|
|
ਵਿਖਾਵਾ ਬਣ ਗਏ ਹਨ ਮੈਰਿਜ ਪੈਲੇਸਾਂ ਵਿੱਚ ਜਹੋ ਰਹੇ ਵਿਆਹ(25) ਹਰਬੀਰ ਸਿੰਘ ਭੰਵਰ, ਲੁਧਿਆਣਾ |
ਤੇਜ਼ੀ ਨਾਲ ਬਦਲਦੀ ਹੋਈ ਇਸ ਦੁਨੀਆਂ ਵਿੱਚ ਸਭ ਕੁੱਝ ਬਦਲ ਰਿਹਾ ਹੈ, ਜ਼ਿੰਦਗੀ ਦੇ ਅਰਥ ਬਦਲ ਰਹੇ ਹਨ। ਇਸ ਤੇਜ਼ ਰਫਤਾਰ ਜ਼ਿੰਦਗੀ ਵਿੱਚ ਰਿਸ਼ਤਿਆਂ ਨਾਤਿਆਂ ਦਾ ਆਪਸੀ ਪਿਆਰ, ਅਪਣੱਤ, ਮਿਠਾਸ ਤੇ ਨਿੱਘ ਬਦਲ ਰਿਹਾ ਹੈ। ਨੈਤਿਕ ਕਦਰਾਂ ਕੀਮਤਾਂ ਬਦਲ ਰਹੀਆਂ ਹਨ। ਬਹੁਤ ਕੁੱਝ ਚੰਗਾ ਹੋ ਰਿਹਾ ਹੈ, ਬਹੁਤ ਕੁੱਝ ਮਾੜਾ ਵੀ ਹੋ ਰਿਹਾ ਹੈ। ਬਹੁਤ ਕੁੱਝ ਉੱਲਟ ਪੁੱਲਟ ਹੋ ਰਿਹਾ ਹੈ। ਇਸ ਉੱਥਲ ਪੁੱਥਲ ਵਿੱਚ ਸਾਂਝੇ ਪਰਿਵਾਰ ਟੁੱਟਣ ਲੱਗੇ ਹਨ। ਸਮਾਜਿਕ ਤਾਣਾ ਬਾਣਾ ਖਿਲਰ ਗਿਆ ਹੈ। ਨਵੀਂ ਪੀੜ੍ਹੀ ਆਪਣੇ ਪਿਤਾ ਪੁਰਖੀ ਪੇਸ਼ੇ ਨੂੰ ਛੱਡਣ ਲੱਗੀ ਹੈ। ਵਿਦਿਆ ਦੇ ਪਸਾਰ ਨਾਲ ਪੜ੍ਹੇ ਲਿਖੇ ਨੌਜਵਾਨ ਨੌਕਰੀਆਂ ਕਰਨ ਲਈ ਨੇੜਲੇ ਅਤੇ ਦੂਰ ਦਰਾਡੇ ਦੇ ਸ਼ਹਿਰਾਂ ਨੂੰ ਨਿਕਲ ਗਏ ਹਨ। ਰੁਝੇਵੇਂ ਵਧ ਗਏ ਹਨ। ਪਹਿਲਾਂ ਵਾਲੀ ਵਿਹਲ ਨਹੀਂ ਰਹੀ। ਰਸਮੋ ਰਿਵਾਜ ਬਦਲ ਰਹੇ ਹਨ। ਸੱਭਿਆਚਾਰ ਦੇ ਅਰਥ ਬਦਲ ਰਹੇ ਹਨ। ਇਸੇ ਬਦਲਦੀ ਹੋਈ ਦੁਨੀਆਂ ਵਿੱਚ ਘਰਾਂ ਦੀ ਥਾਂ ਵਿਆਹ ਮੈਰਿਜ ਪੈਲੇਸਾਂ ਜਾਂ ਰੀਜ਼ੌਰਟਾਂ ਵਿੱਚ ਹੋਣ ਲੱਗੇ ਹਨ।
“ਜ਼ਿੰਦਗੀ ਵਿੱਚ ਇੱਕੋ ਵਾਰ ਵਿਆਹ ਕਰਵਾਉਣਾ ਹੈ।” ਕਹਿ ਕੇ ਕੁੜੀਆਂ ਮੁੰਡੇ ਇਨ੍ਹਾਂ ਮਹਿਲਾਂ ਵਰਗੇ ਮੈਰਿਜ ਪੈਲੇਸਾਂ ਵਿੱਚ ਸ਼ਾਨ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਵਿਆਹ ਇੱਕ ਬਹੁਤ ਹੀ ਪਵਿੱਤਰ ਰਸਮ ਹੈ ਜੋ ਆਪਣੇ ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਨਿਭਾਈ ਜਾਂਦੀ ਹੈ। ਵਿਆਹ ਕੇਵਲ ਇੱਕ ਮੰਡੇ ਤੇ ਇੱਕ ਕੁੜੀ ਦਾ ਹੀ ਨਹੀਂ ਹੁੰਦਾ, ਸਗੋਂ ਇਸ ਰਸਮ ਨਾਲ ਦੋ ਪਰਿਵਾਰਾਂ ਦਾ ਜ਼ਿੰਦਗੀ ਭਰ ਲਈ ਆਪਸੀ ਸਬੰਧ ਬਣ ਜਾਂਦਾ ਹੈ। ਉਹ ਇੱਕ ਦੂਜੇ ਦੇ ਦੁਖ ਸੁਖ ਵਿੱਚ ਸ਼ਾਮਿਲ ਹੁੰਦੇ ਹਨ। ਵਿਆਹ ਦੀ ਇਸ ਮਹੱਤਵਪੂਰਨ ਰਸਮ ਨੂੰ ਜ਼ਿੰਦਗੀ ਦੀ ਚਮਕ ਦਮਕ ਨੇ, ਸਰਮਾਏਦਾਰਾਂ ਨੇ ਵਿਖਾਵੇ ਦਾ ਵਿਸ਼ਾ ਬਣਾ ਦਿੱਤਾ ਹੈ। ਜਦੋਂ ਇਹ ਵਿਆਹ ਘਰਾਂ ਦੀ ਵਲਗਣ ਵਿੱਚੋਂ ਨਿਕਲ ਕੇ ਪਹਿਲਾਂ ਮੈਰਿਜ ਪੈਲੇਸਾਂ ਵਿੱਚ ਤੇ ਹੁਣ ਰੀਜ਼ੌਰਟਾਂ ਵਿੱਚ ਹੋਣ ਲੱਗੇ ਹਨ; ਇਨ੍ਹਾਂ ਵਿਆਹਾਂ ਦੇ ਅਨੋਖੇ ਹੀ ਤੌਰ ਤਰੀਕੇ ਹੋ ਗਏ ਹਨ। ਦਰਜਨਾਂ ਕਿਸਮ ਦੇ ਮੀਟ ਮੁਰਗ਼ੇ, ਵੀਹ ਤਰ੍ਹਾਂ ਦੇ ਸਲਾਦ, ਚਾਲੀਆਂ ਕਿਸਮਾਂ ਦਾ ਅਚਾਰ, ਵਿਸਕੀਆਂ ਬੀਅਰਾਂ ਦਾ ਵਗਦਾ ਦਰਿਆ, ਕੰਨ ਪਾੜਵਾਂ ਸੰਗੀਤ, ਬਾਰਾਤੀਆਂ ਤੇ ਮੇਲ ਵਿੱਚ ਕੋਈ ਫਰਕ ਦਿਖਾਈ ਨਹੀਂ ਦਿੰਦਾ।
