ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਕੀ ਰੰਗ ਲਿਆਏਗਾ ਡੇਰਾ ਸਿਰਸਾ ਅਤੇ ਸਿੱਖ-ਪੰਥ ਦਾ ਆਪਸੀ ਟਕਰਾਅ?

ਹਰਬੀਰ ਸਿੰਘ ਭੰਵਰ, ਲੁਧਿਆਣਾ


ਪਿਛਲੇ ਦਿਨੀਂ ਸਿੱਖ-ਪੰਥ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਦਰਮਿਆਨ ਹੋਈਆਂ ਹਿੰਸਕ ਝੜਪਾਂ ਨੇ ਸਮੂਹ ਪੰਜਾਬੀਆਂ, ਵਿਸ਼ੇਸ਼ ਕਰ ਕੇ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਜਾਪਦਾ ਸੀ ਕਿ ਪੰਜਾਬ ਵਿੱਚ 1978 ਦੀ ਵਿਸਾਖੀ ਪਿੱਛੋਂ ਪੈਦਾ ਹੋਈ ਤਨਾਅਪੂਰਨ ਸਥਿਤੀ ਵਰਗੇ ਹਾਲਾਤ ਬਣ ਜਾਣਗੇ। ਸਰਬ-ਧਰਮ ਦੇ ਆਗੂਆਂ ਨੇ ਤਨਾਓ ਨੂੰ ਘਟਾਉਣ ਲਈ ਆਪਣਾ ਸਾਰਾ ਜ਼ੋਰ ਲਾਇਆ ਹੈ। ਹੁਣ ਧਰਾਤਲ ’ਤੇ ਦੇਖਣ ਨੂੰ ਹਾਲਾਤ ਨਾਰਮਲ ਲਗਦੇ ਹਨ, ਪਰ ਇਹ ਸ਼ਾਂਤੀ ਕਿਤੇ ਤੂਫਾਨ ਆਉਣ ਤੋਂ ਪਹਿਲਾਂ ਵਾਲੀ ਖਾਮੋਸ਼ੀ ਨਾ ਹੋਵੇ।

ਇਸ ਵਿਸਫੋਟਿਕ ਸਥਿਤੀ ਦੇ ਪੈਦਾ ਹੋਣ ਦਾ ਮੁੱਖ ਕਾਰਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਲੋਂ 11 ਮਈ ਨੂੰ ਡੇਰਾ ਸਲਾਵਤਪੁਰਾ ਜ਼ਿਲਾ ਬਠਿੰਡਾ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਲਿਬਾਸ ਪਹਿਨ ਕੇ, ਸਿਰ ’ਤੇ ਕਲਗੀ ਲਾ ਕੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਣਾ ਕਰਨ ਸਮੇਂ ਅੰਮ੍ਰਿਤ ਛਕਾਉਣ ਦੀ ਨਕਲ ਕਰਦਿਆਂ ਆਪਣੇ ਪੈਰੋਕਾਰਾਂ ਨੂੰ ‘ਰੂਹਾਨੀ ਜਾਮ’ ਪਿਲਾ ਕੇ ‘ਇੰਸਾਂ’ ਬਣਾਇਆ, ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਅੱਗੇ ਨੂੰ ਆਪਣੇ ਨਾਂ ਨਾਲ ਆਪਣੀ ਜ਼ਾਤ ਜਾਂ ਗੋਤ ਨਾ ਲਿਖਣ ਸਗੋਂ ‘ਇੰਸਾਂ’ ਲਿਖਣ। ਦਸ਼ਮੇਸ਼ ਪਿਤਾ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਉਨ੍ਹਾਂ ਕੋਲੋਂ ਖੁਦ ਅੰਮ੍ਰਿਤ ਛਕਿਆ। ਕਿਹਾ ਜਾਂਦਾ ਹੈ ਕਿ ਇਸ ਰਾਮ ਰਹੀਮ ਸਿੰਘ ਨੇ ਆਪਣੇ ਛੇ ਪਿਆਰਿਆਂ ਜਾਂ ਸਿਤਾਰਿਆਂ ਨੂੰ ‘ਰੁਹਾਨੀ ਜਾਮ’ ਪਿਲਾ ਕੇ ਫਿਰ ਉਨ੍ਹਾਂ ਕੋਲੋਂ ਆਪ ਜਾਮ ਪੀਤਾ। ਇਹ ਵੀ ਕਿਹਾ ਜਾਂਦਾ ਹੈ ਕਿ ਇਸਦੇ ਦੋ ਪੱਤਰਾਂ ਦੇ ਨਾਂ ਅੱਗੇ ਸਾਹਿਬਜ਼ਾਦਾ ਉਪਨਾਮ ਲਾਇਆ ਜਾਂਦਾ ਹੈ। ਇਹ ਗੱਲ ਭਾਂਬੜ ਬਣ ਕੇ ਸ਼ਾਇਦ ਇੱਕ ਦਮ ਨਾ ਭੜਕਦੀ ਜੇਕਰ ਇਸ ਸਾਰੇ ਪਾਖੰਡ ਬਾਰੇ ਐਤਵਾਰ 13 ਮਈ ਨੂੰ ਇੱਕ ਪ੍ਰਮੁੱਖ ਪੰਜਾਬੀ ਅਖ਼ਬਾਰ ਵਿੱਚ ਇਸ਼ਤਿਹਾਰ ਨਾ ਛਪਦਾ; ਜਿਸ ਵਿੱਚ ਕਿਹਾ ਗਿਆ, “ਮਰ ਰਹੀ ਇਨਸਾਨੀਅਤ ਨੂੰ ਦੁਬਾਰਾ ਜ਼ਿੰਦਾ ਕਰ ਕੇ ਡੇਰਾ ਸੱਚਾ ਸੌਦਾ ਸਿਰਸਾ ਦੇ ‘ਪੂਜਨੀਕ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸ਼ਾਂ’ ਨੇ ਲੱਖਾਂ ਲੋਕਾਂ ਨੂੰ ਆਪਣੀ ਪਾਵਨ ਰਹਿਮਤ ਨਾਲ ‘ਰੂਹਾਨੀ ਜਾਮ’ ਪਿਆ ਕੇ ‘ਇਸਾਂ’ ਬਣਾਇਆ।” ਇਹ ਵੀ ਕਿਹਾ ਗਿਆ, “ਇਹ ਕੋਈ ਧਰਮ ਬਦਲਾਵ ਨਹੀਂ, ਸਗੋਂ ਆਪਣੇ ਆਪਣੇ ਧਰਮ ਵਿੱਚ ਰਹਿੰਦੇ ਹੋਏ ਸਾਰੇ ਧਰਮਾਂ ਨੂੰ ਇੱਕ ਅਤੇ ਇਨਸਾਨੀਅਤ ਨੂੰ ਮੰਨਣਾ ਹੈ।” ਹੇਠਾਂ ਗੁਰਮਤਿ ਰਹਿਤ ਮਰਯਾਦਾ ਦੀ ਨਕਲ ਕਰਦਿਆਂ ਡੇਰਾ ਸੱਚਾ ਸੌਦਾ ਦੇ ‘ਇੰਸਾਂ’ ਲਈ 47 ਨਿਯਮ ਦਿੱਤੇ ਗਏ ਸਨ।

ਅਖ਼ਬਾਰ ਵਿੱਚ ਤਸਵੀਰ ਸਮੇਤ ਇਸ਼ਤਿਹਾਰ ਦੇਖ ਕੇ ਅਨੇਕਾਂ ਹੀ ਸਿੱਖ ਸੰਸਥਾਵਾਂ ਅਤੇ ਜੱਥੇਬੰਦੀਆਂ ਨੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਸਵਾਂਗ ਦਾ ਗੰਭੀਰ ਨੋਟਿਸ ਲਿਆ ਅਤੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ। ਬਠਿੰਡਾ ਵਿੱਚ ਡੇਰਾ ਪ੍ਰੇਮੀਆਂ ਅਤੇ ਸਿੱਖ ਜਥੇਬੰਦੀਆਂ ਵਿੱਚ ਹਿੰਸਕ ਝੜਪਾਂ ਹੋਈਆਂ। ਕਈ ਥਾਵਾਂ ’ਤੇ ਕੁੱਝ ਭੰਨਤੋੜ ਵੀ ਹੋਈ। ਪਾਰਲੀਮੈਂਟ ਵਿੱਚ ਸਿੱਖ ਮੈਂਬਰਾਂ ਨੇ ਇਸ ਵਿਰੁੱਧ ਆਵਾਜ਼ ਉਠਾਈ ਅਤੇ ਡੇਰਾ ਮੁਖੀ, ਜਿਸ ਵਿਰੁੱਧ ਪਹਿਲਾਂ ਹੀ ਦੇਸ਼ ਦੀ ਪ੍ਰਮੁੱਖ ਏਜੰਸੀ ਸੀ.ਬੀ.ਆਈ. ਬਲਾਤਕਾਰ ਅਤੇ ਕਤਲ ਦੇ ਕੇਸਾਂ ਬਾਰੇ ਜਾਂਚ ਕਰ ਰਹੀ ਹੈ, ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਕਈ ਜਥੇਬੰਦੀਆਂ ਨੇ ਰਾਮ ਰਹੀਮ ਤੋਂ ਸਿੱਖ ਜਗਤ ਤੋਂ ਮੁਆਫੀ ਮੰਗਣ ਦੀ ਗੱਲ ਵੀ ਕੀਤੀ। ਸਿੱਖ-ਪੰਥ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਇਸਦਾ ਸਖ਼ਤ ਨੋਟਿਸ ਲੈਂਦਿਆਂ 17 ਮਈ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਜ ਸਿੰਘ ਸਾਹਿਬਾਨ ਤੇ ਸਮੂਹ ਸਿੱਖ ਜੱਥੇਬੰਦੀਆਂ ਦੇ ਪ੍ਰਤੀਨਧਾਂ ਦੀ ਇੱਕ ਇਕੱਤਰਤਾ ਬੁਲਾ ਲਈ। ਇਸ ਦਿਨ ਡੇਰਾ ਸੱਚਾ ਸੌਦਾ ਦੇ ਮੁਕੰਮਲ ਬਾਈਕਾਟ ਦਾ ਸੱਦਾ ਦੇਣ ਤੋਂ ਬਿਨਾਂ ਪੰਜਾਬ, ਹਰਿਆਣਾ ਅਤੇ ਕੇਂਦਰੀ ਸਰਕਾਰਾਂ ਨੂੰ ਅਟਲੀਮੇਟਮ ਦੇ ਕੇ ਡੇਰਾ ਮੁਖੀ ਨੂੰ 20 ਮਈ ਤੱਕ ਗ੍ਰਿਫਤਾਰ ਕਰਨ ਅਤੇ ਪੰਜਾਬ ਵਿਚਲੇ ਡੇਰੇ ਸੀਲ ਕਰਨ ਦਾ ਆਦੇਸ਼ ਦਿੱਤਾ ਗਿਆ। ਇਹ ਵੀ ਕਿਹਾ ਗਿਆ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਪੰਥ ਇਸ ਬਾਰੇ ਖੁਦ ਫੈਸਲਾ ਕਰੇਗਾ। ਇਸ ਦਿਨ ਤਲਵੰਡੀ ਸਾਬੋ ਵਿਖੇ ਸਿੱਖਾਂ ਦਾ ਬਹੁਤ ਭਾਰੀ ਇਕੱਠ ਹੋਇਆ। ਵਾਪਸੀ ਸਮੇਂ ਇੱਕ ਦੋ ਥਾਂਵਾਂ ਤੇ ਡੇਰਾ ਪ੍ਰੇਮੀਆਂ ਨਾਲ ਝੜਪਾਂ ਹੋਈਆਂ। ਸੁਨਾਮ ਵਿੱਚ ਡੇਰਾ ਪ੍ਰੇਮੀਆਂ ਵਲੋਂ ਚਲਾਈਆਂ ਗੋਲੀਆਂ ਨਾਲ ਕੰਵਲਜੀਤ ਸਿੰਘ ਨਾਂ ਦਾ ਇੱਕ ਨੌਜਵਾਨ ਸ਼ਹੀਦ ਹੋ ਗਿਆ ਅਤੇ ਕਈ ਫੱਟੜ ਹੋਏ।

