ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਖਰੀਦਦੇ ਵੀ ਹਨ। ਅਖ਼ਬਾਰਾਂ ਅਤੇ ਯੂਨੀਵਰਸਿਟੀਆਂ ਸਾਹਿਤ ਪੜ੍ਹਨ ਨੂੰ ਪ੍ਰਮੋਟ ਕਰ ਰਹੀਆਂ ਹਨ।
ਉਹ ਇਹ ਗੱਲ ਵੀ ਨਹੀਂ ਮੰਨਦੇ ਹਨ ਕਿ ਬਹੁਤੇ ਲੇਖਕ ਪੈਸੇ ਦੇ ਕੇ ਕਿਤਾਬਾਂ ਛਪਵਾ ਕੇ ਵੰਡਦੇ ਹਨ। ਨਵੇਂ ਲੇਖਕ ਨੇ ਆਪਣੀ ਪਛਾਣ ਬਣਾਉਣੀ ਹੁੰਦੀ ਹੈ, ਇਸ ਲਈ ਉਹ ਪੈਸੇ ਦੇ ਕੇ ਪੁਸਤਕਾਂ ਛਪਵਾਉਂਦੇ ਹਨ ਅਤੇ ਦੂਸਰੇ ਲੇਖਕਾਂ ਨੂੰ ਭੇਟ ਕਰਦੇ ਹਨ। ਵੱਡੇ ਲੇਖਕ ਇਸ ਤਰ੍ਹਾਂ ਪੁਸਤਕਾਂ ਭੇਟ ਨਹੀਂ ਕਰਦੇ। ਗੁਲਾਟੀ ਇਸ ਗੱਲ ਤੇ ਵੀ ਸਹਿਮਤ ਨਹੀਂ ਕਿ ਨਵੀਂਆਂ ਪੁਸਤਕਾਂ ਦੀਆਂ ਕਾਪੀਆਂ ਘੱਟ ਛਪ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਵੀ ਪੁਸਤਕ 1100 ਕਾਪੀਆਂ ਤੋਂ ਘੱਟ ਨਹੀਂ ਛਪਦੀ। ਚੰਗੀਆਂ ਪੁਸਤਕਾਂ ਦੀਆਂ ਕਈ ਕਈ ਅਡੀਸ਼ਨਾਂ ਛਪ ਜਾਂਦੀਆਂ ਹਨ। ਉਹ ਚੰਗੀਆਂ ਪੁਸਤਕਾਂ ਉੱਤੇ ਪੈਸਾ ਵੀ ਇਨਵੈੱਸਟ ਕਰਦੇ ਹਨ।
ਇੱਕ ਗੱਲ ਤੇ ਸਾਰੇ ਸਹਿਮਤ ਹਨ ਕਿ ਹੁਣ ਨਵੀਆਂ ਕਿਤਾਬਾਂ ਬਹੁਤ ਛਪ ਰਹੀਆਂ ਹਨ। ਲੋਕਾਂ ਪਾਸ ਚੰਗੀਆਂ ਕਿਤਾਬਾਂ ਦੀ ਚੋਣ ਕਰਨ ਅਤੇ ਪੜ੍ਹਨ ਦਾ ਸਮਾਂ ਨਹੀਂ ਹੈ। ਜ਼ਿੰਦਗੀ ਵਿੱਚ ਝਮੇਲੇ ਹੀ ਇੰਨੇ ਵਧ ਗਏ ਹਨ। ਕਿਸੇ ਵੀ ਪਾਠਕ ਲਈ ਸਾਰੀਆਂ ਪੁਸਤਕਾਂ ਪੜ੍ਹ ਸਕਣਾ ਮੁਸ਼ਕਲ ਹੈ।
ਗੁਲਾਟੀ ਦਾ ਕਹਿਣਾ ਹੈ ਕਿ ਪੁਸਤਕਾਂ ਪ੍ਰਕਾਸ਼ਿਤ ਕਰਨਾ ਕੋਈ ਇੰਡਸਟਰੀ ਨਹੀਂ; ਜੇ ਅਜਿਹਾ ਹੁੰਦਾ ਤਾਂ ਇੱਥੇ ਬਹੁਤ ਸਾਰੇ ਪਬਲਿਸ਼ਰ ਹੋਣੇ ਸਨ। ਪੰਜਾਬੀ ਪੁਸਤਕਾਂ ਦੇ ਵਧੇਰੇ ਪਬਲਿਸ਼ਰ ਸਾਹਿਤਕ ਪਰਿਵਾਰਾਂ ਨਾਲ ਸਬੰਧ ਰਖਦੇ ਹਨ ਅਤੇ ਉਨ੍ਹਾਂ ਨੂੰ ਖੁਦ ਵੀ ਸਾਹਿਤ ਪੜ੍ਹਨ ਦਾ ਸ਼ੌਕ ਹੈ। ਬੇਦੀ ਦਾ ਕਹਿਣਾ ਹੈ ਕਿ ਕਿਤਾਬਾਂ ਛਾਪਣਾ ਮੇਰਾ ‘ਇਸ਼ਕ’ ਹੈ। ਬਤੌਰ ਪਬਲਿਸ਼ਰ ਮੋਹਨ ਸਿੰਘ ਰਾਹੀ ਕੋਈ ਬਹੁਤ ਚੰਗਾ ਭਵਿੱਖ ਨਹੀਂ ਦੇਖਦੇ। ਉਹ ਕਹਿੰਦੇ ਹਨ ਕਿ ਹੁਣ ਤਾਂ ‘ਕੰਬਲ’ ਵਾਲੀ ਕਹਾਣੀ ਹੈ। ਅਸੀਂ ਤਾਂ ਇਸ ‘ਕੰਬਲ’ ਨੂੰ ਛੱਡਦੇ ਹਾਂ ਪਰ ਇਹ ‘ਕੰਬਲ’ ਸਾਨੂੰ ਨਹੀਂ ਛੱਡ ਰਿਹਾ। ਗੁਜ਼ਾਰਾ ਹੋ ਰਿਹਾ ਹੈ ਪਰ ਹੁਣ ਸਟੈਂਡਰਡ ਵੱਧ ਗਿਆ ਹੈ। ਖਰਚੇ ਵਧ ਗਏ ਹਨ।
ਕੁਲਬੀਰ ਸਿੰਘ ਸੂਰੀ ਵੀ ਬਤੌਰ ਪੰਜਾਬੀ ਪਬਲਿਸ਼ਰ ਬਹੁਤਾ ਚੰਗਾ ਭਵਿੱਖ ਨਹੀਂ ਦੇਖਦੇ। ਪਰ ਗੁਰਸਾਗਰ ਸਿੰਘ ਤਾਂ ਬਹੁਤ ਹੀ ਆਸ਼ਾਵਾਦੀ ਹਨ। ਉਹ ਕਹਿੰਦੇ ਹਨ, “ਚੰਗੀਆਂ ਪੁਸਤਕਾਂ ਹਮੇਸ਼ਾ ਪੜ੍ਹੀਆਂ ਜਾਣਗੀਆਂ। ਲੋੜ ਕੇਵਲ ਲੋਕਾਂ ਦੇ ਦਰਦ ਨੂੰ ਸਮਝ ਕੇ ਸਾਹਿਤ ਰਚਣ ਦੀ ਹੈ।” ਪਰਦੁਮਨ ਬੇਦੀ ਅਤੇ ਤੇਜਿੰਦਰਬੀਰ ਸਿੰਘ ਵੀ ਆਸ਼ਾਵਾਦੀ ਹਨ ਤੇ ਕਹਿੰਦੇ ਹਨ, “ਆਖਰ ਅਸੀਂ ਇਸ ਕਿੱਤੇ ਤੋਂ ਰੋਟੀ ਖਾ ਹੀ ਰਹੇ ਹਾਂ।”
ਸਤੀਸ਼ ਗੁਲਾਟੀ ਇਨ੍ਹਾਂ ਤੋਂ ਵੀ ਵੱਧ ਆਸ਼ਾਵਾਦੀ ਹਨ। ਉਹ ਕਹਿੰਦੇ ਹਨ ਕਿ ਇੱਥੇ ਦੁਕਾਨ ਤੇ ਵੀ ਸਾਡੀਆਂ ਕਿਤਾਬਾਂ ਦੀ ਵਿੱਕਰੀ ਠੀਕ ਹੋ ਰਹੀ ਹੈ। ਸਾਡਾ ਗੁਜ਼ਾਰਾ ਵੀ ਚੰਗਾ ਹੋ ਰਿਹਾ ਹੈ।” ਇਨ੍ਹਾਂ ਪੁਸਤਕਾਂ ਸਦਕਾ ਉਹ ਪਿਛਲੇ ਕਈ ਸਾਲਾਂ ਤੋਂ ਲਗਭਗ ਹਰ ਸਾਲ ਅਮਰੀਕਾ ਤੇ ਕੈਨੇਡਾ ਦਾ ਇੱਕ ਚੱਕਰ ਵੀ ਲਗਾ ਆਉਂਦੇ ਹਨ। ਨਵੀਆਂ ਛਪੀਆਂ ਪੁਸਤਕਾਂ ਉੱਥੇ ਦੇ ਆਉਂਦੇ ਹਨ ਤੇ ਹੋਰ ਨਵੀਆਂ ਕਿਤਾਬਾਂ ਛਾਪਣ ਲਈ ਖਰੜੇ ਲੈ ਆਉਂਦੇ ਹਨ।
*****
# 241 ਸੈਂਟਰਲ ਟਾਊਨ ਦਾਦ,ਪਖੋਵਾਲ ਰੋਡ, ਲੁਧਿਆਣਾ-142022
e-mail: hsbhanwer@rediffmail.com
Cell: 91-98146-39649
( 18 ਜੂਨ 2007) ਯੂਨੀਕੋਡ
ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:>>>>>>
e-mail:
ਲਿਖਾਰੀ
© likhari: Punjabi Likhari Forum-2001-2007