ਅਜਿਹੇ ਵਿਆਹਾਂ ਨੂੰ ਵੱਡੀ ਸਨਅਤ ਜਾਂ ਉਦਯੋਗ ਜਾਂ ਇੰਡਸਟਰੀ ਵੀ ਆਖਿਆ ਜਾ ਸਕਦਾ ਹੈ। ਅਮੀਰ ਆਦਮੀਆਂ ਲਈ ਇਹ ਇੱਕ ਵਿਖਾਵੇ ਦਾ, ਆਪਣੇ ਰੁਤਬੇ ਦੀ ਸ਼ਾਨ ਵਿਖਾਉਣ ਦਾ ਸਾਧਨ ਬਣ ਗਿਆ ਹੈ, ਪਰ ਆਮ ਆਦਮੀ ਲਈ ਅਨੇਕਾਂ ਪ੍ਰੇਸ਼ਾਨੀਆਂ ਦਾ ਕਾਰਨ। ਇਸਦੇ ਨਾਲ ਹੀ ਅਨੇਕਾਂ ਪੁਰਾਣੀਆਂ ਰਸਮਾਂ ਅਤੇ ਪੁਰਾਣੇ ਸੱਭਿਆਚਾਰ ਨੂੰ ਅਣਗੌਲਿਆ ਕੀਤਾ ਜਾਣ ਲੱਗਾ ਹੈ। ਇਹੋ ਹੀ ਨਹੀਂ, ਪਹਿਲਾਂ ਪਹਿਲ ਵਿਆਹ ਦੀ ਮੁੱਖ ਰਸਮ ‘ਆਨੰਦ ਕਾਰਜ’ ਵੀ ਪੈਲੇਸਾਂ ਵਿੱਚ ਹੀ ਹੁੰਦੇ ਸਨ। ਰਸਮ ਪੂਰੀ ਹੋਈ ਨਹੀਂ ਕਿ ਕਈ ਬਾਰਾਤੀਆਂ ਨੇ ਸ਼ਰਾਬ ਪੀਣਾ ਤੇ ਨੱਚਣਾ ਟੱਪਣਾ ਸ਼ੁਰੂ ਨਹੀਂ ਕੀਤਾ ਨਹੀਂ। ਜਿਸ ਨਾਲ ਅਕਸਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਸੀ। ਇਸ ਸਬੰਧੀ ਸ਼ਿਕਾਇਤਾਂ ਆਉਣ ’ਤੇ ਹੀ ਸਿੱਖ-ਪੰਥ ਦੀ ਸਰਬ-ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੈਰੇਜ ਪੈਲੇਸਾਂ, ਹੋਟਲਾਂ ਆਦਿ ਵਿੱਚ ਆਨੰਦ-ਕਾਰਜ ਦੀ ਰਸਮ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਆਨੰਦ ਕਾਰਜ ਕਿਸੇ ਲਾਗਲੇ ਗੁਰਦੁਆਰੇ ਵਿੱਚ ਹੁੰਦੇ ਹਨ।
ਪਹਿਲੇ ਸਮੇਂ ਵਿੱਚ ਸਾਰੇ ਵਿਆਹ ਆਮ ਘਰਾਂ ਵਿੱਚ ਹੀ ਹੁੰਦੇ ਸਨ। ਵਿਆਹ ਵਾਲੇ ਘਰ ਬਹੁਤ ਦਿਨ ਪਹਿਲਾਂ ਹੀ ਰੌਣਕ ਸ਼ੁਰੂ ਹੋ ਜਾਂਦੀ ਸੀ। ਘਰ ਅਤੇ ਗੁਆਂਢੀ ਸੁਆਣੀਆਂ ਰਲ਼ ਕੇ ਗੀਤ ਗਾਉਂਦੀਆਂ। ਕੁੜੀ ਦੇ ਵਿਆਹ ਵੇਲੇ ਘਰ ਵਿੱਚ ਜਾਂ ਲਾਗੇ ਤੰਬੂ ਕਨਾਤਾਂ ਲਗਾ ਕੇ ਬਾਰਾਤ ਦੇ ਸਵਾਗਤ ਦਾ ਪ੍ਰਬੰਧ ਕੀਤਾ ਜਾਂਦਾ। ਵੈਸੇ ਬਾਰਾਤ ਦਾ ਉਤਾਰਾ ਨੇੜਲੀ ਧਰਮਸਾਲਾ ਵਿੱਚ ਕੀਤਾ ਜਾਂਦਾ। ਘਰ ਹਲਵਾਈ ਬੈਠਦਾ ਸੀ, ਜੋ ਮਠਿਆਈ, ਅਕਸਰ ਲੱਡੂ ਤੇ ਜਲੇਬੀਆਂ ਤਿਆਰ ਕਰਨ ਤੋਂ ਬਿਨਾਂ ਮੇਲ ਤੇ ਬਾਰਾਤ ਲਈ ਸਾਰਾ ਖਾਣਾ ਤਿਆਰ ਕਰਦਾ। ਬਾਰਾਤ ਆਉਂਦੀ, ਖਾਣੇ ਸਮੇਂ ਸੁਆਣੀਆਂ ਸਿੱਠਣੀਆਂ ਦਿੰਦੀਆਂ। ਜੰਝ ਬੰਨ੍ਹ ਦਿੰਦੀਆਂ, ਹਾਸਾ ਠੱਠਾ ਚਲਦਾ ਰਹਿੰਦਾ। ਧੀ ਰਾਣੀ ਦੀ ਡੋਲੀ ਤੋਰਨ ਵੇਲੇ ਤਾਂ ਬਹੁਤ ਹੀ ਜਜ਼ਬਾਤੀ ਮਾਹੌਲ ਹੁੰਦਾ। ਧੀ ਰਾਣੀ ਆਪਣੇ ਬਾਬਲ ਰਾਜੇ ਨੂੰ “ਅੱਜ ਦੀ ਰਾਤ” ਰੱਖਣ ਲਈ ਤਰਲੇ ਕਰਦੀ ਹੋਈ ਕਹਿੰਦੀ, ‘ਬਾਬਲ ਤੇਰੇ ਮਹਿਲਾਂ ’ਚੋਂ ਮੇਰੀ ਡੋਲੀ ਨਹੀਂ ਲੰਘਦੀ।” ਸਮਾਜਿਕ ਰੀਤੀ ਰਿਵਾਜ ਹੱਥੋਂ ਲਾਚਾਰ ਬਾਬਲ “ਇੱਕ ਇੱਟ” ਪੁਟਾਉਣ ਦੀ ਗੱਲ ਕਰਦਾ ਹੋਇਆ “ਧੀਏ ਘਰ ਜਾ ਆਪਣੇ” ਦੀ ਸਲਾਹ ਹੀ ਦਿੰਦਾ। ਇਹ ਸਮਾਂ ਹੁੰਦਾ ਜਦੋਂ ਪਹਾੜ ਪਿਘਲ ਜਾਂਦੇ; ਆਸਮਾਨ ਦਾ ਕਾਲਜਾ ਫਟ ਜਾਂਦਾ; ਧਰਤੀ ਸੁੰਨ ਹੋ ਜਾਂਦੀ। ਅੱਜ ਕੁੜੀ ਬਿਊਟੀ ਪਾਰਲਰ ’ਚੋਂ ਤਿਆਰ ਹੋ ਕੇ ਸਿੱਧੀ ਆਉਂਦੀ ਹੈ ਤੇ ਮੈਰੇਜ ਪੈਲੇਸ ਤੋਂ ਹੀ ਸਹੁਰੇ-ਘਰ ਵਿਦਾ ਹੋ ਕੇ ਤੁਰ ਜਾਂਦੀ ਹੈ। ਵਿਆਹ ਵਾਲੇ ਗੀਤ ਗੁੰਮ ਹੋ ਗਏ ਹਨ।
ਰਾਜਗੁਰੂ ਨਗਰ ਲੁਧਿਆਣਾ ਸਥਿਤ ਕੈਨੇਡੀਅਨ ਪੈਲੇਸ ਦੇ ਮਾਲਕ ਅਤੇ ਲੇਖਕ ਡਾ. ਜਗਜੀਤ ਸਿੰਘ ਗਰੇਵਾਲ ਕਹਿੰਦੇ ਹਨ, “ਇਹ ਸਭ ਕੁੱਝ ਸਮੇਂ ਤੇ ਸਮਾਜ ਦੀ ਮਜਬੂਰੀ ’ਚੋਂ ਉੱਠਿਆ ਹੈ। ਵਿਆਹ ਵਾਲੀ ਵਿਹਲ ਨਹੀਂ ਰਹੀ। ਪ੍ਰੰਪਰਾਗਤ ਰਿਸ਼ਤਿਆਂ ਦੀ ਜਕੜ ਇਸ ਸਰਮਾਏਦਾਰੀ ਯੁੱਗ ਵਿੱਚ ਤਿੜਕ ਗਈ ਹੈ। ਇੱਕ ਘਰ ਵਿੱਚ ਬੱਚਿਆਂ ਦੇ ਪ੍ਰੋਫੈਸ਼ਨ ਵੱਖ ਵੱਖ ਹੋ ਗਏ। ਜਾਣ ਪਛਾਣ ਦਾ ਘੇਰਾ ਵਧ ਗਿਆ ਹੈ। ਪਰਿਵਾਰ ਇੱਕ ਸਾਂਝੀ ਕੜੀ ਦੇ ਰੂਪ ਵਿੱਚ ਨਾ ਰਿਹਾ। ਨੈਤਿਕ ਕਦਰਾਂ ਕੀਮਤਾਂ ਉਲਟ ਪੁਲਟ ਹੋ ਗਈਆਂ ਹਨ। ਨੈਤਿਕ ਕਦਰਾਂ ਕੀਮਤਾਂ ਦੀ ਥਾਂ ਪੈਸੇ ਨੇ ਲੈ ਲਈ ਹੈ। ਰਿਸ਼ਤਿਆਂ ਦੀ ਉਥਲ ਪੁਥਲ ਹੋ ਗਈ, ਵਿਅਕਤੀ ਬੇਸਹਾਰਾ ਜਿਹਾ ਹੋ ਕੇ ਰਹਿ ਗਿਆ। ਉਸ ਨੂੰ ਸਭ ਕੁੱਝ ਇਕੱਲਿਆਂ ਕਰਨਾ ਪੈ ਗਿਆ। ਸਭ ਕੁੱਝ ਮੁੱਲ ਲੈਣਾ ਪੈ ਗਿਆ। ਇਹ ਸਾਰੀਆਂ ਸੇਵਾਵਾਂ ਉਸ ਨੂੰ ਅਸੀਂ ਮੈਰੇਜ ਪੈਲੇਸ ਵਾਲੇ ਦਿੰਦੇ ਹਾਂ।”
ਗਰੇਵਾਲ ਦਾ ਕਹਿਣਾ ਹੈ ਕਿ ਵਿਆਹ ਦਾ ਤਾਣਾ ਬਾਣਾ ਹੁਣ ਬਹੁਤ ਵੱਧ ਗਿਆ ਹੈ। ਕੁੜੀ ਵਾਲੇ ਜਦ ਮੁੰਡੇ ਦੇ ਘਰ ਜਾਂਦੇ ਹਨ, ਰਿੰਗ ਸੈਰੇਮਨੀ ਹੁੰਦੀ ਹੈ। ਫਿਰ ਮੁੰਡੇ ਵਾਲੇ ਕੁੜੀ ਦੇ ਘਰ ਚੁੰਨੀ ਚੜ੍ਹਾਉਣ ਆਉਂਦੇ ਹਨ। ਲੇਡੀਜ਼ ਸੰਗੀਤ, ਫਿਰ ਅਸਲ ਵਿਆਹ ਦੀ ਰਸਮ ਅਤੇ ਫਿਰ ਮੁੰਡੇ ਵਾਲਿਆਂ ਵਲੋਂ ਰੀਸੈੱਪਸ਼ਨ। ਇਨ੍ਹਾਂ ਸਭਨਾਂ ਰਸਮਾਂ ’ਤੇ ਵਿਆਹ ਵਾਂਗ ਹੀ ਇਕੱਠ ਅਤੇ ਖਰਚ ਹੁੰਦਾ ਹੈ; ਜਿਸ ਕਾਰਨ ਵਿਆਹ ਦਾ ਖਰਚ ਪਹਿਲਾਂ ਨਾਲੋਂ 7-8 ਗੁਣਾ ਵਧ ਗਿਆ ਹੈ।
ਪੱਖੋਵਾਲ ਰੋਡ ਲੁਧਿਆਣਾ ਸੀਸ਼ਤ ਨਾਗਪਾਲ ਰੀਜ਼ੌਰਟ ਦੇ ਮਾਲਕ ਰਾਜੂ ਮੱਕੜ ਦਾ ਕਹਿਣਾ ਹੈ ਕਿ ਇਹ ਇੱਕ ਨਵੀਂ ਇੰਡਸਟਰੀ, ਜਿਸ ਬਾਰੇ ਲੋਕਾਂ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ - ਹੋਂਦ ਵਿੱਚ ਆ ਗਈ ਹੈ। ਇਸ ਵਿੱਚ ਨਵੇਂ ਨਵੇਂ ਲੋਕ ਆਏ ਹਨ। ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲਣ ਲੱਗਾ ਹੈ। ਇੱਕ ਵਿਆਹ ਸਮੇਂ ਲਗਭਗ 300-400 ਬੰਦਿਆਂ ਨੂੰ ਸਿੱਧਾ ਰੁਜ਼ਗਾਰ ਮਿਲ ਜਾਂਦਾ ਹੈ। ਸਾਲ ਦੇ 365 ਦਿਨਾਂ ਵਿੱਚ 200 ਕੁ ਦਿਨ ਤਾਂ ਵਿਆਹ ਹੁੰਦੇ ਹੀ ਰਹਿੰਦੇ ਹਨ। ਇੰਨੇ ਦਿਨ ਤਾਂ ਕਿਸੇ ਫੈਕਟਰੀ, ਕਿਸੇ ਦਫਤਰ ਵਿੱਚ ਕੰਮ ਨਹੀਂ ਹੁੰਦਾ। ਅੱਗੇ ਵਿਆਹ ਸਮੇਂ ਗੁਰਦੁਆਰੇ ਵਿੱਚ ਲੰਗਰ ਪੱਕਦਾ ਸੀ - ਹੁਣ ਖਾਣੇ ਦੇ 25-30 ਸਟਾਲ ਲਗਦੇ ਹਨ। ਹਰ ਸਟਾਲ ਤੇ ਘੱਟੋ ਘੱਟ 4-5 ਬੰਦੇ ਹੁੰਦੇ ਹਨ – ਕਿੰਨੇ ਹੀ ਤਰ੍ਹਾਂ ਦੇ ਪੱਕਵਾਨ ਪੱਕਦੇ ਹਨ। ਡੈਕੋਰੇਸ਼ਨ ਬਹੁਤ ਹੁੰਦੀ ਹੈ। ਡੈਕੋਰੇਸ਼ਨ ਤੇ ਵੀ 100 ਕੁ ਬੰਦਾ ਲੱਗਿਆ ਹੁੰਦਾ ਹੈ।
ਹੁਣ ਸ਼ਾਹਾਨਾ ਵਿਆਹ ਹੋਣ ਲੱਗੇ ਹਨ।
ਲੁਧਿਆਣਾ ਵਿੱਚ ਟ੍ਰੈਫਿਕ ਦਾ ਇੰਨਾ ਬੁਰਾ ਹਾਲ ਹੈ ਕਿ ਸ਼ਹਿਰ ਦੇ ਭੀੜ ਭੜੱਕੇ ਤੋਂ ਬਾਹਰ ਸਾਰਾ ਪ੍ਰਬੰਧ ਹੁੰਦਾ ਹੈ। ਇਹ ਪੁੱਛੇ ਜਾਣ ਤੇ ਕਿ ਖਾਣਾ ਵਧ ਜਾਂਦਾ ਹੋਏਗਾ? ਉਹ ਕਹਿੰਦੇ ਕਿ ਖਾਣਾ ਵੇਸਟ ਨਹੀਂ ਜਾਂਦਾ। ਜੇਕਰ 700 ਕੁ ਬੰਦੇ ਦਾ ਖਾਣਾ ਬਣੇ, ਹਜ਼ਾਰ ਕੁ ਬੰਦੇ ਖਾ ਲੈਂਦੇ ਹਨ। ਬਚ ਜਾਏ ਤਾਂ ਇੱਥੇ ਕੰਮ ਕਰਨ ਵਾਲੇ ਆਮ ਲੋਕ ਜੋ ਕਿਸੇ ਹੋਟਲ ਵਿੱਚ ਜਾ ਕੇ ਨਹੀਂ ਖਾ ਸਕਦੇ, ਉਹ ਵੀ ਖਾ ਲੈਂਦੇ ਹਨ।