ਡੇਰੇ ਵਲੋਂ 19 ਮਈ ਸ਼ਾਮ ਨੂੰ ਇੱਕ ਬਿਆਨ ਜਾਰੀ ਕਰ ਕੇ ਕਿਹਾ ਗਿਆ, “ਪਿਛਲੇ ਕੁੱਝ ਦਿਨਾਂ ਤੋਂ ਜੋ ਘਟਨਾਵਾਂ ਹੋ ਰਹੀਆਂ ਹਨ, ਉਨ੍ਹਾਂ ਨਾਲ ਸਾਨੂੰ ਬਹੁਤ ਦੁੱਖ ਹੋਇਆ ਹੈ। 13 ਮਈ 2007 ਨੂੰ ਅਖ਼ਬਾਰਾਂ ਵਿੱਚ ਛਪੇ ਇਸ਼ਤਿਹਾਰਾਂ ਨੂੰ ਲੈ ਕੇ ਜੋ ਗਲਤਫਹਿਮੀ ਪੈਦਾ ਹੋਈ ਹੈ, ਉਹ ਬਹੁਤ ਹੀ ਅਫਸੋਸਨਾਕ ਹੈ। ਸਾਡੇ ਦਿਲ ਵਿੱਚ ਸਿੱਖ ਧਰਮ ਦੇ ਗੁਰੂਆਂ ਲਈ ਬਹੁਤ ਇੱਜ਼ਤ ਹੈ ਅਤੇ ਅਸੀਂ ਸਾਰੇ ਸਿੱਖਾਂ ਤੇ ਸਮੁੱਚੀ ਇਨਸਾਨੀਅਤ ਨਾਲ ਬਹੁਤ ਪਿਆਰ ਕਰਦੇ ਹਾਂ। ਸਭ ਦਾ ਭਲਾ ਚਾਹੁੰਦੇ ਹਾਂ ਅਤੇ ਯਤਨ ਕਰਦੇ ਹਾਂ ਕਿ ਕਦੀ ਵੀ ਕਿਸੇ ਦਾ ਦਿਲ ਨਾ ਦੁਖੇ। ਅਸੀਂ ਕਦੀ ਵੀ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਸੇ ਵੀ ਤਰੀਕੇ ਨਾਲ ਨਕਲ ਨਹੀਂ ਕੀਤੀ। ਇਸ ਸਾਰੇ ਘਟਨਾਕ੍ਰਮ ’ਤੇ ਸਾਨੂੰ ਖੇਦ ਹੈ।” ਪੰਜ ਸਿੰਘ ਸਾਹਿਬਾਨ ਨੇ 20 ਮਈ ਨੂੰ ਅੰਮ੍ਰਿਤਸਰ ਵਿਖੇ ਹੋਈ ਆਪਣੀ ਇਕੱਤਰਤਾ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਉਣ ਲਈ ਡੇਰਾ ਮੁਖੀ ਨੂੰ ਸਮੁੱਚੇ ਸਿੱਖ ਪੰਥ ਤੋਂ ਮੁਆਫੀ ਮੰਗਣ ਲਈ ਕਿਹਾ। 22 ਮਈ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਅਤੇ 27 ਮਈ ਤੱਕ ਪੰਜਾਬ ਵਿੱਚਲੇ ਸਾਰੇ ਡੇਰੇ ਬੰਦ ਕਰਨ ਲਈ ਆਦੇਸ਼ ਜਾਰੀ ਕੀਤਾ। ਸਿੰਘ ਸਾਹਿਬਾਨ ਨੇ 31 ਮਈ ਨੂੰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕਰ ਕੇ ਪੰਥ ਵਲੋਂ ਪੰਜਾਬ ਤੇ ਹਰਿਆਣਾ ਦੇ ਗਵਰਨਰਾਂ ਨੂੰ ਡੇਰੇ ਵਿਰੁੱਧ ਮੈਮੋਰੈਂਡਮ ਦੇਣ ਦਾ ਵੀ ਫੈਸਲਾ ਕੀਤਾ। ਇਸ ਦਿੱਤੇ ਗਏ ਪ੍ਰੋਗਰਾਮ ਅਨੁਸਾਰ 22 ਮਈ ਨੂੰ ਪੰਜਾਬ-ਬੰਦ ਸ਼ਾਂਤੀਪੂਰਬਕ ਢੰਗ ਨਾਲ ਪੂਰਨ ਕਾਮਯਾਬ ਰਿਹਾ। ਅੰਬਾਲਾ ਅਤੇ ਜੰਮੂ ਵਿੱਚ ਵੀ ਬੰਦ ਰਿਹਾ।