ਵਿਆਹ ਦੀਆਂ ਰਸਮਾਂ ਤੇ ਸ਼ਗਨਾਂ ਵਾਲੇ ਗੀਤਾਂ ਦੀ ਅਣਹੋਂਦ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਅਸੀਂ ਕੇਵਲ ਰੀਜ਼ੌਰਟ ਕਿਰਾਏ ’ਤੇ ਦੇਂਦੇ ਹਾਂ, ਬਾਕੀ ਸਾਰੇ ਕੰਮ ਵਿਆਹ ਵਾਲੇ ਆਪ ਹੀ ਕਰਦੇ ਹਨ। ਆਮ ਤੌਰ ਤੇ ਉਹ ਸਾਥੋਂ ਪੁੱਛ ਲੈਂਦੇ ਹਨ। ਸਾਡੀ ਵਾਕਫੀਅਤ ਬਹੁਤ ਹੈ, ਜੋ ਕੰਮ 15 ਦਿਨਾਂ ਵਿੱਚ ਹੋਣਾ ਹੁੰਦਾ ਹੈ, ਅਸੀਂ 15 ਮਿੰਟਾਂ ਵਿੱਚ ਕਰਵਾ ਦਿੰਦੇ ਹਾਂ। ਕੇਵਲ ਵਿਆਹ ਰੀਜ਼ੌਰਟਾਂ ਵਿੱਚ ਹੁੰਦਾ ਹੈ –ਬਾਕੀ ਸਭ ਰਸਮਾਂ ਤਾਂ ਘਰਾਂ ਵਿੱਚ ਹੀ ਹੁੰਦੀਆਂ ਹਨ। ਲੇਡੀਜ਼ ਸੰਗੀਤ ਵਿਆਹ ਦਾ ਇੱਕ ਪੱਕਾ ਫੀਚਰ ਬਣ ਗਿਆ ਹੈ। ਉਹੋ ਗੀਤ ਪਰ ਕੁੱਝ ਮਾਡਰਨ ਹੋ ਗਏ ਹਨ। ਵਿਆਹ ਸਮੇਂ ਮੰਚ ਤੇ ਗਾਉਣ ਵਜਾਉਣ ਵਾਲਿਆਂ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਦੱਸਿਆ ਕਿ ਗਾਇਕ ਘੱਟ ਹੀ ਆਉਂਦੇ ਹਨ, ਉਹ ਬਹੁਤ ਮਹਿੰਗੇ ਪੈਂਦੇ ਹਨ। ਇਹ ਤਾਂ ਡੀ.ਜੇ. ਸਿਸਟਮ ਤੇ ਆਰਕੈਸਟਰਾ ਵਾਲੇ ਹੁੰਦੇ ਹਨ। ਡੈੱਕ ਉੱਤੇ ਰੀਕਾਰਡ ਕੀਤੇ ਗੀਤ ਵਜਾ ਕੇ ਉਸਦੀਆਂ ਧੰਨਾਂ ਉੱਤੇ ਪਰਫਾਰਮ ਕਰਨ ਵਾਲੇ ਹੁੰਦੇ ਹਨ।
ਐਡਵੋਕੇਟ ਤੇ ਪੱਤਰਕਾਰ ਕ੍ਰਿਪਾਲ ਸਿੰਘ ਕਾਲੜਾ, ਜਿਨ੍ਹਾਂ ਹਾਲ ਹੀ ਵਿੱਚ ਆਪਣੀ ਬੇਟੀ ਦਾ ਵਿਆਹ ਉਪਰੋਕਤ ਮੈਰਿਜ ਪੈਲੇਸ ਵਿੱਚ ਕੀਤਾ ਸੀ, ਇਸ ਨਵੇਂ ਪ੍ਰਬੰਧ ਤੋਂ ਬਹੁਤ ਖੂਸ਼ ਹਨ। ਉਹ ਕਹਿਣ ਲੱਗੇ, “ਤੰਬੂ,ਕਨਾਤਾਂ,ਕੁਰਸੀਆਂ ਮੇਜ਼, ਡੈਕੋਰੇਸ਼ਨ ਆਦਿ ਸਭ ਕੁੱਝ ਬਣਿਆ ਬਣਾਇਆ ਮਿਲ ਗਿਆ। ਨਾ ਮੀਂਹ ਕਣੀ ਦਾ ਡਰ, ਅੰਦਰ ਬੜੇ ਸੁਹਣੇ ਤੇ ਵਿਸ਼ਾਲ ਹਾਲ ਹਨ।” ਪਰ ਉਨ੍ਹਾਂ ਨੇ ਇਹ ਸਪਸ਼ਟ ਕੀਤਾ ਕਿ ਵਿਆਹ ਵਾਲੀਆਂ ਬਾਕੀ ਰਸਮਾਂ ਰੀਤਾਂ ਉਨ੍ਹਾਂ ਨੇ ਘਰ ਹੀ ਕੀਤੀਆਂ ਸਨ ਅਤੇ ਬੇਟੀ ਦੀ ਡੋਲੀ ਵੀ ਘਰੋਂ ਹੀ ਤੋਰੀ ਸੀ।
ਪੰਜਾਬ ਵਿੱਚ ਸੱਭਿਆਚਾਰਕ ਸਰਗਰਮੀਆਂ ਤੇ ਸੱਭਿਆਚਾਰਕ ਮੇਲੇ ਸ਼ੁਰੂ ਕਰਨ ਵਾਲੇ ਜਗਦੇਵ ਸਿੰਘ ਜੱਸੋਵਾਲ ਇਸ ਸਾਰੇ ਵਰਤਾਰੇ ਤੋਂ ਬਹੁਤ ਹੀ ਦੁਖੀ ਤੇ ਨਿਰਾਸ਼ ਹਨ। ਉਹ ਕਹਿੰਦੇ ਹਨ ਕਿ ਹੁਣ ਬੱਚਾ ਹਸਪਤਾਲ ਵਿੱਚ ਜੰਮਦਾ ਹੈ। ਉਹ ਮਾਂ ਦਾ ਦੁੱਧ ਨਹੀਂ ਚੁੰਘਦਾ। ਚੁੰਘਣੀਆਂ (ਬੋਤਲਾਂ) ਦਾ ਦੁੱਧ ਚੁੰਘਦਾ ਹੈ। ਫਿਰ ਮਾਂ ਦਾ ਪਿਆਰ ਕਿੱਥੋਂ ਹੋ ਜਾਊ, ਘਰ ਦਾ ਪਿਆਰ ਕਿੱਥੋਂ ਹੋ ਜਾਊ।”
ਉਹ ਕਹਿੰਦੇ ਹਨ, “ਅੱਗੇ ਵਿਆਹ ਲਈ ਘਰ ਇੱਕ ਕੇਂਦਰੀ ਬਿੰਦੂ ਹੁੰਦਾ ਸੀ। ਪਰਿਵਾਰ ਦੇ ਸਾਰੇ ਮੈਂਬਰਾਂ ਦੀ ਇਨਵਾਲਵਮੈਂਟ ਹੁੰਦੀ ਸੀ। ਕੋਈ ਭਾਂਡੇ ਇੱਕਠੇ ਕਰ ਰਿਹਾ ਹੁੰਦਾ ਸੀ, ਕੋਈ ਮੰਜੇ ਬਿਸਤਰੇ ਤੇ ਕੋਈ ਦੁੱਧ। ... ਪਰ ਹੁਣ ਸਭ ਕੁੱਝ ਵਿਸਰ ਚੱਲਿਆ ਹੈ। ਹੁਣ ਤਾਂ ਵਿਆਹ ਵਾਲੇ ਦਿਨ ਵਿਆਹ ਵਾਲੇ ਘਰ ਵਿੱਚ ਕਾਂ ਬੋਲਦੇ ਹਨ। ਕੋਈ ਘਰ ਹੀ ਨਹੀਂ ਹੁੰਦਾ। ਇੱਕੋ ‘ਸਟਰੋਕ’ (ਝਟਕੇ) ਨਾਲ ਸਭ ਕੁੱਝ ਖਤਮ ਕਰ ਦਿੱਤਾ ਹੈ। ... ਸਮਾਜਿਕ ਤਾਣਾ ਬਾਣਾ ਬਿਖਰ ਗਿਆ ਹੈ। ਵਿਆਹ ਦੇ ਬਹਾਨੇ ਰੁੱਸੇ ਹੋਏ ਚਾਚੇ ਤਾਏ, ਰਿਸ਼ਤੇਦਾਰ, ਸਾਕ ਸਬੰਧੀ ਮਨਾ ਲਏ ਜਾਂਦੇ ਸਨ,ਹੁਣ ਕੋਈ ਨਹੀਂ ਮਨਾਉਂਦਾ। ... ਪਿੰਡਾਂ ਵਿੱਚ ਗਰੀਬ ਗੁਰਬੇ ਲੋਕਾਂ ਨੂੰ ਦਾਨ ਮਿਲ ਜਾਂਦਾ ਸੀ। ਮੱਦਦ ਹੋ ਜਾਂਦੀ ਸੀ, ਸਾਂਝਾ ਭਾਈਚਾਰਾ ਬਣਿਆ ਰਹਿੰਦਾ ਸੀ। ਹੁਣ ਮੈਰਿਜ ਪੈਲੇਸਾਂ ਵਿੱਚ 100-150 ਬੈਰ੍ਹੇ ਹੁੰਦੇ ਹਨ, ਉਹ ਬਾਰਾਤ ਦੇ ਨਾਲ ਹੀ ਸ਼ਰਾਬ ਪੀਣ ਲਗਦੇ ਹਨ। ਰਿਸ਼ਤੇਦਾਰ ਬਾਹਰੋਂ ਆਉਂਦੇ ਹਨ ਅਤੇ ਬਾਹਰੋਂ ਹੀ ਚਲੇ ਜਾਂਦੇ ਹਨ। ਪਹਿਲਾਂ ਵਾਲੀ ਮਿਠਾਸ ਨਹੀਂ ਰਹੀ, ਅਪਣਤ ਨਹੀਂ ਰਹੀ; ਆਪਸੀ ਸਾਂਝ ਨਹੀਂ ਰਹੀ।”