ਇਸੇ ਦੌਰਾਨ ਆਰੀਆ ਸਮਾਜੀ ਨੇਤਾ ਸਵਾਮੀ ਅਗਨੀਵੇਸ਼ ਦੀ ਅਗਵਾਈ ਵਿੱਚ ਸਰਵ-ਧਰਮ ਡੈਲੀਗੇਸ਼ਨ ਨੇ ਇਹ ਮਸਲਾ ਸੁਲਝਾਉਣ ਲਈ ਯਤਨ ਆਰੰਭੇ ਅਤੇ ਡੇਰਾ ਮੁਖੀ ਤੇ ਮੁੱਖ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵੀ ਡੇਰਾ ਮੁਖੀ ਨੂੰ ਮੁਆਫੀ ਮੰਗਣ ਦੀ ਸਲਾਹ ਦਿੱਤੀ। ਸਵਾਮੀ ਅਗਨੀਵੇਸ਼ ਦੇ ਆਖਣ ਅਨੁਸਾਰ ਡੇਰਾ ਮੁਖੀ ਨੂੰ ਕੁੱਝ ਠੋਸ ਸੁਝਾ ਦਿੱਤੇ ਗਏ ਸਨ। ਡੇਰੇ ਵਲੋਂ 27 ਮਈ ਸ਼ਾਮ ਨੂੰ ਇੱਕ ਪ੍ਰੈਸ ਨੋਟ ਜਾਰੀ ਕਰ ਕੇ ਸਾਰੇ ਘਟਨਾਕ੍ਰਮ ਲਈ ਗੁਰੂ ਗੋਬਿੰਦ ਸਿੰਘ ਜੀ ਤੋਂ ਮੁਆਫੀ ਮੰਗੀ ਗਈ, ਜਿਸ ਵਿੱਚ ਕਿਹਾ ਗਿਆ ਕਿ ਡੇਰਾ ਮੁਖੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਜਾਂ ਨਕਲ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦਾ। ਡੇਰਾ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਪਿਛਲੇ ਦਿਨਾਂ ਤੋਂ ਚੱਲਿਆ ਘਟਨਾਕ੍ਰਮ ਚਿੰਤਾ ਦਾ ਵਿਸ਼ਾ ਹੈ ਅਤੇ ਉਪਜੀਆਂ ਗਲਤਫਹਿਮੀਆਂ ਬਹੁਤ ਅਫਸੋਸਨਾਕ ਹਨ। ਇਸ ਲਈ ਡੇਰਾ ਪਹਿਲਾਂ ਹੀ ਖੇਦ ਪ੍ਰਗਟ ਕਰ ਚੁੱਕਿਆ ਹੈ, ਫਿਰ ਵੀ ਅਸੀਂ ਮਾਨਵਤਾ ਦੇ ਹਿਤ ਵਿੱਚ ਰੂਹਾਨੀਅਤ ਦੇ ਸੱਚੇ ਰਹਿਬਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮੁਆਫੀ ਮੰਗਦੇ ਹਾਂ। 29 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕਤ੍ਰੇਤ ਵਿਖੇ ਹੋਈ ਇਕੱਤਰਤਾ ਵਿੱਚ ਪੰਜ ਸਿੰਘ ਸਾਹਿਬਾਨ ਨੇ ਡੇਰੇ ਵਲੋਂ ਜਾਰੀ ਇਹ ਮੁਆਫੀਨਾਮਾ ਅਪ੍ਰਵਾਨ ਕਰ ਦਿੱਤਾ। ਸਿੰਘ ਸਾਹਿਬਾਨ ਨੇ ਕਿਹਾ ਕਿ ਇਸ ਮੁਆਫੀਨਾਮਾ ਵਾਲੇ ਪੱਤਰ ਵਿੱਚ ਵਰਤੀ ਗਈ ਸ਼ਬਦਾਵਲੀ ਨੂੰ ਅਤੇ ਪ੍ਰਗਟ ਭਾਵਨਾਵਾਂ ਨੂੰ ਡੂੰਘਾਈ ਨਾਲ ਦੇਖਣ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਡੇਰੇ ਦਾ ਮੁਖੀ ਹੰਕਾਰੀ ਅਤੇ ਸ਼ਾਤਰ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਸੱਚ ਉੱਪਰ ਚੱਲਣ ਵਾਲਾ ਵਿਅਕਤੀ ਨਿਰਭੈ ਹੋ ਕੇ ਭੁੱਲਾਂ ਦੀ ਖਿਮਾ ਮੰਗਦਾ ਹੈ ਜਦ ਕਿ ਕਮਜ਼ੋਰ ਤੇ ਬੁਜ਼ਦਿਲ ਆਪਣੇ ਬਚਾਅ ਲਈ ਪੈਰੋਕਾਰਾਂ ਦੇ ਪਿੱਛੇ ਲੁਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਤਾਂ ਸਦਾ ਬਖ਼ਸ਼ਣਹਾਰ ਹੈ। ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪੁੱਜੀ ਹੈ, ਇਸ ਲਈ ਖਾਲਸਾ-ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ 17 ਮਈ ਨੂੰ ਜਾਰੀ ਹੋਇਆ ਹੁਕਮਨਾਮਾ ਲਾਗੂ ਰਹੇਗਾ ਅਤੇ ਡੇਰੇ ਨੂੰ ਜੜੋਂ ਪੁੱਟਣ ਤੱਕ ਸ਼ਾਂਤਮਈ ਸੰਘਰਸ਼ ਜਾਰੀ ਰਹੇਗਾ। ਸਿੰਘ ਸਾਹਿਬਾਨ ਨੇ ਡੇਰਾ ਮੁਖੀ ਨੂੰ ਤਾੜਨਾ ਕੀਤੀ ਕਿ ਉਹ ਦੂਸਰੇ ਧਰਮਾਂ ਨੂੰ ਮੰਨਣ ਵਾਲਿਆਂ ਦੇ ਜਜ਼ਬਾਤਾਂ ਨੂੰ ਠੇਸ ਨਾ ਪਹੁੰਚਾਵੇ, ਅਤੇ ਨਾ ਹੀ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਰੇ। ਰੋਸ ਮਾਰਚ ਤੋਂ ਇੱਕ ਦਿਨ ਪਹਿਲਾਂ ਸ਼ਾਇਦ ਹੁਕਮਰਾਨ ਅਕਾਲੀ ਦਲ ਦੇ ਦਬਾਓ ਹੇਠ ਸ਼੍ਰੋਮਣੀ ਕਮੇਟੀ ਨੇ ਮਾਰਚ ਚੰਡੀਗੜ੍ਹ ਤੱਕ ਲੈ ਜਾਣ ਦੀ ਬਜਾਏ ਗੁਰਦੁਆਰਾ ਜਯੋਤੀ ਸਰੂਪ ਫਤਹਿਗੜ੍ਹ ਸਾਹਿਬ ਤੱਕ ਹੀ ਸੀਮਤ ਕਰ ਦਿੱਤਾ ਅਤੇ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਇੱਕ 11-ਮੈਂਬਰੀ ਡੈਲੀਗੇਸ਼ਨ ਚੰਡੀਗੜ੍ਹ ਮੈਮੋਰੈਂਡਮ ਦੇਣ ਲਈ ਜਾਵੇਗਾ। ਸੋਧੇ ਗਏ ਪ੍ਰੋਗਰਾਮ ਅਨੁਸਾਰ 31 ਮਈ ਨੂੰ ਸ਼ਾਂਤਮਈ ਰੋਸ ਮਾਰਚ ਗੁਰਦੁਆਰਾ ਜਯੋਤੀ ਸਰੂਪ ਪੁੱਜਾ। ਪੰਜਾਬ ਅਤੇ ਹਰਿਆਣਾ ਦੇ ਗਵਰਨਰਾਂ ਦੇ ਏ.ਡੀ.ਸੀ, ਮੈਮੋਰੈਂਡਮ ਲੈਣ ਲਈ ਗੁਰਦੁਆਰਾ ਜਯੋਤੀ ਸਰੂਪ ਫਤਹਿਗੜ੍ਹ ਸਾਹਿਬ ਹੀ ਆ ਗਏ। ਜਾਪਦਾ ਹੈ ਕਿ ਹੁਕਮਰਾਨ ਪਾਰਟੀ ਨੇ ਇਹ ਸਭ ਪ੍ਰਬੰਧ ਪਰਦੇ ਪਿੱਛੇ ਕੀਤਾ।