ਜੱਸੋਵਾਲ ਵਿਆਹ ਦੀ ਪਵਿੱਤ੍ਰਤਾ ਤੇ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ, “ਕਾਹਲੀ ਕਾਹਲੀ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਆਨੰਦ ਕਾਰਜ ਦੀ ਰਸਮ ਸਮੇਂ 50 ਬੰਦੇ ਵੀ ਹਾਜ਼ਰ ਨਹੀਂ ਹੁੰਦੇ। ਜਦੋਂ ਕਿ ਖਾਣੇ ਤੇ 500-600 ਬੰਦੇ ਹਾਜ਼ਰ ਹੁੰਦੇ ਹਨ। ... ਉਹ ਨਿੱਘ ਨਹੀਂ ਰਿਹਾ।” ਗੱਲ ਅਗਾਂਹ ਤੋਰਦੇ ਹੋਏ ਉਹ ਆਖਦੇ ਹਨ, “ਹੁਣ ਵਿਆਹ ਅਖ਼ਬਾਰਾ ਰਾਹੀਂ ਹੋਣ ਲੱਗ ਪਏ ਹਨ। ਅੱਗੇ ਕੁੜੀ ਮੁੰਡੇ ਦੇ ਪਰਿਵਾਰਿਕ ਪਿਛੋਕੜ ਅਤੇ ਨਾਨਕਿਆਂ ਦਾਦਕਿਆਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੁੰਦੀ ਸੀ। ਸੁਭਾਅ ਅਤੇ ਆਦਤਾਂ ਬਾਰੇ ਪਤਾ ਕੀਤਾ ਜਾਂਦਾ ਸੀ। ਅਨੇਕਾਂ ਰਿਸ਼ਤੇ ਇੱਕ ਦੂਜੇ ਨਾਲ ਜੁੜਦੇ ਸਨ। ਕਈ ਅੰਗਲ਼ੀਆਂ ਸੰਗਲੀਆਂ ਰਲਦੀਆਂ ਮਿਲਦੀਆਂ ਸਨ। ਇੱਕ ਵਿਆਹ ਟੁੱਟਦਾ ਸੀ ਤਾਂ ਅਨੇਕਾਂ ਰਿਸ਼ਤੇ ਤਿੜਕਦੇ ਸਨ। ਇਸ ਲਈ ਮਤਭੇਦ ਹੋਣ ਤੇ ਆਪਸੀ ਭਾਈਚਾਰਾ ਕੋਈ ਹੱਲ ਵੀ ਲੱਭ ਲੈਂਦਾ ਸੀ। ਹੁਣ ਤਾਂ ਰਿਸ਼ਤਾ ਵਿਗੜਣ ’ਤੇ ਕੁੜੀ ਦੇ ਇੱਕਲੇ ਮਾਂ-ਬਾਪ ਹੀ ਕਚਹਿਰੀਆਂ ਵਿੱਚ ਉਸ ਨਾਲ ਤਾਰੀਖਾਂ ਭੁਗਤਣ ਜਾਂਦੇ ਹਨ।”
ਜੱਸੋਵਾਲ ਅਨੁਸਾਰ ਹੁਣ ਉਹ ਰੀਤੀ ਰਿਵਾਜ ਵੀ ਨਹੀਂ ਰਹੇ। ਪਿੰਡ ਇੱਕ ਸੋਸ਼ਲ ਯੂਨਿਟ ਹੁੰਦਾ ਸੀ। ਹੁਣ ਨਾ ਸਾਂਝੇ ਘਰ ਰਹੇ, ਨਾ ਸਾਂਝੇ ਪਰਿਵਾਰ ਅਤੇ ਨਾ ਹੀ ਸਾਂਝਾ ਭਾਈਚਾਰਾ। ਨਾ ਉਹ ਰਸਮੋ ਰਵਾਜ, ਇਹ ਤਾਂ ੰਅਰਰਅਿਗੲ ੋਾ ਚੋਨਵੲਨਇਨਚੲ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਦੇ ਸਾਬਕਾ ਪ੍ਰੋਫੈੱਸਰ ਡਾ.ਹਰੀਸ਼ ਪੁਰੀ ਕਹਿੰਦੇ ਹਨ, “ਇਹ ਠੀਕ ਹੈ ਕਿ ਹੁਣ ਧਰਮਸਾਲਾ ਵਗੈਰਾ ਨਹੀਂ ਰਹੀਆਂ। ਵਿਆਹ ਲਈ ਘਰਾਂ ਲਾਗੇ ਖੁੱਲ੍ਹੇ ਸਥਾਨ ਦੀ ਲੋੜ ਸੀ,ਪਰ ਇਹ ਤਾਂ ਅਮੀਰਾਂ ਲਈ ਹਉਮੈ ਨੂੰ ਪੱਠੇ ਪਾਉਣ ਵਾਲੀ ਗੱਲ ਹੋ ਗਈ ਹੈ।” ਉਹ ਕਹਿੰਦੇ ਹਨ ਕਿ 4-5 ਏਕੜ ਤੋਂ ਲੈ ਕੇ 8-10 ਏਕੜ ਥਾਂ ਵਿੱਚ ਮੈਰਿਜ ਪੈਲੇਸ ਬਣ ਗਏ ਹਨ। ਸਾਰਾ ਜ਼ੋਰ ਵੱਧ ਤੋਂ ਵੱਧ ਖਰਚ ਕਰ ਕੇ ਦੂਸਰੇ ਨਾਲੋਂ ਵੱਧ ਵਿਖਾਵਾ ਕਰਨ ਤੇ ਲੱਗ ਰਿਹਾ ਹੈ। ਉਹ ਇਹ ਮੈਸੇਜ (ਸੰਦੇਸ਼) ਦੇਣਾ ਚਾਹੁੰਦੇ ਹਨ ਕਿ ਦੇਖੋ ਸਾਡੇ ਵਰਗਾ ਕੋਈ ਨਹੀਂ। ਅਸੀਂ ਕਿਤਨੇ ‘ਰੀਸੋਰਸਫੁੱਲ’ ਹਾਂ। ਵਿਆਹ ਵਿੱਚ ਕਿੰਨੇ ਵੱਡੇ ਲੋਕ ਆਏ ਹਨ, ਅਫਸਰ ਆਏ ਹਨ।” ਉਹ ਕਹਿੰਦੇ ਹਨ ਕਿ ਔਰਤਾਂ ਆਪਣੇ ਗਹਿਣਿਆਂ ਦਾ ਵਿਖਾਵਾ ਕਰਦੀਆਂ ਹਨ। ਗਲ ਵਿੱਚ ਕਈ ਕਈ ਹਾਰ। ਬਾਹਾਂ ਸੋਨੇ ਨਾਲ ਭਰੀਆਂ ‘ਵਲਗਰ ਸ਼ੋਅ’ ਪੇਸ਼ ਕਰਦੀਆਂ ਹਨ। ਸਾਦਗੀ ਖਤਮ ਹੋ ਗਈ ਹੈ। ਅੱਗੇ ਕਿਹਾ ਜਾਂਦਾ ਸੀ ਕਿ ਇਹ ਆਦਮੀ ਬੜਾ ਸਰੀਫ ਹੈ,ਪਰ ਹੁਣ ਪੈਸੇ ਦਾ ਦਿਖਾਵਾ ਹੋਣ ਲੱਗਾ ਹੈ।