ਉਸ ਦਿਨ ਤੋਂ ਬਾਅਦ ਸਿੰਘ ਸਾਹਿਬਾਨ ਤਾਂ ਖਾਮੋਸ਼ ਹਨ, ਪਰ ਸੰਤ ਸਮਾਜ ਨੇ ਦੋ ਜੂਨ ਨੂੰ ਲੁਧਿਆਣਾ ਵਿਖੇ ਆਪਣੀ ਮੀਟਿੰਗ ਕਰ ਕੇ ਐਲਾਨ ਕੀਤਾ ਹੈ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਜੇਕਰ 18 ਜੂਨ ਤੱਕ ਡੇਰਾ ਮੁਖੀ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ 19 ਜੂਨ ਨੂੰ ਸੰਤ ਸਮਾਜ ਨਾਲ ਜੁੜੇ ਮਹਾਂਪੁਰਸ਼ ਪੰਜਾਬ ਭਵਨ ਚੰਡੀਗੜ੍ਹ ਜਾ ਕੇ ਆਪਣੀ ਗ੍ਰਿਫਤਾਰੀ ਦੇਣਗੇ। ਬਾਦਲ ਵਿਰੋਧੀ ਪੰਥਕ ਜਥੇਬੰਦੀਆਂ ਨੇ ਤਿੰਨ ਜੂਨ ਨੂੰ ਗੁਰਦਆਰਾ ਸ਼ਹੀਦਾਂ ਲੁਧਿਆਣਾ ਵਿਖੇ ਇੱਕ ਇਕੱਤਰਤਾ ਕਰ ਕੇ ਜਿੱਥੇ ਸੰਤ ਸਮਾਜ ਦੇ ਪ੍ਰੋਗਰਾਮ ਦੀ ਹਿਮਾਇਤ ਕੀਤੀ, ਉੱਥੇ 11 ਜੂਨ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮਨਾਮਾ ਲਾਗੂ ਕਰਨ ਲਈ ਅਪੀਲ ਕਰਨ ਅਤੇ 24 ਜੂਨ ਨੂੰ ਦੀਨਾ ਕਾਂਗੜ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਰੋਸ ਮਾਰਚ ਕਰ ਕੇ ਅਗਲਾ ਪੋਗਰਾਮ ਉਲੀਕਣ ਦਾ ਐਲਾਨ ਕੀਤਾ।

ਇਸ ਮਸਲੇ ਦੇ ਕਈ ਧਾਰਮਿਕ ਅਤੇ ਰਾਜਸੀ ਪਹਿਲੂ ਹਨ। ਪੰਜਾਬ ਅਤੇ ਹਰਿਆਣਾ ਵਿੱਚ ਡੇਰਿਆਂ ਦੀ ਭਰਮਾਰ ਹੈ, ਹਰ ਡੇਰੇਦਾਰ ਦਾ ਆਪਣੇ ਆਪਣੇ ਇਲਾਕੇ ਵਿੱਚ ਆਮ ਲੋਕਾਂ ਉੱਤੇ ਕਾਫੀ ਪ੍ਰਭਾਵ ਵੀ ਹੈ। ਕਈਆਂ ਨੂੰ ਸਿਆਸੀ ਸਮਰਥਨ ਵੀ ਮਿਲਦਾ ਹੈ। ਡੇਰਾ ਸਿਰਸਾ 1948 ਵਿੱਚ ਸ਼ੁਰੂ ਹੋਇਆ ਦੱਸਿਆ ਜਾਂਦਾ ਹੈ ਅਤੇ ਇਸਦਾ ਪੰਜਾਬ ਵਿਸ਼ੇਸ਼ ਕਰ ਕੇ ਮਾਲਵਾ ਖੇਤਰ, ਹਰਿਆਣਾ ਅਤੇ ਰਾਜਸਥਾਨ ਦੇ ਗੰਗਾਨਗਰ-ਬੀਕਾਨੇਰ ਦੇ ਖੇਤਰਾਂ ਵਿੱਚ ਬਹੁਤ ਪ੍ਰਭਾਵ ਹੈ। ਮੌਜੂਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਰਾਜਸਥਾਨ ਦਾ ਹੀ ਰਹਿਣ ਵਾਲਾ ਹੈ ਅਤੇ ਸ਼ੁਰੂ ਤੋਂ ਹੀ ਕਾਫੀ ਵਿਵਾਦਗ੍ਰਸਤ ਰਿਹਾ ਹੈ। ਕਿਹਾ ਜਾਂਦਾ ਹੈ ਕਿ ਚੋਟੀ ਦੇ ਖਾੜਕੂ ਗੁਰਜੰਟ ਸਿੰਘ ਰਾਜਸਥਾਨੀ ਦਾ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਅਤਿਵਾਦ ਦੇ ਦਿਨਾਂ ਵਿੱਚ ਹੀ ਉਸਦੇ ਸਮਰਥਨ ਨਾਲ ਇਸ ਨੇ ਇਸ ਡੇਰੇ ਉੱਤੇ ਕਬਜ਼ਾ ਕੀਤਾ ਸੀ। ਡੇਰਾ ਮੁਖੀ ਉੱਤੇ ਇੱਕ ਸਾਧਵੀ ਦੇ ਬਲਾਤਕਾਰ ਅਤੇ ਇਸਦੇ ਪਹਿਲੇ ਮੈਨੇਜਰ ਰਣਜੀਤ ਸਿੰਘ ਅਤੇ ਇੱਕ ਸਥਾਨਕ ਪੱਤਰਕਾਰ ਦੇ ਕਤਲ ਬਾਰੇ ਸੀ.ਬੀ.ਆਈ. ਪਿਛਲੇ 4-5 ਸਾਲਾਂ ਤੋਂ ਜਾਂਚ ਕਰ ਰਹੀ ਹੈ। ਪਰ ਡੇਰਾ ਪ੍ਰੇਮੀ ਇਸ ਜਾਂਚ ਵਿੱਚ ਅੜਿੱਕਾ ਪਾ ਰਹੇ ਹਨ, ਜਿਸ ਕਾਰਨ ਜਾਂਚ ਪੂਰੀ ਨਹੀਂ ਹੋ ਰਹੀ। ਕੁੱਝ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀ.ਬੀ.ਆਈ. ਅਧਿਕਾਰੀਆਂ ਨੂੰ 31 ਜੁਲਾਈ ਤੱਕ ਜਾਂਚ ਪੂਰੀ ਕਰ ਕੇ ਰਿਪੋਰਟ ਪੇਸ਼ ਕਰਨ ਲਈ ਆਦੇਸ਼ ਦਿੱਤਾ ਹੈ।

ਫਰਵਰੀ ਮਹੀਨੇ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਡੇਰੇ ਵਲੋਂ ਆਪਣੇ ਪੈਰੋਕਾਰਾਂ ਨੂੰ ਆਦੇਸ਼ ਦੇ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਆਖਿਆ ਗਿਆ, ਜਿਸ ਕਾਰਨ ਅਕਾਲੀ ਆਪਣੇ ਗੜ੍ਹ ਮਾਲਵਾ ਖੇਤਰ ਵਿੱਚ ਬੁਰੀ ਤਰ੍ਹਾਂ ਹਾਰੇ। ਚੋਣਾਂ ਉਪਰੰਤ ਜਦੋਂ ਪੰਜਾਬ ਦੇ ਕਾਂਗਰਸੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਗਏ ਤਾਂ ਅਖ਼ਬਾਰੀ ਰੀਪੋਰਟਾਂ ਅਨੁਸਾਰ ਉਨ੍ਹਾਂ ਨੇ ਮਾਲਵਾ ਖੇਤਰ ਵਿੱਚ ਕਾਂਗਰਸ ਦੀ ਜਿੱਤ ਲਈ ਡੇਰਾ ਮੁਖੀ ਦੇ ਆਦੇਸ਼ ਦਾ ਜ਼ਿਕਰ ਕਰਦਿਆਂ ਉਸ ਵਿਰੁੱਧ ਸੀ.ਬੀ.ਆਈ. ਜਾਂਚ ਨਾ ਕਰਨ ਬਾਰੇ ਸਿਫਾਰਿਸ਼ ਕੀਤੀ, ਜਿਸਦੇ ਫਲਸਰੂਪ ਜਾਂਚ ਕਰ ਰਿਹਾ ਸੀ.ਬੀ.ਆਈ. ਅਧਿਕਾਰੀ ਤਬਦੀਲ ਕਰ ਦਿੱਤਾ ਗਿਆ। ਇਹ ਗੱਲ ਵੀ ਵਰਨਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਡੇਰਾ ਮੁਖੀ ਤੋਂ ਆਪਣੀ ਪਾਰਟੀ ਦੇ ਹੱਕ ਵਿੱਚ ਵੋਟਾਂ ਮੰਗਣ ਲਈ ਗਏ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਹੁਣ ਜਦੋਂ ਡੇਰਾ ਮੁਖੀ ਦੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਨਾਲ ਤਸਵੀਰ ਅਖ਼ਬਾਰਾਂ ਵਿੱਚ ਛਪੀ ਤਾਂ ਅਕਾਲੀ ਲੀਡਰਸ਼ਿਪ ਨੂੰ ਚੋਣਾਂ ਸਮੇਂ ਹੋਏ ਵਰਤਾਰੇ ਦਾ ਬਦਲਾ ਲੈਣ ਦਾ ਮੌਕਾ ਮਿਲ ਗਿਆ ਅਤੇ ਉਨ੍ਹਾਂ ਨੇ ਇਸ ਵਿਰੁੱਧ ਰੋਸ ਮਜ਼ਾਹਰਿਆਂ ਨੂੰ ਹਵਾ ਦਿੱਤੀ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਉੱਤੇ ਆਮ ਸਿੱਖਾਂ ਨੂੰ ਗੁੱਸਾ ਆਉਣਾ ਸੁਭਾਵਕ ਹੀ ਸੀ, ਜਿਨ੍ਹਾਂ ਨੂੰ ਅਕਾਲੀ ਕੇਡਰ ਦਾ ਭਰਵਾਂ ਸਮਰਥਨ ਵੀ ਮਿਲਿਆ।