ਡਾ. ਪੁਰੀ ਕਹਿੰਦੇ “ਅੱਗੇ ਵਿਆਹ ਤੋਂ ਪਹਿਲਾਂ ਮੰਗਣੀ ਹੁੰਦੀ ਸੀ। ਹੁਣ ਇਸ ਨਾਲ ਕਈ ਫੈਸਟੇਵਿਟੀ ਜੁੜ ਗਈਆਂ ਹਨ। ਜਿਵੇਂ ਰਿੰਗ ਸੈਰੇਮਨੀ, ਚੁੰਨੀ ਚੜ੍ਹਾਉਣਾ, ਲੇਡੀਜ਼ ਸੰਗੀਤ ਜਿਸ ਵਿੱਚ ਆਦਮੀ ਵੀ ਆ ਜਾਂਦੇ ਹਨ, ਤੇ ਫਿਰ ਖੂਬ ਸ਼ਰਾਬ ਚਲਦੀ ਹੈ।” ਉਹ ਆਖਦੇ ਹਨ, “ਵਿਆਹ ਸਮੇਂ 25-30 ਖਾਣੇ ਦੇ ਸਟਾਲ ਹੁੰਦੇ ਹਨ। ਹਰ ਸਟਾਲ ਦੀ ਚੀਜ਼ ਖਾਣ ਪੀਣ ਵਾਸਤੇ ਡੂਨੇ ਜਾਂ ਪਲਾਸਟਿਕ ਦੀਆਂ ਪਲੇਟਾਂ ਤੇ ਚਮਚੇ ਹੁੰਦੇ ਹਨ। ਇਨ੍ਹਾਂ ਸਭ ਦੀ ਡਿਸਪੋਜ਼ਲ ਕਿਵੇਂ ਹੁੰਦੀ ਹੈ? ਮੈਂ ਕਈ ਥਾਂਵਾਂ ਤੇ ਦੇਖਿਆ ਹੈ ਕਿ ਲਾਗਲੀਆਂ ਸੜਕਾਂ ਤੇ ਗੰਦਾ ਪਿਆ ਹੁੰਦਾ ਹੈ। ਬਦਬੂ ਆਉਂਦੀ ਹੈ। ਹਰ ਚੀਜ਼ ਦੀ ਵੇਸਟੇਜ਼ ਬਹੁਤ ਹੁੰਦੀ ਹੈ। ਖਾਣੇ ਤੋਂ ਬਿਨਾਂ ਫੁੱਲਾਂ ਦਾ ਬਹੁਤ ਬੁਰਾ ਹਾਲ ਹੁੰਦਾ ਹੈ, ਥਾਂ ਥਾਂ ਖਿਲਰੇ ਪਏ ਹੁੰਦੇ ਹਨ। ਬਹੁਤੇ ਮੈਰਿਜ ਪੈਲੇਸਾਂ ਪਾਸ ਕਾਰਾਂ, ਸਕੂਟਰਾਂ ਆਦਿ ਲਈ ਪਾਰਕਿੰਗ ਦਾ ਪ੍ਰਬੰਧ ਹੀ ਨਹੀਂ। ਉਹ ਬਾਹਰਲੀ ਸੜਕ ਤੇ ਹੀ ਭੀੜ ਭੜੱਕਾ ਪਾਉਂਦੇ ਹਨ। ਸੜਕੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ।”
ਡਾ. ਪੁਰੀ ਦਾ ਖਿਆਲ ਹੈ ਕਿ ਅਮੀਰੀ ਦਾ ਇਹ ਵਿਖਾਵਾ ਦੋ-ਧਾਰੀ ਤਲਵਾਰ ਹੈ। ਜਿੱਥੇ ਅਮੀਰ ਆਪਣੀ ਸ਼ਾਨ ਦਾ ਵਿਖਾਵਾ ਕਰਦਾ ਹੈ, ਆਮ ਆਦਮੀ ਵਿੱਚ ਇਸ ਬਾਰੇ ਰੋਸ ਤੇ ਈਰਖਾ ਵੀ ਪੈਦਾ ਹੁੰਦੀ ਹੈ, ਜੋ ਕਿਸੇ ਨਾ ਕਿਸੇ ਰੂਪ ਵਿੱਚ ਨਿਕਲਦੀ ਹੈ। ਇਸ ਨਾਲ ਜੁਰਮ ਕਰਨ ਵੱਲ ਵੀ ਕਈ ਪ੍ਰੇਰੇ ਜਾਂਦੇ ਹਨ।
ਅਨੇਕਾਂ ਹੀ ਸੱਭਿਆਚਾਰਕ ਸੰਸਥਾਵਾਂ ਨਾਲ ਜੁੜੇ ਨਾਮਵਰ ਪੰਜਾਬੀ ਸ਼ਾਇਰ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਸੀਨੀਅਰ ਉਪ-ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਦੇ ਵਿਚਾਰ ਵੀ ਜੱਸੋਵਾਲ ਨਾਲ ਕਾਫੀ ਰਲਦੇ ਮਿਲਦੇ ਹਨ। ਉਹ ਕਹਿੰਦੇ, “ਇੱਕ ਅਮੀਰਜ਼ਾਦਾ ਆਪਣਾ ਵਿਆਹ ਹਵਾਈ ਜਹਾਜ਼ ਵਿੱਚ ਰਚਾਉਂਦਾ ਹੈ, ਅਤੇ ਪਿਛਲੇ ਦਿਨੀਂ ਹੀ ਅਮਰੀਕਾ ਤੋਂ ਇੱਕ ਜੋੜਾ ਵਿਆਹ ਕਰਵਾਉਣ ਲਈ ਜੈਪੁਰ ਆਇਆ। ਇਹ ਸਭ ਸਰਮਾਏਦਾਰੀ ਦਾ ਦਿਖਾਵਾ ਹੈ। ਆਮ ਆਦਮੀ ਲਈ ਗੁੰਝਲ਼ਾਂ ਪੈਦਾ ਹੁੰਦੀਆਂ ਹਨ। ਉਹ ਵੀ ਵੱਡਾ ਆਦਮੀ ਹੋਣਾ ਲੋਚਦਾ ਹੈ।”
ਪ੍ਰੋ. ਗਿੱਲ ਦਾ ਵਿਚਾਰ ਹੈ, “ਜ਼ਿੰਦਗੀ ਵਿੱਚ ਕਾਹਲੀ ਬਹੁਤ ਵਧ ਗਈ ਹੈ। ਆਪਣੀ ਜ਼ਿੰਮੇਵਾਰੀ ਮਨੁੱਖ ਕਿਸੇ ਹੋਰ ਤੇ ਪਾਉਣ ਲੱਗਾ ਹੈ। ਕੰਮ ਕੋਈ ਕਰੇ,ਖੁਸ਼ੀ ਕੋਈ ਲਵੇ। ਸਰਮਾਏਦਾਰੀ ਦੇ ਦੌਰ ਵਿੱਚ ਪਰਸਨ ਆਪ ਗੈਰਹਾਜ਼ਰ ਹੈ। ਸਭ ਕੁੱਝ ਭਾੜੇ ਦਾ ਮਿਲ ਜਾਂਦਾ ਹੈ। ਮੈਰਿਜ ਪੈਲੇਸਾਂ ਨੇ ਸਾਰੇ ਹੱਥਲ ਕਰ ਦਿੱਤੇ ਹਨ।”