ਵੈਸੇ ਇਹ ਸਥਿਤੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਹਨ, ਲਈ ਬੜੀ ਦੁਚਿੱਤੀ ਵਾਲੀ ਬਣ ਗਈ ਸੀ। ਇੱਕ ਪਾਸੇ ਉਨ੍ਹਾਂ ਨੇ ਆਮ ਸਿੱਖਾਂ ਵਿੱਚ ਆਪਣੇ ਵੋਟ ਬੈਂਕ ਨੂੰ ਸੰਭਾਲ ਕੇ ਰੱਖਣ ਲਈ ਸਿੱਖ ਭਾਵਨਾਵਾਂ ਦਾ ਪੂਰਾ ਖਿਆਲ ਰਖਣਾ ਸੀ, ਦੂਸਰੇ ਪਾਸੇ ਇੱਕ ਸੂਬੇ ਦਾ ਸੰਵਿਧਾਨਿਕ ਮੁਖੀ ਹੋਣ ਨਾਤੇ ਹਰ ਵਰਗ ਦੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਸੀ। ਸ਼ਾਇਦ ਇਸੇ ਦੁਚਿੱਤੀ ਕਾਰਨ ਪਹਿਲੇ ਤਿੰਨ ਕੁ ਦਿਨ ਲੰਘ ਗਏ, ਜਿਸ ਕਰਕੇ ਹਾਲਾਤ ਵਿਗੜੇ। ਇਹ ਵੀ ਮਹੱਤਪੂਰਨ ਗੱਲ ਹੈ ਕਿ ਇਸ ਸਰਕਾਰ ਦੀ ਭਾਈਵਾਲ ਪਾਰਟੀ ਭਾਜਪਾ ਨੇ ਸ੍ਰੀ ਬਾਦਲ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਹਾਲਾਤ ਵਿਗੜੇ ਤਾਂ ਮੁੱਖ ਮੰਤਰੀ ਹੋਣ ਨਾਤੇ ਉਹ ਇਸਦੇ ਜ਼ਿੰਮੇਵਾਰ ਹੋਣਗੇ। ਇਸੇ ਦੌਰਾਨ ਕੇਂਦਰ ਤੋਂ ਨੀਮ-ਫੌਜੀ ਫੋਰਸ ਮੰਗਵਾ ਕੇ ਡੇਰਿਆ ਦੀ ਸੁਰੱਖਿਆ ਕਰੜੀ ਕੀਤੀ ਗਈ। ਸ੍ਰੀ ਬਾਦਲ ਦੀ ਮਰਜ਼ੀ ਅਨੁਸਾਰ ਹੀ ਸਿੰਘ ਸਾਹਿਬਾਨ ਵਲੋਂ 29 ਮਈ ਵਾਲੀ ਇਕੱਤਰਤਾ ਵਿੱਚ ਨਰਮ ਸਟੈਂਡ ਲੈਣ ਅਤੇ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਦਾ ਮਾਰਚ ਗੁਰਦੁਆਰਾ ਜਯੋਤੀ ਸਰੂਪ ਤੱਕ ਸੀਮਤ ਕਰਨਾ ਜਾਪਦਾ ਹੈ। ਦੂਸਰੇ ਪਾਸੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਾਂਗਰਸ ਡੇਰਾ ਮੁਖੀ ਦਾ ਪੱਖ ਪੂਰਦੀ ਰਹੀ ਹੈ। ਕਾਂਗਰਸੀ ਲੀਡਰਾਂ ਨੇ ਵਾਰ ਵਾਰ ਇਹ ਚਿਤਾਵਨੀ ਦਿੱਤੀ ਸੀ ਕਿ ਇਸ ਸਾਰੇ ਘਟਨਾਕ੍ਰਮ ਤੋਂ ਸ੍ਰੀ ਬਾਦਲ ਨੂੰ ਸਿਆਸੀ ਲਾਹਾ ਨਹੀਂ ਲੈਣ ਦਿੱਤਾ ਜਾਏਗਾ। ਹਰਿਆਣਾ ਦੀ ਕਾਂਗਰਸੀ ਸਰਕਾਰ ਨੇ 6 ਜੂਨ ਨੂੰ ਡੇਰਾ ਮੁਖੀ ਨੂੰ ਜ਼ੈਡ ਪਲੱਸ ਸਕਿਉਰਿਟੀ ਦੇਣ ਅਤੇ ਉਸਦੀ ਸੁਰੱਖਿਆ ਲਈ ਦੋ ਬੁਲਟ-ਪਰੂਫ ਗੱਡੀਆਂ, ਇੱਕ ਪਾਈਲਾਟ ਗੱਡੀ ਅਤੇ ਲੋੜੀਂਦੀ ਫੋਰਸ ਦੇਣ ਦਾ ਫੈਸਲਾ ਕੀਤਾ ਹੈ।

ਹੁਣ ਭਾਵੇਂ ਧਰਾਤਲ ਤੇ ਸ਼ਾਂਤੀ ਦਿਖਾਈ ਦਿੰਦੀ ਹੈ, ਪਰ ਹਾਲਾਤ ਨੂੰ ਨਾਰਮਲ ਨਹੀਂ ਕਿਹਾ ਜਾ ਸਕਦਾ। ਸੰਤ ਸਮਾਜ ਅਤੇ ਬਾਦਲ ਵਿਰੋਧੀ ਪੰਥਕ ਧੜੇ ਬਾਦਲ ਸਰਕਾਰ ਨੂੰ ਪ੍ਰੇਸ਼ਾਨ ਕਰਨ ਲਈ ਗਰਮ ਬਿਆਨਬਾਜ਼ੀ ਅਤੇ ਰੋਸ ਮਾਰਚ ਵਰਗੇ ਪ੍ਰੋਗਰਾਮ ਕਰਦੇ ਰਹਿਣਗੇ। ਕਾਂਗਰਸ ਨੂੰ ਇਸ ਸਾਰੇ ਘਟਨਾਕ੍ਰਮ ਦਾ ਪੰਜਾਬ ਵਿੱਚ ਜ਼ਰੂਰ ਸਿਆਸੀ ਨੁਕਸਾਨ ਹੋਇਆ ਹੈ। ਡੇਰਾ ਮੁਖੀ ਪ੍ਰਤੀ ਵਧੀ ਨਫਰਤ ਕਾਂਗਰਸ ਲਈ ਨੁਕਸਾਨਦੇਹ ਹੈ। ਸਿੱਖ-ਪੰਥ ਅਤੇ ਡੇਰਾ ਪੈਰੋਕਾਰਾਂ ਵਿਚਕਾਰ ਜੋ ਕੁੜੱਤਣ ਪੈਦਾ ਹੋ ਗਈ ਹੈ; ਇਹ ਕੋਈ ਵੀ ਰੂਪ ਧਾਰ ਸਕਦੀ ਹੈ। ਵੈਸੇ ਪੰਜਾਬ ਵਿੱਚ ਇਹ ਡੇਰਾ ਅਲੱਗ ਥਲੱਗ ਪੈ ਗਿਆ ਹੈ ਅਤੇ ਹਰ ਰੋਜ਼ ਅਨੇਕਾਂ ਹੀ ਡੇਰਾ ਪ੍ਰੇਮੀ ਸਿੱਖ-ਪੰਥ ਦੀ ਮੁੱਖ ਧਾਰਾ ਵਿੱਚ ਵਾਪਸ ਆ ਰਹੇ ਹਨ। ਇਹ 1978 ਦੇ ਨਿਰੰਕਾਰੀਆਂ ਤੇ ਸਿੱਖ-ਪੰਥ ਦੇ ਝਗੜੇ ਵਾਲਾ ਰੂਪ ਲੈ ਸਕਦਾ ਹੈ। ਸਰਵ ਧਰਮ ਆਗੂ ਇਸ ਮਸੱਲੇ ਦੇ ਕਿਸੇ ਸਰਵ-ਪ੍ਰਵਾਣਿਤ ਹਲ ਲਈ ਹਾਲੇ ਵੀ ਯਤਨ ਕਰ ਰਹੇ ਹਨ।

ਇਸ ਸਾਰੇ ਘਟਨਾਕ੍ਰਮ ਵਿੱਚ ਪ੍ਰੈਸ ਦਾ ਰੋਲ ਵੀ ਪੂਰੀ ਤਰ੍ਹਾਂ ਨਿਰਪੱਖ ਨਹੀਂ ਕਿਹਾ ਜਾ ਸਕਦਾ। ਟੀ.ਵੀ. ਸਮਾਚਾਰ ਚੈਨਲਾਂ ਨੂੰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਲੱਗੀ ਹੋਈ ਹੈ ਜਿਸ ਕਾਰਨ ਕਈ ਵਾਰੀ ਉਹ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਹੀ ਸਮਾਚਾਰ ਬੁਲਿਟਨਾਂ ਵਿੱਚ ਦੇ ਦਿੰਦੇ ਹਨ। ਮਿਸਾਲ ਦੇ ਤੌਰ ’ਤੇ 17 ਮਈ ਨੂੰ ਤਲਵੰਡੀ ਸਾਬੋ ਵਿਖੇ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਸਿੰਘ ਸਾਹਿਬਾਨ ਨੇ 20 ਮਈ ਤੱਕ ਡੇਰੇ ਬੰਦ ਕਰਨ ਲਈ ਕਿਹਾ ਸੀ, ਜਿਸ ਬਾਰੇ ਸਾਰੇ ਚੈਨਲਾਂ ਉੱਤੇ ਖਬਰ ਵੀ ਆ ਗਈ, ਫਿਰ ਵੀ ਕਿਸੇ ਡੇਰਾ ਅਧਿਕਾਰੀ ਵਲੋਂ ਕਿਹਾ ਗਿਆ ਕਿ ਪੁਲਿਸ ਨੇ ਅੱਧੇ ਘੰਟ ਅੰਦਰ ਪੰਜਾਬ ਵਿਚਲੇ ਸਾਰੇ ਡੇਰੇ ਖਾਲੀ ਕਰਨ ਲਈ ਆਖਿਆ ਹੈ। ਇਹ ਖ਼ਬਰ ਫਲੈਸ਼ ਨਿਊਜ਼ ਵਜੋਂ ਦਿੱਤੀ ਗਈ, ਜਿਸ ਨਾਲ ਉਸ ਦਿਨ ਗੜਬੜ ਹੋਈ ਅਤੇ ਤਲਖੀ ਵਧੀ। ਟੀ.ਵੀ. ਚੈਨਲ ਦੁਹਾਈ ਪਾ ਰਹੇ ਸਨ “ਪੰਜਾਬ ਸਰਕਾਰ ਸੋਈ ਹੂਈ ਹੈ।” ਜਾਂ “ਪੰਜਾਬ ਪੁਲੀਸ ਕਿਆ ਕਰ ਰਹੀ ਹੈ?” ਡੇਰੇ ਵਾਲਿਆਂ ਨੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਅਤੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਨ ਦੀ ਮੰਗ ਕੀਤੀ। ਕੁੱਝ ਟੀ.ਵੀ. ਚੈਨਲਾਂ ਨੇ ਲਗਭਗ ਦੋ ਘੰਟੇ ਪਿੱਛੋਂ ਪੁਲਿਸ ਅਧਿਕਾਰੀਆਂ ਤੋਂ ਇਸਦਾ ਸਪਸ਼ਟੀਕਰਨ ਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਰਸਾਰ ਗ਼ਲਤ ਅਤੇ ਸ਼ਰਾਰਤਪੂਰਨ ਖ਼ਬਰ ਹੈ, ਜੋ ਹਾਲਾਤ ਵਿਗਾੜਨ ਲਈ ਫੈਲਾਈ ਗਈ ਹੈ। ਇਸਦੇ ਉਲਟ ਉਨ੍ਹਾਂ ਡੇਰਿਆਂ ਦੀ ਸੁਰੱਖਿਆ ਸਖਤ ਕਰਨ ਬਾਰੇ ਜਾਣਕਾਰੀ ਦਿੱਤੀ ਜੋ ਸੌ ਫੀਸਦੀ ਸਹੀ ਸੀ। ਮੁੱਖ ਤੌਰ ’ਤੇ ਹਾਲਾਤ ਵਿਗਾੜਨ ਵਿੱਚ ਪ੍ਰੈਸ ਦਾ ਵੀ ਕਾਫੀ ਹੱਥ ਹੈ। ਪੰਜਾਬ ਕਵਰ ਕਰ ਰਹੇ ਵਧੇਰੇ ਪੱਤਰਕਾਰਾਂ ਨੂੰ ਸਿੱਖ ਇਤਿਹਾਸ, ਸਿੱਖ ਸੰਸਥਾਵਾਂ ਅਤੇ ਪ੍ਰੰਪਰਾਵਾਂ ਬਾਰੇ ਕੁੱਝ ਵੀ ਪਤਾ ਨਹੀਂ। ਉਹ ਪਹਿਲਾਂ ਖ਼ਬਰ ਭੇਜਣ ਦੀ ਦੌੜ ਵਿੱਚ ਸੁਣੀਆਂ ਸੁਣਾਈਆਂ ਗੱਲਾਂ ਦੀ ਖ਼ਬਰ ਬਣਾ ਰਹੇ ਹਨ। ਪੰਜ ਤਖ਼ਤਾਂ ਦੇ ਪੰਜ ਸਿੰਘ ਸਾਹਿਬਾਨ ਨੂੰ “ਪੰਜ ਅਕਾਲ ਤਖ਼ਤਾਂ ਦੇ ਪੰਜ ਸਿੰਘ ਸਾਹਿਬਾਨ” ਦਰਸਾਉਂਦੇ ਰਹੇ ਹਨ। ਪੰਜਾਬ ਕਵਰ ਕਰ ਰਹੇ ਪੱਤਰਕਾਰਾਂ ਨੂੰ ਸਿੱਖ ਇਤਿਹਾਸ, ਰਹਿਤ ਮਰਯਾਦਾ ਅਤੇ ਪ੍ਰੰਪਰਾਵਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਹੀਦੀ ਹੈ।
*****
# 241 ਸੈਂਟਰਲ ਟਾਊਨ ਦਾਦ,ਪਖੋਵਾਲ ਰੋਡ, ਲੁਧਿਆਣਾ-142022
e-mail: hsbhanwer@rediffmail.com
Cell: 91-98146-39649

( 10 ਜੂਨ 2007) ਯੂਨੀਕੋਡ

ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:>>>>>>

e-mail:
ਲਿਖਾਰੀ


© likhari: Punjabi Likhari Forum-2001-2007