ਇਸ ਸਾਰੇ ਵਰਤਾਰੇ ਬਾਰੇ ਪ੍ਰੋ. ਗਿੱਲ ਦਾ ਕਹਿਣਾ ਹੈ, “ਮੁੰਡੇ ਵਾਲੇ ਕੁੜੀ ਵਾਲੇ ਨੂੰ ਮੈਰਿਜ ਪੈਲੇਸ ਵਿੱਚ ਵਿਆਹ ਕਰਨ ਲਈ ਮਜਬੂਰ ਕਰਦੇ ਹਨ। ਮਰਦਾ ਕੀ ਨਹੀਂ ਕਰਦਾ। ਆਮ ਵਿਆਹ ’ਤੇ 8-10 ਲੱਖ ਰੁਪਏ ਖਰਚ ਆ ਜਾਂਦੇ ਹਨ। ਆਮ ਆਦਮੀ ਇੰਨਾ ਖਰਚ ਕਿੱਥੋਂ ਕਰੇ? ਅਸੀਂ ਵਿਕ ਰਹੇ ਹਾਂ, ਬੋਲਦੇ ਕੁੱਝ ਨਹੀਂ। ਅੰਨ੍ਹੀ ਗਲੀ ਵਿੱਚ ਦਾਖਲ ਹੋ ਗਏ ਹਾਂ, ਜਿਸ ਦਾ ਕਈ ਰਸਤਾ ਨਹੀਂ ਲੱਭਦਾ।” ਉਨ੍ਹਾਂ ਕਿਹਾ ਕਿ ਕਈ ਕਿਸਾਨ, ਜਿਨ੍ਹਾਂ ਨੇ ਆਪਣੀ ਜ਼ਮੀਨ ’ਤੇ ਮੈਰਿਜ ਪੈਲੇਸ ਬਣਾਏ ਹਨ, ਫਸਲ ਨਾਲੋਂ ਆਮਦਨੀ ਭਾਵੇਂ ਬਹੁਤੀ ਪ੍ਰਾਪਤ ਕਰਨ ਲੱਗੇ ਹਨ, ਪਰ ਇਸ ਨਾਲ ਸੁਸਾਇਟੀ ਦਾ ਬਹੁਤ ਨੁਕਸਾਨ ਹੋਣ ਲੱਗਾ ਹੈ।
ਪਿਛਲੇ ਲੱਗਭੱਗ 30-32 ਸਾਲਾਂ ਤੋਂ ਕੈਨੇਡਾ ਰਹਿ ਰਹੇ ਅਤੇ ਹੁਣ ਆਪਣੀ ਭਾਣਜੀ ਦੇ ਵਿਆਹ ਸਮੇਂ ਮਾਮੇ ਵਾਲੀਆਂ ਜ਼ਿਮੇਵਾਰੀਆਂ ਨਿਭਾਉਣ ਆਏ ਦੇਵਿੰਦਰ ਸਿੰਘ ਮੋਗਾ ਦੇ ਵਿਚਾਰ ਕੁੱਝ ਵੱਖਰੇ ਹਨ। ਉਸਦਾ ਕਹਿਣਾ ਹੈ ਕਿ ਪੈਸੇ ਦੀ ਵਰਤੋਂ ਨਾਲ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ। ਕੰਮ ਘਟ ਜਾਂਦਾ ਹੈ। ਤੁਸੀਂ ਆਪਣਾ ਸਮਾਂ ਵਿਆਹ ਦੇ ਹੋਰ ਪ੍ਰਬੰਧਾਂ ਤੇ ਲਾ ਸਕਦੇ ਹੋ। ਵੈਸੇ ਵੀ ਅੱਜਕਲ ਝੱਟ ਮੰਗਣੀ ਪੱਟ ਵਿਆਹ ਵਾਲੀ ਗਲ ਹੁੰਦੀ ਹੈ। ਸਮਾਂ ਥੋੜ੍ਹਾ ਹੁੰਦਾ ਹੈ, ਜਿਸ ਵਿੱਚ ਤੁਸੀਂ ਆਪ ਸਾਰੇ ਪ੍ਰਬੰਧ ਨਹੀਂ ਕਰ ਸਕਦੇ।”
ਉਹ ਕਹਿੰਦੇ ਹਨ, “ਸਤ ਕੁ ਸਾਲ ਪਹਿਲਾਂ ਵੀ ਮੈਂ ਇੱਕ ਸ਼ਾਦੀ ਵਿੱਚ ਸ਼ਾਮਿਲ ਹੋਣ ਆਇਆ ਸੀ। ਨੱਚਣ ਟੱਪਣ ਵਿੱਚ ਉਦੋਂ ਨਾਲੋਂ ਅਸ਼ਲੀਲਤਾ ਘਟੀ ਹੈ। ਉਦੋਂ ਮੈਂ ਰੀਐਕਟ ਵੀ ਕੀਤਾ ਸੀ।”
ਬਦਲ ਰਹੇ ਰਸਮਾਂ ਰਿਵਾਜਾਂ ਬਾਰੇ ਪੁੱਛੇ ਜਾਣ ਤੇ ਉਸ ਨੇ ਕਿਹਾ, “ਸਾਡੇ ਕਈ ਰਸਮ ਰਿਵਾਜ ਬਹੁਤ ਚੰਗੇ ਹਨ। ਅਪਣਤ ਹੈ, ਮਿਠਾਸ ਹੈ,ਸਾਦਗੀ ਹੈ। ਅਸੀਂ ਹੁਣ ਪੱਛਮੀ ਕਲਚਰ ਅਪਣਾ ਲਈ, ਪਰ ਆਪਣੇ ਈਸਟ ਦੇ ਕਈ ਪੁਰਾਣੇ ਰੀਤੀ ਰਿਵਾਜ, ਵਹਿਮ ਭਰਮ ਵੀ ਨਹੀਂ ਛੱਡੇ, ਜਿਵੇਂ ਚਾਵਲ ਵਾਰਨ ਦੀ ਰਸਮ। ਇਸ ਵੇਲੇ ਸਿੱਖ ਵਿਆਹ ਸੱਭ ਤੋਂ ਵੱਧ ਖਰਚੀਲੇ ਅਤੇ ਕਈ ਧਰਮਾਂ ਦੇ ਮਿਲਗੋਭੇ ਰਸਮਾਂ ਰਿਵਾਜਾਂ ਨਾਲ ਭਰੇ ਪਏ ਹਨ। ਸਾਰਾ ਜ਼ੋਰ ਫੈਸ਼ਨ ਉੱਤੇ ਹੀ ਹੁੰਦਾ ਹੈ।”
ਲੁਧਿਆਣੇ ਤੋਂ ਲਗਭਗ 25 ਕਿਲੋਮੀਟਰ ਦੂਰ ਪਿੰਡ ਪੱਖੋਵਾਲ ਰਹਿ ਰਹੇ ਸਾਬਕਾ ਵਿਧਾਇੱਕ ਕਾਮਰੇਡ ਤਰਸੇਮ ਜੋਧਾਂ, ਜੋ ਆਮ ਲੋਕਾਂ ਨਾਲ ਹਮੇਸ਼ਾ ਜੁੜੇ ਰਹੇ ਹਨ ਅਤੇ ਉਨ੍ਹਾਂ ਦੇ ਦੁਖ ਸੁਖ ਵਿੱਚ ਸ਼ਾਮਿਲ ਹੁੰਦੇ ਹਨ, ਵੀ ਇਸ ਨਵੇਂ ਸੱਭਿਆਚਾਰ ਤੋਂ ਬਹੁਤ ਨਿਰਾਸ ਹਨ ਅਤੇ ਹਹਿੰਦੇ ਹਨ, “ ਡੀਜਨਰੇਸ਼ਨ (ਇਖਲਾਕੀ ਗਿਰਾਵਟ) ਬਹੁਤ ਹੋ ਰਹੀ ਹੈ। ਮਾੜੇ ਕਲਚਰ ਦਾ ਫੈਲਾਅ ਹੋ ਰਿਹਾ ਹੈ।” ਉਨ੍ਹਾਂ ਕਿਹਾ ਕਿ ਨਵੇਂ ਮੁੰਡੇ ਕੁੜੀਆਂ ਵਿੱਚ ਅਜਿਹੇ ਵਿਆਹਾਂ ਲਈ ‘ਕਰੇਜ਼’ ਵਧ ਰਿਹਾ ਹੈ। ਉਹ ਚਾਹੁੰਦੇ ਹਨ ਕਿ ਵਿਆਹ ਮੈਰਿਜ ਪੈਲੇਸਾਂ ਵਿੱਚ ਸ਼ਾਨ ਨਾਲ ਹੋਣ। ਅਕਸਰ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਦੇ ਹਨ। ਧਨਾਢ ਲੋਕਾਂ ਲਈ ਤਾਂ ਇਹ ਇੱਕ ਸ਼ੁਗਲ ਹੈ, ਪਰ ਆਮ ਲੋਕਾਂ ਲਈ ਇੱਕ ਮੁਸੀਬਤ। ਲੁਧਿਆਣਾ ਲਾਗਲੇ ਪਿੰਡ ਦਾਦ ਵਿਖੇ (ਭਰਤਇੰਦਰ ਸਿੰਘ) ਚਾਹਲ ਦੇ ਮੁੰਡੇ ਦਾ ਵਿਆਹ ਹੋਇਆ। ਲੱਖਾਂ ਨਹੀਂ, ਕਰੋੜਾਂ ਰੁਪਏ ਖਰਚ ਕੀਤੇ ਗਏ। ਆਮ ਆਦਮੀ ਇਸ ਤਰ੍ਹਾਂ ਦਾ ਵਿਆਹ ਕਰਨ ਬਾਰੇ ਸੋਚ ਵੀ ਨਹੀਂ ਸਕਦਾ।”
ਕਾਮਰੇਡ ਜੋਧਾਂ ਨੇ ਕਿਹਾ ਕਿ ਇਨ੍ਹਾਂ ਵਿਆਹਾਂ ਵਿੱਚ ਹਰ ਤਰ੍ਹਾਂ ਦਾ ਪ੍ਰਦੂਸ਼ਨ ਫੈਲ ਰਿਹਾ ਹੈ। ਕੁੜੀਆਂ ਮੁੰਡੇ ਭੜਕੀਲੇ ਕੱਪੜੇ ਪਹਿਨ ਕੇ ਅਸ਼ਲੀਲ ਨਾਚ ਗਾਣਾ ਤੇ ਸ਼ੋਰ ਸ਼ਰਾਬਾ ਕਰਦੇ ਹਨ।
ਉਹ ਆਖਣ ਲੱਗੇ, “ਪਹਿਲਾਂ ਪਿੰਡਾ ਵਿੱਚ ਜੋ ਸਿੱਧੇ ਸਾਦੇ ਵਿਆਹ ਹੁੰਦੇ ਸਨ, ਉਨ੍ਹਾਂ ਨਾਲ ਭਾਈਚਾਰਾ ਮਜ਼ਬੂਤ ਹੁੰਦਾ ਸੀ। ਅਸੀਂ ਪੱਛਮੀ ਸੱਭਿਆਚਾਰ ਦੀ ਨਕਲ ਕਰਨ ਲੱਗ ਪਏ ਹਾਂ। ਪੱਛਮ ਦੀ ਆਰਥਿਕ ਸਥਿਤੀ ਦੇਖੋ, ਅਸੀਂ ਉਨ੍ਹਾਂ ਦੇ ਕਿਤੇ ਵੀ ਬਰਾਬਰ ਨਹੀਂ। ਸਾਨੂੰ ਤਾਂ ਦੋ ਡੰਗ ਦੀ ਰੋਟੀ ਦਾ ਫਿਕਰ ਹੈ। ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਫਿਰ ਵੈਸਟਰਨ ਕਲਚਰ ਦੀਆਂ ਰੀਸਾਂ ਕਰਨ ਦਾ ਕੀ ਲਾਭ?”
ਇੱਕ ਸਵਾਲ ਦੇ ਜਵਾਬ ਵਿੱਚ ਕਾਮਰੇਡ ਜੋਧਾਂ ਨੇ ਦੱਸਿਆ ਕਿ ਟੁੱਟੇ ਹੋਏ ਕਿਸਾਨ ਤੇ ਜ਼ਮੀਨ-ਰਹਿਤ ਗਰੀਬ ਲੋਕ ਹਾਲੇ ਵੀ ਪਹਿਲਾਂ ਵਾਂਗ ਪਿੰਡਾਂ ਵਿੱਚ ਆਪਣੇ ਕੁੜੀਆਂ ਮੁੰਡਿਆਂ ਦੇ ਸਿੱਧੇ ਸਾਦੇ ਵਿਆਹ ਕਰ ਰਹੇ ਹਨ। ਪਰ ਲੋਅਰ ਮਿਡਲ ਕਲਾਸ ਦੇ ਕਿਸਾਨ ਨੂੰ ਵੀ ਵਿਆਹ ਮੈਰਿਜ ਪੈਲੇਸਾਂ ਵਿੱਚ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਪੱਖੋਵਾਲ ਨਿਵਾਸੀ ਹਰੀਸ਼, ਜੋ ਲਾਗਲੇ ਲੀਲ ਪਿੰਡ ਅਧਿਆਪਕ ਵਜੋਂ ਕੰਮ ਕਰ ਰਹੇ ਹਨ, ਨੇ ਦੱਸਿਆ, “ਹੁਣ ਤਾਂ ਪਿੰਡਾਂ ਵਿੱਚ ਵੀ ਮੈਰਿਜ ਪੈਲੇਸ ਸਥਾਪਤ ਹੋਣ ਲੱਗ ਪਏ ਹਨ। ਸਾਡੇ ਪਿੰਡ ਗੁੱਜਰਵਾਲ ਰੋਡ ’ਤੇ ਇੱਕ ਅਜੇਹਾ ਪੈਲੇਸ ਬਣ ਗਿਆ ਹੈ।
ਡਾ. ਗਰੇਵਾਲ ਨੇ ਦੱਸਿਆ ਕਿ ਮੈਰਿਜ ਪੈਲੇਸਾਂ ਵਿੱਚ ਹੋਣ ਵਾਲੇ ਵਿਆਹਾਂ ਸਮੇਂ ਚੋਰੀਆਂ ਚਕਾਰੀਆਂ ਬਹੁਤ ਹੋਣ ਲਗੀਆਂ ਹਨ। ਕਈ ਮਾੜੇ ਅੰਸਰ ਵੀ ਬਹਾਨੇ ਨਾਲ ਅੰਦਰ ਆ ਜਾਂਦੇ ਹਨ ਅਤੇ ਅਕਸਰ ਹਾਰ ਆਦਿ ਚੁਰਾ ਲੈਂਦੇ ਹਨ। ਇਸ ਸਬੰਧ ਵਿੱਚ ਦੋ ਤਿੰਨ ਫੈਸ਼ਨੇਬਲ ਕੁੜੀਆਂ ਜੋ ਕਾਰਾਂ ਵਿੱਚ ਆਉਂਦੀਆਂ ਸਨ, ਪਕੜੀਆਂ ਵੀ ਗਈਆਂ ਸਨ। ਭਾਵੇਂ ਸਾਰੇ ਮੈਰਿਜ ਪੈਲੇਸ ਵਾਲਿਆਂ ਦੀ ਆਪਣੀ ਸਕਿਉਰਿਟੀ ਹੈ, ਪਰ ਇਹ ਕਿਵੇਂ ਪਤਾ ਲੱਗੇ ਕਿ ਫਲਾਂ ਵਿਅਕਤੀ ਕੁੜੀ ਜਾਂ ਮੁੰਡੇ ਵਾਲਿਆਂ ਨਾਲ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਮੈਰਿਜ ਪੈਲੇਸ ਵਾਲਿਆਂ ਨਾਲ ਗੱਲਬਾਤ ਕਰ ਕੇ ਅਹਿਤਆਤੀ ਪ੍ਰਬੰਧਾਂ ਬਾਰੇ ਸੁਝਾੳ ਵੀ ਦਿੱਤੇ ਸਨ।
*****
# 241 ਸੈਂਟਰਲ ਟਾਊਨ ਦਾਦ,ਪਖੋਵਾਲ ਰੋਡ, ਲੁਧਿਆਣਾ-142022
e-mail: hsbhanwer@rediffmail.com
Cell: 98762-95829
( 1 ਸਤੰਬਰ 2007) ਯੂਨੀਕੋਡ
ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:>>>>>>
e-mail:
ਲਿਖਾਰੀ
© likhari: Punjabi Likhari Forum-2001-2007